ਖ਼ਾਲਸਾ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ
ਮਹਿੰਦਰ ਸਿੰਘ ਚਚਰਾੜੀ
ਬਾਬਾ ਬੰਦਾ ਸਿੰਘ ਬਹਾਦਰ 1708 ਈ: ਵਿਚ ਉਦੋਂ ਸਿੱਖ ਬਣਿਆ ਸੀ, ਜਦੋਂ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਦੇ ਆਖਰੀ ਪੜਾਅ ਦੌਰਾਨ ਨੰਦੇੜ ਵਿਖੇ ਗੋਦਾਵਰੀ ਨਦੀ
ਦੇ ਕੰਢੇ ਉਸਨੂੰ ਮਿਲੇ ਸਨ। ਇਹ ਕੋਈ ਅਚਾਨਕ ਹੋਇਆ ਮੇਲ ਨਹੀਂ ਸੀ, ਸਗੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ
ਮਗਰੋਂ ਗੁਰੂ ਗੋਬਿੰਦ ਸਿੰਘ ਜੀ ਖੁਦ ਉਸਦੀ ਭਾਲ ਵਿਚ ਸਨ, ਤਾਂ ਕਿ 'ਰਾਜ ਕਰੇਗਾ ਖ਼ਾਲਸਾ' ਦੇ ਸੰਕਲਪ
ਦੀ ਪੂਰਤੀ ਹੋ ਸਕੇ। ਇਸ ਲਈ ਉਨ੍ਹਾਂ ਇਸ ਕਾਰਜ ਲਈ ਬੰਦਾ ਸਿੰਘ ਬਹਾਦਰ ਨੂੰ ਚੁਣਿਆ, ਜਿਸਨੇ ਗੁਰੂ
ਗੋਬਿੰਦ ਸਿੰਘ ਜੀ ਦਾ ਰਹਿੰਦਾ ਕਾਰਜ ਪੂਰਾ ਕੀਤਾ।
ਨੰਦੇੜ ਤੋਂ ਪੰਜਾਬ ਤਕ ਲਗਭਗ 2000 ਕਿਲੋਮੀਟਰ ਦਾ ਪੈਂਡਾ ਪੈਦਲ ਤਹਿ ਕਰਨ, ਫੌਜ ਤਿਆਰ ਕਰਨ ਅਤੇ
ਸੰਘਰਸ਼ ਕਰਕੇ ਦੋ ਸਾਲਾਂ 'ਚ ਸਿੱਖ ਕੌਮ ਲਈ ਵੱਖਰੇ ਦੇਸ਼ ਦੀ ਸਥਾਪਨਾ ਕਰਨੀ ਬੰਦਾ ਸਿੰਘ ਬਹਾਦਰ ਦਾ
ਲਾਸਾਨੀ ਕਾਰਨਾਮਾ ਸੀ। ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਤੁਰਿਆ ਸੀ, ਉਸ ਵੇਲੇ ਉਸ ਕੋਲ ਗੁਰੂ
ਗੋਬਿੰਦ ਸਿੰਘ ਜੀ ਦੇ ਬਖਸ਼ੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। 'ਪੰਥ ਪ੍ਰਕਾਸ਼' ਅਨੁਸਾਰ ਗੁਰੂ
ਗੋਬਿੰਦ ਸਿੰਘ ਜੀ ਨੇ ਸਲਾਹ-ਮਸ਼ਵਰੇ ਲਈ ਪੰਜ ਸਿੰਘ, ਜਿਨ੍ਹਾਂ ਦੇ ਨਾਂ ਬਿਨੋਦ ਸਿੰਘ, ਬਾਜ ਸਿੰਘ,
ਕਾਹਨ ਸਿੰਘ, ਦਇਆ ਸਿੰਘ ਤੇ ਰਣ ਸਿੰਘ ਸਨ, ਵੀ ਬੰਦਾ ਸਿੰਘ ਬਹਾਦਰ ਦੇ ਨਾਲ ਤੋਰੇ। ਇਨ੍ਹਾਂ ਤੋਂ
