14 ਅਪ੍ਰੈਲ ਨੂੰ ਵਿਸਾਖੀ ਦੇ
ਦਿਹਾੜੇ ਤੇ ਵਿਸ਼ੇਸ਼
ਨਿਸ਼ਾਨੇ ਸਿਖੀ ਈਂ ਪੰਜ ਹਰਫ ਕਾਫ
ਜਥੇ: ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
ਵਰਤਮਾਨ
ਭਾਰਤ ਦੀ ਘਾੜਤ ਘੜਨ ਹਿੱਤ ਸਿੱਖ ਧਰਮ ਨੇ ਚੋਖਾ ਹਿੱਸਾ ਪਾਇਆ ਹੈ। ਸਿੱਖ ਧਰਮ ਦੇ ਆਦਿ ਆਰੰਭ ਕਰਤਾ,
ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਭਾਰਤ ਦੀ ਸਮਾਜਿਕ, ਸਭਿਆਚਾਰਕ, ਰਾਜਸੀ ਤੇ ਧਾਰਮਿਕ
ਖੇਤਰਾਂ ਵਿਚ ਆ ਚੁੱਕੀ ਗਿਰਾਵਟ ਨੂੰ ਪਾਵਨ-ਪਵਿੱਤਰ ਬਾਣੀ ਰਾਹੀਂ ਦਰਸਾਇਆ ਹੈ ਕਿ ਕਿਸ ਤਰ੍ਹਾਂ ਰਾਜਾ
ਅਤੇ ਪਰਜਾ, ਬ੍ਰਾਹਮਣ, ਮੌਲਵੀ ਕਾਜ਼ੀ, ਆਪਣੇ-ਆਪਣੇ ਇਖਲਾਕ ਤੋਂ ਗਿਰ ਚੁੱਕੇ ਸਨ:-
੧. ਰਾਜੇ ਸੀਹ ਮੁਕਦਮ ਕੁਤੇ॥ (ਪੰਨਾ ੧੨੮੮)
੨. ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥ (ਪੰਨਾ ੧੫੪)
੩. ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ॥ (ਪੰਨਾ ੧੪੯)
੪. ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਪੰਨਾ ੧੪੧੨)
ਅਜਿਹੀ ਰਸਾਤਲ ਦੀ ਹਾਲਤ ਨੂੰ ਪਹੁੰਚ ਚੁਕੇ ਭਾਰਤੀਆਂ ਦੀ ਆਤਮਾ ਨੂੰ ਜਗਾਉਣ ਤੇ ਗੁਲਾਮੀ ਦਾ ਜੂਲਾ
ਗਲੋਂ ਲਾਹੁਣ ਲਈ 'ਨਾਨਕ ਨਿਰਮਲ ਪੰਥ' ਦੀ ਅਧਾਰਸ਼ਿਲਾ ਰੱਖੀ। ਨਾਨਕ ਨਿਰਮਲ ਪੰਥ ਦੇ ਮੈਂਬਰ ਬਣਨ ਲਈ
ਪਹਿਲੀ ਸ਼ਰਤ ਇਹ ਰੱਖੀ ਗਈ...
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੇ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥੨੦॥ (ਪੰਨਾ ੧੪੧੨)
ਇਸ ਕਾਰਜ ਦੀ ਸਿੱਧੀ ਲਈ ਹੀ ਗੁਰਦੇਵ ਜੀ ਨੇ ਉਦਾਸੀਆਂ ਕੀਤੀਆਂ ਤੇ ਸਮੇਂ ਦੇ ਹਾਕਮਾਂ, ਜ਼ਾਬਰਾਂ,
ਬਾਬਰਾਂ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ। ਇਨ੍ਹਾਂ ਜ਼ੁਲਮੀ ਹਨੇਰੀਆਂ ਨੂੰ ਠੱਲ੍ਹਣ ਲਈ ਹੀ ਪੰਜਵੇਂ
ਤੇ ਨਾਵੇਂ ਨਾਨਕ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਆਪਣੀ ਹੋਂਦ ਦੀ ਪਹਿਚਾਣ, ਅਸਲ ਨਾਲ ਜੁੜਨ,
ਸਵੈਮਾਨ ਤੇ ਅਣਖਮਈ ਜੀਵਨ ਜੀਉਣ, 'ਨਾਨਕ ਮਿਸ਼ਨ' ਦੀ ਪੂਰਤੀ ਲਈ ਰੱਬੀ ਆਦੇਸ਼ ਮੁਤਾਬਕ ੧੬੯੯ ਈ: ਨੂੰ
ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ ਪੰਥ' ਦੀ ਸਾਜਨਾ ਦਾ ਐਲਾਨ ਕੀਤਾ।.
ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹ ਸ਼ਬਦ ਉਸ ਜ਼ਮੀਨ ਜਾਇਦਾਦ ਵਾਸਤੇ ਇਸਤੇਮਾਲ ਹੁੰਦਾ ਸੀ ਜਿਸ ਦਾ
ਸਬੰਧ ਸਿੱਧਾ ਬਾਦਸ਼ਾਹ ਨਾਲ ਹੁੰਦਾ ਸੀ। ਖਾਲਸਾ ਉਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ
ਰੂਪ ਵਿਚ ਸਬੰਧਿਤ ਹੈ, ਜੋ ਵਾਹਿਗੁਰੂ ਦੀ ਆਪਣੀ ਰਜ਼ਾ ਅਨੁਸਾਰ ਹੀ ਪ੍ਰਗਟ ਹੋਇਆ ਹੈ:-
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਖਾਲਸਾ ਖੁਦਮੁਖਤਿਆਰ ਹੈ। ਇਹ ਖੁਦਮੁਖਤਿਆਰੀ ਹਲਤ ਮੁੱਖੀ ਵੀ ਹੈ ਤੇ ਪਲਤ ਮੁੱਖੀ ਵੀ ਹੈ। ਖਾਲਸਾ
ਪੰਥ ਦੇ ਹਰ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਤੇ ਆਪਣੀ ਨਿਵੇਕਲੀ ਹੋਂਦ ਨੂੰ ਬਣਾਈ ਰੱਖਣ ਲਈ ਪੰਜ
ਕਕਾਰ ਬਾਣੇ ਦਾ ਧਾਰਨੀ ਹੋਣਾ ਅਤੀ ਅਵੱਸ਼ਕ ਹੈ। ਖਾਲਸਈ ਸਰੂਪ ਨੂੰ ਬਣਾਈ ਰੱਖਣ ਲਈ ਹਰ ਸਿੱਖ ਰੋਜ਼ਾਨਾ
ਗੁਰੂ ਚਰਨਾਂ 'ਚ ਅਰਦਾਸ ਕਰਦਾ ਹੈ:- ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ''ਖਾਲਸਾਈ
ਸਰੂਪ ਨੂੰ ਧਾਰਨਾ ਤੇ ਇਸ ਨੂੰ ਬਣਾਈ ਰੱਖਣਾ ਗੁਰਮਤਿ ਭਗਤੀ ਲਈ ਜ਼ਰੂਰੀ ਹੈ। ਆਪਣੇ ਗੁਰੂ ਵਲੋਂ ਬਖਸ਼ਸ਼
ਕੀਤੇ ਪੰਜ ਕਕਾਰੀ ਬਾਣੇ ਨੂੰ ਪਿਆਰ ਕਰਨਾ ਤੇ ਇਨ੍ਹਾਂ ਦੇ ਆਦਰਸ਼ਾਂ ਅਨੁਸਾਰੀ ਜੀਵਨ ਗੁਰਮਤਿ ਭਗਤੀ
ਦਾ ਅੰਗ ਹੈ। ਡਾਕਟਰ ਤਾਰਨ ਸਿੰਘ ਦੇ ਕਥਨ ਅਨੁਸਾਰ ''ਗੁਰੂ ਗੋਬਿੰਦ ਸਿੰਘ ਜੀ ਦਾ ਭਗਤ ਹੀ ਕਕਾਰ
ਸਾਂਭ ਕੇ ਰੱਖ ਸਕਦਾ ਹੈ' ਹਰ ਕੋਈ ਨਹੀਂ ਸਾਂਭ ਸਕਦਾ।'' ਭਾਵ ਗੁਰੂ ਆਸ਼ੇ ਅਨੁਸਾਰੀ ਕਕਾਰਾਂ ਦੀ
