ਯਾਦਗਰੀ ਹੋ ਨਿਬੜਿਆ ਡਰਬੀ ਦਾ ਸ਼ਹੀਦੀ ਟੂਰਨਾਮੈਂਟ, ਸਲੋਹ ਨੇ ਚੌਥਾ ਕੱਪ ਜਿੱਤਿਆ ਅਤੇ ਕਵੈਂਟਰੀ ਨੇ ਪਹਿਲਾ ਰਨਰ ਅੱਪ ਦਾ ਕੱਪ ਚੁੰਮਿਆਂ
ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ
[../../photogallery/photo00009604/real.htm]
ਇਸ ਵਰ੍ਹੇ ਜੂਨ 84 ਦੇ ਘੱਲੂਘਾਰੇ ਦੀ ਸਿੱਖ ਜਗਤ ਨੇ 25ਵੀਂ ਵਰ੍ਹੇ ਗੰਢ ਮਨਾ
ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾੰਂਘਰਸ਼ ਦੇ ਦੌਰਾਨ ਜਿੱਥੇ ਸ਼ਹਾਦਤਾਂ ਹੋਈਆਂ। ਉਥੇ
ਕਤਲੋਗਾਰਤ ਹੋਈ, ਦੌਲਤਾਂ ਅਤੇ ਇੱਜ਼ਤਾਂ ਨੂੰ ਲੁੱਟਿਆ ਗਿਆ। ਲੇਕਨ ਜਿਸ ਕਾਰਜ ਲਈ ਸ਼ੰਘਰਸ਼ ਆਰੰਭਿਆ ਸੀ
ਉਹ ਪਰਨਾਲਾ ਉੱਥੇ ਦਾ ਉੱਥੇ ਹੀ ਲੱਗਾ ਹੋਇਆ ਹੈ। ਮਰਜੀਵੜਿਆਂ ਦੀ ਧਰਤੀ ਪੰਜਾਬ ਅੱਜ ਵੀ ਕਿਸੇ
ਜਰਨੈਲ ਦੀ ਤਲਾਸ਼ ਵਿੱਚ ਹੈ। ਜੋ ਗੁਲਾਬ ਦੇ ਖਿੜੇ ਫੁਲ ਵਰਗਾ ਪੰਜਾਬ ਮੁੜ ਬਣਾ ਦੇਵੇ। ਨਹੀਂ ਤਾਂ
ਪੰਜਾਬ ਵਰਗੇ ਵਿਸ਼ਾਲ ਦੇਸ਼ ਤੋਂ ਬਣਿਆ ਸੂਬਾ ਹੁਣ ਸੂਬੀ ਜਿਹੀ ਰਹਿ ਗਿਆ ਜੇ ਅਜੇਹੇ ਹਾਲਾਤ ਰਹੇ ਤਾਂ
ਇੱਕ ਦਿਨ ਆਵੇਗਾ ਕਿ ਪੰਜਾਬ ਸਿਰਫ ਆਉਂਦੀਆ ਪੀੜੀਆਂ ਪੁਰਾਣੇ ਇਤਿਹਾਸ ਦੇ ਵਰਕਿਆਂ ਤੇ ਬਣੇ ਨਕਸ਼ਿਆਂ
ਤੋਂ ਹੀ ਲੱਭਿਆ ਕਰਨਗੀਆਂ। ਕੌਮੀ ਪ੍ਰਵਾਨਿਆਂ ਦੀਆ ਸ਼ਹਾਦਤਾਂ ਨੂੰ ਯਾਦ ਰੱਖਣਾਂ ਅਜੇ ਆਸ ਦੀ ਕਿਰਨ
