'ਫ਼ਸਟ-ਲਵ'

ਕਰਨੈਲ ਸਿੰਘ ਗਿਆਨੀ - ਫ਼ਿਲਾਡੈਲਫ਼ੀਆ

ਹਰਜੀਤ ਉਹਨੀਂ ਦਿਨੀਂ ਮੋਗੇ ਦੇ ਖਾਲਸਾ ਸਕੂਲ ਵਿਚ ਨੌਂਵੀਂ ਜਮਾਤ ਵਿਚ ਪੜ੍ਹਦਾ ਸੀ। ਵੱਡਾ ਹੋ ਕੇ, ਡਾਕਟਰ ਬਣਨ ਦੀ ਲਗਨ ਸਦਕਾ ਉਹ ਬੜੀ ਮਿਹਨਤ ਕਰ ਰਿਹਾ ਜਾਪਦਾ ਸੀ।
ਉਪਦੇਸ਼, ਹਰਜੀਤ ਨਾਲੋਂ ਦੋ ਕੁ ਸਾਲ ਵੱਡੀ ਸੀ। ਸੋਹਣੀ ਤਾਂ ਰੱਜ ਕੇ ਸੀ। ਗੱਲ੍ਹਾਂ 'ਤੇ ਟੋਏ ਪੈਂਦੇ, ਮੋਟੀਆਂ ਮੋਟੀਆਂ ਅੱਖਾਂ, ਸ਼ਾਹ ਕਾਲੇ ਵਾਲਾਂ ਦੀ ਲੰਮੀ ਪਰਾਂਦੇ ਵਾਲੀ ਗੁੱਤ, ਪੀਢੇ ਪੀਢੇ ਅੰਗ। ਪਰ ਪੜ੍ਹਾਈ ਵਿਚ 'ਮਾਸ਼ਾ-ਅੱਲ੍ਹਾ' ਹੀ ਸੀ। ਉਂਜ ਗੌਰਮਿੰਟ ਸਕੂਲ ਦੀ ਕੁੜੀਆਂ ਦੀ ਹਾਕੀ ਟੀਮ ਵਿਚ ਉਹ ਮੋਹਰੀ ਗਿਣੀ ਜਾਂਦੀ ਸੀ। ਮਾਹੀ ਮੁੰਡਿਆਂ ਵਾਂਗੂੰ ਦੌੜਾਂ ਲਾਉਣ 'ਚ ਅੱਵਲ ਨੰਬਰ 'ਤੇ। ਉਹਨਾਂ ਦਾ ਤਿੰਨ ਜਣਿਆਂ ਦਾ ਪਰਵਾਰ ਹਰਜੀਤ ਹੋਰਾਂ ਦੇ ਚੁਬਾਰੇ 'ਚ ਕਿਰਾਏ 'ਤੇ ਰਹਿੰਦਾ ਸੀ। ਉਸਦੇ ਬਾਪੂ ਹੋਰੀਂ ਡਾਕਖਾਨੇ ਵਿਚ ਤਾਰ ਬਾਬੂ ਦੀ ਨੌਕਰੀ ਕਰਦੇ ਸਨ। ਪਿੱਛੋਂ ਉਹਨਾਂ ਦੋਹਾਂ ਪਰਿਵਾਰਾਂ ਦਾ ਜੱਦੀ ਪਿੰਡ ਧਰਮਕੋਟ ਹੋਣ ਕਰਕੇ, ਹਰਜੀਤ ਉਸਦੀ ਮਾਂ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ।
ਉਪਦੇਸ਼, ਓਦੋਂ ਦਸਵੀ ਜਮਾਤ ਵਿਚ ਸੀ। ਉਸਦੇ ਖੇਡ੍ਹ-ਕੂਦ ਵਿਚ ਅਥਾਹ ਰੁਝਾਨ ਕਾਰਨ ਪੜ੍ਹਾਈ ਦਾ ਏਨਾ ਨੁਕਸਾਨ ਹੋਇਆ ਕਿ ਉਹ ਦਸਵੀਂ ਦੇ ਇਮਤਿਹਾਨ 'ਚੋਂ ਫ਼ੇਹਲ ਹੋ ਗਈ। ਕਈ ਵਾਰੀਂ ਉਸਦੀ ਮਾਂ ਨੇ ਹਰਜੀਤ ਨੂੰ ਹੱਸ ਕੇ ਕਹਿਣਾ,
''ਵੇ ਹਰਜੀਤ! ਉਪਦੇਸ਼ ਨੂੰ ਵੀ ਭੋਰਾ ਮੱਤ ਦੇ ਦਿਆ ਕਰ।''
''ਚਾਚੀ ਉਹ ਤਾਂ ਮੈਥੋਂ ਵੱਡੀ ਹੈ। ਉਹ ਤਾਂ ਸਗੋਂ ਮੈਨੂੰ ਉਪਦੇਸ਼ ਦੇ ਜਾਵੇ। ਮੈਂ ਉਹਨੂੰ ਕੀ૴?''
''ਨਹੀਂ ਬੇਟਾ ਉਹ ਹਿਸਾਬ ਵਿਚ ਥੋੜ੍ਹੀ ਕਮਜ਼ੋਰ ਹੈ ਨਾ।''
''ਮੈਥੋਂ ਪੜ੍ਹਨਾ ਹੈ ਤਾਂ ਇਸਨੂੰ ਆਖੋ, ਅੱਜ ਤੋਂ ਹਾਕੀ ਖੇਡ੍ਹਣੀ ਬੰਦ ૴।' ਉਸ ਨੇ ਹਾਸੇ ਨਾਲ ਉਹਨਾਂ ਦੀ ਗੱਲ 'ਤੇ ਫੁੱਲ ਚੜ੍ਹਾਉਣ ਲਈ ਮਨ ਬਣਾ ਲਿਆ। ਹੁਣ ਜਦੋਂ ਉਹ ਆਪਣਾ ਹੋਮਵਰਕ ਕਰ ਚੁੱਕਦਾ ਤਾਂ ਉਪਦੇਸ਼ ਨੂੰ ਕਦੇ ਅਲਜਬਰੇ ਦੇ ਫ਼ਾਰਮੂਲੇ ਰਟਾ ਦਿੰਦਾ, ਕਦੇ ਜਿਓਮੈਟਰੀ ਦੀਆਂ ਤਿਕੋਣਾਂ ਵਾਹੁਣ ਬਾਰੇ ਸਮਝਾ ਆਉਂਦਾ। ਥੋੜ੍ਹੇ ਦਿਨਾਂ ਵਿਚ ਹੀ ਉਹ 'ਕੰਸਟ੍ਰਕਸ਼ਨਾਂ' ਬਨਾਉਣ ਵਿਚ ਨਿਪੁੰਣ ਹੋ ਗਈ। ਤੇ ਉਸਦੀ ਮਿਹਨਤ ਸਦਕਾ ਉਪਦੇਸ਼ ਜਦੋਂ ਤਿਮਾਹੀ ਇਮਤਿਹਾਨ ਵਿਚ ਚੰਗੇ ਨੰਬਰ ਲੈ ਕੇ ਆਈ ਤਾਂ ਚਾਚੀ ਹਰਜੀਤ ਦੀ ਉਸਤਤ ਕਰਦੀ ਨਾ ਥੱਕਦੀ। ਉਪਦੇਸ਼ ਵੀ ਉਸਦਾ ਰਿਣ ਮਹਿਸੂਸ ਕਰਨ ਲੱਗੀ ਸੀ। ਪਰ ਉਹਨਾਂ ਦੇ ਆਪਸ 'ਚ ਮਿਲ ਬੈਠਣ ਦੇ ਕਾਰਨ ਦੋਹਾਂ ਵਿਚਕਾਰ ਕੁਝ ਸਾਧਾਰਨ ਨਾਲੋਂ ਵਧੇਰੇ ਅਹਿਸਾਸ ਵਧਣ ਲੱਗ ਪਿਆ ਸੀ। ਪੜ੍ਹਾਈ ਕਰਦਿਆਂ ਕਰਾਉਂਦਿਆਂ ਅਨਜਾਣੇ ਵਿਚ ਕਦੇ ਹੱਥਾਂ ਬਾਹਵਾਂ ਦਾ ਸਪਰਸ਼ ਹੋ ਜਾਂਦਾ, ਤਾਂ ਜਾਪਦਾ ਜਿਵੇਂ ਕੋਈ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਦੋਵੇਂ ਮਨ ਹੀ ਮਨ ਵਿਚ ਆਨੰਦਤ ਮਹਿਸੂਸ ਕਰਦੇ ਅਗਲੀ ਪਾਠ-ਕ੍ਰਮ-ਮਿਲਣੀ ਬਾਰੇ ਸੋਚਦੇ ਰਹਿੰਦੇ। ਪਰ ਇਸ ਤਰਾਂ ਦੀ ਮਾਨਸਿਕ ਸਥਿਤੀ ਕਾਰਨ ਜਦੋਂ ਹਰਜੀਤ ਨੂੰ ਉਸਦੀ ਪੜ੍ਹਾਈ ਵਿਚ ਰੁਚੀ ਘਟਦੀ ਮਹਿਸੂਸ ਹੋਈ ਤਾਂ ਕੋਈ ਬਹਾਨਾ ਕਰਕੇ ਚੁਬਾਰੇ ਤੇ ਜਾਣੋਂ ਹਟ ਗਿਆ।
ਉਪਦੇਸ਼ ਨੂੰ ਤਾਂ ਮਸਾਂ ਮਸਾਂ ਇਕ ਮਹਿਬੂਬ ਲੱਭਾ ਸੀ, ਉਹ ਵੀ ਆਪਣੇ ਹੀ ਘਰ ਵਿਚ। ਹਰਜੀਤ ਦੀ ਇਸ ਤਬਦੀਲੀ ਕਾਰਨ ਉਸਦੀ ਚਾਹਤ ਹੋਰ ਵੀ ਵਧਣ ਲੱਗੀ। ਹਰ ਵੇਲੇ ਉਸਦੀਆਂ ਨਜ਼ਰਾਂ ਕੋਠੇ ਤੋਂ ਹੇਠਾਂ ਵਿਹੜੇ ਵਿਚ ਹਰਜੀਤ ਨੂੰ ਹੀ ਲੱਭਦੀਆਂ ਰਹਿੰਦੀਆਂ। ਕਦੇ ਦਿਸ ਪੈਂਦਾ ਤਾਂ ਕਹਿੰਦੀ,
''ਜੀਤੇ, ਤੇਰੀ ਤਬੀਅਤ ਤਾਂ ਠੀਕ ਹੈ?'' ਕਦੇ ਪੁੱਛਦੀ,
''ਕੀ ਗੱਲ, ਅੱਜ ਕੱਲ੍ਹ ਤੈਨੂੰ ਏਨਾ 'ਹੋਮ-ਵਰਕ' ਮਿਲਦੈ ਜਿਹੜਾ ਭੋਰਾ ਵੀ ਫ਼ੁਰਸਤ ਨਹੀਂ ਮਿਲ ਸਕਦੀ?''
ਕਦੇ ਹਰਜੀਤ ਦੀ ਬੇਬੇ ਜੀ ਬਾਹਰ ਹੁੰਦੇ ਤਾਂ ਉਹ ਆਨੇ ਬਹਾਨੇ ਉਸ ਨੂੰ ਬਗੀਚੇ ਦੇ ਫੁੱਲਾਂ ਨਾਲ ਨਿਸ਼ਾਨਾ ਬਨਾਉਣੋਂ ਨਾ ਟਲਦੀ। ਇਕ ਦਿਨ ਹਰਜੀਤ ਦੀ ਮਾਂ ਤੇ ਉਸਦੀ ਚਾਚੀ ਗੁਰਦੁਆਰੇ ਗਈਆਂ ਹੋਈਆਂ ਸਨ। ਹਰਜੀਤ ਆਪਣੀ ਬੈਠਕ ਦਾ ਬੂਹਾ ਬੰਦ ਕਰ ਕੇ ਪੜ੍ਹਾਈ ਕਰ ਰਿਹਾ ਸੀ। ਉਪਦੇਸ਼ ਨੇ ਆ ਬੂਹਾ ਖੜਕਾਇਆ।
''ਕੀ ਗੱਲ ਹੈ૴?'' ਹਰਜੀਤ ਨੇ ਬੂਹਾ ਖੋਲ੍ਹਦਿਆਂ ਪੁੱਛਿਆ।
''ਏਨੇ ਦਿਨ ਹੋ ਗਏ, ਹਿਸਾਬ ਪੜ੍ਹਨ ਨੂੰ ਜੀਅ ਕਰਦਾ ਸੀ।'' ਉਸਨੇ ਮੁਸਕਰਾ ਕੇ ਅੰਦਰੋਂ ਬੂਹੇ ਦੀ ਕੁੰਡੀ ਬੰਦ ਕਰਦੀ ਨੇ ਕਿਹਾ।
''ਇਹ ਕੀ ਕਰ ਰਹੀਂ ਐਂ ਉਪਦੇਸ਼૴!''
