ਘਤਿੱਤੀ ਸ਼ਾਹ

''ਅਮਰਜੀਤ ਸਿੰਘ ਸਿੱਧੂ
ਬੱਧਨੀ ਵਾਲਾ।''

ਮੰਗਲ ਤੇ ਜਗਜੀਤ ਪੜਾਈ ਛੱਡ ਕੇ ਹੋਰ ਹਰ ਕੰਮ ਵਿਚ ਸਕੂਲ ਵਿਚੋ ਪਹਿਲੇ ਨੰਬਰ ਤੇ ਹੀ ਰਹਿੰਦੇ ਸਨ। ਖੇਡਾ ਵਿਚ ਚੰਗੇ ਹੋਣ ਕਰਕੇ ਪੜਾਈ ਬਦਲੇ ਕੁੱਟ ਤੋ ਬਚ ਜਾਂਦੇ ਸਨ ਪਰ ਫਿਰ ਵੀ ਕਦੇ ਨਾ ਕਦੇ ਸਰਾਰਤਾਂ ਵਿਚ ਜਰੂਰ ਡੰਡੇ ਖਾ ਲੈਦੇ ਸਨ। ਇਕ ਦਿਨ ਦੋਹਾਂ ਨੂੰ ਸਰਾਰਤ ਸੁੱਝੀ। ਦੋਵੇ ਪਿਸਾਬ ਕਰਨ ਚਲੇ ਗਏ। ਪਿਸਾਬ ਘਰ ਹਾਕੀ ਦੇ ਗਰਾਉਡ ਦੇ ਅਗਲੇ ਪਾਸੇ ਬਣਾਏ ਹੋਏ ਸਨ। ਇਕ ਪਾਸਾ ਟੀਚਰਾ ਦਾ ਸੀ ਤੇ ਦੂਜਾ ਪਾਸਾ ਵਿਦਿਆਰਥੀਆ ਦਾ। ਮੰਗਲ ਨੇ ਜਗਜੀਤ ਨੂੰ ਸਲਾਹ ਦਿੱਤੀ। ਕਿ ਅੱਜ ਛੁੱਟੀ ਹੋਣ ਮਗਰੋ ਆਪਾ ਇਹ ਕੰਮ ਕਰਨਾ ਹੈ। ਛੁੱਟੀ ਹੋਣ ਮਗਰੋ ਜਦੋ ਸਾਰੇ ਵਿਦਿਆਰਥੀ ਚਲੇ ਗਏ। ਇਹ ਦੋਵੇ ਬਾਥਰੂਮ ਕੋਲ ਚਲੇ ਗਏ। ਦੋਵਾ ਨੇ ਟੀਚਰਾ ਵਾਲੇ ਬਾਥਰੂਮ ਵਿਚ ਲਿਖ ਦਿੱਤਾ, ''ਵੇਖੋ ਕੁੱਤਾ ਖੜਾ ਮੂਤ ਕਰ ਰਿਹਾ ਹੈ''। ਲਿਖ ਕੇ ਦੋਵੇ ਘਰ ਨੂੰ ਚਲੇ ਗਏ।
ਅਗਲੇ ਦਿਨ ਸਕੂਲ ਲੱਗਣ ਦੀ ਘੰਟੀ ਵੱਜੀ। ਸਾਰੇ ਵਿਦਿਆਥੀ ਪ੍ਰੇਅਰ ਵਿਚ ਖੜੇ ਸਨ। ਸਾਇੰਸ ਮਾਸਟਰ ਰੇਸਮ ਸਿੰਘ ਨੇ ਸਕੂਟਰ ਖੜਾ ਕੀਤਾ। ਸਰਦੀ ਦੇ ਦਿਨ ਸਨ, ਉਹ ਪਿਸਾਬ ਕਰਨ ਚਲਾ ਗਿਆ। ਪਿਸ਼ਾਬ ਕਰਦੇ ਨੇ ਜਦ ਸਾਹਮਣੇ ਕੰਧ ਤੇ ਨਿਗਾ ਮਾਰੀ ਤੇ ਪੜਿਆ। ਉਹ ਪ੍ਰੇਅਰ ਵਿਚ ਚਲਾ ਗਿਆ। ਪ੍ਰੇਅਰ ਖਤਮ ਹੋਣ ਤੇ ਉਸਨੇ ਹੈਡਮਾਸਟਰ ਨੂੰ ਦੱਸ ਕੇ ਸਾਰੇ ਵਿਦਿਆਥੀ ਉਥੇ ਹੀ ਬਿਠਾ ਲਏ। ਰੇਸਮ ਸਿੰਘ ਨੇ ਪੁਛਿਆ ਜਿਸ ਨੇ ਬਾਥਰੂਮ ਵਿਚ ਸਰਾਰਤ ਕੀਤੀ ਹੈ ਉਹ ਆਪਣੇ ਆਪ ਹੀ ਦੱਸ ਦੇਵੇ। ਨਹੀ ਤਾਂ ਪਤਾ ਤਾਂ ਅਸਫ ਲਾ ਹੀ ਲੈਣਾ ਹੈ। ਰੇਸਮ ਸਿੰਘ ਸਾਰੇ ਟੀਚਰਾ ਵਿਚੋ ਵਧੀਆ ਪੜਾਉਣ ਵਾਲਾ ਤੇ ਸੁਭਾ ਦਾ ਗਰਮ ਸੀ।
ਸ਼ਾਰੇ ਮੁੰਡਿਆਂ ਵਿਚ ਘੁਸਰ-ਮੁਸਰ ਹੋਣ ਲੱਗੀ। ਹਰ ਕੋਈ ਇਕ ਦੂਜੇ ਨੂੰ ਪੁਛ ਰਿਹਾ ਸੀ, ਕੀ ਸਰਾਰਤ ਹੋਈ? ਪਰ ਪਤਾ ਕਿਸੇ ਨੂੰ ਹੋਵੇ ਤਾਂ ਦੱਸੇ। ਇਹ ਦੋਵੇ ਜਾਣੇ ਮੁਸਕੜੀਏ ਹੱਸੀ ਜਾ ਰਹੇ ਸਨ। ਪੀ.ਟੀ ਸੁਖਦੇਵ ਸਿੰਘ ਇਕ ਪਾਸੇ ਤੇ ਹੋਇਆ ਸਾਰਿਆ ਦੇ ਚੇਹਰਿਆਂ ਨੂੰ ਵੇਖ ਰਿਹਾ ਸੀ। ੳੇਸਨੇ ਵੇਖਿਆ ਕਿ ਸਾਰਿਆਂ ਵਿਚੋਂ ਇਹ ਦੋਵੇਂ ਨੀਵੀਂ ਪਾ ਕੇ ਹੱਸ ਰਹੇ ਹਨ। ਬਾਕੀ ਸੋਚਾਂ ਵਿਚ ਪਏ ਹੋਏ ਹਨ। ਪੀ.ਟੀ ਨੇ ਰੇਸ਼ਮ ਸਿੰਘ ਨੂੰ ਆ ਕੇ ਦੱਸਿਆ ਕਿ ਇਸ ਸ਼ਰਾਰਤ ਮੈਨੂੰ ਮੰਗੀ ਤੇ ਜੀਤੀ ਦੀ ਲੱਗਦੀ ਹੈ।
ਰੇਸ਼ਮ ਸਿੰਘ ਨੇ ਆਖਿਆ, ''ਮੰਗਲ ਸਿੰਘ ਤੇ ਜਗਜੀਤ ਸਿੰਘ ਸਟੇਜ਼ ਤੇ ਆ ਜਾਣ।'' ਕੋਲ ਆਇਆ ਨੂੰ ਰੇਸ਼ਮ ਸਿੰਘ ਨੇ ਪੁਛਿਆ, ''ਹਾਂ ਬਈ, ਸੱਚ ਦੱਸ ਦਿਉ ਇਹ ਸ਼ਰਾਰਤ ਤੁਹਾਡੀ ਹੈ। ਨਹੀਂ ਤੁਹਾਨੂੰ ਮੇਰੇ ਸੁਭਾ ਦਾ ਪਤਾ ਹੀ ਹੈ।''
ਦੋਵੇਂ ਜਾਣੇ ਕਹਿਣ ਲੱਗੇ ''ਨਹੀਂ ਸਰ, ਸਾਨੂੰ ਨਹੀਂ ਪਤਾ ਕੀਹਨੇ ਕੀ ਲਿਖਿਆ ਹੈ।''
''ਪੀ.ਟੀ ਸਾਹਿਬ ਸਾਰੀਆਂ ਕਲਾਸਾਂ ਨੂੰ ਕਮਰਿਆ ਵਿਚ ਭੇਜ ਦੇਵੋ।'' ਰੇਸ਼ਮ ਸਿਮਘ ਨੇ ਪੀ.ਟੀ ਨੂੰ ਆਖਿਆ। ਉਹ ਉਨ੍ਹਾਂ ਦੋਨਾਂ ਨੁੰ ਹੈਡਮਾਸਟਰ ਸਾਹਿਬ ਦੇ ਦਫਤਰ ਵਿਚ ਲੈ ਗਿਆ। ਚਪੜਾਸੀ ਨੂੰ ਭੇਜ ਕੇ ਦੋਹਾਂ ਦੇ ਪਿਤਾ ਸੱਦ ਲਏ। ਉਨ੍ਹਾਂ ਦੇ ਸਾਮ੍ਹਣੇ ਇਨ੍ਹਾਂ ਦੀ ਕਾਫੀ ਬੇਇੱਜ਼ਤੀ ਕੀਤੀ। ਦੋਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਕੁਟਿਆ ਵੀ ਅਤੇ ਮੁਆਫੀ ਮੰਗਵਾਈ। ਇਨ੍ਹਾਂ ਨੇ ਸਾਰਾ ਕੁਝ ਜਰ ਲਿਆ। ਕਹਿੰਦੇ ''ਤੁਸੀ ਆਹਦੇ ਹੋ ਮੁਆਫੀ ਮੰਗ ਲੈਂਦੇ ਹਾਂ ਪਰ ਅਸੀਂ ਇਹ ਕੰਮ ਨਹੀਂ ਕੀਤਾ।'' ਮੰਨੇ ਫਿਰ ਵੀ ਨਹੀਂ।
ਦਸਵੀਂ ਕਲਾਸ ਵਿਚੋਂ ਫ਼ੇਲ ਹੋ ਕੇ ਦੋਵੇਂ ਘਰ ਦਾ ਕੰਮ ਕਰਨ ਲੱਗੇ। ਪਰ ਆਦਤਾਂ ਪਹਿਲੀਆਂ ਹੀ ਰੱਖੀਆਂ।
ਸਬੱਬ ਨਾਲ ਜਗਜੀਤ ਦੇ ਮਾਮੇ ਦਾ ਪੁਤ ਕਨੇਡਾ ਵਿਚੋਂ ਆਇਆ। ਉਸ ਨੇ ਵਿਆਹ ਕਰਾਉਣਾ ਸੀ। ਜਗਜੀਤ ਦੇ ਪਿਤਾ ਦੇ ਕਹਿਣ ਤੇ ਉਨ੍ਹਾਂ ਨੇ ਦੋ ਕੁੜੀਆਂ ਵਾਲੀ ਮੰਗ ਰੱਖ ਲਈ। ਦੂਸਰੂ ਲੜਕੀ ਦਾ ਰਿਸ਼ਤਾ ਉਨ੍ਹਾਂ ਨੇ ਪਹਿਲਾਂ ਹੀ ਜਗਜੀਤ ਲਈ ਪੱਕਾ ਕਰਵਾ ਦਿੱਤਾ। ਕੁਝ ਸਮੇਂ ਬਾਅਦ ਜਗਜੀਤ ਕਨੇਡਾ ਚਲਾ ਗਿਆ। ਉਥੇ ਜਾ ਕੇ ਸਾਰੀਆਂ ਸ਼ਰਾਰਤਾਂ ਭੁਲ ਗਿਆ। ਸਿਰਫ ਕੰਮ ਹੀ ਪੱਲੇ ਰਹਿ ਗਿਆ।
