ਆਸ਼ਕਾਂ ਬਾਗ ਲੱਗਾ ਬੀਜਣ ਹਜ਼ੂਰਾ ਸਿੰਘ
ਸੰਤ ਸੰਧੂ
ਹੱਥਲੀ ਪੁਸਤਕ 'ਕਿੱਸਾ ਹੀਰ ਹਜ਼ੂਰਾ ਸਿੰਘ', ਕਲੀਆਂ ਦੇ
ਬਾਦਸ਼ਾਹ ਹਜ਼ੂਰਾ ਸਿੰਘ ਦੀਆਂ ਪੰਜਾਬੀਆਂ ਦੇ ਦਿਲਾਂ ਵਿਚ ਘਰ ਕਰ ਗਈਆਂ ਕਲੀਆਂ ਦਾ ਇਕ ਅਜਿਹਾ ਸੰਗ੍ਰਹਿ
ਹੈ ਜੋ ਅਧੂਰਾ ਹੁੰਦਾ ਹੋਇਆ ਵੀ ਪੂਰਾ ਹੋ ਜਾਣ ਦੀ ਆਸ ਬੰਨ੍ਹਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਇਸ
ਮਹੱਤਵਪੂਰਣ ਕਾਰਜ ਨੂੰ ਹੁਣ 'ਪੰਜਾਬੀ ਸੱਥ' ਦੇ ਸੂਰਮਿਆਂ ਨੇ ਹੱਥ ਪਾਇਆ ਹੈ। ਮੋਤਾ ਸਿੰਘ ਸਰਾਏ ਦੀ
ਸੋਚ ਮੁਤਾਬਕ ਸਾਡੇ ਘੜੰਮ ਚੌਧਰੀਆਂ ਨੇ ਸਾਡਾ ਕੀਮਤੀ ਵਿਰਸਾ ਪੈਰਾਂ ਹੇਠ ਮਿਧਾਇਆ ਹੈ ਅਤੇ
ਸੱਭਿਆਚਾਰ ਦੇ ਸ਼ੀਸ਼ੇ ਵਲੋਂ ਆਪਣਾ ਮੂੰਹ ਭੁਆਇਆ ਹੈ। ਵਸੀਲਿਆਂ ਅਤੇ ਸਾਧਨਾਂ ਦੇ ਖਜ਼ਾਨਿਆਂ ਉੱਪਰ
ਕੁੰਡਲ ਮਾਰੀ ਬੈਠੇ ਸੱਪਾਂ ਨੂੰ ਨਾ ਆਪਣੇ ਵਿਰਸੇ ਦਾ ਅਤੇ ਨਾ ਆਪਣੇ ਫਰਜ਼ ਦਾ ਕਦੇ ਕੋਈ ਖਿਆਲ ਆਇਆ
ਹੈ। ਅਜਿਹੀਆਂ ਨਾਖੁਸ਼ਗਵਾਰ ਹਾਲਤਾਂ ਦੀ ਵੰਗਾਰ ਕਬੂਲਦਿਆਂ ਡਾ. ਨਿਰਮਲ ਸਿੰਘ ਮਾਲਵਾ, ਲਾਂਬੜਾ ਅਤੇ
ਮੋਤਾ ਸਿੰਘ ਸਰਾਏ, ਭੰਗਾਲਾ ਦੀ ਜੋੜੀ ਨੇ ਪੰਜਾਬੀ ਸੱਥ ਦੇ ਝੰਡੇ ਥੱਲੇ, ਪੰਜਾਬੀ ਸੱਥ ਦੀਆਂ ਵਿਸ਼ਵ
ਵਿਆਪੀ ਇਕਾਈਆਂ ਦਾ ਜਾਲ ਵਿਛਾਇਆ ਹੈ। ਪੰਦਰਾਂ ਸੋਲ੍ਹਾਂ ਸਾਲ ਦੇ ਸਮੇਂ ਵਿਚ ਹੀ ਉਨ੍ਹਾਂ ਦੁਆਰਾ
ਕੀਤੇ ਵਿਰਸਾ ਸੰਭਾਲ ਅਤੇ ਸਾਹਿਤ ਸੱਭਿਆਚਾਰ ਦੇ ਖੇਤਰ ਵਿਚ ਕੀਤੀਆਂ ਅਹਿਮ ਪ੍ਰਾਪਤੀਆਂ ਵਿਚ ਜਿਥੇ
ਦੋ ਦਰਜਨ ਦੇ ਲਗਭਗ ਮਹਾਨ ਪੁਸਤਕਾਂ ਦੀ ਭੇਟਾ ਸ਼ਾਮਲ ਹੈ ਉਥੇ ਸੱਥ ਵਲੋਂ ਹਰ ਵਰ੍ਹੇ ਛਾਪਿਆ ਜਾਂਦਾ
ਨਿਵੇਕਲੀ ਦਿੱਖ ਵਾਲਾ ਸੱਭਿਆਚਾਰਕ ਕੈਲੰਡਰ ਅਤੇ ਸਮਾਜ ਅਤੇ ਸਾਹਿਤ ਸੱਭਿਆਚਾਰ ਦੇ ਵੱਖ ਵੱਖ ਖੇਤਰਾਂ
ਦੀਆਂ ਦੇਸ ਅਤੇ ਪ੍ਰਦੇਸ ਵਿਚ ਵਿਲੱਖਣ ਸ਼ਖ਼ਸੀਅਤਾਂ ਦਾ ਸਾਲਾਨਾ ਮਾਨ ਸਨਮਾਨ ਵੀ ਕਾਬਿਲੇ ਜ਼ਿਕਰ ਹੈ।
ਸੱਥ ਦੀਆਂ ਇਨ੍ਹਾਂ ਮਹਾਨ ਹਸਤੀਆਂ ਵਿਚ ਨਾ ਹੀ ਹਉਮੈ ਦੀ ਨਿਗੂਣੀ ਹਵਸ ਹੈ ਨਾ ਕੋਈ ਰਾਜਨੀਤਿਕ ਅਕਸ
ਹੈ। ਪੰਜਾਬੀਅਤ ਦੀਆਂ ਮਾੜੇ ਸਮਿਆਂ ਵਿਚ ਉਲਝੀਆਂ ਤੰਦਾਂ ਨੂੰ ਸੁਲਝਾਉਣ ਵਿਚ ਆਸ਼ਕਾਂ ਸਾਦਕਾਂ ਦੀ