ਲੇਕਨ ਓਸ ਅੱਥਰੀ ਕੁੜੀ ਨੇ ਉਸਦੇ ਬੁੱਲ੍ਹਾਂ 'ਤੇ ਉਂਗਲਾਂ ਰੱਖਦੀ ਨੇ ਕਮਰੇ ਦੀ ਬੱਤੀ ਬੁਝਾ ਦਿੱਤੀ, ਤੇ ਹਰਜੀਤ ਨੂੰ ਬਾਹਾਂ ਵਿਚ ਕੱਸ ਕੇ ਖਲ੍ਹੋ ਗਈ। ਵਿਚਾਰਾ ਨਾ ਤਾਂ ਕੁਝ ਬੋਲ ਸਕੇ, ਨਾ ਉਸਨੂੰ ਸਮਝ ਆਵੇ ਕਿ ਅਜੇਹੀ ਸਥਿਤੀ ਵਿਚ ਇਕ

ਜਵਾਨ ਕੁੜੀ ਨਾਲ ਅੱਗੋਂ ਕੀ૴। ਕਿੰਨਾਂ ਚਿਰ ਹੀ ਦੋਵੇਂ ਅਵਾਕ, ਇਕ ਦੂਸਰੇ ਦੀ ਹਿੱਕ ਨਾਲ ਲੱਗੇ ਪਾਰਸਪ੍ਰਿਕ ਸਾਹਾਂ ਦੀ ਆਵਾਜ਼ ਸੁਣਦੇ ਰਹੇ, ਇਕ ਵਿਸਮਾਦ ਦੀ ਮੁੱਦਰਾ ਵਿਚ।
''ਉਪਦੇਸ਼, ਜੇ ਕੋਈ ਆ ਗਿਆ ਤਾਂ૴?'' ਹਰਜੀਤ ਨੇ ਆਪਣੇ ਦਿਲ ਦਾ ਡਰ ਜ਼ਾਹਰ ਕੀਤਾ।
''ਵੇ ਤੈਨੂੰ ਕੀ ਪਤੈ? ਜਿਸ ਦਿਨ ਦਾ ਤੂੰ ਮਿਲਣੋਂ ਹਟਿਐਂ, ਮੈਨੂੰ ਤਾਂ ਨੀਦ ਹੀ ਨਹੀਂ ਆਉਂਦੀ૴। ਪਤਾ ਨੀਂ ਤੂੰ ਕੀ ਕਰ ਦਿੱਤੈ, ਹਰ ਵੇਲੇ ਜੀਅ ਕਰਦੈ૴।'' ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤੇ ਉਪਦੇਸ਼ ਜਲਦੀ ਨਾਲ ਬੂਹਾ ਖੋਲ੍ਹ ਕੇ ਚਲੀ ਗਈ।
ਦੂਸਰੇ ਮੁੰਡਿਆ ਨਾਲ ਵਿਚਾਰ ਵਟਾਂਦਰਾ ਕਰਦਿਆਂ ਹਰਜੀਤ ਭਾਵੇਂ ਹੁਣ ਰੋਮਾਂਸ ਦੀ ਦੁਨੀਆਂ ਵਿਚ ਪੈਰ ਧਰਨ ਲੱਗਾ ਸੀ, ਪਰ ਘਰ ਵਿਚ ਕਿਧਰੇ ਕੋਈ ਗੱਲ ਨਾ ਨਿੱਕਲ ਆਵੇ, ਉਹ ਬੜਾ ਸਤਰਕ ਰਹਿਣ ਲੱਗਾ। ਭਾਵੇਂ ਚਾਚੀ ਦੇ ਕਹੇ ਕਹਾਏ, ਉਹ ਉਪਦੇਸ਼ ਨੂੰ ਕਦੇ ਕਦਾਈਂ ਪੜ੍ਹਾਈ ਵਿਚ ਸਹਾਇਤਾ ਕਰਨ ਚਲਾ ਜਾਂਦਾ ਸੀ, ਪਰ ਨੇੜਤਾ ਦੇ ਅਵਸਰ ਵਧਾਉਣ ਦੀ ਥਾਂ ਉਹਨਾਂ ਨੇ ਆਪਣੇ ਹਾਵ ਭਾਵ, ਪੱਤਰ-ਵਿਹਾਰ ਰਾਹੀਂ ਹੀ ਜ਼ਾਹਰ ਕਰਨੇ ਸ਼ੁਰੂ ਕਰ ਦਿੱਤੇ।
ਇਕ ਦਿਨ ਹਰਜੀਤ ਘਰ ਨਹੀਂ ਸੀ। ਉਪਦੇਸ਼ ਨੇ ਇਕ ਵਰਕੇ 'ਤੇ ਬਾਲ੍ਹੋ-ਮਾਹੀਆ ਦੇ ਦੋ ਟੱਪੇ ਲਿਖੇ, ਤੇ ਚੁੱਪਚਾਪ ਉਸਦੀ ਬੈਠਕ ਵਿਚ ਜਾ ਕੇ ਉਸਦੀ ਕਾਪੀ ਵਿਚ ਰੱਖ ਆਈ।


'ਕੋਠੇ 'ਤੇ ਖਿੱਲ ਮਾਹੀਆ,
ਲੋਕਾਂ ਦੀਆਂ ਰੋਣ ਅੱਖੀਆਂ,
ਸਾਡਾ ਰੋਂਦਾ ਏ ਦਿਲ ਮਾਹੀਆ।'

'ਕੋਠੇ 'ਤੇ ਪਿੱਤਲ ਪਿਆ,
ਜਦੋਂ ਤੁਸਾਂ ਅੱਖ ਮਾਰੀ,
ਸਾਡਾ ਹਾਸਾ ਨਿੱਕਲ ਗਿਆ।'
ਪੜ੍ਹ ਕੇ ਹਰਜੀਤ ਲੋਟ ਪੋਟ ਹੁੰਦਾ ਫਿਰੇ। ਉਸ ਦੀ ਸਾਰੀ ਰਾਤ ਬੇਚੈਨੀ ਵਿਚ ਨਿੱਕਲੀ। ਜਵਾਬ ਵਿਚ, ਆਪਣੇ ਕਿਸੇ ਦੋਸਤ ਕੋਲੋਂ ਸੁਣੀਆਂ ਸੁਣਾਈਆਂ ਦੋ ਵਾਰਿਸ ਸ਼ਾਹ ਦੀਆਂ ਬੈਂਤਾਂ ਲਿਖ ਕੇ ਅਗਲੇ ਸਵੇਰੇ ਤੜਕੇ ਤੜਕੇ ਉਪਦੇਸ਼ ਨੂੰ ਦੇਣ ਲਈ ਕੋਠੇ 'ਤੇ ਜਾ ਪੁੱਜਾ। ਐਧਰ ਓਧਰ ਵੇਖਣ 'ਤੇ ਉਸਨੂੰ ਕੋਈ ਨਾ ਦਿਸਿਆ ਤਾਂ ਉਸਨੇ ਉਪਦੇਸ਼ ਦੇ ਪਲੰਘ ਕੋਲ ਖੁੱਲ੍ਹਦੀ ਖਿੜਕੀ 'ਤੇ ਠੋਲਾ ਮਾਰ ਕੇ ਰੁੱਕਾ ਅੰਦਰ ਵਗਾਹ ਮਾਰਿਆ। ਖੜਕਾ ਸੁਣ ਕੇ ਕਿਧਰੇ ਚਾਚੀ ਨੇ ਬੂਹਾ ਖੋਲ੍ਹ ਕੇ ਵੇਖਿਆ।
''ਕੀ ਗੱਲ ਹੈ ਹਰਜੀਤ?'' ਉਹਨਾਂ ਨੇ ਏਨੀ ਸਵਖਤੇ ਆਉਣ ਦਾ ਕਾਰਨ ਜਾਣਨਾ ਚਾਹਿਆ।
ਪਰ ਇਕ ਕੱਚੇ ਚੋਰ ਵਾਂਗ,''ਕੁਸ਼ ਨੀਂ ਚਾਚੀ, ਕੁਸ਼ ਨੀਂ ਐਂਵੇਂ ਹੀ।'' ਕਹਿ ਕੇ ਉਹ ਘਬਰਾਹਟ ਵਿਚ ਪੌੜੀਆਂ ਉੱਤਰ ਗਿਆ।
ਜਿਵੇਂ ਕੁਝ ਦਾਲ ਵਿਚ ਕਾਲਾ ਹੋਵੇ, ਚਾਚੀ ਤਾੜ ਗਈ। ਉਸਨੇ ਉਪਦੇਸ਼ ਦੀ ਖਿੜਕੀ ਦੀਆਂ ਸੀਖਾਂ ਵਿਚਕਾਰ ਅਟਕਿਆ ਰੁੱਕਾ ਵੇਖ ਲਿਆ। ਲਓ ਜੀ, ਅਗਲੇ ਘੰਟੇ ਹੀ ਚਾਚੀ ਭਰੀ ਪੀਤੀ ਹਰਜੀਤ ਦੀ ਬੇਬੇ ਕੋਲ ਉਲਾਂਭਾ ਲੈ ਕੇ ਪਹੁੰਚ ਗਈ। ਹਰਜੀਤ ਦੇ ਬਾਪੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਹਦੀ ਚੰਗੀ ਤੌਣੀ ਲਾਈ।
''ਸਾਲਾ ਕਾਸੇ ਜੋਗਾ ਹੋਇਆ ਨਾ ਵਾਸਤਾ, ਹੁਣ ਤੋਂ ਹੀ ਕੁੜੀਆਂ ਮਗਰ૴। ਓਏ ਇਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ૴।''
ਉਹ ਦਿਨ ਦਾ ਦਿਨ, ਹਰਜੀਤ ਕਦੇ ਬੈਠਕ 'ਚੋਂ ਨਿੱਕਲਿਆ ਨਹੀ ਸੀ ਦਿਸਿਆ। ਅਗਲੇ ਮਹੀਨੇ ਚਾਚੀ ਹੋਰਾਂ ਨੇ ਰਿਹਾਇਸ਼ ਬਦਲ ਲਈ, ਤੇ ਦੋਹਾਂ ਦੀ ਪ੍ਰੇਮ ਕਹਾਣੀ ਸਦਾ ਲਈ ਹੀ ਖ਼ਤਮ ਹੋ ਗਈ।

ਦਸਵੀਂ ਪਾਸ ਕਰਨ ਪਿੱਛੋਂ ਹਰਜੀਤ ਨੇ ਗੌਰਮਿੰਟ ਕਾਲਜ ਲੁਧਿਆਣੇ ਤੋਂ ਐਫ਼.ਐਸ.ਸੀ. ਕਰ ਕੇ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਦਾਖਲਾ ਲੈ ਲਿਆ। 1953 ਵਿਚ ਡਾਕਟਰੀ ਵਿੱਦਿਆ ਖ਼ਤਮ ਕਰ ਕੇ ਇਕ ਦਿਨ ਉਹ ਟਰੇਨ ਲੈ ਕੇ ਮੋਗੇ ਉੱਤਰਨ ਲੱਗਾ ਤਾਂ ਹੈਰਾਨ ਰਹਿ ਗਿਆ, ਜਦੋਂ ਓਸੇ ਸੈਕੰਡ ਕਲਾਸ ਦੇ ਡੱਬੇ ਵਿਚ ਉਪਦੇਸ਼ ਆ ਚੜ੍ਹੀ। ਏਨੇ ਸਾਲਾਂ ਬਾਅਦ, ਉਸਦੇ ਦਾੜ੍ਹੀ ਮੁੱਛਾਂ ਆਈਆਂ ਹੋਣ ਕਰਕੇ ਉਹ ਤਾਂ ਸਿਆਣ ਹੀ ਨਾ ਸਕੀ।
''ਉਪਦੇਸ਼ ਤੂੰ ૴?'' ਹਰਜੀਤ ਬੜੀ ਉਤਸਕਤਾ ਨਾਲ ਬੋਲਿਆ। ਉਪਦੇਸ਼ ਨੇ ਉਸਦੀ ਆਵਾਜ਼ ਪਛਾਣ ਲਈ।
''ਜੀਤੇ૴, ਤੂੰ ਕਿੱਥੇ?'' ਜਵਾਨ ਹੋਏ ਹਰਜੀਤ ਦੀ ਸ਼ਕਲ ਤੋਂ ਪਰਭਾਵਤ ਹੋ ਕੇ ਉਸ ਨੂੰ ਏਨੀ ਖੁਸ਼ੀ ਹੋਈ ਜਾਪਦੀ ਸੀ, ਉਹ ਉਤਸ਼ਾਹ ਨਾਲ ਉਸ ਨੂੰ ਚਿੰਬੜਦੇ-ਚਿੰਬੜਦੇ ਬਚੀ। ਸ਼ਾਇਦ ਉਸਦੇ ਮਗਰ ਉਹਦਾ ਪਤੀ, ਕੁਲੀ ਕੋਲੋਂ ਸਾਮਾਨ ਚੜ੍ਹਵਾ ਰਿਹਾ ਸੀ।
''ਮੈਂ ਹੁਣੇ ਹੀ ਅੰਮ੍ਰਿਤਸਰ ਤੋਂ ਡਾਕਟਰੀ ਪਾਸ ਕਰਕੇ ਵਾਪਸ ਆ ਰਿਹਾ ਹਾਂ।''
''ਕਿੰਨਾਂ ਕੁਝ ਬਦਲ ਗਿਐ। ਮੈਂ ਤਾਂ ਤੈਨੂੰ ਪਛਾਣ ਵੀ ਨਹੀਂ ਸੀ ਸਕਣਾ। 'ਮਾਈ ਗੌਡ।' ਕਿੰਨੀਂ ਸੋਹਣੀ ਪਰਸਨੈਲਿਟੀ ਨਿਕਲੀ ਹੈ ਤੇਰੀ? ਕਿੰਨੇ ਸਾਲ ਹੀ ਹੋ ਗਏ ਨਾ૴?'' ਏਨੇ ਵਿਚ ਉਸਦਾ ਪਤੀ ਸਾਮਾਨ ਲੈ ਕੇ ਅੰਦਰ ਆ ਗਿਆ। ''ਇਹਨਾਂ ਨੂੰ ਮਿਲੋ, ਮੇਰੇ ਹਸਬੈਂਡ।''
''ਸਤਿ ਸ੍ਰੀ ਅਕਾਲ ਜੀ, ਮੈਂ ਡਾਕਟਰ ਹਰਜੀਤ ਸੰਧੂ।''
''ਲੈਫ਼ਟੀਨੈਂਟ ਬਰਾੜ, ਪ੍ਰੀਤਮ ਬਰਾੜ।'' ਦੋਹਾਂ ਨੇ ਹੱਥ ਮਿਲਾਇਆ।
''ਮੈਂ ਜਦੋਂ ਦਸਵੀਂ 'ਚ ਪੜ੍ਹਦੀ ਸੀ ਤਾਂ ਅਸੀਂ ਇਹਨਾਂ ਦੇ ਚੁਬਾਰੇ 'ਤੇ ਰਹਿੰਦੇ ਹੁੰਦੇ ਸਾਂ।'' ਉਪਦੇਸ਼ ਨੇ ਆਪਣੇ ਪਤੀ ਨੂੰ ਪਿਛੋਕੜ ਬਾਰੇ ਦੱਸਦਿਆਂ ਕਿਹਾ।
''ਬੜੀ ਖੁਸ਼ੀ ਹੋਈ૴। ਅੰਕਲ ਆਂਟੀ ਕੈਸੇ ਨੇ?''