ਇਲਾਵਾ 20 ਸਿੰਘ ਹੋਰ ਨਾਲ ਭੇਜੇ। ਇਨ੍ਹਾਂ 25 ਸਿੰਘਾਂ ਨਾਲ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦਾ
ਆਪਣਾ ਰਾਜ ਸਥਾਪਤ ਕਰਨ ਲਈ ਸੰਘਰਸ਼ ਅਰੰਭਿਆ।
ਬੰਦਾ ਸਿੰਘ ਬਹਾਦਰ ਦੇ ਤੁਰਨ ਦੀ ਦੇਰ ਸੀ ਕਿ ਦਿੱਲੀ ਪਹੁੰਚਦੇ ਸਾਰ 4000 ਘੋੜਸਵਾਰ ਅਤੇ 7800 ਹੋਰ
ਸਿਪਾਹੀ ਉਸ ਨਾਲ ਆ ਰਲੇ। ਇਹ ਸਾਰੇ ਸਿੱਖ ਨਹੀਂ ਸਨ, ਬਲਕਿ ਇਨ੍ਹਾਂ ਵਿਚ ਹਿੰਦੂ, ਮੁਸਲਮਾਨ,
ਰਾਜਪੂਤ, ਜੱਟ ਤੇ ਹੋਰਨਾਂ ਕੌਮਾਂ ਦੇ ਲੋਕ ਵੀ ਸਨ, ਜੋ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਦੁਖੀ ਸਨ।
ਹੌਲੀ-ਹੌਲੀ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ। ਬੰਦਾ ਸਿੰਘ
ਬਹਾਦਰ ਨੇ ਮੁਗ਼ਲ ਹਕੂਮਤ ਦੇ ਜ਼ੁਲਮਾਂ ਤੋਂ ਤੰਗ ਆਏ ਹਰ ਬੰਦੇ ਨੂੰ ਆਪਣੀ ਫੌਜ ਵਿਚ ਸ਼ਾਮਲ ਕੀਤਾ, ਭਾਵੇਂ
ਉਹ ਸਿੱਖ ਸੀ ਜਾਂ ਨਹੀਂ! ਇਹ ਬੰਦਾ ਸਿੰਘ ਬਹਾਦਰ ਦੀ ਖੁੱਲ੍ਹਦਿਲੀ ਤੇ ਦੂਰ-ਦ੍ਰਿਸ਼ਟੀ ਸੀ ਕਿ ਉਸਨੇ
ਹਕੂਮਤ ਨਾਲ ਟੱਕਰ ਲੈਣ ਦੀ ਸਮਰੱਥਾ ਪੈਦਾ ਕਰਨ ਲਈ ਗ਼ੈਰ-ਸਿੱਖਾਂ ਨੂੰ ਵੀ ਆਪਣੀ ਫੌਜ ਵਿਚ ਸ਼ਾਮਲ ਕੀਤਾ,
ਜੋ ਗੁਰਮਤਿ ਦੀਆਂ ਮਹਾਨ ਰਵਾਇਤਾਂ ਦੇ ਅਨੁਸਾਰ ਵੀ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਮੁਤਾਬਕ ਬੰਦਾ
ਸਿੰਘ ਬਹਾਦਰ ਦੀ ਫੌਜ ਵਿਚ 5000 ਦੇ ਕਰੀਬ ਮੁਸਲਮਾਨ ਵੀ ਸਨ, ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ
ਦੇ ਹਾਮੀ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸ਼ਾਮਲ ਵਧੇਰੇ ਮੁਸਲਮਾਨ ਅਜੋਕੇ
