ਖਾਲਸਾ ਇਨਕਲਾਬ
ਮਨਜੀਤ ਸਿੰਘ ਕਲਕੱਤਾ
ਦਸਮ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਪ੍ਰਗਟ ਕਰ ਗੁਰੂ
ਨਾਨਕ ਦੇਵ ਜੀ ਵੱਲੋਂ ਅਰੰਭੇ ਰੱਬੀ ਮਿਸ਼ਨ ਨੂੰ ਸੰਪੂਰਨਤਾ ਬਖਸ਼ੀ। ਜਿਸ 'ਸਚਿਆਰ' ਅਥਵਾ 'ਗੁਰਮੁਖ''
ਦੀ ਘਾੜਤ ਸ਼ਬਦ ਦੀ ਸੱਚੀ ਟਕਸਾਲ ਵਿਚ ਗੁਰੂ ਬਾਬੇ ਨੇ ਘੜੀ ਜਿਸ ਨੂੰ ਨੌਂ ਗੁਰੂ ਸਾਹਿਬਾਨ ਨੇ ਸਜਾਇਆ,
ਸੁਆਰਿਆ ਤੇ ਸ਼ਿੰਗਾਰਿਆ, ਦਸ਼ਮ ਪਾਤਸ਼ਾਹ ਨੇ ਉਸੇ ਆਦਰਸ਼ਕ ਮਨੁੱਖ ਦੀ ਅਗੰਮੀ ਪ੍ਰੀਖਿਆ ਲੈਣ ਉਪਰੰਤ ਉਸ
ਨੂੰ ਖਾਲਸਾ ਦੇ ਨਾਮ ਤੇ ਪਦਵੀ ਨਾਲ ਸਸ਼ੋਭਿਤ ਕੀਤਾ। ਸੰਤ ਸਿਪਾਹੀ ਬਣਾ ਕੇ ਪਰਮਾਰਥਕ ਅਤੇ ਸਮਾਜਿਕ
ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰ ਸਰਬਪੱਖੀ ਮਨੁੱਖੀ ਭਲਾਈ ਲਈ ਕਾਰਜਸ਼ੀਲ ਕੀਤਾ।
ਖਾਲਸਾ ਪੰਥ ਦੇ ਪ੍ਰਕਾਸ਼ ਤੇ ਵਿਕਾਸ ਦਾ ਸ਼ੁੱਧ ਸਰੂਪ ਰੂਹਾਨੀ ਰਹੱਸ, ਇਸ ਦੀ ਸਮਰੱਥਾ ਤੇ ਪ੍ਰਤਿਭਾ
ਅਤੇ ਇਨਕਲਾਬੀ ਸੰਭਾਵਨਾਵਾਂ ਦੀ ਇਤਿਹਾਸ ਵਿਚ ਸਹੀ ਪਹਿਚਾਣ ਤੇ ਮੁਲਾਂਕਨ ਨਹੀ ਹੋ ਸਕਿਆ ਕਿਉਕਿ
ਇਤਿਹਾਸ ਮੂਲ ਰੂਪ ਵਿਚ ਨਕਾਰਾਤਮਕ ਅਥਵਾ ਨਾਂਹ ਪੱਖੀ ਹੈ ਸਕਾਰਾਤਮਕ ਨਹੀ। ਸਮਾਜ ਨੂੰ ਤੋੜਣ, ਲੁੱਟਣ
ਤੇ ਕੁੱਟਣ, ਇਸ ਦਾ ਦਮਨ ਕਰਨ ਅਤੇ ਇਸ ਨੂੰ ਸੰਤਾਪ ਪਹੁੰਚਾਉਣ ਵਾਲੇ ਜ਼ਾਲਮ ਅਤੇ ਜਾਬਰ ਰਾਜਿਆਂ ਦੇ
ਭੇੜਾਂ ਜੰਗਾਂ ਅਤੇ ਯੁੱਧਾਂ ਦਾ ਬਖਾਨ ਅਤੇ ਰਾਜ ਪਲਟਿਆਂ ਨੂੰ ਹੀ ਇਤਿਹਾਸ ਵਿੱਚ ਸਥਾਨ ਪ੍ਰਾਪਤ
ਹੋਇਆ। ਮਨੁੱਖੀ ਸਮਾਜ ਵਿਚ ਉਸਾਰੂ ਅਤੇ ਉਚੇਰਾ ਉਠਾੳਣ ਦੇ ਇਨਕਲਾਬੀ ਯਤਨਾਂ ਦਾ ਜ਼ਿਕਰ ਨਾ ਮਾਤਰ ਹੀ
ਹੈ। ਇਸ ਇਤਿਹਾਸਕ ਵਿਸਾਖੀ ਨੂੰ ਕੋਈ ਰਾਜ ਪਲਟਾ ਨਹੀਂ ਆਇਆ । ਕੋਈ ਰਾਜ ਸਥਾਪਿਤ ਨਹੀਂ ਹੋਇਆ ਬਲਕਿ
ਪਰਜਾ ਬਦਲੀ ਲੋਕਾਂ ਦੀ ਮਾਨਸਿਕਤਾ ਤੇ ਸੋਚ ਬਦਲੀ, ਮਨੁੱਖ ਨੂੰ ਉਸ ਦੇ ਆਪਣੇ ਮਜ਼ਬੀ ,ਸਮਾਜੀ ਅਤੇ
ਰਾਜਸੀ ਬੰਧਨਾਂ ਦਾ ਅਹਿਸਾਸ ਹੋਇਆ। ਖਾਲਸੇ ਦੇ ਪ੍ਰਕਾਸ਼ ਨਾਲ ਨਵਚੇਤਨਾ ਆਈ, ਨਵੇਂ ਉਦੇਸ਼ ਸਥਾਪਿਤ
ਹੋਏ। ਨਵੀਆਂ ਉਮੰਗਾਂ ਆਸ਼ਾਵਾਂ ਆਤਮਿਕ ਬੱਲ ਸਵੈ- ਵਿਸ਼ਵਾਸ਼ ਜਾਗ੍ਰਿਤ ਹੋਇਆ। ਅਧਿਆਤਮਕਤਾ ਪਰਮਾਰਥ ਦਾ