ਸਾਬਤ ਕਦਮੀ ਨਾਲ ਨਿਰੰਤਰ ਲੱਗੇ ਹੋਏ ਹਨ। ਨੂਰਪੁਰੀ ਦੇ ਸ਼ਬਦਾਂ ਵਿਚ :-
'ਗੋਰੀ ਦੀਆਂ ਝਾਂਜਰਾਂ ਬੁਲੋਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪਾਉਂਦੀਆਂ ਗਈਆਂ'
ਪੰਜਾਬੀ ਸੱਥ ਦੀਆਂ ਝਾਂਜਰਾਂ ਸੱਥਾਂ ਦੀਆਂ ਇਕਾਈਆਂ ਆਪੋ ਆਪਣੇ ਖੇਤਰਾਂ ਵਿਚ ਨਿਰੰਤਰ ਕਾਰਜਸ਼ੀਲਤਾ
ਦਾ ਹੋਕਾ ਬੜੀ ਸਫਲਤਾ ਨਾਲ ਦੇ ਰਹੀਆਂ ਹਨ। ਆਪਣੇ ਪੈਰਾਂ ਉੱਤੇ ਆਪ ਖੜ੍ਹੀਆਂ ਹਨ। ਬੇਸ਼ੱਕ ਯੂਰਪੀ
ਸੱਥ ਨੇ ਮਾਇਆ ਦੇ ਬੱਦਲਾਂ ਵਿਚੋਂ ਖੂਬ ਵਰ੍ਹਾਈਆਂ ਝੜੀਆਂ ਹਨ। ਸੱਥ ਦੀ ਇਕ ਹੋਰ ਜ਼ਿਕਰਯੋਗ ਪ੍ਰਾਪਤੀ
ਵਜੋਂ 'ਕਿੱਸਾ ਹੀਰ ਹਜ਼ੂਰਾ ਸਿੰਘ' ਸੱਥ ਦੇ ਸਾਹਿਤਕ ਸਫਰ ਵਿਚ ਇਕ ਖੋਜ ਕਾਰਜ ਦੇ ਮੀਲ ਪੱਥਰ ਵਜੋਂ
ਅਦਬੀ ਅਦਾਰਿਆਂ ਵਿਚ ਹਮੇਸ਼ਾ ਵਾਸਤੇ ਯਾਦ ਰੱਖਿਆ ਜਾਵੇਗਾ। ਤਿੰਨ ਸੌਂ ਵੀਹ ਸਫਿਆਂ ਦੀ ਪੁਸਤਕ ਵਿਚ,
ਮੋਤਾ ਸਿੰਘ ਸਰਾਏ ਦੀ ਨਿਰਮਾਣ ਰੰਗ ਦੀ ਭੂਮਿਕਾ ਸਮੇਤ, ਡਾ. ਨਿਰਮਲ ਸਿੰਘ ਵਲੋਂ ਹਜ਼ੂਰਾ ਸਿੰਘ ਦੀ
ਹਜ਼ੂਰੀ ਵਿਚ, ਅੱਠ ਸਫਿਆਂ ਦੀ ਅਤੇ ਪੁਸਤਕ ਦੇ ਖੋਜੀ ਸੰਪਾਦਕ ਹਰਵਿੰਦਰ ਸਿੰਘ ਚਾਹਲ ਦਾ ਹਜ਼ੂਰਾ ਸਿੰਘ
ਦੇ ਹੀਰ ਸ਼ਾਹਕਾਰ ਬਾਰੇ ਤੀਹ ਸਫਿਆਂ ਦਾ ਵਿਸ਼ੇਸ਼ ਤੇ ਆਪਣੀ ਕਿਸਮ ਦਾ ਲੇਖ ਪੰਜਾਬੀ ਜਗਤ ਵਾਸਤੇ ਬਹੁਤ
ਮਹੱਤਵਪੂਰਨ ਹਨ।
ਪੰਜਾਬੀ ਲੋਕਧਾਰਾ ਦੇ ਬਰਾਬਰ ਮਕਬੂਲੀਅਤ ਵਿਚ ਪੰਜਾਬੀ ਕਿੱਸਾ-ਕਾਰਾਂ ਨੂੰ ਜੋ ਸਫਲਤਾ ਹੀਰ, ਸੁਹਣੀ,
ਸੱਸੀ ਤੇ ਸਾਹਿਬਾਂ ਦੇ ਕਿੱਸਿਆਂ ਦੇ ਕਾਰਨ ਮਿਲੀ ਹੈ, ਉਸਦੀ ਮਿਸਾਲ ਦੁਨੀਆਂ ਦੀਆਂ ਹੋਰ ਕੌਮਾਂ ਦੇ
ਸੱਭਿਆਚਾਰਾਂ ਵਿਚ ਵਿਰਲੀ ਹੀ ਵੇਖੀ ਜਾ ਸਕਦੀ ਹੈ। ਇਸੇ ਪ੍ਰਸੰਗ ਵਿਚ ਕਾਦਰਯਾਰ ਦਾ ਪੂਰਨ ਭਗਤ ਵੀ
ਬਰਾਬਰ ਦੀ ਸ਼ੋਹਰਤ ਖੱਟ ਚੁੱਕਾ ਹੈ। ਪੰਜਾਬੀ ਸੱਥ ਵਲੋਂ 'ਹੀਰ' ਵਾਰਿਸ ਸ਼ਾਹ ਦੀ ਪ੍ਰਕਾਸ਼ਨਾ ਮਗਰੋਂ 'ਕਿੱਸਾ,
ਹੀਰ ਹਜ਼ੂਰਾ ਸਿੰਘ' ਦਾ ਖੋਜ ਕਾਰਜ ਛਪਣ ਨਾਲ ਸ਼ਾਇਦ ਇਹ ਫੈਸਲਾ ਵੀ ਲਗਭਗ ਹੋ ਹੀ ਗਿਆ ਹੈ ਕਿ ਪੰਜਾਬ
ਦੇ ਅਨਮੋਲ ਵਿਰਸੇ ਦੇ ਅਗਲੇ ਵਾਰਿਸ ਕੌਣ ਹੋਣਗੇ।
