ਭਗਵੰਤ ਰੂਪ ਗੁਰੂ ਗੋਬਿੰਦ ਸੂਰਾ

ਮਨਜੀਤ ਸਿੰਘ ਕਲਕੱਤਾ

ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਮਹਾਨ ਪਾਵਨ ਸਖ਼ਸ਼ੀਅਤ ਸਰਬ ਕਲਾ ਸੰਪੂਰਨ ਹੈ ਪਰ ਹਰ ਵਿਦਵਾਨ ਲਿਖਾਰੀ ਅਤੇ ਬੁਲਾਰੇ ਨੂੰ ਉਨ੍ਹਾਂ ਦੀ ਸੂਰਬੀਰਤਾ ਨੇ ਵਧੇਰੇ ਪ੍ਰਭਾਵਿਤ ਕੀਤਾ ਹੈ। ਰਾਜ ਨਾਲ ਜੁੜੀਆਂ ਸਾਰੀਆਂ ਉਪਮਾਵਾਂ ਗੁਰੂ ਦਸਮੇਸ਼ ਨਾਲ ਸੁਸ਼ੋਭਿਤ ਹਨ। ਕਲਗੀ, ਬਾਜ਼, ਨੀਲਾ ਘੋੜਾ, ਤਖ਼ਤ, ਕਿਲੇ, ਨਗਾਰਾ, ਖੰਡਾ, ਤੀਰ ਤੇ ਸ਼ਮਸ਼ੀਰ ਆਦਿ ਰਾਜਸੀ ਤਾਕਤ ਦੇ ਚਿੰਨ ਹਨ। ਸਤਿਗੁਰ ਦੀ ਕਿਰਪਾਨ, ਖੰਡਾ, ਖੜਗ ਉਨ੍ਹਾਂ ਦੀ ਸੂਰਬੀਰਤਾ ਨੂੰ ਰੂਪਮਾਨ ਕਰਦੇ ਹਨ। ਸਮੇਂ ਦੇ ਜਾਲਮ ਹੁਕਮਰਾਨਾਂ ਨਾਲ ਉਨ੍ਹਾਂ ਦਾ ਫੌਜੀ ਸੰਘਰਸ਼, ਜੰਗ-ਯੁੱਧ ਗੁਰੂ ਦਸਮੇਸ਼ ਨੂੰ ਇਕ ਲੋਕ ਸੰਘਰਸ਼ ਦੇ ਨਾਇਕ ਜਰਨੈਲ ਦੇ ਰੂਪ ਵਿੱਚ ਪ੍ਰਗਟ ਕਰਦੇ ਹਨ। ਗੁਰੂ ਪਾਤਸ਼ਾਹ ਦੀ ਪ੍ਰਤਿਭਾ ਬਹੁ-ਪਰਤੀ ਹੈ, ਉਨ੍ਹਾਂ ਦੀ ਸਖਸ਼ੀਅਤ ਬਹੁਰੰਗੀ ਹੈ ਅਤੇ ਨੌਂ ਰਸਾਂ ਨਾਲ ਭਰਪੂਰ ਹੈ ਅਤੇ ੳਨ੍ਹਾਂ ਦਾ ਜੁਝਾਰੂ ਸਰੂਪ ਸਭ ਨੂੰ ਵਧੇਰੇ ਆਕਰਸ਼ਿਤ ਕਰਦਾ ਹੈ ਪਰ ਦੇਸ਼ ਦੇ ਕਥਿਤ ਅਧਿਆਤਮਵਾਦ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਸਿਰਫ ਇਹ ਜੁਝਾਰੂ ਸਰੂਪ ਇਕੱਲੇ ਤੌਰ ਤੇ ਸਤਿਗੁਰ ਦੀ ਸਮੁਚੀ ਸਖ਼ਸ਼ੀਅਤ ਦਾ ਬਿਆਨ ਕਰਨ ਤੋਂ ਅਸਮਰੱਥ ਹੈ। ਕਈ ਉਨ੍ਹਾਂ ਨੂੰ ਰਾਣਾ ਪ੍ਰਤਾਪ 'ਤੇ ਸ਼ਿਵਾ ਜੀ ਮਰਹੱਟਾ ਵਾਂਗ ਫੌੋਜੀ ਜਰਨੈਲ ਦੱਸਦੇ ਹਨ। ਗਾਂਧੀ ਜੀ ਨੂੰ ਉਹ ਭੁੱਲੜ ਦੇਸ਼ ਭਗਤ ਨਜ਼ਰ ਆਉਂਦੇ ਹਨ। ਇੰਦੂਭੂਸ਼ਨ ਬੈਨਰਜੀ, ਜਾਦੂਨਾਥ ਸਰਕਾਰ ਅਤੇ ਗੋਕਲ ਚੰਦ ਨਾਰੰਗ ਆਦਿ ਵਰਗੇ ਇਤਿਹਾਸਕਾਰ ਇਸੇ ਜ਼ਲਾਲੀ ਸਰੂਪ ਤੋਂ ਟਪਲਾ ਖਾ ਕੇ ਆਪਣੀਆਂ ਲਿਖਤਾਂ ਵਿੱਚ ਕਈ ਗਲਤ ਨਿਰਣੇ ਕੱਢਦੇ ਹਨ। ਪੂਰਬ ਦੇ ਮਸ਼ਹੂਰ ਕਵੀ ਰਾਬਿੰਦਰ ਨਾਥ ਟੈਗੋਰ ਦੀ ਸੂਖ਼ਮ ਬੁੱਧ ਵੀ ਸਤਿਗੁਰੂ ਦੇ ਸ਼ੁੱਧ ਸਰੂਪ ਦਾ ਦੀਦਾਰ ਨਹੀਂ ਕਰ ਸਕੀ ਅਤੇ ਉਸ ਨੇ ਵੀ ਕੁਝ ਇਸ ਤਰਾਂ ਲਿਖਿਆ ਕਿ ਗੁਰੂ ਨਾਨਕ ਵਲੋਂ ਅਰੰਭੀ ਧਰਮ ਦੀ ਨਿਰਮਲ ਧਾਰਾ ਗੁਰੂ ਦਸਮੇਸ਼ ਦੇ ਸਮੇਂ ਫੌਜੀ ਛਾਉਣੀ ਦੇ ਮਾਰੂਥਲ ਵਿੱਚ ਤਬਦੀਲ ਹੋ ਗਈ। ਇਸ ਨਿਸ਼ਕਰਸ਼ ਤੇ ਪਹੁੰਚਣ ਲੱਗਾ ਉਹ ਆਪਣੀ ਰਚੀ ਕਵਿਤਾ ਹੀ ਭੁੱਲ ਗਿਆ ਜਿਸ ਵਿੱਚ ਉਹ ਬਾਗ਼ ਵਿੱਚ ਖਿੜੇ ਫੁੱਲਾਂ ਦੀ ਸੁਗੰਧ ਨੂੰ ਤਲਵਾਰ ਦੀ ਫੌਲਾਦ ਪਰਖਣ ਦੇ ਪੈਮਾਨੇ ਨਾਲ ਨਾਪਣ ਦੀ ਮੂਰਖਤਾ ਕਰਦਾ ਪਾਤਰ ਦਰਸਾਉਂਦਾ ਹੈ। ਇਹ ਸਭ ਟਪਲੇ ਉਨ੍ਹਾਂ ਨੂੰ ਲੱਗੇ ਹਨ ਜਿਹੜੇ ਜਾਂ ਤਾਂ ਬਾਹਰੀ ਸਰੂਪ ਦੀ ਚਮਕ ਨਾਲ ਚਕਾਚੌਂਧ ਹੋ ਗਏ ਜਾਂ ਜੋ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਤੇ ਧਾਰਨਾਵਾਂ ਨੂੰ ਆਪਣੇ ਪੂਰਵ ਨਿਸ਼ਚਿਤ ਅਕੀਦੇ ਅਤੇ ਬ੍ਰਾਹਮਣੀ ਧਰਮ ਦੇ ਮਾਪਦੰਡਾਂ ਨਾਲ ਪਰਖਦੇ ਹਨ।
