ਨਾਵਲ - ਤਰਕਸ਼ ਟੰਗਿਆ ਜੰਡ
ਕਿਸ਼ਤ 8
ਬਿੱਲੇ
ਦਾ ਡਾਕਟਰ ਭਜਨ ਕੋਲ ਵਧੀਆ ਦਿਲ ਲੱਗ ਗਿਆ ਸੀ।
ਭਜਨ ਬੜਾ ਹੀ ਕੂੰਨਾ ਇਨਸਾਨ ਸੀ। ਕਦੇ ਕਿਸੇ ਨੂੰ ਤੰਗ ਨਾ ਕਰਦਾ। ਬਿੱਲੇ ਦੇ ਪਿੰਡ ਦਾ ਮੁੰਡਾ ਬੱਬੂ
ਵੀ ਭਜਨ ਕੋਲ ਡਾਕਟਰੀ ਸਿੱਖਦਾ ਸੀ। ਡਾਕਟਰ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ। ਘੂਰਨਾ ਤਾਂ
ਉਸ ਨੂੰ ਆਉਂਦਾ ਹੀ ਨਹੀਂ ਸੀ। ਦੁਪਿਹਰ ਦੀ ਰੋਟੀ ਉਹਨਾਂ ਦੀ ਭਜਨ ਦੇ ਘਰੋਂ ਹੀ ਬਣ ਕੇ ਆਉਂਦੀ। ਰਾਤ
ਨੂੰ ਉਹ ਪਿੰਡ ਆ ਜਾਂਦੇ।
-''ਬਿੱਲਿਆ!''
-''ਹਾਂ!''
-''ਇਕ ਗੱਲ ਪੁੱਛਾਂ?'' ਇਕ ਦਿਨ ਇਕੱਠੇ ਪਿੰਡ ਜਾਂਦਿਆਂ ਬੱਬੂ ਨੇ ਗੱਲ ਤੋਰੀ। ਬੱਬੂ ਬਿੱਲੇ ਨਾਲੋਂ
ਸਾਲ ਕੁ ਵੱਡਾ ਸੀ।
-''ਪੁੱਛ।''
-''ਕਦੇ ਆਸ਼ਕੀ ਮਾਸ਼ੂਕੀ ਕੀਤੀ ਐ?'' ਬੱਬੂ ਨੇ ਪੁੱਛਿਆ ਤਾਂ ਬਿੱਲੇ ਦਾ ਮੂੰਹ ਲਾਲ ਹੋ ਗਿਆ।
-''ਤੂੰ ਮੇਰੀ ਗੱਲ ਦਾ ਜਵਾਬ ਨੀ ਦਿੱਤਾ?''
-''ਕਾਹਨੂੰ ਯਾਰ!''
-''ਕਿੰਨਾਂ ਸੋਹਣਾ ਸੁਨੱਖਾ ਤੂੰ ਮੁੰਡੈਂ? ਤੇਰੇ ਅਰਗੇ 'ਤੇ ਤਾਂ ਕੁੜੀਆਂ ਈ ਬਹੁਤ ਮਰਦੀਆਂ ਹੋਣਗੀਆਂ?
ਤੇਰੇ ਅਰਗਾ ਮੁੰਡਾ ਆਸ਼ਕੀ ਮਾਸ਼ੂਕੀ ਨਾ ਕਰੇ?''
-''-----।'' ਬਿੱਲਾ ਲਾਲ ਝਰੰਗ ਹੋਇਆ ਪਿਆ ਸੀ।
-''ਬੋਲ ਹੁਣ?''