ਉਦੇਸ਼ ਨਿੱਜ ਮੁਕਤੀ ਨਾ ਰਿਹਾ ਬਲਕਿ ਸੇਵ ਕਮਾਈ ਬਣ ਗਿਆ। ਧਰਮ ਤੇ ਮਜ਼ਹਬੀ ਬਹਿਸ ਮੁਬਾਹਿਸੇ, ਤਲਖੀ
ਖਿਚੋਤਾਨ ਮਜ਼ਹਬੀ ਲੜਾਈਆਂ ਅਤੇ 'ਖੁਦੀ ਬਖੀਲੀ ਤਕਬਰੀ ਖਿਚੋਤਾਣਿ' ਤੋਂ ਮਨੁੱਖੀ ਸਮਾਜ ਨੂੰ ਵੰਡਣ ਲਈ
ਨਹੀਂ ਬਲਕਿ ਏਕਤਾ, ਪਿਆਰ ਤੇ ਕੁਰਬਾਨੀਂ ਦਾ ਜਜ਼ਬਾ ਪੈਦਾ ਕਰਨ ਲਈ ਹੈ।
''ਮਜ਼ਹਬ ਤੁਮ ਕੋ ਤੁਮ੍ਹਾਰਾ ਖੂਬ ਹਮ ਕੋ ਹਮਾਰਾ ਖੂਬ'' ਦੱਸ ਧਾਰਮਿਕ ਸਹਿਹੋਂਦ ਅਤੇ ਸਰਬੱਤ ਦੇ ਭਲੇ
ਦਾ ਸਿਧਾਂਤ ਦ੍ਰਿੜਾਇਆ ਧਰਮ ਵਿਹੂਣਾ ਨਿਰੰਕਸ਼ ਰਾਜ ਡਾ: ਸਰ ਮੁਹੰਮਦ ਇਕਬਾਲ ਦੇ ਸ਼ਬਦਾਂ ਵਿਚ 'ਜੁਦਾ
ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ' ਚੰਗੇਜ਼ ਤੇ ਹਲਾਕੂ ਵਰਗਾ ਕਸਾਈ ਤੇ ਜ਼ਾਲਮ ਅਤੇ
ਧ੍ਰਿਤਰਾਸ਼ਟਰ ਵਰਗਾ ਪੁੱਤਰ-ਮੋਹ ਅੰਨ੍ਹਾ ਬਣਾ ਦਿੰਦਾ ਹੈ। ਪਰਜਾ ਚਾਪਲੂਸ ਅਤੇ ਸੁਆਰਥੀ ਬਣ ਜਾਂਦੀ
ਹੈ ਇਉਂ ਕਿਸੇ ਦੇਸ਼ ਤੇ ਸਮਾਜ ਦਾ ਪੱਤਨ ਹੁੰਦਾ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਧਰਮ ਵਿਹੂਣੇ ਰਾਜ ਨੂੰ
ਚਣੌਤੀ ਦਿੱਤੀ , ਲੋਕ ਸ਼ਕਤੀ ਨੂੰ ਜਾਗ੍ਰਿਤ ਕਰ ਜਮਾਤੀ ਰੂਪ ਦਿਤਾ। ਗਿਆਨ ਵਿਹੂਣੀ, ਕਮਜ਼ੋਰ,
ਸਾਹਸਹੀਣ, ਲਤਾੜੀ ਤੇ ਨਪੀੜੀ ਲੋਕਾਈ ਨੂੰ ਭਰਮ, ਭੁਲੇਖੇ ਅਤੇ ਪਾਖੰਡ ਵਿਚੋਂ ਕੱਢ ਸ਼ੁੱਧ ਧਰਮ ਦਾ
ਗਿਆਨ ਮਨੁੱਖੀ ਸਨਮਾਨ ਤੇ ਆਜ਼ਾਦੀ ਦਾ ਅਹਿਸਾਸ, ਚਾਹਤ ਤੇ ਲਗਨ ਪੈਦਾ ਕੀਤੀ। ਖੰਡੇ ਬਾਟੇ ਦੇ
ਅਮ੍ਰਿੰਤ ਦਾ ਪਾਤਰ ਬਣਾਇਆ। ਨਿਆਰਾ ਰੂਪ ਤੇ ਰਹਿਤ ਬਖਸ਼ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਰੂਹਾਨੀ
ਓਜ ਤੇ ਸ਼ਕਤੀ ਬਖਸ਼ ਦਿੱਤੀ 'ਇਨ ਗਰੀਬ ਸਿੰਘਨ ਕੋ ਦੋਊ ਪਾਤਸ਼ਾਹੀ' ਦਾ ਦੇਵੀ ਵਰਦਾਨ ਬਖਸ਼ ਜਾਲਿਮ ਰਾਜ
ਨਾਲ ਟਕਰਾਉਣ ਦੀ 'ਸਵਾ ਲਖੀ' ਸਪਿਰਟ ਭਰ ਸਾਹਸ ਪੈਦਾ ਕੀਤਾ। ਧਰਮ ਅਤੇ ਨਿਆਂ ਦਾ 'ਹਲੇਮੀ' 'ਖਾਲਸਾ'
ਰਾਜ ਕਾਇਮ ਕਰਨ ਦਾ ਜੀਵੰਤ ਉਦੇਸ਼ ਪ੍ਰਦਾਨ ਕੀਤਾ ਗੁਰੂ ਦਸ਼ਮੇਸ਼ ਵਲੋਂ ਖਾਲਸੇ ਦੀ ਸਾਜਨਾ ਇਤਿਹਾਸਕ
ਧਰਮ, ਸਮਾਜ ਅਤੇ ਰਾਜਨੀਤੀ ਵਿਚ ਇਕਲਾਬੀ ਪਰਿਵਰਤਨ ਦੀ ਸੂਚਕ ਹੈ
''ਤਬ ਸਹਿਜੇ ਰਚਿਉ ਖਾਲਸਾ ਸਾਬਤ ਮਰਦਾਨਾ''