ਮਹਾਨਤਾ ਨੂੰ ਜਾਣ ਸਕਦਾ ਹੈ, ਅਜਿਹੇ ਸਿਦਕਵਾਨਾਂ ਕਕਾਰ ਭਗਤਾਂ ਨੇ ਸਿੱਖ ਇਤਿਹਾਸ ਨੂੰ ਸਿਰਜਣ ਵਿਚ
ਵੱਡਮੁਲਾ ਹਿੱਸਾ ਪਾਇਆ। ਸਾਡਾ ਸ਼ਹੀਦੀ ਇਤਿਹਾਸ ਕਕਾਰ ਭਗਤਾਂ ਦੀ ਹੀ ਬਦੌਲਤ ਹੋਂਦ ਵਿਚ ਆਇਆ ਹੈ। ਇਕ
ਪਾਸੇ ਰਾਜ ਭਾਗ ਦੇ ਲਾਲਚ ਤੇ ਦੂਸਰੇ ਪਾਸੇ ਗੁਰੂ ਬਖਸ਼ਸ਼ ਕਕਾਰ। ਸਮੁੱਚਾ ਸਿੱਖ ਇਤਿਹਾਸ ਇਸ ਗੱਲ ਦੀ
ਸ਼ਾਹਦੀ ਭਰਦਾ ਹੈ ਕਿ ਗੁਰਸਿੱਖਾਂ ਨੇ ਹਮੇਸ਼ਾਂ ਹੀ ਕਕਾਰਾਂ ਨੂੰ ਪਿਆਰ ਕੀਤਾ ਤੇ ਰਾਜ-ਭਾਗ ਤੇ
ਨਵਾਬੀਆਂ ਨੂੰ ਠੁਕਰਾਇਆ।
ਨਿਰਬਲ, ਨਿਤਾਣੀ, ਸਾਹਸੱਤਹੀਣ ਤੇ ਗੁਲਾਮੀ ਦੇ ਆਦੀ ਹੋ ਚੁੱਕੇ ਭਾਰਤੀਆਂ ਵਿਚ ਨਵੀਂ ਰੂਹ ਫੂਕਣ ਲਈ,
ਅਜਿਹਾ ਪੰਜ ਕਕਾਰੀ ਬਾਣਾ ਪਹਿਨਾਉਣਾ ਜ਼ਰੂਰੀ ਸੀ। ਇਨ੍ਹਾਂ ਲੋਕਾਂ ਦੀ ਹਾਲਤ ਇਨੀ ਪਤਲੀ ਹੋ ਚੁੱਕੀ
ਸੀ ਕਿ ਇਹ 'ਰੋਟੀ-ਬੇਟੀ' ਦੀ ਰਾਖੀ ਨਹੀਂ ਸਨ ਕਰ ਸਕਦੇ। ਵਿਸਾਖੀ ਦੇ ਕ੍ਰਿਸ਼ਮੇ ਨੇ ਹੀ ਭਾਰਤੀ ਸਮਾਜ
ਵਿਚ ਇਕ ਨਵਾਂ ਵਿਸ਼ਵਾਸ ਪੈਦਾ ਕੀਤਾ ਤੇ ਨਵੇਂ ਇਨਕਲਾਬ ਨੂੰ ਜਨਮ ਦਿੱਤਾ। ਖਾਲਸਾ ਪੰਥ ਦੀ ਸਾਜਣਾ
ਕਰ-ਹਰ ਗੁਰਸਿੱਖ ਨੂੰ ਪੰਜ ਕਕਾਰੀ ਬਣਾ ਪਹਿਲਾਂ ਗੁਰੂ ਜੀ ਵਲੋਂ ਇਹ ਤਾੜਨਾ ਕੀਤੀ ਗਈ:-
ਨਿਸ਼ਾਨੇ ਸਿਖੀ ਈਂ ਪੰਜ ਹਰਫ ਕਾਫ॥
ਹਰਗਿਜ਼ ਨ ਬਾਸ਼ਦ ਈਂ ਪੰਜ ਮੁਆਫ॥
ਸਿੱਖੀ ਦੀ ਨਿਸ਼ਾਨੀ ਪੰਜ ਕਕਾਰੀ ਬਾਣਾ ਹੈ, ਜੋ ਵੀ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਇਸ
ਬਾਣੇ ਦਾ ਧਾਰਣੀ ਬਣ ਜਾਂਦਾ ਹੈ ਤੇ ਫਿਰ ਇਸ ਬਾਣੇ ਦੇ ਧਾਰਣੀ ਸਖ਼ਸ਼ ਪਾਸੋਂ ਲੋਕਾਈ ਆਸ ਕਰਦੀ ਹੈ ਕਿ
ਇਹ ਜ਼ੁਲਮ-ਜ਼ਬਰ ਦੇ ਵਿਰੁੱਧ ਲੜਨ ਵਾਲਾ, ਸਦਾਚਾਰੀ ਜੀਵਨ ਜੀਉਣ ਵਾਲਾ ਤੇ ਦੁਨਿਆਵੀ ਲਾਲਚ ਤੋਂ ਉਪਰ
ਉੱਠਿਆ ਹੋਇਆ ਹੈ। ਲੋਕਾਈ ਦੇ ਇਸ ਵਿਸ਼ਵਾਸ਼ ਨੂੰ ਬਣਾਈ ਰੱਖਣ ਲਈ ਇਸ ਬਾਣੇ ਦੇ ਧਾਰਣੀ ਦਾ ਵੀ ਪਵਿੱਤਰ
ਧਰਮ ਕਰਤਵ ਬਣ ਜਾਂਦਾ ਹੈ ਕਿ ਉਸ ਦਾ ਸਿਰ ਤਾਂ ਭਾਵੇਂ ਚਲਾ ਜਾਵੇ ਪਰ ਗੁਰੂ ਤੋਂ ਬੇਮੁੱਖ ਨਾ ਹੋਵੇ।
ਇਸ ਗੁਰਸਿੱਖੀ ਬਾਣੇ ਨੂੰ ਕਾਇਮ ਰੱਖਣ ਲਈ ਅਨੇਕਾਂ ਗੁਰੂ-ਭਗਤਾਂ ਨੇ ਆਰਿਆਂ ਨਾਲ ਤਨ ਚਰਵਾ, ਚਰਖੀਆਂ
ਦੇ ਦੰਦਿਆਂ ਨਾਲ ਆਪਾ ਤੁੜਵਾ, ਰੰਬੀਆਂ ਨਾਲ ਖੋਪਰੀਆਂ ਲੁਹਾ, ਦੇਗਾਂ ਵਿਚ ਆਪਾ ਉਬਾਲ ਕੇ ਵੀ ਇਸ
ਨੂੰ ਕਾਇਮ ਰੱਖਿਆ। ਇਨ੍ਹਾਂ ਗੁਰਮੁਖ ਗੁਰਸਿੱਖਾਂ ਦੀ ਜੀਵਨ ਕੁਰਬਾਨੀਆਂ ਨਾਲ ਸਿੱਖ ਇਤਿਹਾਸ ਭਰਪੂਰ
ਹੈ, ਗੁਰੂ ਕਿਰਪਾ ਸਦਕਾ ਕਿਸੇ ਵੀ ਗੁਰੂ ਵਾਲੇ ਨੇ ਅੱਜ ਤਕ ਕਕਾਰਾਂ ਨੂੰ ਪਹਿਨ ਕੇ ਕਦੇ ਪਿਛੇ ਪੈਰ
ਨਹੀਂ ਧਰਿਆ ਭਾਵੇਂ ਉਨ੍ਹਾਂ ਨੂੰ ਸ਼ਹਾਦਤ ਦਾ ਜਾਮ ਹੀ ਪੀਣਾ ਪਿਆ। ... ਗੁਰੂ ਜੀ ਵੀ ਰਹਿਤਵਾਨ ਨੂੰ
ਪਿਆਰਦੇ ਹੋਏ ਫੁਰਮਾਨ ਕਰਦੇ ਹਨ:- 'ਰਹਿਣੀ ਰਹੈ ਸੋਈ ਸਿੱਖ ਮੇਰਾ:-।''
ਇਹ ਵੀ ਗੁਰੂ ਕਿਰਪਾ ਹੀ ਸਮਝਣੀ ਚਾਹੀਦੀ ਹੈ ਕਿ ਅੱਜ ਫੇਰ ਗੁਰਸਿੱਖੀ ਦੇ ਬਾਗ ਵਿਚ ਨਵੀਂ ਪੁੰਗਾਰ
ਆਈ ਹੈ। ਜਦ ਵੀ ਸਿੱਖੀ ਦੀ ਪਰਖ ਹੋਈ ਸਿੱਖੀ ਪ੍ਰਫੁਲਤ ਹੋਈ, ਕਦੇ ਘਟੀ ਨਹੀਂ। ਇਸ ਦੇ ਵਿਨਾਸ਼ ਦੇ
ਬਹੁਤ ਸਾਰੇ ਜਾਬਰਾਂ ਨੇ ਯਤਨ ਕੀਤੇ ਪਰ ਉਹ ਆਪਣਾ ਹੀ ਨਾਮੋ-ਨਿਸ਼ਾਂ ਮਿਟਾ ਕੇ ਦੁਨੀਆਂ ਤੋਂ ਕੂਚ ਕਰ
ਗਏ।
