ਸਿਫ਼ਤ ਕਰ ਉਤਲੇ ਦੀ
ਸ਼ਿਵਚਰਨ
ਜੱਗੀ ਕੁੱਸਾ
ਜਲੌਰਾ ਅਤੇ ਬਖਤੌਰਾ ਦੋਨੋਂ ਸਕੇ ਭਰਾ ਸਨ। ਮਾਂ ਬਾਪ ਮਰਨ
ਤੋਂ ਬਾਅਦ ਬਾਹਰੋਂ 'ਬਾਰ' ਚੋਂ ਆ ਕੇ ਇਸ ਪਿੰਡ ਵਸੇ ਸਨ। ਕੁਦਰਤ ਰੱਬ ਦੀ ਦੋਨੋਂ ਹੀ ਛੜੇ ਸਨ। ਪੱਕੇ
ਬਹਿਵਤੀ! ਇਕ ਨੰਬਰ ਦੇ ਚਤਰ! ਘਤਿੱਤੀ ਪੂਰੇ ਸਨ! ਜਲੌਰੇ ਦੀ ਸੈਂਹਸਣ ਨਾਲ ਅਤੇ ਬਖਤੌਰੇ ਦੀ ਜੁਲਾਹੀ
ਨਾਲ ਯਾਰੀ ਸੀ। ਜਦੋਂ ਜੁਲਾਹੀ ਵਿਆਹੀ ਗਈ ਤਾਂ ਦੋਨੋਂ ਸੈਂਹਸਣ ਦੀਆਂ ਪੱਕੀਆਂ 'ਖਾਂਦੇ' ਰਹੇ। ਟਾਈਮ
ਤਾਂ ਟਪਾਉਣਾ ਹੀ ਸੀ। ਪਰ ਜਦੋਂ ਆਖਰ ਸੈਂਹਸਣ ਵੀ ਵਿਆਹੀ ਗਈ ਤਾਂ ਵਿਚਾਰੇ ਇਕੱਲੇ ਹੀ ਰਹਿ ਗਏ। ਰੋਹੀ
ਵਿਚ ਖੜ੍ਹੇ ਜੰਡ ਦੀ ਤਰ੍ਹਾਂ! ਕਈ ਦਿਨ ਵਿਚਾਰਿਆਂ ਦਾ ਜੀਅ ਨਾ ਲੱਗਿਆ। ਕੰਮ ਕਰਨ ਨੂੰ ਦਿਲ ਨਾ ਕੀਤਾ।
ਕਾਫ਼ੀ ਦਿਨ ਖੇਤ ਦਾ ਮੂੰਹ ਨਾ ਦੇਖਿਆ। ਕੀੜਿਆਂ ਵਾਲੇ ਕੁੱਤੇ ਵਾਂਗ ਅੰਦਰੇ ਹੀ ਵੜੇ ਰਹੇ। ਨਾਲੇ ਕੰਮ
ਕਰਨਾ ਵੀ ਕਿਸ ਸਹਾਰੇ ਸੀ? ਜਾਂ ਕਾਹਦੇ ਵਾਸਤੇ ਸੀ? ਕਿਹੜਾ ਘਰਵਾਲੀ ਨੂੰ ਕੱਢਵੀਂ ਜੁੱਤੀ ਸੰਵਾ ਕੇ
ਦੇਣੀਂ ਸੀ? ਜਾਂ ਭਾਨੋਂ ਨੂੰ ਤੁੰਗਲ ਬਣਵਾ ਕੇ ਦੇਣੇ ਸਨ?
ਜੁਆਨੀ ਦੀ ਉਮਰ ਤਾਂ ਕੋਹੜਿਆਂ ਵਿਆਂ ਨੇ ''ਚੋਰੀ-ਯਾਰੀ'' ਵਿਚ ਹੀ ਫ਼ੂਕ ਦਿੱਤੀ ਸੀ। ਅਤੇ ਹੁਣ
ਗਦਰਾਈ ਉਮਰ ਵਿਚ ਕਿਸੇ ਸਾਕ ਕਰਵਾਉਣ ਵਾਲੇ ਨੇ ਲੱਤ ਨਾ ਲਾਈ। ਦੋਨੋਂ ਕੰਨੀਂ ਦੇ ਕਿਆਰੇ ਵਾਂਗ ਸੁੱਕੇ,
ਹੱਥ ਮਲਦੇ ਹੀ ਰਹਿ ਗਏ।
-''ਬਾਈ ਇਉਂ ਤਾਂ ਚਾਰਾ ਨ੍ਹੀ ਚੱਲਣਾ!'' ਇਕ ਦਿਨ ਬਖਤੌਰੇ ਨੇ ਕਿਹਾ। ਪਾਣੀ ਉਸ ਦੇ ਸਿਰ ਉਪਰੋਂ ਵਗ
ਗਿਆ ਸੀ। ਝੱਟ ਲੰਘਾਉਣਾ ਮੁਸ਼ਕਿਲ ਸੀ।
-''ਹੱਥ ਪੱਲਾ ਤਾਂ ਹਿਲਾਉਣਾ ਈ ਪਊ।'' ਅੱਗਿਓਂ ਜਲੌਰੇ ਨੇ ਹੁੰਗਾਰਾ ਭਰਿਆ ਸੀ। ਉਸ ਨੂੰ ਮਿਹਨਤ
ਬਿਨਾ ਕੁਝ ਪੱਲੇ ਪੈਂਦਾ ਨਹੀਂ ਲੱਗਦਾ ਸੀ। ਅਸਲ ਵਿਚ ਜਲੌਰਾ ਜਦੋਂ ਆਪਦੇ ਘਰੋਂ ਨਿਕਲਦਾ ਤਾਂ ਉਸ ਦੀ
ਨਜ਼ਰ ਮੱਲੋਮੱਲੀ ਉੱਲਰ ਕੇ ਨਾਲ ਦੇ ਘਰੇ ਜਾ ਡਿੱਗਦੀ ਅਤੇ ਬਦਾਮ ਦੀ ਗਿਰੀ ਵਰਗੀ ਨਿੱਕੀ ਨੂੰ ਤੱਕ ਕੇ
ਜਲੌਰੇ ਅੰਦਰ ਝੌਰਾਂ ਜਿਹੀਆਂ ਛੁੱਟਣ ਲੱਗ ਪੈਂਦੀਆਂ! ਉਸ ਦੀ ਸੱਪ ਨਜ਼ਰ ਨਿੱਕੀ ਦੀਆਂ ਇੱਟਾਂ ਵਰਗੀਆਂ
ਕਰੜੀਆਂ ਛਾਤੀਆਂ ਨੂੰ ਮਧੋਲਣ ਦਾ ਯਤਨ ਕਰਦੀ। ਪਰ ਜਲੌਰੇ ਦੇ ਕੋਈ ਵੱਸ ਨਹੀਂ ਸੀ। ਉਹ ਝੀਲ ਕੋਲ ਬੈਠਾ
ਤਿਆਹਿਆ ਮਰੀ ਜਾ ਰਿਹਾ ਸੀ। ਉਸ ਲਈ ਡੁੱਬ ਮਰਨ ਦੇ ਬਰਾਬਰ ਸੀ। ਉਸ ਲਈ ਜਿਉਣਾ ਧਿਰਗ ਸੀ।
ਨਿੱਕੀ ਅਸਲ ਵਿਚ ਥੋੜੀ ''ਸਿੱਧਰੀ'' ਸੀ! ਉਸ ਨੂੰ ਗੱਲ ਬਾਤ ਕਰਨ ਦਾ ਢੰਗ ਨਹੀਂ ਸੀ। ਠਾਹ ਸੋਟਾ
ਮਾਰਦੀ ਸੀ। ਅੱਗਾ ਪਿੱਛਾ, ਸੱਜਾ ਖੱਬਾ ਨਹੀਂ ਦੇਖਦੀ ਸੀ! ਪਰ ਉਂਜ ਕੰਮ ਕਾਜ, ਰੋਟੀ ਟੁੱਕ ਨੂੰ ਬੜੀ
ਸਚਿਆਰੀ ਸੀ। ਬਾਪ ਤਾਂ ਵਿਚਾਰੀ ਦਾ ਬਚਪਨ ਵਿਚ ਹੀ ਗੁਜਰ ਗਿਆ ਸੀ। ਉਹ ਸਿਰਫ਼ ਇੱਕਲੀ ਬੁੱਢੀ ਮਾਂ ਦੇ
ਸਿਰ 'ਤੇ ਹੀ ਪਲੀ ਸੀ। ਦੋ ਤਿੰਨ ਕਿੱਲੇ ਜ਼ਮੀਨ ਸੀ। ਜਿਸ ਨੂੰ ਬੁੱਢੀ ਅੱਧ-ਮਾਮਲੇ 'ਤੇ ਦੇ ਦਿੰਦੀ
ਅਤੇ ਘਰ ਤੋਰੀ ਜਾਂਦੀ ਸੀ। ਬੁੱਢੀ ਪੂਰੀ ਦਿਮਾਗਣ ਸੀ। ਉਹ ਦੇਖ ਰਹੀ ਸੀ ਕਿ ਨਿੱਕੀ ਦਿਨੋਂ ਦਿਨ ਤੂਤ
ਦੀ ਲਗਰ ਵਾਂਗ ਨਿੱਖਰਦੀ ਆਉਂਦੀ ਸੀ। ਪਰ ਵਿਆਹ ਸ਼ਾਦੀ ਬਾਰੇ ਅਜੇ ਉਸ ਨੇ ਸੋਚਿਆ ਵੀ ਨਹੀਂ ਸੀ। ਸ਼ਾਇਦ
ਬੁੱਢੀ ਕਿਸੇ ਮੌਕੇ ਦੀ ਤਾੜ ਵਿਚ ਸੀ!
