13 ਅਪ੍ਰੈਲ ਨੂੰ ਸਿੱਖ ਦਸਤਾਰ ਦਿਵਸ ਤੇ ਵਿਸ਼ੇਸ਼ : ਦਸਤਾਰ

ਸਿਮਰਜੀਤ ਸਿੰਘ

ਕੇਸਾਧਾਰੀ ਰਹਿਣਾ ਪੁਰਾਤਨ ਕਾਲ ਤੋਂ ਨੇਕ ਅਤੇ ਮਹਾਨ ਵਿਅਕਤੀਆਂ ਦੀ ਮਰਯਾਦਾ ਰਹੀ ਹੈ। ਕੇਸਾਂ ਦੀ ਸੰਭਾਲ ਕਰਨ ਲਈ ਦਸਤਾਰਾਂ ਦੇ ਨਵੇਂ-ਨਵੇਂ ਰੂਪ ਧਾਰ ਕੇ, ਸਿਰ 'ਤੇ ਸਜਾ ਕੇ ਹਰ ਇਕ ਵਿਅਕਤੀ ਮਾਣ ਮਹਿਸੂਸ ਕਰਦਾ ਆਇਆ ਹੈ।ਦਸਤਾਰ ਕਦੋਂ ਤੇ ਕਿਵੇਂ ਪ੍ਰਚਲਿਤ ਹੋਈ ਭਾਵੇਂ ਇਸ ਬਾਰੇ ਵਿਚ ਸਾਨੂੰ ਕੋਈ ਸਬੂਤ ਨਹੀ ਮਿਲਦੇ ਪਰ ਫਿਰ ਵੀ ਪੀੜੀ ਦਰ ਪੀੜੀ ਚਲਦੀਆਂ ਆ ਰਹੀਆਂ ਮੋਖਿਕ ਕਹਾਣੀਆ ਅਤੇ ਸਾਡੇ ਰੋਜਾਨਾ ਜੀਵਨ ਅਤੇ ਰੀਤੀ ਰਿਵਾਜਾ ਤੋਂ ਦਸਤਾਰ ਦੀ ਮਹਾਨਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਦਸਤਾਰ ਦੀ ਅਰੰਭਤਾ ਅਤੇ ਇਸ ਦੀ ਪੁਰਾਤਨਾ ਬਾਰੇ ਪ੍ਰਸਿੱਧ ਲੇਖਕ ਸ. ਗੁਰਦਿਆਲ ਸਿੰਘ ਫੁੱਲ ਨੇ ਆਪਣੀ ਪੁਸਤਕ 'ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀ ਕੋਣ' ਵਿਚ ਜ਼ਿਕਰ ਕੀਤਾ ਹੈ ਕਿ ਆਦਿ ਮਨੁੱਖ ਜਦੋਂ ਉਹ ਜੰਗਲਾ ਵਿਚ ਰਹਿੰਦਾ ਸੀ ਉਥੇ ਉਸ ਨੂੰ ਗਰਮੀ ਅਤੇ ਸਰਦੀ ਦਾ ਘਾਤਕ ਅਸਰ ਉਸ ਦੇ ਸਿਰ ਤੇ ਹੁੰਦਾ ਸੀ ਅਤੇ ਜੰਗਲ ਵਿਚ ਉਸ ਦਾ ਅਕਸਰ ਮੁਕਾਬਲਾ ਜੰਗਲੀ ਜਾਨਵਰਾਂ ਨਾਲ ਹੁੰਦਾ ਰਹਿੰਦਾ ਸੀ, ਜੰਗਲੀ ਜਾਨਵਰ ਅਕਸਰ ਉਸ ਦੇ ਸਿਰ ਤੇ ਵਾਰ ਕਰਦਾ ਸੀ। ਦੂਜਾ ਜਦੋਂ ਉਸ ਦਾ ਮੁਕਬਲਾ ਕਿਤੇ ਦੂਸਰੇ ਵੈਰੀ ਨਾਲ ਹੋ ਜਾਂਦਾ ਸੀ ਤਾਂ ਉਹ ਵੀ ਸੋਟੇ ਨਾਲ ਉਸ ਦੇ ਸਿਰ ਤੇ ਹੀ ਵਾਰ ਕਰਦਾ ਸੀ। ਇਨ੍ਹਾਂ ਸਾਰਿਆਂ ਕਾਰਨਾ ਕਰ ਕੇ ਮਨੁੱਖ ਨੇ ਸਭ ਤੋਂ ਪਹਿਲਾਂ ਅਪਣਾ ਸਿਰ ਖੱਲ ਜਾ ਪੱਤਿਆਂ ਨਾਲ ਢੱਕਣਾ ਅਰੰਭ ਕਰ ਦਿੱਤਾ ਸੀ।
ਕੁਝ ਵਿਦਵਾਨਾ ਦਾ ਇਹ ਵੀ ਵਿਚਾਰ ਹੈ ਕਿ ਏਸ਼ੀਆਈ ਦੇਸ਼ਾਂ ਵਿਚੋਂ ਮਿਸਰ ਸਭ ਤੋਂ ਪੁਰਾਣਾ ਦੇਸ਼ ਹੈ। ਮਿਸਰ ਦਾ ਸਭ ਤੋਂ ਪਹਿਲਾ ਬਾਦਸ਼ਾਹ ਉਸੀਰੀਜ ਸੀ ਇਸ ਨੇ ਥੀਥਸ ਸ਼ਹਿਰ ਦਾ ਨਿਰਮਾਣ ਕਰਵਾਇਆ ਸੀ। ਇਥੇ ਹੀ ਮਿਸਰ ਦੀ ਸਭਿਅਤਾ ਫਲੀ ਫੁਲੀ ਸੀ। ਇਹ ਬਾਦਸ਼ਾਹ ਹਿੰਦੋਸਤਾਨ ਤੇ ਪਹਿਲਾਂ ਹਮਲਾਵਾਰ ਹੋਇਆ ਹਿੰਦੋਸਤਾਨ ਦੇ ਲੋਕਾਂ ਨੇ ਇਸ ਦਾ ਮੁਕਾਬਲਾ ਕੀਤਾ ਪਰ ਹਾਰ ਗਏ। ਬਾਦਸ਼ਾਹ ਉਸੀਰੀਜ ਨੇ ਆਪਣੀ ਦਾਈ ਦੇ ਨਾ ਤੇ ਨਿਸਾ ਨਾ ਦਾ ਇਕ ਸ਼ਹਿਰ ਵਸਾਇਆ ਜਿਸ ਨੂੰ ਸੰਸਕ੍ਰਿਤ ਵਿਚ ਨਿਸ਼ਾਦ ਆਖਦੇ ਸਨ। ਜਿਹੜੇ ਬੁਢਾਪੇ ਅਤੇ ਕਮਜੋਰੀ ਕਾਰਨ ਵਾਪਿਸ ਨਹੀ ਸੀ ਜਾ ਸਕੇ ਉਹ ਇਥੇ ਹੀ ਵਸ ਗਏ। ਉਸੀਰੀਸ ਨੇ ਹਿੰਦੋਸਤਾਨ ਦੇ ਲੋਕਾਂ ਨੂੰ ਖੇਤੀ ਕਰਨ ਦੇ ਕਈ ਨਵੇਂ ਤਰੀਕੇ ਸਿਖਾਏ। ਉਸ ਨੇ ਹਿੰਦੋਸਤਾਨੀਆਂ ਨੂੰ ਸਭ ਤੋਂ ਪਹਿਲਾਂ ਪੱਗ ਬਨਣ ਅਤੇ ਯੂਨਾਨੀ ਨਾਚ ਸਿਖਾਇਆ। ਉਸ ਨੇ ਹਿੰਦੋਸਤਾਨ ਦੇ ਲੋਕਾਂ ਤੇ ਜੋ ਉਪਕਾਰ ਕੀਤੇ ਉਸ ਕਾਰਨ ਹਿੰਦੋਸਤਾਨੀ ਉਸ ਨੂੰ ਦੇਵਤੇ ਦੇ ਰੂਪ ਵਿਚ ਮੰਨਣ ਲੱਗ ਪਏ। ਪਲੂਟਰਚ ਦੀ ਲਿਖਤਾਂ ਵਿਚ ਨਿਰਸੰਦੇਹ ਇਹ ਗਲ ਸਿੱਧ ਕੀਤੀ ਗਈ ਹੈ ਕਿ ਮਿਸਰ ਦਾ ਇਸਸ ਅਤੇ ਉਸੀਰੀਜ਼ ਹੀ ਹਿੰਦੂਆਂ ਦੇ ਈਸ਼ੂ ਅਤੇ ਈਸ਼ਵਰ ਦੇ ਰੂਪ ਵਿਚ ਪ੍ਰਚਲਿਤ ਹੈ।