ਬਾਕੀ ਹੈ ਕਹਿੰਦਾ ਪ੍ਰਤੀਤ ਹੁੰਦਾ ਹੈ। ਮੈਨੂੰ ਯਾਦ ਆਉਂਦਾ ਢਾਡੀਆਂ ਦੀ ਵਾਰ ''ਕੁੰਡਲੀਆਂ ਸੱਪ ਵੀਰ
ਖਾਲਸਾ ਅਜੇ ਨਹੀਂ ਮਰਿਆ''। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਸਮੂੰਹ ਸ਼ਹੀਦਾਂ ਦੀ
ਯਾਦ ਵਿੱਚ ਕਰਵਾਇਆ ਡਰਬੀ ਦਾ ਸਲਾਨਾ ਸ਼ਹੀਦੀ ਟੂਰਨਾਮੈਂਟ ਕੋਸੀ ਕੋਸੀ ਧੁੱਪ ਵਿੱਚ ਨਜ਼ਾਰੇ ਬੰਨ ਗਿਆ।
ਭਾਵੇਂ ਕੈਨੇਡਾ ਦੇ ਕਬੱਡੀ ਵਰਲਡ ਕੱਪ ਖੇਡਣ ਗਏ ਕੁਝ ਖਿਡਾਰੀਆਂ ਕਰਕੇ ਕੁਝ ਟੀਮਾਂ ਟੂਰਨਾਮੈਂਟ ਨਹੀਂ
ਖੇਡੀਆਂ। ਲੇਕਨ ਜਾਣਬੁਝ ਕੇ ਨਾਂਹ ਖੇਡਣ ਵਾਲੀਆਂ ਟੀਮਾਂ ਨੂੰ ਭਜੀ ਖੀਰਾਂ ਵਾਲੀ ਨੇ ਫੈਡਰੇਸ਼ਨ ਵੱਲੋਂ
ਮੀਟਿੰਗ ਕਰਕੇ ਸਮੂੰਹ ਦਰਸ਼ਕਾਂ ਦੇ ਸਾਹਮਣੇ ਹਜ਼ਾਰ ਹਜ਼ਾਰ ਪੌਂਡ ਦਾ ਜੁਰਮਾਨਾਂ ਕਰਨ ਦਾ ਐਲਾਨ ਕਰ
ਦਿੱਤਾ, ਜੋ ਡਰਬੀ ਵਾਲਿਆਂ ਨੂੰ ਦੇਣ ਦਾ ਐਲਾਨ ਕੀਤਾ। ਕਬੱਡੀ ਫੈਡਰੇਸ਼ਨ ਵਿੱਚ ਮੂਹਰਲੀ ਕਤਾਰ ਦਾ
ਪ੍ਰਮੋਟਰ ਅਤੇ ਡਰਬੀ ਦੀ ਟੀਮ ਦਾ ਧੜੱਲੇਦਾਰ ਕਰਤਾ ਧਰਤਾ ਗੁਰਨਾਮ ਸਿੰਘ ਛੋਕਰ ਨੂੰ ਵੀਲ ਚੇਅਰ ਵਿੱਚ
ਵੇਖ ਕੇ ਹਰ ਇੱਕ ਹੈਰਾਨ ਵੀ ਸੀ ਅਤੇ ਦੁਖੀ ਵੀ ਕਿ ਇੱਕ ਕਬੱਡੀ ਪ੍ਰੇਮੀ ਨੂੰ ਬਿਮਾਰੀ ਨੇ ਕਿਵੇਂ