ਸਿੱਖ ਧਰਮ ਐਸਾ ਅਲੋਕਿਕ ਧਰਮ ਹੈ ਜੋ ਸੰਸਾਰ 'ਤੇ ਨਿਰੰਕਾਰ, ਪਦਾਰਥ ਤੇ ਪਰਮਾਰਥ, ਭਗਤੀ ਤੇ ਸ਼ਕਤੀ ਅਤੇ ਰਾਜ ਤੇ ਜੋਗ ਦਾ ਆਪਸੀ ਵਿਰੋਧ ਜਾਂ ਦਵੰਦ ਨਹੀਂ ਬਲਕਿ ਜੀਵਨ ਦਾ ਸੁਮੇਲ ਤੇ ਸੰਪੂਰਨਤਾ ਪ੍ਰਗਟ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜ਼ਲਾਲੀ ਸਰੂਪ, ਸੂਰਬੀਰਤਾ ਅਤੇ ਜੰਗਾਂ ਯੁੱਧਾਂ ਨੂੰ ਸਿੱਖ ਧਰਮ ਦੇ ਮਾਪਦੰਡਾਂ ਨਾਲ ਹੀ ਪਰਖਿਆ ਜਾ ਸਕਦਾ ਹੈ ਪਰ ਸਿੱਖੀ ਵਿਚ ਸੂਰਬੀਰਤਾ ਦੇ ਮਾਪਦੰਡ ਹੋਰ ਹਨ। ਦੁਨੀਆਂ ਜਿੰਨਾਂ ਨੂੰ ਬਹਾਦਰ ਤਸਲੀਮ ਕਰਦੀ ਹੈ ਉਹ ਅਜਿਹੇ ਜੰਗਜੂ ਸਨ ਜਿੰਨ੍ਹਾਂ ਨੇ ਆਪਣੇ ਰਾਜ ਦੇ ਵਿਸਥਾਰ ਲਈ ਮਾਸੂਮ ਖ਼ਲਕਤ ਦਾ ਖੂਨ ਕੀਤਾ, ਜਬਰੀ ਔਰਤਾਂ ਨੂੰ ਆਪਣੇ ਮਹਿਲੀਂ ਪਾਇਆ, ਸ਼ਰਮ ਧਰਮ ਤੇ ਹਮਲਾਵਰ ਹੋਏ ਅਤੇ ਲੋਕਾਂ ਨੂੰ ਲੁੱਟਿਆ, ਕੁੱਟਿਆ ਤੇ ਗੁਲਾਮ ਬਣਾਇਆ। ਚੰਗੇਜ਼, ਹਲਾਕੂ, ਨਾਦਰਸ਼ਾਹ, ਅਬਦਾਲੀ, ਹਿਟਲਰ ਆਦਿ ਇਸੇ ਸ਼੍ਰੇਣੀ ਦੇ ਕਥਿਤ ਬਹਾਦਰ ਹਨ।
ਪਰ ਸਿੱਖ ਧਰਮ ਉਨ੍ਹਾਂ ਨੂੰ ਬਹਾਦਰ ਸਵੀਕਾਰ ਕਰਦਾ ਹੈ ਜੋ ਆਪਣੇ ਅੰਦਰ ਬੁਰਿਆਈਆਂ ਨਾਲ ਅਤੇ ਬਾਹਰ ਬੁਰਿਆਂ, ਦੁਸ਼ਟਾਂ, ਦੋਖੀਆਂ, ਜਾਬਰਾਂ ਅਤੇ ਜਾਲਿਮਾਂ ਵਿਰੁੱਧ ਲੜਦਾ ਹੈ। ਐਸਾ ਯੋਧਾ ਪ੍ਰਮਾਤਮਾਂ ਦੇ ਨਾਮ ਸਿਮਰਨ ਵਿਚ ਰੰਗਿਆ ਹੋਇਆ ਹੈ, ਉਸਦੀ ਕੁਦਰਤ ਤੋਂ ਬਲਿਹਾਰ ਜਾਂਦਾ ਹੈ, ਕਣ ਕਣ ਵਿਚ ਪ੍ਰਭੂ ਦਰਸ਼ਨ ਕਰਦਾ ਹੈ, ਸਾਰੀ ਮਨੁੱਖਤਾ ਉਸਨੂੰ ਇਕ ਪਰਮਸਤਾ ਦੀ ਰਚਨਾ ਦਿਸਦੀ ਹੈ ਅਤੇ ਰੱਬ ਆਪਣੀ ਖ਼ਲਕਤ ਵਿੱਚ ਵਸਦਾ ਦਿਸਦਾ ਹੈ ਜਿਸਦੀ ਸੇਵਾ ਹੀ ਉਸਦਾ ਕਰਮ ਬਣ ਜਾਂਦਾ ਹੈ:
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰ ਪੂਰਾ॥ (689)
ਐਸੇ ਸੂਰਮੇ ਦਾ ਅਸਥਾਨ ਗੁਰੂ ਨਾਨਕ ਨੇ ਜਪੁਜੀ ਵਿੱਚ ਬਹੁਤ ਉੱਚ ਦਰਸਾਇਆ ਹੈ:
'ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮੁ ਰਹਿਆ ਭਰਪੂਰ॥
ਉਹੀ ਬਲੀ ਹੈ ਜੋ ਪੰਜ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਦਾ ਹੈ:
'ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ'॥ (404)
ਉਹ ਸੂਰਾ ਵਰਿਆਮ ਹੈ ਜਿਸ ਨੇ ਹੰਕਾਰ ਨੂੰ ਮਾਰ ਲਿਆ ਹੈ:
'ਨਾਨਕ ਸੋ ਸੂਰਾ ਵਰਿਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ'
ਗੁਰੂ ਦਸਮੇਸ਼ ਨੂੰ ਹਰੀ ਦਾ ਰੰਗ ਐਸਾ ਲੱਗਾ ਕਿ ਉਹ ਆਪਣੀ ਹਸਤੀ ਨੂੰ ਪਰਮਸਤਾ ਵਿੱਚ ਵਿਲੀਨ ਕਰ ਚੁੱਕੇ ਹਨ ਜਦ ਮਾਤ ਲੋਕ ਵਿੱਚ ਧਰਮ ਚਲਾਵਨ ਲਈ ਪਠਾਏ ਗਏ।
'ਇਹਿ ਬਿਧਿ ਕਰਤ ਤਪਸਿਆ ਭਯੋ ਦ੍ਵੈ ਤੇ ਏਕ ਰੂਪ ਹ੍ਵੈ ਗਯੋ'॥
ਗੁਰੂ ਨਾਨਕ ਨੇ ਬਖ਼ਸ਼ ਦਰ ਪ੍ਰਾਪਤ ਕਰਨ ਉਪ੍ਰੰਤ ਹੀ ਧਰਤ ਲੋਕਾਈ ਸੋਧਣ ਦਾ ਕਾਰਜ ਆਰੰਭਿਆ:
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ। (ਵਾਰ ੪੧-੨੪)
ਗੁਰੂ ਦਸਮੇਸ਼ ਜੀ ਪ੍ਰਮਾਤਮਾਂ ਨਾਲ ਇੱਕ ਰੂਪਤਾ ਪ੍ਰਾਪਤ ਕਰ ਚੁਕੇ ਹਨ ਜਦ ਅਕਾਲ ਪੁਰਖ ਤੋਂ ਪ੍ਰਾਪਤ ਆਇਸ ਅਨੁਸਾਰ 'ਧਰਮ ਚਲਾਵਨ ਦੁਸਟ ਉਬਾਰਨ' ਅਤੇ 'ਪੰਥ ਪ੍ਰਚੁਰ' ਕਰਨ ਲਈ ਪਿਤਾ ਗੁਰੁ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜ਼ਰੀ ਜੀ ਦੇ ਗ੍ਰਹਿ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਨ 1666 ਈ ਨੂੰ ਪ੍ਰਗਟ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਤੇ ਸਰੂਪ ਹਨ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (੯੬੭)
