ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 9

ਕਿੱਟੀ ਸੀਤਲ ਦਾ ਹੱਥ ਖਿੱਚ ਕੇ ਲੈ ਗਈ।
ਬਿੱਲੇ ਦੀ ਰੂਹ ਤੁਰ ਗਈ।
ਜਿੰਦ ਤੁਰ ਗਈ।
-''ਜ਼ਿੰਦਗੀ ਕਦੇ ਐਨੀ ਹੁਸੀਨ ਵੀ ਹੋਵੇਗੀ? ਸੁਪਨੇ ਵਿਚ ਵੀ ਨਹੀਂ ਚਿਤਵਿਆ ਸੀ।'' ਆਪ ਮੁਹਾਰੇ ਬਿੱਲੇ ਦੇ ਮੂੰਹੋਂ ਨਿਕਲ ਗਿਆ।
ਬੱਬੂ ਉਚੀ-ਉਚੀ ਹੱਸ ਪਿਆ।
-''ਉਏ! ਤੂੰ ਤਾਂ ਪਹਿਲੇ ਗੇੜ 'ਚ ਈ ਫ਼ਿਲਾਸਫਰ ਬਣ ਤੁਰਿਆ---?''
-''ਇਹ ਕਿਹੜੇ ਪਿੰਡ ਦੀ ਐ?'' ਬਿੱਲੇ ਨੇ ਬੇਧਿਆਨਾ ਹੋ ਕੇ ਬੱਬੂ ਨੂੰ ਪੁੱਛਿਆ।
ਬੱਬੂ ਫਿਰ ਉਚੀ-ਉਚੀ ਹੱਸਿਆ।
-''ਉਏ! ਤੂੰ ਇਹ ਵੀ ਨਹੀਂ ਪੁੱਛਿਆ!!'' ਬੱਬੂ ਅਥਾਹ ਹੈਰਾਨ ਸੀ।
-''ਸਮਾਂ ਈ ਬਹੁਤ ਘੱਟ ਸੀ-ਹੋਰ ਗੱਲਾਂ ਈ ਨਹੀਂ ਮੁੱਕੀਆਂ।''
-''ਤੂੰ ਪਾਵੇਂਗਾ ਪੂਰੀਆਂ!'' ਉਹ ਬੋਲਿਆ।
ਬਿੱਲਾ ਸ਼ੈਦਾਈਆਂ ਵਾਂਗ ਬਾਹਰ ਝਾਕ ਰਿਹਾ ਸੀ।
-''ਇਹ ਨਾਲ ਦੇ ਪਿੰਡ ਬੱਲੂਆਣੇ ਦੀ ਐ!''
-''ਕਰਦੀ ਕੀ ਐ?'' ਬਿੱਲਾ ਦਿਮਾਗ ਹਿੱਲਿਆਂ ਵਾਂਗ ਪੁੱਛ ਰਿਹਾ ਸੀ।
-''ਜਿਵੇਂ ਕਹਿੰਦੇ ਹੁੰਦੇ ਐ-ਸਾਰੀ ਰਾਤ ਰਮਾਇਣ ਸੁਣਦੀ ਰਹੀ ਤੇ ਤੜਕਿਓਂ ਉਠ ਕੇ ਕਹਿੰਦੀ: ਸੀਤਾ ਬੁੜ੍ਹੀ ਸੀ ਕਿ ਬੰਦਾ ਸੀ? ਉਏ ਤੂੰ ਪੂਰਾ ਘੰਟਾ ਉਹਦੇ ਨਾਲ ਅੰਦਰ ਰਿਹੈਂ-ਪੁੱਛਿਆ ਕੀ? ਬਾਬੇ ਦਾ ਢਾਂਗਾ? ਉਏ ਜਾਹ ਉਏ ਪਰ੍ਹਾਂ! ਤੂੰ ਤਾਂ ਪੋਪਲ ਦਾ ਪੋਪਲ ਈ ਨਿਕਲਿਆ!''
-''ਤੈਨੂੰ ਦੱਸਿਆ ਤਾਂ ਹੈ-ਟਾਈਮ ਈ ਬਹੁਤ ਘੱਟ ਸੀ-ਗੱਲਾਂ ਹੋਰ ਈ ਨਹੀਂ ਮੁੱਕਣ 'ਚ ਆਈਆਂ।''
-''ਘੰਟੇ 'ਚ ਤਾਂ ਬੰਦਾ ਜੁਆਕ ਬਣਾ ਕੇ ਪਰਾਂਹ ਕਰਦੈ ਤੇ ਤੂੰ? ਜਾਹ ਉਏ ਤੇਰੇ ਗਡੋਡੂਆ!''
-''ਜੇ ਇਸ਼ਕ ਵਿਚੋਂ ਸੈੱਕਸ ਮਨਫ਼ੀ ਹੋ ਜਾਵੇ-ਇਸ਼ਕ ਦੇ ਰਿਸ਼ਤੇ ਹਮੇਸ਼ਾ ਹੀ ਪਵਿੱਤਰ ਰਹਿਣ-ਇਹਨਾਂ ਨੂੰ ਕਦੇ ਦਾਗ ਨਾ ਲੱਗੇ।''
-''ਤੂੰ ਤਾਂ ਜਮਾਂ ਈ ਟੈਗੋਰ ਬਣ ਤੁਰਿਆ?''
-''----।'' ਬਿੱਲਾ ਚੁੱਪ ਰਿਹਾ। ਉਸ ਲਈ ਹਰ ਨੈਗੇਟਿਵ ਨਜ਼ਰ ਖਤਮ ਹੋ ਚੁੱਕੀ ਸੀ। ਪਾਜ਼ੇਟਿਵ ਸੋਚ ਪੱਖ ਪੂਰਨ ਲੱਗ ਪਈ ਸੀ।
-''ਕਿਹੜੇ ਪਿੰਡ ਦੀ ਐ ਸੀਤਲ?''
-''ਤੈਨੂੰ ਦੱਿਸਆ ਤਾਂ ਹੈ! ਬੱਲੂਆਣੇ ਦੀ ਐ ਮਹਾਰਾਜ! ਇਹ 'ਤੇ ਕਿੱਟੀ ਇੱਕੋ ਪਿੰਡ ਦੀਐਂ-ਇਹਦਾ ਪਿਉ ਮਰਿਆ ਹੋਇਐ-ਇਕ ਨਿੱਕਾ ਭਰਾ ਐ-ਇਹਦੇ ਚਾਚੇ ਨੇ ਇਹਨੂੰ ਐੱਸ ਟੀ ਡੀ ਖੋਲ੍ਹ ਕੇ ਦੇ ਦਿੱਤੀ-ਹੁਣ ਐੱਸ ਟੀ ਡੀ ਚਲਾਉਂਦੀ ਐ-ਆਪਦੀ ਮਾਂ ਨਾਲ ਰਲਕੇ।'' ਬੱਬੂ ਨੇ ਸੰਖੇਪ, ਪਰ ਸਾਰੀ ਕਹਾਣੀ ਕਹਿ ਸੁਣਾਈ।
-''ਜੱਟਾਂ ਦੀ ਕੁੜੀ ਐ-ਫਿਕਰ ਨਾ ਕਰ!'' ਬੱਬੂ ਉਸ ਨੂੰ ਚੁੱਪ ਜਿਹਾ ਦੇਖ ਕੇ ਬੋਲਿਆ।
-''ਇਸ਼ਕ ਨਾ ਦੇਖੇ ਜਾਤ ਕੁਜਾਤ ਨੂੰ-ਭੁੱਖ ਨਾ ਦੇਖੇ ਮਾਸ।''
-''ਬਿੱਲਿਆ! ਦੇਖ ਛੋਟੇ ਭਾਈ! ਇਉਂ ਤਾਂ ਤੂੰ ਕਮਲਾ ਹੋਜੇਂਗਾ? ਇਹ ਬੂਰ ਦੇ ਲੱਡੂ ਐ-ਜਿਹੜਾ ਖਾਂਦੈ ਉਹ ਵੀ ਪਛਤਾਉਂਦੈ-ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦੈ-ਮੈਂ ਤਾਂ ਤੈਨੂੰ ਸੀਤਲ ਟਾਈਮ ਪਾਸ ਕਰਨ ਵਾਸਤੇ ਮਿਲਾਈ ਸੀ-ਤੇ ਤੂੰ ਤਾਂ ਉਹਦੇ ਚਿੱਕੜ 'ਚ ਊਂ ਈਂ ਗੋਡੇ ਗੋਡੇ ਖੁੱਭ ਗਿਆ?'' ਬੱਬੂ ਨੇ ਕਿਹਾ ਤਾਂ ਬਿੱਲਾ ਉਸ ਵੱਲ ਇਕ ਦਮ ਮੁੜਿਆ।
-''ਟਾਈਮ ਪਾਸ ਕਰਨ ਵਾਸਤੇ? ਅਸੀਂ ਤਾਂ ਇਕ ਦੂਜੇ ਦੇ ਸਾਹ ਬਣ ਗਏ ਆਂ ਬਾਈ! ਜੇ ਮੈਂ ਵੇਲ ਆਂ ਤਾਂ ਸੀਤਲ ਪਾਣੀ ਐਂ-ਜੇ ਮੈਂ ਚਕੋਰ ਐਂ ਤਾਂ ਉਹ ਚੰਦ ਐ-ਜੇ ਮੈਂ ਚੰਦਰਮਾ ਹਾਂ ਤਾਂ ਸੀਤਲ ਸੂਰਜ ਐ-ਮੈਂ ਉਸ ਤੋਂ ਰੋਸ਼ਨੀ ਉਧਾਰੀ ਲੈ ਕੇ ਚਮਕਦੈਂ ਬਾਈ- ਜੇ ਮੈਂ ਵਜੂਦ ਹਾਂ ਤਾਂ ਸੀਤਲ ਮੇਰੀ ਰੂਹ ਐ-ਜੇ ਮੈਂ ਦੀਵੇ ਦੀ ਲਾਟ ਹਾਂ ਤਾਂ ਸੀਤਲ ਮੇਰਾ ਤੇਲ ਅਤੇ ਬੱਤੀ ਹੈ ਬਾਈ! ਸਾਡੇ ਤਾਂ ਸਿਵਿਆਂ ਤੱਕ ਨਿਭਾਹੁਣ ਦੇ ਵਾਅਦੇ ਹੋ ਚੁੱਕੇ ਐ ਵੀਰੇ!'' ਬਿੱਲਾ ਅੱਖਾਂ ਮੀਟ ਕੇ ਬੋਲੀ ਜਾ ਰਿਹਾ ਸੀ।
-''ਤੇਰੇ ਅਰਗਾ ਜਜਬਾਤੀ ਆਸ਼ਕ ਜਾਂ ਤਾਂ ਫ਼ਾਹਾ ਲਊ ਜਾਂ ਫਿਰ ਖੂਹ 'ਚ ਡਿੱਗੂ-ਆਪ ਮੁਹਾਰਾ ਜਾਂ ਖੁਦ ਸਹੇੜਿਆ ਪ੍ਰੇਮ ਸਾਡੇ ਸਮਾਜ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਵੀਰ ਮੇਰਿਆ! ਇਤਿਹਾਸ ਗਵਾਹ ਹੈ ਕਿ ਹੀਰ ਨੂੰ ਜੋਰਾਵਰਾਂ ਦੀ ਜ਼ਹਿਰ ਹੀ ਖਾਣੀ ਪਈ ਐ-ਸੋਹਣੀ ਨੂੰ ਕੱਚੇ ਘੜ੍ਹੇ ਦੀ ਸ਼ਿਕਾਰ ਹੋ ਕੇ ਝਨਾਂ ਵਿਚ ਹੀ ਰੁੜ੍ਹਨਾ ਪਿਐ-ਸੱਸੀ ਦੀ ਅਮਾਨਤ ਨੂੰ ਡਾਢੇ ਚੁੱਕ ਕੇ ਲੈ ਜਾਂਦੇ ਰਹੇ ਐ-ਸੱਸੀਆਂ ਦੇ ਹਿੱਸੇ ਤਾਂ ਸੜਦਾ ਬਲਦਾ ਮਾਰੂਥਲ ਹੀ ਆਇਐ-ਸੋਹਣੀਆਂ ਪਾਣੀ ਦੀਆਂ ਛੱਲਾਂ ਨਾਲ ਘੁਲਦੀਆਂ ਰਹੀਆਂ-ਘੈਂਟ ਮਿਰਜ਼ੇ ਜੰਡ ਹੇਠ ਵੱਢੇ ਗਏ-ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਤੂੰ ਸਮਾਜ ਦਾ ਭਵਜਲ ਕਿਹੜੇ ਆਸਰੇ ਪਾਰ ਕਰੇਂਗਾ?'' ਬੱਬੂ ਨੇ ਇਕ ਲੰਮਾ ਭਾਸ਼ਨ ਝਾੜ ਦਿੱਤਾ।