ਜਕੜ ਕੇ ਰੱਖ ਲਿਆ ਹੈ। ਹਰ ਕੋਈ ਗੁਰਨਾਮ ਸਿੰਘ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਸੀ। ਸੁਖਦੇਵ
ਸਿੰਘ ਸੋਖਾ ਉਦੇਪੁਰ, ਹਰਚਰਨ ਸਿੰਘ ਬੋਲਾ, ਜਸਵੀਰ ਸਿੰਘ ਢਿਲੋਂ, ਰਮਿੰਦਰ ਸਿੰਘ, ਸੁੱਚਾ ਸਿੰਘ
ਅਟਵਾਲ, ਨਛੱਤਰ ਸਿੰਘ ਛੋਕਰ, ਪ੍ਰਮਜੀਤ ਸਿੰਘ ਚੀਮਾ, ਗੁਰਦਿਆਲ ਸਿੰਘ ਧੜਮੈਤ ਨੇ ਆਪਣੇ ਸਾਥੀਆਂ ਨਾਲ
ਮਿਲ ਕੇ ਗਰਾਉਂਡ ਦੀ ਚਾਰ ਦੁਆਰੀ ਤੇ ਲੋਹੇ ਦੇ ਛੇਜੇ ਬੰਨ ਕੇ ਪੂਰੀ ਤਰ੍ਹਾਂ ਬੰਦੋਬਸਤ ਕੀਤਾ ਹੋਇਆ
ਸੀ ਕਿ ਕੋਈ ਬਿਨ੍ਹਾਂ ਪੰਜ ਪੌਂਡ ਦੀ ਟਿਕਟ ਲਿਆਂ ਅੰਦਰ ਨਾ ਜਾਵੇ। ਪੰਜਾਬ ਟਾਈਮਜ਼ ਦੇ ਘਰ ਦਾ
ਟੂਰਨਾਮੈਂਟ ਹੋਣ ਕਰਕੇ ਸ੍ਰ. ਰਾਜਿੰਦਰ ਸਿੰਘ ਪੁਰੇਵਾਲ ਅਤੇ ਹਰਜਿੰਦਰ ਸਿੰਘ ਮੰਡੇਰ ਵੀ ਪਹੁੰਚੇ
ਹੋਏ ਸਨ। ਪ੍ਰਮਜੀਤ ਸਿੰਘ ਬਾਗੜੀਆ ਵੀ ਦੂਜੇ ਮੈਚ ਵਿੱਚ ਪਹੁੰਚਿਆ। ਕਵੈਂਟਰੀ ਵਾਲਿਆਂ ਨੇ ਛਿੰਦੇ
ਅਮਲੀ ਦੀ ਟੀਮ ਨੂੰ ਪਹਿਲੇ ਮੈਚ ਵਿੱਚ ਹੀ ਹੱਟ ਪਿਛੇ ਕਹਿ ਦਿੱਤਾ। ਨੇਕੇ ਦੀ ਬ੍ਰਮਿੰਘਮ ਦੀ ਟੀਮ
ਚਰਨੀ, ਘੁੱਦੇ ਦੀ ਹੁੱਲ ਦੀ ਟੀਮ ਤੋਂ 40 ਦੇ ਮੁਕਾਬਲੇ 20 ਅੰਕਾਂ ਨਾਲ ਹਾਰ ਗਈ ਅਖ਼ਤਰ ਦਾ ਗੱਭਰੂ
ਪੁੱਤ ਅਵਤਾਰ ਸਿਉਂ ਬਾਪੂ ਤੋਂ ਦਾਅ ਪੇਚ ਸਿੱਖਦਾ ਜੰਗੀ ਜਾਫ ਕਰਦਾ ਦਿਸਿਆ। ਡਰਬੀ ਦੇ ਖਿਡਾਰੀ ਜੀਤੀ
ਕੂਨਰ ਨੂੰ ਕੈਨੇਡਾ ਨਾ ਜਾਣ ਕਰਕੇ ਖੇਡਣ ਤੋਂ ਰੋਕਿਆ ਗਿਆ ਲੇਕਨ ਬਾਜ਼ੀ ਜੰਡ ਵਾਲੇ ਨੇ ਅਕਾਲੀ