ਈਰਾਨ, ਇਰਾਕ, ਅਫਗਾਨਿਸਤਾਨ ਤੇ ਅਰਬ ਮੁਲਕਾਂ ਤੋਂ ਸਨ, ਜੋ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ
ਮੰਨਦੇ ਸਨ ਤੇ ਹੱਜ ਕਰਨ ਹਰ ਸਾਲ ਮੱਕੇ ਜਾਂਦੇ ਸਨ (ਇਥੇ ਜ਼ਿਕਰਯੋਗ ਹੈ ਕਿ ਆਪਣੀ ਪੱਛਮੀ ਮੁਲਕਾਂ ਦੀ
ਉਦਾਸੀ ਸਮੇਂ ਗੁਰੂ ਨਾਨਕ ਸਾਹਿਬ ਮੱਕੇ ਇਸ ਲਈ ਗਏ ਸਨ ਕਿ ਉਥੋਂ ਦੇ ਕਾਜ਼ੀਆਂ ਨੂੰ ਦੱਸਿਆ ਜਾ ਸਕੇ
ਕਿ ਉਥੇ ਸਿਜਦਾ ਕਰਕੇ ਭਾਰਤ ਆਉਂਦੇ ਰਹੇ ਮੁਸਲਮਾਨ ਹਮਲਾਵਰ ਕਿਵੇਂ ਲੋਕਾਂ 'ਤੇ ਜ਼ੁਲਮ ਢਾਹੁੰਦੇ ਸਨ।
ਜਦਕਿ ਮੱਕੇ ਦੇ ਕਾਜ਼ੀ ਇਹ ਸਮਝਦੇ ਸਨ ਕਿ ਉਹ ਇਸਲਾਮ ਦੀਆਂ ਸ਼ਰੀਅਤਾਂ ਮੁਤਾਬਕ ਕੰਮ ਕਰਦੇ ਸਨ। ਬੰਦਾ
ਸਿੰਘ ਬਹਾਦਰ ਦੀ ਫੌਜ 'ਚ ਸ਼ਾਮਲ ਮੁਸਲਮਾਨਾਂ ਦੇ ਵੱਡੇ-ਵਡੇਰੇ ਗੁਰੂ ਨਾਨਕ ਸਾਹਿਬ ਦੇ ਇਸ ਲਈ
ਪੈਰੋਕਾਰ ਬਣ ਗਏ ਸਨ ਕਿ ਉਹ ਮੱਕੇ ਗਏ ਸਨ)।
ਬੰਦਾ ਸਿੰਘ ਬਹਾਦਰ ਨੇ ਆਪਣੇ ਗੁਣਾਂ ਸਦਕਾ ਸਰਬ-ਸਾਂਝੇ ਜਰਨੈਲ, ਆਗੂ ਤੇ ਸ਼ਾਸਕ ਹੋਣ ਦਾ ਮਾਣ
ਪ੍ਰਾਪਤ ਕੀਤਾ। ਉਸਨੇ ਸਿੱਖੀ ਦੇ ਦਾਇਰੇ ਤੋਂ ਬਾਹਰ ਰਹਿ ਗਏ ਹਜ਼ਾਰਾਂ ਦਲਿਤ ਲੋਕਾਂ ਨੂੰ ਆਪਣੇ ਗਲ
ਨਾਲ ਲਾਇਆ ਅਤੇ ਉਨ੍ਹਾਂ ਦੀ ਭਲਾਈ ਲਈ ਮਹਾਨ ਕਾਰਜ ਕੀਤੇ। ਬੰਦਾ ਸਿੰਘ ਬਹਾਦਰ ਦੀ ਇਹ ਖਾਸੀਅਤ ਸੀ
ਕਿ ਉਹ ਰਈਸਾਂ ਵਲੋਂ ਖੋਹ-ਖਿੰਝਕੇ ਇਕੱਠੀ ਕੀਤੀ ਦੌਲਤ ਨੂੰ ਲੁੱਟਕੇ ਗਰੀਬਾਂ ਵਿਚ ਵੰਡ ਦਿੰਦਾ ਸੀ।
ਸਾਲ ਭਰ ਚੱਲੀ ਉਸਦੀ ਇਸ ਕਾਰਵਾਈ ਸਦਕਾ ਉਹ 'ਦਲਿਤਾਂ ਦਾ ਮਸੀਹਾ' ਬਣਕੇ ਉੱਭਰਿਆ, ਜਿਸਦੇ ਸਿੱਟੇ ਵਜੋਂ
ਹਜ਼ਾਰਾਂ ਦਲਿਤ ਉਸਦੀ ਫੌਜ ਵਿਚ ਸ਼ਾਮਲ ਹੋ ਗਏ। ਬੰਦਾ ਸਿੰਘ ਬਹਾਦਰ ਦੇ ਸਮਾਜ ਭਲਾਈ ਦੇ ਕਾਰਜ ਵੇਖ
ਵੱਡੀ ਗਿਣਤੀ 'ਚ ਵਪਾਰੀ ਲੋਕ ਵੀ ਉਸਦੀ ਮਦਦ 'ਤੇ ਆਏ।