ਭਾਵੇਂ ਓਪਰੀ ਨਜ਼ਰ ਨਾਲ ਵੇਖਿਆਂ ਕਾਰਜ ਵਿਧੀ ਅੱਡ-ਅੱਡ ਦਿਸ ਆਉਂਦੀ ਹੋਵੇ ਪਰ ਗੁਰੂ ਨਾਨਕ ਦੇਵ ਜੀ ਵਲੋਂ ਨਿਰੂਪਨ ਆਦਰਸ਼ ਦੀ ਗੁਰੂ ਕਲਗੀਧਰ ਪੂਰਤੀ ਕਰ ਰਹੇ ਹਨ ਜਿਸ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਨੇ ਸਥਾਪਤ ਕੀਤਾ ਉਸੇ ਨੂੰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੇ ਰੂਪ ਵਿੱਚ ਸੰਪੂਰਨ ਕੀਤਾ।
ਗੁਰੂ ਨਾਨਕ ਦੇਵ ਜੀ ਦੀ ਰਬਾਬ ਤੇ ਗੁਰੂ ਗਬਿੰਦ ਸਿੰਘ ਜੀ ਦੇ ਖੰਡੇ ਦਾ ਕਰਤੱਬ ਇੱਕ ਹੀ ਹੈ ਅਤੇ ਇਕੋ ਨਿਸ਼ਾਨੇ ਦੀ ਪੂਰਤੀ ਦੇ ਸਾਧਨ ਹਨ। ਨਿਸ਼ਾਨਾ ਹੈ ਦੱਬੀ ਕੁਚਲੀ, ਪਾਖੰਡ ਤੇ ਜੁਲਮ ਦਾ ਸ਼ਿਕਾਰ ਲੋਕਾਈ ਨੂੰ ਜਾਗ੍ਰਤ ਕਰਨਾਂ, ਸਾਵਧਾਨ ਕਰਨਾ, ਅਤੇ ਉਨ੍ਹਾਂ ਵਿੱਚ ਸ੍ਵੈ ਵਿਸ਼ਵਾਸ, ਸਨਮਾਨ ਅਤੇ ਅਜ਼ਾਦੀ ਦਾ ਨਿਸ਼ਾਨਾ ਰੱਖ ਏਸ ਮਾਰਗ ਉਤੇ ਚਲਣ ਦੀ ਪ੍ਰੇਰਣਾਂ ਦੇਣੀ ਅਤੇ ਅਗਵਾਈ ਬਖਸ਼ਣੀ॥
ਸਮਕਾਲੀਨ ਸਮਾਜ, ਮਜ਼ਬੀ ਮਝੌਰਾਂ ਦੇ ਭਰਮ ਤੇ ਪਾਖੰਡ ਜਾਲ ਵਿੱਚ ਸੀ, ਰਾਮ ਰਹੀਂਮ, ਮੰਦਿਰ ਮਸਜਿਦ ਲੜਾਏ ਜਾ ਰਹੇ ਸੀ, ਜਾਦੂ, ਟੂਣੇ. ਕਰਾਮਾਤਾਂ ਅਤੇ ਘਰ-ਘਰ ਠਾਕਰ ਬਣੇ ਹੋਏ ਸੀ:
ਏਕ ਏਕ ਮਤ ਇਕ ਇਕ ਧਾਮਾ॥ ਘਰ ਘਰ ਹੋਇ ਬੈਠ ਹੈ ਰਾਮਾ॥ (ਕਲਕੀ ਅਵਤਾਰ ੫੭੨)
......................................ਤਿਨ ਤੇ ਸਰੇ ਨ ਕਾਹੂ ਕਾਮਾ॥
ਸ਼ਕਤੀ ਦਾਤੇ ਦੀ ਬਜਾਏ ਸ਼ਕਤੀ ਦੀ, ਕਰਤੇ ਦੀ ਬਜਾਏ ਕ੍ਰਿਤਮ ਦੀ ਪੂਜਾ ਦਾ ਵਿਧਾਨ ਸੀ। ਗੁਰੂ ਨਾਨਕ ਦੇਵ ਜੀ ਦੀ ਰਬਾਬ ਵਿਚੋਂ ૥ਦੀ ਧੁਨੀ ਉਠੀ, ਅਵਤਾਰਵਾਦ ਅਤੇ ਬੁੱਤ ਪ੍ਰਸਤੀ ਦਾ ਖੰਡਨ ਕੀਤਾ। ਜਪੁਜੀ ਸਾਹਿਬ ਦੇ ਮੂਲ ਮੰਤਰ ਰਾਹੀਂ ਪ੍ਰਮਾਤਮਾਂ ਦਾ ਸਿਫਤੀ ਰੂਪ ਸਥਾਪਤ ਕੀਤਾ। ਮੂਲ ਮੰਤਰ ਦੀ ਏਸੇ ਭਾਵਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਪੁ ਸਾਹਿਬ ਦੇ ਆਰੰਭ ਵਿੱਚ ਉਜਾਗਰ ਕਰ ਰਹੇ ਹਨ:
'ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥'
'ਅਵਤਾਰ ਨ ਜਾਨਹਿ ਅੰਤੁ॥ਪ੍ਰਮੇਸੁਰ ਪਾਰਬ੍ਰਹਮ ਬੇਅੰਤੁ॥
ਅਤੇ ਕਰਤੇ ਨੂੰ ਛੱਡ ਕੇ ਮਿੱਟੀ ਦੇ ਠਾਕਰਾਂ ਤੇ ਕਬਰਾਂ ਦੀ ਪੂਜਾ ਕਰਨ ਵਾਲਿਆਂ ਪ੍ਰਤੀ ਫੁਰਮਾਉਂਦੇ ਹਨ:
'ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ'
ਸੁਲਤਾਨਪੁਰ ਲੋਧੀ ਵਿਚਲੀ ਉਹ ਸਾਖੀ ਪ੍ਰਸਿੱਧ ਹੈ ਜਦ ਮੋਦੀ ਖਾਨੇ ਦਾ ਸੌਦਾ ਤੋਲਦਿਆਂ ਗੁਰੂ ਨਾਨਕ ਸਾਹਿਬ 13 ਤੇ ਆਕੇ ਅਟਕ ਗਏ ਤਾਂ ਤੇਰਾ, ਤੇਰਾ ਦੀ ਧੁਨੀ ਅਲਾਪਦੇ ਚਲੇ ਗਏ ਅਤੇ ਇਕੋ ਚੌਂਕੜੀ ਵਿੱਚ 16000/- ਵੇਰ ਤੂ ਹੀ, ਤੂ ਹੀ ਦਾ ਅਲਾਪ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹਨ। ਜਾਤ-ਪਾਤ ਵਿੱਚ ਬੁਰੀ ਤਰਾਂ ਵੰਡੀ ਹੋਈ ਲੋਕਾਈ ਲਈ ਗੁਰੂ ਨਾਨਕ ਸਾਹਿਬ ਫੁਰਮਾਂਉਂਦੇ ਹਨ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ (੧੪੨)