ਜੱਸੋਵਾਲੀਏ ਨੂੰ ਕਈ ਜੱਫੇ ਕੱਢ ਕੇ ਟੀਮ ਨੂੰ ਇੱਕ ਕਦਮ ਅੱਗੇ ਤੋਰ ਦਿੱਤਾ। ਸਾਊਥਾਲ ਵਾਲੇ ਜਕੋਤਕੀ
ਕਰਦੇ ਪਹੁੰਚੇ ਲੇਕਨ ਈਰਥ ਵੂਲਿਚ ਵਾਲਿਆਂ ਨੇ ਵੇਲੇ ਸਿਰ ਹੀ ਵੇਹਲੇ ਕਰ ਦਿੱਤੇ। ਲੇਕਨ ਦੇਬੇ ਨੇ
ਮੰਦਰ, ਪੰਡੋਰੀ, ਅਮਰਜੀਤ ਨੂੰ ਡੱਕਿਆ, ਗਿੰਦੇ ਘੁੰਮਾਣ ਨੇ ਜਦੋਂ ਬਦੇਸ਼ਾਂ ਢਾਹਿਆ ਤਾਂ ਲੋਕਾਂ ਨੇ
ਗੱਭਰੂ ਦੀਆਂ ਖੂਬ ਸਿਫਤਾਂ ਕੀਤੀਆਂ। ਗਗਨ ਸੱਟ ਤੋਂ ਠੀਕ ਹੋਕੇ ਖੇਡਿਆ, ਸੁੱਖ, ਕੀਪਾ, ਹਰਵਿੰਦਰ
ਬੁੱਤਾ ਸਾਰ ਗਏ। ਲੇਕਨ ਬਿਟੂ ਮੋਹੀ, ਪਾਲੀ ਢਿਲੋਂ, ਗਿੱਲ ਅਗਲੇ ਵਰ੍ਹੇ ਕੁਝ ਕਰਾਂਗੇ ਕਹਿ ਕੇ ਕੁਝ
ਪਛਤਾਉਂਦੇ ਨਜ਼ਰ ਆਉਂਦੇ ਪ੍ਰਤੀਤ ਹੁੰਦੇ ਐ। ਅਜੈਬ ਸਿੰਘ ਨੰਬਰਾਂ ਵਾਲੀ ਕਾਪੀ ਨੂੰ ਸੰਭਾਲ ਕੇ ਬੈਠਾ
ਸੀ ਤੇ ਸੀਰਾ ਘੁੱਗੂ ਨੂੰ। ਭਜੀ ਖੀਰਾਂ ਵਾਲੇ ਅਤੇ ਬਲਵਿੰਦਰ ਚੱਠੇ ਦੀ ਟੀਮ ਨੂੰ ਹਰਾ ਕੇ ਕਵੈਂਟਰੀ
ਨੇ ਦੱਸ ਦਿੱਤਾ ਕਿ ਅੱਜ ਲੰਮਾਂ ਸਫਰ ਤਹਿ ਕਰਨ ਦੇ ਰੌਂਅ ਵਿੱਚ ਹਾਂ। ਡਰਬੀ ਅਤੇ ਸਲੋਹ ਦਾ ਮੈਚ ਹਾਫ
ਟਾਈਮ ਤੱਕ ਤਾਂ ਤੱਕੜੀ ਦੇ ਤਰਾਜੂ ਵਾਂਗੂ ਇਧਰ ਉਧਰ ਡੋਲ ਰਿਹਾ ਸੀ। ਡਰਬੀ ਅੱਧੇ ਸਮੇਂ ਤੱਕ ਡੇਢ
ਅੰਕ ਨਾਲ ਅੱਗੇ ਜਾ ਰਹੀ ਸੀ ਕਿ ਅਚਾਨਕ ਲਾਡੀ ਇੱਕ ਰੇਡ ਖੇਡਣ ਗਿਆ ਸੱਟ ਦਾ ਸ਼ਿਕਾਰ ਹੋ ਗਿਆ। ਬਾਜ਼ੀ
ਜੰਡ ਵਾਲੇ, ਜਗਦੀਪ ਅਤੇ ਹਰਮਨ ਦੇ ਜੱਫੇ ਤਾਂ ਚੰਗੇ ਸੀ ਲੇਕਨ ਸਲੋਹ ਦਾ ਭਾਰੀ ਪੱਲੜਾ ਛੇ ਨੰਬਰਾਂ
ਤੇ ਜੇਤੂ ਬਣ ਕੇ ਝੁੱਕ ਗਿਆ। ਬਾਰਕਿੰਗ ਅਤੇ ਮਿਡਵੇ ਵਾਲੇ ਵੀ ਕੱਪ ਤੇ ਅੱਖ ਰੱਖੀ ਬੈਠੇ ਸੀ ਲੇਕਨ
ਮਿਡਵੇ ਬਾਰਕਿੰਗ ਨੇ ਠੰਡੀ ਕਰ ਦਿੱਤੀ, ਅਜ਼ਾਦ ਗਗਨ, ਭੂਰਾ ਜਿੰਦਰ ਅਤੇ ਤਾਜ਼ੀ, ਗਿੰਦਰ ਭੱਟੀ ਦੇ ਜੱਫੇ
ਕਾਲੇ ਮਹੇੜੂ, ਗੋਲੂ ਗੱਜਣਵਾਲ, ਤੇਜ਼ੀ ਘਨੌਰ, ਜਾਦੀ ਦਾ ਮੁਕਾਬਲਾ ਨਾ ਕਰ ਸਕੇ। ਲਹਿੰਬਰ ਸਿੰਘ
ਲਿੱਧੜ, ਅਜਮੇਰ ਸਿੰਘ ਮੇਲਾ ਦੇ ਨਾਲ ਅਮਰੀਕ ਬੋਪਾਰਾਏ ਨੇ ਮੁੱਛਾਂ ਤੇ ਹੱਥ ਫੇਰ ਦਿੱਤਾ। ਗੁਰਮੀਤ
ਅਟਕ ਨੰਬਰਾਂ ਤੋਂ ਉੱਠ ਕੇ ਹੱਸਦਾ ਹੱਸਦਾ ਗਰਾਉਂਡ ਵਿੱਚ ਆ ਗਿਆ। ਗੁੱਕ, ਰਾਜੂ ਕੌਂਕੇ ਬਾਰਕਿੰਗ
ਵੱਲੋਂ ਜਾਫੀ ਹਨ, ਨਾਲ ਹੀ ਪਤਾ ਲੱਗਾ ਬਾਰਕਿੰਗ ਦੇ ਮੱਲ੍ਹ ਗੁਰਦਾਸਪੁਰੀਏ ਨੇ ਕੈਨੇਡਾ ਕੱਪ ਤੇ
ਕਮਾਲ ਦੀ ਖੇਡ ਵਿਖਾਈ ਐ। ਬਾਰਕਿੰਗ ਨੂੰ ਕਵੈਂਟਰੀ ਨੇ ਸੈਮੀਫਾਈਨਲ ਵਿੱਚ ਸਤਿ ਸ੍ਰੀ ਅਕਾਲ ਬੁਲਾ
ਦਿੱਤੀ, ਬੁਲਾਈ ਬੜੀ ਔਖੇ ਹੋ ਕੇ ਅੱਧੇ ਸਮੇਂ ਤੱਕ ਕਵੈਂਟਰੀ ਅੱਧੇ ਨੰਬਰ ਤੇ ਪਿੱਛੇ ਸੀ, ਲੇਕਨ
ਬਾਅਦ ਵਿੱਚ ਪਤਾ ਨਹੀਂ ਕੇਵਲ ਪਾਸਲੇ ਨੇ ਕੀ ਮੰਤਰ ਪੜਾਇਆ ਮੀਕੇ ਪਾਸਲੇ ਨੇ ਬਹਿਜਾ ਬਹਿਜਾ ਕਰਵਾ