ਇਸ ਖੇਤਰ ਦੇ ਬਹੁਤੇ ਦਿਖਾਵੇ ਦੇ ਹਿਤੈਸ਼ੀ ਜਿਥੇ ਇਸ਼ਤਿਹਾਰਬਾਜ਼ੀ, ਸਮਾਗਮਬਾਜ਼ੀ ਅਤੇ ਕੁਰਸੀਆਂ ਦੀ
ਚੋਣਬਾਜ਼ੀ ਤੱਕ ਹੀ ਮਹਿਦੂਦ ਹੋ ਕੇ ਰਹਿ ਗਏ ਹਨ ਉਥੇ ਪੰਜਾਬੀ ਸੱਥ ਦੇ ਸੇਵਾਦਾਰ ਠੋਸ ਕਾਰਜਾਂ ਵਿਚ
ਯਕੀਨ ਰੱਖਦੇ ਹਨ ਤੇ ਥੁਕੀਂ ਵੜੇ ਪਕਾਉਣ ਦੀ ਥਾਂ ਹੱਥ 'ਤੇ ਸਰ੍ਹੋਂ ਜਮ੍ਹਾਉਣ ਵਿਚ ਵਿਸ਼ਵਾਸ ਕਰਦੇ
ਹਨ। ਹੀਰ ਵਾਰਿਸ ਸ਼ਾਹ ਜਿਥੇ ਸੁਰਤਾਲ ਦੀ ਚਰਮ ਸੀਮਾ ਪ੍ਰਸਤੁਤ ਕਰਦੇ ਬੈਂਤ ਧਾਰਨਾ ਵਿਚ ਪਰੋਈ ਗਈ ਹੈ
ਉਥੇ ਹੀਰ ਹਜ਼ੂਰਾ ਸਿੰਘ ਪੰਜਾਬੀ ਦਿਲਾਂ ਦੀ ਧੜਕਣ 'ਕਲੀ' ਰਾਹੀਂ ਪੇਸ਼ ਕੀਤੀ ਗਈ ਹੈ। ਦੋਹਾਂ ਹੀਰ
ਭੈਣਾਂ ਬਾਰੇ ਮੈਨੂੰ ਤਾਂ ਇੰਜ ਲੱਗਦਾ ਹੈ :
'ਨੰਦ ਕੌਰ ਚੰਦ ਕੌਰ ਸਕੀਆਂ ਭੈਣਾਂ,
ਬਹਿ ਗਈਆਂ ਪਲੰਘ ਤੇ ਚੜ੍ਹ ਕੇ।'
ਪੰਜਾਬੀ ਸੱਥ ਤੇ ਇਸ ਦੇ ਪੰਜ ਨਦ ਪ੍ਰਕਾਸ਼ਨ ਅਦਾਰੇ ਬਾਰੇ ਫਿਰ ਇਕ ਲੋਕ ਬੋਲੀ ਦੇ ਸਹਾਰੇ ਕਹਿ ਸਕਦੇ
ਹਾਂ :-
''ਵਧ ਗਈ ਵੇਲ ਦੀ ਤਰ੍ਹਾਂ
ਤੇਰੇ ਘਗਰਾ ਮੇਚ ਨਾ ਆਵੇ।''
ਕਿੱਥੇ ਨੱਚੇਂਗਾ ਨਚਾਰਾ ਸਾਲਿਆ
-ਸੰਤ ਸੰਧੂ
ਅਸਮਾਨ ਉੱਤੇ ਮਟਮੈਲੇ ਤੇ ਘਸਮੈਲੇ ਤਿਤਰ ਖੰਭੇ ਬੱਦਲਾਂ ਦੀ ਸੁਸਤ ਤੇ ਸੋਚਾਂ ਵਿਚ ਡੁੱਬੀ ਹੋਈ
ਭੇਡ-ਚਾਲ ਨਜ਼ਰ ਆ ਰਹੀ ਸੀ। ਪਾਕਿਸਤਾਨ ਦੇ ਰਾਜਸੀ ਭਵਿੱਖ ਵਰਗੀ। ਸਮੇਂ ਦੇ ਪਹਿਰੇਦਾਰ ਨੇ ਨਵੇਂ ਸਾਲ
ਦੀ ਗੱਡੀ ਨੂੰ ਹਰੀ ਝੰਡੀ ਵਿਖਾ ਦਿੱਤੀ ਸੀ। ਜਨਵਰੀ ਮਹੀਨੇ ਦੇ ਪਹਿਲੇ ਚਾਰ ਮਰਜੀਵੜੇ ਕਾਲ ਦੀ ਚਰਖੜੀ
ਉਪਰ ਤੂੰਬਾ-ਤੂੰਬਾ ਹੋ ਕੇ ਉੱਡ ਚੁੱਕੇ ਸਨ। ਪੰਜਵੀਂ ਤਾਰੀਕ ਦਾ ਪੰਜਵਾਂ ਪਿਆਰਾ ਵਕਤ ਦੀ ਉਬਲਦੀ
ਦੇਗ ਲਾਗੇ ਆ ਖੜ੍ਹਿਆ ਸੀ। ਦਿਨ ਸ਼ਨਿਚਰਵਾਰ ਦਾ ਆ ਚੜ੍ਹਿਆ ਸੀ। ਪ੍ਰਵਾਸੀ ਸੰਮੇਲਨ ਦਾ ਖੁੱਲ੍ਹ ਰਿਹਾ
ਬੰਦ ਦੁਆਰ ਸੀ। ਭਾਸ਼ਣਾਂ ਦੀ ਕੋਠੜੀ ਦਾ ਵੀ ਖੁੱਲ੍ਹ ਗਿਆ ਬੂਹਾ ਸੀ। ਪੱਟਿਆ ਗਿਆ ਪਹਾੜ ਤੇ ਨਿਕਲਿਆ
ਚੂਹਾ ਸੀ। ਵਾਅਦਿਆਂ ਦੇ ਬੱਦਲ ਖੂਬ ਗਰਜਦੇ ਰਹੇ। ਧਰਤੀ ਦੇ ਲੋਕ ਪਾਣੀ ਦੀ ਬੂੰਦ ਨੂੰ ਪਰ ਤਰਸਦੇ ਰਹੇ।