ਪੰਜਾਬ ਵਿਚ ਚੱਲ ਰਹੀ ਐਜੀਟੇਸਨ ਕਾਫੀ ਜ਼ੋਰ ਫੜ ਗਈ ਸੀ। ਮਾਹੌਲ ਹੀ ਅਜਿਹਾ ਬਣ ਗਿਆ ਸੀ ਕਿ ਨੌਜਵਾਨ ਕੇਸ਼ ਦਾਹੜੀਆਂ ਰੱਖਣ ਲੱਗ ਪਏ। ਬਹੁਤ ਨੌਜਵਾਨ ਸੰਤ ਭਿੰਡਰਾਂ ਵਾਲੇ ਦੀ ਕਮਾਂਡ ਹੇਠ ਇਕੱਠੇ ਹੋ ਰਹੇ ਸਨ।
ਮੰਗਲ ਸਿੰਘ ਪਹਿਲਾਂ ਤੋਂ ਅਜਿਹੇ ਸੁਭਾ ਦਾ ਮਾਲਕ ਸੀ। ਉਹ ਜਿਸ ਪਾਸੇ ਵੇਖਦਾ ਉਸ ਪਾਸੇ ਹੀ ਤੁਰ ਪੈਂਦਾ ਸੀ। ਉਹ ਵੀ ਅੰਮ੍ਰਿਤ ਛੱਕ ਕੇ ਅੰਮ੍ਰਿਤਸਰ ਚਲਿਆ ਗਿਆ। ਉਥੇ ਰਹਿ ਕੇ ਇਸਨੇ ਗੁਰਬਾਣੀ ਦੀ ਸੰਥਿਆ ਲਈ। ਜ਼ਦ ਕਦੇ ਪਿੰਡ ਆਉਣਾ ਗੁਰਦੁਆਰੇ ਜਾ ਕੇ ਪਾਠ ਕਰਨਾ। ਪਿੰਡ ਦੇ ਹੋਰ ਨੌਜਵਾਨਾਂ ਨੂੰ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਬਣਨ ਲਈ ਪ੍ਰੇਰਨਾ ਦੇਣੀ।
ਪਿੰਡ ਦੇ ਕਾਗਰਸੀ ਸਰਪੰਚ ਨੇ ਸਾਰੀ ਸੀ.ਆਈ.ਡੀ ਪੁਲਿਸ ਨੂੰ ਦੇ ਦਿੱਤੀ। ਇਕ ਦਿਨ ਪਿੰਡ ਆਏ ਮੰਗਲ ਨੂੰ ਪੁਲਿਸ ਨੇ ਘੇਰਾ ਪਾ ਲਿਆ। ਪਰ ਇਹ ਕਿਸੇ ਤਰ੍ਹਾਂ ਪੁਲਿਸ ਦੇ ਹੱਥੋਂ ਨਿਕਲਣ ਵਿਚ ਕਾਮਯਾਬ ਹੋ ਗਿਆ। ਉਸ ਤੋਂ ਮਗਰੋਂ ਇਹ ਪਿੰਡ ਰਾਤ ਬਰਾਤੇ ਆਉਂਦਾ।
ਦਰਬਾਰ ਸਾਹਿਬ ਤੇ ਹਮਲੇ ਤੋਂ ਮਗਰੋਂ। ਮੰਗਲ ਸਿਰ ਕੱਢ ਲੀਡਰਾਂ ਵਿਚ ਗਿਣਿਆ ਜਾਣ ਲੱਗਾ। ਕਈ ਥਾਵਾਂ ਤੇ ਇਨ੍ਹਾਂ ਦੀ ਪੁਲਿਸ ਨਾਲ ਟਾਕਰਾ ਹੋਇਆ। ਪਰ ਹਰ ਵਾਰ ਹੀ ਇਹ ਪੁਲਿਸ ਦਾ ਨੁਕਸ਼ਾਨ ਕਰਕੇ ਨਿਕਲਣ ਵਿਚ ਕਾਮਯਾਬ ਹੋ ਜਾਂਦੇ।
ਪੁਲਿਸ ਨੇ ਮੰਗਲ ਦੇ ਸਿਰ ਦਾ ਪੰਜ ਲੱਖ ਮੁਲ ਰੱਖ ਦਿੱਤਾ। ਇਸ ਦੇ ਘਰ ਦਿਆਂ ਨੂੰ ਪੁਲਿਸ ਤੰਗ ਕਰਦੀ ਸੀ। ਉਹ ਤਸੱਸਦ ਝੱਲਦੇ-ਝੱਲਦੇ ਪਤਾ ਨਹੀਂ ਪਿੰਡ ਛੱਡ ਕੇ ਕਿਧਰ ਚਲੇ ਗਏ।
ਇਕ ਦਿਨ ਅਖਬਾਰ ਵਿਚ ਖਬਰ ਛਪੀ। ਖੂਖਾਰ ਅੱਤਵਾਦੀ ਮੰਗਲ ਸਿੰਘ ਤੇ ਉਸਦੇ ਤਿੰਨ ਸਾਥੀ ਟੱਲੇ ਵਾਲੇ ਪੁਲ ਤੇ ਪੁਲਿਸ ਮੁਕਾਬਲੇ ਵਿਚ ਹਲਾਕ। ਉਸ ਦਿਨ ਤੋਂ ਮਗਰੋਂ ਲੋਕਾਂ ਨੇ ਸਮਝ ਲਿਆ ਕਿ ਮੰਗਲ ਪੁਲਿਸ ਨੇ ਮਾਰ ਦਿੱਤਾ। ਉਸ ਦੇ ਦੋਸਾਂ ਨੇ ਗੁਰਦੁਆਰੇ ਵਿਚ ਉਸ ਦੇ ਨਾਮ ਦਾ ਅਖੰਡ ਪਾਠ ਕਰਵਾ ਕੇ ਅੰਤਿਮ ਅਰਦਾਸ ਕਰਵਾ ਦਿੱਤੀ।
ਜਗਜੀਤ ਕਨੇਡਾ ਤੋਂ ਆਇਆ। ਉਸ ਦਾ ਛੋਟਾ ਭਰਾ ਵਰਕਸ਼ਾਪ ਵਿਚ ਟ੍ਰੈਕਟਰ ਦੀ ਰੀਪੇਅਰ ਕਰਵਾ ਰਿਹਾ ਸੀ। ਜਗਜੀਤ ਨੇ ਸਕੂਟਰ ਲਿਆ। ਉਨ੍ਹਾਂ ਕੋਲ੍ਹ ਵਰਕਸ਼ਾਪ ਵਿਚ ਚਲਿਆ ਗਿਆ। ਮੁਕਤਸਰੀਆ ਨਛੱਤਰ ਮਿਸਤਰੀ ਜਗਜੀਤ ਨੂੰ ਹੱਸਣ ਲੱਗਾ। ''ਕਨੇਡਾ ਵਾਲਾ ਸਕੂਟਰ ਤੇ ਚੰਗਾ ਨਹੀਂ ਲੱਗਦਾ। ਗੱਡੀ ਥੱਲੇ ਹੋਣੀ ਚਾਹੀਦੀ ਹੈ। ਹੁਣ ਤਾਂ ਮਹਾਰਾਜ਼ ਦਾ ਸਭ ਕੁਝ ਦਿੱਤਾ ਹੈ।''
''ਬਾਈ ਜੀ, ਮੈਂ ਤਾਂ ਇਹਨੂੰ (ਛੋਟੇ ਭਰਾ) ਬਹੁਤ ਵਾਰੀ ਆਖਿਆ ਕਿ ਮਰੂਤੀ ਲੈ ਆਈਏ। ਇਹਦੇ ਨੱਕ ਥੱਲੇ ਨ੍ਹੀਂ ਮਰੂਤੀ, ਇਹ ਤਾਂ ਜੀਪ ਲੈਣ ਨੂੰ ਫਿਰਦੈ। ਕਹਿੰਦਾ ਜੱਟ ਨੂੰ ਜੀਪ ਦਾ ਬਾਹਲਾ ਸੁੱਖ ਐ।''
''ਵੇਖ ਬਾਈ, ਇਹਨੇ ਆਉਣਾ ਸਾਲ ਦੋ ਸਾਲ ਮਗਰੋਂ। ਅਸੀ ਕਾਰ ਕੀ ਕਰਨੀ? ਵਾਧੂ ਪੈਟਰੌਲ ਦਾ ਖਰਚਾ। ਜੀਪ ਹੋਵੇ ਬੰਦੇ ਵੇਲੇ ਕੁਵੇਲੇ ਦੋ ਬੋਰੀਆਂ ਰੇਅ ਦੀਆਂ ਰੱਖ ਲੈ ਜਾਂਦੈ। ਡੀਜਲ ਦਾ ਕੀ ਖਰਚੈ। ਕੁਝ ਵੀ ਨਹੀਂ ਪੈਟਰੌਲ ਦੇ ਮੁਕਾਬਲੇ। ਕਾਰ ਚ ਚਾਰ ਹੀ ਬਹਿੰਦੇ ਨੇ ਆਪਣੇ ਵਰਗੇ ਜੀਪ ਵਿਚ ਭਾਵੇਂ ਸਾਰਾ ਟੱਬਰ ਬਾੜ ਲਵੋ।''
''ਗੱਲ ਤਾਂ ਇਹਦੀ ਵੀ ਠੀਕ ਹੈ। ਜੱਟਾਂ ਨੂੰ ਤਾਂ ਜੀਪ ਹੀ ਬਾਰਾ ਖਾਂਦੀ ਐ।'' ਨਛੱਤਰ ਬਾਈ ਨੇ ਹਾਮੀ ਭਰ ਦਿੱਤੀ।
''ਚੱਲ ਬਾਈ ਜੀਪ ਹੀ ਵਿਾ ਦਿਉ।'' ਜਗਜੀਤ ਨੇ ਨਛੱਤਰ ਨੂੰ ਕਿਹਾ।
''ਜੇ ਜੀਪ ਵਧੀਆ ਲੈਣੀ ਹੈ ਤਾਂ ਫਿਰ ਆਪਾ ਗੰਗਾਨਗਰ ਦਾ ਚੱਕਰ ਮਾਰੀਏ। ਉਧਰੋਂ ਆਪਾਂ ਨੂੰ ਵਧੀਆ ਦੀ.ਆਈ ਇੰਜਣ ਵਾਲੀ ਜੀਪ, ਇਧਰੋਂ ਨਾਲੋਂ ਪੈਂਤੀ ਚਾਲੀ ਹਜ਼ਾਰ ਸਸਤੀ ਮਿਲ ਜਾਊ। ਜਿਸਦੀ ਇੱਧਰ ਕੀਮਤ ਢੇਡ ਲੱਖ ਹੈ ਉਹ ਆਪਾਂ ਨੂੰ ਇਕ ਦਸ ਜਾਂ ਵੀਹ ਤੱਕ ਮਿਲ ਜਾਊ।''
''ਫਿਰ ਬਣਾਉ ਪ੍ਰੋਗਰਾਮ ਕਦੋਂ ਚੱਲੀਏ।'' ਜਗਜੀਤ ਨੇ ਆਖਿਆ।
''ਆਹ ਤੁਹਾਡਾ ਟ੍ਰੈਕਟਰ ਬਣਾ ਕੇ ਚੱਲਦੇ ਹਾਂ। ਅੱਜ ਸਾਮ ਤੱਕ ਮੇਰੇ ਵਾਲੀ ਜੀਪ ਮੁੜਕੇ ਆ ਜਾਵੇਗੀ, ਪੱਪੂ ਸਹੁਰੀ ਲੈ ਕੇ ਗਿਆ ਹੈ। ਉਹ ਹੀ ਲੈ ਚੱਲਾਗੇ। ਬੱਸਾਂ ਨਾਲੋਂ ਸਸਤੀ ਪਊ। ਦੂਜਾ ਕਿਧਰੇ ਆਸੇ ਪਾਸੇ ਵੀ ਵੇਖਣ ਜਾਣਾ ਪਵੇ ਤਾਂ ਸੌਖਾ ਹੈ।''
ਸ਼ਾਮ ਨੂੰ ਪੱਪੂ, ਜਗਜੀਤ ਹੋਰਾਂ ਦੇ ਵਰਕਸ਼ਾਪ ਵਿਚ ਮੂਡ ਬਣਾਉਂਦਿਆਂ ਤੋਂ ਹੀ ਆ ਗਿਆ। ਉਨ੍ਹਾ ਸਵੇਰੇ ਸੁਭਾ ਜਾਣ ਦੀ ਸਕੀਮ ਬਣਾ ਲਈ। ਟ੍ਰੈਕਟਰ ਆ ਕੇ ਬਣਾਉਣ ਸੀ ਸੋਚ ਲਈ।