ਦਿੱਤੀ, ਯੁਵਰਾਜ ਵੀ ਪੂਰੇ ਨੰਬਰ ਲਿਖਾਈ ਗਿਆ, ਬਿਲਗਾ ਅੱਜ ਠੰਡਾ ਰਿਹਾ। ਯੁਵਰਾਜ ਨੇ ਗਗਨ ਨੂੰ ਜੱਫਾ
ਲਾ ਕੇ ਕਵੈਂਟਰੀ ਦੀ ਜਿੱਤ ਦਾ ਐਲਾਨ ਕਰਵਾ ਲਿਆ। ਈਰਥ ਵੂਲਿਚ ਤੋਂ ਹੁੱਲ ਭਾਵੇਂ ਹਾਰ ਗਈ ਲੇਕਨ
ਦਵਿੰਦਰ ਭੀਰੂ ਨੂੰ ਸੰਦੀਪ ਬਦੇਸ਼ਾ ਨੇ ਇਉਂ ਹੰਦਿਆਂ ਤੱਕ ਖਿੱਚ ਕੇ ਲਿਆਂਦਾ ਜਿਵੇਂ ਟੋਚਣ ਨਾਲ ਮਰੂਤੀ
ਖਿੱਚੀ ਦੀ ਐ। ਸਲੋਹ ਅਤੇ ਈਰਥ ਵਿਚਕਾਰ ਹੋਇਆ ਦੂਜਾ ਸੈਮੀਫਾਈਨਲ ਏਹਨਾਂ ਰੌਚਕ ਸੀ ਕਿ ਟੈਲੀਫੋਨ ਤੇ
ਲੋਕੀਂ ਇੱਕ ਦੂਜੇ ਨੂੰ ਲੱਗਦੇ ਜੱਫਿਆਂ ਬਾਰੇ ਦੱਸ ਰਹੇ ਸੀ, ਕੋਈ ਰੇਡਰ ਵੱਲੋਂ ਲਿਆਂਦੇ ਨੰਬਰ ਦੀ
ਗੱਲ ਫਖ਼ਰ ਨਾਲ ਕਰ ਰਿਹਾ ਸੀ। ਸੀਤੇ ਦਾ ਚੀਨ ਦੀ ਕੰਧ ਵਾਂਗ ਡਟ ਜਾਣਾ ਦਰਸ਼ਕਾਂ ਨੂੰ ਚੀਕਾਂ ਤਾੜੀਆਂ
ਲਈ ਮਜ਼ਬੂਰ ਕਰ ਦਿੰਦਾ ਸੀ। ਸੁਰਿੰਦਰ ਮਾਣਕ ਵੱਲੋਂ ਖਾਲੀ ਕੀਤੀ ਜੇਬ ਦਾ ਮੁੱਲ ਤਾਂ ਖਿਡਾਰੀਆ ਪਾਇਆ
ਲੇਕਨ ਅੱਧੇ ਨੰਬਰ ਤੇ ਕਿਸਮਤ ਸਲੋਹ ਦਾ ਸਾਥ ਦੇ ਗਈ, ਸੀਰੇ ਸੰਮੀਪੁਰੀਏ ਨੇ ਨਾਲੋ ਨਾਲ ਗੁਰ ਸਿੱਖਾ
ਕੇ ਕੱਪ ਦੇ ਹੱਕਦਾਰ ਬਣਾ ਦਿੱਤਾ।
ਬੱਚਿਆਂ ਦੇ ਮੈਚ ਤੋਂ ਬਾਅਦ ਫਾਈਨਲ ਖੇਡਣ ਲਈ ਸਲੋਹ ਦੇ ਸਾਹਮਣੇ ਪਹਿਲੀ ਵਾਰ ਫਾਈਨਲ ਪਹੁੰਚੀ
ਕਵੈਂਟਰੀ ਦੀ ਟੀਮ ਨੂੰ ਲੈ ਕੇ ਸਤਨਾਮ ਗਿੱਲ, ਕੇਵਲ ਪਾਸਲਾ ਆਏ ਗੁਰਵਿੰਦਰ ਬਿਲਗਾ ਨੇ ਪਿੰਦੂ, ਸੋਨੂ