ਪ੍ਰਵਾਸੀ ਬੁਲਾਰੇ ਰੋਂਦੇ ਰਹੇ ਆਪਣੇ ਵਤਨ ਵਿਚ ਉਨ੍ਹਾਂ ਨੂੰ ਪੇਸ਼ ਆ ਰਹੀਆਂ, ਆਪਣੀਆਂ ਮੁਸ਼ਕਲਾਂ ਦੇ
ਰੰਡੀ ਰੋਣੇ ਤੇ ਰੋਂਦੇ ਰਹੇ ਉਨ੍ਹਾਂ ਧੋਭੀਆਂ ਦੇ ਅੱਗੇ ਜਿਨ੍ਹਾਂ ਕੋਲ ਨਾ ਕੋਈ ਆਪਣਾ ਘਰ ਹੈ ਨਾ
ਕੋਈ ਆਪਣਾ ਘਾਟ ਹੈ। ਨਾ ਸੋਡਾ ਹੈ ਨਾ ਸਾਬਣ ਹੈ। ਪ੍ਰਵਾਸੀ ਕਰਦੇ ਰਹੇ ਆਪਣੀਆਂ ਧੱਕੇ ਨਾਲ ਦਬਾਈਆਂ
ਜ਼ਮੀਨਾਂ ਦੇ ਝੋਰੇ। ਸੁਣਦੇ ਰਹੇ ਤੇ ਮੁਸਕਰਾਉਂਦੇ ਰਹੇ ਕਾਲੇ ਦਿਲਾਂ ਵਾਲੇ ਸੱਤਾ ਦੇ ਮੁਹਰੇ। ਭਗੌੜੇ
ਕਰਾਰ ਦਿੱਤੇ ਪ੍ਰਵਾਸੀਆਂ ਦੇ ਮੁਕੱਦਮਿਆਂ ਦੀ ਰੜਕ ਵੀ ਰੜਕਦੀ ਰਹੀ ਤੇ ਭਗੌੜਿਆਂ ਨੂੰ ਧਰਵਾਸ
ਬੰਨ੍ਹਾਉਂਦੇ ਰਹੇ ਆਨੰਦਪੁਰ ਮਤੇ ਦੇ ਭਗੌੜੇ। ਦਰਦ ਦੀ ਸਾਂਝ ਬਹੁਤ ਮਹੱਤਵਪੂਰਣ ਹੁੰਦੀ ਹੈ। ਐਵੇਂ
ਤਾਂ ਨਹੀਂ ਸਿਆਣਿਆਂ ਨੇ ਕਿਹਾ ਸੀ, ਜਿਸ ਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ। ਐਲਾਨ
ਹੋ ਗਿਆ। ਜੈਕਾਰੇ ਲੱਗ ਗਏ। ਠਾਣੇ ਬਣ ਗਏ। ਕਮੇਟੀ ਦਾ ਗਠਨ ਹੋ ਗਿਆ। ਕਚਹਿਰੀ ਨੂੰ ਹੁਕਮ ਹੋ ਗਿਆ।
ਲਾਰਿਆਂ ਦਾ ਪਰੋਸਾ ਪਰੋਸ ਦਿੱਤਾ ਗਿਆ, ਸੱਤਾ ਦੇ ਉਸ ਰਾਵਣ ਵਲੋਂ ਜਿਸਦਾ ਆਪਣਾ ਕਾਲ ਵੀ ਭਾਜਪਾ ਦੇ
ਪਾਵੇ ਨਾਲ ਨੂੜਿਆ ਹੋਇਆ ਹੈ। ਮੁੱਖ ਮੰਤਰੀ ਦੇ ਸਬਜਬਾਗਾਂ ਵਿਚ ਮੈਨੂੰ ਇੰਝ ਲੱਗਦਾ ਸੀ ਜਿਵੇਂ ਜੰਗਲਾਂ
ਦਾ ਸ਼ੇਰ ਹਿਰਨਾਂ ਨੂੰ ਤਾੜ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ ਬਾਦਸ਼ਾਹੋ ਅਸੀਂ ਤਾਂ ਤੁਹਾਡੀ ਸੇਵਾ
ਵਿਚ ਤਿਆਰ ਬਰ ਤਿਆਰ ਹੀ ਰਹਿੰਦੇ ਹਾਂ। ਤੁਸੀਂ ਸਾਡੇ ਨੇੜੇ ਨਾ ਲੱਗੋ ਤਾਂ ਸਾਡਾ ਕੀ ਕਸੂਰ। ਇਕ ਦਿਲ
ਕਰਦਾ ਇਨ੍ਹਾਂ ਮਾਸੂਮ ਹਿਰਨਾਂ ਨੂੰ ਕਹਿ ਦੇਵਾਂ- ਮੇਰੇ ਪਿੱਛੇ ਨਿੱਤ ਪਟਰੋਲ ਫੂਕ ਕੇ, ਤੈਨੂੰ ਕੀ
ਮਿਲਦਾ।
ਪਰ ਇਕ ਦਿਲ ਕਹਿੰਦਾ ਹੈ ਕਿ ਉਮੀਦ ਦੇ ਬੂਹੇ ਬੰਦ ਨਹੀਂ ਕਰਨੇ ਚਾਹੀਦੇ। ਪ੍ਰਵਾਸੀ ਪ੍ਰਾਹੁਣੇ ਫਿਰ
ਹਾਜ਼ਰ ਆਣ ਹੋਏ ਜਲੰਧਰ ਵਿਚ ਛੇ ਤਰੀਕ ਐਤਵਾਰ ਨੂੰ 'ਬਾਠ ਕੈਸਲ' ਦੇ ਸ਼ਾਹੀ ਦਰਬਾਰ ਵਿਚ, ਦੁਆਬੇ ਦੇ
ਵਿਚਕਾਰ। ਇਤਫਾਕ ਨਾਲ ਉਸੇ ਦਿਨ ਦੇਸ਼ ਵਿਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਸਨ ਤੇ
