ਜਿਨ੍ਹਾਂ ਹਿੰਮਤ ਯਾਰ ਬਣਾਈ.....!

ਰੋਜ਼ੀ ਸਿੰਘ

ਸਾਡੀ ਸਾਰੀ ਸ਼ਕਤੀ ਇਸ ਗੱਲ 'ਤੇ ਲੱਗ ਜਾਂਦੀ ਏ ਕਿ ਸਾਡੇ ਕੋਲ ਜੇ ਇਹ ਹੁੰਦਾ ਤਾਂ ਅਸੀਂ ਬਹੁਤ ਕੁਝ ਹੁੰਦੇ, ਤੇ ਜਾਂ ਫਿਰ ਇਸ ਖਿਆਲ ਨੂੰ ਅਸਲੀਅਤ ਬਣਾਉਂਦਿਆਂ ਅਸੀਂ ਹਯਾਤੀ ਤੇ ਕਈਂ ਕੀਮਤੀ ਵਰ੍ਹੇ ਗਵਾ ਬੈਠਦੇ ਹਾਂ ਕਿ ''ਕਿਸਮਤ ਵਿੱਚ ਹੋਵੇਗਾ ਤੇ ਮਿਲੇਗਾ'' ਅਤੇ ਜਦੋਂ ਇਹ ਸਭ ਕੁਝ ਸਾਡੇ ਤੋਂ ਕੋਹਾਂ ਦੂਰ ਰਹਿ ਜਾਂਦਾ ਏ ਤਾਂ ਅਸੀ ਇਹ ਕਹਿ ਕਿ ਢੇਰੀ ਢਾਹ ਦਿੰਦੇ ਹਾਂ ਕਿ ''ਯਾਰ ਕਿਸਮਤ ਵਿੱਚ ਈ ਨਹੀਂ ਸੀ'' ਪਰ ਅਸਲ ਹਕੀਕਤ ਤੋਂ ਪਰਦਾ ਚੁੱਕਣ ਦੀ ਅਸੀਂ ਕਦੀ ਵੀ ਕੋਸ਼ਿਸ ਨਹੀਂ ਕਰਦੇ। ਦਰਅਸਲ ਮਿਹਨਤ ਨਾਮ ਦੇ ਬੂਟੇ ਨੂੰ ਹੀ ਰਹਿਮਤ ਨਾਮ ਦਾ ਫਲ ਲਗਦਾ ਏ, ਤੇ ਇਹ ਫ਼ਲ ਖੁਦਾ ਦੇ ਬੂਹਿਓਂ ਢੁਕਿਆ ਉਹ ਲਜੀਜ ਫ਼ਲ ਹੁੰਦੈ ਜਿਸਦੀ ਸੀਰਤ ਤੇ ਸਵਾਦ ਲਾਜਵਾਬ ਹੁੰਦਾ ਏ। ਜੇ ਨਿਆਂਮਤਾਂ ਦੀ ਉਮੀਦ ਕਰਦੇ ਹੋ ਤਾਂ ਮੁਸ਼ੱਕਤ ਤੋਂ ਪ੍ਰਹੇਜ ਕਾਹਤੋਂ ਕਰਨਾਂ। ਉਰਦੂ ਦੀ ਇਕ ਕਹਾਵਤ ਏ ''ਹਿੰਮਤੇ ਮਰਦਾਂ ਮਦਦੇ ਖੁਦਾ'' ਮਤਲਬ ਇਨਸਾਨ ਆਪਣੀ ਹਿੰਮਤ ਸਦਕਾ ਖੁਦਾ ਦੀ ਰਹਿਮਤ ਦਾ ਪੱਲਾ ਫੜ ਸਕਦਾ ਏ ਤੇ ਖੁਦਾ ਬੰਦੇ ਦੀ ਮਦਦ ਕਰਦਾ ਏ।