ਮੁਸਲਮਾਨਾਂ, ਹਿੰਦੂਆਂ, ਜੱਟਾਂ, ਰਾਜਪੂਤਾਂ, ਦਲਿਤਾਂ ਤੇ ਸਿੱਖਾਂ ਦੀ ਫੌਜ ਨਾਲ ਬੰਦਾ ਸਿੰਘ ਬਹਾਦਰ
ਨੇ ਸਿੱਖ ਹੋਮਲੈਂਡ 'ਤੇ ਕਾਬਜ਼ ਹੋਈ ਜ਼ੁਲਮੀ ਸਰਹਿੰਦ ਰਿਆਸਤ ਦੇ ਵੱਡੇ ਗੜ੍ਹ ਸਮਾਣੇ 'ਤੇ 10 ਨਵੰਬਰ
1709 ਈ: ਨੂੰ ਹੱਲਾ ਬੋਲਿਆ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਇਸ ਮਗਰੋਂ ਕੈਂਥਲ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ, ਸਢੌਰਾ ਆਦਿ ਥਾਵਾਂ 'ਤੇ ਜਿੱਤਾਂ ਪ੍ਰਾਪਤ
ਕਰਦਿਆਂ ਸਰਹਿੰਦ ਵੱਲ ਨੂੰ ਵਧਣਾ ਸ਼ੁਰੂ ਕੀਤਾ। ਬੰਦਾ ਸਿੰਘ ਬਹਾਦਰ ਦੇ 'ਖ਼ਾਲਸਾ ਰਾਜ' ਵੱਲ ਵਧ ਰਹੇ
ਕਦਮਾਂ ਨੂੰ ਵੇਖਦਿਆਂ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਵੀ ਮੁਗਲ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ
ਬੁਲੰਦ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਦੀ ਫੌਜ ਨਾਲ ਆ ਰਲੇ। ਕੁਝ ਹੀ ਦਿਨਾਂ 'ਚ ਸਿੰਘਾਂ ਨੇ
ਸਰਹਿੰਦ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਆਖਰੀ ਹੱਲੇ ਦੀ ਤਿਆਰੀ ਹੋਣ ਲੱਗੀ। ਇਸ ਸਮੇਂ ਮੁਗ਼ਲ
ਫੌਜਾਂ ਦੀ ਗਿਣਤੀ 60,000 ਦੇ ਕਰੀਬ ਸੀ, ਜਦਕਿ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ 50,000 ਦੇ
ਕਰੀਬ ਸੀ।
ਦਿਨੋਂ-ਦਿਨ ਸਿੱਖ ਫੌਜਾਂ ਸਰਹਿੰਦ ਦਾ ਘੇਰਾ ਤੰਗ ਕਰਦੀਆਂ ਜਾ ਰਹੀਆਂ ਸਨ ਕਿ 12 ਮਈ 1710 ਨੂੰ
ਸਰਹਿੰਦ ਦੇ ਸੂਬੇਦਾਰ ਤੇ ਸਾਹਿਬਜ਼ਾਦਿਆਂ ਦੇ ਕਾਤਲ ਵਜ਼ੀਰ ਖਾਂ ਦਾ ਬੰਦਾ ਸਿੰਘ ਬਹਾਦਰ ਨਾਲ ਸਿੱਧਾ
ਟਾਕਰਾ ਹੋ ਗਿਆ (ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ 6 ਮਹੀਨੇ ਪਹਿਲਾਂ ਸਰਹਿੰਦ ਛੱਡ ਜਾਣ ਦੀ
ਚਿਤਾਵਨੀ ਦੇ ਦਿੱਤੀ ਸੀ, ਪਰ ਉਸ ਨੂੰ ਆਪਣੀ ਤਾਕਤ 'ਤੇ ਮਾਣ ਸੀ ਅਤੇ ਉਹ ਲੜਾਈ ਵਿਚ ਸਿੱਖਾਂ ਨਾਲ
ਦੋ-ਦੋ ਹੱਥ ਕਰਨ ਲਈ ਤਿਆਰ ਸੀ)। ਕੁਝ ਘੰਟਿਆਂ ਦੀ ਲੜਾਈ ਮਗਰੋਂ ਵਜ਼ੀਰ ਖਾਂ, ਬੰਦਾ ਸਿੰਘ ਬਹਾਦਰ
ਹੱਥੋਂ ਮਾਰਿਆ ਗਿਆ। ਜਦਕਿ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਮੁਤਾਬਕ ਜਿਸ ਸਮੇਂ ਬਾਜ ਸਿੰਘ
ਨੇ ਵਜ਼ੀਰ ਖਾਂ ਨੂੰ ਘੋੜੇ ਤੋਂ ਹੇਠਾਂ ਸੁੱਟ ਕੇ ਜ਼ਖਮੀ ਕਰ ਦਿੱਤਾ ਸੀ, ਉਸ ਸਮੇਂ ਇਕ ਸਿੰਘ ਨੇ ਵਜ਼ੀਰ
ਖਾਂ ਦੇ ਕਿਰਪਾਨ ਖੋਭ ਦਿੱਤੀ ਤੇ ਉਹ ਮਾਰਿਆ ਗਿਆ। ਜਦਕਿ ਵਧੇਰੇ ਵਜ਼ਨਦਾਰ ਤੱਥ (ਜੋ ਅੰਗਰੇਜ਼
ਇਤਿਹਾਸਕਾਰ ਮੈਕਾਲਫ ਨੇ ਲਿਖਿਆ) ਇਹ ਹੈ ਕਿ ਵਜ਼ੀਰ ਖਾਂ, ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਏਨੇ
ਜਾਹੋ-ਜਲਾਲ ਵਿਚ ਆ ਗਿਆ ਸੀ ਕਿ ਉਹ ਆਪਣੇ ਬਾਡੀਗਾਰਡਾਂ ਦਾ ਘੇਰਾ ਉਲੰਘਕੇ ਬੰਦਾ ਸਿੰਘ ਬਹਾਦਰ ਵੱਲ
ਵਧਿਆ ਅਤੇ ਆਹਮੋ-ਸਾਹਮਣੀ ਲੜਾਈ ਵਿਚ ਵਜ਼ੀਰ ਖਾਂ, ਬੰਦਾ ਸਿੰਘ ਬਹਾਦਰ ਹੱਥੋਂ ਮਾਰਿਆ ਗਿਆ। ਇਸ ਮਗਰੋਂ
ਮੁਗ਼ਲ ਫੌਜ ਮੈਦਾਨ ਛੱਡ ਕੇ ਦੌੜ ਗਈ ਅਤੇ ਬੰਦਾ ਸਿੰਘ ਬਹਾਦਰ ਨੇ ਸਰਹਿੰਦ 'ਤੇ ਕਬਜ਼ਾ ਕਰਕੇ ਖ਼ਾਲਸਈ
ਝੰਡੇ ਝੁਲਾ ਦਿੱਤੇ।
ਸਰਹਿੰਦ 'ਤੇ ਕਬਜ਼ਾ ਹੋਣ ਮਗਰੋਂ ਬੰਦਾ ਸਿੰਘ ਬਹਾਦਰ ਨੇ ਇਥੋਂ 150 ਕਿਲੋਮੀਟਰ ਪੂਰਬ ਵਿਚ ਸਥਿਤ
ਲੋਹਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ। ਫੌਜੀ ਨਜ਼ਰੀਏ ਤੋਂ ਇਹ ਇਕ ਵਧੀਆ ਚੋਣ ਸੀ।