ਇਧਰ ਸੁਪਨਿਆਂ ਦੇ ਸਬਜ਼ਬਾਗ ਵਿਖਾਏ ਜਾ ਰਹੇ ਸਨ, ਸਿਆਸਤ ਦੇ ਪੁਤਲੀਗਰਾਂ ਵਲੋਂ। ਪ੍ਰਵਾਸੀ
ਨੁਮਾਇੰਦਿਆਂ ਦੀ ਗਿਣਤੀ ਮਿਣਤੀ ਨਾਲੋਂ ਅਫਸਰਸ਼ਾਹੀ, ਨੇਤਾਸ਼ਾਹੀ ਅਤੇ ਪੁਲੀਸ ਸ਼ਾਹੀ ਦੀਆਂ ਧਾੜਾਂ ਵੇਖ
ਕੇ ਇੰਝ ਲੱਗਦਾ ਸੀ ਜਿਵੇਂ ਚੰਦੜਾਂ ਦੇ ਮਿਰਜੇ ਦੇ ਪਿੱਛੇ ਖਰਲਾਂ ਦੀ ਵਹੀਰ ਚੜ੍ਹੀ ਆ ਰਹੀ ਹੋਵੇ।
ਖੈਰ ਜੰਗਲ ਦੇ ਸ਼ੇਰ ਨੇ ਆਪਣੇ ਲੋਕਰਾਜੀ ਪੈਂਤੜੇ ਦੀ ਮਿਸਾਲ ਪੇਸ਼ ਕਰਦਿਆਂ ਪ੍ਰਵਾਸੀ ਸਲਾਹਕਾਰ ਬੋਰਡ
ਦੇ ਗਠਨ ਦਾ ਐਲਾਨ ਵੀ ਕਰ ਦਿੱਤਾ। ਪਰ ਸੰਮੇਲਨ ਵਿਚ ਉਠੀ, ਅਫਸਰਸ਼ਾਹੀ ਨੂੰ ਨੱਥ ਪਾਉਣ ਦੀ ਆਵਾਜ਼,
ਸੰਮੇਲਨ ਦਾ ਸੱਦਾ ਪੱਤਰ ਜੋ ਅਫਸਰਸ਼ਾਹੀ ਵਲੋਂ ਹੀ ਤਿਆਰ ਕੀਤਾ ਗਿਆ ਸੀ, ਵੇਖ ਕੇ ਹੀ ਡੌਰ ਭੌਰ ਹੋ
ਗਈ। ਮੇਲੇ ਵਿਚ ਬੁਲਾਉਣ ਵਾਲੇ, ਤੰਬੂ ਲਾਉਣ ਵਾਲੇ 'ਜੀ ਆਇਆਂ ਨੂੰ' ਕਹਿਣ ਵਾਲੇ ਪੰਜਾਬ ਦੇ ਭ੍ਰਿਸ਼ਟ
ਢਾਂਚੇ ਦੇ ਪੈਰ੍ਹਾਂ ਥੱਲੇ ਲਿਤਾੜੇ ਹੋਏ ਜਨਤਕ ਪ੍ਰਤੀਨਿਧ ਨਾ ਹੋ ਕੇ ਵਰਦੀਧਾਰੀ ਸੱਤਾ ਦੇ ਦਲਾਲਾਂ
ਦੇ ਭਾਈਵਾਲ ਪੁਲਸੀਏ ਹੀ ਸਨ। ਸੁਖਬੀਰ ਨੂੰ ਮੁੱਖ ਮੰਤਰੀ ਦਾ ਰਾਜ ਤਿਲਕ ਲਾਉਣ ਦੀ ਆਵਾਜ਼ ਪ੍ਰਵਾਸੀ
ਪ੍ਰਾਹੁਣਿਆਂ ਦੇ ਮੂੰਹੋਂ ਸੁਣ ਕੇ ਇਉਂ ਲੱਗਿਆ ਕਿ ਬਾਦਲ ਪਰਿਵਾਰ ਤੇ ਪ੍ਰਵਾਸੀ ਭਾਈਚਾਰੇ ਦੇ ਵਿਚਾਰਾਂ
ਵਿਚ ਕਿੰਨੀ ਸਮਾਨਤਾ ਹੈ।
ਮੈਨੂੰ ਪ੍ਰਵਾਸੀ ਵੀਰਾਂ ਦੀ ਇਕ ਗੱਲ ਸਮਝ ਨਹੀਂ ਆ ਰਹੀ ਕਿ ਕੀ ਉਹ ਆਪਣੇ ਵਤਨ ਦੀ ਮੰਦਹਾਲੀ ਦੀ
ਹਾਲਤ ਵਿਚ ਆਪਣੀ ਧਰਤੀ ਦੇ ਲੋਕਾਂ ਦੀ ਸੱਚਮੁੱਚ ਬਾਂਹ ਫੜਨਾ ਚਾਹੁੰਦੇ ਨੇ ਜਾਂ ਬਾਣੀਏ ਦੇ ਰੂਪ ਵਿਚ
'ਈਸਟ ਇੰਡੀਆ ਕੰਪਨੀ' ਬਣ ਕੇ ਆਉਣਾ ਚਾਹੁੰਦੇ ਨੇ। ਸਮਾਂ ਆਪਣੀਆਂ ਤਰੀਕਾਂ ਤਾਂ ਬਦਲ ਸਕਦਾ ਹੈ ਪਰ
ਇਤਿਹਾਸ ਦੀ ਹਕੀਕਤ ਬਦਲ ਦੇਣਾ ਹਮੇਸ਼ਾਂ ਇਸ ਦੇ ਵੱਸ ਦੀ ਗੱਲ ਨਹੀਂ ਹੁੰਦੀ। ਉਹ ਵੀ ਤਾਂ ਪ੍ਰਵਾਸੀ
ਵੀਰ ਸਨ ਜੋ ਮਨੁੱਖੀ ਆਜ਼ਾਦੀ ਦੀ ਖਾਤਰ ਕਦੀ ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ ਦੀ ਦੌਲਤ ਨੂੰ ਲੱਤ