''ਬੜੇ ਮਜ਼ੇ 'ਚ ਨੇ। ਬਾਪੂ ਜੀ ਤਾਂ ਤੇਰੇ ਬਾਰੇ ਅਕਸਰ ਗੱਲ ਕਰਦੇ ਹੁੰਦੇ ਨੇ। ਉਹਨਾਂ ਨੂੰ ਇਕ ਵਾਰੀਂ ਤਾਇਆ ਜੀ ਤੋਂ ਪਤਾ ਲੱਗਾ ਸੀ, ਜਦੋਂ ਤੂੰ ਡਾਕਟਰੀ ਵਿਚ ਪੜ੍ਹਣ ਜਾਣਾ ਸੀ૴। ਇਸਨੂੰ ਮਿਲੋ, ਸਾਡੀ ਬੇਟੀ ਕੋਮਲ। ਸਤਿ ਸ੍ਰੀ ਅਕਾਲ ਕਹੋ, ਬੇਟੀ! ਇਹ ਤੇਰੇ ਮਾਮਾ ਜੀ ਨੇ।'' ਪ੍ਰੀਤਮ ਦੇ ਮਗਰ ਖਲ੍ਹੋਤੀ ਅੱਖਾਂ ਝਪਕਾਉਂਦੀ ਨੇ ਮੂੰਹ 'ਤੇ ਹੱਥ ਰੱਖਕੇ ਹਾਸਾ ਰੋਕਦਿਆਂ ਕਿਹਾ। ਹਰਜੀਤ ਇਸ ਨਵੀਂ 'ਇੰਟਰੋਡਕਸ਼ਨ' ਬਾਰੇ ਸੁਣ ਕੇ ਜ਼ਰਾ ਮੁਸਕਰਾਇਆ, ਤੇ ਉਸ ਨੇ ਅਗਾਂਹ ਵਧ ਕੇ ਕੋਮਲ ਨੂੰ ਚੁੱਕ ਕੇ ਗੋਦ ਵਿਚ ਲੈ ਲਿਆ।
''ਸਤਿ ਸ੍ਰੀ ਅਕਾਲ ਜੀ।'' ਬੜੀ ਪਿਆਰੀ ਬੇਟੀ ਹੈ।''ਕਿੱਛੀ' ਦਿਓ!'' ਉਸ ਨੇ ਦਰਅਸਲ ਇਹ ਫ਼ਰਮਾਇਸ਼ ਉਪਦੇਸ਼ ਵੱਲ ਵੇਖ ਕੇ ਪਾਈ ਸੀ।
''ਹਾਂ ਬੇਟਾ ਪੱਪੀ ਦੇ ਦੇਹ૴। ਇਹ ਤੇਰੇ ਅੰਕਲ ਨੇ।'' ਜਿਵੇਂ ਵਰ੍ਹਿਆਂ ਪੁਰਾਣੀ ਯਾਦ ਨਾਲ ਸੰਬੰਧਤ ਕਿਸੇ ਖਾਹਸ਼ ਦੀ ਪੂਰਤੀ ਲਈ ਉਸ ਨੇ ਬੇਟੀ ਨੂੰ ਮਾਧਿਅਮ ਬਣਾ ਕੇ ਮਨ ਦੀ ਸੰਤੁਸ਼ਟੀ ਕਰਨੀ ਚਾਹੀ ਹੋਵੇ।
''ਹਾਂ ਸੱਚ, ਪ੍ਰੀਤਮ ਹੋਰਾਂ ਦੀ ਪੋਸਟਿੰਗ ਅੱਜ ਕੱਲ੍ਹ ਫ਼ੀਰੋਜ਼ਪੁਰ ਛਾਉਣੀ ਵਿਚ ਹੋਈ ਵੀ ਹੈ। ਸੋ ਹਰ ਦੂਸਰੇ ਹਫ਼ਤੇ ਆ ਜਾਈਦਾ ਹੈ। ਅਗਲੀ ਵਾਰੀਂ ਆਏ ਤਾਂ ਜ਼ਰੂਰ ਮਿਲਾਂਗੇ। ਤੇਰੀ ਸ਼ਾਦੀ૴?''
''ਅਜੇ ਤਾਂ ਪੜ੍ਹਾਈ ਪੂਰੀ ਹੋਈ ਹੈ, ਸ਼ਾਦੀ ਵੀ ਹੋ ਜਾਵੇਗੀ। ਉਂਜ ਬੰਦਾ ਸੋਚਦਾ ਕੁਝ ਹੈ, ਤੇ ਹੁੰਦਾ ਕੁਝ ਹੋਰ ਹੀ ਹੈ।''
ਰੈਜ਼ੀਡੈਂਸੀ ਖਤਮ ਕਰਨ ਪਿੱਛੋਂ ਹਰਜੀਤ ਦੀ ਪੋਸਟਿੰਗ ਚੰਡੀਗੜ੍ਹ ਵਿਚ ਹੋਈ ਨੂੰ ਕੁਝ ਮਹੀਨੇ ਹੀ ਹੋਏ ਸਨ, ਕਿ ਬਰਮਿੰਘਮ ਵਿਚ ਰਹਿੰਦੀ ਉਸਦੀ ਮਾਸੀ ਨੇ ਉਸ ਨੂੰ ਇੰਗਲੈਂਡ ਆਉਣ ਲਈ ਵਿਜ਼ਿਟਰ ਵੀਜ਼ੇ ਦੇ ਕਾਗਜ਼ ਭੇਜ ਦਿੱਤੇ।
ਹਰਜੀਤ ਦੇ ਮਾਸੜ ਜੀ ਕਾਫ਼ੀ ਸਾਲਾਂ ਤੋਂ ਵਿਲਾਇਤ ਵਿਚ ਇਕ ਉੱਘੇ ਡਾਕਟਰ ਸਨ। ਉਹਨਾਂ ਦੇ ਛੋਟੇ ਭਰਾ ਦਾ ਗਾਰਮੈਂਟਸ ਦਾ ਕਾਰੋਬਾਰ ਸੀ। ਜਿਸ ਨੂੰ ਉਹਨਾਂ ਦੀ ਅੰਗਰੇਜ਼ ਪਤਨੀ ਬੜੀ ਕੁਸ਼ਲਤਾ ਨਾਲ ਚਲਾ ਰਹੀ ਸੀ। ਉਹਨਾਂ ਦੀ ਬੇਟੀ ਜੈਨੀਫ਼ਰ ਹੁਣੇ ਹੁਣੇ ਸਕੂਲ ਵਿਚ 'ਓ-ਲੈਵਲ' ਦੀ ਪੜ੍ਹਾਈ ਕਰਕੇ ਹਟੀ ਸੀ। ਏਨੀ ਕੁ ਪੜ੍ਹੀ ਅੰਗਰੇਜ਼ ਕੁੜੀ ਲਈ ਇਕ ਡਾਕਟਰ ਪਤੀ ਮਿਲ ਜਾਣਾ, ਸਮਾਜ ਵਿਚ ਬੜੀ ਮਾਣ ਦੀ ਗੱਲ ਸੀ। ਫੇਰ ਹਰਜੀਤ ਦਾ ਰੰਗ ਰੂਪ ਤਾਂ ਨਿਰਾ ਸ਼ਹਿਜ਼ਾਦਿਆਂ ਵਾਲਾ ਸੀ। ਪੰਜ ਫ਼ੁੱਟ ਦਸ ਇੰਚ ਕੱਦ, ਨਿੱਕੀ ਨਿੱਕੀ ਕੂਲੀ ਕੂਲੀ ਦਾਹੜੀ ਮੁੱਛ, ਨਿਰਮਲ ਤੱਕਣੀ, ਤੇ ਪਹਿਨਣ ਪੱਚਰਨ ਦਾ ਸਲੀਕਾ। ਭਾਵੇਂ ਜੈਨੀਫ਼ਰ ਉਮਰ ਵਿਚ ਉਸ ਤੋਂ ਛੇ ਕੁ ਸਾਲ ਛੋਟੀ ਸੀ, ਪਰ ਹਰਜੀਤ ਨੂੰ ਤਾਂ ਉਹ ਵੇਖ ਕੇ ਹੀ ਮਰ ਮਿਟੀ। ਤੇ ਮਾਸੀ ਜੀ ਦੀ ਸਿਫ਼ਾਰਸ਼ ਤੇ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ।
ਵਿਆਹ ਤੋਂ ਬਾਅਦ ਹਰਜੀਤ ਨੇ ਆਪਣੇ ਮਾਸੜ ਜੀ ਦੀ ਸਲਾਹ ਨਾਲ, ਸਭ ਤੋਂ ਪਹਿਲਾਂ ਕਿਸੇ ਇੰਡੀਅਨ ਡਾਕਟਰ ਨਾਲ ਭਾਈਵਾਲੀ ਪਾ ਕੇ 'ਸਾਊਥਾਲ' ਏਰੀਏ ਵਿਚ ਇਕ ਕਲਿਨਿਕ ਖੋਲ੍ਹ ਲਿਆ। ਜੈਨੀਫ਼ਰ ਨੂੰ ਰਜਿਸਟਰਡ ਨਰਸ ਦੀ ਪੜ੍ਹਾਈ ਕਰਵਾ ਕੇ ਆਪਣੀ ਹੀ ਸਰਜਰੀ ਵਿਚ ਕੰਮ ਤੇ ਲਗਾ ਲਿਆ। ਉਹਨਾਂ ਦੇ ਦੋ ਜੁੜਵੇਂ ਬੇਟੇ ਸਨ, ਨਿਰੇ ਹਰਜੀਤ ਵਰਗੇ ਸੋਹਣੇ।
ਹਰਜੀਤ ਦੇ ਮਿਲਾਪੜੇ ਸੁਭਾਵ ਅਤੇ ਕੁਸ਼ਲ ਡਾਕਟਰ ਹੋਣ ਕਰਕੇ ਉਹਨਾਂ ਦੀ ਪ੍ਰੈਕਟਿਸ ਕੁਝ ਸਾਲਾਂ ਵਿਚ ਹੀ ਏਨੀਂ ਮਸ਼ਹੂਰ ਹੋ ਗਈ ਕਿ ਦੋਹਾਂ ਭਾਈਵਾਲਾਂ ਨੇ ਆਪੋ ਆਪਣੇ ਕਲਿਨਿਕ ਖੋਲ੍ਹ ਲਏ। ਇੰਗਲੈਂਡ ਦੀ ਰਾਜਧਾਨੀ ਹੋਣ ਕਰਕੇ, ਭਾਰਤੀ ਸਫ਼ਾਰਤ-ਖ਼ਾਨੇ ਦੇ ਸਾਰੇ ਅਫ਼ਸਰ ਤੇ ਕਰਮਚਾਰੀ ਲੰਡਨ ਦੇ 'ਸਬਰਬਜ਼' ਵਿਚ ਹੀ ਰਹਿੰਦੇ ਸਨ। ਜਿਨ੍ਹਾਂ ਵਿਚੋਂ ਬਹੁਤ ਸਾਰੇ ਹਰਜੀਤ ਦੇ ਕਲਿਨਿਕ ਵਿਚ ਆਉਂਦੇ। ਜੈਨੀਫ਼ਰ ਵਰਗੀ ਖੂਬਸੂਰਤ ਅੰਗਰੇਜ਼ ਪਤਨੀ ਦੇ ਕਾਰਨ ਵੀ ਹਰਜੀਤ ਦਾ ਕੁਝ ਜ਼ਿਆਦਾ ਹੀ ਠੁੱਕ ਬੱਝਾ ਹੋਇਆ ਸੀ। ਸੋ ਜਦੋਂ ਕਦੀ ਕੋਈ ਸਰਕਾਰੀ ਜਾਂ ਸੱਭਿਆਚਾਰਕ ਸਮਾਰੋਹ ਹੁੰਦਾ ਤਾਂ ਦੋਵੇਂ ਹੀ ਵੀ.ਆਈ.ਪੀ. ਸੀਟਾਂ 'ਤੇ ਬੈਠੇ ਨਜ਼ਰ ਆਉਂਦੇ ਸਨ।
1963 ਦੀ 26 ਜਨਵਰੀ ਦੇ ਗਣਤੰਤਰ ਦਿਵਸ ਲਈ ਹਰਜੀਤ ਨੂੰ ਵੀ ਐਮਬੈਸੀ ਵੱਲੋਂ ਸੱਦਾ ਆਇਆ, ਤੇ ਉਹ ਜੈਨੀਫ਼ਰ ਨੂੰ ਨਾਲ ਲੈ ਕੇ ਪਹੁੰਚ ਗਿਆ। ਉਸਨੂੰ ਬੜਾ ਅਚੰਭਾ ਹੋਇਆ ਜਦੋਂ ਸਭ ਤੋਂ ਅਗਲੀ ਕਤਾਰ ਵਿਚ ਉਸ ਨੇ ਉਪਦੇਸ਼ ਤੇ ਉਸਦੇ ਪਤੀ ਨੂੰ ਵੀ ਬੈਠਿਆਂ ਵੇਖਿਆ। ਪ੍ਰੀਤਮ ਹੁਣ ਮੇਜਰ ਦੇ ਰੈਂਕ ਵਿਚ ਸੀ।
ਮਸਾਂ ਮਸਾਂ ਥਰਡ ਡਿਵੀਜ਼ਨ ਵਿਚ ਦਸਵੀਂ ਪਾਸ ਹੋਈ ਉਪਦੇਸ਼ ਵੀ ਦੂਜੇ 'ਫ਼ਾਰਨ-ਡਿਗਨੇਟਰੀਜ਼' ਦੀਆਂ ਜ਼ਨਾਨੀਆਂ ਵਿਚ ਠੁੱਕ ਨਾਲ ਬੈਠੀ ਪੂਰੇ ਅੰਦਾਜ਼ ਵਿਚ ਮੁਸਕਰਾ ਰਹੀ ਸੀ। ਜਿਵੇਂ ਕਹਿ ਰਹੀ ਹੋਵੇ, ''ਅੱਛਾ ਤੁਸੀਂ ਵੀ ਆਏ ਹੋ૴?''