ਪਾਸਲਾ ਨੇ ਸ਼ੌਕਤ, ਯੁਵਰਾਜ ਅਤੇ ਮੀਕੇ ਪਾਸਲੇ ਦੀ ਵਧੀਆ ਜਾਫ ਲਾਇਨ ਦੇ ਮੁਕਾਬਲੇ ਗੋਲੂ ਪਮਾਲ,
ਗੁਰਜੰਟ ਜੰਟਾ ਪੱਤੋ ਵਾਲਾ, ਰਣਜੀਤ ਮਾਹਲ ਅਤੇ ਰਣਜੀਤ ਲੱਲ ਕਲਾਂ ਵਧੀਆਂ ਰਹੇ, ਗੋਪੀ ਹੁਸ਼ਿਆਰਪੁਰੀਆ,
ਪਿੰਦੂ ਸਰਹਾਲੀ, ਪ੍ਰਦੀਪ ਦੀ ਰੇਡ ਨੇ ਕੱਪ ਜਿੱਤ ਕੇ ਸ਼ੀਰੇ ਸੰਮੀਪੁਰੀਏ, ਗੁਰਮੇਲ ਸਹੋਤੇ, ਬਿੰਦਰ,
ਲਖਵਿੰਦਰ ਦੀ ਝੋਲੀ ਪਾ ਦਿੱਤਾ। ਪ੍ਰਦੀਪ ਬਿਸਟ ਧਾਵੀ ਅਤੇ ਰਣਜੀਤ ਲੱਲ ਕਲਾਂ ਬਿਸਟ ਜਾਫੀ ਬਣ ਕੇ
ਨਿੱਤਰੇ ਇਸ ਤਰ੍ਹਾਂ ਸਲੋਹ ਦਾ ਜੇਤੂ ਸਿਲਸਲਾ ਲਗਾਤਾਰ ਜਾਰੀ ਹੈ। ਮੱਖਣ ਸ਼ੰਕਰੀਆ, ਕੇਵਲ ਪਾਸਲਾ,
ਸ਼ਿੰਦਾ ਛੂ ਮੰਤਰ ਦੂਜੇ ਨੰਬਰ ਤੇ ਰਹਿ ਕੇ ਹੀ ਸਬਰ ਦਾ ਘੁੱਟ ਭਰ ਗਏ। ਸ਼ਾਬੀ ਫਗਵਾੜਾ ਝੰਡੀ ਲੈ ਕੇ
ਮੈਦਾਨ 'ਚ ਨਿੱਤਰਿਆ ਪਰ ਕਿਸੇ 'ਚ ਹੌਂਸਲਾ ਨਹੀਂ ਪਿਆ ਕੇ ਚੋਬਰ ਨਾਲ ਦੋ ਹੱਥ ਕਰੀਏ। ਪਲਵਿੰਦਰ ਢੰਡਾ
ਆਇਰਨ ਚੁੱਕ ਕੇ ਜਵਾਨੀ ਜਿੰਦਾਬਾਦ ਕਹਿ ਗਿਆ। ਮੇਲੇ ਦਾ ਸਮੁਚਾ ਪ੍ਰਬੰਧ ਅਤੇ ਸੋਖੇ ਢੇਸੀ ਦੇ ਨਵੇਂ
ਗੀਤ ਦੀ ਸੂਟਿੰਗ ਡਰਬੀ ਦੇ ਮੇਲੇ ਨੂੰ ਚਾਰ ਚੰਨ ਲਾ ਗਈ। ਕੁਮੈਂਟਰੀ ਸੋਖਾ ਢੇਸੀ, ਰਵਿੰਦਰ ਕੋਛੜ
ਸਾਰਾ ਦਿਨ ਵਾਰੋਵਾਰੀ ਕਰਦੇ ਰਹੇ ਕਦੇ ਕਦੇ ਦਵਿੰਦਰ ਪਤਾਰਾ ਵੀ ਵਿੱਚੇ ਆ ਕੇ ਟੁੱਲ ਲਾ ਜਾਂਦਾ ਸੀ।