-''ਸਾਡੇ ਸੱਚੇ ਪਿਆਰ ਆਸਰੇ! ਸਬਰ ਸੰਤੋਖ ਆਸਰੇ-ਸਵੈ-ਵਿਸ਼ਵਾਸ ਆਸਰੇ ਤੇ ਸਭ ਤੋਂ ਵੱਡੀ ਗੱਲ ਐ ਸੀਤਲ ਦੇ ਮੋਢੇ ਆਸਰੇ।''
-''ਬਾਹਲਾ ਮੋਹ ਨਾ ਪਾ-ਡੋਲੀ ਚੜ੍ਹੀ ਤੋਂ ਔਖਾ ਹੋਵੇਂਗਾ! ਉਨਾਂ ਕੁ ਈ ਵਾਹ ਪਾਈਏ ਬਈ ਵਿਛੜਨ ਮੌਕੇ ਹੰਝੂ ਨਾ ਕੇਰਨੇ ਪੈਣ।''
-''ਤੂੰ ਕਿੱਟੀ ਨੂੰ ਮੋਹ ਨਹੀਂ ਕਰਦਾ?'' ਬਿੱਲਾ ਘੋਰ ਹੈਰਾਨ ਹੋ ਗਿਆ। ਉਸ ਨੂੰ ਬੱਬੂ ਦੀਆਂ ਗੱਲਾਂ 'ਚੋਂ ਸ਼ੱਕ ਦੀ ਗੁੰਜਾਇਸ਼ ਦਿਸੀ।
-''ਜਿਹੜੀ ਚੀਜ਼ ਨਾਲ ਵਾਹ ਪੈਂਦੈ-ਉਹਦੇ ਨਾਲ ਮੋਹ ਪੈਣਾ ਕੁਦਰਤੀ ਐ-ਮੈਂ ਉਹਨੂੰ ਪ੍ਰੇਮ ਕਰਦੈਂ-ਉਹ ਮੈਨੂੰ ਚਾਹੁੰਦੀ ਐ-ਪਰ ਨੌਬਤ ਇੱਥੋਂ ਤੱਕ ਨਹੀਂ ਪਹੁੰਚੀ ਕਿ ਕਦੇ ਵੱਖ ਹੋਣਾ ਪਿਆ ਤਾਂ ਇਕ ਦੂਜੇ ਬਿਨਾ ਮਰ ਈ ਜਾਵਾਂਗੇ-ਹਰ ਇਕ ਚੀਜ਼ ਦੀ ਕੋਈ ਹੱਦ ਹੁੰਦੀ ਐ-ਕੋਈ ਬਾਡਰ ਹੁੰਦੈ-ਕਿਸੇ ਵੀ ਚੀਜ਼ ਦਾ ਦੁਰ-ਉਪਯੋਗ ਕਰੋ-ਕਹਿਣ ਦਾ ਮਤਲਬ ਹੱਦੋਂ ਵੱਧ ਸੇਵਨ ਕਰੋ-ਸਿੱਟਾ ਤਬਾਹੀ ਹੀ ਨਿਕਲਦੈ-।''
-''-----।'' ਬਿੱਲਾ ਚੁੱਪ ਸੀ। ਫੁੱਲ ਵਾਂਗ ਸੀਤਲ ਦੀ ਸੁਗੰਧੀ ਵਿਚ ਮਸਤ ਸੀ।
-''ਹੁਣ ਤੂੰ ਆਹੀ ਲਾ ਲੈ-ਆਪਣਾ ਦਿਨ ਰਾਤ ਦੁਆਈਆਂ ਨਾਲ ਵਾਹ ਪੈਂਦੈ-ਉਦਾਹਰਣ ਵਜੋਂ ਕੁਨੀਨ ਮਲੇਰੀਏ ਦੀ ਜੜ੍ਹ ਪੱਟਦੀ ਐ-ਜੇ ਮਰੀਜ ਨੂੰ ਵੱਧ ਡੋਜ਼ ਦੇ ਦੇਈਏ-ਫੇਰ? ਚੱਕਰ ਆਉਣਗੇ-ਦਿਲ ਘਿਰੂ-ਇਕ ਦੇ ਦੋ-ਦੋ ਦਿਸਣਗੇ-ਹੈ ਕਿ ਨਹੀਂ?''