'ਓਥੈ ਸਚੇ ਹੀ ਸਚਿ ਨਿਬੜੈ' ਦੀ ਗੱਲ ਕਹਿੰਦੇ ਹਨ ਅਤੇ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ' ਅਨੁਸਾਰ ਨੀਂਵਿਆਂ, ਪਛੜਿਆਂ ਤੇ ਗਰੀਬਾਂ ਨੂੰ ਆਪਣੇ ਸੰਗ ਸਾਥ ਦਾ ਵਿਸ਼ਵਾਸ ਦੁਆਉਂਦੇ ਹਨ। ਗੁਰਉਪਦੇਸ਼ 'ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕੋ ਸਾਝਾ' ਕਹਿ ਕੇ ਸਦੀਆਂ ਤੋਂ ਲਿਤਾੜੇ ਦਲਿਤਾਂ ਨੂੰ 'ਬ੍ਰਹਮ ਗਿਆਨ' ਦਾ ਅਧਿਕਾਰੀ ਬਣਾ ਦਿੱਤਾ, 'ਲਘੂ ਜਾਤਨ ਕੋ ਬਡਪਨ ਦੈ ਹੈ' ਸੰਗਤ ਪੰਗਤ ਵਿੱਚ ਬਰਾਬਰਤਾ ਦੇ ਅਧਿਕਾਰ ਦੇ ਕੇ ਨਿਵਾਜਿਆ। ਅੱਜ 21ਵੀਂ ਸਦੀ ਵਿੱਚ ਵੀ ਪੰਜਾਹ ਸਾਲਾਂ ਤੋਂ ਵਿਧਾਨਕ ਤੌਰ ਤੇ ਰਿਜ਼ਰਵੇਸ਼ਨ ਦਾ ਅਧਿਕਾਰ ਮਾਨਣ ਉਪ੍ਰੰਤ ਅਤੇ ਸਿਆਸੀ ਲੀਡਰਾਂ ਵਲੋਂ 'ਸੋਸ਼ਲ ਇੰਜਨੀਅਰਿੰਗ' ਦੇ ਫਾਰਮੂਲੇ ਨਾਲ ਰਾਜ ਪ੍ਰਾਪਤ ਕਰਨ ਉਪ੍ਰੰਤ ਵੀ ਦਲਿਤਾਂ ਨੂੰ ਉਹ ਮਾਨ ਸਨਮਾਨ ਪ੍ਰਾਪਤ ਨਹੀਂ ਹੋ ਸਕਿਆ ਜੋ ਉਚ ਅਸਥਾਨ ਤੇ ਸਰਦਾਰੀ ਖਾਲਸਾ ਪੰਥ ਵਿੱਚ ਦਾਖਲੇ ਉਪ੍ਰੰਤ ਪ੍ਰਾਪਤ ਹੋਈ ਪਰ ਸਤਿਗੁਰੂ ਦੇ ਉਪਦੇਸ਼ ਦੇ ਵਿਪਰੀਤ ਸਿੱਖ ਅਖਵਾਉਣ ਵਾਲਿਆਂ ਨੇ ਜ਼ਾਤ ਪਾਤ ਦੇ ਨਵੇਂ ਸ਼ਗੂਫੇ ਕੱਢ ਪੰਥਕ ਹਸਤੀ ਨੂੰ ਕਮਜ਼ੋਰ ਕਰਨ ਦਾ ਘੋਰ ਅਪ੍ਰਾਧ ਕੀਤਾ ਹੈ।
ਗੁਰੂ ਦਸਮੇਸ਼ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਅਤੇ ਖੰਡੇ-ਬਾਟੇ ਦਾ ਕਾਰਜ ਰਚਿਆ ਤਾਂ ਇਸ ਤੋਂ ਪਹਿਲਾਂ ਧਰਮ ਦੇ ਆਪੂੰ ਬਣੇ ਆਗੂਆਂ, ਬ੍ਰਾਹਮਣਾਂ, ਪੰਡਤਾਂ ਅਤੇ ਰਾਜ ਕਰਨ ਦਾ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਵਾਲੇ ਰਾਜਪੂਤ ਰਾਜਿਆਂ ਨੂੰ ਏਸ ਸਰਬ ਸਾਂਝੇ ਮਾਨਵ ਹਿਤੈਸ਼ੀ ਪੰਥ ਵਿੱਚ ਸ਼ਾਮਲ ਹੋਣ ਲਈ ਕਹਿਣ ਤੇ ਜਾਤ ਅਭਿਮਾਨੀ ਪੰਡਤਾਂ ਨੇ ਕਿਹਾ ਕਿ ਅਸੀਂ ਸਿੱਖਾਂ ਦੇ ਘਰਾਂ ਵਿੱਚ ਪੂਜਾ-ਪਾਠ ਨਹੀਂ ਕਰਾਂਗੇ, ਵੇਦਾਂ ਸ਼ਾਸਤਰਾਂ ਦੀ ਕਥਾ ਨਹੀਂ ਕਰਾਂਗੇ, ਜਨਮ ਮਰਨ ਦੀਆਂ ਰਸਮਾਂ ਅਦਾ ਨਹੀਂ ਕਰਾਂਗੇ, ਦਿੱਤਾ ਦਾਨ ਵੀ ਕਬੂਲ ਨਹੀਂ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗਰਜਨਾ ਇਨ੍ਹਾਂ ਸ਼ਬਦਾਂ ਵਿੱਚ ਸੁਣਾਈ ਦਿੰਦੀ ਹੈ ਕਿ ਮੈਂ ਅਪਣੇ ਸਿੱਖਾਂ ਵਿਚੋਂ ਐਸੇ ਗਿਆਨੀ ਪੈਦਾ ਕਰਾਂਗਾ ਕਿ ਕਥਾ ਹੁਣ ਬ੍ਰਾਹਮਣ ਤੇ ਪ੍ਰੋਹਤ ਨਹੀਂ ਕਰਨਗੇ ਬਲਕਿ ਮੈਂ ਬ੍ਰਹਮ ਗਿਆਨ ਦਾ ਅਧਿਕਾਰ ਖਾਲਸੇ ਨੂੰ ਪ੍ਰਦਾਨ ਕਰਾਂਗਾ
ਇਨ ਤੇ ਗਹਿ ਪੰਡਤ ਉਪਜਾਊਂ। ਕਥਾ ਕਰਨ ਕੀ ਰੀਤ ਸਿਖਾਊਂ॥
ਅਗੇ ਤੋਂ ਮੇਰਾ ਸਿੱਖ ਦਾਨ ਬ੍ਰਾਹਮਣ ਨੂੰ ਦਏਗਾ ਹੀ ਨਹੀਂ ਤੇ ਬ੍ਰਾਹਮਣ ਨੂੰ ਦਿੱਤਾ ਦਾਨ ਹੁਣ ਤੋਂ ਲਗੇਗਾ ਵੀ ਨਹੀਂ ਸਗੋਂ ਲੋੜਵੰਦ ਗਰੀਬ ਨੂੰ ਦਿੱਤਾ ਦਾਨ ਹੀ ਪ੍ਰਵਾਨ ਚੜ੍ਹੇਗਾ, ਦਾਨ ਦੇਣ ਵਾਲਾ ਦਾਨ ਲੈਣ ਦਾ ਪਾਤਰ ਖਾਲਸਾ ਹੀ ਹੋਵੇਗਾ ਜੋ ਕਿ ਦੀਨ ਦੁਖੀ ਦੇ ਭਲੇ ਹਿੱਤ ਲਗੇਗਾ:
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਰਾਜਪੂਤ ਰਾਜਿਆਂ ਨੇ ਕਿਹਾ ਅਸੀਂ ਵੱਡੇ ਬਹਾਦਰ ਪ੍ਰਾਕਰਮੀ ਰਾਜੇ ਹਾਂ ਚਿੜੀਆਂ ਵਰਗੇ ਇਨ੍ਹਾਂ ਕਮਜ਼ੋਰ ਤੇ ਬੁਜ਼ਦਿਲਾਂ ਨਾਲ ਸਾਡਾ ਕੀ ਮੇਲ ?
ਯੇ ਸਭ ਚਿੱਠੀ ਲਿਖੇ ਮਹਾਰਾਜਾ। ਹਮ ਹੈਂ ਰਾਜਪੂਤ ਵੱਡ ਰਾਜਾ॥
ਤਾਂ ਅਕਾਲ ਪੁਰਖ ਦੇ ਸੁੱਤ ਗੁਰੂ ਕਲਗੀਆਂ ਵਾਲੇ ਦੀ ਗਰਜਨਾ ਸੀ:
ਸ੍ਰੀ ਅਸਿਪਾਨਜ ਤਬੈ ਕਹਾਊਂ। ਚਿਰੀਅਨ ਤੇ ਜਬ ਬਾਜ ਤੁਰਾਊਂ॥
ਇਤਿਹਾਸ ਗਵਾਹ ਹੈ ਕਿ ਇਹ ਚਿੜੀਆਂ, ਜਿਨ੍ਹਾਂ ਦਾ ਕੰਮ 'ਕਾਮ ਹਮਾਰਾ ਤੋਲਣ ਤਕਰੀ, ਨੰਗੀ ਕਰਦ ਕਬੀ ਨ ਪਕਰੀ' ਸੀ, ਉਨ੍ਹਾਂ ਨੂੰ ਸ਼ਸਤਰਬੱਧ ਕਰ ਮੁਗਲ ਸ਼ਿਕਰਿਆਂ ਤੇ ਰਾਜਪੂਤ ਰਾਜਿਆਂ ਨਾਲ ਸੰਗਰਾਮ ਕਰਨ ਦਾ ਬੱਲ ਬਖ਼ਸ਼ਿਆ ਅਤੇ ਜ਼ਾਲਮ ਬਾਦਸ਼ਾਹੀ ਖਤਮ ਹੋਣ ਤੀਕ ਨਿਰੰਤਰ ਸਫਲਤਾ ਸਹਿਤ ਲੜਨ ਦਾ ਇਤਿਹਾਸ ਰਚਿਆ।
ਨੋਂ ਬਰਸ ਦੇ ਸਨ ਗੁਰੂ ਨਾਨਕ ਦੇਵ ਜੀ ਜਦ ਪੰਡਤ ਹਰਦਿਆਲ ਨੂੰ ਉਨ੍ਹਾਂ ਨੇ ਵਿਤਕਰੇ ਤੇ ਜਾਤ-ਪਾਤ ਦਾ ਸੂਚਕ ਜਨੇਉ ਪਾਉਣ ਤੋਂ ਇਨਕਾਰ ਕਰਦਿਆਂ ਕਿਹਾ ਸੀ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਅਤੇ ਨੋਂ ਬਰਸ ਦੇ ਹੀ ਬਾਲਕ ਗੁਰੂ ਗੋਬਿੰਦ ਸਿੰਘ ਸਨ ਜਦ ਕਸ਼ਮੀਰੀ ਪੰਡਤ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਔਰੰਗਜ਼ੇਬੀ ਜ਼ੁਲਮ ਤੇ ਜਬਰੀ ਧਰਮ ਤਬਦੀਲੀ ਦੀ ਫਰਿਆਦ ਲੈ ਕੇ ਪੁੱਜਦੇ ਹਨ। ਪਿਤਾ ਗੁਰੂ ਤੇਗ਼ ਬਹਾਦਰ ਜੀ ਜਦ ਮਜ਼ਲੂਮ ਦੇ ਧਰਮ ਤੇ ਉਸ ਦੇ ਧਾਰਮਿਕ ਚਿੰਨ੍ਹਾਂ ਦੀ ਰਾਖੀ ਲਈ ਕੁਰਬਾਨੀ ਦੀ ਗੱਲ ਕਰਦੇ ਹਨ ਤਾਂ ਬਾਲ ਗੋਬਿੰਦ ਰਾਏ ਖੁਸ਼ੀ-ਖੁਸ਼ੀ ਆਪਣੇ ਪਿਤਾ ਨੂੰ ਕੁਰਬਾਨੀ ਲਈ ਤੋਰਦੇ ਹਨ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ। (ਦਸਮ ਗ੍ਰੰਥ ੫੪)
ਤੇਗ਼ ਬਹਾਦਰ ਜੀ ਨਾ ਤਿਲਕ ਲਾਉਂਦੇ ਸਨ ਨਾਂ ਜੰਞੂ ਪਾਉਂਦੇ ਸਨ ਪਰ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜਬਰੀ ਧਰਮ ਤਬਦੀਲੀ ਦੇ ਵਿਰੁੱਧ ਅਤੇ ਮਜ਼ਲੂਮ ਦੇ ਹੱਕਾਂ ਦੀ ਰਾਖੀ ਲਈ ਆਪਣਾ ਸੀਸ ਬਲੀਦਾਨ ਕਰਕੇ ਨਵਾਂ ਇਤਿਹਾਸ ਸਿਰਜਦੇ ਹਨ। ਗੁਰੂ ਨਾਨਕ ਦੇਵ ਜੀ ਬਾਬਰ ਦਾ ਹਮਲਾ ਦੇਖਦੇ ਹਨ, ਬਾਬਰ ਜਾਬਰ ਦਾ ਨਾਹਰਾ ਬੁਲੰਦ ਕਰਦੇ ਹਨ, ਬਾਬਰ ਬਾਣੀ ਉਚਾਰਦੇ ਹਨ ਅਤੇ ਬਾਬਰ ਦੇ ਸਿਪਾਹੀਆਂ ਵਲੋਂ ਗ੍ਰਿਫਤਾਰ ਕਰਕੇ ਕਾਰਾਵਾਸ ਵਿੱਚ ਪਹੁੰਚਾ ਦਿਤੇ ਜਾਂਦੇ ਹਨ। ਧਰਮ ਸ਼ਰਮ ਅਤੇ ਦੇਸ਼ ਵਾਸੀਆਂ ਦੀ ਹੋ ਰਹੀ ਦੁਰਦਸ਼ਾ ਨੂੰ ਵੇਖ ਕੇ ਜਿਥੇ ਅਕਾਲ ਪੁਰਖ ਨੂੰ ਹਾਅ ਦਾ ਨਾਹਰਾ ਮਾਰਦੇ ਹਨ ਉਥੇ ਲੋਕਾਂ ਨੂੰ ਉਠ ਕੇ ਬਾਬਰ ਦੇ ਹਮਲੇ ਦਾ ਮੁਕਾਬਲਾ ਕਰ, ਧਰਮ ਤੇ ਦੇਸ਼ ਦੀ ਸਲਾਮਤੀ ਲਈ ਮੈਦਾਨੇ ਅਮਲ ਵਿੱਚ ਉਤਰਣ ਦੀ ਚੁਨੌਤੀ ਸਨਮੁੱਖ ਰੱਖਦੇ ਹਨ ਕੋਈ ਸ਼ਕਤੀ ਦੇਵੀ ਦੁਰਗਾ ਦਾ ਪੁਜਾਰੀ, ਕਾਲੀ ਦਾ ਪੁਜਾਰੀ ਜਾਂ ਬਜਰਧਾਰੀ ਇੰਦਰ ਦਾ ਪੁਜਾਰੀ, ਕੋਈ ਮਚਦੀਆਂ ਅੱਗਾਂ ਵਿਚੋਂ ਜਨਮ ਲੈਣ ਵਾਲੇ ਰਾਜਪੂਤ, ਚੰਦਰਬੰਸੀ, ਸੂਰਜਬੰਸੀ ਪਰ ਕਿਸੇ ਨੇ ਇਹ ਚੁਣੌਤੀ ਪ੍ਰਵਾਨ ਕਰਨ ਦੀ ਜ਼ੁਅਰੱਤ ਨਹੀਂ ਕੀਤੀ, ਲੁੱਟੇ ਗਏ, ਕੁੱਟੇ ਗਏ, ਘਰਾਂ ਦੀ ਇੱਜਤ ਇਸਤਰੀਆਂ ਚੁੱਕੀਆਂ ਗਈਆਂ, ਬਲਾਤਕਾਰ ਹੋਏ, ਕੁਝ ਸੈਂਕੜੇ ਘੋੜ ਸਵਾਰਾਂ ਨੇ ਬਾਬਰ ਦੀ ਅਗਵਾਈ ਵਿੱਚ ਸਾਰੇ ਹਿੰਦੋਸਤਾਨ ਨੂੰ ਰੋਂਦ ਕੇ ਮੁਗਲ ਸਾਮਰਾਜ ਸਥਾਪਤ ਕਰ ਦਿੱਤਾ। ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਜਗ੍ਹਾ ਜਗ੍ਹਾ ਸੰਗਤਾਂ ਕਾਇਮ ਕੀਤੀਆਂ ਅਤੇ ਲੋਕ ਸ਼ਕਤੀ ਦਾ ਸੰਗਠਨ ਕੀਤਾ। ਗੁਰੂ ਸਾਹਿਬਾਨ ਦੀ ਇਸੇ ਸੰਗਤ ਨੂੰ ਸ੍ਰੀ ਦਸਮੇਸ਼ ਨੇ ਖਾਲਸੇ ਦਾ ਰੂਪ ਬਣਾਇਆ:
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ ੪੧-੧)
ਮਨੁੱਖੀ ਸਨਮਾਨ ਅਤੇ ਪਰਜਾ ਦੀ ਸਲਾਮਤੀ ਅਤੇ ਦੇਸ਼ ਦੀ ਅਜਾਦੀ ਲਈ ਇਨ੍ਹਾਂ ਸ਼ਬਦਾਂ ਰਾਹੀਂ ਗੁਰੂ ਪਾਤਸ਼ਾਹ ਕੁਰਬਾਨੀ ਦਾ ਮਾਰਗ ਨਿਸ਼ਚਿੱਤ ਕਰਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਪੰਨਾ ੧੪੧੨)
ਏਸ ਚੁਣੌਤੀ ਦੇ ਪ੍ਰਤੀ ਉਤਰ ਲਈ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨਿਰੰਤਰ ਯਤਨ ਕਰਦੇ ਰਹੇ। ਕਦੇ ਹਮਾਯੂੰ ਨਾਲ ਗੁਰੂ ਅੰਗਦ ਦੇਵ ਜੀ, ਅਕਬਰ ਨਾਲ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮ ਦਾਸ ਜੀ ਦਾ ਟਕਰਾਅ ਤਾਂ ਵਿਚਾਰਾਂ ਤੀਕ ਹੀ ਸੀਮਿਤ ਰਿਹਾ। ਜਹਾਂਗੀਰ ਵੇਲੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਏਸ ਅਜ਼ਾਦੀ ਦੇ ਮਾਰਗ ਤੇ ਚੱਲਣ ਦੀ ਗੁਰੂ ਪਾਤਸ਼ਾਹ ਦੀ ਪਹਿਲੀ ਸ਼ਹਾਦਤ ਹੈ। ਗੁਰੂ ਹਰਿਗੋਬਿੰਦ ਪਾਤਸ਼ਾਹ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਅਤੇ ਗੁਰੂ ਹਰਿਰਾਏ ਤੇ ਗੁਰੂ ਹਰਿਕਿਸ਼ਨ ਸਾਹਿਬ ਦਾ ਸ਼ਾਂਤ ਮਈ ਸਤਿਆਗ੍ਰਹਿ ਅਤੇ ਔਰੰਗਜ਼ੇਬ ਦੇ ਖਿਲਾਫ ਸ਼ਾਂਤ ਮਈ ਵਹਿਸ਼ਕਾਰ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸਰੀਰ ਦਾ ਠੀਕਰਾ ਬਾਦਸ਼ਾਹ ਦੇ ਸਿਰ ਭੰਨ ਦੇਣਾ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੀ ਚੁਣੌਤੀ ਦੇ ਪ੍ਰਸੰਗ ਵਿੱਚ ਹੀ ਹੈ:
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥ (ਦਸਮ ਗ੍ਰੰਥ ੫੪)
ਗੁਰੂ ਤੇਗ਼ ਬਹਾਦਰ ਜੀ ਦਾ ਸਰੀਰ ਨਾਲੋਂ ਅੱਡ ਹੋਇਆ ਸੀਸ ਲੈ ਕੇ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਪੁੱਜਦੇ ਹਨ ਤਾਂ ਬਾਲ ਗੁਰੂ ਗੋਬਿੰਦ ਰਾਏ ਨੂੰ ਸ਼ਹੀਦੀ ਸਾਕਾ ਅਤੇ ਬਾਦਸ਼ਾਹੀ ਜ਼ੁਲਮ ਅੱਗੇ ਧਰਮ ਗੋਪਨ (ਧਰਮ ਛੁਪਾਉਣ) ਦੀ ਕਮਜ਼ੋਰੀ ਦਾ ਵਰਨਣ ਕਰਦੇ ਹਨ ਤਾਂ ਉਸ ਵਕਤ ਸਿੰਘ ਗਰਜਣਾ ਕੀਤੀ:
ਲਾਖਹੁਂ ਜਗ ਕੇ ਨਰ ਇਕ ਥਾਇਂ । ਤਿਨ ਮਹਿਂ ਮਿਲੋੇ ਏਕ ਸਿਖ ਜਾਇ।
ਸਭਿ ਮਹਿਂ ਪ੍ਰਥਕ ਪਛਾਨ૪ੋਂ ਪਰੈ। ਰਲੈ ਨ ਕ૪ੋਹੂੰ ਕੈਸਿਹੁਂ ਕਰੈ॥ (ਗੁਰਪ੍ਰਤਾਪ ਸੂਰਜ ਰਿਤੁ ੧ ਅੰਸੂ ੭)