ਅਸੀਂ ਪੂਰੀ ਹਯਾਤੀ ਜੋ ਕੰਮ ਕਰਦੇ ਹਾਂ ਓਸਦਾ ਅਸਰ ਸਾਡੇ ਬੁਢਾਪੇ ਤੱਕ ਸਾਡੀਆਂ ਹਿੱਕਾਂ ਵਿੱਚ ਵੱਸਿਆ ਰਹਿੰਦਾ ਏ। ਮਿਹਨਤਕਸ਼ ਲੋਕਾਂ ਦੀ ਮੌਤ ਵੀ ਅਸਾਨ ਹੁੰਦੀ ਏ। ਉਹਨਾਂ ਨੂੰ ਵਿਹਲੜਾਂ ਵਾਂਗ ਮੰਜੀ ਤੇ ਹੱਡੀਆਂ ਨਹੀਂ ਰਗੜਨੀਆਂ ਪੈਂਦੀਆਂ। ਕਿਰਤੀ ਲੋਕ ਦਸਾਂ ਨੌਹਾਂ ਦੀ ਕਮਾਈ ਵਿੱਚ ਵਿਸਵਾਸ ਰੱਖਦੇ ਹੋਏ ਜਿੰਦਗੀ ਦੀਆਂ ਮੁਸ਼ਕਲ ਤੋਂ ਮੁਸ਼ਕਲ ਔਕੜਾਂ ਨੂੰ ਆਪਣੀ ਹਿੰਮਤ ਸਦਕਾ ਖਿੜੇ ਮੱਥੇ ਪਰਵਾਨ ਕਰਨੋ ਸੰਕੋਚ ਨਹੀਂ ਕਰਦੇ। ਜਿੰਦਗੀ ਤੋਂ ਹਾਰਿਆ ਬੰਦਾ ਦਰਗਾਹੇ ਵੀ ਨਹੀਂ ਕਬੂਲਿਆ ਜਾਂਦਾ। ਸੁੱਖ ਵੇਲੇ ਸ਼ੁਕਰਾਨਾਂ ਤੇ ਦੁੱਖ ਵੇਲੇ ਅਰਦਾਸ਼ ਕਰਨ ਵਾਲਾ ਸ਼ਖ਼ਸ਼ ਹੀ ਹਿੰਮਤੀ ਤੇ ਸਿਰੜੀ ਹੂੰਦੈ।
ਸਾਡੇ ਮੁਆਸ਼ਰੇ ਵਿੱਚ ਅੱਜ ਵਿਹਲੜਾਂ ਦੀ ਕਮੀ ਨਹੀਂ ਜਿਨ੍ਹਾਂ ਨੇ ਖਾ-ਖਾ ਕਿ ਆਪਣੇ ਢਿੱਡ ਵਧਾਏ ਹੋਏ ਨੇ ਤੇ ਦੇਸ਼ ਦੇ ਅੰਨ ਦਾ ਪਤਾ ਨਹੀ ਸ਼ਾਇਦ ਅੱਧਾ ਹਿੱਸਾ ਇਸ ਤਰ੍ਹਾਂ ਦੇ ਵਿਹਲੜਾਂ ਦੇ ਢਿੱਡੀਂ ਜਾ ਢਿੱਗਦਾ ਹੋਵੇ। ਜੇਕਰ ਇਕੱਲੇ ਆਪਣੇ ਸੂਬੇ (ਪੰਜਾਬ) ਦੀ ਹੀ ਗੱਲ ਕਰੀਏ ਤਾਂ 73 ਪ੍ਰਤੀਸ਼ਤ ਲੋਕ ਬੇਰੁਜਗਾਰ ਹਨ, ਜਿਨਾਂ ਵਿਚੋਂ 49 ਪ੍ਰਤੀਸ਼ਤ ਲੋਕ ਕੋਈ ਨਾ ਕੋਈ ਜੁਗਾੜ ਲਗਾ ਕਿ (ਸਵੈਰੁਜਗਾਰ, ਕਿਸੇ ਦੀ ਦੁਕਾਨ, ਫੈਕਟਰੀ, ਜਾਂ ਘਰ ਵਿੱਚ ਕੰਮ ਕਰਕੇ ਕਿ) ਆਪਣਾ ਪੇਟ ਪਾਲ ਰਹੇ ਹਨ ਅਤੇ ਬਾਕੀ 24 ਤੋਂ 25 ਪ੍ਰਤੀਸ਼ਤ ਲੋਕ ਚਿੱਟੇ ਵਿਹਲੇ ਹਨ ਮਤਲਬ ਕਿ ਬਿਨਾਂ ਕੋਈ ਕੰਮ ਕੀਤਿਆਂ ਬਸ ਸਵੇਰੇ ਕੱਪੜੇ ਲੱਤੇ ਪਾ ਕਿ ਘਰੋਂ ਜਾਂਦੇ ਹਨ ਅਤੇ ਤਿੰਨ ਟਾਇਮ ਰੋਟੀਆਂ ਪਾੜਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਇਸ ਤੋਂ ਇਲਾਵਾ ਜੇਕਰ ਕੁਝ ਸਰਕਾਰੀ ਮਹਿਕਮਿਆਂ ਦੇ ਮੁਲਾਜਮਾਂ ਦੀ ਗੱਲ ਕਰੀਏ ਤਾਂ ਕੁਝ ਕੁ ਲੋਕ ਵਿਹਲੇ ਕੁਰਸੀਆਂ ਤੇ ਬਹਿ ਕਿ ਈ ਚਲੇ ਜਾਂਦੇ ਨੇ। ਪੁਲਿਸ ਵਿਭਾਗ ਦੇ ਬਹੁਤੇ ਮੁਲਾਜਮਾਂ ਕੋਲੋ 100 ਮੀਟਰ ਤੱਕ ਨਹੀਂ ਦੋੜਿਆ ਜਾਂਦਾ, ਚੌਂਕ ਵਿੱਚ ਖੜੇ ਬਹੁਤੇ ਮੁਲਾਜਮਾਂ ਦੇ ਢਿੱਡ ਬੈਲਟ ਚੋਂ ਬਾਹਰ ਉਲਰ ਉਲਰ ਪੈਦੇਂ ਹੁੰਦੇ ਨੇ।
ਤੁਸੀ ਸੋਚੋਗੇ ਕਿ ਗੱਲ ਕੀ ਸ਼ੁਰੂ ਕੀਤੀ ਸੀ ਤੇ ਲੈ ਕਿਧਰ ਨੂੰ ਤੁਰਿਆ, ਦਰਅਸਲ ਜੋ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਉਸ ਵਾਸਤੇ ਇਹਨਾਂ ਗੱਲਾਂ ਵੱਲ ਧਿਆਨ ਦਵਾਉਂਣਾ ਬਹੁਤ ਜਰੂਰੀ ਸੀ। ਅਸੀਂ ਕਈਂ ਵਾਰੀ ਦੇਖਿਆ ਏ ਕਿ ਆਪਣੀ ਉਮਰ ਦੇ ਅਖੀਰੀ ਵਰ੍ਹਿਆਂ ਵਿੱਚ ਵੀ ਕਈ ਕਿਰਤੀ ਤੇ ਮਜਦੂਰ ਲੋਕ ਥੱਕ ਚੁੱਕੀਆਂ ਤੇ ਟੇਡੀਆਂ ਹੋ ਚੁੱਕੀਆਂ ਲੱਤਾਂ ਦੀਆਂ ਹੱਡੀਆਂ ਨੂੰ ਧਰੂੰਦੇ ਮਿਹਨਤ ਮੁਸ਼ੱਕਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਏ ਪਾਲਦੇ ਹੁੰਦੇ ਨੇ। ਸਵੇਰੇ 6-7 ਵਜੇ ਤੋਂ ਹੀ ਸ਼ਹਿਰ ਦੇ ਸੁੰਦਰ ਚੌਕਾਂ ਵਿੱਚ ਵਿਕਣ ਲਈ ਆ ਬੈਠਦੇ ਨੇ ਤੇ ਸ਼ਾਮ ਤੱਕ ਮਿਹਨਤ ਕਰਦੇ ਘਰੇ ਪਰਤਦੇ ਨੇ । ਕੀ ਇਸ ਤਰ੍ਹਾਂ ਦੇ ਲੋਕਾਂ ਲਈ ਅਰਾਮ ਨਾਮ ਦੀ ਕੋਈ ਚੀਜ ਨਹੀਂ ਬਣੀ...? ਕੀ ਇਹ ਲੋਕ ਸਦਾ ਕੰਮ ਕਰਦੇ ਕਰਦੇ ਗੰਡਾਂ, ਬੋਰੀਆਂ, ਇੱਟਾਂ, ਸੀਮਿੰਟ, ਬੱਜਰੀ ਦੇ ਬੋਝ ਥੱਲੇ ਦੱਬੇ ਮਰ ਜਾਣਗੇ...? ਕੀ ਕੰਮ ਸਿਰਫ ਇਹਨਾਂ ਲੋਕਾਂ ਦੇ ਹਿੱਸੇ ਈ ਲਿਖਿਆ ਏ...? ਕੀ ਰੱਬ ਨੇ ਇੱਕ ਸਾਰੀ ਉਮਰ ਕੰਮ ਕਰਨ ਵਾਲੇ ਤੇ ਦੂਜੇ ਸਾਰੀ ਉਮਰ ਵਿਹਲੇ ਬਹਿ ਕਿ ਖਾਣ ਵਾਲੇ ਦੋ ਵੱਖ ਵੱਖ ਇਨਸਾਨ ਬਣਾਏ ਨੇ....? ਇਹਨਾਂ ਸਵਾਲਾਂ ਦੇ ਜਵਾਬ ਕੋਣ ਦੇਵੇਗਾ...?
ਹਕੀਕਤ ਤਾਂ ਇਹ ਹੈ ਕਿ ਅਸੀਂ ਆਪਣਾ ਕੰਮ ਦੂਜਿਆਂ 'ਤੇ ਲੱਧਣ ਦੇ ਆਦੀ ਹੋ ਗਏ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਰੀਰ ਨੂੰ ਕਸ਼ਟ ਪਹੁੰਚੇ ਤੇ ਅਸੀਂ ਅਰਾਮ ਨਾਲ ਬਹਿ ਕਿ ਖਾਂਦੇ ਤੇ ਐਸ਼ ਕਰਦੇ ਰਹੀਏ। ਇਹ ਸਿਰਫ ਕਿਸੇ ਇੱਕ ਇਨਸਾਨ ਦੀ ਮਨੋਸਥਿਤੀ ਨਹੀਂ ਸਗੋਂ ਹਰੇਕ ਦੀ ਏ। ਕਿਸ ਦਾ ਦਿਲ ਨਹੀਂ ਕਰੇਗਾ ਕਿ ਉਹ ਬਿਨਾਂ ਕੁਝ ਕੀਤੇ ਅਰਾਮ ਦੀ ਜਿੰਦਗੀ ਬਸਰ ਨਾ ਕਰੇ। ਇਹ ਇਨਸਾਨ ਦੀ ਜਿਸਮਾਨੀ ਲੋੜ ਏ ਕਿ ਉਸ ਨੂੰ ਅਰਾਮ ਦੀ ਜਰੂਰਤ ਪੈਂਦੀ ਏ, ਅਸੀਂ ਹਰ ਵੇਲੇ ਅਰਾਮ ਦੇ ਚਾਹਵਾਨ ਹਾਂ। ਹਰਕਤ ਇਨਸਾਨੀ ਜਿੰਦਗੀ ਦਾ ਅਧਾਰ ਏ, ਜੇਕਰ ਸਾਡਾ ਦਿਲ ਹਰਕਤ ਕਰਨਾ ਬੰਦ ਕਰ ਦੇਵੇ ਤਾਂ ਜਿਸਮ ਖਾਕ ਦੀ ਢੇਰੀ ਏ। ਧਰਤੀ 'ਤੇ ਬੋਝ ਬਣ ਕੀ ਜੀਣ ਵਾਲੇ ਇਨਸਾਨ ਹਰਕਤਹੀਨ ਹੁੰਦੇ ਨੇ, ਤੇ ਸ਼ਾਇਦ ਜਜਬਾਤਾਂ ਤੋਂ ਵੀ ਕਿਤੇ ਪਰੇ...!