ਅਗਲੇ ਦਿਨ ਜਗਜੀਤ, ਉਸਦਾ ਭਰਾ, ਬਾਈ ਨਛੱਤਰ ਤੇ ਨਾਲ ਪੰਪਾ ਵਾਲੇ ਕੁਲਦੀਪ ਨੂੰ ਲੈ ਕੇ ਇਹ ਪਿੰਡੋਂ ਟਾਇਮ ਨਾਲ ਹੀ ਚੱਲ ਪਏ। ਸ਼ਾਮ ਨੂੰ ਇਹ ਬਾਈ ਦੇ ਦੋਸ਼ਤ ਮਹਿੰਦਰ ਕੋਲ ਗੰਗਾਨਗਰ ਪਹੁੰਚ ਗਏ। ਇਨ੍ਹਾਂ ਨੇ ਉਸ ਨੂੰ ਗੱਡੀ ਖਰੀਦਣ ਦਾ ਦੱਸਿਆ।
ਮਹਿੰਦਰ ਨੇ ਆਖਿਆ, ''ਤੁਸੀ ਸਫਰ ਕਰਕੇ ਆਏ ਹੋ ਥੱਕੇ ਹੋਵੋਗੇ। ਪਹਿਲਾਂ ਲਾਹੋ ਥਕੇਂਵਾ ਤੇ ਫਿਰ ਗੱਡੀ ਵੀ ਮਿਲ ਜਾਊਗੀ।'' ਮਹਿੰਦਰ ਨੇ ਕੰਮ ਕਰਨ ਵਾਲੇ ਮੁੰਡੇ ਨੂੰ ਆਖਿਆ, ''ਚੁਬਾਰੇ ਦੀ ਚਾਬੀ ਤੱਕ ਉਪਰ ਸਾਰਾ ਕੁਝ ਟੈਟ-ਫੈਟ ਕਰਦੇ।'' ਦੋ-ਤਿੰਨ ਮਿੰਨਟਾਂ ਵਿਚ ਮੁੰਡਾ ਆ ਕੇ ਕਹਿੰਦਾ ''ਬਾਈ ਜੀ ਸਭ ਓ-ਕੇ ਹੈ। ਚਲੇ ਜਾਵੋ।''
ਚੁਬਾਰੇ ਚੜਦੇ ਮਹਿੰਦਰ ਨੇ ਆਖਿਆ, ''ਘਰੇ ਆਖ ਆਈ ਬਾਈ ਨਛੱਤਰ ਹੋਰੀਂ ਚਾਰ ਜਾਣੇ ਆਏ ਹਨ। ਰੋਟੀ ਬਣਾ ਲੈਣ।'' ਮਹਿੰਦਰ ਦਾ ਘਰ ਵਰਕਸ਼ਾਪ ਦੇ ਮਗਰ ਹੀ ਸੀ।
ਪੀਂਦਿਆ ਤੋਂ ਮਹਿੰਦਰ ਨੇ ਪੁਛਿਆ, ''ਜੀਪ ਫਿਰ ਕਿਹੋ ਜਿਹੀ ਲੈਣੀ ਹੈ। ਕਿੰਨੁ ਕੁ ਪੈਸੇ ਲਾਉਣੇ ਹਨ।''
ਬਾਈ ਜੀਪ ਲੈਣੀ ਹੈ ਵਧੀਆ। ਆਹ ਆਪਣਾ ਛੋਟਾ ਵੀਰ ਕਨੇਡਾ ਤੋਂ ਆਇਆ, ਪੈਸੇ ਚੀਜ਼ ਵੇਖ ਕੇ ਆਪਾ ਲਾਉਣੇ ਆ। ਪਰ ਕਬਾੜ ਨਹੀਂ ਵੇਖਣਾ। ਜੀਹਨੂੰ ਦਸ ਦਿਨ ਤਿਆਰ ਕਰਦਿਆ ਲੱਗ ਜਾਣ। ਉਦੋਂ ਨੂੰ ਛੋਟੇ ਦੀ ਛੁੱਟੀ ਮੁੱਕ ਜਾਵੇ।''
''ਫਿਰ ਜੀਪ ਮੇਰੀ ਨਿਗ੍ਹਾ ਚ, ਇਕ ਸੰਤਾਂ ਕੋਲੇ ਅਜੇ ਪੰਜ ਕੁ ਮਹੀਨੇ ਹੀ ਹੋਏ ਹਨ ਆਈ ਨੂੰ। ਕੱਲ੍ਹ ਉਹ ਸੰਤ ਆਏ ਸੀ। ਹੋਰ ਗੱਡੀ ਦਾ ਕੰਮ ਹੁੰਦਾ ਸੀ। ਉਹ ਕਹਿੰਦੇ ਸੀ ਜੀਪ ਵੇਚ ਦੇਣੀ ਹੈ। ਕੋਈ ਸਰਧਾਲੂ ਕਾਰ ਲੈ ਕੇ ਦੇਣ ਨੂੰ ਕਹਿੰਦਾ। ਮੈ ਰੇਟ ਪੁਛਿਆ ਸੀ। ਕਹਿੰਦੇ ਸੀ ੲਕਿ ਚਾਲੀ ਤੱਕ ਛੱਡ ਦਿਆਂਗੇ। ਪਰ ਜੇ ਆਪਾਂ ਜੋਰ ਪਾਈਏ ਆਪਾਂ ਨੂੰ ਚਾਲੀ ਤੱਕ ਬਣ ਜਾਊਗੀ।''
ਰਾਤ ਨੂੰ ਰੋਟੀ ਪਾਣੀ ਛੱਕ ਕੇ ਸਾਰੇ ਸੌਂਅ ਗਏ। ਉਭਾ ਉਠ ਕੇ ਮਹਿੰਦਰ ਨੇ ਚਾਹ ਦੇ ਨਾਲ ਦੋ-ਦੋ ਪਰੌਠੇ ਦਹੀ ਨਾਲ ਸਾਰਿਆ ਨੂੰ ਛਕਾ ਦਿੱਤੇ। ਤਿਆਰ ਹੋ ਕੇ ਸਾਰੇ ਬਾਬਿਆ ਦੇ ਡੇਰੇ ਵੱਲ ਨੂੰ ਚੱਲ ਪਏ।
ਸੜਕ ਤੋਂ ਜਦ ਡੇਰੇ ਨੂੰ ਮੁੜਨ ਲੱਗੇ। ਜਗਜੀਤ ਨੇ ਬੋਰਡ ਪੜਿਆ, ਜਤੀ ਆਸਰਮ। ਮੁੱਖ ਸੇਵਾਦਾਰ ਇਕ ਸੌ ਅੱਠ ਬਾਲ ਜੋਗੀ ਸੰਤ ਸਵਾਮੀ ਬ੍ਰਹਮ ਦੇਵ ਜੀ।
''ਬਾਈ, ਇਹ ਕਿਤੇ ਉਹ ਜਿਹੜਾ ਸੰਤ ਆਪਣੇ ਕਾਂਸੀ ਪੁਰੀ ਦੇ ਡੇਰੇ ਰਹਿੰਦਾ ਸੀ। ਉਹ ਹੀ ਤਾਂ ਆ ਗਿਆ ਇੱਧਰ।''
''ਨਹੀਂ ਵੀਰੇ, ਉਹ ਤਾਂ ਆਪਣੇ ਪਿੰਡ ਹੀ ਰਹਿੰਦਾ। ਉਹਨੇ ਵਿਆਹ ਕਰਵਾ ਲਿਆ ਸੀ। ਨੰਬਰਦਾਰਾਂ ਤੋਂ ਥਾਂ ਲੈ ਕੇ ਉਥੇ ਹੀ ਮਕਾਨ ਬਣਾ ਲਿਆ ਹੈ। ਉਹਦੇ ਤਾਂ ਮੇਰੇ ਹਿਸਾਬ ਨਾਲ ਜੁਆਕ ਵੀ ਤਕੜੇ ਹੋਣਗੇ।'' ਗੱਲਾਂ ਕਰਦੇ ਉਹ ਡੇਰੇ ਵਿਚ ਚਲੇ ਗਏ।
ਗੱਡੀ ਰੋਕ ਕੇ। ੳਭ ਨੇ ਹੱਥ ਪੈਰ ਧੋ ਕੇ ਗੁਰੁ ਗ੍ਰੰਥ ਸਾਹਿਬ ਨੂੰ ਮੱਥ ਟੇਕਿਆ, ਦੇਗ ਲੈ ਕੇ ਮਹਿੰਦਰ ਨੇ ਸੇਵਾਦਾਰ ਨੂੰ ਆਖਿਆ, ''ਸੰਤਾਂ ਨੂੰ ਮਿਲਣਾ।''
''ਸੰਤ ਅਜੇ ਜਾਪ ਕਰ ਰਹੇ ਹਨ। ਅੱਧੇ ਘੰਟੇ ਤੱਕ ਬਾਹਰ ਆਉਣਗੇ ਤਪ ਅਸਥਾਨ ਤੋਂ। ਉਸ ਤੋਂ ਮਗਰੋ ਜਲ ਪਾਣੀ ਛੱਕ ਕੇ ਫਿਰ ਸੰਗਤ ਨੂੰ ਮਿਲਣਗੇ। ਤੁਸੀ ਲੰਗਰ ਚ ਚੱਲ ਕੇ ਲੰਗਰ ਛਕੋ ਚਾਹ ਦਾ ਲੰਗਰ ਤਿਆਰ ਹੈ।'' ਸੇਵਾਦਾਰ ਨੇ ਆਖਿਆ।
''ਤੁਸੀ ਸੰਤਾਂ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਗੰਗਾਨਗਰ ਵਾਲਾ ਮਿਸਤਰੀ ਆਇਆ ਹੈ, ਗੱਡੀ (ਜੀਪ) ਵੇਖਣ। ਉਨ੍ਹਾਂ ਨੇ ਵੇਚਣ ਲਈ ਆਖਿਆ ਸੀ।''
''ਠੀਕ ਹੈ ਮੈਂ ਬਾਹਰ ਆਉਣ ਸਾਰ ਤੁਹਾਡਾ ਸੁਨੇਹਾ ਦੇ ਦੇਵਾਂਗਾ।'' ਆਖ ਕੇ ਸੇਵਾਦਾਰ ਭੋਰੇ ਦੇ ਦਰਵਾਜ਼ੇ ਮੂਹਰੇ ਖੜ੍ਹਾ ਹੋਇਆ।
ਮਹਿੰਦਰ ਉਨ੍ਹਾਂ ਨੂੰ ਨਾਲ ਲੈ ਕੇ ਲੰਗਰ ਵੱਲ ਚੱਲ ਪਿਆ। ਲੰਗਰ ਚ ਪਹੁੰਚੇ ਤਾਂ ਸੰਤਾਂ ਦਾ ਡਰਾਇਵਰ ਮਿਲ ਪਿਆ। ਉਹ ਸਾਰਿਆਂ ਨੂੰ ਆਪਣੇ ਕਮਰੇ ਵਿਚ ਲੈ ਗਿਆ। ਲਾਂਗਰੀ ਨੂੰ ਆਖ ਗਿਆ ਕਿ ਦੁੱਧ ਦਾ ਡੋਲਣਾ ਗਰਮ ਕਰਕੇ ਕਮਰੇ ਵਿਚ ਭੇਜ ਦੇਵੋ। ਲਾਂਗਰੀ ਨੇ ਉਸੇ ਵੇਲੇ ਹੀ ਗਰਮ-ਗਰਮ ਕਾੜੇ ਹੋਏ ਦੁੱਧ ਦਾ ਡੋਲਣਾ ਤੇ ਛੇ ਗਲਾਸ ਭੇਜ ਦਿੱਤੇ। ਖਾਲਸ ਖੋਏ ਦੀ ਮਠਿਆਈ ਡਰਾਇਵਰ ਨੇ ਆਪਣੀ ਅਲਮਾਰੀ ਚੋ ਕੱਢ ਲਈ। ਦੁਧ ਪੀਦਿਆ ਮਹਿੰਦਰ ਨੇ ਗੱਡੀ ਦਾ ਪੁਛਿਆ, ਉਹ ਕਹਿੰਦਾ ''ਦੁੱਧ ਪੀਵੋ। ਚਾਬੀ ਮੇਰੇ ਕੋਲ ਹੈ। ਤੁਸੀ ਚਲਾ ਕੇ ਵੇਖੋ। ਪਸੰਦ ਕਰੋ।''