ਪੰਜ-ਕਕਾਰੀ ਬਾਣੇ ਦੇ ਧਾਰਨੀ ਬਣਨ ਤੇ ਰਹਿਤ ਦੀ ਪਰਪੱਕਤਾ ਲਈ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਤੇ
ਸਪੱਸ਼ਟਤਾ ਬਹੁਤ ਜ਼ਰੂਰੀ ਹੈ। ਅਸਲ ਵਿਚ ਗੁਰਸਿੱਖੀ ਦੀ ਘਾੜਤ ਬਾਲ-ਪਨ ਤੋਂ ਹੀ ਘੜੀ ਜਾਣੀ ਚਾਹੀਦੀ
ਹੈ। ਇਸ ਕਾਰਜ ਲਈ ਆਰੰਭ ਤੋਂ ਹੀ ਬੱਚਿਆਂ ਨੂੰ ਗੁਰਮਤਿ ਰਹਿਤ ਨਾਲ ਜੋੜਨਾ ਚਾਹੀਦਾ ਹੈ। ਇਸ ਕਾਰਜ
ਦੀ ਸਫਲਤਾ ਲਈ ਹਰ ਗੁਰਸਿੱਖ ਪ੍ਰੇਮੀ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ
ਵਿਚ ਯਤਨਸ਼ੀਲ ਹੋਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।
ਸਿੱਖ ਕੌਮ ਆਰੰਭ ਤੋਂ ਹੀ ਅਤੀ ਨਾਜ਼ਕ ਦੌਰ ਵਿਚੋਂ ਗੁਜ਼ਰ ਕੇ ਵਿਕਸਤ ਹੋਈ ਹੈ। ਹਰ ਮੁਸ਼ਕਲ ਸਮੇਂ ਕੌਮੀ
ਰੰਗਤ ਵਿਚ ਨਿਖਾਰ ਆਇਆ। ਇਸ ਲਈ ਸਾਨੂੰ ਆਪਣੇ ਮਨ ਨੂੰ ਬਲਵਾਨ ਬਣਾਉਣ ਲਈ ਗੁਰਬਾਣੀ ਨਾਲ ਜੁੜਨਾ,
ਕੌਮੀ ਵਿਰਾਸਤ ਨੂੰ ਕਾਇਮ ਰੱਖਣ ਲਈ ਤੇ ਖਾਲਸਾ ਰਾਜ ਦੀ ਸਥਾਪਤੀ ਲਈ ਹਰ ਸਮੇਂ ਹਰ ਸਿੱਖ ਲਈ ਰਹਿਤ
ਵਿਚ ਪਰਪੱਕਤਾ ਦੀ ਜ਼ਰੂਰਤ ਹੈ।
ਖਾਲਸਾ ਸਾਜਣਾ ਦਿਹਾੜੇ 'ਤੇ ਮੇਰੀ ਸਮੂੰਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਦਿਲ ਦੀਆਂ
ਗਹਿਰਾਈਆਂ 'ਚੋਂ ਬੇਨਤੀ ਹੈ ਕਿ ਉਹ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ
ਬਾਣੇ ਨਾਲ ਜੁੜਦੇ ਹੋਏ ਜਿਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਦੇ ਪਾਤਰ ਬਨਣ ਉਥੈ
'ਪੰਜ ਕਕਾਰੀ ਰਹਿਤ ਪਿਆਰੀ' ਦੇ ਧਾਰਣੀ ਬਣ ਆਪਣੀ ਨਿਵੇਕਲੀ ਹੋਂਦ ਹਸਤੀ ਦਾ ਪ੍ਰਗਟਾਅ ਵੀ ਕਰਨ।