ਚੋਰੋ ਲੱਗੋ, ਮਾਲਕੋ ਜਾਗੋ

ਗਿਆਨੀ ਸੰਤੋਖ ਸਿੰਘ

ਸੰਜੀਦਾ ਸੋਚ ਵਾਲ਼ੇ ਪਾਠਕਾਂ ਨੂੰ ਭਾਵੇਂ ਇਸ ਲੇਖ ਦਾ ਇਹ ਸਿਰਲੇਖ ਕੁਝ ਚੁਭੇ ਹੀ ਪਰ ਇਸ ਤੋਂ ਢੁਕਵਾਂ ਹੋਰ ਅਜੇ ਮੈਨੂੰ ਕੋਈ ਸੁਝ ਨਹੀ ਰਿਹਾ। ਪਹਿਲੀ ਗੱਲ ਤਾਂ ਇਹ ਕਿ ਵੀਹਵੀਂ ਸਦੀ ਦੇ ਸਭ ਤੋਂ ਮਹਾਨ ਸ਼ਹੀਦ, ਜਿਸ ਨੂੰ ਸਮੁਚੇ ਸਿੱਖ ਪੰਥ ਨੇ ਵੀਹਵੀਂ ਸਦੀ ਦਾ 'ਮਹਾਨ ਸਿੱਖ' ਮੰਨ ਲਿਆ ਹੈ, ਨੇ ਸਿੱਖ ਕੌਮ ਉਪਰ ਇੰਦਰਾ ਦੀ ਜ਼ਾਲਮ ਫੋਜ ਵੱਲੋਂ ਅਕਾਰਣ ਹਮਲਾ ਕਰਕੇ, ਸਿੱਖ ਕੌਮ ਦਾ ਲੱਕ ਤੋੜ ਕੇ, ਇਸਨੂੰ ਤਹਿਸ ਨਹਿਸ ਕਰਨ ਵਾਲ਼ੀ ਕੋਝੀ ਕਰਤੂਤ ਦਾ, ਬਹਾਦਰੀ ਨਾਲ਼ ਮੁਕਾਬਲਾ ਕਰਦਿਆਂ ਹੋਇਆਂ ਆਪਣੀ ਜਾਨ ਵਾਰ ਦਿਤੀ। ਉਸ ਸੰਤ ਜੀ ਨੂੰ ਸ਼ਹੀਦ ਹੋਇਆਂ ੨੩ ਸਾਲ ਦਾ ਸਮਾ ਹੋ ਗਿਆ ਹੈ। ਉਸਦੀ ਫੋਟੋ ਤਾਂ ਅਜਾਇਬਘਰ ਵਿਚ ਉਸ ਸਮੇ ਤੋਂ ਹੀ ਲੱਗ ਜਾਣੀ ਚਾਹੀਦੀ ਸੀ। ਇਸ ਸ਼ੁਭ ਤੇ ਸਤਿਕਾਰਤ ਕਾਰਜ ਲਈ ੨੩ ਸਾਲ ਦਾ ਲੰਮਾ ਸਮਾ ਉਡੀਕ ਕਿਉਂ ਕਰਨੀ ਪਈ! ਕੁਝ ਸੱਜਣ ਦਲੀਲ਼ ਦੇਣਗੇ ਕਿ ਸਰਕਾਰੀ ਗੁਪਤ ਸਾਜਸ਼ ਸਦਕਾ ਲੋੜੋਂ ਵਧ ਸ਼ਰਧਾਲੂਆਂ ਦੀ ਜਿਦ ਕਾਰਨ ਉਹਨਾਂ ਨੂੰ ਸ਼ਹੀਦ ਹੀ ਨਹੀ ਸੀ ਮੰਨਣ ਦਿਤਾ ਜਾਂਦਾ। ਇਸ ਲਈ ਉਹਨਾਂ ਦੀ ਤਸਵੀਰ ਲਾਉਣ ਦਾ ਪ੍ਰਬੰਧਕ ਹੌਸਲਾ ਨਹੀ ਸਨ ਕਰ ਸਕੇ। ਇਸ ਭੁਲੇਖੇ ਕਾਰਨ ਜੇਕਰ ੧੯੮੪ ਵਿਚ ਨਹੀ ਸੀ ਲਗਾਈ ਜਾ ਸਕਦੀ ਪਰ ੧੯੯੫ ਵਿਚ ਤਾਂ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜ਼ੂਰੀ ਅੰਦਰ, ਸੰਤਾਂ ਦੇ ਪਰਵਾਰ ਨੂੰ ਸਿਰੋਪੇ ਬਖ਼ਸ਼ ਕੇ, ਸੰਤ ਜੀ ਨੂੰ ਸ਼ਹੀਦ ਮੰਨ ਲਿਆ ਗਿਆ ਸੀ; ਓਦੋਂ ਕਿਉਂ ਨਾ ਇਸ ਤਸਵੀਰ ਨੂੰ ਲਾਉਣ ਦੀ ਮੰਗ ਕੀਤੀ ਗਈ! ਫਿਰ ਸੰਤ ਜੀ ਦੀ ਵਾਰਸ ਦਮਦਮੀ ਟਕਸਾਲ ਦੇ ਦੋ ਮੁਖ ਧੜਿਆਂ ਨੇ ਵੀ ਉਹਨਾਂ ਨੂੰ ਸ਼ਹੀਦ ਮੰਨ ਲਿਆ ਹੈ ਤੇ ਇਸ ਗੱਲ ਨੂੰ ਵੀ ਸਾਲ ਤੋਂ ਉਪਰ ਦਾ ਸਮਾ ਹੋ ਗਿਆ ਹੈ। ਓਦੋਂ ਕਿਉਂ ਨਾ ਇਹ ਤਸਵੀਰ ਲਾਉਣ ਦੀ ਮੰਗ ਉਠੀ! ਕਾਰਨ ਇਹ ਸੀ ਕਿ ਓਦੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਕਾਂਗਰਸ ਸਰਕਾਰ ਸਮੇ ਪੰਜਾਬ ਵਿਚ ਏਹੋ ਜਿਹਾ ਕਦੀ ਮਸਲਾ ਨਹੀ ਉਠਣ ਦਿਤਾ ਜਾਂਦਾ ਜਿਸ ਨਾਲ਼ ਸਰਕਾਰ ਲਈ ਕੋਈ ਸਿਰਦਰਦੀ ਖੜ੍ਹੀ ਹੋ ਸਕਦੀ ਹੋਵੇ। ਅਜਿਹੀਆਂ ਘਟਨਾਵਾਂ ਦਾ ਪ੍ਰਬੰਧ ਓਦੋਂ ਹੀ ਕੀਤਾ ਜਾਂਦਾ ਹੈ ਜਦੋਂ ਪੰਜਾਬ ਵਿਚ ਕਾਂਗਰਸ ਵਿਰੋਧੀ ਸਰਕਾਰ ਹੋਵੇ।
ਮੇਰੇ ਕੁਝ ਸਮਾ ਪਹਿਲਾਂ ਲਿਖੇ ਗਏ ਲੇਖ 'ਪੰਜਾਬ ਦੀ ਮੌਜੂਦਾ ਗੜਬੜ ਦਾ ਅਸਲੀ ਕਾਰਨ' ਵਿਚ ਵੀ ਮੈ 'ਸਿਰਸੇਵਾਲ਼ਾ' ਸਮੱਸਿਆ ਨੂੰ ਏਸੇ ਪਿਛੋਕੜ ਵਿਚ ਬਿਆਨਿਆ ਸੀ। ਉਸ ਲੇਖ ਵਿਚ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਉਸ ਵੱਲੋਂ ਅਜਿਹੀ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲ਼ੀ ਡਰਾਮੇਬਾਜ਼ੀ ਕਿਉਂ ਨਾ ਕੀਤੀ ਗਈ ਜਦੋਂ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। ਇਹ ਕੁਝ ਉਸਨੇ ਸਿੱਖ ਬਹੁਸੰਮਤੀ ਤੇ ਅਕਾਲੀ ਪ੍ਰਭਾਵ ਵਾਲ਼ੇ ਇਲਾਕੇ ਵਿਚ, ਓਦੋਂ ਹੀ ਕਿਉਂ ਕੀਤਾ ਜਦੋਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਦਾ ਠੂਠਾ ਮੂਧਾ ਮਾਰ ਦਿਤਾ ਸੀ। ਇਸ ਲੇਖ ਵਿਚ ਦਰਸਾਏ ਗਏ ਤੱਥਾਂ ਬਾਰੇ ਸੂਝਵਾਨ ਤਬਕੇ ਵੱਲੋਂ ਸਹਿਮਤੀ ਪ੍ਰਗਟਾਈ ਗਈ ਸੀ ਤੇ ਕਈ ਪੱਤਰਾਂ ਨੇ ਉਸ ਲੇਖ ਨੂੰ ਆਪਣੇ ਕਾਲਮਾਂ ਵਿਚ ਥਾਂ ਵੀ ਦਿਤੀ ਸੀ। ਪਰ ਇਹ ਬਾਦਲ ਦੀ ਖ਼ੁਸਕਿਸਮਤੀ ਸਮਝੋ ਜਾਂ ਹਿਕਮਤ ਅਮਲੀ ਜਾਂ ਕਿਸਮਤ ਜਾਂ ਕੁਝ ਵੀ ਆਖ ਲਵੋ ਉਸਨੇ ਇਸ ਮਸਲੇ ਨੂੰ ਠੰਡੇ ਬਸਤੇ ਵਿਚ ਪਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਸੀ। ਪੰਜਾਬ ਸਰਕਾਰ ਦੇ ਵਿਰੋਧੀਆਂ ਦਾ ਇਹ ਫਾਇਰ ਫੋਕਾ ਹੀ ਗਿਆ। ਪਰ ਵਿਰੋਧੀਆਂ ਦਾ ਇਹ ਧਰਮ ਹੈ ਕਿ ਚੁੱਪ ਕਰਕੇ ਨਹੀ ਬੈਠਣਾ ਤੇ ਕੋਈ ਨਾ ਕੋਈ ਅਜਿਹਾ ਉਸ਼ਟੰਡ ਖੜ੍ਹਾ ਕਰੀ ਹੀ ਰਖਣਾ ਹੁੰਦਾ ਹੈ ਜਿਸ ਨਾਲ਼ ਸਰਕਾਰ ਦੇ ਟੁੱਟ ਸੱਕਣ ਦੀ ਸੰਭਾਵਨਾ ਬਣ ਸਕਦੀ ਹੋਵੇ।
ਕਾਂਗਰਸ ਸਰਕਾਰ ਵੇਲ਼ੇ ਕਿਸੇ ਵਿਅਕਤੀ ਜਾਂ ਜਥੇਬੰਦੀ ਵੱਲੋਂ ਇਹ ਮੰਗ ਨਹੀ ਕੀਤੀ ਗਈ ਕਿ ਸੰਤ ਜੀ ਦੀ ਤਸਵੀਰ ਸਿੱਖ ਅਜਾਇਬਘਰ ਵਿਚ ਲਗਾਈ ਜਾਵੇ ਹਾਲਾਂ ਕਿ ਇਹ ਓਦੋਂ ਹੀ ਲਗ ਜਾਣੀ ਚਾਹੀਦੀ ਸੀ ਜਦੋਂ ਭਾਈ ਅਮ੍ਰੀਕ ਸਿੰਘ, ਭਾਈ ਠਾਹਰਾ ਸਿੰਘ, ਜਨਰਲ ਸੁਬੇਗ ਸਿੰਘ ਆਦਿ ਦੀਆਂ ਤਸਵੀਰਾਂ ਲੱਗੀਆਂ ਸਨ। ਦਸਤਾਰਧਾਰੀ ਕੁਝ ਲੋਕਾਂ ਵੱਲੋਂ ਇਹ ਓਦੋਂ ਹੀ ਮਸਲਾ ਉਠਾਇਆ ਗਿਆ ਜਦੋਂ ਕਾਂਗਰਸ ਦੀ ਸਰਕਾਰ ਨਹੀ ਰਹੀ। ਫਿਰ ਕਿਸੇ ਦਸਤਾਰਧਾਰੀ ਗਰੁਪ ਵੱਲੋਂ ਅਲਟੀਮੇਟਮ ਵੀ ਦੇ ਦਿਤਾ ਗਿਆ ਕਿ ਫਲਾਣੀ ਤਰੀਕ ਨੂੰ ਇਹ ਤਸਵੀਰ ਉਹ ਖ਼ੁਦ ਓਥੇ ਲਾਉਣਗੇ। ਸ਼੍ਰੋਮਣੀ ਕਮੇਟੀ ਨੇ ਇਸ ਆਪ ਹੁਦਰੀ ਗੜਬੜ ਤੋਂ ਬਚਣ ਲਈ ਉਸ ਤਰੀਕ ਤੋਂ ਪਹਿਲਾਂ ਹੀ ਖ਼ੁਦ ਇਸ ਤਸਵੀਰ ਨੂੰ ਓਥੇ ਸੁਸ਼ੋਭਤ ਕਰ ਦਿਤਾ। ਇਹ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਕੀਤੇ ਜਾਣ ਵਾਲ਼ੇ ਪ੍ਰਾਪੇਗੰਡੇ ਵਾਲ਼ਾ ਹਥਿਆਰ, ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਿਆਣਪ ਵਰਤ ਕੇ, ਨਿਕੰਮਾ ਕਰ ਦਿਤਾ ਗਿਆ। ਇਸ ਨਾਲ਼ ਅਸਲੀ ਮਸਲਾ ਤਾਂ ਹੱਲ ਨਾ ਨਾ ਹੋਇਆ! ਕਰਨੀ ਤਾਂ ਪੰਜਾਬ ਵਿਚ ਉਥੱਲ ਪੁਥੱਲ ਸੀ। ਕੁਝ ਟੋਪੀਆਂ ਵਾਲ਼ਿਆਂ ਵੱਲੋਂ ਇਸਦੇ ਖ਼ਿਲਾਫ਼ ਪਰਚਾਰ ਸ਼ੁਰੂ ਕਰਵਾ ਦਿਤਾ ਗਿਆ। ਤਿੰਨ ਲੱਖ ਰੁਪਏ ਤੇ ਇਕ ਕਿਲੋ ਸੋਨੇ ਦਾ ਇਨਾਮ ਵੀ ਐਲਾਨ ਕਰ ਦਿਤਾ ਗਿਆ ਕਿ ਜੇਹੜਾ ਇਹ ਤਸਵੀਰ ਲਾਹ ਕੇ ਲਿਆਵੇਗਾ ਉਸਨੂੰ ਦਿਤਾ ਜਾਵੇਗਾ। ਪੰਜਾਬ ਬੰਧ ਦਾ ਸੱਦਾ ਵੀ ਦੇ ਦਿਤਾ ਗਿਆ। ਮੁਕਾਬਲੇ ਤੇ ਕੁਝ ਦਸਤਾਰਧਾਰੀਆਂ ਵਲੋਂ ਇਸ ਦਾ ਮੁਕਾਬਲਾ ਕਰਨ ਦੇ ਬਿਆਨ ਵੀ ਆ ਗਏ। ਪਰ ਲੱਗਦਾ ਹੈ ਕਿ ਸਰਦਾਰ ਪ੍ਰਕਾਸ਼ ਬਾਦਲ ਦਾ ਸਿਤਾਰਾ ਅਜੇ ਕੁਝ ਸਮਾ ਹੋਰ ਤੇਜ ਰਹੇਗਾ। ਉਸਨੇ ਇਸ ਸਭ ਕਾਸੇ ਨੂੰ ਹਾਲ ਦੀ ਘੜੀ ਨਿਸਫਲ ਕਰ ਦਿਤਾ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾ ਕੇ, ਆਪਣੀ ਖ਼ੁਸ਼ੀ ਨਾਲ਼ ਹੀ ਜਦੋਂ ਇਛਾ ਹੋਈ, ਕੁਰਸੀ ਛੱਡੇਗਾ। ਇਹ ਕੋਈ ਅਣਵਾਜਬ ਗੱਲ ਵੀ ਨਹੀ ਹੈ ਜਦੋਂ ਬਾਕੀ ਸਾਰੇ ਦੇਸ਼ ਵਿਚ ਸਿਆਸੀ ਵਿਰਾਸਤ ਪਿਤਾ ਪੁਰਖੀ ਚੱਲ ਰਹੀ ਹੈ ਤਾਂ ਬਾਦਲ ਪਰਵਾਰ ਕਿਉਂ ਪਿਛੇ ਰਹੇ! ਨਾਲ਼ੇ ਰਾਜ ਕੋਈ ਕਿਸੇ ਨੂੰ ਥਾਲ਼ੀ ਵਿਚ ਪ੍ਰੋਸ ਕੇ ਥੋਹੜਾ ਦਿੰਦਾ ਹੈ; ਇਹ ਤਾਂ ਖੋਹਣਾ ਹੀ ਪੈਂਦਾ ਹੈ। ਫਿਰ ਜਦੋਂ ੨੭ ਮਾਰਚ ੧੯੭੦ ਵਿਚ ਬਾਦਲ ਜੀ ਮੁਖ ਮੰਤਰੀ ਬਣੇ ਸਨ ਤਾਂ ਇਹਨਾਂ ਦੀ ਦਾਹੜੀ ਸੰਪੂਰਨ ਕਾਲ਼ੀ ਸੀ ਤੇ ਹੁਣ ਛੋਟੇ ਬਾਦਲ ਜੀ ਦੀ ਦਾਹੜੀ ਵਿਚ ਤਾਂ ਕੁਝ ਧੌਲ਼ੇ ਆ ਵੀ ਚੁੱਕੇ ਹਨ ਅਰਥਾਤ ਉਮਰ ਪੱਖੋਂ ਵੀ ਕੋਈ ਕਾਹਲ਼ੀ ਵਾਲ਼ੀ ਗੱਲ ਨਹੀ ਹੈ।