''ਰੇਟ ਕੀ ਹੈ, ਜੀ।'' ਕੁਲਦੀਪ ਨੇ ਪੁਛਿਆ।
''ਰੇਟ ਤਾਂ ਸੰਤ ਹੀ ਦੱਸਣਗੇ। ਜਦ ਉਨ੍ਹਾਂ ਨੇ ਆਖ ਦਿੱਤਾ ਵੇਚਣੀ ਹੈ। ਫਿਰ ਨਹੀਂ ਉਹ ਬਾਹਲਾ ਚਿਰ ਲਾਉਂਦੇ। ਨਾਂ ਪਾਜੇ ਸਾਤੇ ਦਾ ਵੇਖਣ ਹੀ। ਬਾਕੀ ਮਹਿੰਦਰ ਸਿੰਘ ਨਾਲ ਹੈ, ਇਹਨੂੰ ਕਿਹੜਾ ਉਨ੍ਹਾਂ ਨੇ ਜਵਾਬ ਦੇਣਾ। ਜਿੰਨੇ ਇਸ ਨੇ ਠੀਕ ਕਹਿ ਤੇ ਉਨ੍ਹਾਂ ਲੈ ਲੈਣੇ।''
ਦੁੱਧ ਪੀ ਕੇ ਜੀਪ ਦੀ ਚਾਬੀ ਲੈ ਕੇ ਕੁਲਦੀਪ, ਬਾਈ ਤੇ ਛੋਟਾ ਤਿੰਨੇ ਜੀਪ ਦੀ ਟਰਾਈ ਲੈਣ ਚਲੇ ਗਏ। ਮਹਿੰਦਰ ਤੇ ਜਗਜੀਤ ਖੜ੍ਹੇ ਕਨੇਡਾ ਦੀਆ ਗੱਲਾਂ ਕਰਨ ਲੱਗੇ।
ਸੇਵਾਦਾਰ ਨੇ ਮਹਿੰਦਰ ਨੂੰ ਆਖਿਆ, ''ਸੰਤ ਆ ਗਏ ਹਨ। ਤੁਹਾਨੂੰ ਬੁਲਾ ਰਹੇ ਹਨ।'' ਮਹਿੰਦਰ ਤੇ ਜਗਜੀਤ ਸੰਤਾਂ ਕੋਲ ਮੱਥਾ ਟੇਕ ਕੇ ਬੈਠ ਗਏ। ਮਹਿੰਦਰ ਨੇ ਦੱਸਿਆ, ''ਕਿ ਇਹ ਭਾਈ ਸਾਹਿਬ ਮੇਰੇ ਦੋਸਤ ਦੇ ਨਾਲ ਆਏ ਹਨ। ਇਨ੍ਹਾਂ ਗੱਡੀ ਲੇੈਣੀ ਹੈ।'' ''ਇਨ੍ਹਾਂ ਨੇ ਮਹਿੰਦਰ ਸਿੰਘਾ ਗੱਡੀ ਲੈਣੀ ਹੈ ਆਪਾ ਵੇਚਣੀ ਹੈ।'' ਕਹਿੰਦੇ ਸੰਤ ਜਗਜੀਤ ਨੂੰ ਗੌਹ ਨਾਲ ਵੇਖ ਰਹੇ ਸਨ।
ਜਗਜੀਤ ਸੋਚ ਰਿਹਾ ਸੀ। ਸੰਤਾਂ ਦਾ ਲਿਖਿਆ ਹੈ, ਜਤੀ ਆਸਰਮ। ਪਰ ਵੇਖਣੀ ਪਰਖਣੀ ਵਿਚ ਸੰਤ ਜਤੀ ਨਹੀਂ ਲੱਗਦੇ। ਲਾਲ ਰੱਤਾ ਰੰਗ, ਸਿਰ ਉਸਤਰੇ ਨਾਲ ਮੁੰਨਿਆ, ਭਲਵਾਨਾਂ ਵਰਗਾ ਗੱਠਿਆ ਸਰੀਰ। ਇਹ ਲੱਛਣ ਜਤੀਆਂ ਦੇ ਤਾਂ ਨਹੀਂ ਹੁੰਦੇ। ਉਹ ਤਾਂ ਅੰਨ ਵੀ ਕਹਿੰਦੇ ਅੱਠ ਪਹਿਰਾ ਹੀ ਖਾਂਦੇ ਹਨ। ਭਗਵਾ ਕੁੜਤਾ, ਚਾਂਦਰਾ, ਕੱਢਵੀ ਜੁੱਤੀ। ਪਰ ਛੱਡ ਜਗਜੀਤ ਸਿਹਾਂ ਤੈ ਕੀ ਲੈਣਾ। ਤੂੰ ਗੱਡੀ ਲੈਣੀ। ਲੈ ਚੱਲਦਾ ਬਣ ਕਾਹਨੂੰ ਪਾਪਾ ਦਾ ਭਾਗੀ ਬਣਦਾ। ਉਹ ਆਪਣੇ ਹੀ ਤਾਣੇ ਵਿਚ ਉਲਝਿਆ ਬੈਟਾ ਸੀ। ਜਦ ਬਾਈ ਨਛੱਤਰ ਹੋਰੀਂ ਵੀ ਆ ਗਏ।
''ਹਾਂ ਬਾਈ, ਕਿਵੇਂ ਲੱਗੀ ਗੱਡੀ।'' ਮਹਿੰਦਰ ਨੇ ਪੁਛਿਆ।
''ਗੱਡੀ ਤਾਂ ਮਹਿੰਦਰ ਸਿਹਾਂ ਠੀਕ ਹੈ। ਬਾਕੀ ਹੁਣ ਮਹਾਪੁਰਸਾਂ ਤੇ ਹੈ ਆਪਾ ਨੂੰ ਦਿੰਦੇ ਵੀ ਹਨ ਕਿ ਨਹੀਂ।'' ਨਛੱਤਰ ਨੇ ਸੰਤਾਂ ਨੂੰ ਵਡਿਆਉਣ ਦੇ ਹਿਸਾਬ ਨਾਲ ਕਿਹਾ।
''ਪਹਿਲਾਂ ਇਹ ਦੱਸੋ ਜਲ ਪਾਣੀ ਛੱਕ ਲਿਆ।'' ਸੰਤਾਂ ਨੇ ਪੁਛਿਆ।
''ਹਾਂ ਜੀ, ਜਲ ਪਾਣੀ ਛਕਾ ਦਿੱਤਾ ਹੈ।'' ਕੋਲ ਖੜ੍ਹੇ ਡਰਾਇਵਰ ਨੇ ਆਖਿਆ।
''ਕਿਹੜੇ ਪਿੰਡ ਤੋਂ ਆਏ ਹੋ।'' ਸੰਤਾ ਨੇ ਫਿਰ ਪੁਛਿਆ।
''ਜੀ, ਮੋਗੇ ਕੋਲੋਂ ਆਏ ਹਾਂ।'' ਛੋਟੇ ਨੇ ਆਖਿਆ।
''ਤਾਂ ਫਿਰ ਤਹਾਨੂੰ ਗੱਡੀ ਦੇ ਹੀ ਦੇਈਏ, ਬਹੁਤ ਦੂਰ ਆਏ ਹੋ। ਲਿਆ ਬਈ ਮਹਿੰਦਰ ਸਿਹਾਂ ਕੀ ਦਿੰਦੇ ਹੋ ਗੱਡੀ ਦਾ?''
''ਮਹਾਰਾਜ ਤੁਸੀ ਦੱਸੋ ਕੀ ਲੈਣਾ ਹੈ?'' ਮਹਿੰਦਰ ਨੇ ਕਿਹਾ।
''ਜਦ ਆਖ ਦਿੱਤਾ, ਗੱਡੀ ਤਹਾਨੂੰ ਦੇ ਦਿੱਤੀ। ਭਾਵੇਂ ਇਕ ਰੁਪਿਆ ਦੇ ਦਿਉ ਆਪਾ ਨਹੀਂ ਕਹਿਣਾ ਥੋੜੇ ਹਨ।''
ਮਹਿੰਦਰ, ਨਛੱਤਰ ਹੋਰਾਂ ਨੂੰ ਉਠਾ ਕੇ ਬਾਹਰ ਲੈ ਗਿਆ। ਪੁਛਣ ਲੱਗਾ ''ਕਿੰਨੇ ਕੋ ਦੀ ਹੈ ਗੱਡੀ।''
''ਜੇ ਮਹਿੰਦਰਾ ਆਪਾਂ ਨੂੰ ਢੇਡ ਤੱਕ ਬਣ ਜਾਵੇ ਬਹੁਤ ਵਧੀਆ ਹੈ।''
''ਪੈਸੇ ਕਿੰਨੇ ਕੋ ਨਾਲ ਲਿਆਦੇ ਨੇ'' ਮਹਿੰਦਰ ਨੇ ਪੁਛਿਆ।
''ਪੈਸੇ ਆਪਾਂ ਸਾਰੇ ਹੀ ਤਾਰ ਦੇਣੇ ਹਨ। ਵੀਹ ਹਜ਼ਾਰ ਥੱਲੇ ਰੱਖ ਲਿਓ। ਉਹ ਵੀ ਅਸੀ ਤੁਹਾਨੂੰ ਹੀ ਫੜਾ ਜਾਣੇ ਹਨ। ਐਫੀਡੇਫਟ ਲੈ ਕੇ ਸਾਨੂੰ ਭੇਜ ਦਿਉ ਪੈਸੇ ਇਨ੍ਹਾਂ ਨੂੰ ਦੇ ਦਿਉ।'' ਕਹਿੰਦੇ ਛੋਟੇ ਨੇ ਝੱਗੀ ਦੀ ਜੇਬ ਵਿਚੋ ਹਜ਼ਾਰ-ਹਜ਼ਾਰ ਦੇ ਨੋਟਾਂ ਦੀਆ ਦੋ ਗੁੱਟੀਆਂ ਕੱਢ ਲਈਆਂ। ਉਸ ਨੇ ਇੱਕ ਲੱਖ ਤੇ ਤੀਹ ਹਜ਼ਾਰ ਮਹਿੰਦਰ ਨੂੰ ਗਿਣ ਕੇ ਫੜਾ ਦਿੱਤਾ।
ਉਹ ਸਾਰੇ ਫਿਰ ਸੰਤਾਂ ਕੋਲ ਆ ਗਏ। ਮਹਿੰਦਰ ਨੇ ਪੈਸੇ ਸੰਤਾ ਅੱਗੇ ਰੱਖਦੇ ਨੇ ਆਖਿਆ, ''ਮਹਾਰਾਜ ਇਕ ਲੱਖ ਪੰਜਾਹ ਹਜ਼ਾਰ ਦੀ ਗੱਡੀ ਸਾਡੀ ਹੋਈ।''
''ਵੇਖੋ ਗੱਡੀ ਤਾਂ ਮੈ ਤੁਹਾਨੂੰ ਪਹਿਲਾਂ ਹੀ ਦੇ ਚੁਕਿਆ। ਰਹੀ ਗੱਲ ਪੈਸਿਆ ਦੀ। ਲੈ ਬਈ ਹਰ-ਹਰ ਦੇਵ ਆਹ ਗੁੱਟੀ ਚੱਕ ਲੈ। ਆਪਾਂ ਨੂੰ ਇਹੀ ਬਹੁਤ ਨੇ।'' ਸੰਤਾ ਨੇ ਡਰਾਇਵਰ ਨੂੰ ਆਖਿਆ।
''ਬਾਕੀ ਭਾਈ ਮਹਿੰਦਰ ਸਿਹਾਂ ਆਪਣੇ ਸਾਂਭ ਲਵੋ। ਗੱਡੀ ਦਾ ਅਸ਼ਟਾਮ ਜੇ ਅੱਜ ਹੀ ਚਾਹੀਦਾ ਹੈ ਤਾਂ ਹਰ-ਹਰ ਦੇਵ ਤੁਹਾਡੇ ਨਾਲ ਚਲਿਆ ਜਾਂਦਾ ਹੈ, ਬਣਨਾ ਦੇਵੇਗਾ। ਹੇ ਫਿਰ ਗੇੜਾ ਮਾਰਨਾ ਹੈ ਫਿਰ ਲੈ ਜਾਇਓ।''
''ਮਹਾਰਾਜ ਕਿਥੇ ਕੰਮ ਚ ਨਿਕਲਿਆ ਜਾਂਦਾ ਹੈ। ਅੱਜ ਹੀ ਕੰਮ ਮੁਕਦਾ ਕਰੋ।'' ਨਛੱਤਰ ਨੇ ਆਖਿਆ।
''ਚੱਲੋ ਇਹ ਤਾਂ ਹੋ ਜਾਊ। ਪ੍ਰਸਾਦੇ ਦਾ ਟਾਇਮ ਹੈ। ਪਹਿਲਾਂ ਪ੍ਰਸਾਦਾ ਛੱਕ ਲਵੋ। ਫਿਰ ਜਿਵੇਂ ਆਖੋਗੇ ਕਰ ਲੈਂਦੇ ਹਾਂ। ਜਾਹ ਬਈ ਹਰ-ਹਰ ਦੇਵ ਪਹਿਲਾਂ ਪ੍ਰਸਾਦਾ ਛਕਾ।''
''ਮਹਾਰਾਜ ਪ੍ਰਸਾਦਾ ਤਾਂ ਅਸੀ ਛੱਕ ਕੇ ਤੁਰੇ ਸਾਂ। ਕਿਸੇ ਚੀਜ ਦੀ ਤਮੰਨਾ ਨਹੀਂ। ਇੱਥੇ ਆ ਕੇ ਦੁੱਧ ਨਾਲ ਮਠਿਆਈ ਛੱਕ ਲਈ। ਭੁੱਖ ਤਾਂ ਕਾਹਦੀ ਰਹਿਣੀ ਸੀ।''
''ਭਾਈ ਬਾਹਰਲਿਆਂ ਨੂੰ ਭੁੱਖ ਘੱਟ ਹੀ ਲੱਗਦੀ ਹੁੰਦੀ ਹੈ। ਇਹਨੂੰ ਬੈਠਾ ਰਹਿਣ ਦਿਉ ਮੇਰੇ ਕੋਲ। ਤੁਸੀ ਉਠੋ ਪ੍ਰਸਾਦਾ ਛਕੋ। ਜਿੰਨੀ ਲੋੜ ਹੈ, ਉਨ੍ਹਾਂ ਤਾਂ ਛਕਣਾ ਹੀ ਪੈਣਾ। ਉਸ ਤੋਂ ਬਿਨ੍ਹਾਂ ਅਸੀ ਅਸ਼ਟਾਮ ਨਹੀਂ ਬਣਾ ਕੇ ਦੇਣਾ।'' ਸੰਤਾ ਨੇ ਹਸਦਿਆ ਆਖਿਆ।
ਉਹ ਚਾਰੇ ਲੰਗਰ ਵਿਚ ਚਲੇ ਗਏ। ਹਰ-ਹਰ ਦੇਵ ਦੇ ਨਾਲ ਅਤੇ ਦੂਸਰੇ ਸੇਵਾਦਾਰ ਨੂੰ ਸੰਤਾ ਨੇ ਆਖਿਆ, ''ਬਾਹਰ ਚਲਿਆ ਜਾਹ। ਜਿੰਨੀ ਦੇਰ ਉਹ ਲੰਗਰ ਛੱਕ ਕੇ ਨਹੀਨ ਆਉਦੇ। ਉਨ੍ਹੀ ਦੇਰ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਭਾਵੇ ਕੋਈ ਵੀ ਹੋਵੇ। ਸਾਡਾ ਦਰਵਾਜਾ ਅੰਦਰੋ ਬੰਦ ਕਰਕੇ ਤੂੰ ਇਸ ਦਰਵਾਜੇ ਜਾ ਕੇ ਮੂਹਰਲੇ ਦਰਵਾਜੇ ਤੋਂ ਅੱਗੇ ਵਰਾਡੇ ਜਾ ਕੇ ਡਿਉਟੀ ਦੇਣੀ ਹੈ।''
ਸੇਵਾਦਾਰ ਦਰਵਾਜਾ ਬੰਦ ਕਰਕੇ ਦੂਸਰੇ ਦਰਵਾਜੇ ਬਾਹਰ ਚਲਿਆ ਗਿਆ। ਜਗਜੀਤ ਸੋਚਾਂ ਵਿਚ ਪਿਆ ਸੀ ਕਿ ਸੰਤਾ ਨੇ ਇਹ ਕਿਉਂ ਕੀਤਾ। ਉਹ ਨੀਵੀ ਪਾਈ ਬੈਠਾ ਸੋਚੀ ਜਾ ਰਿਹਾ ਸੀ।
''ਕੀ ਸੋਚਦਾ ਬਈ ਜਗਜੀਤ ਸਿਹਾਂ, ਪਹਿਲਾਂ ਇਹ ਦੱਸ ਤੇਰਾ ਕਨੇਡਾ ਕਿਵੇਂ ਹੈ।'' ਜਗਜੀਤ ਨੇ ਆਪਣਾ ਨਾਂਅ ਸੁਣਕੇ ਹੈਰਾਨ ਹੋ ਗਿਆ। ਬਈ ਇਨ੍ਹਾਂ ਨੂੰ ਕਿਵੇਂ ਪਤਾ ਲੱਗੇ ਮੇਰਾ ਨਾਂਅ ਦਾ। ਉਹ ਅਜੇ ਬੋਲਣ ਲੱਗਾ ਸੀ ਕਿ ਸੰਤਾ ਨੇ ਫਿਰ ਕਿਹਾ, ''ਤੇਰੇ ਪਿਤਾ ਬਚਨ ਸਿੰਘ ਤੇ ਮਾਤਾ ਦਲੀਪ ਕੌਰ ਦਾ ਕੀ ਹਾਲ ਹੈ।''
ਹੈਰਾਨੀ ਵਿਚ ਜਗਜੀਤ ਨੇ ਆਖਿਆ, ''ਜੀ ਪਿਤਾ ਜੀ ਤਾਂ ਚੜਾਈ ਕਰ ਗਏ ਸਨ ਤੇ ਮਾਤਾ ਜੀ ਠੀਕ ਹਨ।''
''ਉੱਠ ਆ ਕੇ ਜੱਫੀ ਪਾ ਕੇ ਮਿਲ। ਮਸਾ ਮੇਲ ਹੋਏ ਨੇ, ਮੈਂ ਤਾਂ ਸੋਚਦਾ ਸਾਂ ਕਿਧਰੇ ਬਿਨ੍ਹਾਂ ਮਿਲਿਆ ਹੀ ਨਾ ਮਰ ਜਾਈਏ।'' ਕਹਿੰਦੇ ਸੰਤ ਆਪਣੇ ਆਸਣ ਤੋਂ ਉੱਠ ਖੜੇ ਹੋਏ। ਜਗਜੀਤ ਵੀ ਉਠਿਆ। ਉੱਠਦੇ ਜਗਜੀਤ ਨੂੰ ਸੰਤਾ ਨੇ ਘੁੱਟ ਕੇ ਜੱਫੀ ਵਿਚ ਲੈ ਇਉ ਘੁਟਿਆ। ਜਿਵੇ ਸਾਲਾਂ ਬਾਅਦ ਪ੍ਰਦੇਸੋ ਮੁੜੇ ਪੁਤ ਨੂੰ ਹਿੱਕ ਨਾਲ ਲਾ ਕੇ ਘੁੱਟਦੀ ਹੈ।
''ਜੀਤੀ ਮੈਨੂੰ ਲੱਗਦਾ ਤੂੰ ਅਜੇ ਵੀ ਪਹਿਚਾਣਿਆ ਨਹੀਂ। ਉਏ ਮੈਂ ਤੇਰਾ ਯਾਰ ਹਾਂ ਮੰਗੀ।'' ਸੰਤਾ ਨੇ ਜੱਫੀ ਨੂੰ ਹੋਰ ਘੁੱਟਦੇ ਕਿਹਾ।
ਜਗਜੀਤ ਨੇ ਵੀ ਹੁਣ ਬੇਝਿਜਕ ਹੋ ਕੇ ਜੱਫੀ ਨੂੰ ਘੁਟ ਲਿਆ। ਕਹਿਣ ਲੱਗਾ ''ਉਏ ਪਤੰਦਰਾ ਤੂੰ ਆਹ ਭੇਸ ਕਦੋਂ ਦਾ ਬਣਾਇਆ। ਬਈ ਮੈਨੂੰ ਤਾਂ ਸੌਂਹ ਲੱਗੇ ਜੇ ਮੇਰੇ ਭੋਰਾ ਵੀ ਇਹ ਦਿਮਾਗ ਚ ਹੋਵੇ। ਪਰ ਮੈਂ ਸਰੀਰ ਵੇਖ ਕੇ ਆਹਦਾ ਸੀ, ਬੋਰਡ ਨਾਲ ਜੋਗੀ ਜਤੀ ਆਸਰਮ ਤੇ ਸੰਤ ਆਲਮਗੀਰ ਵਾਲੇ ਗਾਮੇ ਭਲਵਾਨ ਵਰਗੇ। ਫਿਰ ਮੈਂ ਸੋਚਿਆ ਆਪਾ ਕੀ ਲੈਣਾ ਤਾ ਗੱਡੀ ਲੈਣੀ ਹੈ ਸੰਤ ਭਾਵੇਂ ਕੋਈ ਹੋਣ ਕਾਹਤੋਂ ਨਿੰਦਿਆ ਕਰਨੀ ਹੈ।''
''ਪਰ ਮੈਨੂੰ ਪਿੰਡੋ ਪਤਾ ਲੱਗਾ ਸੀ ਕਿ ਤੇਰਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ। ਤਾਇਆ, ਤਾਈ ਵੀ ਘਰ ਛੱਡ ਕੇ ਪਤਾ ਨਹੀਂ ਕਿਧਰ ਚਲੇ ਗਏ। ਜਮੀਨ ਵੀ ਕਹਿੰਦੇ ਕੌਡੀਆਂ ਦੇ ਭਾਅ ਹੀ ਵੇਚ ਗਏ।''
''ਜੀਤੀ ਸਾਡਾ ਪੁਲਿਸ ਮੁਕਾਬਲਾ ਹੋ ਗਿਆ ਸੀ, ਜੀਹਦੇ ਵਿਚ ਸੱਜਾਵਾਲੀਆ ਤੇ ਦੋ ਹੋਰ ਸਾਥੀ ਸਹੀਦ ਹੋ ਗਏ। ਮੈਂ ਉਸ ਮੁਕਾਬਲੇ ਵਿਚੋਂ ਬਚ ਗਿਆ। ਮੇਰੇ ਗੋਲੀ ਲੱਗ ਗਈ ਸੀ ਲੱਤ ਵਿਚ। ਚਾਦਰਾ ਉੱਚਾ ਕਰਕੇ ਵਖਾਉਦੇ ਨੇ ਆਖਿਆ, ਮੈਂ ਇਕ ਮੋਟਰ ਵਾਲੇ ਪਾੜ ਵਿਚ ਜਿਹੜਾ ਤਕਰੀਬਨ ਚਾਲੀ ਫੁੱਟ ਡੂੰਘਾ ਸੀ, ਉਤਰ ਗਿਆ। ਉਸ ਵਿਚ ਇਕ ਕਾਲਾ ਕਾਗਜ ਪਿਆ ਸੀ ਜਿਹੜਾ ਮੈਂ ਉੱਪਰ ਲੈ ਕੇ ਬੈਠ ਗਿਆ। ਪੁਲਿਸ ਉੱਨ੍ਹਾਂ ਮਗਰ ਅੱਗੇ ਲੰਘ ਗਈ। ਤਕਰੀਬਨ ਉਹ ਉਸ ਜਗ੍ਹਾ ਤੋ ਸੱਤ ਅੱਠ ਕਿਲੋ ਮੀਟਰ ਅੱਗੇ ਜਾ ਕੇ ਪੁਲਿਸ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਹ ਰਾਤ ਤੇ ਦੂਸਰਾ ਦਿਨ ਵੀ ਮੈਂ ਉਸੇ ਟੋਏ ਵਿਚ ਬੈਠਾ ਰਿਹਾ। ਜਖਮ ਮੈਂ ਸਾਫੇ ਨਾਲ ਘੁੱਟ ਕੇ ਬੰਨ੍ਹ ਲਿਆ ਸੀ। ਮੈਂ ਸਾਮ ਨੂੰ ਬਾਹਰ ਨਿਕਲਿਆ। ਚਾਰੇ ਪਾਸੇ ਕੋਈ ਨਹੀਂ ਸੀ। ਮੈਂ ਵੇਖਿਆ ਪੰਦਰਾ ਵੀਹ ਕਿਲਿਆ ਤੇ ਇਕ ਛੰਨ ਕੋਲੋ ਧੂਆ ਨਿਕਲ ਰਿਹਾ ਸੀ। ਮੈਂ ਲੰਘ ਮਾਰਦਾ ਉਧਰ ਨੂੰ ਤੁਰਿਆ। ਹਥਿਆਰ ਆਪਣਾ ਮੇਰਾ ਲੋਈ ਦੀ ਬੁਕਲ ਹੇਠ ਲਕੋਇਆ ਸੀ। ਮੈਂ ਕੁਲੀ ਕੋਲ ਗਿਆ। ਉੱਥੇ ਇਕ ਸਾਧੈ ਬੈਠਾ ਸੀ। ਮੈਂ ਉਸ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ। ਸਾਧੂ ਦੇ ਪੁੱਛਣ ਤੇ ਮੈਂ ਸਾਰੀ ਕਹਾਣੀ ਦੱਸ ਦਿੱਤੀ। ਸਾਧੂ ਉਠਿਆ ਉਸਨੇ ਗਰਮ ਦੁੱਧ ਕਰਕੇ ਅਤੇ ਦੋ ਰੋਟੀਆ ਮੈਨੂੰ ਛੱਕਣ ਨੂੰ ਦਿੱਤੀਆ। ਮੇਰੀ ਲੱਤ ਦਾ ਜਖਮ ਵੇਖ ਕੇ ਕਹਿਣ ਲੱਗਾ, ਜਖਮ ਡੂੰਘਾ ਨਹੀਂ। ਉਹਨੇ ਤੇਲ ਤੇ ਹਲਦੀ ਰਲਾ ਕੇ ਗਰਮ ਕਰਕੇ ਮੇਰੇ ਬੰਨ ਦਿੱਤੀ। ਸੰਤਾ ਕੋਲ ਇਕ ਅਖਬਾਰ ਪਿਆ ਸੀ। ਜਦੋਂ ਮੈਂ ਉਹ ਚੱਕਿਆ, ਉਸ ਉੱਤੇ ਮੋਟੇ ਅੱਖਰਾਂ ਵਿਚ ਉਨ੍ਹਾਂ ਦੋ ਤੇ ਤੀਜਾ ਮੇਰਾ ਨਾਂਅ ਲਿਖਿਆ ਸੀ ਜੋ ਪੁਲਿਸ ਨੇ ਮੁਕਾਬਲੇ ਵਿਚ ਮਾਰ ਦਿੱਤੇ ਸਨ। ਮੈਂ ਉਸ ਸਾਧੂ ਨੂੰ ਕਿਹਾ, ਬਾਬਾ ਜੀ ਆਹ ਤਾਂ ਮੇਰਾ ਨਾਂਅ ਹੈ। ਪਰ ਮੈਂ ਤਾਂ ਜਿਉਂਦਾ ਹਾਂ।'' ਸਾਧੂ ਨੇ ਆਖਿਆ, ''ਵੇਖ ਬੱਚਾ ਜੇ ਤੂੰ ਜਿੰਦਗੀ ਜਿਉਣੀ ਚਾਹੁੰਦਾ ਏ। ਤਾਂ ਰੂਪ ਬਦਲ ਕੇ ਸਾਡੇ ਵਾਲੇ ਭੇਸ ਵਿਚ ਆ ਜਾਹ। ਸਾਡਾ ਡੇਰਾ ਗੰਗਾ ਨਗਰ ਕੋਲ ਵੀ ਹੈ। ਤੈਨੂੰ ਉਥੋਂ ਦਾ ਸੇਵਾਦਾਰ ਬਣਾ ਕੇ ਛੱਡ ਆਉਂਦੇ ਹਾਂ।'' ਮੈਂ ਉਹਨਾਂ ਦੀ ਗੱਲ ਸੁਣ ਕੇ ਸੋਚਣ ਲੱਗਾ। ਮੇਰੇ ਮਨ ਨੇ ਮੰਨਿਆ ਕਿ ਵਧੀਆ ਹੈ। ਘਰ-ਬਾਰ ਤਾਂ ਉੱਜੜ ਗਿਆ ਪਿੰਡ ਮੈਂ ਜਾ ਨਹੀਂ ਸਕਦਾ। ਮੈਂ ਕਿਹਾ, ''ਮਹਾਰਾਜ ਜਿਵੇਂ ਤੁਹਾਡੀ ਮਰਜੀ।'' ਉਹਨਾਂ ਕਿਹਾ, ''ਪਰ ਸਾਡੀ ਮੂੰਹੀ ਵਿਚ ਵਿਆਹ ਨਹੀਂ ਕਰਾਇਆ ਜਾਂਦਾ। ਜਤੀ ਰਹਿਣਾ ਪੈਂਦਾ। ਉਸ ਡੇਰੇ ਦੀ ਚਾਲੀ ਕਿੱਲੇ ਜ਼ਮੀਨ ਵੀ ਹੈ। ਉਸਦੀ ਜਿੰਮੇਵਾਰ ਤੂੰ ਹੀ ਹੋਵੇਗਾ। ਭਜਨ ਬੰਦਗੀ ਕਰ ਕੇ ਆਪਣਾ ਆਉਣ ਜਾਣ ਦਾ ਚੱਕਰ ਖਤਮ ਕਰ।'' ਉਨ੍ਹਾਂ ਦੇ ਕਹਿਣ ਦਾ ਢੰਗ ਹੀ ਅਜਿਹਾ ਸੀ ਕਿ ਮੈਂ ਕੋਈ ਗੱਲ ਅੱਗੋ ਆਖ ਨਹੀਂ ਸਕਿਆ। ਉਹਨਾਂ ਨੇ ਉੱਥੇ ਹੀ ਮੇਰੇ ਕੇਸ ਦਾੜੀ ਕੱਟ ਕੇ ਇਸ ਸਕਲ ਵਿਚ ਕਰ ਦਿੱਤਾ ਜਿਸ ਵਿਚ ਮੈਂ ਅੱਜ ਤੱਕ ਹਾਂ। ਉਹ ਉਥੋਂ ਪੰਜਵੇਂ ਦਿਨ ਮੈਨੂੰ ਇੱਥੇ ਲੈ ਆਏ। ਇੱਥੇ ਜੋ ਪਹਿਲਾ ਸੇਵਾਦਾਰ ਸੀ ਉਸ ਨੂੰ ਉਹ ਨਾਲ ਲੈ ਗਏ। ਦਸਾਂ ਸਾਲਾ ਦੇ ਸਮੇ ਵਿਚ ਉਹ ਪੰਜ ਵਾਰ ਇੱਥੇ ਆਏ। ਆਖਰੀ ਵਾਰ ਜਾਣ ਲੱਗੇ ਆਖ ਗਏ ਸਨ। ''ਬ੍ਰਹਮ ਦੇ ਤੇਰੀ ਘਾਲ ਥਾਏਂ ਪੈ ਗਈ, ਤੂੰ ਮੇਰੀ ਰਜਾ ਦੇ ਮੁਤਾਬਿਕ ਪੂਰਾ ਉਤਰਿਆ। ਅੱਜ ਤੋਂ ਬੱਸ ਮੇਰੀ ਇੱਜ਼ਤ ਦਾ ਖਿਆਲ ਰੱਖੀ ਉਸ ਨੂੰ ਦਾਗ ਨਾ ਲੱਗੇ। ਹੋਰ ਆਹ ਫੜ ਕਾਗਜ਼ ਇਸ ਸਾਰੀ ਜਾਇਦਾਦ ਦਾ ਤੂੰ ਮਾਲਕ ਏਂ। ਮੈਂ ਅੱਜ ਤੋਂ ਬਾਅਦ ਹੋ ਸਕਦਾ ਤੈਨੂੰ ਨਾਂ ਹੀ ਮਿਲਾ। ਮੈਂ ਪਹਾੜਾ ਵਿਚ ਚਲੇ ਜਾਣਾ ਹੈ।'' ਆਖ ਉਹ ਚਲੇ ਗਏ ਮੁੜ ਕੇ ਨਹੀਂ ਆਏ।
''ਪਰ ਤੈਨੂੰ ਤਾਏ ਤਾਈ ਦਾ ਕੋਈ ਪਤਾ ਲੱਗਾ ਜਾਂ ਨਹੀਂ। ਤੂੰ ਤਾਂ ਇੱਥੇ ਮੌਜ ਕਰਦਾ ਏਂ ਉਹ ਪਤਾ ਨਹੀਂ ਕਿਸ ਹਾਲ ਵਿਚ ਹੋਣਗੇ।'' ਜਗਜੀਤ ਨੇ ਉਸ ਦੇ ਮਾਤਾ ਪਿਤਾ ਦਾ ਸੰਸਾ ਕੀਤਾ।
''ਨਹੀਂ ਜੀਤੀ, ਉਹ ਦੋਵੇਂ ਠੀਕ ਠਾਕ ਹਨ। ਮੇਰੇ ਕੋਲ ਹੀ ਰਹਿੰਦੇ ਹਨ। ਉਹਨਾਂ ਦਾ ਮੈ ਪਤਾ ਲਗਾ ਕੇ ਇੱਥੇ ਲੈ ਆਇਆ ਸਾਂ।''
''ਤਾਂ ਫਿਰ ਉਹਨਾਂ ਨੂੰ ਮਿਲਾ।'' ਜਗਜੀਤ ਨੇ ਖੁਸੀ ਵਿਚ ਕਿਹਾ।