ਗੁਰੂ ਘਰ ਵੱਲੋਂ ਲੰਗਰ ਦੇ ਭੰਡਾਰੇ ਦਰਸ਼ਕਾਂ ਲਈ ਖੁੱਲ੍ਹੇ ਰਹੇ। ਅਖੀਰ ਜੇਤੂਆ ਨੂੰ ਸ੍ਰ. ਰਾਜਿੰਦਰ
ਸਿੰਘ ਪੁਰੇਵਾਲ, ਰਮਿੰਦਰ ਸਿੰਘ, ਸੁਖਦੇਵ ਸਿੰਘ ਸੋਖਾ ਉਦੇਪੁਰ, ਜਸਵੀਰ ਸਿੰਘ ਢਿਲੋਂ, ਹਰਚਰਨ ਸਿੰਘ
ਬੋਲਾ ਅਤੇ ਸਾਥੀਆਂ ਨੇ ਇਨਾਮ ਤਕਸੀਮ ਕੀਤੇ ਅਤੇ ਖਾਸ ਤੌਰ ਤੇ ਮੀਡੀਏ ਅਤੇ ਪ੍ਰਮੋਟਰਾਂ ਨੂੰ ਵੀ
ਸਨਮਾਨਿਤ ਕੀਤਾ। ਗੁਰੂ ਅਰਜਨ ਦੇਵ ਗੁਰਦੁਆਰਾ ਦੇ ਪ੍ਰਧਾਨ ਸ੍ਰ. ਰਮਿੰਦਰ ਸਿੰਘ ਸਾਰਾ ਦਿਨ ਕਬੱਡੀ
ਗਰਾਉਂਡ ਵਿੱਚ ਹੀ ਸੇਵਾ ਕਰਦੇ ਰਹੇ। ਚੁੰਨੀ ਪੱਤੜ, ਅਖ਼ਤਰ, ਜ਼ੈਲਾ, ਭਜੀ ਖੀਰਾਂ ਵਾਲੀ ਰੈਫਰੀ ਦੀ
ਡਿਊਟੀ ਨਿਭਾਉਂਦੇ ਰਹੇ। ਪਲਵਿੰਦਰ ਢੰਡੇ ਨੇ ਆਇਰਨ ਚੁੱਕੀ, ਜਿਸ ਨੂੰ ਦੇਵ ਥਰੀਕੇ ਸੁਸਾਇਟੀ ਵੱਲੋਂ
ਸੋਖੇ ਉਦੇਪੁਰ ਨੇ ਵਿਸ਼ੇਸ਼ ਸਨਮਾਨ ਦਿੱਤਾ। ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਖੁਸ਼ੀ
ਇਸ ਗੱਲ ਦੀ ਹੋਈ ਜਦ ਭਜੀ ਖੀਰਾਂ ਵਾਲੀ ਨੇ ਦੱਸਿਆ ਕਿ ਉਹ ਅੱਜ ਤੋਂ ਸਿੰਘ ਸਜਨ ਲੱਗਾ ਹੈ। ਜਿਸ ਦੀ
ਸਭ ਨੇ ਵਧਾਈ ਦਿੱਤੀ। ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਭਜੀ ਖੀਰਾਂ ਵਾਲੀ ਦੇ ਅੰਗ
ਸੰਗ ਰਹਿ ਕੇ ਇਸ ਸ਼ੁਭ ਕਾਰਜ ਲਈ ਸਹਾਈ ਹੋਣ ਅਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ।