ਸਿੱਖ-ਮੁਸਲਿਮ ਰੂਹਾਨੀ ਸਾਂਝ
ਭਾਈ ਨਿਰਮਲ ਸਿੰਘ ਖਾਲਸਾ
ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ
ਉਂਜ ਤੇ ਇਨਸਾਨੀ ਸਾਂਝ ਮੁੱਢ ਕਦੀਮਾਂ ਤੋਂ ਈ ਅਟੁੱਟ ਏ, ਤੇ ਕੁਝ ਹੱਦ ਤੱਕ ਬਰਕਰਾਰ ਵੀ ਏ, ਰੱਬ
ਸੱਚੇ ਨੇ ਤੇ ਮਨੁੱਖੀ ਸਾਂਝਾਂ ਦੀ ਕੜੀ ਕਦੇ ਵੀ ਨਾ ਟੁੱਟਣ ਵਾਲੀ ਹੀ ਬਣਾਈ ਸੀ ਕਿਉਂਕਿ ਇਨਸਾਨੀ
ਬਣਤਰ ਦਾ ਢਾਂਚਾ ਅਤੇ ਖੂਨੀ ਲਹਿਰਾਂ ਦਾ ਰੰਗ, ਵੇਗ ਇਕੋ ਜਿਹਾ ਈ ਏ। ਜਿਉਂ ਜਿਉੇਂ ਦੁਨੀਆਂਦਾਰੀ
ਫੈਲਦੀ ਗਈ, ਇਨਸਾਨੀ ਸੋਚ ਨੇ ਵੀ ਕਰਵਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂਆਤੀ ਦੌਰ ਦਾ ਮਨੁੱਖ
ਜਿਹੜਾ ਸਿਰਫ ਤੇ ਸਿਰਫ ਖ਼ੁਦਾ ਪ੍ਰਸਤ ਤੇ ਸੱਚ ਦਾ ਈ ਮੁਤਲਾਸ਼ੀ ਸੀ, ਵਕਤੀ ਖਲਾਅ ਤੇ ਗਰਜ਼ਾਂ ਦੀ ਗਰਦ
ਨੇ ਉਸ ਦੇ ਅੰਦਰ ਸ਼ੈਤਾਨੀ ਸੋਚਾਂ ਦਾ ਅਜੇਹਾ ਘੜਮੱਸ ਮਚਾਇਆ ਕਿ ਇਹ ਰੱਬ ਦਾ ਪੁੱਤਰ ਨਾ ਹੋਕੇ,
ਕਪੁੱਤਰਾਂ ਦੀ ਚਾਲੇ ਟੁਰ ਪਿਆ, ਫਿਰ ਤੇ ਇਸ ਦੇ ਧੁਰ ਅੰਦਰ, ਖੁਦਪਰਸਤੀਆਂ, ਖੁਦਗਰਜ਼ੀਆ, ਮਦਮਸਤੀਆਂ,
ਦੁਸ਼ਵਾਰੀਆਂ, ਬਦਗੁਮਾਨੀਆ, ਮਨਮਾਨੀਆ, ਬੇਈਮਾਨੀਆਂ, ਹੇਰਾਫੇਰੀਆਂ, ਸੀਨਾਜ਼ੋਰੀਆਂ, ਧਿੰਗੋਜ਼ੋਰੀਆਂ,
ਖੋਹਾਂ-ਖੋਹੀਆਂ, ਦੇਸ਼ਧਰੋਹੀਆਂ, ਧਰਮ ਹੋਠੀਆਂ, ਕੱਟੜਵਾਦ, ਗਰੂਰ, ਈਰਖਾ, ਵੈਰ ਵਿਰੋਧ, ਮਨੂੰਵਾਦੀ
ਸੋਚਾਂ, ਊਚ ਨੀਚ, ਜਾਤਿ ਪਾਤਿ, ਭਾਈ ਭਤੀਜਵਾਦ, ਲਾਲਚਵਾਦ ਤੇ ਨਫ਼ਰਤਾਂ ਇਤਿਆਦਕ ਤੇ ਹੋਰ ਕਿਤਨੀਆਂ ਈ
ਊਟ ਪਟਾਂਗ ਅਲਾਮਤਾਂ ਨੇ ਡੇਰਾ ਈ ਲਾ ਲਿਆ।
ਇਸ ਫ਼ਾਨੀ ਸੰਸਾਰ ਤੇ ਜਿਤਨਾ ਭਿਆਨਕ (ਡਰਾਉਣਾ) ਰੋਲ ਤੇ ਨੁਕਸਾਨ ਇਨਸਾਨ ਨੇ ਹੀ ਇਨਸਾਨ ਦਾ ਕੀਤਾ ਏ,
ਹੋਰ ਕਿਸੇ ਵੀ ਜੰਗਲੀ ਜਾਨਵਰ ਜਾਂ ਪਰਿੰਦੇ ਨੇ ਨਹੀਂ ਜੇ ਕੀਤਾ। ਇਹ ਖੂਨੀ ਲਕੀਰਾਂ (ਸਰਹੱਦਾਂ)
ਕੰਡਿਆਲੀ ਵਾੜਾਂ, ਮੌਤ ਦੀਆਂ ਖੂਨੀ ਦੀਵਾਰਾਂ, ਪਾਕਿ ਸਾਫ ਨਦੀਆਂ ਦੀ ਵੰਡ, ਵਿਸ਼ਾਲ ਸਾਗਰਾਂ ਤੇ ਨੀਲੇ
ਅਸਮਾਨਾਂ ਦੀ ਵੰਡ, ਪੇਚੀਦੇ ਵੀਜ਼ਿਆਂ ਇਮੀਗਰੇਸ਼ਨਾਂ ਤੇ ਖਾਮਖਾਹੀ ਰੁਕਾਵਟਾਂ, ਇਸ ਡਾਢੇ ਜ਼ਾਹੀਨ ਤੇ
ਸਮਝਦਾਰ ਬੰਦੇ ਨੇ ਈ ਤੇ ਖੜੀਆਂ ਕੀਤੀਆਂ ਨੇ, ਇਸ ਭੱਦਰ ਪੁਰਸ਼ ਨੂੰ ਤੇ ਕਦੀ ਵੀ ਲੱਜਾ, ਹਯਾ ਨਹੀਂ
ਆਈ ਕਿ ਸਾਡੇ ਨਾਲੋਂ ਤੇ ਖੂੰਖਾਰ ਜਾਨਵਰ ਵੀ ਬਿਹਤਰ ਨੇ,, ਜਿਹੜੇ ਕਿਸੇ ਬਿਨਾਂ ਰੋਕ ਟੋਕ, ਸਾਡੀਆਂ
ਈ ਖੜੀਆਂ ਕੀਤੀਆਂ ਨਫ਼ਰਤੀ ਸਰਹੱਦਾਂ ਨੂੰ ਟਿੱਚ ਜਾਣਦੇ ਹੋਏ, ਬੇਖੌਫ ਆਰ-ਪਾਰ ਕਰ ਜਾਂਦੇ ਨੇ, ਅਜੋਕੇ
ਯੁਗ ਦੇ ਮਨੁੱਖ ਦੀ ਸੋਚ ਏਡੀ ਕੁ ਗਿਠੀ (ਬੌਣੀ) ਹੋ ਗਈ ਜਾਪਦੀ ਏ ਕਿ ਉਸਨੂੰ ਤੇ ਖੌਰੇ ਚੇਤਾ ਈ
ਭੁੱਲ ਗਿਆ ਕਿ ਮਨੁੱਖ ਤੇ ਮਨੁੱਖ ਈ ਹੁੰਦੈ? ਇਸ ਜ਼ਮੀਨ ਉੱਤੇ ਕਿਸੇ ਨੇ ਸਦਾ ਬੈਠ ਨਹੀਂ ਰਹਿਣਾ, ਚੰਦ
ਰੋਜ਼ ਦੇ ਤੇ ਮਨੁੱਖੀ ਮੇਲੇ ਨੇ ਤੇ ਪਤਾ ਨਹੀਂ ਕਿਸ ਗਲੀ ਚ ਸ਼ਾਮ ਹੋ ਜਾਣੀ ਏ? ਪਰ ਫਿਰ ਵੀ ਇਹ ਬੰਦਾ,
ਬੰਦਾ ਨਹੀਂ ਜੇ ਬਣਦਾ।ਪਰ ਲੱਗਦੈ ਇਸ ਮਸਲੇ ਉਤੇ ਤਾਂ ਅਸੀਂ ਅਲਫ਼ ਬੇ ਤੇ ਹੀ ਰੁਕੇ ਹੋਏ ਹਾਂ। ਸਾਡੇ
ਸਾਂਤੀ ਦੇ ਮਸੀਹੇ ਮਹਾਨ ਪੈਗੰਬਰਾਂ, ਗੁਰੂਆਂ ਪੀਰਾਂ, ਫਕੀਰਾਂ, ਅਵਤਾਰਾਂ ਤੋਂ ਤੇ ਅਸੀਂ ਕੁਝ ਸਿਖ
ਈ ਨਹੀਂ ਸਕੇਆਂ। ਚਲੋ ਹੋਰ ਕੁਝ ਨਹੀਂ ਤੇ ਉਪਰੋਕਤ ਉਹਨਾਂ ਮੂਕ ਤੇ ਬੇਜ਼ੁਬਾਨੇ ਜਾਨਵਰਾਂ ਪਸ਼ੂ ਪੰਛੀਆਂ
ਪਾਸੋਂ ਈ ਕੁਝ ਗ੍ਰਹਿਣ ਕਰ ਲਈਏ, ਜਿਹਨਾਂ ਚ ਸਾਡੇ ਨਾਲੋਂ ਕਿਧਰੇ ਜ਼ਿਆਦਾ ਵਾਲੀ ਅਕਲ ਪਿਆਰ ਤੇ ਮੇਲ
ਮਿਲਾਪ ਏ, ਤੇ ਜਿਹੜੇ ਅਜੇ ਤੀਕਰ ਵੀ ਤਮਾਮ ਸਮੁੰਦਰੀ ਟਾਪੂਆਂ ਨੂੰ (ਸਾਰੀ ਧਰਤੀ) ਇਕੋ ਰੱਬ ਦੀ
ਜ਼ਮੀਨ ਸਮਝਦੇ ਨੇ, ਤਾਂ ਹੀ ਤੇ ਉਹਨਾਂ ਵੰਡੀਆਂ ਨਹੀਂ ਪਾਈਆਂ। ਪਾਕਿ-ਪਰਵਦਗਾਰ ਨੇ ਤੇ ਇਸ ਮਨੁੱਖ
ਨੂੰ ਇਸ ਵਿਸ਼ਾਲ ਕਾਇਨਾਤ ਚੇ ਮੁਹੱਬਤਾਂ ਦਾ ਪੈਗਾਮ ਵੰਡਣ ਲਈ ਭੇਜਿਆ ਸੀ, ਪਰ ਬਣ ਗਿਆ ਇਹ ਨਫ਼ਰਤਾਂ
ਦਾ ਵਣਜਾਰਾ।
ਖ਼ੈਰ! ਮੈਂ ਇਥੇ ਇਕ ਅਜੇਹੀ ਪਕੇਰੀ ਸਾਂਝ ਦੀ ਗੱਲ ਕਰਨ ਜਾ ਰਿਹੈਂ, ਜਿਹੜੀ ਕਦੀ ਤੋੜਿਆਂ ਵੀ ਨਹੀਂ
ਟੁੱਟਦੀ, ਨਾ ਕੋਈ ਇਸ ਨੂੰ ਤੋੜ ਸਕਦਾ ਏ ਤੇ ਨਾਂ ਟੁੱਟੇਗੀ ਈ। ਸਾਂਝਾਂ 'ਤੇ ਬੇਸ਼ੁਮਾਰ ਨੇ, ਖੂਨੀ
ਸਾਂਝਾਂ, ਰਿਸ਼ਤੇਦਾਰੀਆਂ ਦੀਆਂ ਸਾਂਝਾਂ, ਸਕਿਆਂ-ਸੋਧਰਿਆਂ ਦੀਆਂ ਸਾਂਝਾਂ, ਗਰਜ਼ਾਂ ਦੀਆਂ ਸਾਂਝਾਂ,
ਮੁਹੱਬਤਾਂ ਦੀ ਸਾਂਝ, ਕਾਰੋਬਾਰੀ ਸ਼ਾਂਝ, ਮਤਲਬੀ ਸਾਂਝ, ਸਰੀਰਕ ਸਾਂਝ ਤੇ ਹਮਸਾਇਆਂ ਦੀ ਸਾਂਝ, ਪਰ
ਇਹ ਸਭ ਤੇ ਫਿੱਕੀਆਂ ਪੈ ਸਕਦੀਆਂ ਨੇ, ਰੁੱਕ ਤੇ ਟੁੱਟ ਵੀ ਸਕਦੀਆਂ ਨੇ ਪਾਸਾ ਵਟ ਸਕਦੀਆਂ ਨੇ ਸਦਾ
ਲਈ ਦਫ਼ਨ ਹੋ ਸਕਦੀਆਂ ਨੇ ਪਰ ਜਿਹੜੀ ਸਾਂਝਾਂ ਦੀ ਭਿਆਲੀ ਦਾ ਜ਼ਿਕਰ ਛੇੜ ਰਿਹਾ ਹਾਂ, ਇਹ ਸਾਂਝ ਅਟੁੱਟ,
ਅਮੁੱਲ, ਡਾਢੀ ਸ਼ੀਰੀ, ਅਦਬੀ ਤੇ ਸੌੜੀਆਂ ਸੋਚਾਂ ਤੋਂ ਕਿਤੇ ਪਰ੍ਹਾਂ ਏ ਇਹ ਸਾਂਝ ਬੇਰਹਿਮ ਸਰਹੱਦਾਂ
ਦੀ ਮੁਹਤਾਜ ਨਹੀਂ। ਤੇ ਕਿਸੇ ਤਾਨਾਸ਼ਾਹੀ ਜਰਵਾਣਿਆਂ ਦੀ ਗੁਲਾਮ ਨਹੀਂ, ਇਸ ਸਾਂਝ ਦੀ ਤੇ ਅੱਡਰੀ ਹਸਤੀ
ਏ, ਤੇ ਸਦੀਵੀ ਵਜੂਦ ਏ ਇਸ ਵਿਚ ਡਾਢੀ ਅਪਣੱਤ ਏ, ਖਲੂਸ, ਹੂਕ, ਬੈਰਾਗ, ਤੇ ਇਕ ਚੀਸ ਏ, ਕਿਉਂ ਕਿ