''ਵੇਖ ਜੀਤੀ, ਉਨ੍ਹਾਂ ਨੂੰ ਅੱਜ ਨਹੀਂ। ਫਿਰ ਜਦ ਤੂੰ ਇਕੱਲਾ ਆਵੇਗਾ ਉਸ ਦਿਨ ਮਿਲਾ ਦੇਵਾਂਗਾ। ਉਹ ਡੇਰੇ ਤੋਂ ਵੀਹ ਕਿੱਲੇ ਦੂਰ ਰਹਿੰਦੇ ਹਨ। ਮੈ ਸਵੇਰ-ਸਾਂਮ ਸੈਰ ਕਰਨ ਗਿਆ ਉਨ੍ਹਾਂ ਨੂੰ ਮਿਲ ਆਉਦਾ ਹਾਂ। ਦੋ ਸੇਵਾਦਾਰ ਉਨ੍ਹਾਂ ਕੋਲ ਹਰ ਵਕਤ ਰਹਿੰਦੇ ਹਨ। ਸਾਰੀ ਖੇਤੀ ਦੀ ਜਿੰਮੇਵਾਰੀ ਬਾਪੂ ਜੀ ਸੰਭਾਲਦੇ ਹਨ। ਪਰ ਇੱਥੇ ਕਿਸੇ ਨੂੰ ਵੀ ਸਾਡੇ ਰਿਸਤੇ ਦਾ ਪਤਾ ਨਹੀਂ। ਵੇਖ ਜੀਤੀ ਨਾਲ ਦਿਆਂ ਨੂੰ ਵੀ ਨਹੀਂ ਦੱਸਣਾ ਕਿ ਮੈਂ ਮੰਗਲ ਹਾਂ। ਐਵੇ ਪਤਾ ਲੱਗ ਗਿਆ ਤਾਂ ਕੋਈ ਨਵਾਂ ਸਿਆਪਾ ਖੜਾ ਹੋ ਜਾਊ। ਇਹ ਗੱਲ ਆਪਣੇ ਵਿਚ ਹੀ ਰਹਿਣੀ ਚਾਹੀਦੀ ਹੈ। ਜਿਵੇਂ ਕੰਧ ਤੇ ਲਿਖੀ ਗੱਲ ਦਾ ਪਤਾ ਨਹੀਂ ਸੀ ਲੱਗਣ ਦਿੱਤਾ। ਬੱਸ ਉਸੇ ਤਰ੍ਹਾ ਇਸ ਨੂੰ ਦਿਲ ਵਿਚ ਰੱਖਣਾ। ਮੈਥੋਂ ਤਾਂ ਤੈਨੂੰ ਪਹਿਚਾਣ ਕੇ ਜਾਬਤਾ ਨਹੀਂ ਰੱਖਿਆ ਗਿਆ। ਹੁਣ ਮੈਂ ਤੁਹਾਨੂੰ ਐਫੀਡੈਫਟ ਨਹੀਂ ਦੇਣਾ। ਇਹ ਤੂੰ ਇਕੱਲਾ ਆ ਜਾਈ। ਬਾਪੂ, ਬੇਬੇ ਨੂੰ ਮਿਲ ਜਾਣਾ ਅਤੇ ਐਫੀਡੈਫਟ ਲੈ ਜਾਈ। ਜੀਤੀ ਇਹ ਤੇਰਾ ਲੱਖ ਰੁਪਿਆ ਵੀ ਤੈਨੂੰ ਵਾਪਿਸ ਕਰ ਦੇਣਾ। ਇੱਥੇ ਮਾਇਆ ਦੀ ਕੋਈ ਘਾਟ ਨਹੀਂ।''
ਦੂਸਰੇ ਰੋਟੀ ਖਾ ਕੇ ਆ ਗਏ। ਸੇਵਾਦਾਰ ਨੇ ਦਰਵਾਜਾ ਖੜਕਾਇਆ। ਮੈਂ ਉਠ ਕੇ ਦਰਵਾਜਾ ਖੋਹਲ ਦਿੱਤਾ। ਸਾਰੇ ਜਾਣੇ ਸੰਤਾ ਕੋਲ ਬੈਠ ਗਏ। ਮਹਿੰਦਰ ਨੇ ਕਿਹਾ, ''ਮਹਾਰਾਜ ਸਾਨੂੰ ਆਗਿਆ ਦਿਉ। ਇਹ ਵੀ ਹੁਣ ਤੁਰੇ ਟਾਇਮ ਨਾਲ ਪਹੁੰਚ ਜਾਣਗੇ।''
''ਜਿਵੇਂ ਤੁਹਾਡੀ ਮਰਜੀ ਹੈ। ਪਰ ਗੱਡੀ ਦੇ ਕਾਗਜ ਭਾੲ਀ਿ ਕਨੇਡੀਅਨ ਸਾਹਿਬ ਤੁਸੀ ਆ ਕੇ ਲੈ ਜਾਇਓ। ਇੰਨੇ ਬਹਾਨੇ ਨਾਲ ਮਿਲ ਜਾਵੋਗੇ। ਕੀ ਹੈ ਭਾਈ ਇਨ੍ਹਾਂ ਦੇ ਮਨ ਮਿਹਰ ਪੈ ਜਾਵੇ। ਮੈਂ ਵੀ ਕਨੇਡਾ ਵੇਖ ਆਵਾਂ।'' ਸੰਤਾ ਨੇ ਹੱਸ ਕੇ ਆਖਿਆ। ਸਾਰਿਆ ਨੂੰ ਮਠਿਆਈ ਦੇ ਡੱਬੇ ਸੰਤਾ ਨੇ ਪ੍ਰਸਾਦ ਦਿੱਤਾ। ਮਹਿੰਦਰ ਨੂੰ ਵਰਕਸ਼ਾਪ ਮੂਹਰੇ ਉਤਾਰ ਕੇ ਉਹ ਪਿੰਡ ਆ ਗਏ।
ਦਸਵੇਂ ਦਿਨ ਜਗਜੀਤ ਇਕੱਲਾ ਹੀ ਤਿਆਰ ਹੋ ਗਿਆ। ਉਸ ਦੁ ਭਾਈ ਨੇ ਕਿਹਾ, ''ਇਕੱਲੇ ਨੇ ਨਹੀਂ ਜਾਣਾ'' ਤਾਂ ਜਗਜੀਤ ਨੇ ਆਪਣੇ ਸਾਲੇ ਨੂੰ ਫੌਨ ਕਰ ਦਿੱਤਾ ਕਿ ਉਹ ਤਿਆਰ ਹੋ ਜਾਵੇ ਮੈਂ ਆ ਰਿਹਾ ਹਾਂ। ਉਹ ਆਪਣੇ ਸਾਲੇ ਨੂੰ ਨਾਲ ਲੈ ਕੇ ਸੰਤਾ ਕੋਲ ਸ਼ਾਮ ਨੂੰ ਪਹੁੰਚ ਗਿਆ। ਇਹ ਮੱਥਾ ਟੇਕ ਕੇ ਬੈਠ ਗਏ। ਸੰਤਾ ਕੋਲ ਸੰਗਤ ਬਹੁਾ ਬੈਠੀ ਸੀ।
ਸੰਤਾ ਨੇ ਹਰ-ਹਰ ਦੇਵ ਨੂੰ ਆਖਿਆ, ''ਇਨ੍ਹਾਂ ਨੂੰ ਜਲ ਪਾਣੀ ਛਕਾਵੋ। ਮੈ ਸੰਗਤ ਤੋਰ ਕੇ ਜਲਦੀ ਹੀ ਵਿਹਲਾ ਹੋ ਜਾਂਦਾ ਹਾਂ।''
ਚਾਹ ਛੱਕ ਆੳਦਿਆ ਨੂੰ ਸੰਤਾ ਨੇ ਸਾਰੀ ਸੰਗਤ ਤੋਰ ਦਿੱਤੀ। ਆਪਣੇ ਆਸਣ ਤੋਂ ਉੱਠਦੇ ਕਹਿਣ ਲੱਗੇ, ''ਚੱਲ ਬਈ ਕਨੇਡੀਅਨਾਂ ਤੈਨੂੰ ਸੈਰ ਕਰਵਾ ਲਿਆਈਏ।'' ਸੰਤਾ ਸਾ ਸੈਰ ਨੂੰ ਜਾਣਾ ਸੁਣ ਕੇ ਦੋ ਸੇਵਾਦਾਰ ਭੱਜ ਕੇ ਕੋਲ ਆਏ। ਸੰਤਾ ਨੇ ਆਖਿਆ, ''ਨਹੀਂ ਤੁਸੀ ਅਰਾਮ ਕਰੋ। ਅੱਜ ਮੇਰੇ ਨਾਲ ਇਹ ਭਾਈ ਸਾਹਿਬ ਇਕੱਲੇ ਹੀ ਜਾਣਗੇ।'' ਸੰਤ ਤੇ ਜੀਤੀ ਇਕ ਪਹੀ ਪੈ ਗਏ। ਪਿੰਡ ਦੀਆਂ ਨਵੀਆਂ ਪੁਰਾਣੀਆਂ ਗੱਲਾਂ ਕਰਦੇ ਉਹ ਇਕ ਘਰ ਵਿਚ ਪਹੁੰਚ ਗਏ। ਅੱਗੇ ਸੰਤਾ ਦੇ ਮਾਤਾ ਪਿਤਾ ਦੋਵੇਂ ਮੰਜੇ ਤੇ ਬੈਠੇ ਸਨ। ਜਗਜੀਤ ਨੇ ਵੇਖਣ ਸਾਰ ਹੀ ਸਿਆਣ ਲਏ। ਜਗਜੀਤ ਨੇ ਤਾਇਆ, ਤਾਈ ਜੀ ਆਖ ਕੇ ਸਤਿ ਸ੍ਰੀ ਅਕਾਲ ਬੁਲਾਈ। ਦੋਹਾਂ ਨੇ ਜਗਜੀਤ ਨੂੰ ਗੱਲ ਨਾਲ ਲਾ ਕੇ ਪਿਆਰ ਕੀਤਾ। ਪਿੰਡ ਦੀ ਤੇ ਘਰ ਦੀ ਸੁਖਸਾਂਦ ਪੁੱਛੀ। ਉਹ ਕਾਫੀ ਚਿਰ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ।
ਸੰਤਾ ਨੇ ਆਖਿਆ, ''ਚੱਲ ਜੀਤੀ ਚੱਲੀਏ। ਬਹੁਤ ਟਾਇਮ ਹੋ ਗਿਆ। ਸ਼ਾਮ ਦੀ ਧੁਪ-ਬੱਤੀ ਵੀ ਕਰਨੀ ਹੈ। ਆਪਾਂ ਕਿਸੇ ਦੀ ਡਿਉਟੀ ਨਹੀਂ ਲਾ ਕੇ ਆਏ।''
ਜੀਤੀ ਨੇ ਉੱਠਣ ਲੱਗੇ ਨੇ ਫਿਰ ਤਾਏ-ਤਾਈ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਸੰਤਾ ਨਾਲ ਤੁਰ ਪਿਆ। ਰਸ਼ਤੇ ਵਿਚ ਜੀਤੀ ਨੇ ਪੁਛਿਆ, ''ਮੈਨੂੰ ਇਉ ਦੱਸ। ਫਿਰ ਵਿਆਹ ਤੂੰ ਨਹੀਂ ਕਰਾਇਆ, ਸਰੀਰ ਬਣਾਇਆ ਭਲਵਾਨਾ ਵਰਗਾ। ਇਸ ਤਰ੍ਹਾ ਦਾ ਸਰੀਰ ਵੇਖ ਕੇ ਤਾਂ ਜਨਾਨੀ ਮਰ-ਮਰ ਜਾਂਦੀ ਹੈ। ਤੇਰੇ ਤੇ ਫਿਰ ਕਿਸੇ ਨੇ ਜਾਲ ਨਹੀਂ ਪਾਇਆ।''
''ਜੀਤੀ ਤੈਨੂੰ ਪਤਾ ਹੈ। ਆਪਾਂ ਪੂਰੇ ਘੁਲਾਟੀਏ ਹਾਂ। ਮੈਂ ਸੰਤਾ ਤੋਂ ਮਨਜੂਰੀ ਲੈ ਲਈ ਸੀ ਵਿਆਹ ਕਰਵਾਉਣ ਦੀ। ਉਨ੍ਹਾਂ ਨੇ ਸਾਰੀ ਸੰਗਤ ਵਿਚ ਆਖ ਦਿੱਤਾ ਸੀ। ਭਾਈ ਇਹ ਗੱਦੀ ਤਾਂ ਜਤੀਆਂ ਦੀ ਹੈ ਪਰ ਅਕਾਲ ਪੁਰਖ ਵੱਲੋਂ ਹੁਕਮ ਹੀ ਹੈ ਕਿ ਬ੍ਰਹਮ ਦੇਵ ਗ੍ਰਹਿਸਤੀ ਹੋਵੇਗਾ। ਪਰ ਇਹਦਾ ਪ੍ਰਵਾਰ ਡੇਰੇ ਤੋਂ ਸੌ ਕਿਲੋਮੀਟਰ ਦੂਰ ਵਸੂਗਾ। ਉਨ੍ਹਾਂ ਨੂੰ ਇੱਥੇ ਰਹਾਇਸ ਕਰਨ ਦੀ ਸਖਤ ਮਨਾਹੀ ਹੈ। ਜੇ ਡੇਰੇ ਆਉਣਾ ਹੈ ਤਾਂ ਸੰਗਤ ਦੇ ਰੂਪ ਵਿਚ ਆਉਣਗੇ। ਇੱਥੇ ਇਨ੍ਹਾਂ ਦਾ ਰਿਸ਼ਤਾ ਗੁਰੂ ਸੰਗਤ ਵਾਲਾ ਹੀ ਹੋਵੇਗਾ।''