ਹਿੰਦੂ ਕਾਲ ਦੀ ਦਸਤਾਰ:-
ਦਸਤਾਰ ਦਾ ਸਭ ਤੋਂ ਪੁਰਾਣਾ ਵਰਨਣ ਦੁਨੀਆ ਦੇ ਸਭ ਤੋਂ ਪੁਰਾਣੇ ਗ੍ਰੰਥ ਹਿੰਦੂ ਧਰਮ ਦੇ ਵੇਦਾ ਵਿਚੋਂ ਮਿਲਦਾ ਹੈ। ਇਨ੍ਹਾ ਵਿਚ ਜਿਕਰ ਹੈ ਕਿ ਹਿੰਦੂ ਲੋਕ ਜਿਨ੍ਹਾਂ ਨੂੰ ਆਰਿਆ ਵੀ ਕਿਹਾ ਜਾਂਦਾ ਹੈ ਉਨ੍ਹਾਂ ਦੀ ਪੋਸ਼ਾਕ ਦੇ ਤਿੰਨ ਭਾਗ ਹੁੰਦ ਸਨ। ਕਮਰ ਦੇ ਥਲੇ ਪਹਿਨਣ ਵਾਲੇ ਵਸਤਰ ਜਿਵੇਂ ਧੋਤੀ ਆਦਿ, ਸਰੀਰ ਦੇ ਮੱਧ ਭਾਗ ਵਿਚ ਪਹਿਨੇ ਜਾਣ ਵਾਲੇ ਵਸਤਰ ਜਿਨ੍ਹਾਂ ਨੂੰ ਇਹ ਵਾਸ ਕਹਿੰਦੇ ਸਨ। ਸਰੀਰ ਦੇ ਸਭ ਤੋਂ ਉਪਰਲੇ ਭਾਗ ਤੇ ਪਹਿਨੇ ਜਾਣ ਵਾਲੇ ਵਸਤਰ ਜਿਵੇਂ ਕਿ ਦਸਤਾਰ। ਉਤਰ ਵੈਦਿਕ ਕਾਲ ਵਿਚ ਸਾਨੂੰ ਦਸਤਾਰ ਦਾ ਵਰਨਣ ਮੋਲੀ ਦੇ ਰੂਪ ਵਿਚ ਮਿਲਦਾ ਹੈ। ਮੰਨੂ ਸਿਮ੍ਰਤੀ ਵਿਚ ਵੀ ਸਾਨੂੰ ਪੱਗ ਵਾਰੇ ਪਤਾ ਚਲਦਾ ਹੈ। ਡਾ. ਰਾਧਾ ਕ੍ਰਿਸ਼ਨ ਮੁਕਰਜੀ ਦੀ ਪੁਸਤਕ ਚੰਦਰਗੁਪਤ ਮੋਰਿਆ ਅਤੇ ਉਸ ਦਾ ਕਾਲ ਵਿਚੋਂ ਸਾਨੂੰ ਇਸ ਗਲ ਦਾ ਪਤਾ ਚਲਦਾ ਹੈ ਕਿ ਉਸ ਸਮੇਂ ਇਕ ਖਾਸ ਕਮਰਾ ਦਸਤਾਰ ਸਜਾਉਣ ਲਈ ਹੁੰਦਾ ਸੀ। ਤਿਲੇ ਨਾਲ ਕੱਢਿਆ ਕਪੜਾ ਪਗੜੀ ਲਈ ਵਰਤਿਆ ਜਾਦਾ ਸੀ।
ਮੁਸਲਿਮ ਕਾਲ ਵਿਚ ਦਸਤਾਰ:-
ਭਾਰਤ ਵਿਚ ਮੁਗਲਾਂ ਦੀ ਆਮਦ 711 ਈ. ਵਿਚ ਮੁਹਮੰਦ ਬਿਨ ਕਾਸਿਮ ਦੇ ਹਮਲਿਆ ਨਾਲ ਸ਼ੁਰੂ ਹੋਈ ਇਸ ਦੇ ਨਾਲ ਹੀ ਭਾਰਤ ਤੇ ਮੁਸਲਿਮ ਪ੍ਰਭਾਵ ਵੀ ਵਧਿਆ। ਮੁਸਲਮਾਨਾ ਵਿਚ ਦਸਤਾਰ ਦਾ ਬੜਾ ਸਤਕਾਰ ਕੀਤਾ ਜਾਂਦਾ ਹੈ। ਇਨ੍ਹਾਂ ਦਾ ਦਸਤਾਰ ਸਜਾਉਣ ਦਾ ਢੰਗ ਹਿੰਦੋਸਤਾਨੀ ਢੰਗ ਨਾਲੋ ਵਖਰਾ ਸੀ। ਅਲਤਮਸ਼ ਦੀ ਪੁੱਤਰੀ ਰਜੀਆ ਸੁਲਤਾਨਾ ਜਦੋਂ ਤਖਤ ਤੇ ਬਿਰਾਜਮਾਨ ਹੋਈ ਤਾਂ ਉਹ ਮਰਦਾਂ ਵਾਂਗ ਕੁਲਹਾ ਅਤੇ ਦਸਤਾਰ ਸਜਾ ਕੇ ਦਰਬਾਰ ਕਰਦੀ ਸੀ। ਇਸਲਮੀ ਦੇਸ਼ਾਂ ਵਿਚ ਸ਼ਾਹੀ ਦਰਬਾਰਾ ਵਿਚ ਸਾਹਿਤਕ ਸਮਾਗਮ ਪੱਗਾ ਬੰਨ ਕੇ ਹੀ ਕੀਤੇ ਜਾਂਦੇ ਸਨ।
ਭਾਰਤ 'ਤੇ ਅਨੇਕਾਂ ਧਾੜਵੀਆਂ ਨੇ ਆ ਕੇ ਹਮਲਾ ਕੀਤਾ ਅਤੇ ਇਹ ਧਾੜਵੀ ਹਮੇਸ਼ਾ ਆਪਣੀਆਂ ਪੱਗਾਂ ਨੂੰ ਤਾਂ ਹੀਰੇ ਮੋਤੀਆਂ ਨਾਲ ਸ਼ਿੰਗਾਰਦੇ ਪਰ ਗ਼ੁਲਾਮਾਂ ਨੂੰ ਕੇਸ ਕਤਲ ਕਰਨ ਲਈ ਮਜਬੂਰ ਕਰਦੇ ਤਾਂ ਕਿ ਉਹ ਪੱਗਾਂ ਨਾ ਬੰਨ੍ਹ ਸਕਣ, ਜਿਸ ਨਾਲ ਸਾਡੇ ਅਨਮੋਲ ਵਿਰਸੇ ਨੂੰ ਭਾਰੀ ਸੱਟ ਵੱਜਦੀ ਰਹੀ। ਇਕ ਇਤਿਹਾਸਕ ਘਟਨਾ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ 'ਗੁਰਪ੍ਰਤਾਪ ਸੂਰਜ ਗ੍ਰੰਥ' ਵਿਚ ਕੀਤਾ ਹੈ ਕਿ ਪਾਂਡਵ ਰਾਜ ਦੇ ਬਹੁਤ ਸਮਾਂ ਬਾਅਦ ਭਾਰਤ ਵਿਚ ਨੰਦ ਨਾਮਕ ਖਾਨਦਾਨ ਦੇ ਰਾਜੇ ਰਾਜ ਕਰਦੇ ਸਨ। ਇਕ ਨੰਦ ਰਾਜਾ ਉੱਘੇ ਪ੍ਰਤਾਪ ਦਾ ਮਾਲਕ ਸੀ। ਉਸ ਨੇ ਛੋਟੇ-ਮੋਟੇ ਰਾਜਿਆਂ ਨੂੰ ਜਿੱਤ ਕੇ ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਪਰ ਨੰਦ ਰਾਜਾ ਅੰਦਰੋਂ-ਅੰਦਰੀ ਬਹੁਤ ਡਰਦਾ ਸੀ ਕਿ ਇਹ ਰਾਜੇ ਉਸ ਦੇ ਰਾਜ ਨੂੰ ਨਸ਼ਟ ਨਾ ਕਰ ਦੇਣ। ਨੰਦ ਰਾਜੇ ਨੇ ਆਪਣੇ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕੀਤਾ ਕਿ ਇਨ੍ਹਾਂ ਦੀ ਤਾਕਤ ਨੂੰ ਕਿਸ ਤਰ੍ਹਾਂ ਨਸ਼ਟ ਕੀਤਾ ਜਾਵੇ, ਸੋ ਸਾਰਿਆਂ ਨੇ ਸਲਾਹ ਦਿੱਤੀ ਕਿ ਇਨ੍ਹਾਂ ਰਾਜਿਆਂ ਦੇ ਕੇਸ ਕਤਲ ਕਰ ਦਿੱਤੇ ਜਾਣ:
ਦਿਜਬਰ ਬਿਦਿਯਾ ਜਿਤਕ ਪ੍ਰਬੀਨਾ। ਸਭ ਕੋ ਕੀਜਹਿ ਕੇਸ ਬਹੀਨਾ।
ਸ਼ੂਦ੍ਰ ਛਾਪ ਅਪਨੀ ਦਿਹੁ ਲਾਇ। ਮੂੰਡੇ ਸੀਸ ਮੰਤ੍ਰ ਨਿਹਫਲਾਇ।
ਬਰਨੀ ਸਿਧ ਨੇ ਕਿਸ ਕੀ ਹੋਇ। ਅਨਕ ਉਪਾਇ ਕਰੇ ਜੇ ਕੋਇ।
(ਗੁਰ ਪ੍ਰਤਾਪ ਸੂਰਜ ਗ੍ਰੰਥ)
ਸਭ ਵਿਦਵਾਨਾਂ ਨੂੰ ਕੈਦ ਕਰਕੇ ਉਨ੍ਹਾਂ ਦੇ ਕੇਸ ਅਤੇ ਦਾੜ੍ਹੀਆਂ ਜਬਰਦਸਤੀ ਮੁੰਡਵਾ ਦਿੱਤੀਆਂ ਗਈਆਂ।
ਇਕ ਸਮਾਂ ਸੀ ਜਦੋਂ ਕੇਸ ਕਤਲ ਕਰਨਾ ਭਾਰੀ ਸਜ਼ਾ ਸਮਝੀ ਜਾਂਦੀ ਸੀ। ਇਸ ਦੇ ਪ੍ਰਮਾਣ ਭੀ ਮਿਲਦੇ ਹਨ ਕਿ ਰੁਕਮਣੀ ਦੇ ਬਿਨੈ ਕਰਨ ਉੱਤੇ ਉਸ ਦੇ ਭਰਾ ਰੁਕਮਣ ਦਾ ਸਿਰ ਕੱਟਣ ਦੀ ਥਾਂ ਕ੍ਰਿਸ਼ਨ ਜੀ ਨੇ ਉਸ ਦੇ ਕੇਸ ਕੱਟ ਦਿੱਤੇ ਸਨ।
ਸਿੱਖ ਧਰਮ ਵਿਚ ਦਸਤਾਰ ਦੀ ਮਹਾਨਤਾ:-
ਸਿੱਖ ਧਰਮ ਵਿਚ ਦਸਤਾਰ ਦੇ ਸਤਿਕਾਰ ਦੀ ਕਹਾਣੀ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ। ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੇਸਾਂ ਦਾ ਸਤਿਕਾਰ ਕਰਦਿਆਂ ਸਿਰ 'ਤੇ ਦਸਤਾਰ ਸਜਾਉਂਦੇ ਸਨ। ਇਸ ਬਾਰੇ ਕਵੀ ਸੰਤੋਖ ਸਿੰਘ ਜੀ ਚੂੜਮਣੀ ਨੇ 'ਸ੍ਰੀ ਨਾਨਕ ਪ੍ਰਕਾਸ਼' ਵਿਚ ਜ਼ਿਕਰ ਕੀਤਾ ਹੈ ਕਿ-
ਜਲ ਲੋਚਨ ਕੰਜ ਬਿਸਾਲ ਭਲੇ ਸਿਰ ਪੈ ਉਸ਼ਨੀਕਹਿ ਨੀਕ ਬਨ੍ਹਾਈ।
ਚਟਸਾਰ ਜਹਾਂ ਅਤਿ ਚਾਰੁ ਬਨੀ ਬਹੁ ਬਾਰਿਕ ਬਾਰਹਿ ਬਾਰ ਅਲਾਈ।
ਅਰਥਾਤ ਜਦੋਂ ਬਾਲ ਨਾਨਕ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਪਾਂਧੇ ਪਾਸ ਚਟਸਾਲ ਵਿਚ ਲੈ ਕੇ ਗਏ ਤਾਂ ਉਸ ਸਮੇਂ ਬਾਲ ਨਾਨਕ ਨੇ ਸਿਰ ਉੱਪਰ ਸੁੰਦਰ ਦਸਤਾਰ ਸਜਾਈ ਹੋਈ ਸੀ।
ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ-ਘਰ ਤੋਂ ਹਰ ਸਾਲ ਦਸਤਾਰ ਰੂਪੀ ਸਿਰੋਪਾਓ ਬਖਸ਼ਿਸ਼ ਹੁੰਦਾ ਰਿਹਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਸਤਾਰ ਦੀ ਮਹਾਨਤਾ ਨੂੰ ਸਮਝਦੇ ਹੋਏ ਦੂਹਰੀ ਦਸਤਾਰ ਸਜਾਈ ਜਿਸ ਦੀ ਸੁੰਦਰਤਾ ਤੇ ਜਾਹੋ-ਜਲਾਲ ਦਾ ਜ਼ਿਕਰ ਸਮਕਾਲੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਕੀਤਾ।
ਦਸਤਾਰ ਬੰਨਣ ਦੇ ਅਲਗ ਅਲਗ ਢੰਗ:-
ਦਸਤਾਰ ਦੀ ਇਕ ਮਹੱਤਤਾ ਇਹ ਵੀ ਹੈ ਕਿ ਇਸ ਦੇ ਬਨੰਣ ਦੇ ਢੰਗ ਤੋਂ ਦੂਰੋ ਹੀ ਅੰਦਾਜਾ ਲਗਾਇਆ ਜਾ ਸਕਦਾ ਹੇ ਕਿ ਮਨੁੱਖ ਕਿਸ ਧਰਮ ਜਾ ਫਿਰਕੇ ਨਾਲ ਸਬੰਧ ਰਖਦਾ ਹੈ। ਦਸਤਾਰ ਦੇ ਬੰਧੇਜ ਦੇ ਅਧਾਰ ਤੇ ਉਸ ਨੂੰ ਅਲਗ ਅਲਗ ਨਾਵਾਂ ਨਾਲ ਜਾਣਿਆ ਜਾਂਦਾ ਹੈ:-
ਤੁਰਕਾਂ ਦੀ ਦਸਤਾਰ:-
ਤੁਰਕਾਂ ਦੀ ਦਸਤਾਰ ਬੰਨਣ ਦਾ ਢੰਗ ਭਾਰਤੀਆਂ ਨਾਲੋ ਵਖਰਾ ਹੈ। ਇਹ ਅਮੀਰ ਤੁਰਕ ਇਕ ਕਪੜੈ ਨੂੰ ਰੱਸੀ ਵਾਂਗ ਵੱਟ ਦੇ ਕੇ ਸਿਰ ਤੇ ਦਸਤਾਰ ਸਜਾਉਂਦੇ ਹਨ। ਕਪੜੇ ਦੀ ਬਣਾਈ ਹੋਈ ਰੱਸੀ ਨੂੰ ਸਿਰ ਦੇ ਵਿਚਕਾਰ ਇਕ ਨੋਕਦਾਰ ਟੋਪੀ ਰੱਖ ਉਸ ਆਲੇ ਦੁਆਲੇ ਲਪੇਟਦੇ ਹਨ ਇਸ ਟੋਪੀ ਨੂੰ ਉਹ ਕੁਲਾਹ ਆਖਦੇ ਹਨ।
ਤੁਰਰੇ ਵਾਲੀ ਦਸਤਾਰ:-