-''ਬਾਈ! ਸ਼ਾਇਦ ਕੁਨੀਨ ਅਤੇ ਇਨਸਾਨ ਵਿਚ ਆਹੀ ਫਰਕ ਐ-ਹੀਰ, ਰਾਂਝਾ-ਰਾਂਝਾ ਕਰਦੀ-ਕਰਦੀ ਆਪ ਈ ਰਾਂਝਾ ਹੋ ਜਾਂਦੀ ਐ-ਆਸ਼ਕ ਵਜੂਦ ਅਤੇ ਮਾਸ਼ੂਕ ਰੂਹ ਬਣ ਜਾਂਦੀ ਐ-ਫੇਰ ਤਾਂ ਦੂਜ-ਤੀਜ ਰਹਿ ਹੀ ਨਹੀਂ ਜਾਂਦੀ-ਫਿਰ ਤਾਂ ਸਾਹ ਹੀ ਬਾਈ ਇਕ-ਦੂਜੇ ਵਿਚੋਂ ਦੀ ਆਉਂਦੈ।''
ਬੱਬੂ ਬੇਵੱਸ ਹੋ ਗਿਆ।
ਬਿੱਲੇ ਦੇ ਦਿਲ ਅੰਦਰ ਠਾਠਾਂ ਮਾਰਦਾ ਪ੍ਰੇਮ-ਸਮੁੰਦਰ ਬੱਬੂ ਦੇ ਠੂਠੇ ਪੈਣ ਵਾਲਾ ਨਹੀਂ ਸੀ। ਬਿੱਲਾ ਤਾਂ ਅਣਚਾਹੇ ਹੀ ਉਸ ਰਸਤੇ ਤੁਰ ਪਿਆ ਸੀ, ਜਿਹੜਾ ਸਵਰਗ ਤੇ ਜਾਂ ਫਿਰ ਰੋਹੀ-ਬੀਆਬਾਨ ਨੂੰ ਜਾਂਦਾ ਸੀ। ਨਤੀਜਿਆਂ ਬਾਰੇ ਉਸ ਨੂੰ ਕੋਈ ਚਿੰਤਾ ਨਹੀਂ ਸੀ। ਜੇ ਨਿੱਘ ਲੈਣਾ ਹੋਵੇ ਤਾਂ ਧੂਣੀ ਤਪਾਉਣੀ ਹੀ ਪੈਂਦੀ ਹੈ। ਜੇ ਪਾਣੀ ਪੀਣਾ ਹੋਵੇ ਤਾਂ ਨਲਕਾ ਗੇੜਨਾ ਹੀ ਪੈਂਦਾ ਹੈ। ਜੇ ਸ਼ਹੀਦੀ ਪ੍ਰਾਪਤ ਕਰਨੀ ਹੋਵੇ ਤਾਂ ਸਿਰ ਕਟਵਾਉਣਾ ਹੀ ਪੈਂਦਾ ਹੈ। ਜੇ ਦਿਲ ਦੇ ਜਾਨੀ ਨੂੰ ਪਾਉਣਾ ਹੋਵੇ ਤਾਂ ਕੋਈ ਨਾ ਕੋਈ ਕੁਰਬਾਨੀ ਤਾਂ ਕਰਨੀ ਹੀ ਪਵੇਗੀ! ਬਿੱਲਾ ਦਿਲੋਂ ਦ੍ਰਿੜ੍ਹ ਸੀ। ਉਸ ਦਾ ਸਵੈ-ਵਿਸ਼ਵਾਸ ਕਾਇਮ ਸੀ। ਸਭ ਤੋਂ ਜ਼ਿਆਦਾ ਹੌਸਲਾ ਉਸ ਨੂੰ ਇਹ ਸੀ ਕਿ ਸੀਤਲ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਦੇ ਨਾਲ ਸੀ!