ਸਾਡੇ ਪਿੰਡ ਦੇ ਭਾਈ ਜੀ

ਗਿਆਨੀ ਸੰਤੋਖ ਸਿੰਘ

ਸਾਡੇ ਪਿੰਡ ਦੇ ਗ੍ਰੰਥੀ ਜੀ, ਜਿਨ੍ਹਾਂ ਨੂੰ ਪਿੰਡ ਦੇ ਸਾਰੇ ਵਾਸੀ ਭਾਈ ਜੀ ਕਰਕੇ ਹੀ ਬੁਲਾਉਂਦੇ ਤੇ ਜਾਣਦੇ ਸਨ, ਸਾਨੂੰ ਉਹਨਾਂ ਦੇ ਅਸਲੀ ਨਾਂ ਦਾ ਨਹੀ ਸੀ ਪਤਾ। ਬਹੁਤ ਚਿਰ ਪਿਛੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਨਾਂ ਵੀਰ ਸਿੰਘ ਸੀ। ਸਾਰੇ ਪਿੰਡ ਵਿਚੋਂ ਸਿਰਫ ਮੇਰੇ ਬਾਬਾ ਜੀ ਦੇ ਨੰਬਰ ਦੋ ਵਾਲ਼ੇ ਵੱਡੇ ਭਰਾ, ਹੌਲਦਾਰ ਹਰਨਾਮ ਸਿੰਘ ਜੀ, ਤੇ ਉਹਨਾਂ ਦਾ ਪਰਵਾਰ ਹੀ ਭਾਈ ਜੀ ਨੂੰ ਬਾਬਾ ਆਖਿਆ ਕਰਦਾ ਸੀ। ਸ਼ਾਇਦ ਉਹ ਫੌਜ ਵਿਚ ਅਜਿਹਾ ਰਿਵਾਜ਼ ਹੋਣ ਕਰਕੇ ਸਾਰੇ ਪਿੰਡ ਤੋਂ ਉਲ਼ਟ ਉਹਨਾਂ ਨੂੰ ਭਾਈ ਦੇ ਥਾਂ ਬਾਬਾ ਆਖ ਕੇ ਬੁਲਾਉਂਦੇ ਸਨ!
ਸਾਬਕ ਫੌਜੀ ਹੋਣ ਕਰਕੇ ਭਾਈ ਜੀ ਬੜੀ ਇਹਤਿਆਤ ਨਾਲ਼ ਸਿਰ ਤੇ ਖੱਟੇ ਰੰਗ ਦੀ ਪੁਰਾਤਨ ਫੌਜੀ ਸਟਾਈਲ ਦੀ ਪੱਗ ਬੰਨ੍ਹਿਆ ਕਰਦੇ ਸਨ ਤੇ ਪੱਗ ਦੇ ਥੱਲੇ ਨੀਲੇ ਰੰਗ ਦੀ ਕੇਸਕੀ ਜੋ ਕਿ ਉਹਨਾਂ ਦੇ ਮੱਤੇ ਉਪਰ ਫਿਫਟੀ ਵਜੋਂ ਦਿਸਿਆ ਕਰਦੀ ਸੀ, ਸਜਾਇਅਆਂ ਕਰਦੇ ਸਨ। ਗਲ਼ ਵਿਚ ਗੋਡਿਆਂ ਤੱਕ ਲੰਮਾ ਨੀਲੇ ਰੰਗ ਦੇ ਖੱਦਰ ਦਾ ਚੋਲ਼ਾ ਪਾਉਂਦੇ ਸਨ ਜੋ ਕਿ ਗੋਡਿਆਂ ਤੱਕ ਲੰਮਾ ਹੁੰਦਾ ਸੀ। ਸੱਜੇ ਮੋਢੇ ਤੋਂ ਖੱਬੀ ਵੱਖੀ ਤੱਕ ਛੋਟੀ ਕ੍ਰਿਪਾਨ ਦਾ ਗਾਤਰਾ ਤੇ ਖੱਬੇ ਮੋਢੇ ਤੋਂ ਸੱਜੀ ਵੱਖੀ ਤੱਕ ਗੁਟਕਾ ਪਾਉਣ ਵਾਲ਼ੇ ਗੁਥਲੇ ਦਾ ਗਾਤਰਾ ਪਹਿਨਿਆ ਕਰਦੇ ਸਨ। ਇਹ ਦੋਵੇਂ ਗਾਤਰੇ ਖੱਟੇ ਰੰਗ ਹੁੰਦੇ ਸਨ। ਲੱਕ ਤੇ ਕਮਰਕੱਸਾ ਵੀ ਖੱਬੇ ਰੰਗ ਦਾ ਸਜਾਇਆ ਕਰਦੇ ਸਨ। ਇਹ ਤਿੰਨੇ ਨੀਲ਼ੇ ਰੰਗ ਦੇ ਚੋਲ਼ੇ ਉਪਰ ਚੰਗੇ ਸੱਜਦੇ ਸਨ। ਤੇੜ ਗੋਡਿਆਂ ਤੱਕ ਲੰਮਾ ਖੱਦਰ ਦਾ ਹੀ ਚਿੱਟੇ ਰੰਗ ਦਾ ਕਛਹਿਰਾ ਪਾਉਂਦੇ ਸਨ। ਲੱਤਾਂ ਉਪਰ ਗਿੱਟਿਆਂ ਤੋਂ ਲੈ ਕੇ ਗੋਡਿਆਂ ਤੱਕ, ਫੌਜੀ ਪੱਟੀਆਂ ਬੜੀਆਂ ਸਵਾਰ ਕੇ ਲਪੇਟਿਆ ਕਰਦੇ ਸਨ। ਪੈਰੀਂ ਕਾਲ਼ੇ ਰੰਗ ਦੀ ਗੁਰਗਾਬੀ ਪਾਉਂਦੇ ਸਨ। ਉਹਨੀਂ ਦਿਨੀਂ ਸਾਰੇ ਪਿੰਡ ਵਿਚ ਦੋ ਹੀ ਸਾਈਕਲ ਹੁੰਦੇ ਸਨ: ਇਕ ਮੇਰੇ ਛੋਟੇ ਚਾਚਾ ਜੀ ਕੋਲ਼ ਤੇ ਇਕ ਭਾਈ ਜੀ ਕੋਲ਼। ਜਦੋਂ ਬਾਹਰ ਜਾਣਾ ਤਾਂ ਦੋਹਾਂ ਨੇ ਹੀ ਸਾਈਕਲ ਦੇ ਹੈਂਡਲ ਨਾਲ਼ ਵੱਡੀਆਂ ਕ੍ਰਿਪਾਨਾਂ ਬੰਨ੍ਹ ਲੈਣੀਆਂ।
ਭਾਈ ਜੀ ਨੰਬਰਦਾਰ ਪਰਵਾਰ ਵਿਚੋਂ, ਲੰਮੇ, ਉਚੇ, ਪਤਲੇ ਤੇ ਸਰੀਰੋਂ ਬਹੁਤ ਹੀ ਤਕੜੇ ਬਜ਼ੁਰਗ ਸੱਜਣ ਹੁੰਦੇ ਸਨ। ਉਹਨਾਂ ਦੀ ਸ਼ਖ਼ਸੀਅਤ ਜਿਵੇਂ ਪੁਰਾਤਨ ਇਤਿਹਾਸ ਵਿਚਲੇ ਸਿੰਘਾਂ ਦਾ ਇਕ ਨਮੂਨਾ ਹੋਵੇ। ਪਹਿਲਾਂ ਉਹ ਫੌਜ ਵਿਚ ਸਨ ਤੇ ਜਦੋਂ ਅਕਾਲੀ ਲਹਿਰ ਦੇ ਮੋਰਚੇ ਚੱਲੇ ਤਾਂ ਉਹ ਗੁਰੂ ਕੇ ਬਾਗ ਦੇ ਮੋਰਚੇ ਸਮੇ ਫੌਜੀ ਨੌਕਰੀ ਤੇ ਹੁੰਦਿਆਂ ਹੀ ਜੇਹਲ ਵਿਚ ਚਲੇ ਗਏ ਤੇ ਇਸ ਤਰ੍ਹਾਂ ਫੌਜ ਵਿਚੋਂ ਉਹ ਪੇਂਡੂ ਬੋਲੀ ਵਿਚ 'ਬਾਰਾਂ ਪੱਥਰ' ਹੋ ਕੇ ਘਰ ਆ ਗਏ। ਉਹਨਾਂ ਨੇ ਪਿੰਡ ਵਿਚ ਆ ਕੇ ਅੱਗੇ ਲੱਗ ਕੇ ਗੁਰਦੁਆਰਾ ਬਣਾਇਆ। ਗੁਰਦੁਆਰੇ ਦੇ ਨਾਲ਼ ਬੜਾ ਹੀ ਸੁੰਦਰ ਬਾਗ ਲਾਇਆ ਜਿਸ ਵਿਚ ਬਹੁਤ ਤਰ੍ਹਾਂ ਦੇ ਛਾਂਦਾਰ ਤੇ ਫਲਦਾਰ ਦਰੱਖ਼ਤ ਲਾਏ। ਸਵੇਰੇ ਸਵੇਰੇ ਗੁਰਦੁਆਰੇ ਦੀ ਖੂਹੀ ਗੇੜ ਕੇ ਬਾਗ ਨੂੰ ਪਾਣੀ ਲਾਇਆ ਕਰਦੇ ਸਨ। ਬਾਗ ਦੇ ਦੁਆਲ਼ੇ ਵਾੜ ਕਰਕੇ ਉਸਦੀ ਪੂਰੀ ਪੂਰੀ ਸੰਭਾਲ਼ ਕਰਿਆ ਕਰਦੇ ਸਨ। ਇਹ ਸਭ ਬਾਤਾਂ ਮੇਰੀ ਸੰਭਾਲ਼ ਤੋਂ ਪਹਿਲਾਂ ਦੀਆਂ ਹਨ। ਮੇਰੀ ਸੰਭਾਲ਼ ਸਮੇ ਅਸੀਂ ਉਹਨਾਂ ਨੂੰ ਸਵੇਰੇ ਹਨੇਰੇ ਹੀ ਖੂਹੀ ਗੇੜ ਕੇ ਬਾਗ ਨੂੰ ਪਾਣੀ ਲਾਉਣ ਸਮੇਤ, ਸਵੇਰੇ ਸ਼ਾਮ ਸੰਖ ਪੂਰਦਿਆਂ ਤੇ ਗੁਰਦੁਅਰੇ ਦੀਆਂ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਵੇਖਿਆ ਕਰਦੇ ਸਾਂ। ਸਿਆਲ ਦੇ ਦਿਨੀਂ ਧੁੱਪ ਚੜ੍ਹੀ ਤੇ ਉਹਨਾਂ ਨੇ ਧੁੱਪੇ ਮੰਜੇ ਤੇ ਬਹਿ ਕੇ ਗੁਟਕੇ ਤੋਂ ਨਿਤਨੇਮ ਕਰਿਆ ਕਰਨਾਂ। ਉਹਨਾਂ ਦੇ ਪਾਠ ਵਿਚੋਂ ਇਕ ਤੁਕ ਵਿਗੜੇ ਹੋਏ ਰੂਪ ਵਿਚ ਮੈਨੂੰ ਹੁਣ ਤੱਕ ਵੀ ਯਾਦ ਹੈ। ਉਹ ਤੁਕ ਸੀ, "ਜੀਤੇ ਨਮਾਤਾਂ, ਭੀਤੇ ਨਮਾਤਾਂ" ਅਸੀਂ ਮੁੰਢੀਰ ਵਾਧੇ ਨੇ ਛੇੜ ਵਜੋਂ ਇਸ ਤੁਕ ਨੂੰ ਦੁਹਰਾਉਂਦੇ ਰਹਿਣਾ। ਬੜੇ ਚਿਰ ਪਿਛੋਂ ਪਤਾ ਲੱਗਾ ਕਿ ਇਸ ਤੁਕ ਦਾ 'ਜਾਪੁ ਸਾਹਿਬ' ਵਿਚ ਅਸਲੀ ਰੂਪ, "ਨਮਸਤੰ ਅਜੀਤੇ॥ ਨਮਸਤੰ ਅਭੀਤੇ॥" ਹੈ ਜਿਸਨੂੰ ਗ਼ਲਤ ਸੁਣ ਕੇ ਅਸੀਂ ਮਖੋਲ ਵਜੋਂ ਦੁਹਰਾਇਆ ਕਰਦੇ ਸਾਂ।
ਜਦੋਂ ਮੌਸਮ ਅਨੁਸਾਰ ਜੇਹੜਾ ਫਲ ਪਕਣਾ ਉਸਨੂੰ ਭਾਈ ਜੀ ਨੇ ਸਾਰੇ ਪਿੰਡ ਵਿਚ ਵੰਡ ਦੇਣਾ। ਅਸੀਂ ਹਰੇਕ ਪੀਹੜੀ ਦੀ ਮੁੰਢੀਰ ਨੇ ਜਦੋਂ ਵੀ ਦਾ ਲੱਗਣਾ, ਵਾੜ ਵਿਚ ਕੋਈ ਨਾ ਕੋਈ ਮੋਰੀ ਬਣਾ ਕੇ ਬਾਗ ਦੇ ਅੰਦਰ ਘੁਸ ਕੇ ਫਲ ਤੋੜ ਲਿਆਉਣੇ। ਭਾਈ ਜੀ ਇਸ ਗੱਲੋਂ ਬੜੇ ਚੌਕੰਨੇ ਸਨ ਤੇ ਉਹ ਬੜੀ ਰਾਖੀ ਕਰਿਆ ਕਰਦੇ ਸਨ। ਜਦੋਂ ਪਤਾ ਲੱਗਣਾ ਉਹਨਾਂ ਨੇ ਸਾਡੇ ਮਗਰ 'ਦੁਰਬਚਨ' ਬੋਲਦਿਆਂ ਭੱਜਣਾ ਤੇ ਅਸੀਂ ਉਹਨਾਂ ਦੇ ਅੱਗੇ ਅੱਗੇ ਭਜ ਜਾਣਾ ਤੇ ਉਹਨਾਂ ਦੇ ਹੱਥ ਨਾ ਆਉਣਾ। ਇਕ ਵਾਰੀਂ ਏਸੇ ਤਰ੍ਹਾਂ ਅਸੀਂ ਬਾਕੀ ਸਾਰੇ ਦੂਰ ਭੱਜ ਗਏ ਤੇ ਮੇਰੇ ਵੱਡੇ ਚਾਚਾ ਜੀ ਦਾ ਨੰਬਰ ਦੋ ਵਾਲਾ ਲੜਕਾ ਜਗੀਰ ਅਛੋਪਲੇ ਹੀ ਸਾਡੀ ਭੂਆ ਜੀ ਦੀ ਗੋਦ ਵਿਚ ਜਾ ਬੈਠਾ ਜੋ ਕਿ ਵੇਹੜੇ ਵਿਚ ਬੈਠੀ ਚਰਖਾ ਕੱਤ ਰਹੀ ਸੀ। ਸਾਡੇ ਘਰ ਦਾ ਬੂਹਾ ਬਿਲਕੁਲ ਗੁਰਦੁਆਰੇ ਦੇ ਬੂਹੇ ਦੇ ਸਾਹਮਣੇ ਹੀ ਹੁੰਦਾ ਸੀ। ਹੁਣ ਵੀ ਮੇਰੇ ਛੋਟੇ ਚਾਚਾ ਜੀ ਦਾ ਪਰਵਾਰ ਓਸੇ ਘਰ ਵਿਚ ਰਹਿੰਦਾ ਹੈ ਤੇ ਘਰ ਦਾ ਬ੍ਹੁਹਾ ਵੀ ਤਕਰੀਬਨ ਓਥੇ ਹੀ ਹੈ। ਭਾਈ ਜੀ ਗੁੱਸੇ ਵਿਚ ਮਗਰੇ ਹੀ ਗਏ ਤੇ ਭੂਆ ਜੀ ਦੀ ਗੋਦ ਵਿਚ ਬੈਠਿਆਂ ਹੀ ਉਹਨਾਂ ਨੇ ਜਗੀਰ ਦੇ ਚਪੇੜ ਮਾਰ ਦਿਤੀ ਜੋ ਕਿ ਅਧੀ ਕੁ ਸਾਡੀ ਭੂਆ ਜੀ ਨੂੰ ਵੀ ਲੱਗ ਗਈ। ਮੇਰੇ ਵਡੇ ਚਾਚਾ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਬਹੁਤ ਗੁੱਸੇ ਵਿਚ ਆ ਕੇ ਭਾਈ ਜੀ ਨੂੰ ਮੰਦਾ ਚੰਗਾ ਬੋਲਿਆ; ਗੁੱਸੇਖੋਰ ਸੁਭਾ ਹੋਣ ਦੇ ਬਾਵਜੂਦ ਭਾਈ ਜੀ ਅੱਗੋਂ ਚੁੱਪ ਹੀ ਰਹੇ।
ਵੈਸੇ ਨੰਬਰਦਾਰ ਪਰਵਾਰ ਵਿਚੋਂ ਹੋਣ ਕਰਕੇ ਖ਼ਾਨਦਾਨੀ ਜ਼ਮੀਨ ਵਿਚੋਂ ਭਾਈ ਜੀ ਦਾ ਹਿੱਸਾ ਬਣਦਾ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਨਹੀ ਕਿ ਉਹ ਆਪਣੇ ਭਰਾਵਾਂ ਭਤੀਜਿਆਂ ਪਾਸੋਂ ਉਸਦਾ ਹਿੱਸਾ ਲੈਂਦੇ ਸਨ ਜਾਂ ਨਹੀ। ਗੁਰਦੁਆਰੇ ਦੇ ਨਾਂ ਪਿੰਡ ਵਾਲ਼ਿਆਂ ਨੇ ਕੁਝ ਪੈਲ਼ੀ ਲਾਈ ਹੋਈ ਸੀ। ਉਸ ਪੈਲ਼ੀ ਦਾ ਠੇਕਾ ਹਰ ਛਿਮਾਹੀ ਭਾਈ ਜੀ ਨੂੰ ਮਿਲ਼ਦਾ ਸੀ। ਫਿਰ ਗੁਰਦੁਆਰੇ ਦਾ ਚੜ੍ਹਾਵਾ ਵੀ ਉਹਨਾਂ ਕੋਲ਼ ਹੀ ਹੁੰਦਾ ਸੀ। ਉਹਨੀਂ ਦਿਨੀਂ ਅੱਜ ਵਾਂਗ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਰਿਵਾਜ਼ ਨਹੀ ਸੀ ਹੁੰਦਾ। ਫਿਰ ਆਜ਼ਾਦੀ ਤੋਂ ਬਾਅਦ ਜਦੋਂ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀਆਂ ਪੈਨਸ਼ਨਾਂ ਲਾਈਆਂ ਤਾਂ ਉਹਨਾਂ ਨੂੰ ਗੁਰੂ ਕੇ ਬਾਗ ਦੇ ਮੋਰਚੇ ਵਿਚ ਕੈਦ ਹੋਣ ਅਤੇ ਫੌਜ ਵਿਚੋਂ ਡਿਸਮਿਸ ਹੋਣ ਕਰਕੇ ਪੈਨਸ਼ਨ ਲੱਗ ਗਈ ਸੀ। ਪਿੰਡ ਦੇ ਬੱਚਿਆਂ ਨੂੰ ਉਹ ਗੁਰਮੁਖੀ ਵੀ ਪੜ੍ਹਾਇਆ ਕਰਦੇ ਸਨ। ਮੈ ਉਸ ਸਮੇ ਹੀ ਗੁਰਦੁਆਰੇ ਦੇ ਵੇਹੜੇ ਵਿਚ ਵਿਸ਼ਾਲ ਬੋਹੜ ਦੇ ਥੱਲੇ, ਘੱਟੇ ਵਿਚ ਉਂਗਲ਼ ਨਾਲ, ਊੜਾ ਐੜਾ ਲਿਖਣਾ ਸਿਖਿਆ ਸੀ।
ਪਹਿਲਾਂ ਉਹਨਾਂ ਦਾ ਵੱਡਾ ਭਰਾ, ਸ. ਗੁਰਦਿਆਲ ਸਿੰਘ, ਨੰਬਰਦਾਰ ਹੁੰਦਾ ਸੀ ਤੇ ਉਸਦੀ ਮੌਤ ਪਿਛੋਂ ਛੋਟਾ ਭਰਾ, ਸ. ਹਰੀ ਸਿੰਘ, ਨੰਬਰਦਾਰ ਬਣਿਆ। ਇਕ ਭਰਾ ਉਹਨਾਂ ਦਾ, ਸ. ਗੁਪਾਲ ਸਿੰਘ, ਫੌਜੀ ਪੈਨਸ਼ਨੀਆਂ ਸੀ ਤੇ ਸਾਡੇ ਪੜਦਾਦਾ ਜੀ ਦੇ ਛੋਟੇ ਭਰਾ, ਸ. ਕੇਸਰ ਸਿੰਘ ਜੀ, ਵਾਂਗ ਹੀ ਅਫ਼ੀਮ ਵੀ ਖਾਇਆ ਕਰਦਾ ਸੀ। ਇਹ ਕੈਸਾ ਮੌਕਾ ਮੇਲ਼ ਸੀ ਕਿ ਪਿੰਡ ਦੇ ਤਿੰਨੇ ਹੀ ਫੌਜੀ ਪੈਨਸ਼ਨੀਏ ਛੜੇ ਅਤੇ ਤਿੰਨੇ ਹੀ ਅਫੀਮ ਖਾਣ ਦੇ ਆਦੀ ਸਨ। ਵੱਡੇ ਭਰਾ ਦੇ ਚਲਾਣੇ ਪਿਛੋਂ ਵਡੀ ਭਰਜਾਈ ਵਿਧਵਾ ਸੀ। ਉਸ ਸਮੇ ਦੇ ਜੱਟ ਸਮਾਜ ਦੇ ਰਿਵਾਜ਼ ਅਨੁਸਾਰ ਉਹਨਾਂ ਨੇ ਭਰਜਾਈ ਉਪਰ ਚਾਦਰ ਪਾ ਕੇ ਉਹ ਨਾਲ਼ ਵਿਆਹ ਨਹੀ ਸੀ ਕੀਤਾ। ਸਾਰੀ ਉਮਰ ਛੜੇ ਹੀ ਰਹੇ। ਪਹਿਲਾਂ ਜਵਾਨੀ ਵੇਲ਼ੇ ਵੀ ਉਹਨਾਂ ਦਾ ਵਿਆਹ ਨਹੀ ਸੀ ਹੋਇਆ ਹੋਇਆ। ਜਿਥੋਂ ਤਕ ਮੇਰੀ ਸਮਝ ਕੰਮ ਕਰਦੀ ਹੈ, ਉਹ ਬਹੁਤ ਹੀ ਮੇਹਨਤੀ, ਸਾਫ, ਭਗਤੀ ਭਾਵ ਵਾਲੇ, ਗੁਰਦੁਆਰੇ ਦੀ ਤਤਪਰਤਾ ਸਹਿਤ ਸੰਭਾਲ਼ ਕਰਨ ਵਾਲ਼ੇ ਸਨ ਤੇ ਸਾਰਾ ਜੀਵਨ ਉਹਨਾਂ ਨੇ ਇਸ ਤਰ੍ਹਾਂ ਹੀ ਬਿਤਾਇਆ। ਪੰਜਾਹਵਿਆਂ ਦੇ ਅਖੀਰਲੇ ਸਾਲਾਂ ਵਿਚ, ਪਿਛਲੀ ਉਮਰੇ, ਪਤਾ ਨਹੀ ਕਿਸ ਗੱਲੋਂ ਪਿੰਡ ਵਾਲ਼ਿਆਂ ਨਾਲ਼ ਨਾਰਾਜ਼ ਹੋ ਕੇ, ਆਪਣੇ ਭਤੀਜਿਆਂ ਨਾਲ਼ ਯੂ. ਪੀ. ਵਿਚ ਚਲੇ ਗਏ। ਪਿਛੋ ਗੁਰਦੁਆਰੇ ਦੀ ਸੰਭਾਲ਼ ਕਰਨ ਵਾਲਾ ਕੋਈ ਨਾ ਰਿਹਾ। "ਖੇਤੀ ਖ਼ਸਮਾਂ ਸੇਤੀ।" ਦੀ ਲੋਕੋਕਤੀ ਅਨੁਸਾਰ, ਉਹਨਾਂ ਨੇ ਜੇਹੜਾ ਗੁਰਦੁਆਰਾ ਉਸਾਰ ਕੇ ਨਾਲ਼ ਬਾਗ ਲਾਇਆ ਤੇ ਪਾਲ਼ਿਆ ਸੀ, ਉਹ ਬੇਰੌਣਕਾ ਹੋ ਗਿਆ ਤੇ ਬਾਗ ਪਿੰਡ ਦੇ ਜਵਾਕਾਂ ਨੇ ਉਜਾੜ ਘੱਤਿਆ। ਹੋਰ ਕਿਸੇ ਨੂੰ ਇਸ ਸਾਰੇ ਕੁਝ ਦੇ ਉਜਾੜੇ ਦਾ ਕੀ ਦਰਦ ਹੋ ਸਕਦਾ ਸੀ! ਮੇਰੇ ਛੋਟੇ ਚਾਚਾ ਜੀ ਨੇ ਗੁਰਦੁਆਰੇ ਦੀ ਇਕ ਕਮੇਟੀ ਵੀ ਬਣਾਈ ਪਰ ਇਸ ਸਾਰੇ ਕੁਝ ਦੀ ਸੰਭਾਲ਼ ਕੌਣ ਕਰੇ! ਛਾਚਾ ਜੀ ਨੇ ਸਵੇਰੇ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲੈਣਾ ਤੇ ਸ਼ਾਮ ਨੂ ਰਹਰਾਸਿ ਪੜ੍ਹ ਕੇ ਸਮਾਪਤੀ ਵੀ ਕਰ ਲੈਣੀ; ਉਹ ਵੀ ਜਦੋਂ ਪਿੰਡ ਵਿਚ ਹੋਣਾ। ਜੇਕਰ ਬਾਹਰ ਕਿਤੇ ਗਏ ਹੋਣਾ ਤਾਂ ਗੁਰੂ ਜਾਣੇ ਤੇ ਗੁਰੂ ਦਾ ਗੁਰਦੁਆਰਾ ਜਾਣੇ।