ਤੁਰਰੇ ਵਾਲੀ ਦਸਤਾਰ ਦਾ ਪ੍ਰਚਲਨ ਵੀ ਭਾਰਤ ਵਿਚ ਮੁਸਲਮਾਨਾ ਦੇ ਸਮੇਂ ਵਿਚ ਹੋਇਆ ਹੀ ਮੰਨਿਆਂ ਜਾਂਦਾ ਹੈ। ਇਸ ਵੰਧੇਜ ਵਿਚ ਦਸਤਾਰ ਦੇ ਇਕ ਸਿਰੇ ਵਾਲੇ ਲੜ ਨੂੰ ਸਿਰ ਤੇ ਕਲਗੀ ਵਾਂਗ ਛੱਡਿਆਂ ਜਾਂਦਾ ਹੈ। ਜਿਸ ਨੂੰ ਸ਼ਮਲਾ ਜਾ ਦੁੰਮਲੜਾ ਵੀ ਕਿਹਾ ਜਾਂਦਾ ਸੀ। ਇਸੇ ਪੱਗ ਦੇ ਜਰੀਦਾਰ ਪੱਲੇ ਨੂੰ ਚਿੱਲਾ ਕਿਹਾ ਜਾਂਦਾ ਸੀ। ਇਸ ਦਸਤਾਰ ਦਾ ਦੂਸਰਾ ਲੜ ਪਿੱਛੇ ਨੂੰ ਲਟਕਾਇਆਂ ਜਾਂਦਾ ਸੀ ਜਿਸ ਨੂੰ ਤੁਰਰਾ ਜਾਂ ਟੋਰਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਦਸਤਾਰ ਮੁਸਲਮਨਾ ਵਿਚ ਖਾਸ ਇਜਤ ਦਾ ਪ੍ਰਤੀਕ ਸੀ। ਸਰਕਾਰੀ ਦਰਬਾਰ ਵੱਲੋਂ ਮਨੁੱਖ ਦੀ ਹੈਸੀਅਤ ਦੇ ਅਨੁਸਾਰ ਹੀ ਉਸ ਦੇ ਸ਼ਮਲੇ ਤੇ ਤੁਰਰੇ ਦੀ ਲੰਬਾਈ ਨਿਸ਼ਚਿਤ ਹੁੰਦੀ ਸੀ।
ਖਾਲਸਾ ਕਾਲ ਸਮੇਂ ਦਸਤਾਰ:-
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਉਪਰੰਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨਵਾਂ ਰੂਪ ਦੇਣ ਦਾ ਪ੍ਰਣ ਲਿਆ ਤਾਂ ਕਿ ਉਹ ਕਿਸੇ ਵੀ ਜਾਲਮ ਦੇ ਜੁਲਮ ਅੱਗੇ ਨਾ ਝੁਕਣ। ਇਸ ਕਾਰਜ ਦੀ ਪੂਰਤੀ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਵਿਚ ਨਿਆਂਰਾਪਣ ਲਿਆਉਣ ਲਈਇਸ ਦੀ ਨੁਹਾਰ ਨੂੰ ਹੋਰ ਨਿਆਰਾ ਬਨਾਉਣ ਲਈ ਉਪਰਾਲੇ ਕੀਤੇ। 1699 ਈ. ਦੀ ਵਿਸਾਖੀਨੂੰ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਨਾ ਕਰ ਕੇ ਸਿੱਖਾਂ ਨੂੰਂ ਨਵਾਂ ਰੂਪ ਦਿੱਤਾ। ਗੁਰੂ ਜੀ ਦਸਤਾਰ ਨੂੰ ਸਿੱਖਾਂ ਲਈ ਹਰ ਸਮੇਂ ਆਪਣੇ ਨਾਲ ਰੱਖਣੀ ਜ਼ਰੂਰੀ ਕਰ ਦਿੱਤੀ।
ਤੱਤ ਖਾਲਸਾ ਕਾਲ ਵਿਚ ਦਸਤਾਰ:-
ਤੱਤ ਖਾਲਸਾ ਦੇ ਸਮੇਂ ਸਿੱਖਾਂ ਦੇ ਸਿਰਾਂ ਦੇ ਮੁਲ ਪੈਣੇ ਸ਼ੁਰੂ ਹੋ ਗਏ ਅਤੇ ਕੁਝ ਲਾਲਚੀ ਲੋਕ ਪੈਸੇ ਦੇ ਲਾਲਚ ਵਿਚ ਸਿੱਖਾਂ ਨੂੰ ਫੜਾਉਣ ਲੱਗ ਪਏ। ਸਿੱਖ ਘਰ ਵਾਰ ਛੱਡ ਕੇ ਜੰਗਲਾ ਵਿਚ ਜਾ ਲੁਕੇ। ਅਜਿਹੇ ਸਮੇਂ ਸਿੱਖਾਂ ਨੂੰ ਰੋਟੀ-ਕੱਪੜਾ ਜੁਟਾਉਣਾ ਮੁਸ਼ਕਿਲ ਹੋ ਗਿਆ ਅਜਿਹੇ ਬਿਖੜੇ ਸਮੇਂਵਿਚ ਜਦੋਂ ਸਿੱਖਾਂ ਨੂੰ ਕਛਹਿਰਾ ਅਤੇ ਠੰਡ ਤੋਂ ਰਾਹਤ ਪਾਉਣ ਲਈ ਕੰਬਲ ਜੁਟਾਉਣਾ ਵੀ ਮੁਸ਼ਕਿਲ ਹੋ ਗਿਆ ਸੀ ਉਸ ਸਮੇਂ ਵੀ ਸਿੱਖਾਂ ਨੇ ਸਿਰ ਨੂੰ ਨੰਗਾ ਨਹੀ ਰੱਖਿਆ।
ਨਿਹੰਗ ਸਿੰਘਾਂ ਦੇ ਦਸਤਾਰੇ :-
'ਨਿਹੰਗ ਸਿੰਘ' ਸ਼ਬਦ ਸੰਸਕ੍ਰਿਤ ਦੇ ਸ਼ਬਦ 'ਨਿਹਸ਼ੰਕ' ੱਚੋਂ ਆਇਆ ਹੈ, ਜਿਸ ਦਾ ਮਤਲਬ ਹੈ: ਬਹਾਦੁਰ, ਦਲੇਰ, ਨਿਡਰ, ਉਹ ਜਿਸ ਨੂੰ ਮੌਤ ਦਾ ਡਰ ਨਹੀਂ ਹੁੰਦਾ। ਇਸ ਲਫਜ਼ ਦੀ ਸ਼ੁਰੂਆਤ ਸਿੱਖ ਇਤਿਹਾਸ ਵਿਚ ਗੁਰੂ ਅਰਜਨ ਸਾਹਿਬ ਤੋਂ ਹੁੰਦੀ ਹੈ:
ਨਿਰਭਉ ਹੋਇਓ ਭਇਆ ਨਿਹੰਗਾ॥ (ਆਸਾ ਮ: 5, ਪੰਨਾ 392)
ਨਿਹੰਗਾਂ ਦੇ ਪਿਛੋਕੜ ਬਾਰੇ ਵੱਖ ਵੱਖ ਲੇਖਕਾਂ ਦੇ ਵੱਖ ਵੱਖ ਵਿਚਾਰ ਹਨ। ਕਈਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਪੇਸ਼ੀਨਗੋਈ ਦੱਸੀ ਹੈ ਕਿ ਸਮਾਂ ਪਾ ਕੇ ਨਿਸ਼ਾਨਾਂ ਵਾਲਾ (ਫਰਹਰੇ ਵਾਲਾ) ਪੰਥ ਚਲੇਗਾ। ਦੂਜਾ ਨੁਕਤਾ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਦੁਮਾਲਾ ਸਜਾ ਕੇ ਇਕ ਵਾਰ ਗੁਰੂ ਸਾਹਿਬ ਦੇ ਸਾਹਮਣੇ ਆਏ ਤਾਂ ਗੁਰੂ ਸਾਹਿਬ ਨੇ ਫ਼ਰਮਾਇਆ ਕਿ ਇਸ ਬਾਣੇ ਦਾ ਇਕ ਨਿਹੰਗ ਪੰਥ ਹੋਵੇਗਾ, ਜੋ ਬੜੀ ਪ੍ਰਸਿੱਧੀ ਪਾਵੇਗਾ। ਤੀਜਾ ਨੁਕਤਾ ਇਹ ਦੱਸਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਆਏ ਤਾਂ ਉਨ੍ਹਾਂ ਪੀਰ ਵਾਲਾ ਕੌਤਕ ਕਰਨ ਤੋਂ ਬਾਅਦ ਪੀਰ ਵਾਲਾ ਨੀਲਾ ਬਾਣਾ ਅੱਗ ਦੀ ਭੇਟਾ ਕੀਤਾ ਅਤੇ ਇਕ ਨੀਲੀ ਲੀਰ ਕਟਾਰ ਦੇ ਨਾਲ ਬੰਨ੍ਹੀਂ। ਇੰਜ ਨੀਲਾਂਬਰੀ ਸੰਪਰਦਾ ਹੋਂਦ ਵਿਚ ਆਈ। ਚੌਥਾ ਨੁਕਤਾ ਭਾਈ ਮਾਨ ਸਿੰਘ ਤੋਂ ਸ਼ੁਰੂ ਹੋਇਆ ਦੱਸਦਾ ਹੈ।
ਦਸਤਾਰ ਵਿਚ ਫਰਹਰਾ ਲਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ ਹੋਈ ਹੈ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ੱਤੇ 16 ਜਨਵਰੀ 1704 ਨੂੰ ਹਮਲਾ ਕੀਤਾ। ਇਸ ਜੰਗ ਵਿਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ। ਭਾਈ ਸਾਹਿਬ ਨੂੰ ਜਦੋਂ ਇਕ ਗੋਲੀ ਪਹਾੜੀ ਫੌਜਾਂ ਦੀ ਆ ਕੇ ਲੱਗੀ ਤਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਏ। ਇਸ ਨਾਲ ਨਿਸ਼ਾਨ ਸਾਹਿਬ ਵੀ ਹੇਠਾਂ ਡਿੱਗ ਪਿਆ। ਇਹ ਇਤਲਾਹ ਜਦੋਂ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਨ੍ਹਾਂ ਆਪਣੀ ਛੋਟੀ ਦਸਤਾਰ ਵਿਚੋਂ ਇਕ ਲੀਰ ਪਾੜ ਕੇ ਦਸਤਾਰ ਦੇ ਉੱਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨੇ-ਜੰਗ ਵਿਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ (ਫਰਹਰਾ) ਸਜਾਇਆ ਕਰਨਗੇ। ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਹਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਵੀ ਆਪਣੀਆਂ ਕੇਸਕੀਆਂ ਵਿਚੋਂ ਲੀਰਾਂ ਪਾੜ ਕੇ ਦਸਤਾਰਾਂ ਦੇ ਉੱਪਰ ਸਜਾ ਲਈਆਂ। ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਇਹ 'ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ' ਪੰਥ ਵਿਚ ਬੜਾ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਨਿਹੰਗਾਂ ਦਾ ਜਨਮ ਮੰਨਿਆ ਜਾਂਦਾ ਹੈ।
ਨਿਹੰਗ ਸਿੰਘਾਂ ਵੱਲੋਂ ਸਜਾਏ ੱਦਸਤਾਰੇ' ਖਾਸ ਖਿੱਚ ਦਾ ਕਾਰਨ ਹੁੰਦੇ ਹਨ। ਇਹ ਦਸਤਾਰੇ ਕਈ ਵੇਰ ਦੋ ਫੁੱਟ ਤੋਂ ਵੀ ਵੱਧ ਉੱਚੇ ਹੁੰਦੇ ਹਨ। ਜਿਨ੍ਹਾਂ ਵਿਚ ਚੱਕਰ ਅਤੇ ਛੋਟੀਆਂ ਕ੍ਰਿਪਾਨਾਂ ਅਤੇ ਖੰਡੇ ਸਜਾਏ ਹੁੰਦੇ ਹਨ।
ਸਿੱਖਾਂ ਦਾ ਦਸਤਾਰ ਪ੍ਰਤੀ ਸੰਘਰਸ਼:-
ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿਚ ਹਮੇਸ਼ਾ ਹੀ ਸਿੱਖਾਂ ਦੀ ਪੱਗ ਚਰਚਾ ਦਾ ਵਿਸ਼ਾ ਰਹੀ ਹੈ। ਇਸ ਦਾ ਇਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਸਿੱਖਾਂ ਨੇ ਕਦੇ ਵੀ ਕਿਸੇ ਜ਼ਾਲਮ ਸਰਕਾਰ ਅੱਗੇ ਝੁਕ ਕੇ ਆਪਣੀ ਦਸਤਾਰ ਉਤਾਰ ਕੇ ਗ਼ੁਲਾਮੀ ਕਬੂਲ ਨਹੀਂ ਕੀਤੀ ਸਗੋਂ ਦਸਤਾਰ ਦੀ ਆਨ-ਸ਼ਾਨ ਲਈ ਸਿਰ-ਧੜ ਦੀ ਬਾਜ਼ੀ ਲਗਾ ਦਿੱਤੀ। ਇਹੋ ਕਾਰਨ ਹੈ ਕਿ ਭਾਰਤ ਦੀ ਅਜ਼ਾਦੀ ਵਿਚ ਵੀ 80% ਸਿੱਖ ਹੀ ਜੂਝੇ ਅਤੇ ਇਨ੍ਹਾਂ ਦਾ ਇਨਕਲਾਬੀ ਸੰਦੇਸ਼ ਵੀ ਇਹ ਸੀ ''ਪਗੜੀ ਸੰਭਾਲ'' ਜਿਸ ਨੇ ਸਿੱਖਾਂ ਵਿਚ ਨਵੀਂ ਰੂਹ ਫੂਕ ਦਿੱਤੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਨੇ ਫੌਜੀਆਂ ਨੂੰ ਲੋਹ-ਟੋਪ ਪਾਉਣਾ ਲਾਜ਼ਮੀ ਕਰਾਰ ਕਰ ਦਿੱਤਾ ਪਰ ਸਿੱਖਾਂ ਨੇ ਆਪਣੀ ਅਜ਼ਾਦੀ ਦੀ ਨਿਸ਼ਾਨੀ ਅਤੇ ਸਿਰ ਦੇ ਤਾਜ ਦਸਤਾਰ ਉੱਪਰ ਕਿਸੇ ਤਰ੍ਹਾਂ ਦਾ ਲੋਹ-ਟੋਪ ਪਹਿਨਣ ਤੋਂ ਡਟ ਕੇ ਇਨਕਾਰ ਕਰ ਦਿੱਤਾ, ਉਨ੍ਹਾਂ ਨੂੰ ਸਿਰ ਵਿਚ ਗੋਲੀ ਲੱਗ ਕੇ, ਅਜ਼ਾਦ ਹਸਤੀ ਦੇ ਤੌਰ 'ਤੇ ਸ਼ਹੀਦ ਹੋਣਾ ਪ੍ਰਵਾਨ ਸੀ ਪਰ ਆਪਣੀ ਦਸਤਾਰ ਦੇ ਉੱਪਰ ਗ਼ੁਲਾਮੀ ਦਾ ਚਿੰਨ੍ਹ ਟੋਪੀ ਪਹਿਨ ਕੇ ਆਪਣੀ ਜਾਨ ਬਚਾ ਕੇ ਜੀਣਾ ਮਨਜ਼ੂਰ ਨਹੀਂ ਸੀ ਅਤੇ ਉਨ੍ਹਾਂ ਨੇ ਬਰਤਾਨੀਆਂ ਦੀ ਸਰਕਾਰ ਨੂੰ ਕਹਿ ਦਿੱਤਾ ਕਿ ਜੇਕਰ ਕੋਈ ਸਿੱਖ ਸਿਪਾਹੀ ਜੰਗ ਦੌਰਾਨ ਸਿਰ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਤਾਂ ਉਹ ਕੋਈ ਪੈਨਸ਼ਨ ਨਹੀਂ ਲੈਣਗੇ ਪਰ ਆਪਣੀ ਦਸਤਾਰ ਉੱਪਰ ਲੋਹ-ਟੋਪ ਨਹੀਂ ਪਹਿਨਣਗੇ।
ਸਿੱਖ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚ ਕੇ ਆਪਣੀ ਮਿਹਨਤ ਅਤੇ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ ਪਰ ਉਨ੍ਹਾਂ ਨੂੰ ਉਥੇ ਪਰਾਏ ਦੇਸ਼ਾਂ ਵਿਚ ਵੀ ਆਪਣੀ ਅਜ਼ਾਦੀ ਦੀ ਪ੍ਰਤੀਕ ਦਸਤਾਰ ਲਈ ਕੋਈ ਘੱਟ ਸੰਘਰਸ਼ ਨਹੀਂ ਕਰਨਾ ਪਿਆ। ਅਸਲ ਵਿਚ 1849 ਈ. ਵਿਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕੀਤਾ ਤਾਂ ਸਿੱਖਾਂ ਦਾ ਸੰਪਰਕ ਅੰਗਰੇਜ਼ਾਂ ਨਾਲ ਫੌਜੀਆਂ ਦੇ ਰੂਪ ਵਿਚ ਹੋਣ ਲੱਗਾ ਅਤੇ ਬਹੁਤ ਸਾਰੇ ਸਿੱਖਾਂ ਨੂੰ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਅਤੇ 1900 ਈ. ਤਕ ਬਹੁਤ ਸਾਰੇ ਸਿੱਖ ਫੌਜੀ ਵਿਦੇਸ਼ਾਂ ਵਿਚ ਚਲੇ ਗਏ ਅਤੇ ਉਥੇ ਹੀ ਵੱਸ ਗਏ। 1950 ਈ. ਤਕ ਬਹੁਤ ਸਾਰੇ ਪ੍ਰਵਾਸੀ ਆਪਣੇ ਪਰਵਾਰਾਂ ਨੂੰ ਵਿਦੇਸ਼ਾਂ ਵਿਚ ਲੈ ਗਏ ਅਤੇ ਉਥੇ ਪੱਕੇ ਤੌਰ 'ਤੇ ਵੱਸ ਗਏ। ਵਿਦੇਸ਼ਾਂ ਵਿਚ ਪੱਕੇ ਤੌਰ 'ਤੇ ਵੱਸਣ ਨਾਲ ਉਨ੍ਹਾਂ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਖਾਸ ਤੌਰ 'ਤੇ ਦਸਤਾਰ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਰਨਾ ਪੈ ਰਿਹਾ ਹੈ। ਇਕ ਵਾਰ ਅਮਰੀਕਾ ਵਿਚ 'ਪ੍ਰੀਤਲੜੀ' ਰਸਾਲੇ ਦੇ ਸੰਪਾਦਕ ਸ. ਗੁਰਮੁਖ ਸਿੰਘ ਨੂੰ ਸਿਨੇਮਾ ਹਾਲ ਵਿਚ ਦਾਖਲ ਹੋਣ ਸਮੇਂ ਪਗੜੀ ਉਤਾਰ ਦੇਣ ਲਈ ਮਜਬੂਰ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਸਿਨੇਮਾ ਹਾਲ ਵਿਚੋਂ ਬਾਹਰ ਆਉਣਾ ਪਿਆ। ਅੱਜ ਵੀ ਜਦੋਂ ਕੋਈ ਸਿੱਖ ਪੱਛਮੀ ਦੇਸ਼ਾਂ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੇ ਦਿਮਾਗ 'ਤੇ ਸਭ ਤੋਂ ਪਹਿਲਾਂ ਇਹੋ ਪ੍ਰਭਾਵ ਪਾਇਆ ਜਾਂਦਾ ਹੈ ਕਿ ਉਹ ਦਸਤਾਰ ਮੁਕਤ ਹੋ ਜਾਏ। ਇਸੇ ਤਰ੍ਹਾਂ ਜਦੋਂ ਸ. ਹਰਭਜਨ ਸਿੰਘ (ਯੋਗੀ) ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਦਸਤਾਰ ਉਤਾਰ ਦੇਣ ਦੀ ਸਲਾਹ ਦਿੱਤੀ ਗਈ ਪਰ ਉਹ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸਨ, ਜਿਸ ਦਾ ਉਨ੍ਹਾਂ ਨੇ ਅਮਰੀਕੀਆਂ ਨੂੰ ਸਮਝਾਉਣ ਲਈ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਚਾਰ ਕੀਤਾ। ਸਿੱਟੇ ਵਜੋਂ ਹਜ਼ਾਰਾਂ ਅਮਰੀਕੀ ਪੁਰਸ਼ ਅਤੇ ਇਸਤਰੀਆਂ ਦਸਤਾਰ ਦੀ ਮਹਾਨਤਾ ਨੂੰ ਸਮਝਦੇ ਹੋਏ ਦਸਤਾਰਧਾਰੀ ਬਣ ਗਏ। ਸੰਨ 1977-78 ਵਿਚ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿਚ ਸਕੂਲ 'ਚ ਛੇਵੀਂ ਜਮਾਤ ਵਿਚ ਪੜ੍ਹਦੇ ਕੁਲਵਿੰਦਰ ਸਿੰਘ ਨੂੰ ਦਸਤਾਰ ਸਜਾਈ ਹੋਣ ਕਾਰਨ ਸਕੂਲ ਵਿਚੋਂ ਕੱਢ ਦਿੱਤਾ ਗਿਆ। ਬੱਚਾ ਚੁੱਪਚਾਪ ਕਲਾਸ ਵਿਚੋਂ ਬਾਹਰ ਆਇਆ ਅਤੇ ਇਕ ਗੱਤੇ 'ਤੇ ਸਕੂਲੋਂ ਕੱਢੇ ਜਾਣ ਬਾਰੇ ਸੰਖੇਪ ਵਰਣਨ ਲਿਖ ਕੇ ਛਾਤੀ ਨਾਲ ਲਾ ਕੇ ਅਤੇ ਬਸਤਾ ਗਲ ਵਿਚ ਪਾ ਕੇ ਸਕੂਲ ਦੇ ਬਾਹਰ ਸੜਕ ਦੇ ਕੰਢੇ 'ਤੇ ਖੜ੍ਹਾ ਹੋ ਗਿਆ। ਸਕੂਲੋਂ ਛੁੱਟੀ ਹੋ ਜਾਣ ਤੋਂ ਬਾਅਦ ਵੀ ਬੱਚਾ ਉਥੇ ਹੀ ਖੜ੍ਹਾ ਰਿਹਾ। ਲੰਘਦੇ ਲੋਕੀਂ ਉਸ ਵੱਲ ਦੇਖਦੇ ਅਤੇ ਹੈੱਡਮਾਸਟਰ ਨੂੰ ਬੁਰਾ-ਭਲਾ ਕਹਿਣ ਲੱਗ ਜਾਂਦੇ। ਅਗਲੇ ਦਿਨ ਸਿੱਖਿਆ ਵਿਭਾਗ ਦੇ ਵੱਡੇ ਅਫ਼ਸਰ ਨੇ ਸਾਰੀ ਰਾਤ ਠੰਢ ਵਿਚ ਠਠੰਬਰਦੇ ਕੁਲਵਿੰਦਰ ਸਿੰਘ ਨੂੰ ਉਥੋਂ ਹਟਾਇਆ ਅਤੇ ਉਸ ਨੂੰ ਦਸਤਾਰ ਸਜਾ ਕੇ ਸਕੂਲ ਆਉਣ ਦੀ ਆਗਿਆ ਦਿੱਤੀ। ਇਸ ਘਟਨਾ ਨੇ ਸਾਰੇ ਇੰਗਲੈਂਡ ਵਿਚ ਦਰਸਾ ਦਿੱਤਾ ਕਿ ਸਿੱਖਾਂ ਲਈ ਦਸਤਾਰ ਦੀ ਕੀ ਮਹਾਨਤਾ ਹੈ।
ਇੰਗਲੈਂਡ ਵਿਚ ਹੀ 1972-73 ਵਿਚ ਹਰ ਇਕ ਮੋਟਰ ਸਾਈਕਲ ਜਾਂ ਸਕੂਟਰ ਦੇ ਸਵਾਰ ਲਈ ਲੋਹ-ਟੋਪ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਗਿਆ ਜੋ ਸਿੱਖ ਮੋਟਰ ਸਾਈਕਲ ਸਵਾਰਾਂ ਲਈ ਸਮੱਸਿਆ ਬਣ ਗਈ। ਸਿੱਖਾਂ ਨੇ ਦੋ ਪਹੀਆ ਸਵਾਰੀ ਦੀ ਵਰਤੋਂ ਬੰਦ ਕਰ ਦਿੱਤੀ ਪਰ ਦਸਤਾਰ ਦੀ ਥਾਂ ਲੋਹ-ਟੋਪ ਨਹੀਂ ਪਾਏ। ਆਖਰ ਲੰਬੀ ਕਾਨੂੰਨੀ ਲੜਾਈ ਬਾਅਦ ਸਿੱਖਾਂ ਨੇ ਦਸਤਾਰ ਦੀ ਧਾਰਮਿਕ ਮਹੱਤਤਾ ਦਰਸਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਮਾਰਤ ਉਸਾਰੀ ਵਾਲੀਆਂ ਥਾਵਾਂ 'ਤੇ ਵੀ ਸਿੱਖਾਂ ਨੂੰ ਰਵਾਇਤੀ ਪੱਗ ਬੰਨ੍ਹ ਕੇ ਕੰਮ ਕਰਨ ਦੀ ਆਗਿਆ ਮਿਲ ਗਈ।
ਕੈਨੇਡਾ ਵਿਚ ਇਕ ਸਿੱਖ ਨੇ ਪੁਲਿਸ ਵਿਚ ਭਰਤੀ ਹੋਣ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਜਦੋਂ ਉਸ ਨੂੰ ਵਰਦੀ ਪਾਉਣ ਲਈ ਦਿੱਤੀ ਗਈ ਤਾਂ ਉਸ ਨੇ ਟੋਪੀ ਦੀ ਥਾਂ ਦਸਤਾਰ ਦੀ ਮੰਗ ਕੀਤੀ। ਕੇਸ ਪ੍ਰਧਾਨ ਮੰਤਰੀ ਤਕ ਚਲਾ ਗਿਆ ਜਿਸ ਨੇ ਕਾਨੂੰਨ ਦੇ ਮਾਹਿਰਾਂ ਨਾਲ ਸਲਾਹ ਕਰਕੇ ਦਸਤਾਰ ਦੇਣ ਦੇ ਹੁਕਮ ਕਰ ਦਿੱਤੇ ਤੇ ਸਿੱਖ ਪੁਲਿਸ ਅਫ਼ਸਰ ਨੂੰ ਟੋਪੀ ਦੀ ਥਾਂ ਦਸਤਾਰ ਦੇਣੀ ਮਨਜ਼ੂਰ ਕਰ ਲਈ।
ਹੁਣ ਮਾਰਚ 2004 ਤੋਂ ਫਰਾਂਸ ਵਿਚ ਰਹਿੰਦੇ ਸਿੱਖ ਆਪਣੀ ਅਜ਼ਾਦੀ ਦੀ ਨਿਸ਼ਾਨੀ ਦਸਤਾਰ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ ਫਰਾਂਸ ਸਰਕਾਰ ਨੇ ਜ਼ਾਹਰਾ ਦਿੱਸਦੇ ਧਾਰਮਿਕ ਚਿੰਨ੍ਹ ਪਹਿਨ ਕੇ ਜਨਤਕ ਥਾਵਾਂ 'ਤੇ ਜਾਣ ਦੀ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਸਕੂਲਾਂ ਵਿਚ ਪੜ੍ਹਦੇ ਸਿੱਖ ਵਿਦਿਆਰਥੀਆਂ ਲਈ ਦਸਤਾਰ ਪਹਿਨ ਕੇ ਸਕੂਲਾਂ ਵਿਚ ਜਾਣ ਦੀ ਮਨਾਹੀ ਕਰ ਦਿੱਤੀ। ਫਰਾਂਸ ਵਿਚ 200 ਦੇ ਕਰੀਬ ਸਿੱਖ ਵਿਦਿਆਰਥੀ ਸਕੂਲਾਂ ਵਿਚ ਪੜ੍ਹਦੇ ਹਨ। ਇਸ ਬੰਦਿਸ਼ ਵਾਲੇ ਕਾਨੂੰਨਾਂ ਦਾ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਵਿਦੇਸ਼ਾਂ ਦੇ ਸਿੱਖਾਂ ਵੱਲੋਂ ਅਤੇ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਜਿਸ ਦਾ ਫਰਾਂਸ ਸਰਕਾਰ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ। ਸਿੱਖਾਂ ਨੇ ਆਪਣੀ ਆਨ-ਸ਼ਾਨ ਦੀ ਪ੍ਰਤੀਕ ਦਸਤਾਰ ਨੂੰ ਬਹਾਲ ਰੱਖਣ ਲਈ ਫਰਾਂਸ ਵਿਚ ਆਪਣੇ ਬੱਚਿਆਂ ਲਈ ਅਲੱਗ ਸਕੂਲ ਖੋਲ੍ਹਣ ਦਾ ਫੈਸਲਾ ਕਰ ਲਿਆ ਹੈ।
ਅੱਜ ਸਾਨੂੰ ਆਪਣੇ ਦੇਸ਼ ਵਿਚ ਵੀ ਦਸਤਾਰ ਲਈ ਕੋਈ ਘੱਟ ਜੱਦੋ-ਜਹਿਦ ਨਹੀਂ ਕਰਨੀ ਪੈ ਰਹੀ। ਕਈ ਜਥੇਬੰਦੀਆਂ ਜੋ ਸਿੱਖਾਂ ਦੇ ਇਸ ਅਜ਼ਾਦੀ ਦੇ ਚਿੰਨ੍ਹ ਦਸਤਾਰ ਤੋਂ ਖਾਰ ਖਾਂਦੀਆਂ ਹਨ ਅਤੇ ਸਿੱਖਾਂ ਦੀ ਅਜ਼ਾਦ ਹਸਤੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਸਿੱਖਾਂ ਨੂੰ ਉਨ੍ਹਾਂ ਦੇ ਅਮੀਰ ਵਿਰਸੇ ਤੋਂ ਦੂਰ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਕਦੇ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਰਾਹ ਜਾਂਦੇ ਸਿੱਖ ਨੌਜਵਾਨਾਂ ਨੂੰ ਪੁਲਿਸ ਦੀ ਮਦਦ ਨਾਲ ਜਲੀਲ ਕਰਕੇ ਉਨ੍ਹਾਂ ਦੀ ਦਸਤਾਰ 'ਤੇ ਤਾਨ੍ਹੇ ਕੱਸੇ ਜਾਂਦੇ ਰਹੇ। ਕਦੀ ਪਗੜੀਧਾਰੀਆਂ ਦਾ ਸ਼ਰ੍ਹੇਆਮ ਕਤਲੇਆਮ ਕੀਤਾ ਗਿਆ; ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ। ਇਕ ਪਾਸੇ ਤਾਂ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਕਰਕੇ ਦਸਤਾਰ ਦੀ ਆਨ-ਸ਼ਾਨ ਬਹਾਲ ਰੱਖੀ ਪਰ ਦੂਜੇ ਪਾਸੇ ਕੋਝੀਆਂ ਸਾਜ਼ਿਸ਼ਾਂ ਅਧੀਨ ਸਿੱਖ ਬੱਚਿਆਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਦੂਰ ਰੱਖ ਕੇ, ਭਵਿੱਖ ਦੇ ਸੁਨਹਿਰੀ ਸੁਪਨੇ ਦਿਖਾ ਕੇ, ਫਿਲਮਾਂ ਵਿਚ ਪਗੜੀਧਾਰੀਆਂ ਨੂੰ ਘਟੀਆ ਕਿਰਦਾਰ ਵਿਚ ਦਿਖਾ ਕੇ, ਮੀਡੀਏ ਰਾਹੀਂ ਪ੍ਰਚਾਰ ਕਰਕੇ, ਫੈਸ਼ਨ ਸ਼ੋਆਂ ਵਿਚ ਵਰਗਲਾ ਕੇ ਪਗੜੀ-ਮੁਕਤ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ।
ਸਿਮਰਜੀਤ ਸਿੰਘ
ਸੰਪਾਦਕ
ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਂਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅਮ੍ਰਿਤਸਰ।