ਏਸ ਦੇ ਅਮਲ ਵਜੋਂ ਠੀਕ 1699 ਵਿੱਚ ਖਾਲਸਾ ਪੰਥ ਦੀ ਸਿਰਜਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਂਦੀ ਹੈ। ਸੀਸ ਤਲੀ ਤੇ ਧਰ ਕੇ ਆਉਣ ਦੀ ਜੋ ਮੰਗ ਗੁਰੂ ਨਾਨਕ ਸਾਹਿਬ ਨੇ ਕੀਤੀ ਉਸ ਨੂੰ ਸਿੱਖ ਗੁਰੂ ਸਾਹਿਬਾਨ ਵਲੋਂ ਤਿਆਰ ਕੀਤੀ ਲੋਕਾਈ ਨੇ ਸਵੀਕਾਰ ਕਰਦਿਆਂ ਹੋਇਆਂ ਪਹਿਲਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਤੇ ਫਿਰ ਹਜਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ 'ਸਤਿਗੁਰ ਆਗੈ ਸੀਸੁ ਭੇਟ ਦੇਉ' ਦੀ ਕਰਾਮਾਤ ਕਰ ਦਿਖਾਈ। ਗੁਰੂ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਦੇ ਘਰ ਆ ਇਨ੍ਹਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਚੇਲੇ ਦਾ ਵਿਤਕਰਾ ਹੀ ਮੁਕਾ 'ਆਪੇ ਗੁਰ ਚੇਲਾ' ਦੀ ਮਿਸਾਲ ਕਾਇਮ ਕਰ ਦਿੱਤੀ। ਜਿਸ ਨੇ ਖਾਲਸਾ ਪੰਥ ਵਿੱਚ ਪ੍ਰਵੇਸ਼ ਕੀਤਾ ਉਸ ਦਾ ਪਿਛਲਾ ਜਨਮ, ਜਾਤ, ਕੁਲ, ਧਰਮ, ਕਰਮ, ਨਾਸ ਕਰ ਉਸ ਨੂੰ 'ਸਿੰਘ' ਤੇ 'ਕੌਰ' ਦਾ ਇੱਕ ਨਾਮ ਇੱਕ ਸਰੂਪ ਦੇ ਸਰਦਾਰੀ ਬਖਸ਼ ਦਿੱਤੀ:
ਇਨਹੀਂ ਕੋ ਸਰਦਾਰ ਬਨਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਇਨ ਗ੍ਰੀਬ ਸਿੰਘਨ ਕੋ ਦਯੈ ਪਤਿਸ਼ਾਹੀ। ਏ ਯਾਦ ਰਖੈਂ ਹਮਰੀ ਗੁਰਿਆਈ। .... (੨੩)
(ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ)
ਜਾਤ-ਪਾਤ ਦੇ ਬੰਧਨ ਟੁੱਟ ਗਏ, ਭਰਮ ਜਾਲ ਕੱਟਿਆ ਗਿਆ ਖਾਲਸਾ ਨੂੰ ਜਾਗਤਜੋਤ ਦਾ ਅਨੁਸਾਰੀ ਬਨਾਇਆ ਅਤੇ '...ਮੁੱਖ ਤੇ ਹਰਿ ਚਿੱਤ ਮਹਿ ਜੁੱਧ ਬਿਚਾਰੈ॥' ਦੇ ਉਦੇਸ਼ ਦਾ ਧਾਰਨੀ ਬਨਾਇਆ। ਖਾਲਸੇ ਨੂੰ ਭਗਤੀ ਸ਼ਕਤੀ ਦੀਆਂ ਬਖਸ਼ਿਸ਼ਾਂ ਕਰਕੇ ਐਸਾ ਉੱਚ ਅਸਥਾਨ ਬਖਸ਼ਿਆ ਜਿਸ ਦੀ ਕੋਈ ਮਿਸਾਲ ਨਹੀਂ:
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ॥
ਖਾਲਸਾ ਕੇਵਲ ਕੋਈ ਵਿਅੱਕਤੀ ਨਾਮ ਨਹੀਂ ਬਲਕਿ ਆਦਰਸ਼ ਹੈ। ਜਰਮਨ ਦੇ ਪ੍ਰਸਿੱਧ ਫਿਲਾਸਫਰ ਨਿਤਸ਼ੇ ਨੇ ਅਤੇ ਸਰ ਕੈਸਰ ਵਿਲੀਅਮ ਆਦਿ ਨੇ ਸ਼ਕਤੀ ਨੂੰ ਹੀ ਆਦਰਸ਼ ਦੱਸਿਆ ਪਰ ਦਸਮੇਸ਼ ਜੀ ਨੇ ਆਦਰਸ਼ ਦੀ ਸ਼ਕਤੀ ਪ੍ਰਗਟ ਕੀਤੀ। ਖਾਲਸਾ ਆਦਰਸ਼ ਨੂੰ ਪ੍ਰਗਟ ਕਰਨ ਲਈ ਗੁਰੂ ਦਸ਼ਮੇਸ਼ ਨੇ ਆਪਣੇ ਪਿਤਾ, ਮਾਤਾ ਤੇ ਚਾਰੇ ਸਾਹਿਬਜ਼ਾਦੇ (ਸਰਬੰਸ) ਕੁਰਬਾਨ ਕਰ ਦਿੱਤਾ:
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥ (ਦਸਮ ਗ੍ਰੰਥ ੭੧੬)
ਚਾਲੀ ਭੁੱਖੇ ਤਿਹਾਏ ਸਿੱਖਾਂ ਦੀ ਲੱਖਾਂ ਦੀ ਫੌਜ ਨਾਲ ਹੋਈ ਚਮਕੌਰ ਦੀ ਜੰਗ ਪ੍ਰਭੂ ਭਗਤੀ, ਨਿਡਰਤਾ, ਸੂਰਮਗਤੀ ਦੀ ਅਜੇਹੀ ਮਿਸਾਲ ਹੈ ਜਿਸ ਦੀ ਉਦਾਹਰਣ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਨੰਗੇ ਪੈਰੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਦੇ ਜੰਗਲ ਵਿਚ ਪੋਹ ਦੀ ਠੰਢੀ ਯੱਖ ਰਾਤ ਬੇ-ਸਰੋਸਮਾਨ ਦੇ ਹਾਲਤ ਵਿਚ ਗੁਜਰ ਕੇ ਵੀ ਅਕਾਲ ਪੁਰਖ ਨਾਲ ਕੋਈ ਗਿਲਾ ਨਹੀ ਕੀਤਾ ਬਲਕਿ ਗੁਰਮਤਿ ਦੀ 'ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ, ਅਤੇ 'ਜੋ ਤੁਧੁ ਭਾਵੈ ਨਾਨਕਾ ਸਾਈ ਗਲ ਚੰਗੀ' ਤੇ ਰੱਬ ਦੀ ਰਜ਼ਾ ਵਿੱਚ 'ਮਿਤ੍ਰ ਪਿਆਰੇ ਨੂੰ' 'ਯਾਰੜੇ ਦਾ ਸੱਥਰ ਚੰਗਾ' ਕਹਿ ਕੇ ਸੀਸ ਝੁਕਾਇਆ। ਜਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਲੈ ਕੇ ਮਾਹੀ ਪਹੁੰਚਦਾ ਹੈ ਤਾਂ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਗੁਰਬਾਣੀ ਦੀ ਤੁਕ ਦੁਹਰਾਈ, 'ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ॥ ਖਾਲਸਾ ਆਦਰਸ਼ ਦੀ ਸ਼ਕਤੀ ਦ੍ਰਿੜਾਉਂਦਿਆਂ ਹੋਇਆਂ ਸਰਬੰਸ ਕੁਰਬਾਨ ਕਰ ਗਏ। ਜਦੋਂ ਮਾਤਾ ਜੀ ਨੇ ਸਾਹਿਜ਼ਾਦਿਆਂ ਬਾਬਤ ਪੁਛਿਆ ਤਾਂ ਸਿੱਖ ਸੰਗਤਾਂ ਵੱਲ ਇਸ਼ਾਰਾ ਕਰਦੇ ਹੋਏ ਫੁਰਮਾਇਆ 'ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।' 42 ਸਾਲਾਂ ਦਾ ਸਮੁੱਚਾ ਜੀਵਨ ਪਰਮ ਪੁਰਖ ਨੂੰ ਸਮੱਰਪਿਤ ਕਰਦਿਆਂ ਹੋਇਆਂ ਅਖੀਰ ਵਿੱਚ ਦੱਖਣ ਵਿੱਚ ਅਬਿੱਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿੱਚ ਅਪਣੀ ਜੋਤ ਅਭੇਦ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰਤਾ ਗੱਦੀ ਬਖ਼ਸ਼ ਅਤੇ 'ਗੁਰੂ ਮਾਨਿਓਂ ਗ੍ਰੰਥ' ਦਾ ਇਲਾਹੀ ਹੁਕਮ ਸਿੱਖ ਪੰਥ ਨੂੰ ਬਖ਼ਸ਼, ਪਰਮ ਪੁਰਖ ਵਿੱਚ ਅਭੇਦ ਹੋਏ।
ਦੁਨੀਆਂ ਦੇ ਵਿਚਾਰਵਾਨਾਂ ਨੇ ਸਮਾਜ ਦੇ ਦੁੱਖ ਦਰਦ ਤੋਂ ਓਪਰੀ ਭਗਤੀ ਨੂੰ 'ਸੌ ਮੁਰਦਾ ਭਗਤਾਂ ਦੇ ਕੋਲੋਂ ਇਕ ਜਿਊਂਦਾ ਕਾਫਿਰ ਚੰਗਾ' ਕਿਹਾ ਸੀ। 'ਪਰਮ ਪੁਰਖ ਦੇ ਦਾਸ' ਦਾ ਇਲਾਹੀ ਜੀਵਨ 'ਜੀਵੰਤ ਭਗਤੀ' ਦੀ ਮਿਸਾਲ ਹੈ ਜਿਸ ਵਿੱਚ ਸੂਰਬੀਰਤਾ ਖੁਦਾਈ ਰੰਗ ਵਿੱਚ ਰੰਗੀ ਹੋਈ ਹੈ,
ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ । (ਵਾਰ ੪੧-੧੪)
ਸੂਰਮੇਂ ਦੇ ਭਗਵੰਤ ਰੂਪ ਅਤੇ ਭਗਵੰਤ ਦੇ ਸੂਰਬੀਰ ਸਰੂਪ ਦੇ ਦਰਸ਼ਨ ਹਨ ਗੁਰੂ ਦਸਮੇਸ਼ ਵਿਚੋਂ।
ਜਰਮਨ ਦੇ ਪ੍ਰਸਿੱਧ ਫਿਲਾਸਫਰ ਨਿਤਸ਼ੇ ਨੇ ਕਿਹਾ ਸੀ ਕਿ ਸ਼ਕਤੀ ਹੀ ਮਨੁੱਖ ਦਾ ਆਦਰਸ਼ ਹੈ ਜਿਸਦੀ ਪਾਲਣਾ ਅਜੋਕੇ ਰਾਜਨੀਤਕ ਲੀਡਰ ਕਰ ਰਹੇ ਹਨ ਪਰ ਗੁਰੂ ਦਸਮੇਸ਼ ਨੇ ਆਦਰਸ਼ ਦੀ ਸ਼ਕਤੀ ਦਾ ਮਾਰਗ ਰੌਸ਼ਨ ਕੀਤਾ ਸੀ। ਖਾਲਸਾ ਉਹੀ ਅਖਵਾਉਣ ਦਾ ਹੱਕਦਾਰ ਹੈ ਜੋ ਖਾਲਸਾ ਆਦਰਸ਼ ਨੂੰ ਰੂਪਮਾਨ ਕਰਨ ਲਈ ਨਿੱਜਪ੍ਰਸਤੀ ਤੋਂ ਉਚੇਰਾ ਉੱਠ ਪੰਥ ਪ੍ਰਸਤੀ ਦੇ ਮਾਰਗ ਤੇ ਚਲਦਾ ਹੈ। ਇਹ ਆਦਰਸ਼ ਦੀ ਸ਼ਕਤੀ ਪਰਮ ਪੁਰਖ ਦੇ ਵਿਸ਼ਵਾਸ, ਸਿਮਰਨ, ਭਗਤੀ ਤੇ ਸਮਰਪਨ ਤੋਂ ਉਪਜਦੀ ਹੈ ਅਤੇ ਸਮੇਂ ਦੀ ਜਾਲਿਮ ਜਾਬਰ ਹਕੂਮਤ ਨਾਲ ਟਕਰਾਉਂਦੀ ਹੈ ਜਿਸਦਾ ਚਮਤਕਾਰ ਦਸਮੇਸ਼ ਜੀ ਦੇ ਆਦਰਸ਼ਕ ਜੀਵਨ ਵਿੱਚ ਸੂਰਜਵਤ ਰੌਸ਼ਨ ਹੈ।

ਪ੍ਰਧਾਨ, ਸਿੱਖ ਮਿਸ਼ਨ ਇੰਟਰਨੈਸ਼ਨਲ, ਮੈਂਬਰ, ਸ਼੍ਰੋਮਣੀ ਗੁ: ਪ੍ਰਬੰ: ਕਮੇਟੀ,
ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਕਮੇਟੀ,
ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਸਾਬਕਾ ਉੱਚ ਸਿੱਖਿਆ ਮੰਤਰੀ, ਪੰਜਾਬ।