ਜਦ ਜਲੌਰਾ ਖੇਤੋਂ ਰੇਹੜੀ ਲੈ ਕੇ ਆਇਆ ਤਾਂ ਆਦਤ ਅਨੁਸਾਰ ਉਸ ਦੀ ਅੱਖ ਨਿੱਕੀ ਕੇ ਘਰ ਵੱਲ ਨੂੰ
ਤਿਲ੍ਹਕੀ। ਨਿੱਕੀ ਸਿਰ ਨਹਾ ਕੇ ਵਰਾਂਡੇ ਵਿਚ ਬੈਠੀ ਵਾਲ ਸੁਕਾ ਰਹੀ ਸੀ। ਜਲੌਰੇ ਨੇ ਅੱਖ ਦੱਬ ਦਿੱਤੀ
ਅਤੇ ਸਿੱਧਰੀ ਨਿੱਕੀ ''ਫ਼ੀਹੀਂ-ਫ਼ੀਹੀਂ'' ਜਿਹਾ ਕਰਕੇ ਹੱਸ ਪਈ। ਜਲੌਰੇ ਦਾ ਦਿਲ ਠਰ ਗਿਆ। ਸ਼ਾਂਤੀ
ਜਿਹੀ ਆ ਗਈ। ''ਹੱਸੀ ਤੇ ਫ਼ਸੀ'' ਉਸ ਨੇ ਸੋਚਿਆ।
ਸ਼ਾਮ ਨੂੰ ਜਲੌਰਾ ਪੱਠੇ ਕੁਤਰ ਕੇ ਹਟਿਆ ਸੀ। ਬਖਤੌਰਾ ਬਲਦਾਂ ਨੂੰ ਸੰਨ੍ਹੀਂ ਰਲਾ ਰਿਹਾ ਸੀ। ਅਚਾਨਕ
ਜਲੌਰੇ ਦੀ ਨਜ਼ਰ ਅੰਦਰ ਆ ਰਹੀ ਨਿੱਕੀ ਦੀ ਮਾਂ 'ਤੇ ਪਈ। ਜਲੌਰੇ ਦਾ ਦਿਲ ਧੜਕਿਆ! ਉਸ ਨੇ ਸੋਚਿਆ,
ਸ਼ਾਇਦ ਅੱਖ ਮਾਰਨ ਵਾਲੀ ਗੱਲ ਦਾ ਬੁੜ੍ਹੀ ਨੂੰ ਪਤਾ ਲੱਗ ਗਿਆ ਸੀ। ਪਰ ਉਸ ਨੇ ਸਾਹਸ ਨਾ ਛੱਡਿਆ। ਉਸ
ਨੇ ਅੱਖ ਹੀ ਮਾਰੀ ਸੀ? ਕੋਈ ਗੰਡਾਸਾ ਤਾਂ ਨਹੀਂ ਸੀ ਮਾਰਿਆ?
-''ਆ ਤਾਈ...?'' ਉਹ ਮਾਣ ਨਾਲ ਲਿਫ਼ ਗਿਆ। ਚਾਹੇ ਉਹ ਬਾਰ 'ਚੋਂ ਆਏ ਸਨ। ਬੁੜ੍ਹੀ ਉਹਨਾਂ ਦੀ ਕੁਝ
ਵੀ ਨਹੀਂ ਲੱਗਦੀ ਸੀ। ਪਰ ਫਿਰ ਵੀ ਦੋਨੋਂ ਭਰਾ ਉਸ ਨੂੰ 'ਤਾਈ' ਆਖ ਕੇ ਹੀ ਸੰਬੋਧਨ ਹੁੰਦੇ ਸਨ।
-''ਵੇ ਕਾਹਦੀ ਗੱਲ ਐ ਭਾਈ-ਸਾਡੀ ਤਾਂ ਕੁੜੀ ਊਂਈਂ ਬਾਹਲੀ ਕਮਲੀ ਐ-ਭੋਰਾ ਵੀ ਅਕਲ ਨ੍ਹੀ!'' ਬੁੜ੍ਹੀ
ਨੇ ਸਿਰ ਜਿਹਾ ਫੇਰਿਆ।
-''ਕਿਉਂ ਕੀ ਗੱਲ ਹੋਗੀ ਤਾਈ?''
-''ਕਮਲੀ ਨੇ ਬਰਸੀਨ ਦੀ ਭਰੀ 'ਚੋਂ ਦਾਤੀ ਨਾ ਕੱਢੀ-ਰੁੱਗ 'ਚ ਅੜਗੀ ਤੇ ਸਾਡੀ ਕੁਤਰੇ ਆਲੀ ਮਸ਼ੀਨ ਦਾ
ਟੋਕਾ ਈ ਟੁੱਟ ਗਿਆ-ਅਸੀਂ ਤਾਂ ਪੱਠੇ ਕੁਤਰਨ ਵੱਲੋਂ ਵੀ ਗਏ।'' ਬੁੱਢੀ ਨੇ ਤਕਲੀਫ਼ ਦੱਸੀ। ਗੰਦੀ
ਔਲਾਦ ਨੇ ਉਸ ਨੂੰ ਮਾਰ ਲਿਆ ਸੀ।
-''ਲੈ ਫੇਰ ਕੀ ਐ? ਤੁਸੀਂ ਪੱਠੇ ਐਥੇ ਕੁਤਰ ਲਿਆ ਕਰੋ ਤਾਈ! ਘਰ ਦੀ ਤਾਂ ਗੱਲ ਐ?'' ਜਲੌਰੇ ਨੇ ਕਿਹਾ।
ਉਸ ਨੂੰ ਰੱਬ ਦਿਆਲ ਹੁੰਦਾ ਲੱਗਦਾ ਸੀ।
-''ਪੱਠੇ ਮੈਂ ਘਰੋਂ ਚੱਕ ਲਿਆਉਨੈਂ!'' ਬਖਤੌਰੇ ਨੇ ਸੰਨ੍ਹੀਂ ਵਿਚੇ ਛੱਡ ਕੇ, ਹੱਥ ਧੋਣੇਂ ਸ਼ੁਰੂ ਕਰ
ਦਿੱਤੇ। ਉਸ ਨੂੰ ਜਿਵੇਂ ਹਲਕ ਛੁੱਟ ਪਿਆ ਸੀ।
-''ਨਹੀਂ ਪੁੱਤ! ਐਨੀਂ ਤਕਲੀਪ ਕਾਹਨੂੰ ਕਰਨੀਂ ਐਂ? ਮੈਂ ਨਿੱਕੀ ਨੂੰ ਭੇਜ ਦਿੰਨੀ ਐਂ-ਤੁਸੀਂ ਮੇਰੇ
ਸ਼ੇਰ ਰੁੱਗ ਲਾ ਦਿਓ।'' ਬੁੱਢੀ ਨੇ ਕਿਹਾ। ਜਲੌਰੇ ਅੰਦਰ ਕੁਤਕੁਤੀ ਹੋਈ। ਉਸ ਦੀਆਂ ਬਰਾਛਾਂ ਚੌੜੀਆਂ
ਹੋ ਗਈਆਂ ਅਤੇ ਮੂੰਹ ਲਾਲ੍ਹਾਂ ਨਾਲ ਭਰ ਗਿਆ। ਉਹ ਆਪਣੀ ਅਚਾਨਕ ਬਦਲੀ ਕਿਸਮਤ 'ਤੇ ਹੈਰਾਨ ਸੀ! ਜਿਹੜੇ
ਬੇਰ ਨੂੰ ਉਹ ਰੋੜੇ ਮਾਰ-ਮਾਰ ਹੰਭ ਗਿਆ ਸੀ, ਉਹ ਤਾਂ ਕੁਦਰਤੀ ਹੀ ਉਸ ਦੀ ਝੋਲੀ ਵਿਚ ਆ ਡਿੱਗਿਆ ਸੀ।
-''ਲੈ ਰੁੱਗ ਦੀ ਕੀ ਗੱਲ ਐ ਤਾਈ? ਰੁੱਗ ਲਾ ਦਿਆਂਗੇ!'' ਜਲੌਰੇ ਨੇ ਕਿਸੇ ਅੰਦਾਜ਼ ਨਾਲ ਕਿਹਾ। ਬੋਲਣ
ਵਿਚ ਵਿਸ਼ੇਸ਼ਤਾ ਸੀ।
-''ਨਾਲੇ ਨਿੱਕੀ ਕਿਹੜਾ ਸਾਡੀ ਕੁਛ ਲੱਗਦੀ ਨ੍ਹੀ?'' ਬਖਤੌਰਾ ਬੋਲੇ ਬਗੈਰ ਨਾ ਰਹਿ ਸਕਿਆ। ਉਸ ਨੇ 'ਮੇਰ'
ਜਿਹੀ ਨਾਲ ਆਖਿਆ ਸੀ।