ਟੁੱਟੇ-ਭੱਜੇ ਕਿਲ੍ਹੇ ਦੀ ਮੁਰੰਮਤ ਕਰਕੇ ਨਵਾਂ ਬਣਾਇਆ ਗਿਆ। ਪਹਿਲਾਂ ਇਸ ਕਿਲ੍ਹੇ ਦਾ ਨਾਂ
ਮੁਖਲਿਸਗੜ੍ਹ ਸੀ, ਜਿਸ ਨੂੰ ਸ਼ਾਹ ਜਹਾਨ ਦੇ ਜਰਨੈਲ ਮੁਖਲਿਸ ਖਾਂ ਨੇ ਤਾਮੀਰ ਕਰਵਾਇਆ ਸੀ। ਕਿਲ੍ਹੇ
ਦੀ ਮੁਰੰਮਤ ਮਗਰੋਂ ਸਿੱਖ ਫੌਜਾਂ ਦੇ ਸ਼ਸਤਰ-ਬਸਤਰ, ਖਜ਼ਾਨਾ ਤੇ ਹੋਰ ਅਹਿਮ ਦਸਤਾਵੇਜ਼ ਇਥੇ ਇਕੱਤਰ ਕੀਤੇ
ਗਏ ਅਤੇ ਕਿਲ੍ਹੇ ਦੇ 4 ਕਿਲੋਮੀਟਰ ਏਰੀਏ ਨੂੰ ਰਾਜਧਾਨੀ ਖੇਤਰ ਐਲਾਨਿਆ ਗਿਆ (ਇਹ ਥਾਂ ਅਜੋਕੇ
ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਕੋਲ ਹੈ)। ਬੰਦਾ ਸਿੰਘ ਬਹਾਦਰ ਰੋਜ਼ਾਨਾ 'ਸਿੱਖ ਦਰਬਾਰ' ਲਾਉਂਦਾ ਅਤੇ
ਲੋਕਾਂ ਦੀਆਂ ਦੁਖ-ਤਕਲੀਫਾਂ ਸੁਣਦਾ।
ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਦਾ ਵੱਖਰਾ ਸਿੱਕਾ ਜਾਰੀ ਕੀਤਾ ਅਤੇ ਇਸਦੀ ਛੁਰਰੲਨਚੇ ੜਉਲੲ
ਨਿਰਧਾਰਤ ਕੀਤੀ, ਜੋ ਮੁਗ਼ਲਾਂ ਦੇ ਸਿੱਕਿਆਂ ਨਾਲੋਂ ਵੱਧ ਸੀ। ਇਹ 'ਖ਼ਾਲਸਾ ਰਾਜ' ਦਾ ਸਿੱਕਾ ਕਹਾਇਆ,
ਜੋ ਫਾਰਸੀ ਵਿਚ ਜਾਰੀ ਕੀਤਾ ਗਿਆ। ਬੰਦਾ ਸਿੰਘ ਬਹਾਦਰ ਦੇ ਰਾਜ ਦੀ ਸਰਕਾਰੀ ਭਾਸ਼ਾ ਭਾਵੇਂ ਫਾਰਸੀ
ਸੀ, ਪਰ ਵੱਖ-ਵੱਖ ਜ਼ੁਬਾਨਾਂ ਨੂੰ ਵੀ ਲੋੜੀਂਦੀ ਮਾਨਤਾ ਹਾਸਲ ਸੀ। ਉਸਦੇ ਰਾਜ ਵਿਚ ਕੁਲ 28 ਭਾਸ਼ਾਵਾਂ
ਨੂੰ ਸਰਕਾਰੀ ਮਾਨਤਾ ਪ੍ਰਾਪਤ ਸੀ। ਬੰਦਾ ਸਿੰਘ ਬਹਾਦਰ ਦਾ ਰਾਜ ਅਜੋਕੇ ਭਾਰਤੀ ਪੰਜਾਬ, ਪਾਕਿਸਤਾਨੀ
ਪੰਜਾਬ, ਮੁਲਤਾਨ, ਈਰਾਨ, ਅਫਗਾਨਿਸਤਾਨ, ਕਸ਼ਮੀਰ, ਦਿੱਲੀ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਤਕ
ਫੈਲਿਆ ਹੋਇਆ ਸੀ। ਬੰਦਾ ਸਿੰਘ ਬਹਾਦਰ ਨੇ ਆਪਣੇ ਰਾਜ ਦਾ ਵਿਸਥਾਰ ਸਰਬੱਤ ਦੇ ਭਲੇ ਦੀ ਭਾਵਨਾ ਤਹਿਤ