-''ਤੂੰ ਕੀਤੀ ਐ?'' ਬਿੱਲੇ ਨੂੰ ਕੋਈ ਹੋਰ ਗੱਲ ਨਾ ਔੜੀ ਤਾਂ ਉਸ ਨੇ ਸਿੱਧੀ ਹੀ ਛੱਡ ਦਿੱਤੀ।
-''ਮੈਂ ਤਾਂ ਅਜੇ ਵੀ ਕਰਦੈਂ-ਕਹੇਂ ਤਾਂ ਦਰਸ਼ਣ ਪੁਆ ਦਿਆਂਗੇ-ਪਰ ਤੂੰ ਆਬਦੇ ਬਾਰੇ ਦੱਸ?''
-''ਮੈਂ ਤਾਂ ਕਦੇ ਐਹੋ ਜੇ ਕੰਮਾਂ 'ਚ ਪਿਆ ਨਹੀਂ-ਸੱਚ ਮੰਨੀਂ!''
-''ਸਹੁੰ ਖਾ?''
-''ਤੇਰੀ ਸਹੁੰ!''
-''ਜਾਹ ਯਾਰ! ਜਮਾਂ ਈ ਕੋਹੜ੍ਹੀ ਐਂ! ਮੈਂ ਤੈਨੂੰ ਕੱਲ੍ਹ ਨੂੰ ਆਬਦੀ ਨੱਢੀ ਦੇ ਦਰਸ਼ਣ ਪੁਆਉਨੈਂ-ਕੀ
ਐ ਦੇਖ ਕੇ ਤੈਨੂੰ ਵੀ ਰੀਸ ਆਜੇ? ਤੂੰ ਤਾਂ ਜਮਾਂ ਈ ਕੁੜੀਆਂ ਮਾਂਗੂੰ ਸੰਗੀ ਜਾਨੈਂ।''
-''----।'' ਬਿੱਲਾ ਹੱਸ ਕੇ ਚੁੱਪ ਕਰ ਗਿਆ।
-''ਉਹਦੀ ਇਕ ਮਿੱਤਰਨੀ ਵੀ ਹੈਗੀ ਐ-ਬੜੀ ਨਖਰੇ ਆਲੀ ਐ ਪੱਟ ਹੋਣੀਂ-ਪਿੰਡੇ 'ਤੇ ਮੱਖੀ ਨਹੀਂ ਬੈਠਣ
ਦਿੰਦੀ-ਮੋਢਿਆਂ ਤੋਂ ਦੀ ਥੁੱਕਦੀ ਐ-ਅੱਖਾਂ ਨਾਲ ਮਿਰਚਾਂ ਭੋਰਦੀ ਐ-ਦਰਸ਼ਣ ਕਰ ਕੇ ਦੇਖੀਂ ਜੇ ਨਾ
ਕਾਲਜਾ ਕੱਢ ਲਿਆ ਤਾਂ ਆਖੀਂ! ਜਮਾਂ ਈ ਤੇਰੇ ਮੇਚ ਦੀ ਐ-ਜੋੜੀ ਦੇ ਲੋਕ ਦਰਸ਼ਣ ਕਰਿਆ ਕਰਨਗੇ।''
-''----।'' ਬਿੱਲੇ ਦਾ ਦਿਲ ਧੜਕੀ ਜਾ ਰਿਹਾ ਸੀ। ਉਸ ਦੇ ਸਰੀਰ ਅੰਦਰ ਇਕ ਗੈਬੀ ਲਹਿਰ ਦੌੜ ਗਈ ਸੀ।
ਉਹ ਕਿਸੇ ਆਨੰਦਮਈ ਵਹਿਣ ਵਿਚ ਰੁੜ੍ਹਿਆ ਜਾ ਰਿਹਾ ਸੀ।
-''ਅਜੇ ਦਰਸ਼ਣ ਕੀਤੇ ਨਹੀਂ ਨੱਢੀ ਦੇ-ਪਹਿਲਾਂ ਈ ਗੁੰਮ ਸੁੰਮ ਹੋ ਗਿਆ? ਜਦੋਂ ਦਰਸ਼ਣ ਪਾ ਲਏ-ਜੇ ਨਾ
ਬੇਸੁਰਤ ਹੋ ਕੇ ਡਿੱਗ ਪਿਆ-ਫੇਰ ਆਖੀਂ!''
ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਪਿੰਡ ਆ ਗਿਆ। ਉਹ ਆਪਦੇ-ਆਪਦੇ ਘਰਾਂ ਨੂੰ ਮੁੜ ਗਏ।
ਸਾਰੀ ਰਾਤ ਬਿੱਲੇ ਨੂੰ ਨੀਂਦ ਨਾ ਆਈ।
ਬੱਬੂ ਵੱਲੋਂ ਦੱਸੀ ਕੁੜੀ ਸਾਰੀ ਰਾਤ ਉਸ ਦੇ ਨਾਲ ਖਿਲਬਿਲੀਆਂ ਕਰਦੀ ਰਹੀ ਸੀ। ਜਦੋਂ ਉਸ ਦੀ ਅੱਖ
ਲੱਗਦੀ ਤਾਂ ਉਹ ਆਪਣੇ ਆਪ ਨੂੰ ਕੁੜੀ ਦੇ ਕਲਾਵੇ ਵਿਚ ਮਹਿਸੂਸ ਕਰਦਾ। ਉਸ ਦੀ ਅੱਖ ਖੁੱਲ੍ਹ ਜਾਂਦੀ।
ਉਹ ਫਿਰ ਜ਼ਬਰਦਸਤੀ ਸੌਣ ਦੀ ਕੋਸ਼ਿਸ਼ ਕਰਦਾ। ਕਲਪਤ ਕੁੜੀ ਉਸ ਦਾ ਦਿਲ-ਦਿਮਾਗ ਮੱਲੀ ਬੈਠੀ ਸੀ। ਉਹ ਸਾਰੀ
ਰਾਤ ਇੱਕ ਦੂਜੇ ਨਾਲ ਲੁਕਣਮੀਟੀ ਖੇਡਦੇ ਰਹੇ।
ਤੜਕੇ ਜਦੋਂ ਜੀਤ ਕੌਰ ਚਾਹ ਲੈ ਕੇ ਆਈ ਤਾਂ ਬਿੱਲਾ ਘੁਰਾੜ੍ਹੇ ਮਾਰੀ ਜਾ ਰਿਹਾ ਸੀ। ਬੇਬੇ ਨੇ ਉਸ
ਨੂੰ ਹਲੂਣਿਆਂ ਤਾਂ ਉਸ ਨੇ ਅੱਖਾਂ ਖੋਲ੍ਹ ਕੇ ਬੇਬੇ ਵੱਲ ਓਪਰਿਆਂ ਵਾਂਗ ਤੱਕਿਆ। ਸੁਪਨੇ ਵਾਲੀ ਕੁੜੀ
ਦੀ ਥਾਂ ਜਦ ਉਸ ਨੇ ਬੇਬੇ ਨੂੰ ਦੇਖਿਆ ਤਾਂ ਉਸ ਦਾ ਹਾਸਾ ਨਿਕਲਦਾ-ਨਿਕਲਦਾ ਮਸਾਂ ਬਚਿਆ।
ਉਸ ਨੇ ਉਠ ਕੇ ਬੁਰਸ਼ ਕਰਕੇ ਚਾਹ ਪੀ ਲਈ।
ਅਜੇ ਨਹਾ ਕੇ ਹਟਿਆ ਹੀ ਸੀ ਕਿ ਬੱਬੂ ਆ ਗਿਆ।
ਬੇਬੇ ਨੇ ਬੱਬੂ ਨੂੰ ਵੀ ਚਾਹ ਲਿਆ ਫੜਾਈ।
-''ਤਾਈ ਜੀ ਅੱਜ ਤੋਂ ਅਸੀਂ ਬੱਸ 'ਤੇ ਜਾਇਆ ਕਰਾਂਗੇ।'' ਬੱਬੂ ਨੇ ਚਾਹ ਫੜਦਿਆਂ ਕਿਹਾ।