-''ਪੁੱਤ ਆਂਢ ਗੁਆਂਢ ਦੇ ਸਿਰ 'ਤੇ ਈ ਬੰਦਾ ਜਿਉਂਦੈ।'' ਬੁੱਢੀ ਤੁਰ ਗਈ।
ਕੱਚ ਕਲੱਬੀ ਜਿਹੀ ਸੰਨ੍ਹੀਂ ਕਰ ਕੇ ਬਖਤੌਰੇ ਨੇ ਫਟਾ-ਫਟ ਹੱਥ ਧੋ ਲਏ। ਫਿਰ ਮੂੰਹ 'ਤੇ ਛਿੱਟੇ ਮਾਰੇ।
ਤਾਜ਼ੇ ਕੱਢੇ ਖ਼ਤ ਚਮਕ ਪਏ ਸਨ। ਉਹ ਭੱਜ ਕੇ ਅੰਦਰ ਜਾ ਕੇ ਬੇਬੇ ਵਾਲੇ ਸੰਦੂਕ 'ਤੇ ਲੱਗੇ ਸ਼ੀਸ਼ੇ ਵਿਚ
ਮੂੰਹ ਦੇਖ ਕੇ ਆਇਆ। ਸਾਫ਼ੇ ਨਾਲ ਮੁੱਛਾਂ ਝਾੜ ਲਈਆਂ।
-''ਬਾਈ ਮਸ਼ੀਨ ਮੈਂ ਗੇੜੂੰ!'' ਬਖਤੌਰੇ ਨੇ ਸਾਫ਼ੇ ਦਾ ਲੜ ਜਚਾ ਕੇ ਕਿਹਾ।
-''ਧਹੱਮਲ ਤੋਂ ਕੰਮ ਲੈ-ਜਲਦੀ ਨਾ ਕਰ-ਹੋਰ ਨਾ ਸਾਰਾ ਬਣਿਆਂ ਬਣਾਇਆ ਕੰਮ ਖਰਾਬ ਹੋਜੇ-ਅੱਜ ਮੈਂ ਬਾਨੇ
ਵਾਲੀ ਮਟੀ 'ਤੇ ਸਵਾ ਪੰਜਾਂ ਦੇ ਪਤਾਸੇ ਸੁੱਖ ਕੇ ਆਇਆ ਸੀ।'' ਜਲੌਰੇ ਨੇ ਅਸਲੀਅਤ ਜ਼ਾਹਿਰ ਕੀਤੀ।
-''ਮਸ਼ੀਨ ਦਾ ਟੋਕਾ ਫੇਰ ਭੰਨਿਆਂ ਈ ਬਾਬੇ ਨੇ ਐਂ!'' ਬਖਤੌਰਾ ਬਾਬੇ 'ਤੇ ਬਾਗੋਬਾਗ ਹੋ ਗਿਆ ਲੱਗਦਾ
ਸੀ। ਉਹ ਸਵਾ ਪੰਜਾਂ ਦੀ ਵਜਾਏ ਸਾਢੇ ਦਸਾਂ ਦੇ ਪਤਾਸੇ ਚੜ੍ਹਾਉਣ ਲਈ ਤਿਆਰ ਸੀ।
-''ਤੂੰ ਆਸੇ ਪਾਸੇ ਹੋਜਾ!'' ਨਿੱਕੀ ਨੂੰ ਪੱਠਿਆਂ ਦੀ ਭਰੀ ਚੁੱਕੀ ਆਉਂਦੀ ਦੇਖ ਕੇ ਜਲੌਰੇ ਨੇ
ਬਖਤੌਰੇ ਨੂੰ ਦੱਬਵਾਂ ਦਬਕਾ ਮਾਰਿਆ। ਬਖਤੌਰਾ ਪਾਸੇ ਹੋ ਗਿਆ।
ਨਿੱਕੀ ਨੇ ਪੱਠਿਆਂ ਦੀ ਭਰੀ ਮਸ਼ੀਨ ਕੋਲ ਲਿਆ ਸੁੱਟੀ।
-''ਬਾਈ ਗੰਢ ਤਾਂ ਖੋਲ੍ਹੀਂ!'' ਨਿੱਕੀ ਤੋਂ ਭਰੀ ਦੀ ਗੰਢ ਨਹੀਂ ਖੁੱਲ੍ਹ ਰਹੀ ਸੀ। ''ਬਾਈ'' ਸ਼ਬਦ
ਜਲੌਰੇ ਦੀ ਵੱਖੀ ਵਿਚ ਘਸੁੰਨ ਵਾਂਗ ਵੱਜਿਆ। ਪਰ ਉਸ ਨੇ ਕੋਈ ਗ਼ਿਲਾ ਨਾ ਕੀਤਾ। ਚੁੱਪ ਚਾਪ ਉਸ ਦੇ
ਚਿਹਰੇ ਨੂੰ ਨਿਹਾਰਦਾ ਰਿਹਾ। ਉਸ ਦਾ ਦਿਲ ਅੰਦਰੋਂ ਬੇਈਮਾਨ ਅਤੇ ਬੇਵੱਸ ਹੋ ਰਿਹਾ ਸੀ। ਪਰ ਉਹ ਬੜੀ
ਮੁਸ਼ਕਿਲ ਨਾਲ ਕਾਬੂ ਪਾ ਰਿਹਾ ਸੀ।
-''ਹਾਸਾ ਨ੍ਹੀ-ਬਾਹਲੀ ਪਿਚੀ ਪਈ ਐ-ਖੋਲ੍ਹੀਂ ਬਾਈ ਬਣਕੇ!'' ਉਸ ਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ।
-''ਮੈਨੂੰ ਬਾਈ ਨਾ ਕਿਹਾ ਕਰ!'' ਉਸ ਨੇ ਨਿੱਕੀ ਦੇ ਕਾਫ਼ੀ ਨੇੜੇ ਹੋ ਕੇ ਕਿਹਾ। ਉਸ ਦੇ ਹੱਥ ਪੈਰ,
ਸਗੋਂ ਸਾਰਾ ਸਰੀਰ ਕੰਬ ਰਿਹਾ ਸੀ। ਮੱਥੇ 'ਤੇ ਪਸੀਨੇ ਦੇ ਕਣ ਸਨ। ਜੁਗਤੀ ਬਖਤੌਰਾ ਤੂੜੀ ਵਾਲੇ ਅੰਦਰੋਂ,
ਮੋਰੀ ਵਿਚੋਂ ਦੀ ਸਭ ਕੁਝ ਤੱਕ ਰਿਹਾ ਸੀ।
-''ਚੁੰਬੜਜਾ ਸਾਲੀ ਨੂੰ ਹੁਣ!'' ਉਸ ਦੇ ਅੰਦਰ ਬੈਠੇ ਦੇ ਹੀ, ਦੇਖ ਦੇਖ ਕੇ ਲੂਹਰੀਆਂ ਉਠ ਰਹੀਆਂ ਸਨ।
ਧੁੜਧੁੜੀਆਂ ਆ ਰਹੀਆਂ ਸਨ।
-''ਤੇ ਹੋਰ ਕੀ ਆਖਿਆ ਕਰਾਂ?'' ਨਿੱਕੀ ਨੇ ਪੁੱਛਿਆ।
-''ਮੇਰਾ ਨਾਂ ਲੈ ਦਿਆ ਕਰ।''
-''ਚੰਗਾ।'' ਨਿੱਕੀ ਸਹਿਮਤ ਹੋ ਗਈ ਲੱਗਦੀ ਸੀ।
ਜਲੌਰਾ ਮਸ਼ੀਨ ਗੇੜ ਰਿਹਾ ਸੀ ਅਤੇ ਨਿੱਕੀ ਰੁੱਗ ਲਾ ਰਹੀ ਸੀ। ਨਾਲ ਦੀ ਨਾਲ ਉਹ ਚੋਰ ਅੱਖ ਨਾਲ ਜਲੌਰੇ
ਵੱਲ ਦੇਖ ਰਹੀ ਸੀ ਅਤੇ ਜਲੌਰਾ ਅੱਖਾਂ ਨਾਲ ਉਸ ਦੀਆਂ ਛਾਤੀਆਂ ਦਾ ਭਾਰ ਤੋਲ ਰਿਹਾ ਸੀ। ਨਿੱਕੀ ਉਸ
ਨੂੰ ਪਤਾਸਾ ਹੀ ਤਾਂ ਲੱਗ ਰਹੀ ਸੀ। ਹੌਲੀ ਫੁੱਲ ਵਰਗੀ!