''ਫਿਰ ਵਿਆਹ ਕਰਵਾ ਲਿਆ। ਹਟਿਆ ਨਹੀਂ ਘਤਿੱਤ ਤੋਂ।''
''ਹਾਂ, ਵਿਆਹ ਆਪਾਂ ਕਰਵਾ ਲਿਆ। ਇਕ ਮੁੰਡਾ ਹੈ ਉਹ ਚੰਡੀਗੜ ਛੱਡੇ ਹੋਏ ਨੇ। ਕੋਠੀ ਲੈ ਦਿੱਤੀ ਸੀ। ਖਰਚਾ ਉਨ੍ਹਾਂ ਨੂੰ ਪੂਰਾ ਪਹੁੰਚ ਜਾਂਦਾ ਹੈ। ਆਪਾਂ ਮਹੀਨੇ, ਪੰਦਰੀ ਦਿਨੀ ਜਾ ਆਉਦੇ ਹਾਂ। ਮੁੰਡਾ ਛੇਵੀਂ ਕਲਾਸ ਵਿਚ ਪੜਦਾ ਹੈ। ਤੂੰ ਆਪਣੀ ਫੈਮਲੀ ਦਾ ਦੱਸਿਆ ਨਹੀਂ।''
''ਤੈਨੂੰ ਪਤਾ ਹੀ ਹੈ ਮੈਂ ਗਿਆ ਹੀ ਵਿਆਹ ਦੇ ਵੇਸ ਤੇ ਸੀ। ਸੁਖ ਨਾਲ ਹੁਣ ਦੋ ਮੁੰਡੇ ਤੇ ਇਕ ਕੁੜੀ ਹੈ। ਵੱਡਾ ਨੌਵੀਂ ਚ, ਛੋਟਾ ਸੱਤਵੀਂ ਤੇ ਗੁੱਡੀ ਤੀਜੀ ਕਲਾਸ ਵਿਚ ਨੇ।''
''ਨਾਲ ਹੀ ਆਏ ਹਨ ਜਾਂ ਉੱਥੇ ਨੇ।''
''ਨਹੀਂ, ਇਸ ਵਾਰ ਨਹੀਂ ਆਏ ਕਾਕਿਆ ਦੇ ਪੇਪਰ ਸੀ। ਇਸ ਕਰਕੇ ਉਨ੍ਹਾਂ ਦੀ ਮੰਮੀ ਨੂੰ ਵੀ ਰਿਹਣਾ ਪਿਆ।'' ਗੱਲਾਂ ਕਰਦੇ-ਕਰਦੇ ਉਹ ਡੇਰੇ ਆ ਗਏ।
ਸੰਤਾ ਨੇ ਰੋਟੀ ਵੀ ਉਨ੍ਹਾਂ ਨੂੰ ਆਪਣੇ ਕੋਲ ਹੀ ਆਪ ਖਾਣ ਲੱਗਿਆ ਖਵਾਈ। ਰਾਤ ਦੇਰ ਤੱਕ ਗੱਲਾਂ ਕਰਦੇ ਰਹੇ। ਸੰਤਾ ਨੇ ਜੀਤੀ ਨੂੰ ਇਕ ਲੱਖ ਲੈਣ ਲਈ ਆਖਿਆ ਪਰ ਉਹ ਮੰਨਿਆ ਨਹੀਂ।
ਸਵੇਰ ਦੀ ਚਾਹ ਪਾਣੀ ਛੱਕਣ ਮਗਰੋਂ ਜਗਜੀਤ ਨੇ ਜਾਣ ਲਈ ਆਖਿਆ। ਸੰਤਾ ਨੇ ਹਰ-ਹਰ ਦੇਵ ਤੋਂ ਐਫੀਡੈਫਟ ਮੰਗਵਾ ਕੇ ਇਨ੍ਹਾਂ ਨੂੰ ਫੜਾਇਆ। ਸੰਤਾ ਨੇ ਦੋ ਮਠਿਆਈ ਵਾਲੇ ਡੱਬੇ ਇਨ੍ਹਾਂ ਨੂੰ ਇਕ ਇਕ ਦਿੱਤਾ। ਡੱਬੇ ਫੜਾਉਣ ਲੱਗਿਆ ਆਖਿਆ ''ਆਹ ਪ੍ਰਸਾਦ ਤੁਸੀ ਇਕੱਠਾ ਨਹੀਂ ਕਰਨਾ। ਆਪਣਾ ਆਪਣਾ ਡੱਬਾ ਹੀ ਲੈਣਾ ਹੈ।'' ਅੱਡੇ ਅੱਡ ਡੱਬੇ ਫੜਾ ਕੇ ਉਨ੍ਹਾਂ ਨੂੰ ਵਿਦਿਆ ਕਰ ਦਿੱਤਾ।
ਜਗਜੀਤ ਵਾਪਿਸ ਮੁੜਦਾ ਹੋਇਆ ਆਪਣੇ ਸਾਲੇ ਨੂੰ ਸਹੁਰੀ ਹੀ ਛੱਡ ਗਿਆ। ਘਰ ਆ ਕੇ ਉਸ ਨੇ ਜੀਪ ਰੋਕ ਕੇ ਮਠਿਆਈ ਵਾਲਾ ਡੱਬਾ ਛੋਟੇ ਭਰਾ ਨੂੰ ਫੜਾਉਦੇ ਨੇ ਆਖਿਆ, ''ਪ੍ਰਸਾਦ ਹੈ ਸਾਰਿਆ ਨੂੰ ਵੰਡ ਦੇਹ।''
ਛੋਟੇ ਨੇ ਜਦ ਡੱਬਾ ਖੋਲਿਆ , ਉਸ ਥੱਲੇ ਨੋਟਾਂ ਦੀਆਂ ਗੁਟੀਆਂ ਤੇ ਉੱਪਰ ਪੇਪਰ ਦੇ ਕੇ ਮਠਿਆਈ ਰੱਖੀ ਹੋਈ ਸੀ। ਜਦ ਉਸ ਨੇ ਆਪਣੂ ਮਾਤਾ ਨੂੰ ਪ੍ਰਸਾਦ ਦਿੱਤਾ। ਉਸ ਦੀ ਨਿਗਾ ਨੋਟਾਂ ਤੇ ਪਈ। ਉਸ ਨੇ ਡੱਬਾ ਬੰਦ ਕਰ ਦਿੱਤਾ। ਬੈਠਕ ਵਿਚ ਬੜਦੇ ਨੇ ਜਗਜੀਤ ਨੂੰ ਆਖਿਆ ''ਵੀਰ ਜੀ, ਅੰਦਰ ਆਇਓ।'' ਜਦ ਜਗਜੀਤ ਅੰਦਰ ਗਿਆ। ਉਸ ਨੇ ਆਖਿਆ, ''ਪ੍ਰਸਾਦ ਦੇ ਥੱਲੇ ਆਹ ਪ੍ਰਸਾਦ ਹੋਰ ਹੀ ਪਿਆ।''
''ਗਿਣ ਖਾਂ ਕਿੰਨੇ ਹਨ।'' ਜਗਜੀਤ ਨੇ ਆਖਿਆ।
''ਦੱਸ ਗੁਟੀਆ ਹਨ। ਇਕ ਲੱਖ ਪੂਰਾ ਹੀ ਬਣਦਾ।'' ਕਹਿੰਦੇ ਛੋਟੇ ਨੇ ਆਖਿਆ, ''ਮੈਨੂੰ ਲੱਗਦਾ ਕੋਈ ਸੇਵਕ ਚੜਾ ਕੇ ਗਿਆ ਹੋਣਾ। ਸੰਤਾ ਨੇ ਵੇਖਿਆ ਨਹੀਂ। ਉਵੇਂ ਡੱਬੇ ਤੈਨੂੰ ਫੜਾ ਦਿੱਤਾ ਹੋਣਾ।''
ਹੁਣ ਫਿਰ ਕਿਵੇਂ ਕਰਨੀ ਇਨ੍ਹਾਂ ਦੀ। ਜਗਜੀਤ ਨੂੰ ਤਾਂ ਪਤਾ ਸੀ ਕਿ ਉਸ ਨੇ ਜਾਣ ਕੇ ਹੀ ਦਿੱਤੇ ਹਨ। ਜਿਹੜਾ ਕਹਿੰਦਾ ਸੀ ਡੱਬੇ ਨਾ ਬਦਲ ਜਾਣ। ਫਿਰ ਉਹਨੇ ਭਰਾ ਦਾ ਇਰਾਦਾ ਵੇਖਣ ਮਾਰੇ ਨੇ ਪੁਛਿਆ ''ਮੇਰੇ ਹਿਸਾਬ ਨਾਲ ਘਰ ਆਈ ਲੱਛਮੀ ਧੱਕਣੀ ਨਹੀਂ ਚਾਹੀਦੀ। ਨਾਲੇ ਆਪਾਂ ਕਿਹੜਾ ਕਿਸੇ ਧੋਖੇ ਨਾਲ ਲਈ ਹੈ। ਸੰਤ ਰੱਬ ਦਾ ਰੂਪ ਹੁੰਦੇ ਨੇ। ਰੱਬ ਨੇ ਦੇ ਦਿੱਤੀ ਆਪਾਂ ਚੁੱਪ ਕਰਕੇ ਸਾਂਭ ਲੈਂਦੇ ਹਾਂ।''
ਛੋਟਾ ਗੁੱਟੀਆ ਚੱਕ ਕੇ ਅਲਮਾਰੀ ਵਿਚ ਰੱਖ ਰਿਹਾ ਸੀ। ਨੋਟਾਂ ਦੇ ਥੱਲੇ ਇਕ ਪਰਚੀ ਸੀ ਜਿਸ ਤੇ ਲਿਖਿਆ ਸੀ ਕਿ ਜੇ ਹੋਰ ਨੂੰ ਦੱਸਿਆ ਤਾਂ ਇਹ ਨੋਟ ਮਿੱਟੀ ਬਣ ਜਾਣਗੇ। ਥੱਲੇ ਲਿਖਿਆ ਸੀ 'ਜਤੀਆ ਦਾ ਹੁਕਮ'।
ਛੋਟੇ ਨੇ ਗੁਟੀਆਂ ਸਾਂਭ ਕੇ ਬੋਲਿਆ ਨਹੀਂ ਚੁਪ ਕਰਕੇ ਉਹ ਪਰਚੀ ਜਗਜੀਤ ਦੇ ਮੂਹਰੇ ਕਰ ਦਿੱਤੀ। ਜਗਜੀਤ ਪਰਚੀ ਪੜਦਾ ਮਨ ਵਿਚ ਆਖ ਰਿਹਾ ਸੀ। ਇਸ ਮੰਗੀ ਦੇ ਬੱਚੇ ਤੇ ਕਿੰਨੀਆਂ ਹਵਾਵਾ ਵਗੂੀਆ ਅੱਤਵਾਦੀ ਬਣਿਆ, ਸਾਧ ਬਣਿਆ, ਵਿਆਹ ਕਰਵਾਇਆ ਕਰੋੜਾਪਤੀ ਹੋ ਗਿਆ। ਲੋਕ ਪੂਜਾ ਵੀ ਰੱਬ ਵਾਗੂੰ ਕਰਨ ਲੱਗ ਗਏ। ਪਰ ਘਤਿੱਤਾ ਤੋਂ ਬਾਜ ਨਹੀਂ ਆਇਆ।
ਵਾਰਿਸ਼ ਸ਼ਾਹ ਨੇ ਵੀ ਇਹੋ ਜਿਹੇ ਨੂੰ ਵੇਖ ਕੇ ਲਿਖਿਆ ਹੋਊ 'ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ'। ਇਹਦਾ ਨਾਮ ਉਨ੍ਹਾਂ ਨੂੰ ਬ੍ਰਹਮ ਦੇਵ ਨਹੀਂ ਘਤਿੱਤੀ ਸਾਹ ਰੱਖਣਾ ਚਾਹੀਦਾ ਸੀ। ਕੱਲਾ ਬੈਠਾ ਜਗਜੀਤ ਆਪਣੇ ਨਾਲ ਗੱਲਾਂ ਕਰਦਾ ਹੱਸੀ ਜਾ ਰਿਹਾ ਸੀ।''