ਮਾਰ ਕੇ ਪੰਜਾਬ ਆਏ ਸਨ। ਸ਼ਾਇਦ ਸਵਾਰਥੀ ਲੋਕ ਹੀ ਭੁਲਣਹਾਰ ਹੁੰਦੇ ਹਨ ਤੇ ਸਮਿਆਂ ਦੀ ਭਟਕੀ ਤੋਰ ਦੇ
ਗੁਨਾਹਗਾਰ ਵੀ। ਜੇ ਪੰਜਾਬ ਦੀ ਡਾਵਾਂ ਡੋਲ ਬੇੜੀ ਨੂੰ ਪੰਜਾਬ ਦੇ ਹਰ ਮੁਹਾਜ ਉੱਪਰ ਡੁਬਦੇ ਜਹਾਜ
ਨੂੰ ਬਚਾਉਣਾ ਚਾਹੁੰਦੇ ਹੋ ਤਾਂ ਰਾਜਸੀ ਲੋਕਾਂ ਦੀ ਮੁਥਾਜਗੀ ਦੀ ਤਾਂ ਕੋਈ ਲੋੜ ਨਹੀਂ ਪੈਂਦੀ। ਮੈਨੂੰ
ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੇ ਉਹ ਸ਼ਬਦ ਯਾਦ ਆ ਰਹੇ ਹਨ ਕਿ ਮੂੰਹ ਨਾਲ
ਕੀਤੀਆਂ ਗੱਲਾਂ ਤਾਂ ਭੁੱਲ ਜਾਂਦੀਆਂ ਹਨ, ਪਰ ਵਿਅਕਤੀਆਂ ਦੇ ਕੀਤੇ ਹੋਏ ਕੰਮ ਅਮਿੱਟ ਛਾਪ ਛੱਡ ਜਾਂਦੇ
ਹਨ।
ਜਿਨ੍ਹਾਂ ਨੇਤਾਵਾਂ ਦੀਆਂ ਛਾਵਾਂ ਦੀ ਤੁਸੀਂ ਆਸ ਲਾਈ ਬੈਠੇ ਹੋ ਉਨ੍ਹਾਂ ਦਾ ਵੱਕਾਰ ਤੇ ਆਧਾਰ ਤੇ
ਆਚਾਰ ਕਿੰਨਾ ਕੁ ਹੈ ਇਸ ਦੀ ਮਿਸਾਲ ਤੁਸੀਂ 'ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਵਿਚੋਂ ਹਰਿਆਣਾ
ਦਾ ਇੱਲ ਵਾਂਗ ਮਾਰਿਆ ਝਪੱਟਾ ਵੇਖ ਕੇ ਲਾ ਸਕਦੇ ਹੋ। ਇਨ੍ਹਾਂ ਦੀ ਸਰਪ੍ਰਸਤੀ ਹੇਠ ਪਲਦੇ 'ਬੇਦੀਆਂ'
ਦੀਆਂ ਕਰਤੂਤਾਂ ਵੇਖ ਕੇ ਤੇ 'ਮੋਤੀ ਮਹਿਲ ਤੋਂ ਚੈਲ' ਵਲ ਜਾਂਦੇ ਸਲਵਾਨ ਨੂੰ ਵੇਖ ਕੇ ਖੂਬ ਅੰਦਾਜ਼ਾ
ਲਾ ਸਕਦੇ ਹੋ। ਆਪਾਂ ਆਪਣੇ ਵਿਰਸੇ ਨਾਲੋਂ ਏਨਾ ਦੂਰ ਨਾ ਜਾਈਏ ਤੇ ਯਾਦ ਕਰੀਏ ਕਿ ਸਾਡੇ ਗੁਰੂ ਪੀਰਾਂ
ਨੂੰ ਕਦੀ ਵੀ ਲੋਕ ਹਿਤ ਵਿਚ ਆਪਣਾ ਹੋਕਾ ਦੇਣ ਲਈ ਤਖ਼ਤਾਂ ਦੀ ਮੁਥਾਜਗੀ ਕਦੀ ਨਹੀਂ ਝੱਲਣੀ ਪਈ ਤੇ ਨਾ
ਹੀ ਹਾਕਮਾਂ ਅੱਗੇ ਲੇਲੜ੍ਹੀਆਂ ਕੱਢਣੀਆਂ ਪਈਆਂ। ਸਗੋਂ ਜ਼ਾਲਮਾਂ ਦੀ ਪਾਈ ਭਾਜੀ ਨੂੰ ਸ਼ਹਾਦਤ ਦੇ ਕੇ
ਸਾਂਵੀ ਕਰਦੇ ਆਏ ਹਨ। ਕੋਈ ਬਾਦਸ਼ਾਹ ਗੁਰੂ ਦਰਬਾਰ ਵਿਚ ਕੋਈ ਬਖਸ਼ਿਸ਼ ਜਾਂ ਜਾਗੀਰ ਦੇਣ ਆਪ ਚੱਲ ਕੇ ਵੀ
ਆਇਆ ਤਾਂ ਉਹਦੇ ਅੱਗੇ ਵੀ ਨਿਮਰਤਾ ਸਾਹਿਤ ਹੱਥ ਜੋੜ ਕੇ ਮਨ੍ਹਾ ਕਰਦੇ ਰਹੇ ਤਾਂ ਕਿ ਲਾਲੋ ਦੀ ਸੁੱਚੀ
ਕਮਾਈ ਵਿਚ ਮਲਕ ਭਾਗੋ ਦੀ ਜ਼ਹਿਰ ਨਾ ਰਲ ਜਾਵੇ। ਪ੍ਰਵਾਸੀ ਵੀਰੋ ਜਿਨ੍ਹਾਂ ਦਾ ਆਸਰਾ ਚਾਹੁੰਦੇ ਹੋ ਇਨਾਂ