-''ਜਾ ਵੜਿਆ ਕਰੋ ਪੁੱਤ-ਬੱਸ 'ਤੇ ਜਾ ਵੜਿਆ ਕਰੋ।''
-''ਕਿਉਂ? ਕਾਹਤੋਂ?'' ਬਿੱਲੇ ਨੇ ਹੈਰਾਨ ਹੁੰਦਿਆਂ ਪੁੱਛਿਆ ਤਾਂ ਬੱਬੂ ਨੇ ਉਸ ਨੂੰ ਗੁੱਝੀ ਅੱਖ
ਮਾਰ ਦਿੱਤੀ। ਬਿੱਲਾ ਚੁੱਪ ਹੋ ਗਿਆ। ਉਸ ਨੂੰ ਇਕ ਗੱਲ ਦਾ ਜ਼ਰੂਰ ਵਿਸ਼ਵਾਸ ਹੋ ਗਿਆ ਸੀ ਕਿ ਉਸ ਨੂੰ
ਕੋਈ ''ਰੋਗ'' ਜ਼ਰੂਰ ਲੱਗ ਗਿਆ ਸੀ!
-''ਬੱਬੂ ਤੂੰ ਵੀ ਨਾਲ ਈ ਖਾ ਲੈ।'' ਬੇਬੇ ਬਿੱਲੇ ਅੱਗੇ ਰੋਟੀ ਰੱਖਦੀ ਹੋਈ ਬੋਲੀ।
-''ਮੈਂ ਤਾਂ ਤਾਈ ਜੀ ਖਾ ਕੇ ਆਇਐਂ।''
-''ਖਾ ਲੈ ਪੁੱਤ ਇਕ ਅੱਧੀ।''
-''ਤਾਈ ਜੀ ਜਮਾਂ ਈ ਲੋੜ ਨਹੀਂ।''
ਅੱਡੇ 'ਤੇ ਆ ਕੇ ਉਹਨਾਂ ਬੱਸ ਫੜ ਲਈ।
-''ਠੰਢ ਐ ਯਾਰ-ਹੁਣ ਬੱਸ 'ਤੇ ਈ ਚੱਲਿਆ ਕਰਾਂਗੇ।'' ਬਿੱਲੇ ਦੇ ਰਹੱਸਮਈ ਤੱਕਣ 'ਤੇ ਬੱਬੂ ਬੋਲਿਆ।
ਪਰ ਬਿੱਲੇ ਨੂੰ ਪੂਰਾ ਸੱਚ ਨਹੀਂ ਆਇਆ ਸੀ। ਉਸ ਦੀ ਸੋਚ ਅਨੁਸਾਰ ਗੱਲ ਕੋਈ ਹੋਰ ਸੀ। ਬੱਬੂ ਉਸ ਨੂੰ
ਪਾਗਲ ਬਣਾ ਰਿਹਾ ਸੀ।
-''ਜਦੋਂ ਡਾਕਟਰ ਸਾਹਿਬ ਦੁਪਹਿਰੇ ਘਰੇ ਅਰਾਮ ਕਰਨ ਜਾਂਦੇ ਐ ਨਾ? ਉਦੋਂ ਸੱਦ ਕੇ ਵਿਖਾਊਂ ਤੈਨੂੰ
ਆਪਦੀ---!'' ਬੱਬੂ ਦੇ ਆਖਣ 'ਤੇ ਬਿੱਲਾ, ''ਤੇ ਮੇਰੇ ਆਲੀ---?'' ਪੁੱਛਦਾ-ਪੁੱਛਦਾ ਹੀ ਰਹਿ ਗਿਆ।
ਉਹਨਾਂ ਨੇ ਮਸਾਂ ਦੁਪਿਹਰ ਦੇ ਦੋ ਵਜਾਏ।
ਡਾਕਟਰ ਆਪਣੀ ਘਰਵਾਲੀ ਸਮੇਤ ਘਰ ਚਲਾ ਗਿਆ। ਹੁਣ ਉਸ ਨੇ ਸ਼ਾਮ ਛੇ ਵਜੇ ਪਰਤਣਾ ਸੀ। ਉਹ ਦੋਨੋਂ ਹੀ
ਕਲੀਨਿਕ ਵਿਚ ਸਨ। ਖਾਸ ਮਰੀਜ਼ਾਂ ਨੂੰ ਡਾਕਟਰ ਦੇ ਦੋ ਤੋਂ ਲੈ ਕੇ ਛੇ ਵਜੇ ਤੱਕ ਗੈਰਹਾਜ਼ਰ ਹੋਣ ਦਾ ਪਤਾ
ਸੀ।
ਬੱਬੂ ਦੇ ਫ਼ੋਨ ਕਰਨ ਤੋਂ ਪੰਦਰਾਂ ਕੁ ਮਿੰਟਾਂ ਬਾਅਦ ਇਕ ਕੁੜੀ ਕਲੀਨਿਕ 'ਚ ਆ ਗਈ। ਉਹ ਇਕ ਆਮ ਕੁੜੀਆਂ
ਵਰਗੀ ਕੁੜੀ ਸੀ। ਮੈਟ੍ਰਿਕ ਕਰਕੇ ਉਹ ਸਿਲਾਈ-ਕਢਾਈ ਦਾ ਕੋਰਸ ਕਰ ਰਹੀ ਸੀ।
ਕੁੜੀ ਅਤੇ ਬੱਬੂ ਅੰਦਰ ਵੜ ਕੋਈ ਅੱਧਾ ਘੰਟਾ ਗੱਲਾਂ ਕਰਦੇ ਰਹੇ। ਜਦੋਂ ਉਹ ਬਾਹਰ ਨਿਕਲੇ ਤਾਂ ਬੱਬੂ
ਬੜਾ ਹੀ ਵਿਅੰਗਮਈ ਬੋਲਿਆ।
-''ਕਿੱਟੀ! ਇਹ ਐ ਮੇਰਾ ਪੇਂਡੂ ਯਾਰ ਬਿੱਲਾ-ਇਹ ਨਾਂ ਪੱਖੋਂ ਈ ਬਿੱਲਾ ਐ-ਊਂ ਦੇਖਲਾ ਭਿੱਜੀ ਬਿੱਲੀ
ਬਣਿਆਂ ਖੜ੍ਹੈ।''
ਕਿੱਟੀ ਹੱਸ ਪਈ।
-''ਇਹਨੂੰ ਸੀਤਲ ਦੇ ਦਰਸ਼ਣ ਪੁਆਉਣੇ ਐਂ।''
-''ਕੱਲ੍ਹ ਨੂੰ ਈ ਪੁਆ ਦਿਆਂਗੇ-ਪਰ ਉਹਨੂੰ ਦੇਖ ਕੇ ਤਾਂ ਇਹ ਬਰਫ 'ਚ ਲੱਗ ਜਾਊ-ਇਹ ਤਾਂ ਹੁਣੇਂ ਈ
ਮਾਊਂ ਬਣਿਆਂ ਖੜ੍ਹੈ।'' ਕਿੱਟੀ ਨੇ ਵੀ ਹੱਡ 'ਤੇ ਲਾਈ।
-''ਤੇਰਾ ਨਾਂ ਕਿੱਟੀ ਨਹੀਂ-ਕੱਟੀ ਹੋਣਾ ਚਾਹੀਦਾ ਸੀ!'' ਬਿੱਲੇ ਨੇ ਕਿਸੇ ਕੁੜੀ ਨੂੰ ਪਹਿਲੀ ਵਾਰ