ਸਹੀ ਗੱਲ ਤਾਂ ਇਹ ਹੈ ਕਿ ਸਾਡਾ ਸੰਤ, ਸਾਡਾ ਗੁਰਦੁਆਰਾ, ਸਾਡਾ ਅਜਾਇਬਘਰ, ਅਸੀਂ ਲਾਉਣ ਵਾਲ਼ੇ; ਕਿਸੇ ਨੂੰ ਕੀ ਇਤਰਾਜ਼? ਅਸੀਂ ਜਿਸਦੀ ਤਸਵੀਰ ਮਰਜੀ ਲਾਈਏ, ਜਿਸਦੀ ਮਰਜੀ ਲਾਹੀਏ। ਹਾਂ, ਉਹ ਚਾਹੁਣ ਤਾਂ ਸਿੱਖਾਂ ਦੇ ਕਾਤਲ ਇੰਦਰਾ ਤੇ ਰਾਜੀਵ ਦੀਆਂ ਤਸਵੀਰਾਂ ਆਪਣੇ ਕਿਸੇ ਧਾਰਮਿਕ ਸਥਾਨ ਦੇ ਅਜਾਇਬਘਰ ਵਿਚ ਲਾ ਸਕਦੇ ਹਨ ਪਰ ਉਹਨਾਂ ਅਤਿਵਾਦੀਆਂ, ਸਿੱਖਾਂ ਦੇ ਕਾਤਲਾਂ ਦੀਆਂ ਤਸਵੀਰਾਂ ਤਾਂ ਸਾਰੇ ਦੇਸ਼ ਦੀ ਸਾਂਝੀ ਸੰਸਥਾ, ਪਾਰਲੀਮੈਂਟ ਵਿਚ ਵੀ ਲੱਗੀਆਂ ਹੋਈਆਂ ਮਜ਼ਲੂਮ ਸਿੱਖ ਕੌਮ ਦਾ ਮੂੰਹ ਚਿੜਾ ਰਹੀਆਂ ਹਨ। ਅਸੀ ਇਸਦਾ ਕੋਈ ਵਿਰੋਧ ਨਹੀ ਕੀਤਾ ਜਦੋਂ ਕਿ ਇਸ ਵਿਰੁਧ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਬਣਦਾ ਹੈ।
ਉਸ ਅਜਾਇਬਘਰ ਵਿਚ ਸ਼ਹੀਦ ਸ. ਬੇਅੰਤ ਸਿੰਘ, ਸ. ਸਤਵੰਤ ਸਿੰਘ, ਸ. ਕੇਹਰ ਸਿੰਘ ਸ. ਹਰਜਿੰਦਰ ਸਿੰਘ ਸ. ਸੁਖਦੇਵ ਸਿੰਘ ਆਦਿ ਕਈ ਸਿੱਖ ਸੂਰਮਿਆਂ ਦੀਆਂ ਤਸਵੀਰਾਂ ਕਈ ਸਾਲਾਂ ਤੋਂ ਲੱਗੀਆਂ ਹੋਈਆਂ ਸ਼ੋਭਾ ਪਾ ਰਹੀਆਂ ਹਨ ਤੇ ਆਉਣ ਵਾਲ਼ੀਆਂ ਸਿੱਖ ਪੀਹੜੀਆਂ ਨੂੰ ਧਰਮ ਵਾਸਤੇ ਕੁਰਬਾਨੀ ਕਰਨ ਲਈ ਪ੍ਰੇਰਨਾ ਦਾ ਸ੍ਰੋਤ ਬਣੀਆਂ ਹੋਈਆਂ ਹਨ। ਕੀ ਇਹਨਾਂ ਅਕਲ ਦੇ ਪੂਰਿਆਂ ਨੂੰ ਉਹ ਨਹੀ ਦਿਸ ਰਹੀਆਂ! ਇਹਨਾਂ ਮਹਾਨ ਸ਼ਹੀਦਾਂ ਬਾਰੇ ਤਾਂ ਸਗੋਂ ਪ੍ਰਤੱਖ ਹੈ ਤੇ ਕਈਆਂ ਨੇ ਇਹ ਇਕਬਾਲ ਵੀ ਕੀਤੇ ਹੋਏ ਹਨ ਕਿ ਉਹਨਾਂ ਨੇ ਸਿੱਖ ਕੌਮ ਦੇ ਜ਼ਾਲਮ ਫਲਾਣੇ ਫਲਾਣੇ ਕਾਤਲ ਨੂੰ ਜਹੰਨਮ ਪੁਚਾਇਆ ਹੈ। ਉਹਨਾਂ ਨੂੰ ਹਿੰਦ ਸਰਕਾਰ ਦੀਆਂ ਅਦਾਲਤਾਂ ਵੱਲੋਂ ਫਾਹੇ ਵੀ ਟੰਗਿਆ ਗਿਆ ਹੈ। ਉਹਨਾਂ ਦੀਆਂ ਤਸਵੀਰਾਂ ਬਾਰੇ ਕਦੀ ਕਿਸੇ ਵੱਲੋਂ ਇਤਰਾਜ਼ ਨਹੀ ਉਠਿਆ, ਕਿਉਂਕ ਉਸ ਸਮੇ ਪੰਜਾਬ ਅੰਦਰ ਸਰਕਾਰ ਕਾਂਗਰਸ ਦੀ ਸੀ; ਪਰ ਸੰਤ ਜੀ ਦੀ ਤਸਵੀਰ ਲਾਉਣ ਸਮੇ ਵਾਵੇਲਾ ਮਚਾ ਦਿਤਾ ਗਿਆ। ਦਸੋ, ਸੰਤ ਜੀ ਤੇ ਦੋਸ਼ ਕੀ ਸੀ? ਕਿਸੇ ਠਾਣੇ ਵਿਚ ਉਹਨਾਂ ਦੇ ਖ਼ਿਲਾਫ਼ ਕੋਈ ਸਿਕਾਇਤ ਦਰਜ ਹੋਈ ਹੋਵੇ ਜਾਂ ਕਿਸੇ ਅਦਾਲਤ ਵੱਲੋਂ ਕੋਈ ਉਹਨਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਹੋਏ ਹੋਣ। ਹਾਂ, ਐਲਾਨੀਆ ਤੌਰ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਹੱਦ ਅੰਦਰ ਦਾਖ਼ਲ ਹੋਈ ਹਮਲਾਵਰ ਜ਼ਾਲਮ ਫੌਜ ਦਾ ਟਾਕਰਾ ਕਰਕੇ, ਸ਼ਹੀਦੀ ਜ਼ਰੂਰ ਪ੍ਰਾਪਤ ਕੀਤੀ ਹੈ ਜੋ ਕਿ ਇਕ ਸੱਚੇ ਸਿੱਖ ਦਾ ਮੁਢਲਾ ਧਾਰਮਿਕ ਕਰਤਵ ਹੈ। ਇਹ ਵੀ ਉਸਨੇ ਕੋਈ ਲੁਕ ਛਿਪ ਕੇ ਨਹੀ ਕੀਤਾ ਬਲਕਿ ਸਮਾ ਰਹਿੰਦਿਆਂ ਹੀ ਉਹ ਚੇਤਾਵਨੀ ਦਿੰਦਾ ਆ ਰਿਹਾ ਸੀ ਕਿ ਉਸਦੇ ਜੀਂਦੇ ਜੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁਲਸ ਜਾਂ ਫੌਜ ਨਹੀ ਆ ਸਕਦੀ। ਉਹ ਮਰਦਿਡ ਮੁਜਾਹਦ ਆਪਣੀ ਆਖੀ ਗੱਲ ਆਪਣੇ ਸਿਰ ਨਾਲ਼ ਪੁਗਾ ਗਿਆ। ਉਸਦੀ ਤਸਵੀਰ ਬਾਰੇ ਵਾਵੇਲਾ ਮਚਾਉਣਾ, ਫਿਰਕੂ ਖਿਚੋਤਾਣ ਪੈਦਾ ਕਰਨੀ, ਸਿਰਫ ਪੰਜਾਬ ਦੇ ਅਮਨ ਨੂੰ ਭੰਗ ਕਰਕੇ, ਕਾਂਗਰਸ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਤੋਂ ਬਿਨਾ ਹੋਰ ਕੋਈ ਵੀ ਕਾਰਨ ਨਹੀ ਹੈ।