ਡਾਕਟਰ ਜੀ

ਅਮਨਦੀਪ ਸਿੰਘ ਕਾਲਕਟ
ਬਰਲਿਨ ਜਰਮਨੀ

ਛੋਟੇ ਹੁੰਦਿਆਂ ਦੀ ਗੱਲ ਹੈ ਇਕ ਭਲੇ ਮਾਣਸ ਜਿਹੇ ਬੰਦੇ ਨੇ ਸਾਡੇ ਪਿੰਡ ਅੱਡੇ ਤੇ ਆ ਕੇ ਦੁਕਾਨ ਪਾਈ ਅਤੇ ਬਾਹਰ ਘਸਮੈਲੇ ਜਿਹੇ ਅੱਖਰਾਂ ਵਿੱਚ ਲਿਖ ਦਿੱਤਾ ਡਾ. ਪੰਨਾ ਲਾਲ ਐਮ. ਪੀ.। ਸਮਝ ਵੀ ਨਹੀਂ ਲੱਗਦੀ ਸੀ ਕਿ ਕੀ ਲਿਖਿਆ ਹੈ? ਉਹਨੂੰ ਦੇਖ ਕੇ ਸਿਆਣੇ ਬੰਦੇ ਆਮ ਕਹਿੰਦੇ ਸੁਣੇ ਗਏ ਕਿ ਪਿੰਡ ਦੀਆਂ ਬੀਬੀਆਂ ਤਾਂ ਪਹਿਲਾਂ ਹੀ ਡਾਕਟਰਾਂ ਦੇ ਵੱਸ ਪਈਆਂ ਹੋਈਐਂ, ਪਰ ਆਹ ਜਿਹੜਾ ਸਾਲਾ ਪਿੰਡ 'ਚ ਈ ਆ ਵੜਿਆ, ਇਹ ਤਾਂ ਹੋਰ ਦੁਖੀ ਕਰੂ। ਮਹੀਨਾ ਕੁ ਡਾਕਟਰ ਨੂੰ ਕਿਸੇ ਨੇ ਮੂੰਹ ਨਾ ਲਾਇਆ। ਵਿਚਾਰਾ ਹੌਲੀ ਹੌਲੀ ਥੋੜਾ ਜਿਹਾ ਪੈਟਰੋਲ ਅਤੇ ਮਿੱਟੀ ਦਾ ਤੇਲ ਵੇਚ ਵੇਚ ਕੇ ਗੁਜਾਰਾ ਕਰਨ ਲੱਗਾ।
ਡਾਕਟਰ ਨੇ ਰੋਜ਼ ਸਵੇਰੇ ਆ ਕੇ ਧੂਫ ਬੱਤੀ ਕਰਨੀ। ਝਾੜੂ ਮਾਰਨ ਦੀ ਤਾਂ ਲੋੜ ਈ ਨੀ ਸੀ ਪੈਂਦੀ, ਕਿਹੜਾ ਕੋਈ ਦੁਕਾਨ 'ਚ ਵੜਦਾ ਸੀ। ਸਾਇਕਲ ਦੇ ਹੈਂਡਲ ਵਿਚੋਂ ਅਖਬਾਰ ਕੱਢ ਕੇ ਘੁਣ ਲੱਗੇ ਹੋਏ ਬੈਂਚ ਉਪਰ ਕਿੱਕਰ ਦੀ ਛਾਵੇਂ ਬੈਠ ਜਾਂਦਾ। ਆਲੇ ਦੁਆਲੇ ਦੇ ਦੁਕਾਨਦਾਰ ਡਾਕਟਰ ਦੀ ਤਰਸਯੋਗ ਜਿਹੀ ਹਾਲਤ ਦੇਖ ਕੇ ਘੁਸਰ ਮੁਸਰ ਜਿਹੀ ਕਰ ਛੱਡਦੇ। ਸਾਹਮਣੇ ਚਾਹ ਦੀ ਦੁਕਾਨ ਵਾਲਾ ਤੋਖੀ ਉਹਨੂੰ ਦਿਹਾੜੀ ਵਿੱਚ ਇੱਕ ਅੱਧੀ ਵਾਰੀ ਚਾਹ ਮੁਫਤ 'ਚ ਹੀ ਪਿਲਾ ਦਿੰਦਾ।
ਡਾਕਟਰ ਦੀ ਬੋਲ ਬਾਣੀ ਮਿੱਠੀ ਸੀ। ਉਹਦੀ ਏਸੇ ਗੱਲ ਨੂੰ ਹੀ ਲੈ ਕੇ ਇੱਕ ਦਿਨ ਬਜ਼ੁਰਗਾਂ ਦੀ ਢਾਣੀ ਵਿੱਚ ਬੈਠੇ ਪਾਖਰ ਨੇ ਗੱਲ ਛੇੜੀ, ਕਹਿਣ ਲੱਗਾ : ਲੈ ਬਈ ਇਹਨੇ ਸਾਲੇ ਨੇ ਪੈਰ ਜਮਾਂ ਜਾਣੇ ਐਂ ਆਪਣੇ ਪਿੰਡ 'ਚ ! ਪਾਖਰ ਦੀ ਗੱਲ ਸੁਣ ਕੇ ਲੱਪਰਾਂ ਦਾ ਬੁੜ੍ਹਾ ਚਾਨਣ ਬੋਲਿਆ : ਓ ਤੂੰ ਐਵੇਂ ਜੱਕੜ ਨਾ ਮਾਰੀ ਜਾਇਆ ਕਰ, ਇਹਦੀ ਦੁਕਾਨ ਤੇ ਤਾਂ ਕੋਈ ਵੜ ਕੇ ਰਾਜੀ ਨੀਂ, ਤੂੰ ਕਹਿਨਾਂ ਇਹਨੇਂ ਪੈਰ ਜਮਾਂ ਜਾਣੇ ਆਂ।
ਉਹ ਤੂੰ ਕੱਲ ਦੀ ਗੱਲ ਸੁਣ, ਪਾਖਰ ਫਿਰ ਬੋਲਿਆ। ਕੱਲ੍ਹ ਮੈਨੂੰ ਕਿਤਿਉਂ ਮਾਲ-ਮੱਤਾ ਨਹੀਂ ਸੀ ਮਿਲਿਆ, ਮੈਂ ਸੋਚਿਆ ਬਈ ਚਲੋ ਡਾਕਟਰ ਕੋਲ ਜਾ ਕੇ ਉਹ ਲਾਲ ਤੇ ਖਾਖੀ ਜਿਹਾ ਕੈਪਸੂਲ ਈ ਖਾ ਲੈਨੇ ਆਂ। ਮੈਂ ਗਿਆ ਤੇ ਘੜੀ ਕੁ ਉਥੇ ਈ ਬਹਿ ਗਿਆ।
ਅੱਛਾ.....! ਫੇਰ... ? ਕਹਿੰਦੇ ਸਾਰ ਈ ਰਾਮ ਸਰਨ ਆਪਣੀ ਮੋਰੀਆਂ ਵਾਲੀ ਧੋਤੀ ਕੱਠੀ ਕਰਕੇ ਪੈਰਾਂ ਭਾਰ ਬਹਿ ਗਿਆ।
ਓਏ ਮੇਰੇ ਬੈਠੇ ਬੈਠੇ ਇੱਕ ਛੋਟਾ ਜਿਹਾ ਮੁੰਡਾ ਆਇਆ, ਪਾਖਰ ਨੇ ਗੱਲ ਜਾਰੀ ਰੱਖੀ। ਉਹ ਕਹਿੰਦਾ ! ਅੰਕਲ ਜੀ....! ਮੇਰੀ ਬੀਬੀ ਦਾ ਸਿਰ ਦੁਖਦਾ ਦਵਾਈ ਚਾਹੀਦੀ ਆ। ਡਾਕਟਰ ਝੱਟ ਬੋਲਿਆ ! ਦੁਆਈ ਦੇ ਦਿੰਨੇ ਆਂ ਭਾਅ ਜੀ, ਪਰ ਤੁਸੀਂ ਬੈਠੋ ਤਾਂ ਸਹੀ ਇੱਕ ਮਿੰਟ! ਮੈਂ ਯਾਰ ਆਲਾ ਦੁਆਲਾ ਦੇਖਿਆ ਕਿ ਸ਼ੈਂਤ ਮੁੰਡੇ ਦੇ ਨਾਲ ਇਹਦੇ ਘਰ ਦਾ ਕੋਈ ਵੱਡਾ ਮੈਂਬਰ ਹੋਊ; ਪਰ ਨਹੀਂ ਯਾਰ ਇਹ ਤਾਂ ਸਾਲਾ ਗਿਆਰਾਂ ਸਾਲਾਂ ਦੇ ਮੁੰਡੇ ਨੂੰ ਈ ਭਾਅ ਜੀ ਭਾਅ ਜੀ ਆਖੀ ਜਾਵੇ। ਬਾਅਦ ਵਿਚ ਤਿੰਨਾਂ ਕੁ ਡੱਬੀਆਂ ਵਿਚ ਹੱਥ ਮਾਰ ਕੇ ਰੰਗ ਬਿਰੰਗੀਆਂ ਕਿੰਨੀਆਂ ਈ ਗੋਲੀਆਂ ਕੱਢੀਆਂ, ਉਹਨਾਂ 'ਚੋਂ ਚਹੁੰ ਚਹੁੰ ਦੀਆਂ ਪੰਜ ਖੁਰਾਕਾਂ ਬਣਾ ਕੇ ਮੁੰਡੇ ਨੂੰ ਫੜਾਤੀਆਂ ਤੇ ਨਾਲੇ ਸਮਝਾ ਦਿੱਤਾ ਮੋਟੇ ਅੱਖਰਾਂ 'ਚ ਬਈ ਕਿੱਦਾਂ ਕਿੱਦਾਂ ਖਾਣੀਆਂ। ਸਾਢੇ ਤਿੰਨ ਰੁਪਈਏ ਲੈ ਕੇ ਕਹਿੰਦਾ! ਬੀਬੀ ਜੀ ਹੁਣਾਂ ਨੂੰ ਸਾਸਰੀਕਾਲ ਕਿਹੋ ਭਾਅ ਜੀ।
ਹੁਣ ਯਾਰ ਤੁਸੀਂ ਸ੍ਹਾਬ ਲਾਉ ਕਿ ਜਿਹਨਾਂ ਦਾ ਗਿਆਰਾਂ ਸਾਲਾਂ ਦਾ ਮੁੰਡਾ ਈ ਭਾਅ ਜੀ ਬਣ ਗਿਆ, ਉਹਨਾਂ ਦਾ ਦਿਮਾਗ ਫਿਰਿਆ ਬਈ ਇਹਨੂੰ ਰਾਹ 'ਚ ਛੱਡ ਕੇ ਸ਼ਾਮ ਚੁਰਾਸੀ ਜੱਸੀ ਡਾਕਟਰ ਕੋਲ ਜਾਣ ? ਨਾਲੇ ਉਥੇ ਕਿੱਡੀ ਲੰਮੀ ਲੈਨ ਲੱਗੀ ਹੁੰਦੀ ਆ....। ਪਾਖਰ ਨੂੰ ਇੱਕ ਤਰ੍ਹਾਂ ਡਾਕਟਰ ਵਿਚ ਕੋਈ ਚਲਾਕੀ ਦਿਸਦੀ ਸੀ।
ਗੱਲ ਤਾਂ ਤੇਰੀ ਸੋਲਾਂ ਆਨੇ ਆ....! ਘੀਂਅ ਦੇਣੀ ਕਰਕੇ ਅਮਲੀਆਂ ਦੇ ਪਿਆਰਾ ਸੂੰਹ ਨੇ ਪਾਖਰ ਦੀ ਗੱਲ ਵਿੱਚ ਹੁੰਗਾਰਾ ਭਰਿਆ। ਪਰ ਵਿਚਾਰੇ ਨੂੰ ਵਿਚੋਂ ਹੀ ਹੁੱਥੂ ਆ ਗਿਆ। ਉਹਦੀ ਖੰਘ ਖੰਘ ਕੇ ਠੋਡੀ ਧੁੰਨੀ ਨਾਲ ਲੱਗ ਗਈ ਸੀ।
ਦੇਖੀਂ ਯਾਰ ਪਿਆਰਾ ਸਿੰਹਾਂ....! ਤੂੰ ਤਾਂ ਫੰਬੀਆਂ ਵਾਲੇ ਬ੍ਰਹਮੇ ਪਾਠੀ ਵਾਗੂੰ ਬਹੁਤਾ ਈ ਸੰਘ ਘਰੋੜ 'ਤਾ। ਕਹਿੰਦੇ ਹੋਏ ਚੱਕੀ ਵਾਲੇ ਗਿਆਨ ਸੂੰਹ ਨੇ ਪਿਆਰੇ ਨੂੰ ਹਲਕੀ ਜਿਹੀ ਧਾਪੀ ਦਿੱਤੀ ਅਤੇ ਉਹਨੇ ਵਿਚਾਰੇ ਨੇ ਮਾੜਾ ਜਿਹਾ ਸਿਰ ਉਤਾਂਹ ਚੁੱਕਿਆ।
ਇੰਨੇ ਨੂੰ ਗੀਤਾ ਫੌਜੀ ਸਾਇਕਲ ਦੱਬੀ ਸਾਰਿਆਂ ਦੇ ਕੋਲ ਦੀ ਲੰਘਣ ਲੱਗਾ ਤਾਂ ਉਨ੍ਹਾਂ ਨੇ ਰੋਕ ਲਿਆ। ਬਈ ਕਿੱਧਰ ਨੂੰ ਚੜ੍ਹਾਈਆਂ ਕੀਤੀਆਂ ਫੌਜੀਆ? ਡੱਬੀਆਂ ਵਾਲਾ ਸਾਫਾ ਲਪੇਟ ਕੇ ਸੀਤੇ ਨੇ ਢਾਡੀਆਂ ਵਾਲੀ ਆਵਾਜ ਵਿਚ ਪੁੱਛਿਆ। ਫੌਜੀ ਝੱਟ ਬੋਲਿਆ, ਓ ਆਹ ਯਾਰ ਪੱਠੇ ਵੱਢਦੇ ਟੱਕ ਜਿਹਾ ਲੱਗ ਗਿਆ, ਕਈ ਓਹੜ ਕੀਤੇ ਪਰ ਸਾਲਾ ਲਹੂ ਈ ਨੀ ਬੰਦ ਹੁੰਦਾ। ਮੈਂ ਕਿਹਾ ਕਿ ਡਾਕਟਰ ਕੋਲੋਂ ਪੱਟੀ ਕਰਵਾ ਲਿਆਉਨੇ ਆ, ਨਾਲੇ ਬਹਾਨੇ ਨਾਲ ਗੇੜੀ ਜਿਹੀ ਲੱਗ ਜਾਊ। ਫੌਜੀ ਨੂੰ ਜਿੱਦਾਂ ਘਰੋਂ ਬਾਹਰ ਨਿਕਲਣ ਦਾ ਮਸੀ ਬਹਾਨਾ ਲੱਭਾ ਸੀ।
ਗੱਲ ਮਿੱਤਰਾ ਸਾਰੀ ਗੇੜੀ ਲਾਉਣ ਦੀ ਆ! ਬਾਕੀ ਲਹੂ ਤਾਂ ਮਾੜਾ ਜਿਹਾ 'ਸ਼ੀਅ' ਕਰਨ ਨਾਲ ਹੀ ਬੰਦ ਹੋ ਜਾਂਦਾ। ਪਿਆਰੀ ਦੇ ਸ਼ੱਬੇ ਨੇ ਮੋਰ ਵਾਂਗੂ ਹੇਕ ਜਿਹੀ ਲਾ ਕੇ ਵਿੱਚੋਂ ਈ ਟੋਣਾਂ ਲਾਇਆ ਤੇ ਉਸ ਦੀ ਗੱਲ 'ਤੇ ਸਾਰੇ ਹੱਸ ਪਏ।
ਕਿਉਂ ਦੇਖਿਆ...? ਆਪਣਾ ਵੀ ਬੈਲੀਆਂ ਵਾਲਾ ਤਜਰਬਾ ਆ ਮਿੱਤਰੋ! ਫੌਜੀ ਦੀ ਕੋਈ ਰਗ ਡਾਕਟਰ ਦੇ ਹੱਥ ਵਿਚ ਹੋਊ, ਨਹੀਂ ਤਾਂ ਇਹ ਭਾਵੇਂ ਅੱਧਾ ਵੱਢਿਆ ਜਾਵੇ ਪੰਜੀ ਨਹੀਂ ਖਰਚਦਾ, ਪਰ ਔਹ ਦੇਖ ਲਉ ਚੀਚੀ ਜਿਹੀ ਲਪੇਟ ਕੇ ਕਿੱਦਾਂ ਡਾਕਟਰ ਵਲ ਨੂੰ ਦਬੀੜ ਦਿੱਤੀ ਜਾਂਦਾ...।
ਪਾਖਰ ਨੇ ਫਿਰ ਆਪਣੇ ਦਿਲ ਦੀ ਗੱਲ ਦੱਸੀ।
ਚਾਚਾ...! ਮੈਂ ਦੱਸ ਦਿੰਨਾਂ ਕਿਹੜਾ ਰੋਗ ਆ। ਬੇਰੀ ਵਾਲਾ ਦਾਲੋਂ ਵੀ ਗੱਲਬਾਤ ਵਿੱਚ ਸ਼ਾਮਲ ਹੋਇਆ। ਆਹ ਜਦੋਂ ਦਾ ਆਪਣਾ ਫੌਜੀ ਲਟੈਰ ਹੋਇਐ, ਵਿਚਾਰਾ ਤਰਸੀ ਜਾਂਦਾ ਹੈ ਕਿ ਕੋਈ ਮੈਨੂੰ 'ਫੌਜੀ ਸਾਹਿਬ' ਕਹੇ, ਪਰ ਸਾਰੇ ਫੌਜੀ ਫੌਜੀ ਦੀ ਰਟ ਲਾਈ ਰੱਖਦੇ ਆ। ਤੇ ਉਹ ਡਾਕਟਰ ਭੂਤਨੀ ਦਾ ਇਹਨੂੰ 'ਫੌਜੀ ਸੈਹਬ ਜੀ' ਕਹਿ ਕੇ ਬੁਲਾਉਂਦੈ। ਇਹ ਕਿਉਂ ਨਾ ਡਾਕਟਰ ਦਾ ਗਾਹਕ ਬਣੂ? ਦਾਲੋਂ ਦੀ ਗੱਲ 'ਤੇ ਇਕ ਵਾਰੀ ਫੇਰ ਹਾਸਾ ਪੈ ਗਿਆ।
ਡਾਕਟਰ ਦੀ ਗੱਲ ਇਹ ਸੀ ਕਿ ਪਿੰਡ ਵਿਚ ਦੀ ਦੋ ਕੁ ਪੋਲੇ ਪੋਲੇ ਜਿਹੇ ਗੇੜੇ ਜ਼ਰੂਰ ਮਾਰਨੇ।
ੁਸ ਦੇ ਕੋਲ ਭਾਵੇਂ ਸਾਈਕਲ ਸੀ। ਪਰ ਉਹ ਸਾਈਕਲ ਉੱਤੇ ਚੜ੍ਹ ਕੇ ਨਹੀਂ ਸੀ ਲੰਘਦਾ। ਪਿੰਡ ਵਿਚ ਕਿਸੇ ਬੂਹੇ ਦੀ ਝੀਥ ਵਿਚ ਦੀ ਵੀ ਕੋਈ ਬੀਬੀ ਦਿਸਦੀ ਤਾਂ 'ਸਾਸਰੀਕਾਲ' ਕਹਿ ਦਿੰਦਾ।
ਹੌਲੀ ਹੌਲੀ ਸਾਸਰੀਕਾਲ ਦਾ ਜਵਾਬ ਵੀ ਮਿਲਣ ਲੱਗ ਪਿਆ ਅਤੇ ਕਰਦੇ ਕਰਦੇ ਦੋ ਤਿੰਨ ਮਰੀਜ਼ ਲੱਗ ਗਏ। ਡਾਕਟਰ ਦੇ ਚਿਹਰੇ 'ਤੇ ਮਾੜੀ ਜਿਹੀ ਰੌਂਣਕ ਆ ਗਈ। ਕਦੇ ਕਦਾਈਂ।
ਕਿਸੇ ਦੇ ਆਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਤਾਂ ਲੰਘੇ ਜਾਂਦੇ ਡਾਕਟਰ ਨੂੰ ਵੇਖਕੇ ਕੋਈ ਨਾਂ ਕੋਈ ਪਰਿਵਾਰਕ ਮੈਂਬਰ ਪਿੱਛਿਉਂ 'ਵਾਜ ਮਾਰ ਕੇ ਕਹਿੰਦਾ; ਓਹ ਡਾਕਦਾਰ ਜੀ! ਯਾਰ ਤੂੰ ਵੀ ਲੰਗਰ ਛਕ ਕੇ ਜਾਈਂ। ਡਾਕਟਰ 'ਅੱਛਾ ਜੀ' ਕਹਿ ਕੇ ਉਥੋਂ ਈ ਬੈਕ ਗੇਅਰ ਲਾ ਲੈਂਦਾ। ਹੋਲੀ ਹੌਲੀ ਡਾਕਟਰ ਤਰੱਕੀ ਕਰਨ ਲੱਗ ਪਿਆ। ਬੀਬੀਆਂ ਆਮ ਹੀ ਗੱਲਾਂ ਕਰਦੀਆਂ ਸੁਣਦੀਆਂ ਕਿ ਵਿਚਾਰੇ ਦਾ ਹੱਥ ਬਹੁਤਾ ਈ ਚੰਗਾ ਆ। ਬੂਹੇ ਵੜਦਾ ਈ ਬਿਮਾਰੀ ਦੱਸ ਦਿੰਦਾ ਕਿ ਕਿਹੜੀ ਬਿਮਾਰੀ ਆ।
ਇਸ ਤਰ੍ਹਾਂ ਥੋੜੀ ਜਿਹੀ ਮਸ਼ਹੂਰੀ ਹੋਣ ਨਾਲ ਤਕਰੀਬਨ ਅੱਧੇ ਪਿੰਡ ਵਾਲੇ ਡਾਕਟਰ ਦੇ 'ਪੱਕੇ' ਗਾਹਕ ਬਣ ਗਏ। ਦੁਕਾਨ 'ਤੇ ਨਵਾਂ ਰੰਗ ਹੋਣ ਦੀ ਵਜਾਹ ਨਾਲ ਦੁਕਾਨ ਨਵੀਂ ਲੱਗਣ ਲੱਗੀ ਅਤੇ ਵਿਰਲੇ ਵਿਰਲੇ ਰਾਹੀ ਰੁਕਣ ਲੱਗ ਪਏ। ਜਿਹੜਾ ਡਾਕਟਰ ਪਹਿਲਾਂ ਤੁਰਕੇ ਪਿੰਡ ਵਿੱਚ ਦੀ ਜਾਂਦਾ, ਲੋਕਾਂ ਦੇ ਘਰਾਂ ਵਲ ਦੇਖਦਾ ਹੁੰਦਾ ਸੀ। ਅੱਜ ਉਹੀ ਡਾਕਟਰ ਸਾਇਕਲ ਤੇ ਚੜ੍ਹ ਕੇ 'ਸ਼ੂੰਅ' ਕਰਕੇ ਲੰਘ ਜਾਂਦਾ, ਕਿਉਂਕਿ ਕੋਈ ਨਾ ਕੋਈ ਮਰੀਜ਼ ਅਗਾਂਹ ਵੀ ਉਡੀਕ ਰਿਹਾ ਹੁੰਦਾ। ਡਾਕਟਰ ਨੇ ਮੌਕਾ ਦੇਖ ਕੇ ਆਪਣੀ ਫੀਸ ਵਧਾ ਲਈ।
ਉਸ ਤੋਂ ਬਾਅਦ ਡਾਕਟਰ ਦੀ 'ਖੰਘ ਦੀ ਦਵਾਈ' ਮਸ਼ਹੂਰ ਹੋ ਗਈ। ਆਲੇ ਦੁਆਲੇ ਦੇ ਲੋਕ ਡਾਕਟਰ ਤੋਂ ਖੰਘ ਦੀ ਦੁਆਈ ਪੀਂਦੇ ਤੇ 'ਰਾਜ਼ੀ' ਹੋ ਕੇ ਘਰਾਂ ਨੂੰ ਮੁੜ ਜਾਂਦੇ। ਇਨ੍ਹਾਂ ਵਿਚ ਜ਼ਿਆਦਾ ਨੌਜਵਾਨ ਤਬਕਾ ਸੀ। ਬਜ਼ੁਰਗਾਂ ਨੇ ਕਹਿਣਾ ਕਿ ਅੱਜ ਕੱਲ ਦੇ ਮੁੰਡਿਆਂ ਨੂੰ 'ਖੰਘ' ਬੜੀ ਹੋਣ ਲੱਗ ਪਈ? ਪਰ ਵਿਚਲੀ ਗੱਲ ਤਾਂ ਇਹ ਸੀ ਪਈ ਅਗਲੇ ਖੰਘ ਹਟਾਉਣ ਨਹੀਂ ਸਗੋਂ 'ਕੈਮ' ਹੋਣ ਆਉਂਦੇ ਸਨ!
ਡਾਕਟਰ ਨੇ ਹੁਣ ਆਪਣਾ ਤਰੀਕਾ ਬਦਲਿਆ। ਪਹਿਲਾਂ ਤਾਂ ਪੱਕੇ ਗਾਹਕਾਂ ਦੀ ਇੱਕ ਲਿਸਟ ਬਣਾਈ ਅਤੇ ਫਿਰ ਇਕ ਡਾਇਰੀ ਲਾ ਲਈ। ਪੱਕੇ ਗਾਹਕਾਂ ਨਾਲ ਹਰ ਰੋਜ਼ ਦਾ ਲੈਣ ਦੇਣ ਖਤਮ ਕਰਕੇ ਡਾਇਰੀ 'ਤੇ ਲਿਖੇ ਅਨੁਸਾਰ ਤੀਜੇ ਚੌਥੇ ਮਹੀਨੇ ਹਿਸਾਬ ਹੁੰਦਾ। ਕਈਆਂ ਨੇ ਤਾਂ ਬੀਮੇ ਵਾਲਿਆਂ ਵਾਂਗੂ 'ਪੱਕੀ' ਕਿਸ਼ਤ ਬੰਨ੍ਹੀ ਹੋਈ ਸੀ।
ਜਦੋਂ ਦੀ ਡਾਕਟਰ ਨੇ ਡਾਇਰੀ ਵਾਲਾ ਕੰਮ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਮਰੀਜ਼ ਦਾ ਇਲਾਜ ਬੜੀ ਪਹੁੰਚ ਨਾਲ ਕਰਨ ਲੱਗ ਪਿਆ। ਜਿਹੜੇ ਘਰ ਵੀ ਜਾਂਦਾ ਮਰੀਜ਼ ਨੂੰ ਚੈਕ ਕਰਨ ਤੋਂ ਬਾਅਦ 'ਘੂੰਅ' ਕਰਕੇ ਬੈਗ ਦੀ ਜਿੱਪ ਖੋਲਦਾ ਅਤੇ ਸੁਨਹਿਰੀ ਜਿਹੇ ਰੰਗ ਵਾਲੇ ਟੀਕੇ ਦੀ ਸਰਿੰਜ ਭਰ ਕੇ ਹਦਾਇਤ ਕਰਦਾ, ਦਿਸ਼ਾ ਬਦਲੋ ਜੀ...। ਬੱਸ ਅਗਲੇ ਦੇ ਘੁੰਮਦੇ ਸਾਰ ਹੀ ਪੋਲੀ ਜਿਹੀ ਥਾਂ ਟੋਹ ਕੇ ਟੀਕਾ ਠੋਕ ਦਿੰਦਾ।
ਇੱਕ ਵਾਰ ਗਰਮੀਆਂ ਦੇ ਦਿਨਾਂ ਵਿੱਚ ਇੱਕ ਵਿਚਾਰਾ ਜੱਟ-ਬੂਟ ਖੇਤੀਬਾੜੀ ਕਰਨ ਵਾਲਾ ਬੰਦਾ ਧੁੱਪ ਵਿਚ ਕੰਮ ਕਰਕੇ ਬਿਮਾਰ ਹੋ ਗਿਆ। ਡਾਕਟਰ ਨੂੰ ਸੱਦਿਆ ਗਿਆ। ਡਾਕਟਰ ਨੇ ਵਰਾਂਡੇ ਦੇ ਵਾਧਰੇ ਵਿੱਚ ਲੱਗੀ ਪੱਕੀ ਲੋਹੇ ਦੀ ਕੁੰਡੀ ਵੱਲ ਇਸ਼ਾਰਾ ਕਰਕੇ ਕਿਹਾ ਮੰਜਾ ਇਹਦੇ ਥੱਲੇ ਕਰੋ। ਘਰ ਵਾਲਿਆਂ ਨੇ ਡਾਕਟਰ ਦੀ ਹਦਾਇਤ 'ਤੇ ਅਮਲ ਕੀਤਾ। ਡਾਕਟਰ ਨੇ ਫੁਰਤੀ ਨਾਲ ਗੁਲੂਕੋਜ਼ ਦੀ ਬੋਤਲ ਕੱਢੀ, ਕੁੰਡੀ ਨਾਲ ਟੰਗੀ। ਫੇਰ ਉਹਨੇ ਫਟਾ-ਫਟ ਚਾਰ-ਪੰਜ ਪੀਲੇ ਜਿਹੇ ਰੰਗ ਦੇ ਟੀਕੇ 'ਸ਼ੁਰਰਰ-ਸ਼ੁਰਰਰ' ਕਰਕੇ ਟੀਕੇ ਬੋਤਲ ਵਿੱਚ ਭਰ ਦਿੱਤੇ ਅਤੇ ਉਹਦੀ ਨਾਲੀ ਵਾਲੀ ਸੂਈ ਫੜ ਕੇ ਖੱਬੇ ਹੱਥ ਦੀ ਮੋਟੀ ਜਿਹੀ ਨਾੜ ਵਿੱਚ ਜੜ ਦਿੱਤੀ। ਘਰ ਦੀ ਮੋਹਤਬਰ ਔਰਤ ਨੂੰ ਕਹਿੰਦਾ, ਇਹ ਫਲੂ ਆ...। ਤੁਸੀਂ ਮੈਨੂੰ ਟਾਈਮ ਤੇ ਸੱਦ ਲਿਆ, ਹੁਣ ਕੋਈ ਡਰਨ ਦੀ ਲੋੜ ਨਹੀਂ, ਖਤਰਾ ਟਲ ਗਿਆ। ਸਾਰਿਆਂ ਨੇ ਸ਼ੁਕਰ ਕੀਤਾ। ਆਂਢ ਗੁਆਂਢ ਵੀ ਖਬਰ ਲੈਣ ਪਹੁੰਚੇ ਹੋਏ ਸੀ। ਉਨ੍ਹਾਂ ਨੇ ਵੀ ਡਾਕਟਰ ਦੀ ਸਮਝ ਦੀ ਤਾਰੀਫ ਕੀਤੀ। ਅਗਲੇ ਹੀ ਦਿਨ ਉਸ ਘਰ ਵਾਲਿਆਂ ਦੇ ਗੁਆਂਢ ਇੱਕ ਬਜ਼ੁਰਗ ਮਾਤਾ ਨੂੰ ਥਕਾਵਟ ਜਿਹੀ ਮਹਿਸੂਸ ਹੋਈ। ਉਹ ਘੜੀ ਕੁ ਮੰਜੇ ਤੇ ਲੰਮੀ ਪੈ ਗਈ। ਉਸਦੀ ਕੁੜੀ ਨੇ ਕਿਹਾ ਕਿ ਬੀਬੀ ਤੇਰਾ ਮੱਥਾ ਤਪਦੈ, ਕਿਤੇ ਤੈਨੂੰ ਵੀ ਫਲ਼ੂ ਤਾਂ ਨਹੀਂ ਹੋ ਗਿਆ? 'ਫਲੂ' ਦਾ ਨਾਂਅ ਸੁਣਦੇ ਈ ਮਾਤਾ ਬੇਹੋਸ਼ ਹੋ ਗਈ। ਡਾਕਟਰ ਉਥੇ ਵੀ ਆਇਆ। ਫੇਰ ਉਹੀ ਗੱਲਾਂ ਦੁਹਰਾਈਆਂ ਤੇ ਮਾਤਾ ਨੌਂ-ਬਰ-ਨੌਂ ਹੋ ਗਈ।
ਇਸ ਤਰ੍ਹਾਂ ਉਨ੍ਹਾਂ ਗਰਮੀਆਂ ਵਿੱਚ ਡਾਕਟਰ ਨੇ ਅੱਧਿਉਂ ਜ਼ਿਆਦਾ ਪਿੰਡ ਵਾਲਿਆਂ ਨੂੰ ਫਲੂ ਤੋਂ 'ਬਚਾਇਆ'। ਪਿੰਡ ਦੇ ਲੋਕਾਂ ਲਈ ਡਾਕਟਰ ਹੁਣ ਇੱਜਤਦਾਰ ਹਰ ਇੱਕ ਦਾ ਦੁੱਖ ਸਮਝਣ ਵਾਲਾ ਬੰਦਾ ਬਣ ਚੁੱਕਾ ਸੀ। ਹੁਣ ਸਾਰੇ ਪਿੰਡ ਵਾਲੇ ਉਸਨੂੰ ਹੁਣ 'ਓ ਡਾਕਟਰ' ਦੀ ਥਾਂ 'ਡਾਕਟਰ ਜੀ' ਕਹਿਣ ਲੱਗ ਪਏ। ਹੁਣ ਡਾਕਟਰ ਵੀ ਕੁੜਤੇ ਪਜਾਮੇ ਵਿਚ ਨਹੀਂ ਸਗੋਂ ਅੱਧੀ ਬਾਂਹ ਦੀ ਚਿੱਟੀ ਜਾਂ ਅਸਮਾਨੀ ਰੰਗ ਦੀ ਟੀ-ਸ਼ਰਟ ਅਤੇ ਕਾਲੀ ਪੈਂਟ ਵਿੱਚ ਨਜ਼ਰ ਆਉਂਦਾ। ਪਹਿਲਾਂ ਡਾਕਟਰ ਦਾ ਸਾਰਾ ਮੂੰਹ ਦਾੜ੍ਹੀ ਵਿਚ ਲੁਕਿਆ ਰਹਿੰਦਾ ਸੀ। ਹੁਣ ਤਾਂ 'ਸ਼ੇਵ' ਕੀਤੀ ਹੋਣ ਕਰਕੇ ਡਾਕਟਰ ਦਾ ਮੂੰਹ ਦੂਰੋਂ ਹੀ ਖੁਸਰੇ ਦੀ ਅੱਡੀ ਵਾਂਗੂ ਚਮਕਦਾ।
ਇੱਕ ਵਾਰ ਮੈਂ ਪੂਰੇ ਪੰਜ ਸਾਲ ਬਾਅਦ ਪਿੰਡ ਗਿਆ, ਤਾਂ ਮੈਂ ਦੇਖਿਆ ਕਿ ਡਾਕਟਰ ਜੀ ਨੇ ਠੀਕ ਠਾਕ ਤਰੱਕੀ ਕਰ ਲਈ ਸੀ। ਵੱਡੇ ਸਾਰੇ ਬੋਰਡ ਤੇ ਚਮਕਦੇ ਅੱਖਰਾਂ ਨਾਲ ਲਿਖਿਆ ਦੂਰੋਂ ਦਿਸਦਾ ਸੀ: ਡਾ. ਪੀ. ਲਾਲ ਆਰ. ਐਮ. ਪੀ., ਐਂਡ ਬੀ. ਏ. ਐਮ. ਐਸ। ਡਾਕਟਰ ਨੇ ਇੱਕ ਕੰਪਾਊਡਰ ਵੀ ਰੱਖ ਲਿਆ ਸੀ, ਜਿਹੜਾ ਕਿ ਦੁਕਾਨ ਦੀ ਸਫਾਈ ਤੋਂ ਇਲਾਵਾ ਬਾਹਰ ਲੱਗੇ ਬੋਰਡ 'ਤੇ ਵੀ ਦੋ ਵੇਲੇ ਕੱਪੜਾ ਮਾਰਦਾ ਸੀ।
ਹੁਣ ਡਾਕਟਰ ਦੇ ਥੱਲੇ ਸਾਇਕਲ ਦੀ ਥਾਂ ਕਾਵਾਸਾਕੀ ਮੋਟਰ ਸਾਇਕਲ ਸੀ। ਕਿਸੇ ਸਮੇਂ ਡਾਕਟਰ ਪਿੰਡ ਵਿੱਚ ਗੇੜੀ ਦੇ ਕੇ ਮਰੀਜ਼ ਲੱਭਦਾ ਹੁੰਦਾ ਸੀ। ਹੁਣ ਮਰੀਜ਼ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਦੁਕਾਨ ਦੇ ਬਾਹਰ ਖੜੇ ਹੁੰਦੇ ਹਨ। ਪਹਿਲਾਂ ਤੋਖੀ ਡਾਕਟਰ 'ਤੇ ਤਰਸ ਕਰਕੇ ਚਾਹ ਦਾ ਕੱਪ ਦੇ ਦਿੰਦਾ ਸੀ, ਹੁਣ ਤੋਖੀ ਦੀ ਗਾਹਕੀ ਡਾਕਟਰ ਦੇ ਆਉਣ ਨਾਲ ਸ਼ੁਰੂ ਹੁੰਦੀ ਹੈ।
ਸਾਡੇ ਘਰ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ। ਮੇਰੇ ਬਾਪੂ ਜੀ ਡਾਕਟਰ ਦੀ ਦੁਕਾਨ ਤੇ ਗਏ ਤੇ ਕਿਹਾ ਡਾਕਟਰ ਸਾਹਿਬ ਜੀ! ਸਾਡੇ ਘਰ ਇੱਕ ਛੋਟਾ ਜਿਹਾ ਫੰਕਸ਼ਨ ਆ, ਦਰਸ਼ਨ ਜ਼ਰੂਰ ਦਿਉ। ਤਾਂ ਡਾਕਟਰ ਨੇ ਉਤਰ ਦਿੱਤਾ! ਕੋਈ ਨੀ ਜੀ ਭੱਜ ਦੌੜ ਕੇ ਥੋੜਾ ਜਿਹਾ ਟੈਮ ਕੱਢੂੰਗਾ। ਮੈ ਹੈਰਾਨ ਸਾਂ ਕਿ ਉਹ ਵੀ ਸਮਾਂ ਸੀ ਜਦੋਂ ਲੋਕ ਕਹਿੰਦੇ ਹਨ ਕਿ, 'ਓ ਡਾਕਟਰ ਤੂੰ ਵੀ ਰੋਟੀ ਖਾ ਜਾਈਂ' ਕਹਿ ਕੇ ਰੋਕ ਲੈਂਦੇ ਸੀ। ਅੱਜ ਰਿਸ਼ਤੇਦਾਰਾਂ ਵਾਂਗੂ ਡਾਕਟਰ ਸਾਹਿਬ ਨੂੰ ਵੀ ਸਾਰੇ ਪਹਿਲਾਂ ਸੱਦਾ ਪੱਤਰ ਦਿੰਦੇ ਹਨ।
ਸਿਆਣਿਆਂ ਦੇ ਕਹਿਣ ਅਨੁਸਾਰ ਸਮੇਂ ਦੇ ਨਾਲ ਨਾਲ ਸਭ ਕੁਝ ਬਦਲ ਜਾਂਦਾ ਹੈ ਅਤੇ ਕਿਸਮਤ ਸਾਥ ਦੇਵੇ ਤਾਂ ਆਦਮੀ ਤਰੱਕੀ ਵੀ ਕਰਦਾ ਹੈ। ਡਾਕਟਰ ਨੂੰ ਪਹਿਲਾਂ ਦੇਖ ਕੇ ਲੱਗਦਾ ਹੁੰਦਾ ਸੀ ਕਿ ਹੁਣ ਵੀ ਡਿੱਗਿਆ ਤੇ ਹੁਣ ਵੀ ਡਿੱਗਿਆ। ਹੁਣ ਦੇਖ ਕੇ ਲੱਗਦਾ ਹੈ ਕਿ ਹੁਣ ਵੀ ਫਟਿਆ ਕਿ ਹੁਣ ਵੀ ਫਟਿਆ।
ਇਕ ਦਿਨ ਮੈਂ ਪਿੰਡ ਦੇ ਲਹਿੰਦੇ ਪਾਸੇ ਫਿਰਨੀ ਤੇ ਖੜ੍ਹਾ ਸੀ, ਤਾਂ ਸਾਡੇ ਪਿੰਡ ਵਾਲਾ ਦੇਬੀ ਟਰਾਲੀ ਵਿਚ ਕਣਕ ਦੀਆਂ 15 ਕੁ ਬੋਰੀਆਂ ਲੱਦੀ ਫੋਰਡ ਨੂੰ ਰੇਸਾਂ ਦੇ ਕੇ ਭਜਾਈ ਜਾਵੇ। ਮੈਨੂੰ ਦੇਖ ਕੇ ਉਸ ਨੇ ਟਰੈਕਟਰ ਰੋਕ ਲਿਆ। ਮੈਂ ਕਿਹਾ ਭਾਅ ਤੁਹਾਡੇ ਤਾਂ ਕੰਬਾਇਨ ਚੱਲਦੀ ਆ, ਤਾਂ ਥੋੜੀਆਂ ਜਿਹੀਆਂ ਬੋਰੀਆਂ ਲੈ ਕੇ ਕਿੱਧਰ ਨੂੰ? ਯਾਰ ਡਾਕਟਰ ਦਾ ਹਿਸਾਬ ਕਿਤਾਬ ਜਿਹਾ ਕੀਤਾ ਸੀ। ਚਾਰ ਕੁ ਬੋਰੀਆਂ ਸਾਡੇ ਵੱਲ ਨਿਕਲੀਆਂ ਤੇ ਹੋਰ ਪੰਜ ਕੁ ਘਰਾਂ ਦੀਆਂ ਮਿਲਾ ਕੇ ਪੰਦਰਾਂ ਬੋਰੀਆਂ ਬਣੀਆਂ ਸਾਰੇ ਮੈਨੂੰ ਕਹਿੰਦੇ ਕਿ ਚੱਲ 'ਕੱਠੀਆਂ ਕਰ ਕੇ ਤੂੰ ਹੀ ਪਹੁੰਚਾ ਦੇਵੀਂ ਡਾਕਟਰ ਦੇ ਪਿੰਡ। ਬਾਅਦ ਵਿੱਚ ਨਵਾਂ ਖਾਤਾ ਚੱਲ ਪਊ। ਚੰਗਾ ਮੈਂ ਲੇਟ ਹੁੰਦਾ ਆਂ, ਕਹਿ ਕੇ ਉਹ ਨੇ ਟਰੈਕਟਰ ਦੀ ਸੈਲਫ ਮਾਰ ਲਈ।
ਮੈਂ ਕਈ ਚਿਰ ਸੋਚਦਾ ਰਿਹਾ ਕਿ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਤੇ ਤਰੱਕੀ ਵੀ ਸੁੱਖ ਨਾਲ ਚੰਗੀ ਆ। ਜਿੱਦਾਂ ਕਿ ਸਾਢੇ ਤਿੰਨ ਰੁਪਏ ਤੋਂ ਲੈ ਕੇ ਕਣਕ ਦੀਆਂ ਬੋਰੀਆਂ। ਇਹ ਸਭ ਪਿੰਡ ਵਾਲਿਆਂ ਦੇ ਯਕੀਨ ਦੀ ਗੱਲ ਹੈ ਅਤੇ ਦੂਸਰਾ ਡਾਕਟਰ ਦੀ ਮਿੱਠੀ ਬੋਲ ਬਾਣੀ। ਵਿਚਾਰੇ ਪੁਰਾਣੇ ਬਜ਼ੁਰਗ ਕਈ ਤਾਂ ਬਹੁਤੇ ਚੜ੍ਹਾਈ ਕਰ ਗਏ। ਪਰ ਉਨ੍ਹਾਂ ਦੇ ਕਹੇ ਬੋਲ ਸੱਚੇ ਹੋਏ ਕਿ ਇਹਨੇ ਪੈਰ ਜਮ੍ਹਾ ਜਾਣੇ ਐਂ ਆਪਣੇ ਪਿੰਡ ਵਿਚ। ਹੁਣ ਤਾਂ ਡਾਕਟਰ, ਡਾਕਟਰ ਤੋਂ ਡਾਕਟਰ ਸਾਹਿਬ ਜੀ ਬਣ ਚੁੱਕਾ ਹੈ। ਇਕ ਤਰ੍ਹਾਂ ਨਾਲ ਪਿੰਡ ਦਾ ਵਸਨੀਕ ਹੈ। ਹਰ ਇਕ ਪਿੰਡ ਵਾਲੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ।
ਖੈਰ! ਵਸਦਾ ਰਸਦਾ ਰਹੇ ਡਾਕਟਰ ਪੰਨਾ ਲਾਲ, ਜਿਹੜਾ ਪਿਛਲੇ ਦੋ ਦਹਾਕਿਆਂ ਤੋਂ ਦੁਕਾਨ ਖੋਲ੍ਹ ਕੇ ਪਿੰਡ ਵਾਸੀਆਂ ਦੀ ਸੇਵਾ ਕਰ ਰਿਹਾ ਹੈ ਅਤੇ ਲਗਾਤਾਰ 'ਫਲੂ' ਅਤੇ 'ਖੰਘ' ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਪਹਿਲਾਂ ਹੀ 'ਖਬਰਦਾਰ' ਕਰ ਦਿੰਦਾ ਹੈ।