ਸਮਾਗਮ ਖ਼ਤਮ ਹੋਣ 'ਤੇ ਬਾਹਰ ਜਾਣ ਲਈ ਉਹ ਲੌਬੀ ਵਿੱਚੋਂ ਓਵਰਕੋਟ ਲੈਣ ਲਈ ਵਧਿਆ ਤਾਂ ਸਾਹਮਣੇ ਉਪਦੇਸ਼ ਖਲ੍ਹੋਤੀ ਸੀ।
''ਹੈਲੋ ਉਪਦੇਸ਼૴!'' ਉਸ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ।
''ਜੀਤੇ ਤੂੰ૴? ਮੈਂ ਸੁਫ਼ਨਾ ਤਾਂ ਨਹੀਂ ਵੇਖ ਰਹੀ૴? ਤੂੰ ਏਥੇ૴?''
''ਮੈਂ ਵੀ ਏਹੀ ਪੁੱਛਣ ਲੱਗਾ ਸਾਂ।'ਮੀਟ ਮਾਈ ਵਾਈਫ਼ ਜੈਨੀਫ਼ਰ। ਤੇ, ਇਹ ਸਾਡੇ ਇੰਡੀਆ ਦੇ ਦੋਸਤ ਨੇ।''
''ਬੜੀ ਪਿਆਰੀ ਵਹੁਟੀ ਲੱਭੀ ਹੈ!'' ਉਸਨੇ ਅੱਗੇ ਹੋ ਕੇ ਜੈਨੀਫ਼ਰ ਨੂੰ ਬਾਹਾਂ ਵਿਚ ਲੈ ਲਿਆ। ਏਨੇ ਵਿਚ ਪਿਛਲੇ ਪਾਸਿਓਂ ਅਚਾਨਕ ਪ੍ਰੀਤਮ ਨੇ ਉਸ ਨੂੰ ਜੱਫੀ ਵਿਚ ਘੁੱਟ ਕੇ ਹੈਰਾਨ ਕਰ ਦਿੱਤਾ।
''ਹੈਲੋ ਹਰਜੀਤ! ਵਟ ਏ ਸਮਾਲ ਵਰਲਡ ਯਾਰ?''
''ਲੈ ਬਈ, ਤੇਰੀ ਕਾਮਯਾਬੀ ਦਾ ਵੀ ਜਵਾਬ ਨਹੀਂ।'' ਉਸਦੇ ਮੋਢੇ ਵਾਲੇ ਕਰਾਊਨ ਵੇਖ ਕੇ। ''ਮੰਨ ਗਏ ਮੇਜਰ ਸਾਹਿਬ ਨੂੰ।''
''ਦਰਅਸਲ ਪਿਛਲੇ ਸਾਲ ਮੈਨੂੰ ਪ੍ਰੋਮੋਸ਼ਨ ਹੋਣ ਪਿੱਛੋਂ ਇੰਡੀਅਨ ਐਮਬੈਸੀ ਦੇ 'ਮਿਲਿਟਿਰੀ-ਅਟੈਚੀ' ਦਾ 'ਅਸਾਈਨਮੈਂਟ' ਮਿਲ ਗਿਆ। ਸੋਚਿਆ, ਚੱਲੋ ਅਸੀਂ ਵੀ ਵਿਲਾਇਤ ਵੇਖ ਲਈਏ। ਦੱਸ ਤੇਰਾ ਆਉਣਾ ਕਦੋਂ ਹੋਇਆ?''
''ਮੈਨੂੰ ਤਾਂ ਹੋ ਗਏ, ਸੱਤ ਸਾਲ। ਆਹ ਕੋਲ ਹੀ 'ਸਾਊਥਾਲ' ਵਿਚ ਆਪਣਾ ਕਲਿਨਿਕ ਹੈ।''
''ਅੱਛਾ? ਅਸੀਂ ਵੀ 'ਹੰਸਲੋ' ਵਿਚ ਐਮਬੈਸੀ ਸਟਾਫ਼ ਦੇ ਅਪਾਰਟਮੈਂਟ ਕੰਪਲੈਕਸ ਵਿਚ ਰਹਿ ਰਹੇ ਹਾਂ।''
''ਤੁਹਾਡੀ ਐਮਬੈਸੀ ਦੇ ਕਈ ਪਰਿਵਾਰ ਮੈਨੂੰ ਕਨਸਲਟ ਕਰਨ ਆਉਂਦੇ ਨੇ। 'ਦਿਸ ਇਜ਼ ਮਾਈ ਕਾਰਡ'। ਕੋਮਲ ਕੈਸੀ ਹੈ? ਹੁਣ ਤਾਂ ਕਾਫ਼ੀ ਵੱਡੀ ਹੋ ਗਈ ਹੋਣੀ ਐਂ।''
''ਓ-ਯੈਹ!' ਉਹ ਵੀ ਤੁਹਾਡੇ ਸ਼ਹਿਰ ਪੜ੍ਹਣ ਜਾਂਦੀ ਹੈ। ਅੱਠਵੀਂ 'ਚ૴।''
''ਤੁਸੀਂ ਕਦੇ ਟਾਈਮ ਕੱਢ ਕੇ ਘਰ ਆਓ।'' ਜੈਨੀਫ਼ਰ ਨੇ ਆਦਰ ਨਾਲ ਉਪਦੇਸ਼ ਦਾ ਹੱਥ ਘੁੱਟ ਕੇ ਕਿਹਾ।
''ਸ਼ੋਅਰ!''
ਥੋੜ੍ਹੇ ਦਿਨਾਂ ਵਿਚ ਹੀ ਦੋਹਾਂ ਪਰਿਵਾਰਾਂ ਦਾ ਕਾਫ਼ੀ ਆਉਣਾ ਜਾਣਾ ਸ਼ੁਰੂ ਹੋ ਗਿਆ। ਉਪਦੇਸ਼ ਤਾਂ ਹਰ ਦੁਜੇ ਤੀਜੇ ਦਿਨ ਹਰਜੀਤ ਦੇ ਕਲਿਨਿਕ ਵੀ ਆ ਧਮਕਦੀ। ਪਰ ਜੈਨੀਫ਼ਰ ਨੂੰ ਉਸਦਾ ਅਕਸਰ ਹਰਜੀਤ ਨਾਲ ਬੈਠ ਕੇ ਖੁੱਲ੍ਹ ਲੈਣਾ, ਬੇ-ਮਤਲਬ ਹਾਸਾ ਮਜ਼ਾਕ ਕਰਨਾ ਬਿਲਕੁਲ ਪਸੰਦ ਨਹੀਂ ਸੀ। ਭਾਵੇਂ ਪ੍ਰੀਤਮ ਵੀ ਕਾਫ਼ੀ ਲੁਭਾਵਣੀ ਸ਼ਖਸੀਅਤ ਦਾ ਵਿਅਕਤੀ ਸੀ, ਪਰ ਸ਼ਾਇਦ ਉਪਦੇਸ਼ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਕਾਰ ਕਰਨ ਦਾ ਕੋਈ ਬਹਾਨਾ ਲੱਭ ਰਹੀ ਹੋਵੇ। ਜਾਂ ਫਿਰ ਉਂਜ ਹੀ ਇਕ ਅਫ਼ਸਰ ਦੀ ਬੀਵੀ ਹੋਣ ਕਰਕੇ ਉਸਦੀ ਇਹ ਆਦਤ ਬਣ ਗਈ ਹੋਵੇ।
ਇਕ ਵਾਰੀਂ ਐਮਬੈਸੀ ਵੱਲੋਂ ਆਯੋਜਤ ਡਿਨਰ ਡਾਂਸ ਲਈ ਹਰਜੀਤ ਤੇ ਜੈਨੀਫ਼ਰ ਨੂੰ ਸੱਦਾ ਆਇਆ, ਕਿਸੇ ਫ਼ਾਈਵ ਸਟਾਰ ਹੋਟਲ ਵਿਚ। ਹਿੰਦੁਸਤਾਨੀ ਅਫ਼ਸਰ-ਸ਼ਾਹੀ ਤੋਂ ਇਲਾਵਾ ਬਹੁਤ ਸਾਰੇ ਅੰਗ੍ਰੇਜ਼ ਪਰਿਵਾਰ ਵੀ ਸੱਦੇ ਗਏ ਸਨ। ਪਰ ਬਹੁਤ ਕਰਕੇ ਉਹ ਉਮਰ-ਰਸੀਦਾ ਔਰਤਾਂ ਨਾਲ ਆਏ ਸਨ। ਸ਼ੋਖ਼ ਹਰੇ ਰੰਗ ਦੀ ਸਿਲਕ ਸਾੜੀ੍ਹ ਵਿਚ ਸਜੀ ਜੈਨੀਫ਼ਰ ਸਾਰੇ ਹਾਲ ਕਮਰੇ ਦੀ ਖਿੱਚ੍ਹ ਬਣੀ ਹੋਈ ਸੀ। ਆਰਕੈਸਟਰਾ ਸ਼ੁਰੂ ਹੋਣ ਤੇ ਹਰਜੀਤ ਤੇ ਜੈਨੀਫ਼ਰ ਕੁੱਝ ਚਿਰ 'ਚਾ ਚਾ ਚਾ' ਡਾਂਸ ਕਰਦੇ ਰਹੇ। ਫੇਰ ਪ੍ਰੀਤਮ ਨੇ ਜੈਨੀਫ਼ਰ ਨਾਲ ਡਾਂਸ ਦੀ ਪੇਸ਼ਕਸ ਕੀਤੀ। ਖਾਲੀ ਬੈਠੀ ਵੇਖ ਕੇ ਹਰਜੀਤ ਨੇ ਉਪਦੇਸ਼ ਨੂੰ ਉਠਾ ਲਿਆ। ਪ੍ਰੀਤਮ ਨੂੰ ਨੱਚਦਿਆਂ ਅਜੇ ਥੋੜ੍ਹਾ ਕੁ ਚਿਰ ਹੀ ਹੋਇਆ ਸੀ ਕਿ ਮਹਿਕਮੇ ਦੇ ਵੱਡੇ ਅਫ਼ਸਰ 'ਕੌਨਸੂਲੇਟ-ਜਨਰਲ' ਨੇ ਉਸ ਨੂੰ 'ਟੈਪ' ਕਰ ਦਿੱਤਾ, ਤੇ ਕਿੰਨਾ ਚਿਰ ਹੀ ਜੈਨਫ਼ਿਰ ਦੀ ਕੰਪਨੀ ਵਿਚ ਆਨੰਦ ਲੈਂਦਾ ਰਿਹਾ। ਮਿਊਜ਼ਕ ਦੀ ਧੁਨ ਬਦਲੀ ਤਾਂ ਕੋਈ ਹੋਰ ਆ ਢੁੱਕਿਆ। ਜੈਨੀਫ਼ਰ ਨੂੰ ਲੱਗਾ, ਕਿ ਹਿੰਦੁਸਤਾਨੀ ਲੋਕ ਭਾਵੇਂ ਉੱਚੇ ਅਹੁਦੇ 'ਤੇ ਹੋਣ, ਪਰ ਇਕ ਅੰਗਰੇਜ਼ ਔਰਤ ਹੋਣ ਨਾਤੇ ਕੁੱਝ ਵਧੇਰੇ ਹੀ ਘੁੱਟ ਕੇ ਨਾਲ ਲਗਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੂੰ ਸਾਰਾ ਮਾਹੌਲ ਬੜਾ 'ਚੀਪ' ਲੱਗ ਰਿਹਾ ਸੀ। ਦੂਸਰੇ ਪਾਸੇ ਉਪਦੇਸ਼ ਅਜੇ ਵੀ ਹਰਜੀਤ ਦੀਆਂ ਬਾਹਵਾਂ ਵਿਚ ਮਟਕ ਰਹੀ ਸੀ। ਉਹ ਸੰਗੀਤ ਦੀਆਂ ਦੋ ਤਿੰਨ ਧੁਨਾਂ ਸਮਾਪਤ ਹੋਣ ਦੇ ਬਾਵਜੂਦ ਵੀ ਉਸ ਨੂੰ ਛੱਡਣ ਦਾ ਨਾਂ ਨਹੀਂ ਸੀ ਲੈ ਰਹੀ। ਵੇਖ ਕੇ ਜੈਨੀਫ਼ਰ ਤੋਂ ਜਰਿਆ ਨਾ ਗਿਆ। ਪ੍ਰੀਤਮ ਸ਼ਾਇਦ ਨਾਚ ਕਰਨ ਦਾ ਬਾਹਲਾ ਸ਼ੌਕੀਨ ਨਹੀਂ ਸੀ। ਉਹ ਪਰ੍ਹੇ ਦੂਸਰੇ ਅਫ਼ਸਰਾਂ ਨਾਲ ਬੈਠਾ ਸਕਾਚ ਪੀ ਰਿਹਾ ਸੀ। ਜੈਨੀਫ਼ਰ ਕੁਝ ਚਿਰ ਬੈਠੀ ਕੁੜ੍ਹਦੀ ਰਹੀ, ਫੇਰ ਹਰਜੀਤ ਨੂੰ 'ਵਾਲਟਜ਼' ਵਿਚ ਮਗਨ ਵੇਖ ਕੇ ਦੂਰੋਂ ਹੀ ਇਸ਼ਾਰਾ ਕਰ ਕੇ ਟੈਕਸੀ ਲੈ ਕੇ ਘਰ ਪਰਤ ਆਈ। ਹਰਜੀਤ ਨੇ ਸੋਚਿਆ ਸ਼ਾਇਦ ਉਹ 'ਪਾਊਡਰ-ਰੂਮ' ਗਈ ਹੋਵੇਗੀ।
'ਕਲੋਕ-ਰੂਮ' ਦੀ ਅਟੈਂਡੈਂਟ ਤੋਂ ਪਤਾ ਲੱਗਾ ਕਿ ਉਹ ਘਰ ਜਾ ਚੁੱਕੀ ਹੈ ਤਾਂ ਉਹ ਡਾਂਸ ਵਿਚਾਲੇ ਛੱਡ ਕੇ ਘਰ ਆਇਆ ਤਾਂ ਬੜਾ ਫ਼ਸਾਦ ਖੜ੍ਹਾ ਹੋ ਗਿਆ। ਹਰਜੀਤ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਬੜੀ ਕੋਸ਼ਿਸ ਕੀਤੀ, ਪਰ