ਝਹੇਡ ਕੀਤੀ ਸੀ।
-''ਤੇ ਤੇਰਾ ਨਾਂ ਬਿੱਲਾ ਨਹੀਂ-ਚੂਹਾ ਹੋਣਾ ਚਾਹੀਦਾ ਸੀ।'' ਕਿੱਟੀ ਵਾਰੀ ਦਾ ਵੱਟਾ ਲਾਹ ਕੇ ਤੁਰ
ਗਈ।
-''ਕਿਉਂ? ਕਰ ਗਈ ਨਾ ਕੁੱਤੇ ਫੇਲ੍ਹ? ਜੜ ਗਈ ਨਾ ਕੋਕੇ? ਅਜੇ ਤਾਂ ਕੱਲ੍ਹ ਨੂੰ ਦੇਖੀਂ ਜਦੋਂ ਸੀਤਲ
ਬੀਬੀ ਨਾਲ ਆਈ-ਉਹਦਾ ਨਾਂ ਤਾਂ ਅਸਲ 'ਚ ਅੰਮ੍ਰਿਤ ਐ-ਪਰ ਊਂ ਸਾਰੇ ਉਹਨੂੰ ਸੀਤਲ ਆਖਦੇ ਐ-ਕਿਉਂ ਆਖਦੇ
ਐ? ਇਹਦਾ ਮੈਨੂੰ ਨਹੀਂ ਪਤਾ! ਕੱਲ੍ਹ ਨੂੰ ਆਪ ਈ ਪੁੱਛ ਲਈਂ-ਦੇਖ ਕੇ ਮਿੱਤਰਾ ਇਕ ਆਰੀ ਤਾਂ
ਮੀਲ-ਪੱਥਰ ਮਾਂਗੂੰ ਗੱਡਿਆ ਜਾਵੇਂਗਾ-ਕੁੜੀ ਕਾਹਦੀ ਐ? ਸਰੂ ਦੇ ਬੂਟੇ ਅਰਗੀ ਐ-ਕੇਰਾਂ ਤਾਂ ਧਤੂਰੇ
ਮਾਂਗੂੰ ਚੜੂ!''
-''----।'' ਬਿੱਲਾ ਗੁੰਮ ਸੁੰਮ ਹੋਇਆ ਖੜ੍ਹਾ ਸੀ। ਉਸ ਦੇ ਦਿਮਾਗ, ਉਸ ਦੇ ਜ਼ਿਹਨ ਵਿਚ 'ਅੰਮ੍ਰਿਤ-ਸੀਤਲ'
ਦੀ ਤਸਵੀਰ ਖੌਰੂ ਪਾ ਰਹੀ ਸੀ। ਚਾਹੇ ਉਸ ਨੇ ਸੀਤਲ ਨੂੰ ਹੁਣ ਤੱਕ ਦੇਖਿਆ ਨਹੀਂ ਸੀ। ਪਰ ਬੱਬੂ ਵੱਲੋਂ
ਚਿਤਰੀ ਉਸ ਦੀ ਸਿਫ਼ਤ-ਮੂਰਤ ਬਿੱਲੇ ਦੇ ਸਬਰ ਦੀ ਕੰਧ ਨੂੰ ਖੋਰਾ ਲਾ ਰਹੀ ਸੀ। ਉਸ ਲਈ ਰਹਿੰਦਾ 'ਕੱਲ੍ਹ'
ਪਹਾੜ ਬਣ ਗਿਆ।
ਉਹ ਸਾਰੀ ਦਿਹਾੜੀ ਸੋਚਾਂ ਦੇ ਸਿਆੜਾਂ ਵਿਚ ਰੁਲਿਆ ਜਿਹਾ ਫਿਰਦਾ ਰਿਹਾ। ਸੀਤਲ ਹੀ ਉਸ ਦੇ ਦਿਲ