ਕੀਤਾ, ਜੋ ਸੰਸਾਰ ਸ਼ਾਂਤੀ ਦਾ ਮੁੱਦਈ ਸੀ। ਉਸ ਵਲੋਂ ਜਾਰੀ ਹਰ ਸਿੱਕੇ, ਸਨਦ ਤੇ ਦਸਤਾਵੇਜ਼ 'ਤੇ 'ਜ਼ਰਬ
ਬ-ਅਮਾਨ ਦਹਿਰ' ਲਿਖਿਆ ਹੋਇਆ ਹੁੰਦਾ ਸੀ, ਜਿਸਦਾ ਮਤਲਬ ਸੀ 'ਸੰਸਾਰ ਦਾ ਸ਼ਾਂਤੀ ਅਸਥਾਨ'।
ਬੰਦਾ ਸਿੰਘ ਬਹਾਦਰ ਆਪਣੇ ਰਾਜ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਮੰਨਦਾ ਸੀ। ਉਸ ਦੇ ਰਾਜ ਵਿਚ ਹਰ ਕਿਲ੍ਹੇ
'ਤੇ ਗੁਰਬਾਣੀ ਦੀਆਂ ਤੁਕਾਂ ਅੰਕਿਤ ਕੀਤੀਆਂ ਹੋਈਆਂ ਸਨ। ਬੰਦਾ ਸਿੰਘ ਬਹਾਦਰ 'ਸੰਸਾਰ ਸ਼ਾਂਤੀ' (ਾੋਂਰਲਦ
ਫੲੳਚੲ) ਦਾ ਮੁੱਦਈ ਸੀ, ਜੋ ਸਰਬੱਤ ਦੇ ਭਲੇ ਵਾਲਾ 'ਖ਼ਾਲਸਾ ਰਾਜ' ਸਮੁੱਚੇ ਸੰਸਾਰ ਵਿਚ ਫੈਲਾਉਣਾ
ਚਾਹੁੰਦਾ ਸੀ। ਬੰਦਾ ਸਿੰਘ ਬਹਾਦਰ ਦੇ ਸਰਬੱਤਵਾਦੀ ਰਾਜ ਨੂੰ ਵੇਖਕੇ ਕਾਜ਼ੀਆਂ ਨੇ ਇਹ ਫਤਵੇ ਜਾਰੀ ਕਰ
ਦਿੱਤੇ ਸਨ ਕਿ ''ਬੰਦਾ ਸਿੰਘ ਬਹਾਦਰ ਅੱਲਾ ਦਾ ਰਸੂਲ ਹੈ, ਜੋ ਵਲੀ ਪੀਰ ਗੁਰੂ ਗੋਬਿੰਦ ਸਿੰਘ ਦੀ
ਕਿਰਪਾ ਨਾਲ ਧਰਤੀ 'ਤੇ ਆਇਆ ਹੈ।'' ਜਦਕਿ ਬ੍ਰਾਹਮਣਾਂ ਤੇ ਕਈ ਹਿੰਦੂ ਲਿਖਾਰੀਆਂ ਨੇ ਬੰਦਾ ਸਿੰਘ
ਬਹਾਦਰ ਨੂੰ 'ਲੜਾਕਾ' ਬਣਾ ਕੇ ਪੇਸ਼ ਕੀਤਾ ਹੈ। ਬੰਦਾ ਸਿੰਘ ਬਹਾਦਰ ਸ਼ਾਂਤ ਚਿੱਤ, ਸਹਿਜ, ਸੰਜਮੀ,
ਦਲੇਰ ਤੇ ਪਰਉਪਕਾਰੀ ਸ਼ਖਸੀਅਤ ਸੀ, ਜਿਸਨੇ ਗੁਰੂ ਨਾਨਕ ਦੀ ਸਰਬੱਤਵਾਦੀ ਸਿੱਖੀ ਨੂੰ ਅਮਲੀ ਅਰਥਾਂ 'ਚ
ਲਾਗੂ ਕਰਕੇ ਵਿਖਾਇਆ।
ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਈਰਖਾ ਕਰਦੇ ਕੁਝ ਬ੍ਰਾਹਮਣਾਂ ਨੇ ਬਾਦਸ਼ਾਹ ਬਹਾਦਰਸ਼ਾਹ ਨੂੰ ਇਹ ਝੂਠੀ
ਸ਼ਿਕਾਇਤ ਕਰ ਦਿੱਤੀ ਕਿ ਬੰਦਾ ਸਿੰਘ ਬਹਾਦਰ ਉਸ 'ਤੇ ਹਮਲਾ ਕਰਨਾ ਚਾਹੁੰਦਾ ਹੈ, ਤਾਂ ਬਾਦਸ਼ਾਹ ਖੁਦ 1