''ਮੈਂ ਅੱਗੇ ਤੋਂ ਤੇਰੇ ਨਾਲ ਕਿਧਰੇ ਨਹੀਂ ਜਾਣਾ, ਏਹੋ ਜਿਹੇ 'ਈਡੀਏਟ' ਲੋਕਾਂ ਵਿਚਕਾਰ। ਨਾਲੇ ਤੂੰ ਵੀ ਤਾਂ ਉਪਦੇਸ਼ ਨੂੰ ਜੱਫੀ 'ਚ ਲੈ ਕੇ ਪੂਰੀ ਤਸੱਲੀ ਕਰ ਲਈ ਹੋਣੀ ਹੈ।'' ਕਹਿਕੇ ਜੈਨੀਫ਼ਰ ਬੱਚਿਆਂ ਦੇ ਬੈਡਰੂਮ ਵਿਚ ਜਾ ਸੁੱਤੀ। ਉਂਜ ਵਿਆਹ ਹੋਣ ਤੋਂ ਬਾਅਦ ਇਸ ਤਰਾਂ ਉਹਨਾਂ ਦਾ ਝਗੜਾ ਕਈ ਵਾਰ ਹੁੰਦਾ ਰਹਿੰਦਾ ਸੀ। ਕਦੇ ਕਦੇ ਮਨ ਮਨੋਤੀ ਲਈ ਮਾਸੀ ਜੀ ਨੂੰ ਵੀ 'ਬ੍ਰਮਿੰਘਮ' ਤੋਂ ਆਉਣਾ ਪੈਂਦਾ। ਹਰਜੀਤ ਨੂੰ ਅਜੇ ਵੀ ਉਹ ਪੁਰਾਣੀ ਗੱਲ ਨਹੀਂ ਸੀ ਭੁੱਲੀ ਜਦੋਂ ਇਕ ਵਾਰ ਜੈਨੀਫ਼ਰ ਦੀ 'ਨਰਸਿੰਗ-ਟਰੇਨਿੰਗ' ਦੌਰਾਨ ਇਕ ਪੀਟਰ ਨਾਮ ਦੇ ਯੁਵਕ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ।
''ਇਹ ਕੌਣ ਹੈ?'' ਹਰਜੀਤ ਨੇ ਸੁਭਾਵਕ ਪੁੱਛਿਆ।
''ਮੇਰਾ ਕਲਾਸ-ਫ਼ੈਲੋ ਹੈ। 'ਕਲਾਸ-ਸਕੈਜੂਅਲ' ਬਾਰੇ ਪੁੱਛ ਰਿਹਾ ਸੀ।''
''ਕੀ ਉਹ ਸਕੂਲ ਨੂੰ 'ਕਾਲ' ਕਰਕੇ ਨਹੀਂ ਸੀ ਪੁੱਛ ਸਕਦਾ?'' ਉਹ ਉਸਦੇ ਉੱਤਰ ਤੋਂ ਸੰਤੁਸ਼ਟ ਨਹੀਂ ਸੀ ਜਾਪ ਰਿਹਾ।
''ਪੁੱਛ ਲਿਆ ਤਾਂ ਕੀ ਆਖ਼ਰ ਆ ਗਈ। ਉਹ ਮੇਰਾ ਚੰਗਾ ਦੋਸਤ ਹੈ।'' ਹਰਜੀਤ ਨੇ ਗੱਲ ਵਧਾਉਣੀ ਠੀਕ ਨਾ ਸਮਝੀ। ਤੇ ਸਬਰ ਦਾ ਘੁੱਟ ਪੀ ਕੇ ਰਹਿ ਗਿਆ।
ਟਰੇਨਿੰਗ ਖਤਮ ਹੋਈ ਤਾਂ ਹਰਜੀਤ ਵੀ 'ਗਰੈਜੂਏਸ਼ਨ' ਵਿਚ ਸ਼ਾਮਲ ਹੋਣ ਲਈ ਜੈਨੀਫ਼ਰ ਦੇ ਨਾਲ ਕਾਲਜ ਚਲਾ ਗਿਆ। ਡਿਗਰੀ ਲੈਣ ਪਿੱਛੋਂ ਪੀਟਰ ਉਸ ਨੂੰ ਉਚੇਚਾ ਲੱਭਦਾ ਆਇਆ, ਤੇ ਜੈਨੀਫ਼ਰ ਨੂੰ ਵਧਾਈ ਦੀ ਚੁੰਮਣ ਦੇਣ ਲਈ ਉਸ ਨਾਲ ਬਗਲਗੀਰ ਹੋ ਗਿਆ।
''ਥੈਂਕਸ ਫ਼ਾਰ ਐਵਰੀ ਥਿੰਗ, ਪੀਟਰ।'' ਅਚਾਨਕ ਜੈਨੀਫ਼ਰ ਨੂੰ ਹਰਜੀਤ ਦੇ ਕੋਲ ਖੜ੍ਹੇ ਹੋਣ ਦਾ ਅਹਿਸਾਸ ਹੋਇਆ ਤਾਂ ਉਸਨੂੰ ਕਹਿਣ ਲੱਗੀ, ''ਮੀਟ ਮਾਈ ਹਸਬੈਂਡ ਹਰਜੀਤ।''
''ਓਹ૴! ਪਹਿਲਾਂ ਤਾਂ ਤੂੰ ਕਦੇ ਨਹੀਂ ਸੀ ਦੱਸਿਆ ਕਿ ਤੂੰ૴।'' ਉਸ ਨੇ ਹੱਸ ਕੇ ਗੱਲ ਟਾਲ ਦਿੱਤੀ। ਓਦੋਂ ਹਰਜੀਤ ਨੂੰ ਵੀ ਚੰਗਾ ਨਹੀਂ ਸੀ ਲੱਗਾ, ਲੇਕਨ ਪੱਛਮੀ ਸੱਭਿਯਤਾ ਦਾ ਇਕ ਹਿੱਸਾ ਸਮਝ ਕੇ ਉਹ ਚੁੱਪ ਕਰ ਗਿਆ।
ਅਗਲੇ ਮਹੀਨੇ ਇਕ 'ਵੀਕ-ਐਂਡ', ਸ਼ਾਮ ਦੇ ਸੱਤ ਕੁ ਵਜੇ ਕਿਧਰੇ ਪ੍ਰੀਤਮ ਤੇ ਉਪਦੇਸ਼ ਸ਼ਾਪਿੰਗ ਕਰ ਕੇ ਆਏ। ਅਜੇ ਉਹ ਉੱਪਰ ਆਪਣੇ ਅਪਾਰਟਮੈਂਟ ਤੱਕ ਪਹੁੰਚੇ ਹੀ ਸਨ ਕਿ ਕਿਸੇ ਗੁਆਂਢੀ ਨੇ ਖਬਰ ਦਿੱਤੀ ਕਿ ਦੋ ਸ਼ਕੀ ਜਿਹੇ 'ਜਮੇਕਨ' ਮੁੰਡੇ ਉਹਨਾਂ ਦੀ ਕਾਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰੀਤਮ ਨੱਸ ਕੇ ਥੱਲੇ ਆਇਆ ਤਾਂ ਵੇਖਿਆ, ਉਹਨਾਂ ਗੱਡੀ ਸਟਾਰਟ ਵੀ ਕਰ ਲਈ ਸੀ। ਉਸ ਨੇ ਉੱਚੀ ਸੁਰ ਵਿਚ ਲਲਕਾਰਾ ਮਾਰਿਆ ਤੇ ਭੱਜ ਕੇ ਉਹਨਾਂ ਦਾ ਰਾਸਤਾ ਰੋਕਣ ਲਈ ਅੱਗੇ ਵਧਿਆ। ਪਰ ਰੁਕਣ ਦੀ ਬਜਾਏ ਇਕ ਜਣੇ ਨੇ ਪਿਸਤੌਲ ਨਾਲ ਨਿਸ਼ਾਨਾ ਬੰਨ੍ਹ ਕੇ ਉਸਤੇ ਫ਼ਾਇਰ ਕਰ ਦਿੱਤਾ। ਗੋਲੀ ਸਿੱਧੀ ਪ੍ਰੀਤਮ ਦੇ ਮੱਥੇ 'ਤੇ ਲੱਗੀ ਤੇ ਉਹ ਇਕ ਕਦਮ ਵੀ ਅੱਗੇ ਨਾ ਪੁੱਟ ਸਕਿਆ।
ਅਚਾਨਕ ਸਾਰੇ ਪਾਸੇ ਅਫ਼ਰਾ-ਤਫ਼ਰੀ ਮੱਚ ਗਈ। ਕਿਸੇ ਦੇ ਫ਼ੋਨ ਕਰਨ 'ਤੇ ਪੁਲਿਸ ਤੁਰੰਤ ਹੀ ਪਹੁੰਚ ਗਈ, ਐਪਰ ਡਾਕੂ ਗੱਡੀ ਭਜਾ ਕੇ ਹਵਾ ਹੋ ਗਏ ਸਨ। ਉਪਦੇਸ਼ ਥੱਲੇ ਆਈ ਤੇ ਜ਼ਮੀਨ 'ਤੇ ਪਏ ਪ੍ਰੀਤਮ ਦੇ ਸਰੀਰ 'ਤੇ ਹੀ ਡਿੱਗ ਪਈ। ''ਇਹ ਕੀ ਹੋ ਗਿਆ, ਪ੍ਰੀਤਮ૴! ਅੱਖਾਂ ਖੋਲ੍ਹ ਪ੍ਰੀਤਮ૴।'' ਪਰ ਉਸਦੇ ਸਿਰ ਵਿੱਚੋਂ ਢੇਰ ਸਾਰਾ ਖੂਨ ਵਗ ਚੁੱਕਾ ਸੀ। ਐਂਬੂਲੈਂਸ ਦੇ ਹਸਪਤਾਲ ਪਹੁੰਚਦੇ-ਪਹੁੰਚਦੇ ਹੀ ਪ੍ਰੀਤਮ ਨੇ ਦਮ ਤੋੜ ਦਿੱਤਾ।
ਹਰਜੀਤ ਨੂੰ ਦੁਰਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ। ਉਹ ਜੈਨੀਫ਼ਰ ਨੂੰ ਲੈ ਕੇ ਤੁਰੰਤ ਐਮਰਜੈਂਸੀ ਵਿਚ ਪੁੱਜਾ। ਉਪਦੇਸ਼ ਵੇਂਹਦਿਆਂ ਸਾਰ ਉਸ ਨਾਲ ਚਿੰਬੜ ਗਈ।
''ਜੀਤੇ, ਮੈਂ ਬਰਬਾਦ ਹੋ ਗਈ૴। ਕਿਹੜੀ ਕਲਹਿਣੀ ਨਜ਼ਰ ਨੇ ਮੇਰੇ ਪਤੀ ਨੂੰ ਖਾ ਲਿਆ૴? ਹੁਣ ਮੈਂ ਜੀ ਕੇ ਕੀ ਕਰਾਂਗੀ૴। ਹਾਏ ਕਿਸਮਤੇ, ਕਿੱਥੇ ਪਰਦੇਸਾਂ 'ਚ૴।'' ਹਰਜੀਤ ਦਾ ਕੋਈ ਵੀ ਦਿਲਾਸਾ ਕੰਮ ਨਹੀ ਸੀ ਕਰ ਰਿਹਾ। 'ਕਿੱਥੋਂ ਲਿਆ ਕੇ ਦੇਵੇ ਉਸਦੇ ਪ੍ਰੀਤਮ ਨੂੰ?' ਉਹ ਸੋਚ ਰਿਹਾ ਸੀ। ਜੈਨੀਫ਼ਰ ਕੋਲੋਂ, ਹਟਕੋਰੇ ਭਰਦੀ ਕੋਮਲ ਸਾਂਭੀ ਨਹੀਂ ਸੀ ਜਾ ਰਹੀ। ਚੰਗਾ ਭਲਾ ਪਰਿਵਾਰ ਅੱਖ ਦੇ ਫੋਰ ਵਿਚ ਹੀ ਵਖਤਾਂ ਨੂੰ ਫੜਿਆ ਗਿਆ ਸੀ।
ਅਗਲੇ ਦਿਨ ਸਸਕਾਰ ਹੋਣ ਤੱਕ, ਐਮਬੈਸੀ ਦੇ ਸਟਾਫ਼ ਦੀਆਂ ਦੋ ਔਰਤਾਂ ਉਸਨੂੰ ਆਪਣੇ ਨਾਲ ਲੈ ਗਈਆਂ। ਉਪਦੇਸ਼ ਨੂੰ ਤਾਂ ਸਾਰਾ ਸੰਸਾਰ ਹਨੇਰਾ ਦਿਸ ਰਿਹਾ ਸੀ। ਸਾਰੀ ਰਾਤ ਉਸ ਨੇ ਇਕ ਮਿੰਟ ਵੀ ਅੱਖ ਨਹੀਂ ਸੀ ਲਾਈ। ਸਵੇਰੇ 'ਕ੍ਰੀਮੇਟੋਰੀਅਮ' ਜਾਣ ਵਾਸਤੇ ਸਾਰਾ ਐਮਬੈਸੀ ਦਾ ਸਟਾਫ਼ 'ਫ਼ਿਊਨਰਲ-ਹੋਮ' ਪੁੱਜਾ ਹੋਇਆ ਸੀ। ਮੂੰਹ ਦਿਖਾਈ ਪਿੱਛੋਂ ਹਰ ਵਿਅਕਤੀ ਉਪਦੇਸ਼ ਨੂੰ ਦਿਲਾਸਾ ਦੇ ਰਿਹਾ ਸੀ। ਪਰ ਉਹ ਬੇਬਸੀ ਦੀ ਹਾਲਤ ਵਿਚ ਘੜੀ-ਮੁੜੀ, ਕੌਫ਼ਿਨ ਬਾਕਸ ਤੇ ਜਾ ਡਿਗਦੀ। ਜਿਵੇਂ ਉਸਦੇ ਜੀਵਨ ਦਾ ਕੋਈ ਹੋਰ ਮਕਸਦ ਨਾ ਰਹਿ ਗਿਆ ਹੋਵੇ। ਕਿਧਰੇ ਕੋਈ ਹੋਰ ਆਫ਼ਤ ਨਾ ਖੜ੍ਹੀ ਹੋ ਜਾਵੇ, ਜੈਨੀਫ਼ਰ ਨੇ ਉਸਨੂੰ ਘੁੱਟ ਕੇ ਫੜਨਾ ਉਚਿਤ ਸਮਝਿਆ ਤੇ ਸਮਝਾਂਦੀ ਹੋਈ ਬੋਲੀ,
''ਉਪਦੇਸ਼! ਮੈਨੂੰ ਪਤਾ ਹੈ ਕਿ ਐਸੀ ਵੱਡੀ ਘਟਨਾ ਨੂੰ ਸਹਿਣਾ ਏਨਾ ਆਸਾਨ ਨਹੀਂ ਹੈ૴, ਪਰ ਹੁਣ ਤੈਨੂੰ ਇਸ ਸਚਾਈ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ, ਕਿ ਰੱਬ ਨੇ ਤੁਹਾਡਾ ਦੋਹਾਂ ਦਾ ਸਾਥ ਏਨਾ ਹੀ ਲਿਖਿਆ ਸੀ૴। ਹੋ ਸਕੇ ਤਾਂ ਦਿਲ ਤਕੜਾ ਕਰ૴। ਆਪਣੀ ਬੇਟੀ ਵੱਲ ਵੇਖ૴। ਜੇ ਤੂੰ ਦਿਲ ਛੱਡ ਦਿੱਤਾ ਤਾਂ ਉਸ ਨੂੰ ਕੌਣ ਸਹਾਰਾ ਦੇਵੇਗਾ૴?''
ਸਸਕਾਰ ਕਰਨ ਵੇਲੇ ਉਹ ਕੌਫ਼ਿਨ ਬਾਕਸ ਨੂੰ ਫੜ ਕੇ 'ਫ਼ਰਨੈਂਸ' ਵੱਲ ਨੂੰ ਉਲ੍ਹਰ ਪਈ, ਤਾਂ ਹਰਜੀਤ ਨੇ ਉਸ ਨੂੰ ਕਲਾਵੇ ਵਿਚ ਭਰ ਲਿਆ। ''ਨਾ ਉਪਦੇਸ਼! ਤੇਰਾ ਉਸਦਾ ਏਨਾ ਹੀ ਸਾਥ ਸੀ૴। ਤੂੰ ਤਾਂ ਵਾਹਿਗੁਰੂ'ਚ ਵਿਸ਼ਵਾਸ ਰੱਖਣ ਵਾਲੀ ਹੈਂ૴।''
ਹਰਜੀਤ ਨੇ ਪ੍ਰੀਤਮ ਦੀ ਰੂਹ ਦੀ ਸ਼ਾਤੀ ਲਈ 'ਸ਼ੈਫਰਡ-ਬੁੱਸ਼' ਗੁਰਦਵਾਰੇ ਵਿਚ ਅਖੰਡ ਪਾਠ ਰਖਵਾ ਦਿੱਤਾ। ਓਨੇ ਦਿਨ ਮਾਵਾਂ ਧੀਆਂ ਉਹਨਾਂ ਵੱਲ ਹੀ ਰਹੀਆਂ। ਵੀਕ ਐਂਡ 'ਤੇ ਹਰਜੀਤ ਦੇ ਮਾਸੀ ਜੀ ਵੀ ਬ੍ਰਮਿੰਘਮ ਤੋਂ ਆ ਗਏ ਤੇ ਭੋਗ ਵਿਚ ਸ਼ਰੀਕ ਹੋਏ।
ਨਾ ਚਾਹੁਣ 'ਤੇ ਵੀ ਹਰਜੀਤ, ਉਪਦੇਸ਼ 'ਤੇ ਪਈ ਬਿਪਤਾ ਨੂੰ ਨਜ਼ਰ-ਅੰਦਾਜ਼ ਨਹੀਂ ਸੀ ਕਰ ਸਕਦਾ। ਉਸ ਦੇ ਆਪਣੇ ਜੀਵਨ 'ਤੇ , ਇਹ ਘਟਨਾ ਏਨੀਂ ਡੂੰਘੀ ਲੱਥ ਗਈ ਜਾਪਦੀ ਸੀ ਕਿ ਉਸ ਨੂੰ ਆਪਣੇ ਕਲਿਨਿਕ ਦੇ ਘੰਟਿਆਂ ਵਿਚ ਤਬਦੀਲੀ ਕਰਨ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਵੀ ਸੀਮਤ ਕਰਨਾ ਪਿਆ।
ਪਹਿਲਾਂ ਉਹ ਹਰ ਹਫ਼ਤੇ ਆਪਣੇ ਬੇਟਿਆਂ ਨਾਲ ਪਾਰਕ ਵਿਚ ਖੇਡ੍ਹਣ ਲਈ ਸਮਾਂ ਕੱਢ ਲੈਂਦਾ ਸੀ। ਹੁਣ ਉਸ ਵਿੱਚੋਂ ਕੁਝ ਵਕਤ ਕੋਮਲ ਦੇ ਚਾਅ ਮਲ੍ਹਾਰ ਕਰਨ ਲਈ ਸਰਫ਼ ਕਰਨ ਲੱਗਾ। ਦਿਨ ਵਿਚ ਇਕ ਅੱਧ ਵਾਰੀਂ ਉਪਦੇਸ਼ ਨਾਲ ਫ਼ੋਨ 'ਤੇ ਗੱਲ ਬਾਤ ਹੋ ਜਾਂਦੀ। ਦੂਜੇ ਤੀਜੇ ਦਿਨ, ਕੋਈ ਕੰਮ ਕਰਨ ਲਈ ਅਪਾਰਟਮੈਂਟ ਤੇ ਚਲਾ ਜਾਂਦਾ।
ਪ੍ਰੀਤਮ ਦੀ ਮੌਤ ਭਾਵੇਂ 'ਲਾਈਨ-ਆਫ਼-ਐਕਸ਼ਨ' ਕਾਰਨ ਨਹੀਂ ਸੀ ਹੋਈ। ਪਰ ਉਸਦੀ ਡਿਊਟੀ, ਉਸਨੂੰ ਇਕ ਐਸੇ ਮੁਲਕ ਵਿਚ ਲੈ ਆਈ ਸੀ, ਜਿਸ ਕਰਕੇ ਇਹ ਹਾਦਸਾ ਪਰਿਵਾਰ ਨੂੰ ਸਹਿਣਾ ਪਿਆ। ਮਹਿਕਮੇ ਵੱਲੋਂ ਪ੍ਰੀਤਮ ਦੀ ਪੂਰੀ ਤਨਖ਼ਾਹ, ਉਸ ਦੀ ਪਤਨੀ ਨੂੰ ਬਰਾਬਰ ਮਿਲ ਰਹੀ ਸੀ। ਪਰ ਲਗਦਾ ਸੀ ਕਿ ਪਤੀ ਦੀ ਮੌਤ ਕਾਰਨ ਉਸ ਨੂੰ ਵਤਨ ਤਾਂ ਪਰਤਣਾ ਹੀ ਪਵੇਗਾ।
ਭਾਵੇਂ 'ਸਕਾਟਲੈਂਡ-ਯਾਰਡ' ਦੇ ਮਹਿਕਮੇ ਨੇ ਦੋਸ਼ੀਆਂ ਨੂੰ ਫੜ ਵੀ ਲਿਆ ਸੀ, ਪਰ ਕੇਸ ਦਾ ਫ਼ੈਸਲਾ ਹੋਣ ਤੱਕ ਉਪਦੇਸ਼ ਦਾ ਅਜੇ ਓਥੇ ਰਹਿਣਾ ਜ਼ਰੂਰੀ ਹੋ ਗਿਆ ਸੀ। ਹਰਜੀਤ ਵੀ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਇੰਡੀਆ ਵਾਪਸ ਜਾਣਾ ਪਵੇ। ਉਸਦੇ ਇਕ ਵਕੀਲ ਦੋਸਤ ਨੇ ਸਲਾਹ ਦਿੱਤੀ ਕਿ ਪ੍ਰੀਤਮ ਦੇ 'ਐਮਬੈਸੀ-ਸਟਾਫ਼' ਵਿੱਚੋਂ ਹੁੰਦਿਆਂ ਹੋਇਆਂ, ਉਸ ਦੇ ਪਰਿਵਾਰ ਨੂੰ 'ਕਮਪੈਸ਼ਨੇਟ ਗਰਾਊਂਡ' 'ਤੇ,'ਡਿਪਲੋਮੈਟਿਕ-ਕੋਰ' ਦੇ ਕੋਟੇ ਦਾ ਫ਼ਾਇਦਾ ਉਠਾ ਕੇ ਇੰਗਲੈਂਡ ਦੀ ਸ਼ਹਿਰੀਅਤ ਮਿਲ ਸਕਦੀ ਹੈ। ਉਸ ਨੇ ਮਹਿਕਮੇ ਦੇ ਅਫ਼ਸਰਾਂ ਅਤੇ ਵਕੀਲਾਂ ਨਾਲ ਰਾਬਤਾ ਕਾਇਮ ਕਰਕੇ ਉਸਦਾ ਵਾਪਸ ਜਾਣਾ ਰੋਕ ਦਿੱਤਾ। ਤੇ ਛੇ ਕੁ ਮਹੀਨੇ ਦੀ ਭੱਜ ਦੌੜ ਕਰਕੇ ਉਸ ਨੂੰ ਮੁਲਕ ਵਿਚ ਰਹਿਣ ਦਾ 'ਸਟੇਅ-ਆਰਡਰ', ਅਤੇ ਵਰਕ ਪਰਮਿਟ ਵੀ ਮਿਲ ਗਿਆ। ਥੋੜੇ ਚਿਰ ਲਈ ਕਾਊਂਸਲ ਦਾ ਫ਼ਲੈਟ ਵੀ।
ਇਸ ਸਾਰੀ ਘਟਨਾ ਕਾਰਨ ਹਰਜੀਤ ਦੇ ਆਪਣੇ ਪਰਿਵਾਰਕ ਜੀਵਨ ਦਾ ਕੀ ਨੁਕਸਾਨ ਹੋਵੇਗਾ, ਉਸਨੇ ਕਦੇ ਵੀ ਨਾ ਸੋਚਿਆ।
ਜੈਨੀਫ਼ਰ ਸੱਚੀ ਪਿੱਟਦੀ ਸੀ। 'ਇਹ ਔਰਤ ਅਚਾਨਕ ਸਾਡੇ ਜੀਵਨ ਵਿਚ ਕਿੱਥੋਂ ਆ ਗਈ? ਪਹਿਲਾਂ ਉਹ ਦੋਵੇਂ ਹਰ ਸਾਲ ਬੱਚਿਆਂ ਨੂੰ ਲੈ ਕੇ, ਕਦੇ ਸਵਿਟਜ਼ਰਲੈਂਡ ਚਲੇ ਜਾਂਦੇ ਸਨ, ਕਦੇ ਪੈਰਿਸ। ਹੁਣ ਉਸਨੂੰ ਹਰਜੀਤ ਦਾ ਉਪਦੇਸ਼ ਨਾਲ ਮਿਲਣਾ ਬਹੁਤ ਅਸਹਿ ਲਗਦਾ। ਮਾਨਸਿਕ ਤਨਾਉ ਕਾਰਨ ਦੋਹਾਂ ਦੀ 'ਪ੍ਰੇਮ ਕ੍ਰੀੜਾ' ਦੀਆਂ ਰਾਤਾਂ ਵੀ ਬੇਰਸ ਰਹਿਣ ਲੱਗੀਆਂ ਸਨ। ਉਸਦੀ ਅਨਗਹਿਲੀ ਕਾਰਨ ਕਦੇ ਕਦੇ ਬੱਚੇ ਜ਼ਿਦ ਕਰਨ ਲੱਗ ਜਾਂਦੇ।
''ਡੈਡੀ, ਅੱਜ ਕੱਲ੍ਹ ਤੁਸੀਂ ਸਾਡੇ ਨਾਲ ਖੇਡ੍ਹਣ ਕਿਓਂ ਨਹੀਂ ਜਾਂਦੇ? ਮਾਮ! ਆਪਾਂ ਵੈਕੇਸ਼ਨ 'ਤੇ ਕਦੋਂ ਜਾਵਾਂਗੇ?'' ਜੈਨੀਫ਼ਰ ਨੇ ਬੜਾ ਚਿਰ ਸਬਰ ਕੀਤੀ ਰੱਖਿਆ। ਉਹ ਕਦੇ ਕਦੇ ਇਸ਼ਾਰਿਆਂ ਨਾਲ ਉਸ ਤੋਂ ਸਾਰੀ ਸਥਿਤੀ ਬਾਰੇ ਪੁੱਛਣਾ ਚਾਹੁੰਦੀ। ਉਸਦਾ ਜਵਾਬ ਹੁੰਦਾ। ''ਥੋੜ੍ਹੇ ਦਿਨਾਂ ਦੀ ਹੋਰ ਗੱਲ ਹੈ, ਜੈਨੀਫ਼ਰ।''
ਆਖ਼ਰ ਹਰ ਇਕ ਗੱਲ ਦੀ ਹੱਦ ਹੁੰਦੀ ਹੈ। ਇਕ ਸ਼ਾਮ ਜੈਨੀਫ਼ਰ ਨੇ ਬੜੇ ਠਰ੍ਹੰਮੇ ਨਾਲ ਪੁੱਛਿਆ:
''ਹਰਜੀਤ, ਵਟ ਇਜ਼ ਰੌਂਗ?''
''ਨਥਿੰਗ।''
''ਕੀ ਤੇਰੀ ਲਾਈਫ਼ ਵਿਚ ਕੋਈ ਹੋਰ ਔਰਤ ਆ ਗਈ ਹੈ?''
''ਇਹ ਕੀ ਤੂੰ ਕਹਿ ਰਹੀ ਹੈਂ૴? ਤੂੰ ਮੈਨੂੰ ਕਦੇ ਵੇਖਿਆ ਹੈ ਕਿਸੇ ਦੇ ਨਾਲ૴? ਹਰ ਵੇਲੇ ਤਾਂ ਕਲਿਨਿਕ ਵਿਚ ਤੂੰ ਮੇਰੇ ਨਾਲ ਰਹਿੰਦੀ ਹੈ।''
''ਕਿਤੇ ਇਹ ਗੱਲ ਤਾਂ ਨਹੀਂ ਕਿ ਮੈਂ ਹਰ ਵੇਲੇ ਤੇਰੇ ਨਾਲ ਬੱਝੀ ਰਹਿ ਕੇ ਤੂੰ ਮੈਥੋਂ ਅੱਕ ਗਿਆ ਹੋਵੇਂ। ਜਦੋਂ ਤੂੰ ਉਪਦੇਸ਼ ਕੋਲ ਜਾਂਦੈਂ૴।''
''ਬੱਸ, ਬੱਸ!, ਬਹੁਤ ਸੁਣ ਲਈ ਤੇਰੀ ਬਕਵਾਸ। ਈਰਖ਼ਾ ਦੀ ਵੀ ਕੋਈ ਹੱਦ ਹੁੰਦੀ ਹੈ। ਉਹ ਇਕ ਦੁਖਿਆਰੀ ਔਰਤ, ਪਰਦੇਸ ਵਿਚ૴। 'ਹਿਊਮਨ-ਕਨਸਿਡਰੇਸ਼ਨ' ਵੀ ਕੋਈ ਚੀਜ਼ ਹੁੰਦੀ ਹੈ।''
''ਹਰਜੀਤ, ਮੈਂ ਤੇ ਤੇਰੇ ਬੱਚੇ, ਕੀ ਅਸੀਂ 'ਹਿਊਮਨ' ਨਹੀਂ ਰਹੇ? ਸਾਡੇ ਬਾਰੇ ਤੇਰੀ ਕੋਈ 'ਕਨਸਿਡਰੇਸ਼ਨ' ਨਹੀਂ?''
''ਜੈਨੀਫ਼ਰ, ਮੈਂ ਆਪਣੇ ਦੋਸਤ ਦੀ ਵਾਈਫ਼ ਤੇ ਬੇਟੀ ਦੀ ਰੋਟੀ ਟੁੱਕ ਦਾ ਸਾਧਨ ਆਪਣੀ ਜੇਬ 'ਚੋਂ ਤਾਂ ਨਹੀਂ ਕੀਤਾ। ਤੇਰੀ ਨਰਸਿੰਗ ਟਰੇਨਿੰਗ ਲਈ ਵੀ ਤਾਂ ਪੂਰੇ ਚਾਰ ਸਾਲ ਤੇਰੀ૴।''
''ਸਟਾਪ ਇਟ ਹਰਜੀਤ! ਬਹੁਤ ਹੋ ਗਿਆ। ਮੈਂ ਤੇਰੀ ਬੀਵੀ ਹਾਂ। ਤੂੰ ਮੇਰੇ 'ਤੇ ਕੋਈ ਅਹਿਸਾਨ ਨਹੀਂ ਕੀਤਾ। ਤੇਰੇ ਲਈ ਤਾਂ ਮੇਰੀ ਟਰੇਨਿੰਗ ਇਕ 'ਇਨਵੈਸਟਮੈਂਟ' ਸਾਬਤ ਹੋਈ ਹੈ। ਮੇਰੀ ਥਾਂ ਕੋਈ ਹੋਰ ਨਰਸ ਰੱਖਣੀ ਪੈਂਦੀ ਤਾਂ ਬਰਾਬਰ ਦੀ ਤਨਖਾਹ ਲੈਂਦੀ। ਮੈਂ ਵੀ ਤੇਰੀ ਕਾਮਯਾਬੀ ਵਿਚ ਬਰਾਬਰ ਦੀ ਹਿੱਸੇਦਾਰ ਹਾਂ।''
''ਤੂੰ ਤਾਂ ਉਂਜ ਐਂਵੇਂ ਹੀ ਭਖ਼ੀ ਪਈ ਹੈਂ। ਆਈ ਐਮ ਸੌਰੀ।''
ਪਤਾ ਨਹੀ ਕਿ ਉਹ ਮੁਆਫ਼ੀ ਉਸ ਨੇ ਦਿਲੋਂ ਮੰਗੀ ਸੀ ਜਾਂ ਵਕਤ ਟਪਾਉਣ ਲਈ। ਉਸਤੋਂ ਬਾਅਦ, ਨਾ ਚਾਹੁਣ 'ਤੇ ਵੀ ਦੋਹਾਂ ਵਿਚਕਾਰ ਖਿਚਾਅ ਦੀ ਸੀਮਾ ਵਧਦੀ ਹੀ ਗਈ।
ਕ੍ਰਿਸਮਸ ਦੀਆਂ ਛੁੱਟੀਆਂ 'ਤੇ ਉਸਦੀ ਭੈਣ ਨੇ ਉਹਨਾਂ ਨੂੰ ਫ਼ਲੌਰੀਡਾ ਆਉਣ ਲਈ ਇਨਵਾਈਟ ਕੀਤਾ ਹੋਇਆ ਸੀ। ਜੈਨੀਫ਼ਰ ਦੇ ਗੁੱਸੇ ਗਿਲੇ ਦੂਰ ਕਰਨ ਲਈ ਹਰਜੀਤ ਨੇ ਵੈਕੇਸ਼ਨ ਦੀ ਸਾਰੀ ਤਿਆਰੀ ਕਰ ਲਈ। ਹਮੇਸ਼ਾ ਵਾਂਗ, ਕਲਿਨਿਕ ਦੀ ਸੰਭਾਲ ਕਿਸੇ ਹੋਰ ਡਾਕਟਰ ਦੀ ਨਿਗਰਾਨੀ ਵਿਚ ਦੇ ਦਿੱਤੀ। ਬੱਚੇ ਬੜੇ ਖੁਸ਼ ਸਨ। ਹਰਜੀਤ ਨੂੰ ਲੱਗਾ, ਜੈਨੀਫ਼ਰ ਹੁਣ ਨਾਰਮਲ ਮਹਿਸੂਸ ਕਰਨ ਲੱਗ ਪਈ ਸੀ।
ਅਚਾਨਕ ਜਿਸ 'ਅਮੈਰੀਕਨ ਏਅਰ ਲਾਈਨਜ਼' ਦੀ ਫ਼ਲਾਈਟ 'ਤੇ ਉਹ ਚੜ੍ਹੇ, ਜੈਨੀਫ਼ਰ ਨੂੰ ਉਸਦਾ ਪੁਰਾਣਾ 'ਕਲਾਸ-ਫ਼ੈਲੋ' ਪੀਟਰ ਦਿਸ ਪਿਆ। ਉਹ ਬੜਾ ਹੁੱਭ ਕੇ ਮਿਲਿਆ:
''ਹਾਏ ਜੈਨੀਫ਼ਰ! ਸਰਪਰਾਈਜ਼...! ਗੋਇੰਗ ਔਨ ਵੈਕੇਸ਼ਨ?'' ਉਸਨੇ 'ਹੈਲੋ' ਕਹਿ ਕੇ ਹਰਜੀਤ ਨਾਲ ਵੀ ਹੱਥ ਮਿਲਾਇਆ।
''ਓ ਹੈਲੋ ਪੀਟਰ। ਹਾਂ૴, 'ਮਿਆਮੀ' ਮੇਰੀ ਸਿਸਟਰ ਰਹਿੰਦੀ ਹੈ। 'ਵਟ ਅਬਾਊਟ ਯੂ?'' ਜੈਨੀਫ਼ਰ ਨੇ ਪੁੱਛਿਆ।
''ਮੈਂ ਤਾਂ ਮਿਆਮੀ ਵਿਚ ਹੀ ਰਹਿੰਦਾ ਹਾਂ। ਸਾਲ ਕੁ ਪਹਿਲਾਂ ਹੀ ਮੈਨੂੰ ਇਮੀਗਰੇਸ਼ਨ ਮਿਲੀ ਹੈ। ਮਿਆਮੀ ਯੂਨੀਵਰਸਿਟੀ ਹੌਸਪੀਟਲ ਵਿਚ ਕੰਮ ਕਰਦਾ ਹਾਂ। 'ਵਟ ਏ ਵੰਡਰਫ਼ੁਲ ਵੈਦਰ?' ਤੁਸੀਂ ਲੋਕ ਵੀ ਪੱਕੇ ਤੌਰ ਤੇ ਕਿਓਂ ਨਹੀਂ૴?'' ਤੇ ਉਸ ਨੇ ਆਪਣਾ ਬਿਜ਼ਨੈਸ ਕਾਰਡ ਜੈਨੀਫ਼ਰ ਨੂੰ ਦੇ ਦਿੱਤਾ।
''ਮੈਂ ਤਾਂ ਪਹਿਲਾਂ ਵੀ ਕਈ ਵਾਰ ਏਥੇ ਆਈ ਹਾਂ। ਮੇਰੇ ਹਸਬੈਂਡ ਦੀ ਮੈਡੀਕਲ ਪ੍ਰੈਕਟਿਸ ਲੰਡਨ ਵਿਚ ਹੋਣ ਕਰਕੇ ਅਸੀਂ ਕਦੇ ਸੋਚਿਆ ਹੀ ਨਹੀਂ।''
''ਸਾਡੇ ਹੌਸਪੀਟਲ ਵਿਚ ਵੀ ਕਈ ਇੰਡੀਅਨ ਡਾਕਟਰਜ਼ ਨੇ। ਇੰਗਲੈਂਡ ਨਾਲੋਂ ਅਮੈਰਿਕਾ ਵਿਚ ਮੈਡੀਕਲ ਪ੍ਰੈਕਟਿਸ ਦੇ ਵਧੇਰੇ 'ਚਾਨਸਿਜ਼' ਨੇ। 'ਰੀਅਲ-ਸਟੇਟ' ਵੀ ਸਸਤੀ ਹੈ।''
ਹੋਣੀ ਵੀ ਕਿਸ ਤਰਾਂ ਆਪਣਾ ਰੰਗ ਵਿਖਾਉਂਦੀ ਹੈ। ਮਿਆਮੀ ਵਿਚ ਸਾਰੇ ਪਰਿਵਾਰ ਨੇ 'ਕ੍ਰਿਸਮਸ ਈਵ' 'ਤੇ ਬੜਾ ਇਨਜੌਇ ਕੀਤਾ। ਜੈਨੀਫ਼ਰ ਨੇ ਆਪਣੀ ਭੈਣ ਨੂੰ ਕਹਿ ਕੇ ਪੀਟਰ ਨੂੰ ਕ੍ਰਿਸਮਸ ਡਿਨਰ 'ਤੇ ਇਨਵਾਈਟ ਕਰ ਲਿਆ। ਸਤਿਕਾਰ ਵਜੋਂ ਉਸ ਨੇ ਉਹਨਾਂ ਲਈ ਦੋ ਦਿਨਾਂ ਦੇ 'ਬਹਾਮਾ-ਕਰੂਜ਼' ਲਈ ਪ੍ਰਬੰਧ ਕਰ ਦਿੱਤਾ। ਸ਼ਿੱਪ ਦੇ ਸਵਿੰਮਿੰਗ ਪੂਲ ਵਿਚ ਜੈਨੀਫ਼ਰ ਤੇ ਉਸਦੀ ਭੈਣ ਬਿਕਨੀਆਂ ਪਾ ਕੇ ਆਨੰਦ ਮਾਣਦੀਆਂ ਰਹੀਆਂ। ਪੀਟਰ ਤਾਂ ਬੜਾ ਚੰਗਾ 'ਡਾਈਵਰ' ਸੀ। ਸਭ ਤੋਂ ਉੱਚੇ ਫੱਟੇ ਤੋਂ ਜਦੋਂ ਉਹ ਡੁਬਕੀ ਲਗਾਉਂਦਾ ਤਾਂ ਸਾਰੇ ਯਾਤਰੀਆਂ ਵੱਲੋਂ ਉਸ ਨੂੰ ਪ੍ਰਸੰਸਾ ਮਿਲਦੀ। ਹਰਜੀਤ, ਪੀਟਰ ਵਿਚ ਵਧਦੀ ਜੈਨੀਫ਼ਰ ਦੀ ਰੁਚੀ ਤੋਂ ਚਿੰਤਤ ਹੋਣ ਲੱਗਾ। ਓਹੀ ਗੱਲ ਹੋਈ ਜਿਸਦਾ ਉਸ ਨੂੰ ਡਰ ਸੀ।ਵਾਪਸ ਜਾਣ ਵੇਲੇ ਜੈਨੀਫ਼ਰ ਨੇ ਹਰਜੀਤ ਨੂੰ ਆਪਣੇ ਟਿਕਟ ਦਾ ਸਮਾਂ ਵਧਾਉਣ ਲਈ ਮਜਬੂਰ ਕਰ ਦਿੱਤਾ।
''ਡਾਰਲਿੰਗ! ਐਸ ਸਾਲ ਆਪਾਂ ਸਵਿਟਜ਼ਰਲੈਂਡ ਵੀ ਨਹੀਂ ਜਾ ਸਕੇ। ਕਿਓਂ ਨਾ ਮੈਂ ਤੇ ਬੱਚੇ ਦੋ ਹਫ਼ਤੇ ਹੋਰ ਰਹਿ ਲਈਏ। ਬੱਚਿਆਂ ਦੀਆਂ ਛੁੱਟੀਆ ਵੀ ਤਾਂ ਦਸ ਤਾਰੀਖ ਤੱਕ ਹੈਨ।''
ਨਾ ਚਾਹੁਣ ਤੇ ਵੀ ਹਰਜੀਤ ਉਸਦਾ ਵਿਰੋਧ ਨਾ ਕਰ ਸਕਿਆ। ਪਰ ਅੰਦਰੋਂ ਉਸ ਨੂੰ ਅਸਲੀ ਗੱਲ ਖੁੜਕ ਗਈ ਸੀ। ਲੰਡਨ ਵਾਪਸ ਆਉਣ ਬਾਅਦ ਉਹ ਹਰ ਰੋਜ਼ ਜੈਨੀਫ਼ਰ ਨੂੰ ਫ਼ੋਨ ਕਰਦਾ। ਪਰ ਜੈਨੀਫ਼ਰ ਨੇ ਹੁਣ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਸ਼ਾਇਦ ਉਸਨੇ ਆਪਣੀ ਭੈਣ ਨੂੰ ਹਰਜੀਤ ਤੋਂ ਵੱਖ ਹੋਣ ਅਤੇ ਪੀਟਰ ਨਾਲ ਵਧਦੇ ਰਿਸ਼ਤੇ ਦੇ ਫ਼ੈਸਲੇ ਬਾਰੇ ਦੱਸ ਦਿੱਤਾ ਸੀ। ਹਰਜੀਤ ਨੇ ਬੜੇ ਤਰਲੇ ਕੀਤੇ,
''ਜੈਨੀਫ਼ਰ ਗ਼ਲਤ ਫ਼ਹਿਮੀ ਲਈ ਮੈਨੂੰ ਮੁਆਫ਼ ਕਰ ਦੇਹ। ਬੱਚਿਆਂ ਦੀ ਜ਼ਿੰਦਗੀ ਰੁਲ ਜਾਵੇਗੀ। 'ਆਈ ਲਵ ਯੂ। ਆਈ ਰੀਅਲੀ ਮਿੱਸ ਯੂ।''
ਪਰ ਜੈਨੀਫ਼ਰ ਨੇ ਪੀਟਰ ਦੀ ਮਦਦ ਨਾਲ ਇਕ ਵਕੀਲ ਕਰਕੇ ਓਸੇ ਦੇ ਹੌਸਪੀਟਲ ਵਿਚ ਨੌਕਰੀ ਦਾ ਜੁਗਾੜ ਬਣਾ ਲਿਆ, ਤੇ ਅਮਰੀਕਾ ਦੀ ਇੰਮੀਗਰੇਸ਼ਨ ਲਈ ਅਰਜ਼ੀ ਦੇ ਦਿੱਤੀ। ਕਾਗਜ਼ ਦਾਖਲ ਹੋਣ ਦੇ ਤਿੰਨ ਕੁ ਮਹੀਨਿਆ ਵਿਚ ਹੀ 'ਪ੍ਰੌਫ਼ਸ਼ਨਲ ਵੀਜ਼ੇ' ਦੀ ਮਨਜ਼ੂਰੀ ਮਿਲ ਗਈ। ਤੇ ਜਦੋਂ ਉਹ ਪੱਕੇ ਪੈਰੀਂ ਪੈ ਗਈ ਤਾਂ ਉਸ ਨੇ ਹਰਜੀਤ ਨੂੰ 'ਤਲਾਕ-ਨਾਮੇ' ਦੇ ਕਾਗਜ਼ ਭੇਜ ਦਿੱਤੇ।
ਭਾਵੇਂ ਵਰ੍ਹਿਆਂ ਬਾਅਦ ਹਰਜੀਤ ਦੇ ਦਿਲ ਵਿਚ, ਉਪਦੇਸ਼ ਬਾਰੇ ਸੂਖਮ ਜਿਹੀ ਭਾਵਨਾ ਪੈਦਾ ਹੋਣ ਲੱਗੀ ਸੀ, ਪਰ ਪ੍ਰੀਤਮ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਵੀ ਉਸਨੂੰ ਹਾਸਲ ਕਰਨ ਦੀ ਕੋਈ ਇੱਛਾ ਨਹੀ ਸੀ ਪਨਪੀ। ਕਿਹੜਾ ਸਮਝਦਾਰ ਵਿਅਕਤੀ, ਬਚਪਨ ਦੀਆਂ ਅੱਲ੍ਹੜ ਯਾਦਾਂ ਲਈ ਆਪਣਾ ਸੰਤੁਸ਼ਟ ਪ੍ਰਵਾਰਿਕ ਜੀਵਨ ਦਾਉ 'ਤੇ ਲਗਾਣ ਬਾਰੇ ਸੋਚ ਸਕਦਾ ਸੀ?
ਪਰ ਅੱਜ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਸ ਨੂੰ ਤ੍ਰਿਸਕਾਰ ਦਾ ਭਾਗੀ ਇਸ ਲਈ ਬਣਨਾ ਪਿਆ ਕਿ ਉਹ ਕਿਸੇ ਹੋਰ ਸੱਭਿਆਚਾਰ ਦੀ ਪੈਦਾਇਸ਼ ਸੀ। ਮਨ ਮੁਟਾਵ ਤਾਂ ਸਾਰੇ ਪਰਿਵਾਰਾਂ ਵਿਚ ਹੁੰਦੇ ਨੇ, ਪਰ ਬਿਨਾ ਕਿਸੇ ਠੋਸ ਸਬੂਤ ਦੇ, ਦੰਪਤੀ ਜੀਵਨ ਵਿਚ ਦੂਸਰੇ ਪ੍ਰਾਣੀ ਨੂੰ ਆਪਣੀ ਸਫ਼ਾਈ ਦਾ ਹੱਕ ਨਾ ਦੇਣਾ, ਜੈਨੀਫ਼ਰ ਵੱਲੋਂ ਇਕ ਵੱਡਾ ਧਰੋਅ ਕੀਤਾ ਗਿਆ ਸੀ। ਜੇ ਉਪਦੇਸ਼ ਕੇਵਲ ਦਸ ਜਮਾਤਾਂ ਪਾਸ ਸੀ ਤਾਂ ਵਿਆਹ ਵੇਲੇ ਜੈਨੀਫ਼ਰ ਨੇ ਵੀ ਤਾਂ ਹਾਈ ਸਕੂਲ ਹੀ ਕੀਤਾ ਸੀ। ਉਸ ਨੂੰ ਪ੍ਰੌਫ਼ੈਸਨਲ ਸਿੱਖਿਆ ਦੇਣ ਨਾਲ ਹਰਜੀਤ ਨੇ ਉਹਨੂੰ ਆਪਣੇ ਪੱਧਰ ਤੱਕ ਲਿਆਣ ਦੀ ਜ਼ਿੰਮੇਦਾਰੀ ਨਿਭਾਈ ਸੀ। ਜਿਸ ਕਾਰਨ ਉਸਦਾ ਸਮਾਜ ਵਿਚ ਸਤਿਕਾਰ ਤੇ ਵਪਾਰਕ ਪੱਧਰ ਉੱਚਾ ਹੋ ਗਿਆ ਸੀ। ਤੇ ਅੱਜ ਓਸੇ ਨਿਗੂਣੀ ਪ੍ਰਾਪਤੀ ਦਾ ਲਾਭ ਉਠਾ ਕੇ ਉਸ ਨੇ ਕਿਸੇ ਗੋਰੇ ਯਾਰ ਨੂੰ ਅਪਨਾਣ ਦੀ ਹੁਸ਼ਿਆਰੀ ਕਰ ਵਿਖਾਈ ਸੀ।
ਮਾਸੀ ਜੀ ਨੂੰ ਉਹਨਾਂ ਦੇ ਤੋੜ ਵਿਛੋੜੇ ਬਾਰੇ ਪਤਾ ਲੱਗਾ ਤਾਂ ਉਹ ਬੜੇ ਦੁਖੀ ਹੋਏ। ਉਹਨਾਂ ਨੇ ਆਪਣੇ ਦਿਓਰ ਰਾਹੀਂ, ਕੁੜੀ ਨੂੰ ਸਮਝਾਉਣ ਲਈ ਕੋਸ਼ਿਸ਼ ਕੀਤੀ। ਪਰ ਉਹ ਤਾਂ ਪਹਿਲਾਂ ਹੀ ਉਸ ਤੋਂ ਸਤੇ ਹੋਏ ਸਨ। ਸ਼ਾਇਦ ਹਰਜੀਤ ਨੂੰ ਮਿਲਣ ਤੋਂ ਪਹਿਲਾਂ ਉਸ ਲੜਕੀ ਦੇ ਕਿਸੇ 'ਜਮੇਕਨ' ਲੜਕੇ ਨਾਲ ਪੀਡ੍ਹੇ ਸੰਬੰਧ ਰਹੇ ਸਨ, ਜਿਹੜਾ ਉਸਨੂੰ ਗਰਭਵਤੀ ਕਰਕੇ ਵਾਪਸ 'ਜਮੇਕਾ' ਚਲਾ ਗਿਆ ਸੀ। ਉਹ ਤਾਂ ਚੰਗਾ ਹੋਇਆ ਕਿ ਕਿਸੇ ਕਾਰਨ ਉਸਦਾ ਗਰਭ-ਪਾਤ ਹੋ ਗਿਆ, ਤੇ ਐਨ੍ਹ ਵਕਤ ਸਿਰ ਹਰਜੀਤ ਨਾਲ ਵਿਆਹ ਹੋ ਜਾਣ ਨਾਲ ਸਾਰੀ ਗੱਲ ਢਕੀ ਗਈ ਸੀ।
ਮਾਸੀ ਜੀ, ਉਪਦੇਸ਼ ਨੂੰ ਵੀ ਕਈ ਮੌਕਿਆਂ 'ਤੇ ਮਿਲ ਚੁੱਕੇ ਸਨ। ਉਸਦੀ ਸੁੰਦਰਤਾ, ਅਤੇ ਚੱਜ ਅਚਾਰ ਨੇ ਉਹਨਾਂ ਨੂੰ ਪ੍ਰਭਾਵਤ ਕੀਤਾ ਸੀ। ਹੁਣ ਨਵੀਂ ਸਥਿਤੀ ਵਿਚ ਉਹਨਾਂ ਨੇ ਹਰਜੀਤ ਦਾ ਦਿਲ ਟੋਹਿਆ। ਉਸਦੇ ਅਨੁਸਾਰ ਉਹ ਉਪਦੇਸ਼ ਨੂੰ ਕੇਵਲ ਏਸ ਸ਼ਰਤ 'ਤੇ ਅਪਨਾਉਣਾ ਚਾਹੁੰਦਾ ਸੀ ਜੇ ਉਹ ਕੋਈ ਦਬਾਉ ਨਾ ਸਮਝੇ। ਨਿੱਕੇ ਹੁੰਦਿਆ ਉਹ ਉਸ ਨੂੰ ਪਿਆਰ ਕਰਦਾ ਸੀ। ਹੁਣ ਉਹ ਉਸਦਾ ਆਦਰ ਵੀ ਕਰਨ ਲੱਗਾ ਸੀ। ਉਸ ਨੇ ਮਾਸੀ ਜੀ ਨੂੰ ਇਕ 'ਵੀਕ-ਐੱਂਡ' ਉਪਦੇਸ਼ ਦੀ ਇੱਛਾ ਜਾਣਨ ਲਈ ਆਉਣ ਵਾਸਤੇ ਕਿਹਾ। ਲੰਡਨ ਆਕੇ ਉਹਨਾਂ ਨੇ ਉਪਦੇਸ਼ ਨੂੰ ਫ਼ੋਨ ਕਰਕੇ ਘਰ ਬੁਲਾ ਲਿਆ, ਤੇ ਉਸਦੇ ਖ਼ਿਆਲਾਂ ਤੋਂ ਜਾਣੂੰ ਹੋਣ ਲਈ ਗੱਲ ਤੋਰੀ।
''ਆਂਟੀ ਜੀ, ਮੈਨੂੰ ਤਾਂ ਹਰਜੀਤ ਹੋਰਾਂ ਦੇ ਅਹਿਸਾਨਾਂ ਨੇ ਮੁੱਲ ਲੈ ਲਿਆ ਹੈ। ਸੱਚ ਪੁੱਛੋਂ ਤਾ ਮੇਰਾ ਪੋਰ-ਪੋਰ ਇਹਨਾਂ ਦਾ ਕਰਜ਼ਾਈ ਹੈ। ਇਹਨਾਂ ਨੇ ਤਾਂ ਮੇਰੀ ਖ਼ਾਤਰ ਆਪਣਾ ਵਿਆਹੁਤਾ ਜੀਵਨ ਹੀ ਦਾਉ 'ਤੇ ਲਾ ਦਿੱਤਾ। ਦਰਅਸਲ ਮੈਂ ਆਪਣੇ ਆਪ ਨੂੰ ਇਹਨਾਂ ਦੇ ਇਕੱਲੇ ਹੋ ਜਾਣ ਲਈ ਪੂਰੀ ਤਰ&