ਅਸੀਂ ਕਈਂ ਵਾਰੀ ਅਜਿਹੇ ਲੋਕਾਂ ਬਾਰੇ ਅਖ਼ਬਾਰਾਂ ਰਸਾਲਿਆਂ ਵਿੱਚ ਪੜ੍ਹਿਆ ਹੁੰਦੈ, ਬਈ ਕਈਂ ਇਨਸਾਨਾਂ ਦੀਆਂ ਦੋਹਵੇਂ ਬਾਹਵਾਂ ਨਾ ਹੋਣ ਦੇ ਬਾਵਜੂਦ ਉਹ ਹਿੰਮਤ ਨਹੀਂ ਛੱਡਦੇ ਤੇ ਆਪਣੇ ਪੈਰਾਂ ਨੂੰ ਹੱਥ ਬਣਾ ਕਿ ਜਿੰਦਗੀ ਦੀਆਂ ਬੇ-ਸ਼ੁਮਾਰ ਔਕੜਾਂ ਨੂੰ ਪਿਛੇ ਛੱਡਦੇ ਹੋਏ ਮੰਜਿਲਾਂ ਸਰ ਕਰ ਲੈਂਦੇ ਨੇ। ਅਜਿਹੀ ਹੀ ਇੱਕ ਬੱਚੀ ਦੀ ਖ਼ਬ਼ਰ ਥੋੜੇ ਦਿਨ ਪਹਿਲਾਂ ਪੜੀ ਸੀ ਜਿਸ ਦੀਆਂ ਦੋਹਵੇਂ ਬਾਹਵਾਂ ਨਹੀਂ ਸਨ ਤੇ ਉਹ ਪੈਰਾਂ ਨਾਲ ਪਈ ਲਿਖਦੀ ਸੀ, ਤੇ ਉਸਨੇ ਕਿਹਾ ਕਿ ਉਹ ਪੜ੍ਹ ਲਿਖ ਕਿ ਵੱਡੀ ਅਫ਼ਸਰ ਬਣੇਗੀ। ਅਜਿਹੇ ਲੋਕਾਂ ਬਾਰੇ ਪੜ੍ਹ ਸੁਣ ਕਿ ਇੰਝ ਮਹਿਸੂਸ ਹੁੰਦੈ ਜਿਵੇਂ ਰੱਬ ਨੇ ਇਹਨਾਂ ਕੋਲੋ ਇੱਕ ਸ਼ੈਅ ਖ੍ਹੋ ਕਿ ਬਾਕੀ ਸਾਰੀਆਂ ਨਿਹਮਤਾਂ ਨਾਲ ਨਵਾਜਿਆ ਹੋਵੇ। ਅਜਿਹੇ ਲੋਕ ਮਿਰਜਾ ਗਾਲਿਬ ਦੇ ਸ਼ਿਅਰ ਵਿਚਲੀ ਸੱਚਾਈ ਦੇ ਮੁੱਦਈ ਬਣਦੇ ਨੇ:-
ਖੁਦੀ ਕੋ ਕਰ ਬੁਲੰਦ ਇਤਨਾ
ਕੇ ਹਰ ਤਦਬੀਰ ਸੇ ਪਹਿਲੇ
ਖੁਦਾ ਬੰਦੇ ਸੇ ਪੂਛੇ ਬਤਾ ਤੇਰੀ ਰਜ਼ਾ ਕਯਾ ਹੈ।
ਹਿੰਮਤੀ ਤੇ ਮਿਹਨਤ ਕਰਨ ਵਾਲੇ ਲੋਕ ਅੱਲ੍ਹਾ ਦੇ ਬੰਦੇ ਹੁੰਦੇ ਨੇ ਤੇ ਵਿਹਲੜ ਤੇ ਨਿਕੰਮੇ ਬੰਦੇ ਸ਼ੈਤਾਨ ਦੇ ਦੂਤ। ''ਵਿਹਲਾ ਮੰਨ ਸ਼ੈਤਾਨ ਦਾ ਘਰ'' ਅੱਜ ਸਾਡੇ ਸੂਬੇ ਅੰਦਰ ਹਜਾਰਾਂ ਲੋਕ ਬਿਨ੍ਹਾਂ ਕੰਮ ਕਾਰ ਦੇ ਹੀ ਜਿਉ ਰਹੇ ਨੇ। ਨੋ-ਜਵਾਨ ਮੁੰਡੇ ਕੁੜੀਆਂ ਜਿੰਦਗੀ ਦੇ ਸੈਕੜੇ ਘੰਟੇ ਇੰਟਰਨੈਟ 'ਤੇ ਚੈਟਿੰਗ ਕਰਕੇ ਜਾਂ ਫੋਨ ਤੇ ਗੱਲਾਂ ਕਰਕੇ ਬਰਬਾਦ ਕਰੀ ਜਾ ਰਹੇ ਨੇ। ਕੀ ਅਸੀਂ ਤਰੱਕੀ ਕਰ ਲਈ ਹੈ...? ਕੀ ਇਹੋ ਤਰੱਕੀ ਏ...? ਕੰਮ ਵਾਸਤੇ ਟਾਇਮ ਨਹੀਂ ਏ, ਪਰ ਜੇ ਕਿਸੇ ਨੂੰ ਸਰਸਰੀ ਪੁੱਛੋਂ ਸੁਣਾਓ ਕੰਮ ਕਾਰ ਕਿਵੇਂ ਐ, ਤੇ ਅੱਗੋਂ ਜਵਾਬ ਆਵੇਗਾ ''ਕੰਮ ਕਰ ਕਾਹਦਾ ਬਸ ਵਿਹਲੇ ਫਿਰਦੇ ਆਂ'' ਕੰਮ ਹੁੰਦੇ ਨੇ ਪਰ ਅਸੀ ਕਰ ਕੇ ਨਹੀਂ ਖੁਸ਼ ਕਿਉਂਕਿ ਸਾਡੀ ਸੋਚ ਮੁਤਾਬਿਕ 'ਸਭ ਕੁਝ ਠੀਕ ਹੋ ਜਾਵੇਗਾ, ਜੇ ਰੱਬ ਨੇ ਘੱਲਿਐ ਤੇ ਰੋਟੀ ਵੀ ਦੇਉ..!'' ਵਾਲਾ ਠਹਿਰਾਓ ਭਾਰੀ ਹੋ ਗਿਆ ਹੈ। ਸਾਡੇ ਵਿੱਚੋਂ ਬਹੁਤਿਆਂ ਦੀ ਇਹੋ ਸੋਚ ਏ ।
ਪਰ ਅੱਜ ਲੋੜ ਏ ਅਜਿਹੀ ਸੋਚ ਨੂੰ ਬਦਲਣ ਦੀ, ਆਓ ਆਪਣੀਆਂ ਜਿੰਮੇਵਾਰੀਆਂ ਨੂੰ ਸਮਝੀਏ। ਆਓ ਆਪਣੇ ਹਿੱਸੇ ਦਾ ਕੰਮ ਕਰੀਏ ਤੇ ਉਹਨਾਂ ਲੋਕਾਂ ਨੂੰ ਵੀ ਕੁਝ ਰਾਹਤ ਦੇਈਏ ਜੋ ਸਾਰੀ ਉਮਰ ਸਿਰਫ ਕੰਮ ਹੀ ਕਰਦੇ ਨੇ। ਹਿੰਮਤ ਕਰੀਏ ਤੇ ਰਹਿਮਤਾਂ ਆਪੇ ਮਿਲ ਜਾਣਗੀਆਂ। ਕਿਉਂਕਿ ਜਿਹੜੀ ਜਮੀਨ ਨੂੰ ਵਾਹੁਣ ਨਾਲ ਉਸਨੂੰ ਪੀੜ ਹੋਵੇ ਉਸ ਵਿੱਚ ਕਦੀ ਵੀ ਅਨਾਜ ਦੇ ਅੰਕੁਰ ਨਹੀ ਫੁੱਟ ਸਕਦੇ, ਤੇ ਜੋ ਪੱਥਰ ਸ਼ੈਣੀ ਹਥੋੜੀ ਵੱਜਣ ਨਾਲ ਰੋ ਪੈਣ ਉਹ ਕਦੀ ਮੂਰਤ ਨਹੀਂ ਬਣ ਸਕਦੇ। ਇਵੇਂ ਹੀ ਜੋ ਸਰੀਰ ਮਿਹਨਤ ਨਹੀਂ ਕਰਦਾ ਉਸ ਸਰੀਰ ਅੰਦਰ ਵੱਸੇ ਮੰਨ ਦੀਆਂ ਭਾਵਨਾਵਾਂ ਜੰਗਾਲੀਆਂ ਜਾਂਦੀਆਂ ਨੇ.....ਤੇ ਦਿਮਾਗ ਵਿਚਲੀ ਸੋਚ ਧੁੰਦਲੀ ਹੋ ਜਾਂਦੀ ਏ। ਮੰਜਿਲਾਂ ਓਹੀ ਸਰ ਕਰਦੇ ਨੇ ਜਿਹੜੇ ਸ਼ਫ਼ਰਾਂ ਤੇ ਜਾਂਦੇ ਨੇ, ਤੇ ਜਿੱਤਦੇ ਓਹੀ ਨੇ ਜੋ ਹਿੰਮਤ ਤੇ ਸਿਦਕ ਨਾਲ ਖੇਡਦੇ ਨੇ। ਪੰਜਾਬੀ ਦੇ ਮਰਹੂਮ ਸੂਫੀ ਸ਼ਾਇਰ ਹਾਸ਼ਿਮ ਸ਼ਾਹ ਨੇ ਇਸ ਪੂਰੇ ਵਰਤਾਰੇ ਨੂੰ ਸਿਰਫ ਦੋ ਲਾਇਨਾ ਵਿੱਚ ਕੁਝ ਇੰਝ ਸਮੇਟਿਆ ਏ:-
ਹਾਸ਼ਿਮ ਫਤਿਹ ਨਸੀਬ ਤਿੰਨਾਂ ਨੂੰ
ਜਿਨ੍ਹਾਂ ਹਿੰਮਤ ਯਾਰ ਬਣਾਈ ।
ਤੇ ਜਦ ਹਿੰਮਤ ਯਾਰ ਬਣ ਜਾਂਦੀ ਏ ਤਾਂ ਫਿਰ ਸਾਰਾ ਜਹਾਨ ਸਾਰੀ ਕਾਇਨਾਤ ਯਾਰ ਬਣ ਜਾਂਦੀ ਏ। ਆਓ ਅਸੀਂ ਵੀ ਹਿੰਮਤ ਲਗਨ ਤੇ ਦ੍ਰਿੜਤਾ ਨਾਲ ਆਪਣੇ ਮੁਕਾਂਮ ਵੱਲ ਵਧੀਏ ਤਾਂ ਕਿ ਦਰਗਾਹ ਵੱਲ ਜਾਂਦੇ ਸਾਡੇ ਰਾਹ ਵਿੱਚ ਆਉਂਦੀ ਹਰ ਔਕੜ ਆਪਣੇ ਆਪ ਹਟਦੀ ਜਾਏ.... ਅਮੀਨ....!!

ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
ਗੁਰਦਾਸਪੁਰ