-''ਦੇਖ ਸਾਲਾ ਕਿਮੇਂ ਭੰਮੀਰੀ ਬਣਾਈ ਫਿਰਦੈ ਮਸ਼ੀਨ ਨੂੰ-ਆਬਦੇ ਪੱਠੇ ਕੁਤਰਨ ਵੇਲੇ ਕੰਜਰ ਨੂੰ ਮੌਤ
ਪੈ ਜਾਂਦੀ ਐ।'' ਮੋਰੀ ਵਿਚੋਂ ਝਾਕਦਾ ਬਖਤੌਰਾ ਦਿਲ ਵਿਚ ਹੀ ਕਹਿ ਰਿਹਾ ਸੀ।
-''ਤੂੰ ਮੇਰੇ ਬੰਨੀਂ ਇਉਂ ਕਿਉਂ ਝਾਕਦੈਂ?'' ਨਿੱਕੀ ਨੇ ਬੁੱਲ੍ਹ ਕੱਢੇ।
-''ਤੂੰ ਮੈਨੂੰ ਸੋਹਣੀ ਬਹੁਤ ਲੱਗਦੀ ਐਂ।''
-''ਸਹੁੰ ਖਾ?''
-''ਨੀ ਕੁਤਰੇ ਗਏ?'' ਬੁੱਢੀ ਅੰਦਰ ਆਉਂਦੀ ਹੋਈ ਬੋਲੀ। ਦੋਵੇਂ ਚੁੱਪ ਕਰ ਗਏ। ਜਲੌਰੇ ਨੇ ਬੁੜ੍ਹੀ
ਨੂੰ ਮਨ ਵਿਚ ਗੰਦੀ ਗਾਲ੍ਹ ਕੱਢੀ। ਕੜਮੀਂ ਬੁੜ੍ਹੀ ਨੇ ਰੰਗ ਵਿਚ ਭੰਗ ਪਾ ਦਿੱਤੀ ਸੀ। ਸੁਆਦ ਖਰਾਬ
ਕਰ ਦਿੱਤਾ ਸੀ। ਵਿਆਹ ਵਿਚ ਘੋਟਣਾ ਖੜਕਾ ਦਿੱਤਾ ਸੀ।
-''ਆਹੋ ਬੇਬੇ!'' ਨਿੱਕੀ ਨੇ ਜਵਾਬ ਦਿੱਤਾ।
ਜਲੌਰੇ ਨੇ ਨਿੱਕੀ ਨਾਲ ਪੱਠੇ ਇਕੱਠੇ ਕਰਵਾ ਕੇ, ਪੱਲੀ ਵਿਚ ਬੰਨ੍ਹ ਦਿੱਤੇ। ਨਿੱਕੀ ਪੱਠੇ ਚੁੱਕ ਕੇ
ਤੁਰ ਗਈ। ਅੰਦਰੋਂ ਬਖਤੌਰਾ ਤੁਰੀ ਜਾਂਦੀ ਨਿੱਕੀ ਦੀ ਤੋਰ ਨਿਰਖ ਰਿਹਾ ਸੀ। ਉਸ ਦਾ ਲੱਕ ਲਚਕਦਾ ਸੀ।
ਕਮਰ ਝੂਟੇ ਖਾ ਰਹੀ ਸੀ। ਲੰਬੀ ਗੁੱਤ ਸੱਪ ਵਾਂਗ ਮੇਹਲ ਰਹੀ ਸੀ।
-''ਸਿੰਧ ਦੀ ਘੋੜ੍ਹੀ ਮਾਂਗੂੰ ਤੁਰਦੀ ਐ!'' ਬਖਤੌਰੇ ਨੇ ਸਿਫ਼ਤ ਕੀਤੀ।
-''ਪੁੱਤ ਜੇ ਆਹ ਚਾਰ ਦਿਨ ਲੰਘਾ ਦਿਓਂ ਤਾਂ ਮੈਂ ਥੋਡਾ ਸਾਰੀ ਉਮਰ ਗੁਣ ਨਾ ਭੁਲਾਵਾਂ-ਜਿੱਦੇਂ ਮੈਂ
ਮੰਡੀ ਗਈ-ਟੋਕਾ ਲੈ ਆਊਂਗੀ।'' ਬੁੱਢੀ ਨੇ ਤਰਲਾ ਭਰਿਆ। ਮਿੰਨਤ ਜਿਹੀ ਕੀਤੀ।
-''ਤਾਈ ਇਹ ਕੋਈ ਗੱਲ ਐ? ਤੇਰਾ ਘਰ ਐ।'' ਜਲੌਰੇ ਨੇ ਅਪਣੱਤ ਜ਼ਾਹਿਰ ਕੀਤੀ।
-''ਥੋਡਾ ਪੁੱਤ ਰੋਟੀ ਰਾਟੀ ਦਾ ਕਿਮੇਂ ਸਾਰਾ ਸਰਦੈਂ?'' ਢਹੇ ਜਿਹੇ ਚੁੱਲ੍ਹੇ ਵੱਲ ਤੱਕ ਕੇ ਬੁੜ੍ਹੀ
ਨੇ ਪੁੱਛਿਆ। ਚੁੱਲ੍ਹਾ ਬੁੜ੍ਹੀ ਦੇ ਮੂੰਹ ਵਾਂਗ ਹੀ ਖਾਲੀ-ਖਾਲੀ ਝਾਕ ਰਿਹਾ ਸੀ।
-''ਆਪ ਈ ਥੱਪ ਲਈਦੀਐਂ ਤਾਈ।''
-''ਬੰਦਿਆਂ ਨੂੰ ਤਾਂ ਭਾਈ ਔਖੀ ਐ ਰੋਟੀ ਪਕਾਉਣੀ।''
-''ਕੀ ਕਰੀਏ ਤਾਈ? ਪਕਾਉਣੀਂ ਪੈਂਦੀ ਐ।''
-''ਤੁਸੀਂ ਇਉਂ ਕਰਿਆ ਕਰੋ-ਆਟਾ ਕੰਧ ਉਪਰੋਂ ਦੀ ਫੜਾ ਦਿਆ ਕਰੋ-ਆਪਣੀ ਨਿੱਕੋ ਪਕਾ ਦਿਆ ਕਰੂਗੀ।''
ਬੁੜ੍ਹੀ ਨੇ ਕਿਹਾ। ਜਲੌਰੇ ਦੇ ਦਿਲ ਨੇ ਕੱਛਾਂ ਵਜਾਈਆਂ।
-''ਕਾਹਨੂੰ ਤਕਲੀਪ ਦੇਣੀ ਐਂ ਤਾਈ?'' ਉਤਲੇ ਜਿਹੇ ਮਨੋਂ ਜਲੌਰੇ ਨੇ ਆਖਿਆ। ਪਰ ਅੰਦਰੋਂ ਉਸ ਨੇ ਰੱਬ
ਨੂੰ ਧਿਆਇਆ ਕਿ ਬੁੜ੍ਹੀ, ''ਥੋਡੀ ਮਰਜੀ ਐ ਭਾਈ'' ਨਾ ਆਖ ਦੇਵੇ।
-''ਲੈ ਸ਼ੇਰਾ ਤਕਲੀਪ ਕਾਹਦੀ ਐ? ਜਿੱਥੇ ਸਾਡੇ ਆਸਤੇ ਲਾਹੁੰਦੀ ਐ-ਉਥੇ ਤਪਦੇ ਚੁੱਲ੍ਹੇ 'ਤੇ ਦੋ ਹੋਰ
ਸਹੀ-ਕੀ ਚਿਰ ਲੱਗਦੈ?'' ਬੁੱਢੀ ਜੁਬਾਨ ਦੀ ਖਰੀ ਜਾਪਦੀ ਸੀ। ਜਲੌਰੇ ਨੇ ਪੂਰਾ ਸਾਹ ਲੈ ਕੇ ਰੱਬ ਦਾ
ਸ਼ੁਕਰ ਕੀਤਾ।
-''ਆਹ ਲਓ ਤਾਈ ਆਟਾ!'' ਆਥਣ ਜਿਹਾ ਹੋਏ ਤੋਂ ਜਲੌਰੇ ਨੇ ਸਾਂਝੀ ਕੰਧ ਉਤੋਂ ਦੀ ਕਿਹਾ।
-''ਫੜਦੀ ਆਂ ਪੁੱਤ! ਨੀ ਨਿੱਕੋ-ਆਹ ਫੜੀਂ ਜਲੌਰ ਸਿਉਂ ਤੋਂ ਆਟਾ!'' ਉਸ ਨੇ ਹੋਕਰਾ ਮਾਰਿਆ। ਨਿੱਕੀ
ਨੇ ਆ ਕੇ ਆਟਾ ਫੜਿਆ ਤਾਂ ਜਲੌਰੇ ਦਾ ਉਸ ਦੇ ਹੱਥ ਨਾਲ ਹੱਥ ਘਸ ਗਿਆ। ਉਸ ਅੰਦਰੋਂ ਝਰਨਾਹਟਾਂ ਜਿਹੀਆਂ
ਛੁੱਟ ਪਈਆਂ। ਨਿੱਕੀ ਅੰਦਰ ਵੀ ਸੁਆਦ ਦੀ ਤਾਰ ਜਿਹੀ ਫਿਰ ਗਈ ਸੀ। ਉਸ ਦਾ ਮੂੰਹ ਲਾਲ-ਰੱਤਾ ਹੋ ਗਿਆ।
ਗੱਲ੍ਹਾਂ ਭਖ਼ ਉਠੀਆਂ। ਉਸ ਦੇ ਚਿਹਰੇ 'ਤੇ ਕਾਮੀ ਜਿਹੀ ਮੁਸਕੁਰਾਹਟ ਆਈ। ਛਾਤੀਆਂ ਦਾ ਕਸਾਅ ਹੋਰ ਕਰੜਾ
ਹੋ ਗਿਆ ਸੀ। ਪਰ ਉਹ ਆਟਾ ਲੈ ਕੇ ਮੁੜ ਗਈ।
ਇਸ ਤਰ੍ਹਾਂ ਪੱਠਿਆਂ ਅਤੇ ਰੋਟੀਆਂ ਦਾ ਸਿਲਸਲਾ ਤਕਰੀਬਨ ਦਸ ਕੁ ਦਿਨ ਚੱਲਿਆ। ਹਰ ਰੋਜ ਬਖਤੌਰਾ ਕੰਧ
ਉਪਰੋਂ ਦੀ ਆਟਾ ਫੜਾਉਣ ਦੀ ਜ਼ਿੱਦ ਕਰਦਾ। ਪਰ ਜਲੌਰਾ ਉਸ ਨੂੰ 'ਤੱਤਾ ਲੱਕਣ' ਤੋਂ ਵਰਜਦਾ ਸੀ। ਕਈ
ਵਾਰ ਤਾਂ ਬਖਤੌਰਾ ਜਲੌਰੇ ਦੇ ਗਲ ਵੀ ਪੈ ਗਿਆ ਸੀ, ''ਹੱਥ ਹੁੱਥ ਲਾ ਕੇ ਲਾਹਾ ਆਪ ਲੈ ਜਾਂਦੈ-ਤੇ
ਮੈਨੂੰ ਫੈਂਟਰਾਂ 'ਤੇ ਈ ਰੱਖਦੈ!''
-''ਘਾਣੀਂ ਫਿੱਟ ਹੋ ਲੈਣ ਦੇ ਗਿੱਡਲਾ-ਮਰਲੀਂ ਜਿਹੜਾ ਮਰਨੈਂ-ਲਾਹ ਲਈਂ ਚਾਅ!'' ਜਲੌਰੇ ਨੇ ਸਮਝਾਇਆ
ਸੀ। ਬਖਤੌਰੇ ਦੇ ਮਨ ਨੇ ਕੁਝ ਧਰਵਾਸ ਫੜਿਆ। ਉਹ ਚੁੱਪ ਕਰ ਗਿਆ।
-''ਤਾਈ ਕਿੱਥੇ ਵੀਹੀ ਵਿਚ ਦੀ ਨਿੱਤ ਆਉਨੀ ਜਾਨੀ ਐਂ-ਬੋਝਲ ਸਰੀਰ ਐ-ਆਪਾਂ ਕੰਮ ਹੋਰ ਈ ਨਾ ਕਰੀਏ?''
ਪੱਠੇ ਕੁਤਰਾਉਣ ਆਈ ਬੁੱਢੀ ਨਾਲ ਜਲੌਰੇ ਨੇ ਗੱਲ ਤੋਰੀ।
-''ਕੀ ਪੁੱਤ?'' ਬੁੱਢੀ ਨੇ ਨਵੀਂ ਖ਼ਬਰ ਲਈ ਕੰਨ ਖੋਲ੍ਹੇ।
-''ਆਪਾਂ ਆਪਣੀ ਸਾਂਝੀ ਕੰਧ ਵਿਚਦੀ ਬਾਰ ਨਾ ਭੰਨ ਲਈਏ? ਜਦੋਂ ਆਪਣੀ ਨਿੱਕੋ ਆਪਣੇ ਘਰੇ ਆਉਂਦੀ ਜਾਂਦੀ
ਐ-ਸਹੁਰੇ ਲੋਕ ਕਸੂਤੇ ਜੇ ਝਾਕਦੇ ਐ।'' ਜਲੌਰੇ ਨੇ ਉਤਲੀ ਗੱਲ ਮਾਰੀ। ਲੋਕ ਸੱਚ ਹੀ ਭਾਂਤ-ਭਾਂਤ ਦੀਆਂ
ਗੱਲਾਂ ਬਣਾ ਰਹੇ ਸਨ।
-''ਥੋਡੀ ਮਰਜੀ ਐ ਪੁੱਤ-ਨਾਲੇ ਮੈਨੂੰ ਲੋਕਾਂ ਦਾ ਕੋਈ ਡਰ ਭੈਅ ਨ੍ਹੀ-ਮੇਰੀ ਧੀ ਜਾਊ ਜਿੱਥੇ ਦਿਲ
ਕਰੂ-ਇਹ ਲੋਕ ਤਾਂ ਕਿਸੇ ਨੂੰ ਵਸਦਾ ਦੇਖ ਕੇ ਜਰਦੇ ਨ੍ਹੀ-ਇਹਨਾਂ ਤੋਂ ਤਾਂ ਰੱਬ ਡਰਿਆ ਭਾਈ!'' ਬੁੱਢੀ
ਨਿੱਡਰ ਸੀ। ਜਲੌਰੇ ਨੇ ਮਨ ਵਿਚ ਹੀ ਬੁੱਢੀ ਦੀ ਨਿੱਡਰਤਾ ਨੂੰ ਸਨਮਾਨਿਆਂ, ਥਾਪੀ ਦਿੱਤੀ।
-''ਲੋਕ ਤਾਂ ਤਾਈ ਕਿਸੇ ਨੂੰ ਵਸਦਾ ਦੇਖ ਕੇ ਹੰਘਦੇ ਨ੍ਹੀ!'' ਪਾਸਿਓਂ ਬਖਤੌਰੇ ਨੇ ਕੈਂਚੀ ਮਾਰੀ,
ਬੁੜ੍ਹੀ ਥਾਂ 'ਤੇ ਹੀ ਰੱਖ ਲਈ।
-''ਬੱਸ ਭਾਈ ਵਰ੍ਹਾ ਖੰਡ ਹੋਰ ਐ-ਸੁੱਖ ਨਾ' ਆਬਦੇ ਘਰੇ ਜਾਊਗੀ।'' ਤੁਰਦੀ ਬੁੜ੍ਹੀ ਨੇ ਕਿਹਾ ਅਤੇ
ਗੱਲ ਦੋਹਾਂ ਭਰਾਵਾਂ ਦੇ ਸਿਰ ਵਿਚ ਗੰਡਾਸੇ ਵਾਂਗ ਆ ਵੱਜੀ। ਉਹਨਾਂ ਥੱਲਿਓਂ ਥੰਮੀਆਂ ਹਿੱਲ ਗਈਆਂ ਸਨ।
ਉਹ ਛਤੜੇ ਵਾਂਗ ਡਿੱਗਦੇ ਜਾਪਦੇ ਸਨ।
-''ਹੁਣ ਕੀ ਹੋਊ?'' ਬਖਤੌਰਾ ਅੱਧ ਅਸਮਾਨੋਂ ਗੇੜਾ ਖਾ ਕੇ ਡਿੱਗੀ ਪਤੰਗ ਵਾਂਗ ਬੂਥ ਪਰਨੇ ਧਰਤੀ 'ਤੇ
ਆ ਡਿੱਗਿਆ ਸੀ। ਉਸ 'ਤੇ ਜਿਵੇਂ ਢਿਗ ਡਿੱਗ ਪਈ ਸੀ।
-''ਅਹਿਸਤੇ ਅਹਿਸਤੇ ਕੰਮ ਹੋਊ।'' ਜਲੌਰੇ ਵਿਚ ਧੀਰਜ ਸੀ। ਸਬਰ ਸੀ। ਸੰਤੋਖ ਸੀ।
-''ਤੀਆਂ ਮਗਰੋਂ ਲੁੰਗੀ ਫ਼ੂਕਣੀਂ ਐਂ? ਫੇਰ ਕਰਲੀਂ ਘਿਉ ਨੂੰ ਭਾਂਡਾ-ਜਦੋਂ ਕੋਈ ਤੇਰਾ ਪਤੰਦਰ ਕਾਰ
'ਚ ਬਿਠਾ ਕੇ ਲੈ ਗਿਆ-ਸਾਲਾ ਅਹਿਸਤੇ ਦਾ!'' ਬਖਤੌਰਾ ਭੜ੍ਹਾਕੇ ਵਾਂਗ ਚੱਲਿਆ। ਉਸ ਦੀ ਪੂਛ ਨੂੰ ਜਿਵੇਂ
ਅੱਗ ਲੱਗ ਗਈ ਸੀ। ਉਹ 'ਰਾਕਟ' ਬਣਿਆਂ ਖੜ੍ਹਾ ਸੀ। ਅਸਮਾਨ ਨੂੰ ਉਡਣ ਲਈ ਤਿਆਰ ਸੀ।
-''ਤੱਤਾ ਖਾਧੇ ਮੂੰਹ ਮੱਚ ਜਾਂਦੈ-ਸਭ ਠੀਕ ਹੋਜੂ-ਆ ਕੇਰਾਂ ਆਪਾਂ ਸਾਂਝੀ ਕੰਧ 'ਚੋਂ ਬਾਰ ਭੰਨੀਏਂ।''
ਜਲੌਰੇ ਨੇ ਉਸ ਨੂੰ ਟਿਕਾਇਆ। ਸ਼ਾਂਤ ਕੀਤਾ।
ਤਕਰੀਬਨ ਅੱਧੇ ਕੁ ਘੰਟੇ ਵਿਚ ਦੋਹਾਂ ਨੇ ਕੰਧ ਭੰਨ ਲਈ। ਇਕ ਖੁੱਲ੍ਹੇ ਦਰਵਾਜੇ ਜਿੰਨਾਂ ਰਾਹ ਬਣਾ
ਲਿਆ ਅਤੇ ਪਾਸਿਆਂ ਤੋਂ ਵਧਵੀਆਂ ਕੱਚੀਆਂ ਇੱਟਾਂ ਘੜ੍ਹ ਦਿੱਤੀਆਂ। ਨਿੱਕੇ ਨੇ ਮਿੱਟੀ ਲਾ ਦਿੱਤੀ। ਤਵੇ
ਦੀ ਕਾਲਸ ਨਾਲ ਮੋਰਨੀਆਂ ਪਾ ਦਿੱਤੀਆਂ।
-''ਕੋਈ ਨਜਰ ਨਾ ਲਾ ਦੇਵੇ।'' ਉਹ ਕੰਧ 'ਤੇ ਕਾਲਸ ਦੇ ਟਿੱਕੇ ਲਾਉਂਦੀ ਕਹਿ ਰਹੀ ਸੀ।
-''ਕੰਧ ਨੂੰ ਕਿ ਤੈਨੂੰ?'' ਬਖਤੌਰੇ ਨੇ ਕੰਧ ਓਹਲੇ ਧੂਹ ਕੇ ਉਸ ਨੂੰ ਜੱਫ਼ੀ ਪਾ ਲਈ ਅਤੇ ਮੂੰਹ ਚੁੰਮ
ਲਿਆ। ਜਲੌਰਾ ਬੁੜ੍ਹੀ ਨਾਲ ਗੱਲੀਂ ਪਿਆ ਹੋਇਆ ਸੀ।
-''ਹਾਏ! ਕੀ ਕਰੀ ਜਾਨੈਂ?'' ਉਸ ਨੇ ਮਣ-ਮਣ ਥੁੱਕ ਨਾਲ ਲਿੱਬੜੀ ਗੱਲ੍ਹ ਮੋਢੇ ਨਾਲ ਪੂੰਝੀ। ਗੱਲ੍ਹ
'ਚਿੱਪ-ਚਿੱਪ' ਕਰ ਰਹੀ ਸੀ।
-''ਪਿਆਰ!''
-''ਉਹ ਕੀ ਹੁੰਦੈ?''
-''ਤੂੰ ਅੱਜ ਰਾਤ ਨੂੰ ਆਈਂ-ਤੈਨੂੰ ਫੇਰ ਦੱਸੂੰਗਾ।'' ਬਰਾਬਰ ਉਸ ਦੇ ਹੱਥ ਪੈਰ ਕੰਬ ਰਹੇ ਸਨ। ਉਹ
ਨਿੱਕੀ ਨੂੰ ਕਲਾਵੇ ਵਿਚ ਲੈ ਕੇ ਕੁੱਕੜ ਵਾਂਗ ਮਰੋੜ ਦੇਣਾ ਚਾਹੁੰਦਾ ਸੀ।
-''ਮੈਨੀਗੀ-ਬੇਬੇ ਕੁੱਟੂ!'' ਉਸ ਨੇ ਮੋਢੇ ਮਾਰੇ।
-''ਬੇਬੇ ਨੂੰ ਦੱਸਣ ਦੀ ਲੋੜ ਈ ਨ੍ਹੀਂ-ਜਦੋਂ ਸੌਂ ਗਈ-ਚੁੱਪ ਕਰਕੇ ਆਜੀਂ।'' ਬਖਤੌਰੇ ਨੇ ਦਾਅ
ਦੱਸਿਆ।
-''ਚੰਗਾ।'' ਤੇ ਉਹ ਤੁਰ ਗਈ। ਨਲਕੇ 'ਤੇ ਹੱਥ ਧੋਣ ਲੱਗ ਪਈ।
ਬਖਤੌਰੇ ਨੂੰ ਰਹਿੰਦਾ ਦਿਨ ਪਹਾੜ ਬਣ ਗਿਆ। ਉਹ ਸੂਰਜ ਨੂੰ ਗਾਲ੍ਹਾਂ ਕੱਢਦਾ ਰਿਹਾ। ਜਿਹੜਾ ਅੱਜ ਜਲਦੀ
ਛੁਪਦਾ ਨਹੀਂ ਸੀ। ਜੇ ਦੀਵਾ ਹੁੰਦਾ ਫ਼ੂਕ ਮਾਰ ਕੇ ਬੁਝਾ ਦਿੰਦਾ। ਸ਼ਾਇਦ ਸੂਰਜ ਬਖਤੌਰੇ ਨਾਲ ਹਿੰਡ
ਕਰਦਾ ਸੀ। ਖੁੰਧਕ ਕੱਢਦਾ ਸੀ। ਅਖੀਰ ਦਿਨ ਦਾ ਛੁਪਾਅ ਹੋਇਆ। ਬੁੱਢੀ ਆ ਕੇ ਰੋਟੀਆਂ ਫੜਾ ਗਈ। ਜਲੌਰੇ
ਨੇ ਤਾਂ ਰੋਟੀ ਖਾ ਲਈ। ਪਰ ਬਖਤੌਰਾ ਬਿਮਾਰ ਕੱਟੇ ਵਾਂਗ ਕੰਨ ਸੁੱਟੀ ਬੈਠਾ ਸੀ। ਪਰ ਅੰਦਰੋਂ ਉਹ ਖੁਸ਼ੀ
ਵਿਚ ਗੱਚ ਸੀ!
-''ਤੂੰ ਲੰਗਰ ਨ੍ਹੀ ਝੁਲਸਦਾ ਉਏ?''
-''ਭੁੱਖ ਈ ਹੈਨ੍ਹੀ।''
-''ਹੈਨ੍ਹੀ ਭੁੱਖ ਇਹਨੂੰ-ਜਿਹੜੇ ਤੂੰ ਕੰਧ ਓਹਲੇ ਕਰ ਕਰ ਪੰਗੇ ਜੇ ਲੈਨੈਂ-ਕਿਤੇ ਮੌਰ
ਕੁਟਾਲੇਂਗਾ-ਸਾਲਾ ਗਡੋਡੂ ਜਿਆ।''
-''-----।'' ਬਖਤੌਰਾ ਹੈਰਾਨ ਹੋ ਗਿਆ ਕਿ ਇਸ ਨੂੰ ਕਿਸ ਨੇ ਟੈਲੀਗ੍ਰਾਮ ਕਰ ਦਿੱਤੀ?
-''ਮੇਰਾ ਕੰਨ ਥੋਡੇ 'ਚ ਈ ਸੀ।'' ਉਸ ਨੇ ਫਿਰ ਦੱਸਿਆ।
-''ਦੱਸਗਾਂ ਫਿਰ-ਕੀ ਗੱਲ ਹੋਈ ਸੀ?'' ਸ਼ੱਕੀ ਬਖਤੌਰੇ ਨੇ ਜਲੌਰੇ ਦਾ ਟੈਸਟ ਲੈਣਾ ਚਾਹਿਆ।
-''ਮੈਨੂੰ ਕਾਹਨੂੰ ਪਤੈ? ਅਖੇ ਜਦੋਂ ਬੇਬੇ ਸੌਂ ਗਈ-ਆ ਜਾਈਂ।''
-''ਫੇਰ ਤੂੰ ਗੁੱਤੀ 'ਚ ਤਾਂ ਨਾ ਮੂਤ-ਜੇ ਤੈਥੋਂ ਲੋਟ ਨ੍ਹੀ ਆਈ ਤਾਂ ਮੇਰੇ ਵੀ ਠੂਠੇ ਡਾਂਗ ਮਾਰਨੀ
ਐਂ?''