ਇਹ ਪੈਗੰਬਰਾਂ ਤੇ ਗੁਰੂਆਂ ਪੀਰਾਂ ਦੀ ਬਖਸ਼ੀ ਹੋਈ ਨਿਆਮਤ ਅਤੇ ਧੁਰ ਰੂਹ ਦੀ ਗੁਜ਼ਾ ਏ, ਇਹ ਅਭੁੱਲ ਤੇ
ਲਾਮਿਸਾਲ ਸਾਝਾਂ ਪੀੜੀ ਦਰ ਪੀੜੀ ਚਲਦਅਿਾਂ ਨੇ ਤੇ ਇਹਨਾਂ ਅਮੁੱਕ ਸਾਝਾਂ ਦਾ ਵੇਗ ਕਦੀ ਮੱਠਾ ਨਹੀਂ
ਜੇ ਪੈਂਦਾ, ਇਹ ਪੀਡੀਆਂ ਸਾਂਝਾਂ ਤੇ ਨਦੀਆਂ ਦੇ ਤੇਜ਼ ਵਹਿਣਾਂ ਨੂੰ ਵੀ ਚੀਰ ਕੇ ਰੱਖ ਦੇਂਦੀਆਂ ਨੇ,
ਤੇ ਸੰਸਾਰ ਦੀਆਂ ਅਤਿ ਬਿਖਮ ਰੁਕਾਵਟਾਂ ਇਹਨਾਂ ਸਾਂਝਾਂ ਨੂੰ ਕਦੀ ਵੀ ਨਹੀਂ ਜੇ ਨਿਗਲ ਸਕਦੀਆਂ ਕਿਉਂ
ਕਿ ਇਹ ਸਾਂਝਾਂ ਕਮਾਲੇ ਕਰਾਮਾਤਾਂ ਨਾਲ ਲਬਰੇਜ਼ ਨੇ ਤੇ ਜਿਸਦਾ ਰਾਬਤਾ ਸਿਰਫ ਤੇ ਸਿਰਫ ਰੂਹਾਂ ਨਾਲ ਏ
ਅਤੇ ਇਹਨਾਂ ਰੱਬੀ ਸਾਂਝਾਂ ਦਾ ਨਾਮ ਏ ਰੂਹਾਨੀਅਤ। ਭਾਵੇਂ ਮਨੁੱਖੀ ਸਾਂਝਾਂ ਦੀ ਦੁਨੀਆਂ ਚ ਕੋਈ ਕਮੀ
ਨਹੀਂ ਪਰ ਇਹ ਇਕ ਅਜੇਹੀ ਸਾਂਝ ਏ, ਜਿਸ ਨੂੰ ਝੁਠਲਾਇਆ ਜਾਂ ਨਕਾਰਿਆ ਨਹੀਂ ਜਾ ਸਕਦੈ। ਇਸ ਰੂਹਾਨੀ
ਸਾਂਝ ਦੀ ਸ਼ੁਰੂਆਤ, ਸਿੱਖ-ਮੁਸਲਿਮ ਸਾਂਝ ਦੇ ਰੂਪ (ਵਜੂਦ) ਵਿਚ ਪੰਦਰ੍ਹਵੀਂ ਸਦੀ ਤੋਂ ਸ਼ੁਰੂ ਹੁੰਦੀ
ਹੈ। ਇਹ ਸਿੱਖ-ਮੁਸਲਿਮ ਸਾਂਝ ਜੋ ਕਿ ਸ਼ੁਰੂ ਤੋਂ ਹੀ ਡਾਢੀ ਪੀਚੀ ਹੋਈ ਏ, ਤੇ ਹੋ ਸਕਦੈ ਅੱਜ
ਸਿੱਖ-ਮੁਸਲਿਮ ਨੌਜਵਾਨ ਪੀੜ੍ਹੀ ਇਸ ਤਵਾਰੀਖੀ ਸਾਂਝ ਤੋਂ ਵਿਰਵੀ ਅਤੇ ਵਾਕਿਫ਼ ਹੀ ਨਾ ਹੋਵੇ, ਪਰ ਮੈਂ
ਇਸ ਅਦਬੀ ਸਾਂਝ ਨੂੰ ਆਪ ਸਭ ਜੀ ਨਾਲ ਸਾਂਝਿਆਂ ਕਰਕੇ ਫਖ਼ਰ (ਮਾਣ) ਮਹਿਸੂਸ ਕਰ ਰਿਹੈਂ।
1469 ਦੇ ਫਜ਼ਰ ਵੇਲੇ ਹਿੰਦੁਸਤਾਨ ਦੇ ਵਿਸ਼ਾਲ ਟਾਪੂ, ਪੰਜਾਬੀਆਂ ਦੇ ਪੰਜ-ਆਬਾਂ ਦੀ ਸਰਜ਼ਮੀ, ਰਾਇ ਭੋਇ
ਦੀ ਤਲਵੰਡੀ (ਨਨਕਾਣਾ ਸਾਹਿਬ ਜੀ) (ਹੁਣ ਪਾਕਿਸਤਾਨ) ਸਥਿਤ ਮਾਤਾ ਤ੍ਰਿਪਤਾ ਦੀ ਕੁੱਖੋਂ ਤੇ ਪਿਤਾ
ਮਹਿਤਾ ਕਾਲੂ ਬੇਦੀ (ਹਿੰਦੂ) ਕੁਲ ਦੇ ਘਰ ਇਕ ਬਾਲ ਨੇ ਜਨਮ ਲਿਆ, ਘਰਦਿਆਂ ਨੇ ਨਾਮ ਰੱਖਿਆ 'ਨਾਨਕ'
ਤੇ ਕ੍ਰਿਸ਼ਮਈ ਬਾਲ ਦੀ ਪਹਿਚਾਣ ਕੀਤੀ ਇਲਾਕੇ ਦੇ ਮੋਹਤਬਰ ਚੌਧਰੀ ਰਾਇ ਬੁਲਾਰ ਜੀ ਨੇ ਜੋ ਕਿ ਇਸਲਾਮ
ਧਾਰਕ ਸੀ, ਬੱਸ ਇਥੋਂ ਹੀ ਸਿੱਖ ਮੁਸਲਿਮ ਸਾਂਝ ਦਾ ਸਰਘੀ ਵੇਲਾ ਹੁੰਦਾ ਜੇ ਅਤੇ ਸਾਂਝਾਂ ਦੀ ਕੜੀ
ਟੁਰ ਪੈਂਦੀ ਏ ਆਪਣੇ ਲੰਮੇਰੇ ਪੰਧ ਵੱਲ। ਆਪਣੇ ਸਮੇਂ ਦੇ ਉੱਘੇ ਦਾਨਸ਼ਵਰ ਡਾਕਟਰ ਸਰ ਮੁਹੰਮਦ ਇਕਬਾਲ
ਗੁਰੂ ਨਾਨਕ ਦੇਵ ਜੀ ਬਾਰੇ ਜ਼ਿਕਰ ਕਰਦੇ ਨੇ , " ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ
ਕੋ ਇਕ ਮਰਦੇ ਕਾਮਲ ਨੇ ਜਗਾਇਆ ਖ਼ਾਬ ਸੇ।" ਗੁਰੂ ਨਾਨਕ ਦੇਵ ਜੀ ਕੋਈ ਮਨੁੱਖ ਨਹੀਂ, ਬਲਕਿ ਰਬੀ ਰੰਗ
'ਚ ਰੰਗਿਆ ਹੋਇਆ ਕੋਈ ਵਿਸ਼ੇਸ਼ ਦੂਤ ਸੀ, ਜਿਸ ਦਾ ਫਲਸਫ਼ਾ ਸਿਰਫ ਤੇ ਸਿਰਫ ਪੈਗਾਮੇ-ਮੁਹੱਬਤ ਤੇ ਆਪਸੀ
ਸਾਂਝਾਂ ਨੂੰ ਪਕੇਰਿਆ ਕਰਨ ਦਾ ਸੀ, ਜੋ ਕਿ ਸੰਸਾਰ ਦੀ ਤਮਾਮ ਲੋਕਾਈ ਲਈ ਸੀ। ਗੁਰੂ ਨਾਨਕ ਦੇਵ ਜੀ
ਨੇ ਆਪਣੇ ਮਿਸ਼ਨ ਦੇ ਸ਼ੁਰੂਆਤੀ ਦੌਰ ਸਮੇਂ ਜਿਸ ਸਾਥੀ ਦੋਸਤ ਦੀ ਚੋਣ ਕੀਤੀ, ਉਸ ਦਾ ਨਾਮ ਸੀ 'ਮਰਦਾਨਾ'
ਤੇ ਉਹ ਵੀ ਇਕ ਸੱਚਾ ਮੁਸਲਮਾਨ ਸੀ। ਜ਼ਿੰਦਗੀ ਦੇ ਪੰਜ ਦਹਾਕਿਆਂ ਤੀਕਰ ਇਸ ਇਸਲਾਮ ਧਾਰਕ ਭਾਈ ਮਰਦਾਨਾ
ਜੀ ਨੇ, ਕਾਮਲ ਮੁਰਸ਼ਦ ਗੁਰੂ ਨਾਨਕ ਜੀ ਦਾ ਤਹਿ ਦਿਲੋਂ ਸਾਥ ਦਿਤਾ, ਭਾਈ ਮਰਦਾਨਾ ਜੀ ਸੰਗੀਤ ਦੇ ਡਾਢੇ
ਗਿਆਤਾ ਸਨ ਅਤੇ ਗੁਰੂ ਸਾਹਿਬ ਜੀ ਨਾਲ ਆਪਣੇ ਰਬਾਬ ਦੁਆਰਾ ਸੰਗਤ ਕਰਦਿਆਂ ਇਲਾਹੀ ਸਿਫਤ ਸਾਲਾਹ
ਦੌਰਾਨ ਮਾਲਕ ਦੀ ਬਾਰਗਾਹ ਤੱਕ ਸੱਯਦਾ ਕਰ ਆਉਂਦੇ। ਸਮੁੱਚੇ ਹਿੰਦੁਸਤਾਨ ਤੋਂ ਇਲਾਵਾ ਇਸ ਰੂਹਾਨੀ
ਜੋੜੀ ਨੇ ਅਰਬ ਸਾਗਰ ਦੇ ਤੱਟਾਂ ਤੋਂ ਇਲਾਵਾ, ਦੱਖਣ ਪੱਛਮ ਸ਼੍ਰੀ ਲੰਕਾ, ਰਸ਼ੀਆ ਤੇ ਚਾਈਨਾ ਸਥਿਤ
ਨਾਨਕਿੰਗ ਤੱਕ ਭੁੱਲੀ ਭਟਕੀ ਹੋਈ ਲੋਕਾਈ ਨੂੰ ਮਨੁੱਖਤਾ ਦਾ ਪਾਠ ਪੜ੍ਹਾਇਆ ਅਤੇ ਖੁਦਾ ਪ੍ਰਸਤੀ ਤੇ
ਜ਼ੋਰ ਦਿਤਾ ਤੇ ਵੱਡੀ ਕਾਮਯਾਬੀ ਹਾਸਿਲ ਕੀਤੀ। ਇਹਨਾਂ ਚਾਰਾਂ ਦਿਸ਼ਾਵਾਂ ਦੀਆਂ ਲੰਮੀਆਂ ਯਾਤਰਾਵਾਂ
ਦੌਰਾਨ ਆਮ ਲੋਕਾਂ ਤੋਂ ਇਲਵਾ ਬਹੁਤ-ਬਹੁਤ ਕਾਮਲ ਰੂਹਾਂ ਅਤੇ ਜ਼ਾਲਮ ਤਾਨਾਸ਼ਾਹ ਬਾਦਸ਼ਾਹਾਂ ਨਾਲ ਵੀ
ਵਾਹ ਪਿਆ ਪਰ ਸਭਨਾਂ ਨੇ ਹੀ ਨਾਨਕ ਪੀਰ ਦੀ ਅਜ਼ਮਤ ਦਾ ਲੋਹਾ ਮੰਨਦਿਆਂ ਸੱਯਦਾ ਈ ਕੀਤਾ, ਭਾਵੇਂ ਉਹ
ਇਰਾਕ ਸਥਿਤ ਬਗਦਾਦ ਦੀ ਸ਼ਾਹੀ ਮਸਜਿਦ ਦਾ ਦਸਤਗੀਰ ਫਕੀਰ ਹੋਵੇ ਤੇ ਭਾਵੇਂ ਪਾਕਿ-ਪਵਿੱਤਰ ਤੇ ਮੁਕੱਦਸ
ਮੱਕਾ-ਏ-ਮਦੀਨਾ ਦਾ ਕਾਜ਼ੀ ਜੀਵਨ ਹੋਵੇ, ਜਾਂ ਫਿਰ ਬਾਬਰ ਜਿਹਾ ਜਾਬਰ ਹੀ ਕਿਉਂ ਨਾ ਹੋਵੇ। ਇਸ ਦੌਰਾਨ
ਹਿੰਦੁਸਤਾਨ ਦੇ ਬਸ਼ਿਦਿਆਂ ਹਿੰਦੂਆਂ ਮੁਸਲਮਾਨਾਂ ਤੇ ਸਭਨਾਂ ਫਿਰਕਿਆਂ ਦੇ ਲੋਕਾਂ ਨੂੰ ਗੁਰੂ ਨਾਨਕ
ਬਾਰੇ ਭਲੀ ਭਾਂਤ ਪਤਾ ਚੱਲ ਗਿਆ ਸੀ ਕਿ ਗੁਰੂ ਨਾਨਕ ਇਸ ਸਦੀ ਦਾ ਮਹਾਨ ਅਵਤਾਰ ਤੇ ਸ਼ਾਂਤੀ ਦਾ ਮਸੀਹਾ
ਏ, ਕਿਉਂ ਕਿ ਇਸ ਦੀ ਪੁਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕਵੀ ਭਾਈ ਨੰਦ ਲਾਲ ਜੀ 'ਗੋਯਾ' ਵੀ
ਕਰਦੇ ਨੇ, ਗੁਰੂ ਨਨਾਕ ਆਮਦ ਨਰਾਇਣ ਸਰੂਪ, ਹੁੰਮਾਨਾ ਨਿਰੰਜਨ ਨਿਰੰਕਾਰ ਰੂਪ।' ਇਹ ਹੀ ਕਾਰਨ ਹੈ ਕਿ
ਜਿਥੇ ਹਿੰਦੂਆਂ ਨੇ 'ਗੁਰੂ ਨਾਨਕ' ਕਹਿ ਕੇ ਪੁਕਾਰਿਆ ਤੇ ਖੁਦਾ ਪ੍ਰਸਤ ਮੁਸਲਮਾਨਾਂ ਨੇ 'ਨਾਨਕ ਪੀਰ'।
ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਕਰਤਾਰਪੁਰ (ਪਾਕਿਸਤਾਨ) ਵਿਖੇ ਖਾਸ ਘਟਨਾ
ਵਾਪਰੀ, ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਗੁਰੂ ਨਾਨਕ ਦੀਆਂ ਅੰਤਿਮ ਰਸਮਾਂ ਸਮੇਂ ਮਾਮੂਲੀ ਤਕਰਾਰ
ਵੀ ਹੋਇਆ ਕਿ ਗੁਰੂ ਨਾਨਕ ਸਾਡਾ ਏ ਪਰ ਆਖਿਰ ਸਮਝੌਤਾ ਹੋਇਆ ਜਿਥੇ ਹਿੰਦੂਆਂ ਨੇ ਸਸਕਾਰ ਕੀਤਾ ਤੇ
ਮੁਸਲਮਾਨਾਂ ਨੇ ਸਪੁਰਦੇ ਖਾਕ, ਅੱਜ ਵੀ ਕਰਤਾਰਪੁਰ ਸਾਹਿਬ ਵਿਖੇ ਇਕ ਪਾਸੇ ਬਾਬਾ ਨਾਨਕ ਪੀਰ ਦੀ
ਮਜ਼ਾਰ ਏ ਤੇ ਦੂਸਰੇ ਪਾਸੇ ਨਾਲ ਈ ਸਸਕਾਰ ਵਾਲੀ ਥਾਂ ਏ। ਇਹ ਸਾਂਝ ਅੱਜ ਤੱਕ ਨਿਰੰਤਰ ਚਲੀ ਆ ਰਹੀ ਏ
ਤੇ ਅਗਾਂਹ ਲਈ ਹੋਰ ਵੀ ਪਕੇਰੀ ਹੁੰਦੀ ਗਈ। ਦੂਸਰੇ ਗੁਰੂ ਅੰਗਦ ਦੇਵ ਜੀ ਸਮੇਂ ਬਾਬਰ ਦੇ ਪੁੱਤਰ
ਹਮਾਯੂੰ ਦੀ ਸਾਂਝ ਵੀ ਤਵਾਰੀਖੀ ਪੰਨਿਆਂ ਤੇ ਗਵਾਹੀ ਦੇਂਦੀ ਏ। ਤੀਸਰੇ ਗੁਰੂ ਅਮਰਦਾਸ ਜੀ ਵੇਲੇ ਸ੍ਰੀ
ਗੋਇੰਦਵਾਲ ਸਾਹਿਬ ਜੀ (ਅੰਮ੍ਰਿਤਸਰ) ਜੋ ਦਰਿਆਏ ਬਿਆਸ ਕੰਢੇ ਹੈ, ਕੌਣ ਨਹੀਂ ਜਾਣਦਾ ਕਿ ਹਿੰਦੁਸਤਾਨ
ਦਾ ਅਤਿ ਜਾਹੀਨ ਤੇ ਦਿਆਨਤਦਾਰ ਬਾਦਸਾਹ ਸਮਰਾਟ ਅਕਬਰ ਦੀ ਗੁਰੂ ਨਾਨਕ ਦੇ ਰੂਹਾਨੀ ਮਿਸ਼ਨ ਨਾਲ ਕਿੰਨੀ
ਪਕੇਰੀ ਸਾਂਝ ਸੀ, ਦਿਲੀ ਤੋਂ ਲਾਹੌਰ ਜਾਣ ਦੌਰਾਨ ਉਚੇਚੇ ਤੌਰ ਤੇ ਸਮਰਾਟ ਅਕਬਰ ਆਪਣੇ ਸੈਨਾਪਤੀਆਂ
ਤੇ ਅਹਿਲਕਾਰਾਂ ਸਮੇਤ ਗੁਰੂ ਜੀ ਪਾਸ ਰੁਕੇ, ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਸਲਾਮਤ ਨੂੰ ਜੀ ਆਇਆਂ
ਕਿਹਾ ਅਤੇ ਸਿਧੇ ਗੁਰੂ ਦੇ ਲੰਗਰ ਵੱਲ ਜਾਣ ਲਈ ਬੇਨਤੀ ਕੀਤੀ, ਅਕਬਰ ਬਾਦਸ਼ਾਹ ਨੇ ਸ਼ਰਧਾ ਸਤਿਕਾਰ ਚ
ਲਬਰੇਜ਼ ਤੇ ਬੇਝਿਜਕ ਹੋ ਕੇ ਆਪਣੇ ਲਾਮ ਲਸ਼ਕਰ ਸਮੇਤ ਸੰਗਤੀ ਰੂਪ 'ਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ
ਅਤੇ ਆਪਣੀ ਜ਼ਿੰਦਗੀ 'ਚ ਸਭ ਤੋਂ ਲਜ਼ੀਜ਼ ਭੋਜਣ ਛਕਣ ਦਾ ਇਜ਼ਹਾਰ ਕੀਤਾ ਅਤੇ ਬਹੁਤ ਸਾਰੀ ਜ਼ਮੀਨ ਜਾਇਦਾਦ
ਗੁਰੂ ਸਾਹਿਬ ਜੀ ਦੀ ਮਲਕੀਅਤ ਕਰ ਛੱਡੀ।
ਗੁਰੂ ਅਮਰਦਾਸ ਜੀ ਦੀ ਗੱਦੀ ਉਤੇ ਬਿਰਾਜਮਾਨ ਹੋਏ ਗੁਰੂ ਰਾਮਦਾਸ ਜੀ ਜੋ ਕਿ ਗੁਰੂ ਨਾਨਕ ਦੀ ਹੀ ਗੱਦੀ
ਦੇ ਵਾਰਸ ਸਨ। ਗੁਰੂ ਰਾਮਦਾਸ ਜੀ ਨੇ ਜਿਥੇ ਸ੍ਰੀ ਅੰਮ੍ਰਿਤਸਰ ਜਿਹੀ ਪਵਿੱਤਰ ਨਗਰੀ ਦੀ ਸਥਾਪਨਾ ਕੀਤੀ,
ਉਥੇ ਅੰਮ੍ਰਿਤਸਰ ਨੂੰ ਅਜੇਹੇ ਭਾਗ ਲਗਾਏ ਕਿ ਜੋ ਦੁਨੀਆਂ ਦੇ ਨਕਸ਼ੇ ਉਤੇ ਤਵਾਰੀਖੀ ਹੋ ਨਿਬੜੇ। ਆਪ
ਜੀ ਨੇ ਅਤਿ ਇਤਿਹਾਸਕ ਆਬੇ-ਹਯਾਤ ਭਰਪੂਰ ਛਪੜੀ ਵਾਲੀ ਜਗ੍ਹਾ ਉਤੇ ਇਕ ਵਿਲੱਖਣ ਤਰੀਕੇ ਦਾ ਹਰਿਮੰਦਰ
ਬਣਾਉਣ ਦਾ ਸੋਚਿਆ ਅਤੇ ਤਮਾਮ ਗੁਰੂ ਨਾਨਕ ਨਾਮ ਲੇਵਾ ਤੇ ਹਰ ਵਰਗ ਦੇ ਲੋਗਾਂ ਦਾ ਇਕੱਠ ਬੁਲਾਇਆ ਗਿਆ।
ਪਰ ਪੂਰੇ ਗੁਰੂ ਨੇ ਜਦੋਂ ਹਰਿਮੰਦਰ ਦਾ ਨੀਂਹ ਪੱਥਰ ਰੱਖਣਾ ਸੀ ਤਾਂ ਡਾਢੀ ਸੋਚ ਵੀਚਾਰ ਉਪਰੰਤ
ਹਿੰਦਸਤਾਨ ਦੇ ਰੂਹਾਨੀ ਪੁਰਸ਼ਾਂ ਚੋਂ ਇਕ ਅਜਿਹੇ ਵਿਅਕਤੀ ਦੀ ਚੋਣ ਕੀਤੀ, ਜਿਹੜਾ ਕਿ ਨੀਂਹ ਪੱਥਰ
ਰੱਖਣ ਦੇ ਕਾਬਿਲ ਸੀ, ਉਹ ਸੀ ਇਕ ਖੁਦਾ ਪ੍ਰਸਤ ਤੇ ਸੱਚਾ ਸੁੱਚਾ ਮੁਸਲਮਾਨ "ਸਾਈਂ ਮੀਆਂ ਮੀਰ ਜੀ,
ਸਾਈਂ ਜੀ ਬੜੇ ਹੀ ਦਿਆਲੂ, ਰਮਜ਼ੀ ਤੇ ਕਰਾਮਾਤੀ ਸੱਤਪੁਰਸ਼ ਸਨ। ਉਹਨਾਂ ਬਹੁਤ ਹੀ ਨਿਮਰਤਾ ਨਾਲ ਸੱਦਾ
ਪੱਤਰ ਕਬੂਲ ਕੀਤਾ ਤੇ ਇੰਝ ਕਰਕੇ ਸਿੱਖ ਧਰਮ ਦੇ ਸਭ ਤੋਂ ਮੁਕੱਦਸ, ਸਿਰਮੌਰ ਤੇ ਅੰਮ੍ਰਿਤ ਦੇ ਸੋਮੇ
ਦੇ ਚਸ਼ਮੇ ਦਰਮਿਆਨ ਸੱਚਖੰਡ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖ ਕੇ ਸਿੱਖ-ਮੁਸਲਿਮ ਦੀ ਰੂਹਾਨੀ
ਸਾਂਝ ਨੂੰ ਪੁਖਤਾ ਕਰਦਿਆਂ ਸਿਖਰਾਂ ਤੇ ਪਹੁੰਚਾ ਦਿੱਤਾ। ਤੇ ਇਹ ਇਕ ਸਾਂਝਾਂ ਦਾ ਅਜੇਹਾ ਪੁਲ ਬੰਨ
ਦਿੱਤਾ ਕਿ ਜਦੋਂ ਤੱਕ ਇਹਨਾਂ ਖੁਦਾ ਪ੍ਰਸਤ ਫਿਰਕਿਆਂ ਦੀ ਹੋਂਦ ਹੈ ਇਸਨੂੰ ਕੋਈ ਤੋੜ ਨਹੀਂ ਜੇ ਸਕਦਾ।
ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਜਿਹੇ ਉੱਚ ਅਸਥਾਨ ਅੰਦਰ ਉਸ ਪਰਮਾਤਮਾ (ਅੱਲਾ-ਪਾਕਿ) ਦੀ
ਸਿਫਤ ਸਲਾਹਿ (ਕੀਰਤਨ) ਕਰਨ ਲਈ ਸਭ ਤੋਂ ਪਹਿਲਾ ਇਸਲਾਮ ਧਾਰਕ ਰਬਾਬੀ ਗਵੱਈਆ ਨੂੰ ਹੀ ਨੀਅਤ ਕੀਤਾ
ਜੋ ਕਿ ਗੁਰਮਤਿ ਸੰਗੀਤ ਅਤੇ ਹਿਦੁਸਤਾਨੀ ਸੰਗੀਤ ਕਲਾ ਦੀਆ ਗੁਹਜ਼ ਬਾਰੀਕੀਆਂ ਤੋਂ ਭਲੀ ਭਾਂਤ ਵਾਕਿਫ
ਸਨ। ਇਹਨਾਂ ਰਬਾਬੀ ਕੀਰਤਨਕਾਰਾਂ ਵਿਚੋਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੇ ਨਾਮ ਜ਼ਿਕਰਯੋਗ ਨੇ।
ਕਲਾ ਅਤੇ ਰੱਬੀ ਰਮਜ਼ਾਂ ਦੇ ਗਿਆਤਾ ਇਹਨਾਂ ਸਤਿਕਾਰਤ ਕੀਰਤੀਨੀਆਂ (ਰਬਾਬੀਆਂ) ਵਲੋਂ ਕੁਝ ਕੁ ਬਾਣੀ
ਸ਼ਬਦ (ਆਇਤਾਂ) ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨੇ। ਇਹਨਾਂ ਦੀਆਂ ਰਚਨਾਵਾਂ ਨੂੰ ਅੱਜ ਵੀ
ਹਰਿਮੰਦਰ ਸਾਹਿਬ ਜੀ ਦੇ ਅੰਦਰ ਅਜੋਕੇ ਗੁਰੂ ਕੇ ਲਾਡਲੇ ਕੀਰਤਨੀਆਂ ਵਲੋਂ ਅਤਿ ਵੱਜਦ ਚ ਅਦਬ ਨਾਲ
ਗਾਂਵਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਇਹਨਾਂ ਰਾਗੀਆਂ ਦਾ ਕੀਰਤਨ ਘੰਟਿਆਂ
ਬੱਧੀ ਸੁਣਿਆ ਕਰਦੇ ਸਨ। ਮੈਂ ਕਿਤਨੇ ਕੁ ਰਬਾਬੀਆਂ ਤੇ ਕੀਰਤਨੀਆਂ ਦਾ ਜ਼ਿਕਰ ਕਰਾਂ, ਹਿੰਦ-ਪਾਕਿ ਦੀ
ਵੰਡ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਇਲਾਵਾ ਨਨਕਾਣਾ ਸਾਹਿਬ ਤੱਕ ਬਹੁਤਾਤ ਚ
ਰਬਾਬੀ ਮੁਸਲਮਾਨ ਹੀ ਕੀਰਤਨ ਕਰਿਆ ਕਰਦੇ ਸਨ। ਬਟਵਾਰੇ ਤੋਂ ਬਾਅਦ ਕੁਝ ਕੁ ਰਬਾਬੀ ਕੀਰਤਨੀਏਂ
ਪਾਕਿਸਤਾਨ ਪਰਤ ਗਏ ਤੇ ਬਾਕੀ ਰਹਿੰਦਿਆਂ ਨੇ ਗੁਰੂ ਨਾਨਕ ਦੀ ਗੁਰਸਿੱਖੀ ਧਾਰਨ ਕਰ ਲਈ। ਅੱਜ ਵੀ
ਲਾਹੌਰ ਵਿਖੇ ਪੁਰਾਤਨ ਰਬਾਬੀ ਪਰੰਪਰਾ ਨੂੰ ਕਾਇਮ ਰੱਖ ਰਹੇ, ਭਾਈ ਲਾਲ ਜੀ ਅਤੇ ਹੋਰ ਬਹੁਤ ਸਾਰੇ
ਰਬਾਬੀ ਗੁਰੂ ਨਾਨਕ ਦੀ ਰਹਿਮਤ ਨੂੰ ਸਾਂਭ ਕੇ ਰੱਖ ਰਹੇ ਹਨ।
ਜਹਾਂਗੀਰ ਦੀ ਬਾਦਸ਼ਾਹਤ ਵੇਲੇ ਸ਼ਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ
ਸ਼ਹਾਦਤ ੳਮੇਂ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਸੀ ਤਾਂ ਉਹ ਵੀ ਇਕੋ-ਇਕ ਮੁਸਲਮਾਨ ਫਕੀਰ ਸਾਂਈ ਮੀਆਂ
ਮੀਰ ਹੀ ਸਨ। ਫਿਰ ਵਕਤ ਆਇਆ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋ ਕਿ ਖੁਦ ਅਤਿ ਜਰਵਾਣੇ,
ਬਾਹੂਬਲੀਏ, ਸੂਰਬੀਰ, ਬਹਾਦਰ ਤੇ ਕਾਮਲ ਮੁਰਸ਼ਦ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਦੇਣ ਉਹਨਾਂ
ਦੀ ਹੀ ਕਮਾਲ ਦੀ ਦੇਣ ਹੈ। ਆਪ ਜੀ ਨੂੰ ਬਹੁਤ ਸਾਰੇ ਸ਼ਾਹੀ ਸ਼ੌਕ ਸਨ ਜਿਵੇਂ: ਬਾਜ਼, ਤਾਜ਼, ਆਹਲਾ ਕਿਸਮ
ਦੇ ਹਥਿਆਰ, ਬੇਸ਼ਕੀਮਤੀ ਘੋੜੇ ਅਤੇ ਸਰੀਰ ਨਰੋਆ ਰੱਖਣ ਲਈ ਤਮਾਮ ਖੇਡਾਂ ਇਤਿਆਦਕ। ਆਪ ਜੀ ਦੇ
ਪਹਿਲਵਾਨੀ ਅਖਾੜੇ ਵਿਚ ਦੁਨੀਆਂ ਦੇ ਰੁਮਤਮੇਂ ਜਮਾਂ ਪਹਿਲਵਾਨ ਸਨ। ਇਹਨਾਂ ਸਭਨਾਂ ਚੋਂ ਸਭ ਤੋਂ
ਪ੍ਰਸਿਧ ਤੇ ਜਰਵਾਣਾ ਪਹਿਲਵਾਨ ਵੀ ਪਠਾਨ ਪੈਂਦੇ ਖਾਨ ਸੀ। ਆਪ ਜੀ ਦੇ ਦਰਬਾਰੀ ਗਵੱਈਏ ਤੇ ਢਾਡੀਆਂ
ਵਿਚੋਂ ਭਾਈ ਬਾਬਕ ਜੀ, ਭਾਈ ਨੱਥਾ ਜੀ ਇਤਿਆਦਕ ਜੋ ਗੁਰੂ ਕੇ ਰਬਾਬੀ ਤੇ ਢਾਡੀ ਸਨ ਤੇ ਸੂਰਬੀਰ ਯੋਧੇ
ਵੀ ਇਹ ਸਭ ਮੁਸਲਮਾਨ ਹੀ ਸਨ। ਆਖਿਰਕਾਰ ਜਹਾਂਗੀਰ ਬਾਦਸ਼ਾਹ ਨੂੰ ਇਸ ਗਲ ਦਾ ਚੰਗੀ ਤਰ੍ਹਾਂ ਅਹਿਸਾਸ
ਤੇ ਪਛਤਾਵਾ ਹੋਇਆ ਕਿ ਉਸਦੇ ਚੰਦੂ ਨਾਮੀ ਹਿੰਦੂ ਸਲਾਹਕਾਰ ਵਲੋਂ ਗਲਤ ਰਾਇ ਦੇਣ ਅਤੇ ਕੰਨ ਭਰਨ ਕਾਰਨ
ਹੀ ਗੁਰੂ ਘਰ ਨਾਲ ਜ਼ਿਆਦਤੀ ਹੋਈ ਹੈ। ਇਸ ਪਛਤਾਵੇ ਕਾਰਨ ਹੀ ਜਹਾਂਗੀਰ ਨੇ ਗੁਰੂ ਨਾਨਕ ਦੇ ਘਰ ਦੇ
ਘੋਰ ਦੋਖੀ, ਵੈਰੀ ਅਤੇ ਅੰਨੀ ਕੱਟੜਤਾ 'ਚ ਗ੍ਰਸੇ ਚੰਦੂ (ਦੁਸ਼ਟ) ਪਾਪੀ ਨੂੰ ਗੁਰੂ ਹਰਿਗੋਬਿੰਦ
ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਤੇ ਉਸ ਨੂੰ ਕੀਤੇ ਗੁਨਾਹ ਦੀ ਸਜ਼ਾ ਦੁਗਣੀ-ਚੌਗੁਣੀ ਹੋ ਕੇ ਮਿਲੀ।
ਕੁਝ ਸਮੇਂ ਬਾਅਦ ਜਹਾਂਗੀਰ ਬਾਦਸ਼ਾਹ ਬੀਮਾਰ ਪੈ ਗਿਆ ਜਦੋਂ ਪੂਰੇ ਹਿੰਦੁਸਤਾਨ ਦੇ ਖਾਨਦਾਨੀ ਤੇ ਸ਼ਾਹੀ
ਵੈਦਾਂ (ਹਕੀਮਾਂ) ਪਾਸੋਂ ਵੀ ਸਿਹਤਯਾਬੀ ਨਾ ਮਿਲੀ ਤਾਂ ਫਿਰ ਸਤਵੇਂ ਗੁਰੂ ਸ੍ਰੀ ਹਰਿ ਰਾਇ ਸਾਹਿਬ
ਨੇ ਜਹਾਂਗੀਰ ਬਾਦਸ਼ਾਹ ਨੂੰ ਖਾਸ ਕਿਸਮ ਦੀਆਂ ਹਰੜਾਂ ਤੇ ਹੋਰ ਦੇਸੀ ਜੜ੍ਹੀ-ਬੂਟੀਆਂ ਦੁਆਰਾ ਮਿਸ਼ਰਤ
ਦਵਾਈਆਂ ਦੇਣ ਅਤੇ ਦੁਆ ਨਾਲ ਅਸਾਧ ਰੋਗ ਨੂੰ ਜੜ੍ਹਾਂ ਤੋਂ ਹੀ ਉਖੇੜ ਛੱਡਿਆ ਅਤੇ ਜਹਾਂਗੀਰ ਬਾਦਸ਼ਾਹ
ਨੇ ਗੁਰੂ ਕਿਆਂ ਨਾਲ ਡਾਢੇ ਚੰਗੇ ਸਬੰਧ ਕਾਇਮ ਕਰ ਲਏ। ਇਸ ਦੌਰ 'ਚ ਸਿੱਖ ਮੁਸਲਿਮ ਸਬੰਧ ਚਰਮ ਸੀਮਾ
ਤੇ ਸਨ, ਤਾਂ ਦੋਖੀ ਤਾਕਤਾਂ ਤੇ ਸਰਈਲੋਗ ਇਹ ਸਭ ਕੁਝ ਵੇਖ ਕੇ ਨਾ ਸੁਖਾਏ। ਜਿਹੜੇ ਕਦੀ ਵੀ ਨਹੀਂ ਸਨ
ਚਾਹੁੰਦੇ ਕਿ ਸਿੱਖ ਮੁਸਲਿਮ ਸਾਂਝ ਬਣੀ ਰਵ੍ਹੇ। ਸੋ ਅਜਿਹੇ ਲੋਗਾਂ ਤੇ ਮਕਾਰੀ ਇਨਸਾਨਾਂ ਨੇ
ਔਰੰਗਜ਼ਟਬ ਦੇ ਤਖ਼ਤ ਤੇ ਬੈਠਦਿਆਂ ਹੀ ਉਹਨਾਂ ਨੂੰ ਭਿੱਤੀਆਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਔਰੰਗਜ਼ੇਬ ਉਂਜ ਵੀ ਉਦਾਰਵਾਦੀ ਨਹੀਂ ਸੀ।ਉਹ ਪਹਿਲੇ ਪੁਰਖਿਆਂ ਤੋਂ ਬਿਲਕੁਟ ਉਲਟ ਕਿਸਮ ਦਾ
ਜ਼ਾਲਮ-ਬੇਤਰਸ ਤੇ ਬੇਹਿਰਮ ਨਿਕਲਿਆ। ਜਿਸਨੇ ਕਿ ਆਪਣੇ ਪਿਤਾ ਅਤੇ ਸਕੇ ਭਰਾਵਾਂ ਨੂੰ ਵੀ ਨਾ ਬਖ਼ਸ਼ਿਆ।
ਇਸ ਸ਼ਰਈ ਸ਼ਹਿਨਸ਼ਾਹ ਨੇ ਆਪਣੀ ਹੀ ਪਰਜਾ ਉੱਤੇ ਇਕ ਵੱਢਿਉਂ ਹੀ ਅਤਿਆਚਾਰ (ਜ਼ੁਲਮ) ਦਾ ਸੁਹਾਗਾ ਫੇਰਨਾ
ਸ਼ੁਰੂ ਕਰ ਦਿੱਤਾ।
ਬੇਸ਼ਕ ਔਰੰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਤਰਸੀ ਨਾਲ ਸ਼ਹੀਦ ਕਰ
ਦਿੱਤਾ ਅਤੇ ਅਨੇਕਾਂ ਹੀ ਹੋਰ ਸਿੱਖਾਂ ਨੂੰ ਵੀ ਚਾਂਦਨੀ ਚੌਂਕ 'ਚ ਸ਼ਹੀਦ ਕਰ ਦਿੱਤਾ ਪਰ ਇਹ
ਹੈਂਕੜਬਾਜ਼ ਬਾਦਸ਼ਾਹ ਸਿੱਖ ਮੁਸਲਿਮ ਸਾਂਝ ਨੂੰ ਫਿਰ ਵੀ ਨਾ ਤੋੜ ਸਕਿਆ। ਸਾਹਿਬੇ-ਕਮਾਲ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ ਕਈਆਂ ਹੈਂਕੜਾਬਾਜ਼ਾਂ ਨਾਲ ਮੈਦਾਨੇ ਜੰਗ 'ਚ
ਲੋਹਾ ਲਿਆ ਅਤੇ ਹਮੇਸ਼ਾਂ ਮਜ਼ਲੂਮਾਂ ਤੇ ਨਿਰਦੋਸ਼ਾਂ ਦੀ ਮਦਦ ਕੀਤੀ। ਇਹੀ ਕਾਰਣ ਸੀ ਕਿ ਗੁਰੂ ਸਾਹਿਬ
ਜੀ ਦੀ ਖਾਲਸਈ ਫੌਜ ਵਿਚ ਪੀਰ ਬੁੱਧੂ ਸ਼ਾਹ ਜੀ ਗੁਰੂ ਦੇ ਮੁਰੀਦ ਬਣ ਕੇ ਰਹੇ।
ਖ਼ੈਰ! ਇਹਨਾਂ ਸਾਂਝਾਂ ਦਾ ਸਿਲਸਲਾ ਅਗਾਂਹ ਤੁਰਦਾ ਗਿਆ। ਰਾਏ ਕੋਟ ਵਾਸੀ (ਲੁਧਿਆਣਾ) ਰਾਏ ਕੱਲਾ ਜੋ
ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਤੇ ਨਿਕਰਵਰਤੀ ਸ਼ਰਧਾਲੂਆਂ ਚੋਂ ਇਕ ਸੀ ਅਤੇ ਹਮੇਸ਼ਾਂ ਗੁਰੂ ਜੀ
ਦੇ ਦੁੱਖ-ਸੁੱਖ 'ਚ ਸਾਂਝੀ ਰਹੇ। ਉਹਨਾਂ ਦੀ ਅੰਸ਼-ਬੰਸ ਅੱਜ ਤੱਕ ਵੀ ਸਿੱਖੀ ਨਾਲ ਸਾਂਝ ਬਣਾਈ ਬੈਠੀ
ਹੈ ਤੇ ਗੁਰੂ ਦੀਆਂ ਬੇਸ਼ਕੀਮਤੀ ਵਸਤਾਂ ਵੀ ਉਹਨਾਂ ਪਾਸ ਹਨ ਜੋ ਗਾਹੇ-ਬਗਾਹੇ ਸੰਸਾਰ ਭਰ ਦੇ ਸਿੱਖਾਂ
ਪਾਸੋਂ ਵਾਹ-ਵਾਹ ਕਬੂਲਦੇ ਰਹਿੰਦੇ ਨੇ। ਮੇਰੀ ਮੁਰਾਦ ਪਾਕਿਸਤਾਨ ਸਥਿਤ ਜਨਾਬ ਰਾਏ ਅਜ਼ੀਜ਼-ਉੱਲਾ ਜੋ
ਕਿ ਪਾਕਿ-ਸਰਕਾਰ 'ਚ ਮੈਂਬਰ ਪਾਰਲੀਮੈਂਟ ਹਨ।
ਦਸਵੇਂ ਗੁਰੂ ਸਾਹਿਬ ਦੇ ਛੋਟੇ ਫਰਜ਼ੰਦ (ਸਾਹਿਬਜ਼ਾਦੇ) ਜੋਰਾਵਰ ਸਿੰਘ ਜੀ ਅਤੇ ਫਤਹਿ ਸਿੰਘ ਜੀ ਜੋ ਕਿ
ਗੁਰੂ ਘਰ ਦੇ ਰਸੋਈਏ ਤੇ ਵਿਸ਼ਵਾਸਘਾਤੀ ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਹੀ ਇਹ ਮਾਸੂਮ ਜ਼ਿੰਦਾਂ (ਸੱਤ
ਤੇ ਨੌਂ ਸਾਲ) ਜੀਉਂਦੇ ਜੀ ਹੀ ਨੀਹਾਂ 'ਚ ਚਿਣੀਆਂ ਗਈਆਂ ਸਨ। ਉਸ ਵੇਲੇ ਵੀ ਕੁਲ ਹਿੰਦ ਚੋਂ ਜੇਕਰ
ਕਿਸੇ ਨੇ ਇਹਨਾਂ ਮਾਸੂਮ ਬਾਲਾਂ ਲਈ ਹਾਅ ਦਾ ਨਾਅਰਾ ਮਾਰਿਆ ਸੀ ਤਾਂ ਉਸ ਸੀ ਸੱਤਪੁਰਸ਼ ਨਵਾਬ ਸ਼ੇਰ
ਖਾਂ ਮਲੇਰ ਕੋਟਲੇ ਦਾ ਨਵਾਬ, ਜਿਹਨਾਂ ਦਾ ਅੱਜ ਵੀ ਸਿੱਖ ਪੰਥ ਮਸ਼ਕੂਰ ਏ। ਸੋ ਇਸ ਪਰਿਵਾਰ ਵਿਛੋੜੇ
ਤੇ ਭੀੜਾਂ ਸਮੇਂ ਮਾਛੀਵਾੜੇ ਦੇ ਜੰਗਲਾਂ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੇਕਰ ਕੋਈ ਪਾਲਕੀ
ਵਿਚ ਬਿਠਾ ਕੇ ਉੱਚ ਦਾ ਪੀਰ ਬਣਾਕੇ ਬੜੀ ਇੱਜ਼ਤ ਨਾਲ ਲੈ ਕੇ ਗਏ ਤਾਂ ਉਹ ਸਨ ਦੋ ਸਕੇ ਭਰਾ ਗਨੀ ਖਾਂ,
ਤੇ ਨਬੀ ਖਾਂ (ਪਠਾਣ) ਜਿਹਨਾਂ ਨੇ ਜ਼ਿਆਦਾ ਵਫ਼ਾਦਾਰੀ ਦਾ ਸਬੂਤ ਦੇਂਦਿਆਂ ਸਿੱਖ ਮੁਸਲਿਮ ਸਾਂਝ ਨੂੰ
ਅਤੀ ਬਿਖਮ ਤੇ ਕਠਿਨਾਈਆਂ ਦੌਰਾਨ ਵੀ ਜੀਵਤ ਰੱਖਿਆ।
ਅੱਗੇ ਚਲ ਕੇ ਔਰੰਗਜੇਬ ਦੇ ਪੁੱਤਰ ਬਹਾਦਰ ਸ਼ਾਹ ਜ਼ਫਰ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਭਿਆਲੀ
ਪਾਉਂਦਿਆਂ ਸਾਂਝ ਨੂੰ ਪਕੇਰਿਆਂ ਕਰਨ ਹਿੱਤ ਸਮਝੌਤਾ ਵੀ ਕਰ ਲਿਆ ਕਿ ਆਪਾਂ ਖੁਦਾ ਪ੍ਰਸਤ ਹਾਂ ਤੇ ਸਦਾ
ਇਕ ਦੂਜੇ ਨੂੰ ਆਪਸੀ ਸਹਿਯੋਗ ਦੇ ਕੇ ਮੁਹੱਬਤ ਦੇ ਪੈਗਾਮ ਨੂੰ ਅਗਾਂਹ ਟੋਰੀਏ। ਬਹਾਦਰ ਸ਼ਾਹ ਜਫ਼ਰ ਅਤੇ
ਗੁਰੂ ਗੋਬਿੰਦ ਸਾਹਿਬ ਜੀ ਜੀ ਦੀ ਨਿੱਘੀ ਤੇ ਇਤਿਹਾਸਕ ਮਿਲਣੀ ਹਿੰਦੋਸਤਾਨ ਦੇ ਦੱਖਣ ਇਲਾਕੇ 'ਚ ਹੋਈ।
ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਬਹੁਤ ਸਾਰੇ ਕੀਮਤੀ ਤੋਹਫ਼ੇ ਪੇਸ਼ ਕਰਦਿਆਂ ਅੰਤਾਂ ਦਾ ਮਾਣ
ਸਤਿਕਾਰ ਦਿੱਤਾ ਤੇ ਇਹ ਦੋਸਤੀ ਅੰਤਲੇ ਸਾਹਵਾਂ ਤੱਕ ਵਾਹਵਾ ਨਿਭੀ।
ਦਰਅਸਲ ਗੁਰੂ ਘਰ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਦੀ ਵੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ।
ਉਹਨਾਂ ਦੀ ਲੜਾਈ ਤਾਂ ਹੱਕ-ਸੱਚ ਅਤ ਮਜ਼ਲੂਮਾਂ ਉਤੇ ਹੋ ਰਹੇ ਜੁਲਮ ਨੂੰ ਠੱਲ ਪਾਉਣ ਤੱਕ ਸੀ। ਕਿਉਂਕਿ
ਔਰੰਗਜੇਬ ਨੇ ਜਿਥੇ ਇਸਲਾਮੀ ਸ਼ਰੀਅਤ ਦੀਆਂ ਧੱਜੀਆਂ ਉਡਾਈਆਂ ਉਥੇ ਨਾਲ ਨਾਲ ਵਿਚਾਰੀ ਲਾਚਾਰ ਨਿਤਾਣੀ
ਤੇ ਆਪਣੀ ਹੀ ਮਜਬੂਰ ਨਿਹੱਥੀ ਪਰਜਾ ਉਤੇ ਇਕਵੱਢਿਓਂ ਹੀ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ ਸੀ।
ਔਰੰਗਜੇਬ ਵਲੋਂ ਸਿਤਮ ਜ਼ਰੀਫ਼ੀ ਦੀ ਹੱਦ ਉਦੋਂ ਇਥੋਂ ਤੱਕ ਹੋ ਗਈ ਸੀ ਕਿ ਹਿੰਦੋਸਤਾਨ ਦੇ ਘਰੋਂ ਘਰੀ
ਵੈਣ ਪੈਣੇ ਸ਼ੁਰੂ ਹੋ ਗਏ। ਇਸ ਜ਼ੁਲਮੀ ਤੂਫਾਨ ਸਾਹਵੇਂ ਤੇ ਵੱਡੇ ਵੱਡੇ ਟਾਹਣ ਵੀ ਝੁਕ ਗਏ, ਭਲਾ ਜਾਨ
ਕਿਹਨੂੰ ਨਹੀਂ ਪਿਆਰੀ ਹੁੰਦੀ, ਜੀਣ ਦੀ ਤਮੰਨਾ ਤੇ ਆਪਣੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਖ਼ਾਤਿਰ ਹਰ
ਬਸ਼ਰ ਸੋਚਣ ਲਈ ਮਜਬੂਰ ਹੋ ਗਿਆ ਕਿ ਇਸ ਜ਼ਿਲਤ ਦੀ ਜ਼ਿੰਦਗੀ ਖੁਣੋਂ ਤੇ ਇਸਲਾਮ ਧਾਰਨ ਕਰਨਾ ਈ ਬੇਹਤਰ
ਏ। ਸੋ ਇਸ ਜ਼ੁਲਮੀ ਤੇ ਖ਼ੂਨੀ ਹਨੇਰੀ ਨੂੰ ਸਿਰ ਤੇ ਆਉਂਦਿਆਂ ਤੱਕਕੇ, ਬਚੇ-ਖੁਚੇ ਹੋਏ ਲੱਖਾਂ ਦੀ
ਤਦਾਦ 'ਚ ਹਿੰਦੂਆਂ ਤੇ ਬਹੁਤ ਸਾਰੇ ਸਿਖਾਂ ਨੇ ਵੀ ਇਸਲਾਮ ਧਾਰਨ ਕਰ ਲਿਆ, ਇਹ ਹੀ ਕਾਰਣ ਹੈ ਕਿ
ਉਪਰੋਕਤ ਇਸਲਾਮ ਧਾਰਨ ਕਰਨ ਵਾਲਿਆਂ ਵਿਚੋਂ ਵਾਹਗਿਓਂ ਪਾਰ ਵੱਸਦੇ ਪੰਜਾਬੀ ਮੁਸਲਮਾਨ ਭਰਾਵਾਂ ਨਾਲ
ਜਾਤਿ-ਗੋਤ ਵੰਡੇ ਨਹੀਂ ਜੇ ਗਏ। ਲਹਿੰਦੇ ਪੰਜਾਬ ਦੇ ਪੰਜਾਬੀ ਜਾਂਬਾਜ਼ ਅੱਜ ਵੀ ਬੜੇ ਨਾਜ਼-ਮਾਣ ਤੇ
ਫ਼ਕਰ ਨਾਲ ਆਪਣੇ ਨਾਵਾਂ ਪਿਛੇ ਗੋਤਰ ਦਾ ਇਸਤੇਮਾਲ ਕਰਦੇ ਨੇ। ਮਿਸਾਲ ਦੇ ਤੌਰ ਤੇ ਜੇਕਰ ਚੜ੍ਹਦੇ
ਪੰਜਾਬ (ਹਿੰਦੁਸਤਾਨ) ਵਿਚ ਗਿੱਲ, ਵਿਰਕ, ਸੰਧੂ, ਮਾਨ, ਭਿੰਡਰ, ਰੰਧਾਵੇ, ਢਿੰਲੋਂ, ਨਾਗਰੇ, ਸਿੱਧੂ,
ਮਲਿਕ, ਭੱਟੀ, ਖੋਖਰ, ਸਹੋਤੇ, ਗਰੇਵਾਲ, ਬਰਾੜ, ਕੋਹਲੀ, ਰਾਜਪੂਤ, ਸ਼ੇਖੋਂ, ਘੁੰਮਣ, ਬਾਜਵੇ, ਵਾਲੀਏ,
ਭਾਟੀਏ ਤੇ ਧਾਲੀਵਾਲ ਵੱਸਦੇ ਨੇ ਤਾਂ ਲਹਿੰਦੇ ਪੰਜਾਬ (ਪਾਕਿ) ਵਿਚ ਵੀ ਇਹਨਾਂ ਤਮਾਮ ਗੋਤਾਂ ਵਾਲੇ
ਪੰਜਾਬੀ ਮੁਸਲਮਾਨਾਂ ਦੀ ਕਮੀ ਨਹੀਂ? ਨਾ ਕੋਈ ਬੋਲੀ 'ਚ ਫਰਕ ਏ, ਨਾ ਖਾਣ-ਪੀਣ, ਪਹਿਰਾਵੇ ਤੇ ਸੁਭਾਅ
ਚ ਈ ਫ਼ਰਕ ਏ, ਨਾ ਆਦਤਾਂ ਬਦਲੀਆਂ ਨੇ ਤੇ ਨਾਂ ਝਗੜੇ ਝਾਂਜਿਆਂ ਤੋਂ ਸਾਡੇ ਤੋਂ ਪਿਛਾਂਹ ਨੇ, ਭਲਾ
ਫਰਕ ਹੋਵੇ ਵੀ ਕਿੰਜ ਇਕੋ ਈ ਤੱਤੜੀ ਪੰਜਾਬਣ ਮਾਂ ਦੀ ਗੋਦੀ ਦੀਆਂ ਨਿੱਘੀਆਂ ਤੇ ਮਿੱਠੀਆਂ ਲੋਰੀਆਂ
ਲਈਆਂ ਨੇ, ਇਕੋ ਈ ਤੇ ਸਕੀ ਪੰਜਾਬੀ ਮਾਂ ਬੋਲੀ ਦੀ ਗੁੜ੍ਹਤੀ ਲਈ ਏ। ਭਲਾ! ਪਾਣੀ 'ਚ ਡਾਂਗ (ਲਾਠੀ)
ਮਾਰਿਆਂ ਕਦੀ ਪਾਣੀ ਦੋ ਫਾੜ ਹੋਇਐ? ਕੀ ਹੋਇਆ ਜੇਕਰ ਹੈਂਸਿਆਰੀਆਂ ਸਰਕਾਰਾਂ ਦੇ ਅੜੀਅਲ ਵਤੀਰੇ ਦੇ
ਕਾਰਣ ਕੁਝ ਕੁ ਸਮੇਂ ਲਈ ਆਪਸੀ ਮੇਲ-ਮਿਲਾਪ 'ਚ ਵਕਤੀ ਖੜੋਤ ਜਿਹੀ ਆ ਗਈ ਸੀ, ਪਰੰਤੂ ਕਦੀ ਅਦਬੀ
ਸਾਂਝਾਂ ਤੇ ਦਿਲੀ ਮੁਹੱਬਤਾਂ ਦੇ ਸੈਲਾਬਾਂ (ਹੜ੍ਹਾਂ) ਨੂੰ ਬੰਨ੍ਹ ਨਹੀਂ ਮਾਰੇ ਜਾ ਸਕਦੇ। ਇਹ ਜੋ
ਦਿਲਾਂ ਦੀ ਸਾਂਝ ਏ ਤੇਜਿਹੜਾ ਅੰਦਰੋ-ਅੰਦਰੀ ਆਪਸੀ ਅਟੁੱਟ ਮੁਹੱਬਤਾਂ ਦਾ ਖੂਨ ਖੌਲਦਾ ਏ ਤੇ ਜਿਹੜੀਆਂ
ਸ਼ੀਰੀ ਰਿਸ਼ਤੇਦਾਰੀਆਂ ਹੁੰਦੀਆਂ ਨੇ,ਇਹਨਾਂ ਦਾ ਵੇਗ ਭਲਾ ਕਿਤਨਾ ਕੁ ਸਮਾਂ ਕੋਈ ਰੋਕ ਸਕਦੈ? ਅਜਿਹੇ
ਹੀ ਪਿਆਰਾਂ ਦੇ ਵੈਹਣ ਸਾਹਵੇਂ ਜਰਮਨੀ ਦੀ ਮੌਤ ਦੀ ਦੀਵਾਰ ਵੀ ਚਕਨਾਚੂਰ ਹੋ ਕੇ ਰਹਿ ਗਈ ਸੀ। ਤੇ
ਫਿਰ ਆਪਸੀ ਮਨੁੱਖੀ ਗਲਵਕੜੀਆਂ ਅਜਿਹੀਆਂ ਧਾਹ ਕੇ ਪਈਆਂ ਕੇ ਅੱਜ ਤੱਕ ਵੀ ਉਹਨਾਂ ਨੂੰ ਕੋਈ ਮਾਈ ਦਾ
ਲਾਲ ਖੋਹਲ ਨਹੀਂ ਜੇ ਸਕਿਆ। ਇਹ ਤੇ ਪੰਜਾਬ ਹੈ ਈ ਪੰਜਾਬੀਆਂ ਦਾ। ਤੇ ਉਹ ਈ ਸਾਂਝਾ ਪੰਜਾਬ ਏ, ਜਿਥੇ
ਕਦੀ ਪੰਜਾਬੀਆਂ ਦੇ ਸਾਂਝੇ ਧਰਮੀ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਹ ਸਾਲ
ਤੱਕ ਰਾਜ ਕੀਤਾ। ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ਾਹੀਨ ਤੇ ਵਫਾਦਾਰ ਸਿਆਸਤਦਾਨ ਫਕੀਰ
ਅਜੀਜੂਦੀਨ ਨੇ ਵਧੀਆ ਸਾਥ ਦਿੱਤਾ। ਇਸ ਅਧੀ ਸਦੀ ਦੇ ਰਾਜ ਦੌਰਾਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੀ ਫਸੀਲ
ਤੋਂ ਕਿਸੇ ਇਕ ਵੀ ਦੋਸ਼ੀ ਨੂੰ ਸਜ਼ਾਏ ਮੌਤ, ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ।
ਇਹ ਇਕ ਸੁਖੀ ਤੇ ਘੁੱਗ ਵੱਸਦੇ ਪੰਜਾਬੀ ਭਾਈਚਾਰੇ ਦੇ ਇਕੱਠ ਅਤੇ ਚੜ੍ਹਦੀ ਕਲਾ ਦੀ ਉੱਚੀ ਮਿਸਾਲ ਏ,
ਪਰ ਧਿਆਨ ਚੰਦ ਡੋਗਰੇ (ਮੁੱਖ ਸਲਾਹਕਾਰ) ਜਿਹੇ ਬੁੱਕਲ ਦੇ ਸੱਪਾਂ ਨੂੰ ਪੰਜਾਬੀਆਂ ਦੀ ਇਹ ਚੜ੍ਹਤ ਸਦਾ
ਰੜਕਦੀ ਈ ਰਹੀ ਅਤੇ ਪੰਜਾਬੀ ਭਾਈਚਾਰੇ ਦੀ ਇਹ ਚਿਰਜੀਵੀ ਸਾਂਝ ਸੁਖਾਈ ਹੀ ਨਹੀਂ। ਅਜਿਹੇ ਹੀ ਗੱਦਾਰਾਂ
ਕਾਰਨ ਇਸ ਬਾ-ਕਾਮਾਲ ਦੇ ਹਲੇਮੀ ਰਾਜ ਦੀਆਂ ਝੱਬਦੇ ਹੀ ਸਦਾ ਲਈ ਸ਼ਾਮਾਂ ਪੈ ਗਈਆਂ। ਪਰ ਪਿੱਠ ਪਿਛੇ
ਵਾਰ ਕਰਨ ਵਾਲੇ ਅਜਿਹੇ ਕਾਇਰ ਬੁਜ਼ਦਿਲ ਲੋਕ ਸਿੱਖ ਮੁਸਲਿਮ ਸਾਂਝ ਨੂੰ ਕਦੀ ਵੀ ਖ਼ਤਮ ਨਹੀਂ ਕਰ ਸਕੇ।
ਕੀ ਅਸੀਂ ਆਪਣੇ ਧੜਕਦੇ ਦਿਲਾਂ ਚੋਂ ਗੁਰੂ ਨਾਨਕ ਦੀਆਂ ਨਸੀਹਤਾਂ ਤੇ ਸਾਂਝੀਵਾਲਤਾ ਦੇ ਉਪਦੇਸ਼ ਨੂੰ
ਕੱਢ ਸਕਦੇ ਹਾਂ? ਕੀ ਗੁਰੂ ਗ੍ਰੰਥ ਸਾਹਿਬ ਵਿਚੋਂ ਪਾਕਪਟਨ ਨਿਵਾਸੀ ਬਾਬਾ ਸ਼ੇਖ ਫ਼ਰੀਦ (ਸੂਫ਼ੀ ਰਹਿਬਰ)
ਤੇ ਕਬੀਰ ਜੀ ਸੱਚ ਦੇ ਮੁਤਲਾਸ਼ੀ ਨੂੰ ਅਲੱਗ ਕਰ ਸਕਦੇ ਹਾਂ? ਕੀ ਬਾਬਾ ਬੁਲ੍ਹੇ ਸ਼ਾਹ ਜਿਹੇ ਸੂਫ਼ੀ
ਕਵੀਆਂ ਤੋਂ ਵੱਖ ਹੋ ਸਕਦੇ ਆਂ? ਕੀ ਵਾਰਿਸ ਸ਼ਾਹ ਦੀ ਹੀਰ ਕਿਸੇ ਇਕੱਲੇ ਦੀ ਜਗੀਰ ਐ? ਕੀ ਗੁਲਾਮ
ਫਰੀਦ, ਸੁਲਤਾਨ ਬਾਹੂ, ਪ੍ਰੋ. ਪੂਰਨ ਸਿੰਘ ਜਾਂ ਨਾਨਕ ਸਿੰਘ ਜੀ ਨੂੰ ਛੱਡ ਸਕਦੇ ਆਂ? ਸਾਂਝੇ ਪੰਜਾਬ
ਦੇ ਦਿਲਾਂ ਦੀ ਉਦਾਸ ਹੂਕ ਤੇ ਮਹਾਨ ਕਵਿਤਰੀ ਅਮ੍ਰਿਤਾ ਪ੍ਰੀਤਮ ਵਲੋਂ ਪਾਏ ਹੋਏ ਦੁਹੱਥੜੀ ਵੈਣ ਕਿਸੇ
ਇਕ ਫਿਰਕੇ ਦੇ ਪੰਜਾਬੀਆਂ ਲਈ ਸਨ? ਮਾੜੀ ਕਿਸਮਤ ਤੇ ਇਹਨਾ ਸਿਧੇ-ਸਾਦੇ, ਭੋਲੇ-ਭਾਲੇ ਪੰਜਾਬੀਆਂ ਦੀ
ਸੀ। ਕਿ ਜਦੋਂ ਚਲਾਕ, ਖੁਦਗਰਜ਼ ਅਤੇ ਮੱਕਾਰ ਦੁਸ਼ਮਣਾਂ ਤੇ ਫਿਰੰਗੀਆਂ ਦੀ ਸ਼ਾਤਰ ਚਾਲਾਂ ਚ ਆ ਕੇ ਆਪਸ
ਵਿਚੀਂ ਹੀ ਭਰਾ-ਭਰਾ ਦੇ ਈ ਵੇਰੀ ਬਣ ਬੈਠੇ। ਦੁਨੀਆਂ ਦੇ ਕਾਲੇ ਇਤਿਹਾਸ ਚੇ ਅੱਜ ਤੱਕ ਇਸ ਨਾਲੋਂ
ਕੋਈ ਹੋਰ ਵੱਡਾ ਦੁਖਾਂਤ ਨਹੀਂ ਵਾਪਰਿਆ ਕਿ ਕਿਸੇ ਦੇਸ਼ ਦੀ ਵੰਡ ਸਮੇਂ ਆਪਸ ਵਿਚ ਹੀ ਦੱਸ ਲੱਖ ਲੋਕਾਂ
ਦਾ ਘਾਣ ਬੱਚਾ ਹੋ ਜਾਵੇ। ਇਸ ਕੁਹਰਾਮ ਦੌਰਾਨ ਮੇਰੇ ਵੀ ਵਾਲਦਾਨਾਂ ਤਕਲੀਫ਼ਾਂ ਸਹੀਆਂ ਨੇ ਤੇ ਸਭ ਕੁਝ
ਆਪਣੀਆਂ ਅੱਖਾਂ ਨਾਲ ਤੱਕਿਆ ਏ। ਸਾਹੀਵਾਲ ਦੀਆਂ ਬਾਰਾਂ 'ਚ ਡਾਢੇ ਸੁਖੀ ਵਸਦੇ ਮੇਰੇ ਵਡੇਰਿਆਂ ਨੇ
ਇਹਨਾਂ ਬਿਪਤਾਵਾਂ ਨੂੰ ਆਪਣੇ ਬੇਗੁਨਾਹੀ ਪਿੰਡੇ ਤੇ ਹੰਢਾਇਆ ਏ ਪਰ ਅੱਜ ਵੀ ਸਾਹੀਵਾਲ ਦੀ ਸਰਜ਼ਮੀ ਦੀ
ਮਹਿਕ ਨੂੰ ਮੇਰੇ, ਬਜ਼ੁਰਗ ਮਾਤਾ ਪਿਤਾ ਤਰਸਦੇ ਤੇ ਵਿਲਕਦੇ ਨੇ। ਭਲਾ ਕਿੰਜ ਭੁਲਾ ਸਕਦਾ ਏ ਕੋਈ
ਨਨਕਾਣੇ ਦੀ ਨੂਰੀ ਧਰਤੀ ਨੂੰ? ਚੂਹੜਕਾਣੇ ਨੂੰ, ਹਸਨ ਅਬਦਾਲ ਨੂੰ, ਏਮਨਾਬਾਦ ਨੂੰ, ਕਰਤਾਰਪੁਰ ਨੂੰ,
ਡੇਹਰਾ ਸਾਹਿਬ ਨੂੰ, ਸ਼ਾਹੀ ਕਿਲ੍ਹੇ ਨੂੰ ਤੇ ਅਨੇਕਾਂ ਈ ਧਾਰਮਿਕ ਅਸਥਾਨਾਂ ਨੂੰ?
ਬੇਰਹਿਮ ਸਰਕਾਰਾਂ ਨੇ ਤੇ ਵੰਡੀਆਂ ਪਾ ਕੇ ਲਾਲ ਲਕੀਰਾਂ ਖਿੱਚ ਦਿੱਤੀਆਂ ਨੇ, ਪਰ ਕਿੰਜ ਵੰਡੋਗੇ
ਰਵਾਨੀ ਰਾਵੀ ਨੂੰ, ਤੇ ਸੋਹਣੀ ਮਹੀਂਵਾਲ ਦੇ ਸਿਦਕੀ ਝਨਾਂ ਦੀਆਂ ਬਿਫ਼ਰੀਆਂ ਹੋਈਆਂ ਚੰਚਲ ਛੱਲਾਂ
ਨੂੰ? ਕੌਣ ਮਾਈ ਦਾ ਲਾਲ ਜੇਹਲਮ ਤੇ ਚਨਾਬ ਦੇ ਤੇਜ਼ ਵਹਿਣਾ ਨੂੰ ਪਾ ਸਕਦਾ ਏ ਨੱਥ? ਅੱਜ ਵੀ ਵਿਸ਼ਾਲ
ਤੇ ਲੰਮੇਰਾ ਸਤਲੁਜ ਪੰਜ ਦਰਿਆਂਵਾਂ ਦੀਆਂ ਬਾਤਾਂ ਪਾਕੇ ਪੰਜਾਬੀ ਮਨਾਂ ਨੂੰ ਝੰਜੋੜ ਕੇ ਰੱਖ ਦੇਂਦਾ
ਏ? ਪਰ ਦਰਿਆਏ ਸਿੰਧ ਨੇ ਤੇ ਅੱਜ ਤੱਕ ਵੀ ਇਹਨਾਂ ਪੰਜਾਂ-ਆਬਾਂ ਨਾਲੋਂ ਨਾਤਾ ਨਹੀਂ ਜੇ ਤੋੜਿਆ। ਭਲਾ
ਉਹ ਕਿਹੜਾ ਮੁਸਲਮਾਨ ਏ ਜਿਹੜਾ ਲਹਿੰਦੇ ਪੰਜਾਬ ਦੀ ਫਿਜ਼ਾ ਨੂੰ ਤਰਸਦਾ ਨਹੀਂ? ਤੇ ਉਹ ਕਿਹੜਾ ਸਿੱਖ
ਜਾਂ ਪੰਜਾਬੀ ਏ ਜਿਹੜਾ ਲਹਿੰਦੇ ਪੰਜਾਬ ਦੀ ਮਿੱਟੀ ਦੀ ਹਿਨਾਅ ਜਿਹੀ ਖੁਸ਼ਬੂ ਨੂੰ ਵਿਲਕਦਾ ਨਹੀਂ?
ਕੌਣ ਏ ਇਹਨਾਂ ਦੋਹਾਂ ਪੰਜਾਬਾਂ ਨੂੰ ਲੀਰੋ-ਲੀਰ ਕਰਨ ਵਾਲਾ ਤੇ ਇਸ ਗੁਰੂਆਂ ਪੀਰਾਂ ਦੀ ਮੁਕੱਦਸ ਧਰਤੀ
ਨੂੰ ਵੱਖ ਕਰਨਾ ਏਨਾ ਸੁਖਾਲਾ ਨਹੀਂ । ਸਾਂਝਾਂ ਦੀ ਗੱਲ ਤੁਰੀ ਏ, ਮਸਜਿਦਾਂ ਤੇ ਗੁਰਦੁਆਰਿਆਂ ਦੀ
ਬਨਾਵਟ 'ਚ ਬਹੁਤਾ ਫ਼ਰਕ ਨਹੀਂ। ਦੂਰੋਂ ਗੁੰਬਦਾਂ ਨੂੰ ਤੱਕੀਏ ਤਾਂ ਪਤਾ ਈ ਨਹੀਂ ਚੱਲਦਾ ਕਿ ਕਿਹੜੀ
ਮਦਜਿਦ ਤੇ ਕਿਹੜਾ ਗੁਰਦੁਆਰਾ। ਅੱਜ ਵੀ ਪੰਜਾਬ 'ਚ ਬਹੁਤ ਸਾਰੀਆਂ ਪੁਰਾਣੀਆਂ ਮਸਜਿਦਾਂ ਵਿਚ ਗੁਰੂ
ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਏ, ਬੱਸ ਫਰਕ ਨਿਜ਼ਾਮ (ਪ੍ਰਬੰਧ) ਦਾ ਏ। ਜੇਕਰ ਮਸਜਿਦ ਵਿਚ ਮੌਲਵੀ
ਸਾਹਿਬ ਜੀ ਪੰਜ ਵਾਰ ਨਿਮਾਜ਼ ਪੜ੍ਹਦੇ ਨੇ ਤਾਂ ਇਧਰ ਹਰਿਮੰਦਰ ਸਾਹਿਬ ਜੀ ਵਿਚ ਗ੍ਰੰਥੀ ਸਾਹਿਬਾਨਾਂ
ਤਰਫੋਂ 4 ਵਾਰ ਹੁਕਮਨਾਮਾ ਲਿਆ ਜਾਂਦਾ ਹੈ। ਮੌਲਵੀ ਸਾਹਿਬ ਅਤੇ ਗ੍ਰੰਥੀ ਸਾਹਿਬ ਜੀ ਦੇ ਲਿਬਾਸ 'ਚ
ਜ਼ਿਆਦਾ ਅੰਤਰ ਨਹੀਂ। ਜਨਾਬ ਮੌਲਵੀ ਸਾਹਿਬ ਜੀ ਸਰਘੀ ਵੇਲੇ ਸਪੀਕਰ ਤੇ ਬਾਂਗਾਂ ਦੇ ਕੇ ਜਗਾਉਂਦੇ ਹਨ
ਤਾਂ ਭਾਈ ਸਾਹਿਬ ਜੀ ਵੀ ਹੁਕਮਨਾਮਾ ਲੈ ਕੇ ਸੰਗਤਾਂ ਨੂੰ ਸਰਸ਼ਾਰ ਕਰਦੇ ਨੇ। ਦੋਹਾਂ ਦਾ ਢੰਗ ਤੇ
ਮੰਜ਼ਿਲ ਵੀ ਖੁਦਾ ਦੀ ਬਾਰਗਾਹ ਤੱਕ ਨੂੰ ਛੂਹਣਾ ਹੈ। ਸਮਾਜਿਕ ਤੌਰ ਤੇ ਸਾਡੇ ਵਿਆਹ ਸ਼ਾਦੀਆਂ ਦੀ ਰਸਮਾਂ,
ਰੀਤੀ-ਰਿਵਾਜ ਵੀ ਲਗਪਗ ਇਕੋ ਜਿਹੇ ਨੇ। ਤਿੰਨ ਕੁ ਵਰ੍ਹੇ ਪਹਿਲਾਂ ਮੇਰੀ ਚਚੇਰੀ ਭੈਣ ਦੀ ਸ਼ਾਦੀ ਦੇ
ਮੌਕੇ ਅੰਮ੍ਰਿਤਸਰ (ਹਿੰਦ) ਸ਼ਹਿਰ ਦੇ ਇਕ ਮੈਰਿਜ ਪੈਲੇਸ ਚਿ ਮੇਰੇ ਸੰਗੀਤ ਉਸਤਾਦ ਤੇ ਪਾਕਿਸਤਾਨ (ਲਾਹੌਰ)
ਦੇ ਸੰਸਾਰ ਪ੍ਰਸਿੱਧ ਗਜ਼ਲ ਗਾਇਕ ਗੁਲਾਮ ਅਲੀ ਖਾਨ ਸਾਹਿਬ ਜੀ ਸੱਦੇ ਪੱਤਰ ਤੇ ਪੁੱਜੇ ਸਨ, ਤੇ ਉਹ ਇਹ
ਤੱਕ ਕੇ ਡਾਢੇ ਹੈਰਾਨ ਹੋਏ ਤੇ ਕਹਿਣ ਲੱਗੇ, ਨਿਰਮਲ ਜੀ, ਤੁਹਾਡੀਆਂ ਤੇ ਸਾਡੀਆਂ ਸ਼ਾਦੀਆਂ ਵਿਚ ਮੈਨੂੰ
ਤੇ ਕੋਈ ਫਰਕ ਈ ਨਹੀਂ ਜਾਪਦਾ, ਮੈਂ ਜਵਾਬ ਦਿੱਤਾ ਖਾਂ ਸਾਹਿਬ ਜੀ ਫਰਕ ਤੇ ਬੇਗਾਨਿਆਂ ਦੇ ਹੁੰਦੇ
ਨੇ, ਭਲਾ ਆਪਣਿਆ ਚੇ ਕਾਹਦਾ ਫਰਕ। ਇੱਕ ਸੱਚੇ ਸਿੱਖ ਦੀ ਬੀਵੀ ਤੇ ਬੇਟੀ ਦਾ ਲਿਬਾਸ ਲਗਪਗ, ਇਕ
ਮੁਸਲਮਾਨ ਦੀ ਬੀਵੀ ਜਿਹਾ ਹੀ ਹੁੰਦੇ, ਦੋਹਾਂ ਚੋਂ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਕਿ ਕੇਹੜੀ
ਮੁਸਲਮਾਨ ਔਰਤ ਏ, ਇੰਜ ਈ ਲਹਿੰਦੇ ਤੇ ਚੜਦੇ ਪੰਜਾਬ ਦੇ ਪਰਿਵਾਰਾਂ ਦੀ ਇਜ਼ਤ, ਆਬਰੂ, ਸ਼ਰਮ, ਹਯਾ,
ਰਹਿਣੀ ਬਹਿਣੀ ਕਹਿਣੀ ਅਤੇ ਆਪਸੀ ਮੇਲ ਜੋਲ ਇਕੋ ਜਿਹਾ ਈ ਤੇ ਹੈ। ਜੇਕਰ ਲਹਿੰਦੇ ਪੰਜਾਬ ਦੇ ਮਰਦਾਂ
ਦਾ ਦੇਸੀ ਲਿਬਾਸ ਸਲਵਾਰ ਕਮੀਜ ਏ ਤਾਂ ਚੜ੍ਹਦੇ ਪੰਜਾਬ ਦੇ ਪੁਰਸ਼ਾਂ ਦਾ ਮਨ ਭਾਉਂਦਾ ਲਿਬਾਸ ਖੁਲਾ
ਕੁਰਤਾ ਪਜਾਮਾ ਏ, ਅੱਜ ਵੀ ਲਹਿੰਦੇ ਪੰਜਾਬਆਂ ਦੀ ਮੇਜ਼ਬਾਨੀ, ਤੇ ਚੜ੍ਹਦੇ ਪੰਜਾਬ ਦੀ ਮਹਿਮਾਨਬਾਜ਼ੀ
ਦਾ ਕੋਈ ਜਵਾਬ ਤੇ ਬਦਲ ਨਹੀ ਜੇ। ਬੇਸ਼ਕ ਮੇਰੀ ਪੈਦਾਇਸ਼ ਤਾਂ ਬਦਵਾਰੇ ਤੋਂ ਇਕ ਦਹਾਕੇ ਬਾਅਦ
ਹਿੰਦੁਸਤਾਨ ਦੀ ਏ, ਪਰ ਚੰਗੇ ਨਸੀਬੀ ਮੈਂ ਤਿੰਕ ਕੂ ਵਾਰੀ ਆਪਣੇ ਪੁਰਖਿਆਂ ਅਤੇ ਆਪਣੇ ਮਾਣਮੱਤੇ
ਪੰਜਾਬੀ ਵੀਰਾਂ ਦੀ ਭੋਇਂ ਦੇ ਦੀਦਾਰ ਕਰ ਆਇਆ ਹਾਂ, ਤੇ ਜੇਹੜੇ ਪਿਆਰ, ਮੁਹੱਬਤ ਅਪਣੱਤ ਤੇ ਖਲੂਸ
ਨੂੰ ਮੈਂ ਤੱਕਿਆ ਤੇ ਮਾਣਿਆ ਹੈ, ਉਸ ਦਾ ਲਫ਼ਜ਼ੀਂ ਇਜ਼ਹਾਰ ਕਰਨਾ ਬੜਾ ਮੁਸ਼ਕਿਲ ਏ। ਸੱਚੀ ਮੁੱਚੀਂ ਤੇ
ਸੌਂਹ ਰੱਬ ਦੀ ਇਸ ਮਹਿਮਾਨਬਾਜ਼ੀ ਦੇ ਮਸਲੇ ਚੇ ਲਹਿੰਦੇ ਪੰਜਾਬ ਦੇ ਮਿਲਾਪੜੇ ਲੋਕ ਸਾਡੇ ਵਤਨੀ ਲੋਗਾਂ
ਨਾਲੋਂ ਦੋ ਕਦਮ ਅੱਗੇ ਈ ਨੇ, ਰੱਬ ਸੱਚਿਆਂ ਇਹਨਾਂ ਸਾਡੇ ਆਪਣਿਆਂ ਨੂੰ ਤੱਤੀ ਵਾਅ ਨਾ ਲੱਗਣ ਦੇਈ,
ਤੇ ਸਦਾ ਈ ਸਲਾਮਤ ਰੱਖੀਂ, ਇਹ ਮੇਰੇ ਦਿਲ ਦਾ ਸੱਚਾ ਸੁਚਾ ਅਰਮਾਨ ਵੇ, ਮੇਰੀ ਤੇ ਇਹੋ ਹੀ ਹਰਵਕਤ
ਦੁਆ ਏ ਤੇ ਇਹੋ ਕੁਝ ਈ ਸਾਨੂੰ ਸਾਡੇ ਗੁਰੂਆਂ ਨੇ ਗੜ੍ਹਤੀ ਦਿੱਤੀ ਏ ਕਿ ਕੁਲ ਮਖ਼ਲੂਕ ਦਾ ਸਦਾ ਭਲਾ ਈ
ਮੰਗਣਾ ਏ ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨ ਹੰਢਾਇ॥ ਦੇਹੀ ਰੋਗ ਨਾ ਲਗਈ ਪਲੈ ਸਭ ਕੁਛ ਪਾਇ॥
ਕਹਿੰਦੇ ਨੇ ਭੱਜੀਆਂ ਬਾਹਵਾਂ ਹਮੇਸ਼ਾਂ ਗਲ ਨੂੰ ਈ ਤੇ ਆਉਦੀਆਂ ਨੇ, ਤੇ ਆਉਣ ਵੀ ਕਿਉ ਨਾ, ਜੀਨ ਇਕ
ਏ, ਜੜ੍ਹਾਂ ਇਕ ਨੇ, ਇਕੋ ਈ ਤੇ ਬੋਹੜ ਦੀ ਠੰਢੀ ਮਿੱਠੀ ਛਾਂ ਹੇਠ ਪਲੇ ਤੇ ਵੱਡੇ ਹੋਏ ਹਾਂ, ਗਲ ਕੁਝ
ਵੀ ਨਹੀਂ ਜੇ, ਝਗੜੇ ਤੇ ਸਿਰਫ ਖੁਦੀ (ਅਹੰਕਾਰ) ਦੇ ਨੇ ਤੇ ਇਹਨਾਂ ਖਾਮਖਾਹੀ ਝਗੜਿਆਂ ਚ ਜ਼ਿਆਦਾ
ਹਿੱਸਾ ਵੀ ਸ਼ਰਈ ਤੇ ਕੱਟੜਵਾਦੀ ਸੋਚ ਦਾ ਏ, ਜੇਕਰ ਦੁਨੀਆਂ ਦਾ ਹਰ ਬਸ਼ਰ ਇਹ ਸੋਚ ਕੇ ਤੁਰੇ ਕਿ ਸਭ
ਤੋਂ ਪਹਿਲਾਂ ਤੇ ਅਸੀ ਇਨਸਾਨ ਈ ਸਾਂ, ਬਾਅਦ ਚੇ ਕਿਧਰੇ ਜਾ ਕੇ ਹਿੰਦੂ, ਇਸਾਈ, ਬੋਧੀ, ਜੈਨੀ, ਪਾਰਮੀ,
ਯਹੂਦੀ, ਮੁਸਲਮਾਨ ਤੇ ਸਿੱਖ ਆਂ, ਪਰ ਤਰਾਸਦੀ ਤਾਂ ਇਹ ਵੇ ਕਿ ਧਰਮ ਦੇ ਠੇਕੇਦਾਰ ਆਮ ਬੰਦੇ ਨੂੰ
ਸੋਚਣ ਦਾ ਮੌਕਾ ਈ ਕਦੋਂ ਦੇਂਦੇ ਨੇ ਬਸ ਚੰਦ ਈ ਸਾਊ ਬੰਦੇ ਨੇ ਇਸ ਫ਼ਾਨੀ ਸੰਸਾਰ ਉਤੇ ਜਿਹੜੇ ਕਿ
ਇਨਸਾਨੀ ਪੱਗਡੰਡੀ ਦੇ ਪਾਂਧੀ (ਮੁਸਾਫਿਰ) ਨੇ ਅਜ ਵਕਤ ਦੀ ਜ਼ਰੂਰਤ ਏ ਕਿ ਅਸੀਂ ਸਭ ਉਸ ਪੁਰਾਣੀ
ਕੁੜੱਤਨ ਤੇ ਨਫਰਤ ਨੂੰ ਸਦਾ ਲਈ ਈ ਦਿਲਾਂ ਚੋਂ ਕੱਢ ਕੇ ਮੁਹੱਬਤਾਂ ਭਰੀ ਨਵੀਂ ਦੁਨੀਆਂ ਦੀ ਸਿਰਜਣਾ
ਕਰ ਲਈਏ, ਬਾਕੀ ਦੁਨੀਆਂ ਦੇ ਲੋਗ ਸਾਡੇ ਨਾਲੋਂ ਬਹੁਤ ਅੱਗੇ ਲੰਘ ਗਏ ਨੇ, ਪਰ ਅਸੀਂ ਅੱਜ ਵੀ ਘਸੀਆਂ
ਪਿੱਟੀਆਂ ਤੇ ਬੱਹੀਆਂ ਗੱਲਾਂ ਨੂੰ ਜ਼ਿਹਨ ਚੋਂ ਕੱਢਣ ਦੀ ਕੋਸ਼ਿਸ਼ ਈ ਨਹੀਂ ਕਰਦੇ ਜੇਕਰ ਅੱਜ ਦੋਹਾਂ
ਮੁਲਕਾਂ ਨੇ ਤਰੱਕੀ ਕਰਨੀ ਤੇ ਮੰਜ਼ਲਿਾਂ ਨੂੰ ਛੂਹਣਾਂ ਹੈ ਤਾਂ ਫਿਰ ਸਾਨੂੰ ਸਕੇ ਭਰਾਵਾਂ ਅਤੇ
ਦਾਨਸ਼ਵਰ ਹਮਸਾਇਆਂ ਦੀ ਤਰਾਂ ਰਹਿਣਾ ਹੋਵੇਗਾ ਤੇ ਭੁਲਾਉਣਾ ਪਵੇਗਾ ਉਹਨਾਂ ਹਾਦਸਿਆਂ ਨੂੰ ਜਿਹੜੇ ਸਾਡੇ
ਮਨਾਂ ਚ ਵੈਰ ਵਿਰੋਧ ਦੀ ਭਾਵਨਾਂ ਪੈਦਾ ਕਰਦੇਨੇ। ਅਸੀਂ ਮਾੜੇ ਪੱਖ ਦੀ ਹੀ ਗਲ ਕਿਉ ਕਰਦੇ ਹਾਂ ਸਿਰਫ
ਚੰਗੇ ਪੱਖ ਦੀ ਗਲ ਹੀ ਕਰੀਏ ਤੇ ਨਵੀਆਂ ਲੀਹਾਂ ਤੇ ਤੁਰਨ ਦੀ ਸੋਚੀਏ! ਸਿੱਖਾਂ ਅਤੇ ਮੁਸਲਮਾਨਾਂ
ਮਿਸ਼ਨਰੀਆਂ (ਪ੍ਰਚਾਰਕਾਂ) ਨੂੰ ਹੁਣ ਪੁਰਾਣੀ ਖਿਦੋ ਨੂੰ ਫਰੋਲਣਾ ਬੰਦ ਕਰ ਦੇਣਾ ਚਾਹੀਦੈ ਤਾਂ ਕਿ
ਸਾਡੀਆਂ ਆਉਣ ਵਾਲੀਆਂ ਪੀੜੀਆਂ ਇਕ ਨਵੇਂ ਦਿਸਹੱਦਿਆਂ ਤੇ ਸ਼ਾਂਤ ਸੰਸਾਰ ਚ ਸੁਖਦ ਸਾਹ ਲੈਣ ਸਕਣ! ਆਗੇ
ਸੋਚ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ। ਬੈਕ ਗੇਅਰ ਲਗਾਉਣ ਨਾਲ ਕਦੀ ਆਪਣੀ ਮੰਜ਼ਿਲ ਨੂੰ ਛੂਹਿਆ ਨਹੀ
ਜਾ ਸਕਦੈ। ਜੇਕਰ ਅਗਾਂਹ ਵੱਧਣਾ ਹੈ ਤਾਂ ਫਿਰ ਬਾਕੀ ਜ਼ਮਾਨੇ ਦੀ ਤਰਾਂ ਅਗਾਹ ਦੀ ਰਫਤਾਰ ਵਾਲੇ ਗੇਅਰ
ਲੱਗਾ ਕੇ ਹੀ ਮੰਜ਼ਿਲੇ-ਮਕਸੂਦ ਨੂੰ ਸਰ ਕੀਤਾ ਜਾ ਸਕਦੈ। ਦੁਹਾਈ ਰੱਬ ਦੀ ਜੇ, ਜੇਕਰ ਹੁਣ ਵੀ ਸਾਨੂੰ
ਸਮਝ ਨਾ ਅਈ ਤਾਂ ਸ਼ੈਤਾਨ ਦੁਨੀਆਂ ਦੇ ਲੋਗ ਸਾਡੀ ਇਸ ਨਾਲਾਇਕੀ ਦਾ ਫਾਇਦਾ ਉਠਾ ਕੇ ਸਾਨੂੰ ਦੁਬਾਰਾ
ਫਿਰ ਗ਼ੁਲਾਮੀ ਦੀਆਂ ਜ਼ੰਜੀਰਾ ਵੱਲ ਨੂੰ ਧੱਕ ਸਕਦੇ ਹਨ।
ਮਕਾਨ ਨੰ: 3, ਗਲੀ ਨੰ: 8, ਸ਼ਹੀਦ ਊਧਮ ਸਿੰਘ ਨਗਰ, ਸ੍ਰੀ ਅੰਮ੍ਰਿਤਸਰ (ਪੰਜਾਬ) ਭਾਰਤ।