ਦੀ ਸ਼ਹਿ ਨਾਲ ਤਾਂ ਸ਼ਕੁਨੀ ਬਹੁਤ ਭੂਤਰ ਗਏ ਹਨ। ਮੰਦਰ ਅਤੇ ਗੁਰਦੁਆਰਿਆਂ ਵਿਚ ਤੁਹਾਡਾ ਦਿੱਤਾ ਦਾਨ
ਭ੍ਰਿਸ਼ਟ ਜੁੰਡਲੀ ਦੀ ਅੱਯਾਸ਼ੀ ਦਾ ਸਾਮਾਨ ਬਣ ਗਿਆ ਹੈ। 'ਬੇਦੀਆਂ' ਦੇ ਕਾਰਨਾਮਿਆਂ ਨੇ ਮਸੰਦਾਂ ਨੂੰ
ਪਿੱਛੇ ਛੱਡ ਦਿੱਤਾ ਹੈ। ਜਿਹੜੇ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੀਆਂ ਡੀਂਗਾਂ ਮਾਰ ਰਹੇ ਹਨ ਉਨ੍ਹਾਂ
ਨੇ ਪੰਜਾਬ ਦੀ ਸ਼ਾਹਰਗ, ਪੰਜਾਬ ਦੇ ਸੱਭਿਆਚਾਰ ਵਿਚ ਨਸ਼ਿਆਂ ਅਤੇ ਖੁਸਰਾ ਗਾਇਕੀ ਦੀ ਅਜਿਹੀ ਕੰਜਰ
ਕੜ੍ਹੀ ਦਾ ਪਾਰਾ ਭਰ ਦਿੱਤਾ ਹੈ ਕਿ ਸੋਨੇ ਦੀ ਚਿੜੀ ਹੁਣ ਮਰਨ ਕਿਨਾਰੇ ਫੜਫੜਾ ਰਹੀ ਹੈ। ਹਾਂ ਪੰਜਾਬੀ
ਵਿਰਸੇ ਦੀ ਆਤਮਾ ਨੂੰ ਕਤਲ ਕਰਕੇ ਤੇ ਪੰਜਾਬੀ ਗੈਰਤ ਦੀਆਂ ਨੱਤੀਆਂ ਨੂੰ ਵੇਚ ਕੇ ਸਾਡੀ ਸਿਆਸਤ ਦੇ
ਕਾਲੇ ਅੰਗ੍ਰੇਜ਼ ਕੈਲੇਫੋਰਨੀਆ ਵਿਚ ਮੁਰੱਬੇ ਜ਼ਰੂਰ ਖਰੀਦ ਲੈਣਗੇ। ਪ੍ਰਵਾਸੀ ਪੈਸੇ ਨਾਲ ਪੰਜਾਬ ਦੀ
ਜਰਖੇਜ਼ ਮਿੱਟੀ ਸੰਗਮਰਮਰ ਦੇ ਭੋਰੇ ਵਿਚ ਜ਼ਰੂਰ ਦਮ ਤੋੜ ਰਹੀ ਹੈ। ਸਾਨੂੰ ਤੁਹਾਡੇ ਕਾਰਖਾਨਿਆਂ ਨਾਲੋਂ
ਪਹਿਲਾਂ ਪ੍ਰਸ਼ਾਦੀ ਦੀ ਲੋੜ ਹੈ। ਸਾਨੂੰ ਤਾਂ ਹੁਣ ਦੂਜੀ ਆਜ਼ਾਦੀ ਦੀ ਲੋੜ ਹੈ। ਜੇ ਮਨੁੱਖੀ ਮੁੱਦਿਆਂ
ਉਪਰ, ਪੂਰੀ ਵਿਸ਼ਵ ਵਿਵਸਥਾ ਨੂੰ ਭਾਂਪ ਕੇ ਤੁਸੀਂ ਸਾਡੀ ਬਾਂਹ ਨਹੀਂ ਫੜ ਦੇ ਤਾਂ, ਪੂਤ ਕਪੂਤ ਹੋਣ
ਦਾ ਦੋਸ਼ ਤੁਹਾਡੇ ਸਿਰ ਵੀ ਲੱਗੇਗਾ। ਅਸੀਂ ਤਾਂ ਸਬਰ ਦਾ ਘੁੱਟ ਭਰ ਕੇ ਕਹਿ ਛੱਡਾਂਗੇ, 'ਮੁੰਡਾ ਉਠ
ਗਿਆ ਪੈਂਦ ਤੇ ਬਹਿ ਕੇ, ਆਪਣਾ ਕੀ ਲੈ ਗਿਆ ਨਣਦੇ।' ਪਰ ਪੈਂਦ ਤੇ ਬਹਿਣ ਵਾਲਾ ਮੁੰਡਾ ਖੇੜ੍ਹਿਆਂ
ਵਿਚ ਬੈਠੀ ਹੀਰ ਦਾ ਹਮਦਰਦੀ ਜੋਗੀ ਬਣ ਕੇ ਆਇਆ ਕੋਈ ਹੋਰ ਨਹੀਂ, ਧੀਦੋ ਰਾਂਝਾ ਹੀ ਸੀ। ਹੁਣ ਵੀ
ਪੰਜਾਬ ਦੀ ਹੀਰ ਖੇੜ੍ਹਿਆਂ ਵਿਚ ਕੈਦ ਹੈ। ਪੰਜਾਬ ਦੀ ਇਕ ਹੀਰ ਬੇਨਜ਼ੀਰ ਸੱਤਾਈ ਦਸੰਬਰ ਨੂੰ ਅੱਤਵਾਦੀ
ਮੌਲਾਣਿਆਂ ਨੇ ਕਤਲ ਵੀ ਕਰ ਦਿੱਤੀ ਹੈ। ਹੀਰ ਦੇ ਭਰਾਵੋ ਕੀ ਤੁਸੀਂ ਸੌਦੇਬਾਜ਼ੀ ਦੀ ਦਲਦਲ ਵਿਚ ਹੀ
ਖੁੱਭੇ ਰਹੇਗੋ? ਕੀ ਪ੍ਰਵਾਸੀ ਵੀਰੋ ਅਰਥੀ ਨੂੰ ਮੋਢਾ ਦੇਣ ਲਈ ਵੀ ਸਰਕਾਰੀ ਮਨਜ਼ੂਰੀਆਂ ਦੀ ਲੋੜ ਹੈ?