ਅਖੀਰਲੀ ਉਮਰ ਵਿਚ ਭਾਈ ਜੀ ਯੂ. ਪੀ. ਤੋਂ ਪਿੰਡ ਵਿਚ ਆ ਗਏ ਪਰ ਉਹ ਬਿਮਾਰ ਸਨ ਤੇ ਆਪਣੇ ਛੋਟੇ ਭਰਾ, ਨੰਬਰਦਾਰ ਸ. ਹਰੀ ਸਿੰਘ, ਦੇ ਘਰ ਹੀ ਰਹਿ ਰਹੇ ਸਨ। ਮੈ ਇਕ ਦਿਨ ਅੰਮ੍ਰਿਤਸਰੋਂ ਪਿੰਡ ਗਿਆ ਤਾਂ ਉਹਨਾਂ ਦੇ ਦਰਸਨ ਕਰਨ ਉਹਨਾਂ ਦੇ ਘਰ ਗਿਆ। ਉਹ ਵੇਹੜੇ ਵਿਚ ਮੰਜੇ ਉਪਰ ਪਏ ਸਨ। ਨੰਬਰਦਾਰਨੀ ਜੀ ਜੋ ਕਿ ਮੇਰੀ ਪੜਦਾਦੀ ਜੀ ਦੀ ਪੀਹੜੀ ਵਿਚੋਂ ਲਗਦੇ ਸਨ, ਚੌਂਕੇ ਵਿਚ ਭਾਡੇ ਟੀਂਡੇ ਸਾਂਭ ਰਹੇ ਸਨ। ਭਾਈ ਜੀ ਤਾਂ ਮੰਜੇ ਉਪਰ ਹੀ ਪਏ ਰਹੇ ਕਿਉਂਕਿ ਉਹ ਬਜ਼ੁਰਗ ਹੋਣ ਦੇ ਨਾਲ਼ ਨਾਲ਼ ਢਿੱਲੇ ਵੀ ਸਨ ਪਰ ਮਾਂ ਜੀ ਨੇ ਚੌਂਕੇ ਵਿਚੋਂ ਉਠ ਕੇ ਮੇਰੇ ਸਿਰ ਤੇ ਹੱਥ ਫੇਰ ਕੇ ਪਿਆਰ ਦਿਤਾ ਤੇ ਪੇਂਡੂ ਰਿਵਾਜ਼ ਅਨੁਸਾਰ ਮੇਰੇ ਪਰਵਾਰ ਦੇ ਜੀਆਂ ਦੀ ਸੁਖ ਸਾਂਦ ਪੁਛੀ। ਭਾਈ ਜੀ ਨੂੰ ਆਖਿਆ, "ਭਾਈ ਜੀ, ਇੰਦਰ ਕੌਰ ਦਾ ਪੋਤਾ ਆਇਆ, ਤੈਨੂੰ ਮਿਲ਼ਨ!"
ਜਦੋਂ ਮੈ ਅਗਲੀ ਵਾਰ ਪਿੰਡ ਗਿਆ ਤਾਂ ਉਹ ਪਰਲੋਕ ਸਿਧਾਰ ਚੁਕੇ ਸਨ ਤੇ ਪਿੰਡ ਵਾਲ਼ਿਆਂਾ ਵੱਲੋਂ ਸਾਂਝੇ ਤੌਰ ਤੇ ਉਹਨਾਂ ਦੇ ਸਬੰਧ ਵਿਚ ਗੁਰਦੁਆਰੇ ਅੰਦਰ ਅਖੰਡ ਪਾਠ ਰੱਖਿਆ ਹੋਇਆ ਸੀ। ਮੈ ਮੱਥਾ ਟੇਕਿਆ। ਹੈਸੀਅਤ ਮੁਤਾਬਿਕ ਇਸ ਸਮਾਗਮ ਲਈ ਕੀਤੇ ਜਾ ਰਹੇ ਸਾਂਝੇ ਖ਼ਰਚ ਵਿਚ ਹਿੱਸਾ ਪਾਇਆ ਤੇ ਆਪਣੀ ਡਿਊਟੀ ਹੋਣ ਕਾਰਨ ਅੱਗੇ ਨੂੰ ਲੰਘ ਗਿਆ।