ਖਾਲਸਾ ਪੰਥ ਦੀ ਸਾਜਨਾ ਕੋਈ ਆਕਸਮਿਕ ਜਾਂ ਅਚਨਚੇਤ ਵਾਪਰਨ ਵਾਲੀ ਘਟਨਾ ਨਹੀਂ, ਨਾਹੀਂ ਕਿਸੇ ਘਟਨਾ
ਦਾ ਪ੍ਰਤੀਕਰਮ। ਇਹ ਕਿਸੇ ਪ੍ਰਚਲਿਤ ਧਰਮ ਦਾ ਵੀ ਸੁਧਰਿਆ ਰੂਪ ਵੀ ਨਹੀਂ ਅਤੇ ਨਾ ਹੀ ਕਿਸੇ ਦੀ ਸਾਖਾ
ਜਾਂ ਸੰਪਰਦਾ ਹੈ। ਇਸਦੀ ਸਾਜਨਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਕ ਨਵੇਂ, ਨਿਵੇਕਲੇ, ਨਿਰਾਲੇ ਤੇ
ਨਿਆਰੇਂ ਧਰਮ ਵਜੋਂ ਹੋਈ ਵੇਈਂ ਨਦੀ ਵਿਚ ਰੱਬੀ ਸਾਖਸ਼ਾਤਕਾਰ ਉਪਰੰਤ ਪ੍ਰਾਪਤ ਰੱਬੀ ਆਦੇਸ਼ ਅਨੁਸਾਰ
ਗੁਰੂ ਨਾਨਕ ਦੇਵ ਜੀ ਨੇ ਇੱਕ ਅਧੁਨਿਕ, ਸਰਬ ਦੇਸੀ ਤੇ ਸਰਬਕਾਲੀ ਸਿੱਖ ਧਰਮ ਅਥਵਾ ਨਿਰਮਲ ਪੰਥ
ਪ੍ਰਚਲਿਤ ਕੀਤਾ 'ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ'। ਇਹ ਨਿਰਮਲ ਧਰਮ ਪੰਥ ਕ੍ਰਿਤਮ
ਦੀ ਪੂਜਾ ਨਹੀਂ ਕਰਤੇ ਦੀ ਇਬਾਦਤ ਕਰਦਾ ਹੈ। ਇਹ ਰੱਬ ਦੀਆਂ ਵੰਡੀਆਂ ਬ੍ਰਹਮਾਂ, ਵਿਸ਼ਨੂੰ ਮਹੇਸ਼ ਵਿੱਚ
ਨਹੀਂ ਪਾਉਂਦਾ। ਇੱਕ ਈਸ਼ਵਰਵਾਦ ਹੀ ਇਸ ਦਾ ਅਧਾਰ ਹੈ ਸਤਿਨਾਮੁ ਹੀ ਇਸ ਦਾ ਮੂਲ ਅਧਾਰ ਹੈ। ਸਤਿਨਾਮੁ
ਹੀ ਇਸਦਾ ਮੂਲ ਨਾਮ ਹੈ। 'ਸਤਿਨਾਮ ਤੇਰਾ ਪੂਰਾ ਪੁਰਬਲਾ'। 'ਧੰਨ ਨਿਰੰਕਾਰ ਨਾਨਕ ਬੰਦਾ ਤੇਰਾ' 'ਨੌ
ਨਿਧ ਨਾਮ ਗਰੀਬੀ ਪਾਈ' ਹੀ ਸਿੱਖੀ ਦਾ ਬੱਲ ਹੈ। ਅਵਤਾਰਵਾਦ ਦਾ ਖੰਡਨ ਹੈ। ਮਾਤਾ ਦੇ ਗਰਭ ਵਿਚ ਆਉਣ
ਵਾਲੇ ਨੇ ਇਕ ਦਿਨ ਬਿਨਸ ਜਾਣਾ ਹੈ। ਪੁਰਾਨ, ਕੁਰਾਨ, ਵੇਦ ਕਤੇਬ, ਰਾਮ ਰਹੀਮ ਦੇਵੀ ਦੇਵਤੇ, ਸਿੱਖ
ਦੇ ਆਰਾਧ ਨਹੀਂ, ਇਕ ਅਕਾਲ ਦਾ ਆਸਰਾ, ਰਹਿਮਤ ਤੇ ਟੇਕ ਹੈ। ਰੱਬੀ ਏਕਤਾ ਤੇ ਮਨੁੱਖੀ ਬਰਾਬਰੀ ਸਿੱਖੀ
ਦਾ ਅਮਰ ਸੰਦੇਸ਼ ਹੈ। ਇਸੇ ਸਿਖ ਧਰਮ ਸਿਧਾਂਤ ਦਾ ਸਜੀਵ ਪਹਿਰੇਦਾਰ ਖਾਲਸਾ ਹੈ ਜਿਸ ਨੇ ਇਸਨੂੰ ਆਪਣੇ
ਜੀਵਨ ਰਾਹੀਂ ਪ੍ਰਭਾਸ਼ਿਤ ਕਰਨਾ ਹੈ ਅਤੇ ਚਹੁੰ ਕੁੰਟੀ ਇਸਦਾ ਪ੍ਰਕਾਸ਼ ਕਰਨਾ ਹੈ।
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥
ਖਾਲਸੇ ਦਾ ਧਰਮ ਸੰਸਾਰ ਤਜ ਜੰਗਲਾਂ, ਮਾਰੂਥਲਾਂ ਤੇ ਪਹਾੜਾਂ ਵਿੱਚ ਕਿਸੇ ਕਲਪਿਤ ਸੁਰਗ ਦੀ ਤਲਾਸ਼