ਲੱਖ ਫੌਜ ਲੈ ਕੇ ''ਖ਼ਾਲਸਾ ਰਾਜ'' ਵਿਚ ਦਾਖਲ ਹੋਇਆ, ਪਰ ਸਿੰਘਾਂ ਦੀ ਤਾਕਤ ਮੂਹਰੇ ਖੜ੍ਹ ਨਾ ਸਕਿਆ।
ਡੇਢ ਮਹੀਨਾ ਲੋਹਗੜ੍ਹ ਦੇ ਇਰਦ-ਗਿਰਦ ਫੌਜੀ ਘੇਰਾ ਪਾਈ ਰੱਖਣ ਤੇ ਫੌਜੀ ਮਰਵਾਉਣ ਮਗਰੋਂ ਜਦ ਕੁਝ ਵੀ
ਉਸਦੇ ਹੱਥ-ਪੱਲੇ ਨਾ ਪਿਆ, ਤਾਂ ਉਸਨੇ ਘੇਰਾ ਚੁੱਕ ਲਿਆ ਅਤੇ ਵਾਪਸ ਦਿੱਲੀ ਮੁੜ ਗਿਆ। ਇਸ ਮਗਰੋਂ 18
ਫਰਵਰੀ 1712 ਨੂੰ ਉਸਦੀ ਮੌਤ ਹੋ ਗਈ। 1712 ਤੋਂ 7 ਦਸੰਬਰ 1715 ਤਕ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ
ਦੇ ਭਾਰੀ ਵਿਰੋਧ ਦੇ ਬਾਵਜੂਦ ''ਖ਼ਾਲਸਾ ਰਾਜ'' ਗੱਜ ਵੱਜ ਕੇ ਚਲਾਇਆ। ਇਸ ਮਗਰੋਂ ਉਸਨੂੰ 800 ਸਿੰਘਾਂ
ਸਮੇਤ ਗੁਰਦਾਸ ਨੰਗਲ ਦੀ ਗੜ੍ਹੀ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਿਆਨਕ ਤਸੀਹੇ ਦੇਣ ਮਗਰੋਂ 10
ਜੂਨ 1716 ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ।
ਬੰਦਾ ਸਿੰਘ ਬਹਾਦਰ ਦਾ 8 ਸਾਲ (1708 ਤੋਂ 1716 ਤਕ) ਦਾ ਸੰਘਰਸ਼ਸ਼ੀਲ ਜੀਵਨ ਤੇ ''ਖ਼ਾਲਸਾ ਰਾਜ'' ਦੀ
ਸਥਾਪਨਾ ਇਕ ਲਾਮਿਸਾਲ ਵਰਤਾਰਾ ਸੀ, ਜਿਸ ਤੋਂ ਸੇਧ ਲੈ ਕੇ ਸਿੱਖ ਕੌਮ ਨੂੰ ਆਜ਼ਾਦ 'ਖਾਲਸਾ ਰਾਜ' ਵੱਲ
ਤੇਜ਼ੀ ਨਾਲ ਕਦਮ ਵਧਾਉਣ ਦੀ ਲੋੜ ਹੈ। ਇਹ ਪੁਣਛਾਣ ਕਰਨ ਦੀ ਲੋੜ ਹੈ ਕਿ ਬੰਦਾ ਸਿੰਘ ਬਹਾਦਰ ਨੇ 2
ਸਾਲਾਂ ਦੇ ਸੰਘਰਸ਼ ਮਗਰੋਂ ਹੀ 'ਖ਼ਾਲਸਾ ਰਾਜ' ਸਥਾਪਤ ਕਰ ਦਿੱਤਾ ਸੀ, ਪਰ ਅਸੀਂ ਸਭ ਸਾਧਨਾਂ ਦੇ
ਬਾਵਜੂਦ 23 ਸਾਲਾਂ ( 1984 ਤੋਂ 2007 ਤਕ) ਵਿਚ 'ਖਾਲਸਾ ਰਾਜ' ਦੀ ਸਥਾਪਨਾ ਦੇ ਨੇੜੇ-ਤੇੜੇ ਵੀ ਨਹੀਂ
ਪਹੁੰਚ ਸਕੇ।
V.P.O. Chachrari, Teh, Jagraon, Distt. Ludhiana