ਪੰਜਾਬ ਦੀ ਤਕਦੀਰ ਨਾਲ ਖਿਲਵਾੜ ਕਰਨ ਵਾਲਿਆਂ ਦੀ ਇਕ ਹੋਰ ਤਸਵੀਰ ਲੱਗਦੇ ਹੱਥ ਵੇਖ ਲਈ ਏ ਤਾਂ ਕੀ
ਹਰਜ ਹੈ। ਆਪਾਂ ਨੂੰ ਬਾਠ ਮਹਿਲ ਤੋਂ ਸਿਰਫ ਮੋਤੀ ਮਹਿਲ ਜਾਣ ਦੀ ਲੋੜ ਹੈ। ਏਥੇ ਮਹਾਰਾਜੇ ਦੀ ਬੀਮਾਰ
ਮਾਂ ਨੂੰ ਵੇਖਣ ਦੇ ਸਬੱਬ ਬੀਬੀ ਅਰੂਸਾ ਆਲਮ ਨੂੰ ਆਪਾਂ ਮਿਲ ਸਕਦੇ ਹਾਂ। ਭਾਵੇਂ ਲੋਕੀਂ ਭੈੜੇ ਸ਼ੱਕ
ਹੀ ਕਰਦੇ ਰਹਿੰਦੇ ਹਨ ਪਰ ਬੀਬੀ ਆਪਣੇ ਸੰਬੰਧਾਂ ਬਾਰੇ ਪੱਤਰਕਾਰ ਹੁੰਦਿਆਂ ਵੀ ਯੋਗ ਸ਼ਬਦ ਲੱਭਣ ਵਿਚ
ਅਸਫਲ ਰਹੀ ਵਿਖਾਈ ਦਿੰਦੀ ਹੈ। ਉਹ ਕਹਿੰਦੀ ਹੈ ਕਿ ਮੈਂ ਪਿਆਰ ਨਹੀਂ ਸਗੋਂ ਦੋਸਤੀ ਕੀਤੀ ਹੈ। ਜਦ ਕਿ
ਰਾਜਿਆਂ ਦੇ ਸ਼ਬਦਕੋਸ਼ ਵਿਚ ਨਾ ਪਿਆਰ ਹੁੰਦਾ ਹੈ ਨਾ ਦੋਸਤੀ ਹੁੰਦੀ ਹੈ। ਸਲਵਾਨ ਨੂੰ ਲੂਣਾ ਦੀ ਲੋੜ
ਮਹਿਸੂਸ ਹੋਵੇ ਤਾਂ ਇਛਰਾਂ ਦਾ ਹਰਿਆਲਾ ਬਾਗ ਸੁਕਾਉਣ ਵਿਚ ਪਰਸ ਰਾਮਾਂ ਦੇ ਕੁਹਾੜਿਆਂ ਨੂੰ ਹੁਕਮ ਹੋ
ਜਾਂਦੇ ਹਨ। ਪੂਰਨ ਵੀ ਕੁਰਬਾਨ ਕਰਨਾ ਪਵੇ ਤਾਂ ਰਾਜਿਆਂ ਵਾਸਤੇ ਮਾਮੂਲੀ ਗੱਲ ਹੈ। ਰਾਜਿਆਂ ਕੋਲ ਵੱਡਾ
ਮਹੱਤਵ ਲੂਣਾ ਦਾ ਚੰਮ ਤੇ ਆਪਣੀ ਹਵਸ ਦਾ ਡੰਕਾ ਵਜਾਉਣਾ ਹੀ ਹੁੰਦਾ ਹੈ। ਇਤਫਾਕ ਹੈ ਕਿ ਇਸੇ ਸਮੇਂ
ਪਾਕਿਸਤਾਨ ਦੀ ਇਛਰਾਂ ਨੂੰ ਪਾਕਿਸਤਾਨ ਦਾ ਸਲਵਾਨ ਕਤਲ ਕਰਵਾ ਰਿਹਾ ਸੀ। ਤਾਂ ਮੋਤੀ ਮਹਿਲ ਦਾ ਸਲਵਾਨ
ਆਪਣੀ ਲੂਣਾ ਦੇ ਸੁਆਗਤ ਲਈ ਚੈਲ ਦਾ ਮਹਿਲ ਸਜਾ ਰਿਹਾ ਸੀ। ਰੋਮ ਉਦੋਂ ਵੀ ਸੜ ਰਿਹਾ ਸੀ ਜਦੋਂ ਨੀਰੋ
ਬੰਸਰੀ ਵਜਾ ਰਿਹਾ ਸੀ। ਬੀਬੀ ਅਰੂਸਾ ਆਲਮ ਦਾ ਹੋਰ ਕਹਿਣਾ ਹੈ ਕਿ ਉਸ ਦੀ ਉਮਰ 55 ਸਾਲ ਦੀ ਹੋ ਗਈ
ਹੈ। ਪਰ ਬੀਬੀ ਜੀ ਤੁਸੀਂ ਇਸ ਉਮਰ ਵਿਚ ਭਾਰਤ ਆਏ ਤਾਂ ਫਿਰ ਅਜਮੇਰ ਸ਼ਰੀਫ ਦੀ ਜ਼ਿਆਰਤ ਲਈ ਕਿਉਂ ਨਾ
ਗਏ। ਬੀਬੀ ਜੀ ਜਾਂ ਤਾਂ ਗੱਲ ਇਕ ਨੁੱਕਤੇ ਤੇ ਮੁਕਦੀ ਹੈ ਤੇ ਜਾਂ ਫਿਰ ਮੱਕੇ ਗਿਆਂ ਵੀ ਮੁੱਕਦੀ ਨਹੀਂ।