ਕਹਾਣੀ : ਦੋ ਗੁੱਤਾਂ
ਰੋਜ਼ੀ ਸਿੰਘ
ਭਲਾ
ਇੰਝ ਵੀ ਕਦੀ ਹੋਇਆ ਏ, ਬਈ ਕੋਈ ਤਰਸ ਦੇ ਅਧਾਰ 'ਤੇ ਕਿਸੇ ਨੂੰ ਦਿਲ ਦੇ ਦੇਵੇ। ਬੜੀ ਅਜੀਬ ਏ ਇਹ
ਗੱਲ । ਤਰਸ ਖਾ ਕਿ ਕੋਈ ਕਿਸੇ ਨੂੰ ਰੋਟੀ ਖੁਆ ਸਕਦਾ ਏ, ਪੈਸੇ ਦੇ ਸਕਦਾ ਏ ਤੇ ਉਸ ਨੂੰ ਨੌਕਰੀ ਤੇ
ਰੱਖ ਸਕਦਾ ਏ, ਪਰ ਇਹ ਕੀ ਗੱਲ ਹੋਈ ਬਈ ਤਰਸ ਖਾ ਕਿ ਕੋਈ ਆਪਣਾ ਦਿਲ ਕਿਸੇ ਨੂੰ ਦੇ ਦੇਵੇ, ਕੋਝੀ ਜਹੀ
ਗੱਲ ਏ ਇਹ।
ਖੋਰੇ ਕੋਣ ਪਿਆ ਦੱਸਦਾ ਸੀ ਉਸ ਜੰਗਲੀ ਜਿਹੇ ਬੰਦੇ ਦੀ ਗੱਲ। ਆਖਦਾ ਪਿਆ ਸੀ ਕਿ ਉਹ ਜੰਗਲੀ ਜਿਹਾ
ਬੰਦਾ ਬੜਾ ਅਜੀਬ ਪਿਆ ਲਗਦੈ। ਉਹ ਢਾਬੇ ਦਾ ਕੰਮ ਕਰਦਾ ਏ, ਤੇ ਮੁਰਗੇ ਤਲਣ ਵੇਲੇ ਜਿਹੜਾ ਧੂਆ ਉਠਦਾ
ਉਹ ਉਸ ਦੇ ਕਾਲੇ ਰੰਗ ਦੇ ਚਿਹਰੇ 'ਤੇ ਵਿਛਦਾ ਜਾਂਦਾ । ਉਸ ਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ
ਨੇ । ਸ਼ਕਲ ਇਸ ਤਰਾ੍ਹਂ ਦੀ ਏ ਕਿ ਵੇਖ ਕਿ ਕਚਿਆਣ ਆਣ ਲੱਗ ਜਾਂਦੀ ਏ, ਤੇ ਬੰਦਾ ਦੂਜੇ ਪਾਸੇ ਮੂੰਹ
ਫੇਰਨ ਲਈ ਮਜਬੂਰ ਹੋ ਜਾਂਦੈ । ਖੌਰੇ ਉਸ ਦੇ ਢਾਬੇ 'ਤੇ ਆਉਂਦੇ ਗਾਹਕ ਉਸ ਦੀ ਸ਼ਕਲ ਦੀ ਮਾਜੂਦਗੀ
ਵਿੱਚ ਕਿਵੇਂ ਮੁਰਗੇ ਦੀਆਂ ਤਲੀਆਂ ਟੰਗਾਂ ਪਏ ਖਾਈ ਜਾਂਦੇ ਨੇ । ਕਾਲਾ ਕਲੂਟਾ, ਜੰਗਲੀ । ਗਾਹਕਾਂ
ਵਿੱਚੋਂ ਰੋਜ਼ ਆਉਂਣ ਵਾਲੇ ਬੰਦੇ ਉਸ ਨੂੰ ਕਦੀ ਕਦੀ ਸ਼ਰਾਬ ਵੀ ਪਿਲਾ ਦਿੰਦੇ ਜਿਹੜੀ ਉਹਨਾਂ ਕੋਲੋਂ ਬਚ
ਜਾਂਦੀ ।
ਉਂਝ ਉਸਦਾ ਢਾਬਾ ਚੱਲਦਾ ਬਹੁ਼ਤ ਏ । ਸ਼ਾਮ ਨੂੰ ਤਾਂ ਉਸ ਨੂੰ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ। ਸਿਰ-
ਉਫ, ਜਦੋਂ ਉਸ ਦੇ ਸਿਰ ਵੱਲ ਧਿਆਨ ਜਾਂਦੈ ਤਾਂ ਇੰਝ ਲਗਦੈ ਪਈ ਉਹ ਪਤਾ ਨਹੀਂ ਕਿੰਨੀ ਦੇਰ ਦਾ ਨਹਾਤਾ
ਹੀ ਨਾ ਹੋਵੇ । ਪੈਰਾਂ ਦੀਆਂ ਅੱਡੀਆਂ ਅਤੇ ਗਿੱਟਿਆਂ 'ਤੇ ਮੈਲ ਦੀ ਇਕ ਮੋਟੀ ਪਰਤ ਪਈ ਜੰਮੀ ਏ। ਭੱਠੀ
ਦੇ ਸੇਕ ਨਾਲ ਉਸ ਦਾ ਕਾਲਾ ਚਿਕਣਾਂ ਚਿਹਰਾ ਹੋਰ ਵੀ ਜਿਆਦਾ ਚਮਕਣਾ ਭਰਿਆ ਤੇ ਡਰਾਉਣਾ ਪਿਆ ਲਗਦੈ ।
ਘੋਗੜ ਕਾਂ ਵਰਗੀ ਉਸ ਦੀ ਅਵਾਜ ਹੋਰ ਵੀ ਜਿਆਦਾ ਡਰਾਉਣੀ ਏ । ਮੁੰਹ 'ਤੇ ਹਮੇਸਾਂ ਗੰਦੀਆਂ ਗੰਦੀਆਂ
ਗਾਲਾਂ । ਵਹਿਸ਼ੀਆਂ ਵਾਂਗੂੰ ਉਹ ਬਜਾਰ ਵਿੱਚ ਹਰ ਆਉਂਦੇ ਜਾਂਦੇ ਨੂੰ ਅੱਖਾਂ ਫਾੜ ਫਾੜ ਕਿ ਵੇਖਦਾ ਤੇ
ਨਾਲੋ ਨਾਲ ਤੇਲ ਵਾਲੀ ਕੜਾਹੀ ਵਿੱਚ ਮਾਸ ਪਿਆ ਤਲਦਾ ਰਹਿੰਦਾ ।
ਜਿਥੇ ਉਹ ਰਹਿੰਦਾ ਸੀ ਉਸ ਦੇ ਸਾਹਮਣੇ ਵਾਲੇ ਖਾਲੀ ਪਏ ਮਕਾਨ ਵਿੱਚ ਨਵੇਂ ਮਾਲਕ ਆ ਗਏ ਸੀ । ਕਿਸੇ
ਪਿੰਡ ਤੋਂ ਆਏ ਇਹਨਾਂ ਨਵੇ ਮਾਲਕਾਂ ਦੀ ਇਕ ਜਵਾਨ ਤੇ ਖੂਬਸੂਰਤ ਕੁੜੀ, ਕਾਲਜ ਵਿੱਚ ਬੀ.ਏ ਦੇ ਆਖਰੀ
ਸਾਲ ਵਿੱਚ ਪੜਦੀ ਏ । ਪਤਲੀ ਜਹੀ ਛਮਕ ਵਰਗੀ, ਬਿਜਲੀ ਵਾਂਗ ਦੋੜਦੀ ਤੇ ਉਡਾਰੀਆਂ ਲਾਉਦੀ । ਆਰਜੂ
...... ਕਿੰਨਾਂ ਪਿਆਰਾ ਨਾਮ ਏ, ਆਰਜੂ....... । ਸੋਹਣੀ ਏਨੀ ਕਿ ਹਰ ਕੋਈ ਉਸ ਵੱਲ ਵੇਖਦਾ ਵੇਖਦਾ
ਅੱਗੇ ਕਿਸੇ ਚੀਜ਼ ਵਿੱਚ ਜਾ ਵੱਜਦਾ । ਕਈ ਵਾਰੀ ਸ਼ਾਮ ਨੂੰ ਉਹ ਕੋਠੇ 'ਤੇ ਆ ਚੜਦੀ, ਪਰ ਜਦੋ ਉਸ ਨੂੰ
ਪਤਾ ਲਗਦਾ ਕਿ ਬਾਕੀ ਕੋਠਿਆਂ 'ਤੇ ਚੜੇ ਲੋਕ ਸਭ ਉਸ ਵੱਲ ਪਏ ਝਾਕਦੇ ਨੇ ਤਾਂ ਉਸ ਨੂੰ ਥੱਲੇ ਜਾਣ ਲਈ
ਮਜਬੂਰ ਹੋਣਾ ਪੈਦਾ । ਜਦ ਉਹ ਕਿਤੇ ਹੱਸਦੀ ਤਾਂ ਇੰਝ ਲਗਦਾ ਜਿਵੇ ਕੰਨਾ ਵਿੱਚ ਘੁੰਗਰੂ ਪਏ ਵੱਜਦੇ
ਹੋਣ । ਚਿੱਟਾ ਦੁੱਧ ਰੰਗ, ਸੂਰਖ ਗੱਲਾ੍ਹਂ ਪਤਲੇ ਪਤਲੇ ਧਿਰਕਦੇ ਬੁੱਲ੍ਹ । ਕਮਾਲ ਦੀ ਕੁੜੀ ਏ ਆਰਜੂ
। ਜਦ ਦੀ ਉਹ ਇਸ ਮਕਾਨ ਵਿੱਚ ਆਈ ਏ ਮੁਹੱਲੇ ਦੇ ਮੁੰਡੇ ਤਾਂ ਕੀ ਬੁੱਢੇ ਠੇਰੇ ਵੀ ਟੌਰ ਕੱਢਣ ਲੱਗ
ਪਏ ਨੇ ।
ਢਾਬੇ ਵਾਲੇ ਅਤੇ ਆਰਜੂ ਦਾ ਘਰ ਬਿਲਕੁਲ ਆਹਮੋ-ਸਾਹਮਣੇ ਨੇ, ਬਸ ਵਿੱਚਕਾਰ ਇਕ ਨਿੱਕੀ ਜਿਹੀ ਗਲੀ ਏ।
ਬਸ ਏਨੀ ਕੁ ਗਲੀ ਕੇ ਕੋਠੇ ਦੀ ਛੱਤ 'ਤੇ ਚੜ ਕੇ ਬੰਦਾ ਛਾਲ ਮਾਰ ਕਿ ਗਲੀ ਪਾਰ ਕਰ ਸਕਦਾ ਏ । ਇਕ
ਦਿਨ ਜਦ ਆਰਜੂ ਛੱਤ 'ਤੇ ਚੜੀ ਤਾ ਉਸ ਦਾ ਧਿਆਨ ਸਾਹਮਣੇ ਘਰ ਦੀ ਛੱਤ 'ਤੇ ਖੜੇ ਢਾਬੇ ਵਾਲੇ 'ਤੇ ਪਿਆ।
ਪਹਿਲਾ ਤਾਂ ਉਹ ਇਕ ਦਮ ਤ੍ਰਬਕ ਗਈ, ਕਿੰਨੀ ਦੇਰ ਉਸ ਨੂੰ ਉਸ ਅਜੀਬ ਜਹੇ ਜੰਗਲੀ ਮੁੰਡੇ ਦੀ ਸ਼ਕਲ ਹੀ
ਸਮਝ ਵਿੱਚ ਨਾ ਆਈ । ਆਰਜੂ ਨੂੰ ਵੇਖਣ ਤੋਂ ਬਾਅਦ ਉਹ ਜਦੋ ਹੱਸਿਆ ਤਾਂ ਸ਼ਾਮ ਦੇ ਹਨੇਰੇ ਵਿੱਚ ਉਸ ਦੇ
ਕਾਲੇ ਰੰਗ ਦੇ ਮੂੰਹ ਵਿੱਚੋਂ ਸਿਰਫ ਉਸ ਦੇ ਦੰਦ ਹੀ ਦਿਖਾਈ ਦਿੱਤੇ। ਜੋ ਤੰਬਾਕੂ ਤੇ ਗੁਟਕੇ ਖਾ ਖਾ
ਪੀਲੇ ਹੋਏ ਪਏ ਸੀ। ਆਰਜੂ ਨੇ ਮੂੰਹ ਘੁਮਾ ਕਿ ਉਸ ਵੱਲ ਪਿਠ ਕਰ ਲਈ ਤੇ ਕੁਝ ਦੇਰ ਖੜੀ ਰਹਿਣ ਪਿਛੋ
ਥੱਲੇ ਉਤਰ ਆਈ। ਅੱਜ ਢਾਬੇ ਵਾਲੇ ਨੇ ਛੁੱਟੀ ਕੀਤੀ ਸੀ ਤੇ ਉਹ ਅਚਾਨਕ ਹੀ ਕੋਠੇ ਤੇ ਚੜਿਆ ਸੀ, ਤੇ
ਉਸਨੂੰ ਆਰਜੂ ਦੇ ਦਰਸ਼ਨ ਹੋ ਗਏ। ਉਸਨੂੰ ਲੱਗਾ ਜਿਵੇ ਚੰਨ ਧਰਤੀ ਤੇ ਉਤਰ ਆਇਆ ਹੋਵੇ ਤੇ ਉਤਰਿਆ ਵੀ
ਉਹਨਾਂ ਦੇ ਕੋਠੇ 'ਤੇ ਹੋਵੇ
ਹੁਣ ਉਹ ਰੋਜ ਸ਼ਾਮ ਨੂੰ ਢਾਬੇ ਤੋਂ ਕੁਝ ਦੇਰ ਆਪਣੇ ਘਰ ਆ ਜਾਂਦਾ ਤੇ ਕੋਠੇ ਚੜ ਕੇ ਆਰਜੂ ਨੂੰ ਵੇਖਦਾ
। ਉਸ ਨੇ ਢਾਬੇ 'ਤੇ ਇਕ ਛੋਟਾ ਮੁੰਡਾ ਰੱਖ ਲਿਆ ਸੀ ਤਾਂ ਕਿ ਗਾਹਕ ਮੁੜ ਨਾ ਜਾਣ । ਉਹ ਰੋਜ਼ ਸ਼ਾਮ
ਨੂੰ ਆਪਣੇ ਘਰ ਦੀ ਛੱਤ 'ਤੇ ਆਣ ਚੜਦਾ ਤੇ ਘੰਟਾ ਕੁ ਪਿਆ ਉਡੀਕਦਾ ਰਹਿੰਦਾ, ਜਦੋ ਆਰਜੂ ਛੱਤ 'ਤੇ
ਆਉਦੀ ਤਾਂ ਉਹ ਉਸ ਵੱਲ ਤੱਕ ਕੇ ਹੱਸਣ ਲੱਗ ਪੈਦਂਾ । ਆਰਜੂ ਵੀ ਹੁਣ ਉਸ ਦੇ ਹਾਸੇ ਦਾ ਜਵਾਬ ਥੋੜਾ
ਕੁ ਮੁਸ਼ਕਰਾ ਕੇ ਦੇ ਦਿੰਦੀ ਤੇ ਉਸ ਵੱਲ ਪਿਠ ਕਰਕੇ ਖਲੋ ਜਾਂਦੀ । ਸ਼ਾਇਦ ਉਹ ਸਮਝਦੀ ਸੀ ਕਿ ਗੁਆਂਢੀ
ਏ, ਤੇ ਇਸ ਨੇ ਇਥੇ ਹੀ ਰਹਿਣਾ ਹੈ, ਅਤੇ ਗੁਆਂਢੀਆਂ ਨਾਲ ਬੰਦੇ ਦਾ ਮਿਲਵਰਤਨ ਚੰਗਾ ਹੋਣਾ ਚਾਹੀਦਾ
ਹੈ, ਪਰ ਉਹ ਢਾਬੇ ਵਾਲਾ ਉਸ ਦੀ ਮੁਸਕਰਾਹਟ ਨੂੰ ਕੁੱਝ ਹੋਰ ਹੀ ਪਿਆ ਸਮਝਦਾ, ਤੇ ਅੰਦਰ ਹੀ ਅੰਦਰ
ਖੁਸ਼ ਪਿਆ ਹੁੰਦਾ ਰਹਿੰਦਾ। ਉਹ ਰੋਜ ਕੋਠੇ 'ਤੇ ਚੜਦਾ ਤੇ ਆਰਜੂ ਨੂੰ ਵੇਖਣ ਤੋਂ ਬਿਨਾਂ ਉਸ ਨੂੰ ਸਬਰ
ਨਾ ਆਉਂਦਾ । ਆਰਜੂ ਪਤਾ ਨਹੀਂ ਇਨਸਾਨੀਅਤ ਦੇ ਭਾਵ ਨਾਲ ਤੇ ਜਾਂ ਖੋਰੇ ਇੱਕ ਚੰਗੇ ਗੁਆਂਢੀ ਦੇ ਫਰਜ
ਨਾਲ ਉਸ ਦੀ ਕਿਸੇ ਕਿਸੇ ਗੱਲ ਦਾ ਕਦੇ ਕਦੇ ਜਵਾਬ ਦੇ ਦਿੰਦੀ । ਉਹ ਢਾਬੇ ਵਾਲਾ ਮੁੰਡਾ ਹੁਣ ਕੁਝ
ਜਿਆਦਾ ਹੀ ਸੱਜਣ ਫੱਬਣ ਲੱਗ ਪਿਆ, ਅੱਡੀਆਂ ਅਤੇ ਗਿੱਟਿਆਂ 'ਤੇ ਜੰਮੀ ਮੈਲ ਉਸ ਧੋ ਸੁੱਟੀ ਸੀ । ਵਾਲਾਂ
ਨੂੰ ਉਸ ਸ਼ੈਪੂਂ ਨਾਲ ਸਾਫ ਕੀਤਾ । ਹੁਣ ਉਹ ਨਵੇਂ ਕੱਪੜੇ ਪਾ ਕੇ ਕੋਠੇ 'ਤੇ ਚੜਦਾ ।
ਮਕਾਨ 'ਚ ਆਏ ਨਵੇ ਮਾਲਕਾਂ ਦੀ ਹੁਣ ਸਾਰੀ ਗਲੀ ਵਿੱਚ ਵਾਕਫੀ ਹੋ ਗਈ ਸੀ। ਕਦੀ ਕਦੀ ਆਰਜੂ ਦੀ ਮਾਂ
ਅਤੇ ਆਰਜੂ ਆਪਣੇ ਦਰਵਾਜੇ ਅੱਗੇ ਖਲੋ ਕੇ ਢਾਬੇ ਵਾਲੇ ਦੀ ਮਾਂ ਨਾਲ ਗੱਲਾਂ ਵੀ ਕਰ ਲੈਦੀਆਂ ਤੇ ਕਦੇ
ਕਦੇ ਢਾਬੇ ਵਾਲੇ ਦੀ ਮਾਂ ਆਰਜੂ ਦੇ ਘਰ ਆ ਜਾਂਦੀ, ਤੇ ਉਹ ਆਪਣੀ ਮਾਂ ਨੂੰ ਬੁਲਾਉਣ ਦੇ ਬਹਾਨੇ ਆਰਜੂ
ਦੇ ਘਰ ਚਲਾ ਜਾਂਦਾ ।
ਘਰ ਬਿਲਕੁਲ ਲਾਗੇ ਹੋਣ ਕਾਰਨ ਹੁਣ ਆਰਜੂ ਵੀ ਢਾਬੇ ਵਾਲੇ ਨਾਲ ਗੱਲਾਂ ਵਗੈਰਾ ਕਰ ਲੈਂਦੀ। ਢਾਬੇ ਵਾਲਾ
ਆਰਜੂ ਦੀ ਇਸ ਮਿਹਰਬਾਨੀ ਨੂੰ ਆਪਣੇ ਖਿਆਲਾਂ ਵਿੱਚ ਸਮੋਈ ਜਾਂਦਾ । ਕਈ ਵਾਰੀ ਤਾਂ ਸਵੇਰੇ ਜਦ ਉਹ
ਕਾਲਜ ਜਾਂਦੀ ਤਾਂ ਉਸ ਦੇ ਪਿਛੇ ਟੁਰ ਪੈਂਦਾ। ਆਰਜੂ ਹੁਣ ਐਮ.ਏ. ਦੇ ਪਹਿਲੇ ਸਾਲ ਵਿੱਚ ਏ। ਇਕ ਦਿਨ
ਢਾਬੇ ਵਾਲੇ ਮੁੰਡੇ ਨੇ ਆਪਣੀ ਸਾਰੀ ਹਿੰਮਤ ਜੁਟਾ ਕੇ ਉਸ ਨੂੰ ਆਖਿਆ ''ਤੁਸੀ ਦੋ ਗੁੱਤਾਂ ਕਿਊਂ ਨਈ
ਕਰਦੇ ਡਾਢੀਆਂ ਸੋਹਣੀਆਂ ਲੱਗਣਗੀਆਂ ਤੁਹਾਨੂੰ'' ਉਸ ਦੀ ਅਵਾਜ ਵਿੱਚ ਏਨਾ ਤਰਲਾ ਸੀ ਕਿ ਆਰਜੂ ਨੂੰ
ਪ਼ਤਾ ਨਹੀਂ ਕਿਊ ਂਉਸ ਦੀਆਂ ਬਰੰਟਿਆਂ ਵਰਗੀਆਂ ਅੱਖਾਂ 'ਤੇ ਤਰਸ ਆ ਗਿਆ ।
ਆਰਜੂ ਇਕ ਸਿਆਣੀ ਕੁੜੀ ਏ ਤ਼ੇ ਪੜੀ ਲਿਖੀ, ਉਸ ਨੇ ਸੋਚਿਆ ਕਿ ਇਨਸਾਨ ਤਾਂ ਇਨਸਾਨ ਹੀ ਹੁੰਦੈ ਤੇ
ਇਨਸਾਨ ਦਾ ਦਿਲ......! ਉਸ ਨੇ ਸੋਚਿਆ ਕਿ ਇਸ ਦੀਆਂ ਆਪਣੀਆਂ ਕੁਝ ਭਾਵਨਾਵਾਂ ਹੋਣਗੀਆਂ ਭਾਵੇ ਕਿ
ਉਹ ਕਾਲਾ ਹੈ ਤੇ ਸ਼ਕਲ ਤੋ ਂਜੰਗਲੀ ਏ ਪਰ ਉਸ ਦੇ ਇਸ ਤਰ੍ਹਾਂ ਦਾ ਹੋਣ ਵਿੱਚ ਉਸ ਦਾ ਆਪਣਾ ਤਾਂ ਕੋਈ
ਕਸੂਰ ਨਹੀਂ ਏ । ਆਰਜੂ ਨੇ ਸੋਚਿਆ ਕਿ ਉਸ ਦਾ ਦਿਲ ਖੁਸ਼ ਕਰਨ ਲਈ ਉਹ ਦੋ ਗੁੱਤਾਂ ਜਰੂਰ ਕਰੇਗੀ। ਅਗਲੇ
ਦਿਨ ਜਦ ਆਰਜੂ ਛੱਤ ਤੇ ਚੜੀ ਤਾਂ ਉਸ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸੀ। ਜਦ ਢਾਬੇ ਵਾਲੇ ਨੇ ਉਸ
ਨੂੰ ਵੇਖਿਆ ਤਾਂ ਅੰਦਰ ਹੀ ਅੰਦਰ ਉਸ ਦੇ ਦਿਲ ਦਿਮਾਗ ਵਿੱਚ ਸਹਿਨਾਈਆਂ ਵੱਜਣ ਲੱਗ ਪਈਆਂ ਉਸ ਨੂੰ
ਇੰਝ ਲੱਗਾ ਜਿਵੇ ਹੁਣ ਤੱਕ ਦੀ ਵਰੇਸ ਵਿੱਚ ਉਸ ਵੱਲੋਂ ਮੰਗੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ
ਹੋਣ। ਉਹ ਜਦੋ ਹੱਸਿਆ ਤਾਂ ਵਰਾਸ਼ਾਂ ਤੱਕ ਉਸ ਦੇ ਮੈਲੇ ਸਫੇਦ ਦੰਦ ਬਾਹਰ ਤੱਕ ਦਿਖਾਈ ਦਿੱਤੇ ਜਿਹੜੇ
ਕਿ ਤਮਾਕੂ ਤੇ ਪਾਨ ਖਾ ਖਾ ਕਿ ਪੀਲੇ ਹੋਏ ਪਏ ਸੀ।
ਹੁਣ ਜਦ ਆਰਜੂ ਕਾਲਜ ਲਈ ਤਿਆਰ ਹੋ ਕਿ ਘਰੋਂ ਟੁਰਦੀ ਤਾਂ ਉਹ ਉਸ ਦੇ ਪਿਛੇ ਕਾਲਜ ਦੇ ਗੇਟ ਤੱਕ ਵੀ
ਚਲੇ ਜਾਂਦਾ । ਉਸ ਦੇ ਇਸ ਤਰਾਂ ਕਰਨ ਨਾਲ ਆਰਜੂ ਦੀਆਂ ਸਹੇਲੀਆਂ ਉਸ ਨੂੰ ਸਤਾਉਣ ਲਈ ਕਈਂ ਵਰੀ ਕਹਿ
ਦਿੰਦੀਆਂ ''ਆਰਜੂ ਤੇਰਾ ਬੁਆਏ ਫਰੈਡ ਬੜਾ ਘੈਟਂ ਏਅ ਯਾਰ'' ਉਹ ਹਸ ਕਿ ਟਾਲ ਛੱਡਦੀ। ਛੁੱਟੀ ਟਾਇਮ
ਵੀ ਉਹ ਉਸ ਦੇ ਕਾਲਜ ਕੋਲ ਆ ਜਾਂਦਾ । ਉਸ ਦੇ ਮੰਨ ਵਿੱਚ ਪਤਾ ਨਹੀਂ ਕੀ ਕੀ ਉਬਾਲੇ ਪਿਆ ਮਾਰ ਰਿਹਾ
ਸੀ। ਕੀ ਆਰਜੂ ਉਸ ਨੂੰ ਪਸੰਦ ਕਰਦੀ ਏ ? ਕੀ ਉਹ ਉਸ ਨੂੰ ਮੁਹੱਬਤ ਕਰਦੀ ਏ ? ਉਹ ਸ਼ੀਸੇ ਮੁਹਰੇ
ਖਲੋਂਦਾਂ ਤਾਂ ਉਸ ਦਾ ਜੀ ਕਰਦਾ ਕੇ ਉਹ ਸ਼ੀਸ਼ੇ ਨੂੰ ਪਾੜ ਕੇ ਉਸ ਵਿੱਚ ਵਿਖਾਈ ਦਿੰਦੀ ਸ਼ਕਲ ਨੂੰ
ਵਲੂਦਰ ਦੇਵੇ । ਉਹ ਮੂੰਹ ਵਿੱਚ ਪਤਾ ਨਹੀਂ ਕੀ ਕੁਝ ਪਿਆ ਬੋਲਦਾ ਤੇ ਫਿਰ ਢਾਬੇ 'ਤੇ ਚਲਾ ਜਾਂਦਾ।
ਕਿੰਨੇ ਸਾਲ ਬੀਤ ਗਏ ਉਹ ਨਿੱਤ ਆਰਜੂ ਨੂੰ ਖੁਦਾ ਵਾਂਗ ਚਾਹੁੰਦਾ ਰਿਹਾ ਪਰ .....!
ਆਰਜੂ ਦੀ ਪੜਾਈ ਖਤਮ ਹੋ ਗਈ ਏ। ਤੇ ਹੁਣ ਉਸ ਦਾ ਵਿਆਹ ਏ। ਇਕ ਦਿੰਨ ਜਦ ਆਰਜੂ ਛੱਤ ਤੇ ਵਾਲ ਖੁੱਲੇ
ਛੱਡ ਕੇ ਖੜੀ ਤਾਂ ਢਾਬੇ ਵਾਲੇ ਨੇ ਉਸ ਦੇ ਕੋਲ ਆ ਕਿ ਕਿਹਾ ''ਤੁਸੀ ਦੋ ਗੁੱਤਾਂ ਕਿਊਂ ਨਈ ਕਰ ਲੈਦੇ''
ਆਰਂਜੂ ਨੇ ਪਿਛੇ ਵੇਖਿਆ ਤਾਂ ਉਸ ਨੂੰ ਸ਼ਾਮ ਦੇ ਗਹਿਰੇ ਜਿਹੇ ਚਾਨਣ ਵਿੱਚ ਉਸ ਦਾ ਜੰਗਲੀ ਚਿਹਰਾ
ਵਿਖਾਈ ਦਿੱਤਾ। ਉਸ ਦੀਆਂ ਅੱਖਾਂ ਵਿੱਚ ਅਜੀਬ ਤਰਾਂ ਦੀ ਰੋਸ਼ਨੀ ਪਈ ਝਲਕ ਰਹੀ ਸੀ। ਆਰਜੂ ਨੇ ਉਸ ਨੂੰ
ਬੜੀ ਹਮਦਰਦੀ ਨਾਲ ਕਿਹਾ ''ਤੂੰ ਪਾਗਲ ਏ ਂਐਵੇ ਆਪਣਾ ਵਕਤ ਪਿਆ ਬਰਬਾਦ ਕਰਦਾ ਏ ਂ। ਤੇਰਾ ਮੇਰਾ ਮੇਲ
ਈ ਕੀ ਏ । ਤੂੰ ਇਕ ਚੰਗਾ ਮੁੰਡਾ ਏ, ਤੂੰ ਸੋਹਣਾ ਨਹੀਂ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਇਸ ਲਈ
ਮੈਨੂੰ ਤੇਰੇ ਨਾਲ ਹਮਦਰਦੀ ਏ । ਮੈ ਤੇਰੇ ਲਈ ਦੋ ਗੁੱਤਾਂ ਕਾਹਦੇ ਲਈ ਕਰਾਂ।'' ਢਾਬੇ ਵਾਲਾ ਕੁਝ
ਦੇਰ ਚੁੱਪ ਰਹਿ ਕੇ ਬੋਲਿਆ ''ਪਹਿਲਾਂ ਵੀ ਤਾਂ ਤੁਸੀ ਮੇਰੇ ਕਹੇ ਤੇ ਦੋ ਗੁੱਤਾਂ ਕੀਤੀਆਂ ਸੀ''
''ਉਹ ਤਾਂ ਮੈਨੂੰ ਤੇਰੇ ਤੇ ਤਰਸ ਆ ਗਿਆ ਸੀ।'' ਆਰਜੂ ਨੇ ਸਹਿ ਸੁਭਾਅ ਹੀ ਆਖਿਆ। ਇਹ ਸੁਣ ਕੇ ਢਾਬੇ
ਵਾਲਾ ਮੁੰਡਾ ਸੁੰਨ ਹੋ ਗਿਆ । ਉਸ ਨੂੰ ਇੰਝ ਲੱਗਾ ਜਿਵੇ ਸਾਰੀ ਦੁਨੀਆਂ ਦੇ ਨਾਲ ਸ਼ਾਮ ਦਾ ਢਲਦਾ
ਸੂਰਜ ਵੀ ਉਸ ਨੂੰ ਤਰਸ ਦੇ ਅਧਾਰ 'ਤੇ ਹੀ ਵੇਖ ਰਿਹਾ ਏ।
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