ਕਰਨਾ ਨਹੀਂ। ਇਹ 'ਵਿਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਨ ਪਾਈਐ' ਇਹ ਜਾਲਿਮ ਦੀ ਨੰਗੀ ਤਲਵਾਰ
ਸਾਹਮਣੇ ਮੰਦਰ ਵਿਚ ਘੰਟੀਆਂ ਵਜਾਉਣਾ, ਮੰਤਰ ੳਚਾਰਨੇ ਤੇ ਸਮਾਧੀ ਇਸਥਿਤ ਹੋਣਾ ਨਹੀਂ ਬਲਕਿ ਮਜ਼ਲੂਮ,
ਦੀਨ ਦੁਖੀ ਤੇ ਧਰਮ ਕੌਮ ਦੀ ਰਾਖੀ ਲਈ ਸਨਮੁੱਖ ਹੋਕੇ ਜੂਝਣਾ ਹੈ। ਖਾਲਸੇ ਦੀ ਭਗਤੀ ਦਾ ਕਰਤੱਬ
ਸੂਰਮਗਤੀ ਅਤੇ ਸੂਰਮੇ ਦੀ ਪ੍ਰੇਰਣਾ ਸਰੋਤ ਭਗਤੀ ਹੈ।
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
'ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥'
ਖਾਲਸਾ ਭਗਤੀ ਮੁਕਤੀ ਦਾ ਸੁਮੇਲ ਹੈ। ਭਰਮ ਭਉ ਤੋਂ ਨਿਆਰਾ ਜਾਗਤ ਜੋਤ ਦਾ ਪੁਜਾਰੀ
'ਧੰਨ ਜੀਉ ਤਹਿ ਕੋ ਜਗ ਮਹਿ ਮੁਖ ਤੇ ਹਰਿ ਚਿਤ ਮਹਿ ਜੁਧ ਬਿਚਾਰੇ'
ਜ਼ੁਲਮ ਤੇ ਜਾਬਰ ਖਿਲਾਫ ਧਰਮ ਅਤੇ ਨਿਆਂ ਲਈ ਲੜਣਾ ਹੀ ਕਰਤਬ ਨਿਸਚਿਤ ਹੈ।
'ਖਾਲਸਾ ਸੋ ਨਿਰਧਨ ਕੋ ਪਾਲੇ ਖਾਲਸਾ ਸੋ ਜੋ ਦੁਸਟ ਕੋ ਗਾਲੇ'
'ਖਾਲਸਾ ਕਹਾਵਹਿ ਸੋਈ ਜਾ ਕੇ ਭਰਮ ਨਾ ਹੋਈ'
ਖਾਲਸੇ ਇਹੀ ਕਾਰਜ ਕਰ ਇਤਿਹਾਸ ਸਿਰਜਿਆ ਹੈ ।
'ਖਾਲਸਾ ਅਕਾਲ ਕੀ ਫੌਜ' ਤੇ ਸਦੈਵ ਹੀ ਇਸਦਾ ਕਰਤਬ ਧਰਮ ਕਰਮ ਦੇ ਨਾਂ ਤੇ ਹੋਣ ਵਾਲੇ ਪਾਖੰਡ, ਸਮਾਜਕ
ਵਿਤਕਰੇ ਅਤੇ ਬੇਇਨਸਾਫੀ ਖਿਲਾਫ ਨਿਰੰਤਰ ਜਦੋ ਜਹਿਦ ਕਰ ਸ਼ੁੱਧ ਧਰਮ ਅਤੇ ਹੱਕ, ਨਿਆਂ ਤੇ ਆਧਾਰਿਤ
ਲੋਕ ਰਾਜ ਕਾਇਮ ਕਰਨਾ ਹੈ ।
'ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥'
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਦਾ ਇਹ ਸ਼ਬਦ ਛੂਆ ਛੂਤ ਦੇ ਉਸ ਸੰਤਾਪ ਨੂੰ ਬਿਆਨ ਕਰਦਾ ਹੈ
ਕਿ ਕਿਵੇਂ ਕਿਸੇ ਅਖੌਤੀ ਅਛੂਤ ਜਾਤ ਦੇ ਛੁਹਣ ਨਾਲ ਹੀ ਸਵਰਨ ਜਾਤੀ ਕਹਿਰ ਬਰਪਾ ਕਰ ਦਿੰਦੀ ਹੈ ।
ਸ਼ਬਦ ਦਾ ਸਰਾਂਸ਼ ਹੈ ਕਿ ਸਰਬ ਸ਼ਕਤੀਮਾਨ ਪਰਮਾਤਮਾ ਗਰੀਬ ਨਿਵਾਜ ਹੈ 'ਨੀਚੈ ਊਚ' ਕਰ ਉਹਨਾਂ ਦੇ ਸਿਰ
ਤੇ ਰਾਜ ਦਾ ਛਤਰ ਝੁਲਾ ਸਕਦਾ ਹੈ। ਧਰਤੀ ਤੇ ਇੱਕ ਕ੍ਰਿਸ਼ਮਾ ਗੁਰੂ ਦਸਮੇਸ਼ ਨੇ ਸੰਨ੍ਹ 1699 ਦੀ
ਇਤਿਹਾਸਿਕ ਵਿਸਾਖੀ ਨੂੰ ਕਰ ਵਿਖਾਇਆ। ਪਰ ਇਸ ਅਲੌਕਿਕ ਪਰਿਵਰਤਨ ਪਿਛੇ ਗੁਰੂ ਸਾਹਿਬਾਨ ਦੀ ਸੈਂਕੜੇ
ਸਾਲਾਂ ਦੀ ਘਾਲ ਕਮਾਈ ਹੈ।
ਮਨੂੰਵਾਦੀ ਬ੍ਰਾਹਮਣ ਨੇ ਸਵਰਨ ਜਾਤੀਆਂ ਨਾਲ ਰਲਕੇ ਦਲਿਤ ਜਾਤੀਆਂ ਨੂੰ ਤ੍ਰਿਸਕਾਰ ਤੇ ਅਤਿਆਚਾਰ ਨਾਲ
ਸਦੀਆਂ ਤੋਂ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਸੀ । ਹਰ ਪ੍ਰਕਾਰ ਦੇ ਧਾਰਮਿਕ, ਸਮਾਜੀ ਤੇ
ਰਾਜਸੀ ਹੱਕਾਂ ਤੋਂ ਮਹਿਰੂਮ ਸੀ। ਦਲਿਤਾਂ ਤੇ ਹੋਏ ਜੁਲਮਾਂ ਦੀ ਦਾਸਤਾਂ ਅੱਜ ਵੀ ਦਿੱਲ ਦਹਿਲਾ ਦਿੰਦੀ
ਹੈ।
ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਤੇ ਮੰਨੂੰ ਦੇ ਵਿਧਾਂਨ ਦਾ ਮੂਲੋਂ ਹੀ ਖੰਡਨ ਕੀਤਾ।
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ਅਤੇ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ
ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥' ਗੁਰੂ ਬਾਬੇ ਦੇ ਇਨਕਲਾਬੀ ਬਚਨ ਹਨ।
ਗੁਰਮਤਿ ਦਾ ਗਿਆਨ ਸਰਬ ਸਾਂਝਾ ਕਰ ਬ੍ਰਹਮ- ਗਿਆਨ ਤੇ ਬ੍ਰਹਮ-ਵਿਦਿਆ ਦਾ ਅਧਿਕਾਰ ਪ੍ਰਦਾਨ ਕਰ ਦਿੱਤਾ।
'ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥'
ਸੰਗਤ, ਪੰਗਤ, ਪ੍ਰਚਾਰ ਦਾ ਅਧਿਕਾਰੀ ਵੀ ਬਣਾ ਦਿੱਤਾ। ਸਿੱਖੀ ਵਿੱਚ ਦੀਕਸ਼ਾਂ ਚਰਨ ਪਾਹੁਲ ਰਾਹੀਂ
ਸੀ। ਗੁਰੂ ਕਲਗੀਧਰ ਪਾਤਿਸ਼ਾਹ ਨੇ ਵਿਸਾਖੀ ਦਿਵਸ ਤੇ ਖੰਡੇ ਬਾਟੇ ਦਾ ਅੰਮ੍ਰਿਤ ਤੇ ਖਾਲਸਾ ਸਾਜਨ ਦਾ
ਪ੍ਰੋਗ੍ਰਾਮ ਰਚਿਆ। ਸਵਰਨ ਜਾਤੀਆਂ ਨੇ ਆਪਣੇ ਲਈ ਅਲੱਗ ਅੰਮ੍ਰਿਤ ਸੰਚਾਰ ਦੀ ਮੰਗ ਕੀਤੀ। ਗੁਰੂ
ਪਾਤਸ਼ਾਹ ਵੱਲੋਂ ਇੰਨਕਾਰ ਅਤੇ ਹਰ ਪ੍ਰਾਣੀ ਮਾਤਰ ਲਈ ਸਰਬ ਸਾਂਝਾ ਅੰਮ੍ਰਿਤ ਵਰਤਣ ਦੀ ਗੱਲ ਕਹਿਣ ਤੇ
ਬ੍ਰਾਹਮਣਾ ਨੇ ਸਿੱਖਾਂ ਦੇ ਸਮਾਜਿਕ ਬਹਿਸ਼ਕਾਰ, ਧਾਰਮਿਕ ਰਸਮਾਂ ਨਾ ਨਿਭਾਉਣ ਅਤੇ ਦਾਨ ਕਬੂਲ ਨਾ ਕਰਨ
ਦਾ ਹਥਿਆਰ ਵਰਤਿਆ। ਗੁਰੂ ਦਸ਼ਮੇਸ਼ ਨੇ ਬਚਨ ਕੀਤਾ ਖਾਲਸਾ ਬ੍ਰਹਮ ਵਿਦਿਆ ਅਤੇ ਧਾਰਮਿਕ ਰਸਮਾਂ ਲਈ ਕਿਸੇ
ਪੰਡਤ ਦਾ ਮੁਹਤਾਜ ਨਹੀਂ ਹੋਵੇਗਾ। ਪਾਠ, ਕਥਾ ਕੀਰਤਨ ਕਰਨ ਦਾ ਖਾਲਸੇ ਨੂੰ ਅਧਿਕਾਰ ਪ੍ਰਾਪਤ ਹੋਵੇਗਾ।
ਦਾਨ ਦੇਣ ਤੇ ਲੈਣ ਵਾਲਾ ਖਾਲਸਾ ਹੀ ਹੋਵੇਗਾ। ਇਤਿਹਾਸਿਕ ਸ਼ਬਦ ਹਨ।
''ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਦੀ ਰੀਤ ਸਿਖਾਊ ॥''
''ਦਾਨ ਦੀਉ ਇਨਹੀ ਕੋ ਭਲੋ ਔਰ ਆਨ ਕੇ ਦਾਨ ਨ ਲਾਗਤ ਨੀਕੋ''॥
ਬ੍ਰਾਹਮਣ ਦੀ ਦੀਕਸ਼ਾ ਦੇਣ ਅਤੇ ਦੀਕਸ਼ਾ ਲੈਣ ਦਾ ਏਕਾਧਿਕਾਰ ਸਦੈਵ ਲਈ ਖਤਮ ਕਰ ਦਿੱਤਾ।
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਬਹਾਦਰੀ ਖਤਰੀਆਂ ਤੇ ਰਾਜਪੂਤਾਂ ਲਈ ਰਾਖਵੀ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਅਨੁਭਵ ਕੀਤਾ ਕਿ ਦੇਸ਼
ਕੌਮ ਤੇ ਮਜ਼ਲੂਮ ਦੀ ਰਾਖੀ ਦਾ ਧਰਮ ਇਹ ਬਹਾਦਰ ਕਹਾਉਣ ਵਾਲੇ ਨਹੀਂ ਨਿਭਾ ਰਹੇ।
ਸੰਨ੍ਹ 1699 ਦੀ ਵਿਸਾਖੀ ਨੂੰ ਗੁਰੂ ਕਲਗੀਧਰ ਨੇ ਨਵੇਂ ਛੱਤ੍ਰੀ ਪੈਦਾ ਕਰ ਦਿੱਤੇ। ਕਥਿਤ ਨੀਵੀਆਂ
ਤੇ ਦਲਿਤ ਜਾਤੀਆਂ ਤੋਂ ਸਿਰਜੇ ਖਾਲਸੇ ਬਾਰੇ ਅਖੌਤੀ ਬ੍ਰਹਾਮਣਾਂ ਨੇ ਹਿਮਾਕਤ ਭਰੇ ਲਫਜਾਂ ਵਿੱਚ ਕਿਹਾ
'ਯੇ ਸਭ ਚਿਠੀ ਲਖੇ ਮਹਾਰਾਜਾ ਹਮ ਹੈ ਰਾਜਪੂਤ ਬਡਰਾਜਾ' ।
ਇਹ ਚਿੜ੍ਹੀਆਂ ਦੀ ਫੜਫੜਾਹਟ ਤੋਂ ਡਰਨ ਵਾਲੇ ਕਾਇਰ ਬੁਜ਼ਦਿਲ ਤੇ ਪਰਅਧੀਨ ਹਨ। ਗੁਰੂ ਦਸ਼ਮੇਸ਼ ਨੇ ਇਹਨਾਂ
ਚੰਦਰ ਬੰਸੀ, ਸੂਰਜ ਬੰਸੀ ਮਚਦੀਆਂ ਅੱਗਾਂ ਵਿੱਚੋਂ ਜਨਮ ਲੈਣ ਵਾਲੇ, ਸ਼ਕਤੀ ਦੇ ਦੇਵੀ ਦੇਵਤਿਆਂ
ਬਜਰਧਾਰੀ ਇੰਦਰ, ਮਾਂ ਦੁਰਗਾ ਤੇ ਕਾਲੀ ਦੀ ਅਰਾਧਨਾਂ ਕਰਨ ਵਾਲੇ, ਜਿਹੜੇ ਬਹਾਦਰੀ ਤੇ ਆਪਣੀ ਜਾਤੀ
ਦਾ ਅਧਿਕਾਰ ਸਮਝਦੇ ਸਨ ਦੇ ਹੰਕਾਰ ਨੂੰ ਇਉਂ ਕਹਿ ਕੇ ਤੋੜਿਆਂ ਕਿ ਮੈਂ ਸਰਬਲੋਹ ਸ਼ਕਤੀਦਾਤਾ ਅਕਾਲ
ਪੁਰਖ ਦਾ ਪੁੱਤਰ ਤਾਂ ਕਹਾਵਾਂਗਾ ਜੇ ਇਹਨਾਂ ਕਮਜ਼ੋਰ ਵਰਗਾਂ ਜਿਨ੍ਹਾਂ ਦੀ ਤਸ਼ਬੀਹ ਚਿੜ੍ਹੀਆਂ ਨਾਲ
ਕੀਤੀ ਜਾਂਦੀ ਹੈ ਤੋਂ ਬਾਜ ਤੇ ਸ਼ਿਕਰੇ ਤੁੜਵਾ ਦੇਵਾਂਗਾ।
'ਸ੍ਰੀ ਅਸ਼ਿਪਾਨਜ ਤਦਪ ਕਹਾਊ ਚਿੜੀਅਨ ਤੇ ਜਬ ਬਾਜ ਤੁੜਾਊ'
ਰਾਜ ਕਰਨਾ ਜਿਹੜੇ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ। ਉਹਨਾਂ ਦੇ ਰਾਜ ਦਾ ਭਰਮ ਤੇ ਹੰਕਾਰ ਤੋੜ
ਕੇ ਗਰੀਬ ਸਿੰਘਾਂ ਨੂੰ ਰਾਜ ਦਾ ਦੈਵੀ ਅਧਿਕਾਰ ਬਖਸ਼ ਦਿੱਤਾ। ਜਿਨਕੀ ਜਾਤ ਬਰਨ ਕੁਝ ਨਾਹੀ ਸਰਕਾਰੀ
ਨਹਿ ਭਈ ਕਿਦਾਂਹੀ ........
'ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ' ਦਾ ਵਰਦਾਨ ਬਖਸ਼ ਦਿਤਾ ।
ਨਾਊ ਗਰੀਬ ਨਿਵਾਜ ਹਮਾਰਾ ਹੈ ਜਗ ਮੇ ਪ੍ਰਸਿਧ ਅਪਾਰਾ
..............................................................
'ਲਘੂ ਜਾਤਨ ਕੋ ਬਡਪਨ ਦੇਹਿੰ' ।
ਗੁਰੂ ਦਸ਼ਮੇਸ਼ ਨੇ ਅਮ੍ਰਿਤ ਦੀ ਦਾਤ ਬਖਸ਼ ਖਾਲਸਾ ਸਾਜ ਐਸਾ ਧਰਮੀ ਯੋਧਾ ਪੈਦਾ ਕੀਤਾ ਜਿਸਨੇ ਗੁਲਾਮੀ
ਤੋਂ ਦੇਸ਼ ਕੌਮ ਨੂੰ ਨਿਜ਼ਾਤ ਦਿਵਾਉਣ ਲਈ, ਫਤਿਹ ਤੇ ਆਜ਼ਾਦੀ ਦੇ ਨਿਸ਼ਾਨ ਸਾਹਿਬ ਬੁਲੰਦ ਕਰਨ ਲਈ ਜ਼ੁਲਮੋ
ਸਿਤਮ ਦੀ ਅੱਗ ਦੇ ਦਰਿਆ, ਅਸਹਿ ਤੇ ਅਕਹਿ ਕਸ਼ਟ ਸਹਾਰਕੇ ਪਾਰ ਕੀਤੇ, ਸ਼ਹੀਦੀਆਂ ਤੇ ਕੁਰਬਾਨੀਆਂ ਦਾ
ਲਾਮਿਸਾਲ ਇਤਿਹਾਸ ਰਚਿਆ। ਮੀਰ ਮੰਨੂੰ, ਨਾਦਰ ਸ਼ਾਹ, ਅਬਦਾਲੀ ਵਰਗੇ ਜਾਲਿਮਾਂ ਨਾਲ ਸੰਘਰਸ਼ ਵਿਚ ਸੀਸ
ਦਿਤੇ, ਖੂਨ ਦਿਤਾ, ਕੁਰਬਾਨ ਹੋ ਗਏ ਪਰ ਈਨ ਨਹੀਂ ਮੰਨੀ। ਦੁਨੀਆਂ ਨੇ ਵੇਖਿਆ ਗੁਰੂ ਕਾ ਖਾਲਸਾ ਅਜਿਤ
ਹੈ, ਅਡਿੱਗ ਹੈ ।
'ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜਹਿਰ ਪਿਆਲੇ ਪੀਤੇ'
ਅਰਦਾਸ ਵਿਚ ਸਿੱਖ ਹਰ ਰੋਜ ਇੰਨ੍ਹਾਂ ਸਹਾਦਤਾਂ ਨੂੰ ਸਿਜ਼ਦਾ ਕਰਦੇ ਹਨ ।
'ਜਿੰਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ............ ਧਰਮ ਨਹੀ ਹਾਰਿਆ ਸਿੱਖੀ ਕੇਸਾਂ
ਸੁਆਸਾਂ ਸੰਗ ਨਿਭਾਈ' ।
ਇਤਿਹਾਸ ਦਾ ਰੁਖ ਮੌੜ ਦਿਤਾ। ਜਿਸ ਪੰਜਾਬ ਦੇ ਨਾਮ ਤੇ ਸਦੀਆਂ ਤੋਂ ਹਮਲਾਵਰ ਜਾਲਿਮਾਂ ਦਾ ਪ੍ਰਵੇਸ਼
ਦੁਆਰ ਹੋਣ ਦਾ ਕਲੰਕ ਸੀ। ਜਿਥੋਂ ਲੰਘ ਕੇ ਸਾਰੇ ਦੇਸ਼ ਨੂੰ ਲੁੱਟਿਆ ਕੁੱਟਿਆ ਤੇ ਗੁਲਾਮ ਬਣਾਇਆ ਜਾਂਦਾ।
ਜਿਸ ਪੰਜਾਬ ਵਿੱਚੋਂ ਦੋ ਹੀ ਅਵਾਜਾਂ ਸੁਣਾਈ ਦਿੰਦੀਆਂ। ਹਮਲਾਵਰਾਂ ਦੇ ਆਉਣ ਸਮੇਂ ਘੋੜੇ ਦੇ ਟਾਪਾਂ
ਦੀਆਂ ਅਤੇ ਜਾਣ ਸਮੇਂ ਲੋਕਾਂ ਦੇ ਰੋਣ ਕੁਰਲਾਉਣ ਦੀਆਂ, ਉਹੀ ਪੰਜਾਬ ਜਦੋਂ ਗੁਰੂ ਸਾਹਿਬਾਨ ਦੀ ਧਰਤ
ਬਣਿਆ, ਖਾਲਸੇ ਦੀ ਜਨਮ ਤੇ ਕਰਮਭੂਮੀ ਬਣਿਆਂ ਤਾਂ ਇਥੋਂ ਰਣਜੀਤ ਨਗਾਰਿਆਂ ਤੇ ਜੈਕਾਰਿਆਂ ਦੀ ਗੂਜਾਂ
ਪਈਆਂ, ਫਤਹਿ ਦੇ ਡੰਕੇ ਵੱਜੇ ਅਤੇ ਜਮਰੌਦ ਦੇ ਕਿਲੇ ਤੇ ਖ਼ਾਲਸਾਈ ਫਤਹਿ ਦੇ ਨਿਸ਼ਾਨ ਸਾਹਿਬ ਝੂਲੇ। ਉਸ
ਉਪ੍ਰੰਤ ਦਰਾ ਖੈਬਰ ਵਲੋਂ ਮੁੜ ਹਿੰਦੁਸਤਾਨ ਤੇ ਕੋਈ ਹਮਲਾ ਨਹੀਂ ਹੋ ਸਕਿਆ। ਸੈਂਕੜੇ ਸਾਲਾਂ ਦੀ
ਗੁਲਾਮੀ ਤੋਂ ਪੰਜਾਬ ਨੂੰ ਮੁਕਤੀ ਮਿਲੀ। ਸਰਬ ਸਾਂਝਾ ਖਾਲਸਾ ਰਾਜ ਕਾਇਮ ਹੋਇਆ। ਜਦ ਉਤਰਾਧਿਕਾਰ ਦੀ
ਕੰਮਅਕਲੀ ਨਾਲ ਫੁੱਟ ਪਈ ਤਾਂ ਛੱਲ ਕਪਟ ਨਾਲ ਦੇਸ਼ ਦਾ ਆਖਰੀ ਅਜ਼ਾਦ ਰਾਜ ਵੀ ਅੰਗਰੇਜੀ ਰਾਜ ਵਿੱਚ
ਸ਼ਾਮਿਲ ਕਰ ਲਿਆ ਗਿਆ ਤਾਂ ਆਜ਼ਾਦੀ ਲਈ 1857 ਦੀ ਬਗ਼ਾਵਤ (ਜਿਸਨੂੰ ਅੱਜ ਹਿੰਦੂਵਾਦੀ ਆਜ਼ਾਦੀ ਦੀ ਪਹਿਲੀ
ਲੜਾਈ ਕਹਿੰਦੇ ਹਨ) ਤੋਂ ਕਈ ਸਾਲ ਪਹਿਲਾਂ ਤੇ ਖਾਲਸਾ ਰਾਜ ਜਾਣ ਦੇ ਤੁਰੰਤ ਬਾਦ ਹੀ ਅੰਗਰੇਜੀ ਰਾਜ
ਦੇ ਖਿਲਾਫ ਆਜ਼ਾਦੀ ਦੀ ਲੜਾਈ ਵਿੱਢ ਦਿੱਤੀ ਅਤੇ ਇਸ ਸੰਗਰਾਮ ਵਿਚ ਵੀ ਸਭ ਤੋਂ ਵੱਧ ਸ਼ਹਾਦਤਾਂ ਤੇ
ਕੁਰਬਾਨੀਆਂ ਦਾ ਇਤਿਹਾਸ ਖਾਲਸੇ ਨੇ ਰਚਿਆ ।
'ਵਤਨ ਕੋ ਜਬ ਭੀ ਜਰੂਰਤ ਪੜੀ ਖੂਨ ਹਮਨੇ ਦੀਆ'
ਖਾਲਸੇ ਦਾ ਧਰਮ ਹਿੰਸਾ ਜਾਂ ਅਹਿੰਸਾ ਨਹੀਂ ।
'ਸ਼ੁਭ ਕਰਮਨ ਤੇ ਕਬਹੁ ਨ ਟਰੋ ਹੈ'
ਮਨੁੱਖਤਾ ਤੇ ਧਰਮ ਦੀ ਰਾਖੀ ਲਈ ਖਾਲਸੇ ਦਾ ਕਰਮ 'ਅਤਿ ਹੀ ਰਣ ਮਹਿ ਤਬ ਜੂਝ ਮਰੋਂ' ਹੀ ਹੈ ।
# 655-ਬੀ, ਬਸੰਤ ਐਵੀਨਿਊ,
ਸ੍ਰੀ ਅੰਮ੍ਰਿਤਸਰ।