-''ਨਾ ਤਾਂ ਬੁੜ੍ਹੀ ਖੰਘ ਨਾਲ ਸੌਵੇਂ-ਤੇ ਨਾ ਉਹ ਆਵੇ।''
ਗੱਲ ਜਲੌਰੇ ਦੀ ਸਹੀ ਸੀ। ਬੁੜ੍ਹੀ ਨੂੰ 'ਕਾਲੀ ਖੰਘ' ਸੀ। ਜਿਸ ਕਾਰਨ ਉਹ ਸਾਰੀ ਸਾਰੀ ਰਾਤ ਤਾੜੇ
ਵਾਂਗ ਪਿੰਜੀਦੀ ਸੀ। ਬਖਤੌਰੇ ਦੇ ਤਾਂ ਜਿਵੇਂ ਸੌ ਘੜ੍ਹਾ ਪਾਣੀ ਦਾ ਸਿਰ ਪੈ ਗਿਆ ਸੀ।
-''ਹੁਣ ਕੋਈ 'ਲਾਜ?'' ਬਖਤੌਰੇ ਦੀਆਂ ਅੱਖਾਂ ਅੱਗੇ ਹਨ੍ਹੇਰ ਜਿਹਾ ਛਾ ਗਿਆ। ਜੇ ਸ਼ਾਇਦ ਬਖਤੌਰਾ
ਡਾਕਟਰ ਹੁੰਦਾ ਤਾਂ ਬੁੱਢੀ ਨੂੰ ਆਥਣ ਨੂੰ ਅਰਾਮ ਕਰ ਦਿੰਦਾ।
-''ਇਲਾਜ ਮੈਂ ਕਰ ਸਕਦੈਂ।''
-''ਕਰੇਂਗਾ ਕਦੋਂ? ਜਦੋਂ ਹੱਡ ਗੰਗਾ ਪਹੁੰਚਗੇ? ਤੂੰ ਤਾਂ ਗਾਂਧੀ ਮਾਂਗੂੰ ਸ਼ਾਂਤੀ-ਸ਼ਾਂਤੀ ਰਟੀ ਜਾਨੈਂ।''
-''ਨਹੀਂ ਸਰਦਾ?''
-''ਨਹੀਂ! ਕੁਛ ਕਰਨੈਂ ਤਾਂ ਕਰ-ਨਹੀਂ ਮੈਂ ਤਾਂ ਸਾਲੀ ਦਾ ਮੰਜਾ ਅੰਦਰੋਂ ਚੱਕ ਲਿਆਊਂ।'' ਬਖਤੌਰਾ
ਡਰਾ ਰਿਹਾ ਸੀ।
-''ਚੰਗਾ! ਮੈਂ ਚੱਲ ਕੇ ਭੇਜਦੈਂ-ਤੇ ਮਾੜਾ ਜਿਆ ਸੰਭਲ ਕੇ।''
-''ਵੰਗ ਬਣਾ ਕੇ ਰੱਖੂੰ-ਫਿਕਰ ਨਾ ਕਰ ਬਾਈ।''
-''ਆ ਪੁੱਤ ਜਲੌਰਿਆ?'' ਬੁੜ੍ਹੀ ਨੇ ਮੰਜੇ ਤੋਂ ਪਾਸਾ ਮਾਰਿਆ। ਉਹ ਅਜੇ ਰੋਟੀ ਖਾ ਕੇ ਪਈ ਹੀ ਸੀ।
ਨਿੱਕੀ ਚੌਂਕੇ ਵਿਚ ਕੋਈ ਚੱਕਣ-ਧਰਨ ਕਰ ਰਹੀ ਸੀ। ਸ਼ਾਇਦ ਭਾਂਡਾ-ਟੀਂਡਾ ਸਾਂਭਦੀ ਸੀ।
-''ਕਾਹਦਾ ਆਉਣੈਂ ਤਾਈ? ਬੱਸ ਪੁੱਛ ਨਾ! ਆਪਣੇ ਬਖਤੌਰ ਸਿਉਂ ਨੂੰ ਮਲੇਰੀਆ ਹੋ ਗਿਆ।'' ਉਹ ਬਹੁਤ
ਦੁਖੀਆਂ ਵਾਂਗ ਬੋਲਿਆ।
-''ਠੰਢ 'ਚ ਮਲੇਰੀਆ?'' ਬੁੜ੍ਹੀ ਭਬਕੀ।
-''ਪਤਾ ਨ੍ਹੀ-ਸਰੀਰ ਜਿਆ ਭਖ਼ੀ ਜਾਂਦੈ-ਮੈਨੂੰ ਮੈਦ ਐ ਅੰਦਰ ਤਾਪ ਐ ਤੇ ਬਾਹਰੋਂ ਠੰਢ ਨਾਲ ਕਾਂਬਾ
ਲੱਗਦੈ।'' ਉਸ ਨੇ ਗੱਪ ਨੂੰ ਪੁੱਠ ਚਾਹੜੀ।
-''ਹਾਂ-ਇਹ ਹੋ ਸਕਦੈ।'' ਬੁੜ੍ਹੀ ਹਕੀਮਾਂ ਵਾਂਗ ਬੋਲੀ।
-''ਮੇਰੇ ਤਾਂ ਤਾਈ ਆਪ ਹੱਡ ਪੈਰ ਜਿਹੇ ਟੁੱਟੀ ਜਾਂਦੇ ਐ।''
-''ਹੇ ਮਹਾਰਾਜ!'' ਬੁੱਢੀ ਨੇ ਫ਼ਿਕਰ ਕਰਨ ਦਾ ਦਿਖਾਵਾ ਜਿਹਾ ਕੀਤਾ।
-''ਕੋਈ ਲੌਂਗ-ਲੂੰਗ 'ਬਾਲ ਕੇ ਪੀ ਲੈਣਾ ਸੀ?''
-''ਕਾਹਦੇ ਲੌਂਗ ਐ ਤਾਈ? ਮੈਨੂੰ ਕਹਿੰਦਾ ਚਾਹ ਬਣਾ ਕੇ ਦੇਹ-ਮੈਂ ਕਿਹਾ ਮੇਰਾ ਤਾਂ ਆਪ ਚਿੱਤ ਨ੍ਹੀ
ਠੀਕ-ਤਾਈ ਮੈਂ ਕੀ ਕਰਾਂ ਉਹਦੀ ਚਾਹ ਨੂੰ? ਮੇਰੇ ਤਾਂ ਆਪ ਹੱਡਾਂ ਦੇ ਭੜ੍ਹਾਕੇ ਪਈ ਜਾਂਦੇ ਐ-ਮੈਂ
ਕਿਹਾ ਦਸਾਂ ਕਿੱਲਿਆਂ ਦਾ ਮਾਲਕ ਐਂ-ਕੋਈ ਲੈ ਆ ਚਾਹ ਬਣਾਉਣ ਆਲੀ-ਤਾਈ ਇਹਦੇ ਆਸਤੇ ਵੀ ਕੋਈ ਕੁੜੀ
ਦੇਖਣੀ ਪਊ-ਚਾਹੇ ਕੋਈ ਅੰਨ੍ਹੀ ਕਾਣੀਂ ਕਿਉਂ ਨਾ ਹੋਵੇ-ਰੋਟੀ ਤਾਂ ਪੱਕਦੀ ਹੋਜੂ-ਇਹ ਤਾਂ ਜਦੋਂ
ਬਿਮਾਰ ਠਮਾਰ ਹੋ ਜਾਂਦੈ-ਬੱਸ ਫਿਰ ਮੈਨੂੰ ਰੰਨ ਬਣਾ ਲੈਂਦੈ-ਕਿਧਰੇ ਚਾਹ-ਕਿਧਰੇ ਪਾਣੀ-ਕਿਧਰੇ ਖਿਚੜੀ
ਧਰ ਕੇ ਦਿਓ-ਐਰਾ ਬਗੈਰਾ-ਲਟਰਮ ਪਟਰਮ-ਬਈ ਦੱਸ ਮੈਂ ਵੀ ਅਕਸਰ ਇਨਸਾਨ ਐਂ-ਬਰਾਬਰ ਕੰਮ ਕਰਦੈਂ।'' ਉਹ
ਇੰਜ ਭੂਤਰ ਗਿਆ, ਜਿਵੇਂ ਸੱਚ ਹੀ ਅੰਬਿਆ ਪਿਆ ਹੋਵੇ।
-''ਪੁੱਤ ਜਲੌਰਿਆ-ਤੂੰ ਬਹੁਤਾ ਨਾ ਕਲਪ-ਮੈਂ ਨਿੱਕੋ ਨੂੰ ਭੇਜ ਦਿੰਨੀ ਐਂ-ਚਾਹ ਬਣਾ ਕੇ ਦੇ ਆਊ ਆਪਣੇ
ਬਖਤੌਰ ਸਿਉਂ ਨੂੰ-ਹੈਂ, ਕੋਈ ਬਿਗਾਨੈਂ? ਨੀ ਨਿੱਕੋ---!'' ਬੁੱਢੀ ਨੇ ਅਵਾਜ਼ ਦਿੱਤੀ।
-''ਹੋ ਬੇਬੇ---?''
-''ਜਾਹ ਜਾ ਕੇ ਆਪਣੇ ਬਖਤੌਰ ਸਿਉਂ ਨੂੰ ਚਾਹ ਬਣਾ ਕੇ ਦੇ ਕੇ ਆ-ਉਹ ਬਿਮਾਰ ਐ।''
-''ਹਾਏ! ਮੈਂ ਨ੍ਹੀ ਜਾਂਦੀ।'' ਉਹ ਤੋਕੜ ਮੱਝ ਵਾਂਗ ਲੱਤ ਚੁੱਕ ਗਈ।
-''ਕਿਉਂ ਨ੍ਹੀ ਜਾਂਦੀ? ਮੈਂ ਬੂਥਾ ਭੰਨਦੂੰ!''
-''ਮੈਨੂੰ ਤਾਂ ਉਹਤੋਂ ਡਰ ਲੱਗਦੈ।''
-''ਨੀ ਡਰ ਕਾਹਦਾ?''
-''ਉਹ ਤਾਂ ਬਾਹਲੀਆਂ ਲੁੱਚੀਆਂ ਜੀਆਂ ਗੱਲਾਂ ਕਰਦੈ।'' ਨਿੱਕੀ ਨੇ ਸਿੱਧੀ ਸੁਣਾਈ ਅਤੇ ਜਲੌਰੇ ਦਾ
ਰੰਗ ਉਡ ਗਿਆ।
-''ਨੀ ਸਿੱਧਰੀਏ ਕੀ ਭੌਂਕੀ ਜਾਨੀਂ ਐਂ? ਮੈਥੋਂ ਖੌਂਸੜੇ ਖਾਏਂਗੀ!'' ਬੁੱਢੀ ਨੇ ਕਚੀਚੀ ਵੱਟ ਕੇ
ਗੁੱਝੀ ਝਿੜਕ ਦਿੱਤੀ।
-''ਮਾਰ ਲਏ ਇਸ ਕਮਲੀ ਕੁੜੀ ਨੇ!'' ਬੁੱਢੀ ਨੇ ਮੱਥੇ 'ਤੇ ਹੱਥ ਮਾਰਿਆ।
-''ਜਾਹ ਬਣਾ ਕੇ ਦੇ ਕੇ ਆ ਚਾਹ ਉਹਨੂੰ! ਕੁਛ ਨ੍ਹੀ ਤੈਨੂੰ ਮੂੰਹ 'ਚ ਪਾਉਂਦਾ ਉਹੋ।'' ਬੁੱਢੀ ਨੇ
ਨਿੱਕੀ ਦੀ ਮੁਹਾਰ ਖੋਲ੍ਹ ਦਿੱਤੀ। ਛਿੱਕਲੀ ਲਾਹ ਦਿੱਤੀ।
ਨਿੱਕੀ ਚਲੀ ਗਈ।
-''ਤਾਈ ਤੂੰ ਇਹਦਾ ਬਿਆਹ ਕਿਉਂ ਨ੍ਹੀ ਕਰ ਦਿੰਦੀ?'' ਜਲੌਰੇ ਨੇ ਕਿਹਾ। ਉਸ ਦੇ ਕੰਨ ਬਖਤੌਰੇ ਅਤੇ
ਨਿੱਕੀ ਵੱਲ ਸਨ। ਉਹ ਕਿਸੇ 'ਭਾਣੇਂ' ਦੀ ਉਡੀਕ ਕਰ ਰਿਹਾ ਸੀ।
-''ਵੇ ਪੁੱਤ! ਇਹਨੂੰ ਕਮਲੀ ਗਵਾਰ ਨੂੰ ਕੌਣ ਲਊ?'' ਬੁੱਢੀ ਅੱਗੇ ਇਕ ਵੱਡੀ ਸਮੱਸਿਆ ਸੀ।
-''ਲੈਣ ਆਲੇ ਬਥੇਰੇ ਤਾਈ-ਖਾਂਦੇ ਪੀਂਦੇ ਘਰ ਦੇ।'' ਜਲੌਰਾ ਮੋੜ ਘੋੜ ਕੇ ਖੋਤੀ ਬੋਹੜ ਹੇਠਾਂ ਲਿਆਉਣੀ
ਚਾਹੁੰਦਾ ਸੀ।
-''ਪੁੱਤ ਦੱਸ ਪਾ-ਮੈਂ ਤਾਂ ਹੁਣ ਨੰਦ ਦੇਣ ਨੂੰ ਤਿਆਰ ਐਂ।'' ਬੁੜ੍ਹੀ ਨੇ ਅੱਗੋਂ ਹਰੀ ਝੰਡੀ ਦਿਖਾਈ।
ਉਹ ਫ਼ੌਜਣ ਦੇ ਡਾਕੀਏ ਵੱਲ ਝਾਕਣ ਵਾਂਗ, ਜਲੌਰੇ ਵੱਲ ਝਾਕ ਰਹੀ ਸੀ। ਸ਼ਾਇਦ ਉਹ ਜਲੌਰੇ ਦੀ ਰਮਜ਼ ਸਮਝ
ਗਈ ਸੀ। ਅਚਾਨਕ ਬੁੱਢੀ ਨੂੰ ਨਿੱਕੀ ਦੀਆਂ ਦੱਬਵੀਆਂ ਚੀਕਾਂ ਜਿਹੀਆਂ ਸੁਣਾਈ ਦਿੱਤੀਆਂ, ਤਾਂ ਉਹ
ਰੇਡੀਓ ਵਾਂਗ ਬੋਲਣ ਲੱਗ ਪਈ।
-''ਭਾਈ ਜਮਾਨਾ ਮਾੜੈ ਜਲੌਰ ਸਿਆਂ-ਏਸ ਕਰਕੇ ਸੋਚੀਦੈ।'' ਉਹ ਇੰਜ ਦਿਖਾਵਾ ਕਰ ਰਹੀ ਸੀ, ਜਿਵੇਂ ਉਸ
ਨੂੰ ਕੁਝ ਸੁਣਿਆਂ ਹੀ ਨਹੀਂ ਸੀ। ਜਲੌਰਾ ਸਾਰੀ 'ਹੀਰ' ਸਮਝ ਗਿਆ ਸੀ।
-''ਜੇ ਤਾਈ ਆਪਾਂ ਨਿੱਕੀ ਤੇ ਬਖਤੌਰੇ ਦਾ ਬਿਆਹ ਕਰ ਦੇਈਏ? ਅਸੀਂ ਕਿਹੜਾ ਐਸ ਪਿੰਡ ਦੇ ਐਂ? ਆ ਕੇ
ਵਸਗੇ ਤਾਂ ਕੀ ਹੋ ਗਿਆ? ਪਿੰਡ ਤਾਂ ਸਾਡਾ ਸੈਂਕੜਾ ਕੋਹ ਦੂਰ ਐ।'' ਹੁਣ ਉਸ ਨੇ ਬੇਝਿਜਕ ਪੁੱਛਿਆ।
ਉਸ ਨੂੰ ਸਪੱਸ਼ਟ ਪਤਾ ਲੱਗ ਗਿਆ ਸੀ ਕਿ ਬੁੱਢੀ ਸਾਰਾ ਡਰਾਮਾ ਹੀ ਕਰ ਰਹੀ ਸੀ।
-''ਪੁੱਤ ਅੰਨ੍ਹਾਂ ਕੀ ਭਾਲੇ? ਦੋ ਅੱਖਾਂ? ਐਦੂੰ ਚੰਗੀ ਮੇਰੀ ਧੀ ਦੀ ਕਿਛਮਤ ਕੀ ਹੋਊ? ਬਖਤੌਰ ਸਿਉਂ
ਅਰਗਾ ਮੁੰਡਾ ਕਿਤੋਂ ਮਿਲਣੈਂ?'' ਬੁੱਢੀ ਭੁੱਟ-ਭੁੱਟ ਬੋਲ ਰਹੀ ਸੀ। ਬੁੱਢੀ ਦੇ ਦਿਲ ਦੀ ਗੱਲ ਪੂਰੀ
ਹੋ ਗਈ ਸੀ।
-''-----।''
-''ਵੇ ਪੁੱਤ ਜਲੌਰਿਆ-ਆਹ ਕੁਤਰੇ ਆਲੀ ਮਸ਼ੀਨ ਤੋਂ ਲਾਹ ਕੇ ਮੱਝ 'ਤੇ ਝੁੱਲ ਦੇਈਂ-ਬਿਚਾਰੀ ਠੰਢ ਨਾਲ
ਠੁਰ ਠੁਰ ਕਰੀ ਜਾਂਦੀ ਐ-ਜਾਈਂ ਮੇਰਾ ਪੁੱਤ ਬਣਕੇ!''
-''ਪਾ ਦਿੰਨੈਂ ਤਾਈ।'' ਜਲੌਰੇ ਨੇ ਜਦੋਂ ਕੁਤਰੇ ਵਾਲੀ ਮਸ਼ੀਨ ਤੋਂ ਝੁੱਲ ਉਤਾਰਿਆ ਤਾਂ ਉਸ ਦੀ
ਹੈਰਾਨੀ ਦੀ ਕੋਈ ਹੱਦ ਨਾ ਰਹੀ! ਉਹ ਸਤੰਭ ਰਹਿ ਗਿਆ। ਕੁਤਰੇ ਵਾਲੀ ਮਸ਼ੀਨ ਦੇ ਦੋਨੋਂ ਟੋਕੇ ਸਹੀ
ਸਲਾਮਤ ਸਨ। ਜਲੌਰੇ ਨੂੰ ਬੁੱਢੀ ਦੀ ਸਾਰੀ ਸਕੀਮ ਦੀ ਸਮਝ ਆ ਗਈ ਸੀ।
ਉਸ ਦਿਨ ਤੋਂ ਨਿੱਕੀ ਬਖਤੌਰੇ ਦੇ ਘਰੇ ਵਸਣ ਲੱਗ ਪਈ। ਦੋਨਾਂ ਘਰਾਂ ਦੀ ਅਟੁੱਟ ਸਾਂਝ ਬਣ ਗਈ ਸੀ।
ਸਾਰੇ ਖੁਸ਼ ਸਨ!