ਦਿਮਾਗ 'ਤੇ ਛਾਈ ਰਹੀ ਸੀ। ਉਸ ਦੇ ਦਿਲ ਵਿਚੋਂ ਅਜ਼ੀਬ ਜਿਹੀ, ਮਿੱਠੀ-ਮਿੱਠੀ ਲਰਜ਼ ਉਠਦੀ ਤਾਂ ਉਹ ਅਕਹਿ
ਆਨੰਦ ਨਾਲ ਚੀਕ ਮਾਰਨ ਵਾਲਾ ਹੋ ਜਾਂਦਾ! ਉਸ ਦਾ ਰੋਮ-ਰੋਮ ''ਅੰਮ੍ਰਿਤ-ਸੀਤਲ--ਅੰਮ੍ਰਿਤ-ਸੀਤਲ''
ਪੁਕਾਰ ਰਿਹਾ ਸੀ। ਜਦ ਉਸ ਨੇ ਬਾਹਰ ਨਿਕਲ ਕੇ ਦੁਮੇਲ ਵਿਚ ਖੜ੍ਹੇ ਸੂਰਜ ਵੱਲ ਤੱਕਿਆ ਤਾਂ ਉਸ ਨੂੰ
ਅਦੁਤੀ ਲਾਲੀ ਨਾਲ ਆਪਣੀ ਝੋਲੀ ਭਰ ਗਈ ਜਾਪੀ। ਉਹ ਡੁੱਬਦੇ ਸੂਰਜ ਵੱਲ ਬੜੀ ਹਸਰਤ ਨਾਲ ਤੱਕੀ ਗਿਆ।
ਉਹ ਕੁਦਰਤ ਨਾਲ ਇੱਕ-ਮਿੱਕ ਹੋਇਆ ਖੜ੍ਹਾ ਸੀ।
-''ਚੱਲੀਏ? ਬੱਸ ਆਉਣ ਆਲੀ ਐ।'' ਪਿੱਛੇ ਬੱਬੂ ਖੜ੍ਹਾ ਸੀ। ਉਸ ਦਾ ਦਿਲ ਕੀਤਾ ਕਿ ਬੱਬੂ ਦਾ ਮੂੰਹ
ਚੁੰਮ ਲਵੇ। ਬੱਬੂ ਉਸ ਨੂੰ ਕਿਸੇ ਦਰਵੇਸ਼, ਫ਼ੱਕਰ ਵਰਗਾ ਜਾਪਿਆ, ਜਿਸ ਨੇ ਉਸ ਨੂੰ ਜ਼ਿੰਦਗੀ ਵਿਚ ਰੰਗ
ਭਰਨ ਦਾ 'ਵੱਲ' ਦੱਸਿਆ ਸੀ। ਜ਼ਿੰਦਗੀ ਜੀਣ ਦਾ ਅਰਥ ਦੱਸਿਆ ਸੀ। ਫੋਕੜ ਪੋਰੇ ਵਿਚ ਰਸ ਭਰਿਆ ਸੀ। ਨਹੀਂ
ਤਾਂ ਅੱਜ ਤੱਕ ਉਸ ਦੀ ਜ਼ਿੰਦਗੀ ਬੇਰੰਗ, ਬੇਮਾਹਨਾ, ਬੇਰਸ ਅਤੇ ਫ਼ੋਕੀ ਹੀ ਰਹੀ ਸੀ। ਬਿੱਲੇ ਨੂੰ
ਦੁਨੀਆਂ ਹੁਸੀਨ-ਹੁਸੀਨ ਲੱਗਣ ਲੱਗੀ ਸੀ। ਕੰਨਾਂ ਵਿਚ ਹਿਰਦੇ ਨੂੰ ਧੂਹ ਪਾਉਣ ਵਾਲਾ 'ਨਾਦ' ਵੱਜਣ
ਲੱਗਿਆ। ਉਸ ਦਾ ਦਿਲ ਕਿਸੇ ਖੁਸ਼ੀ ਵਿਚ, ਛਾਲ ਮਾਰ ਕੇ ਕੰਧ 'ਤੇ ਚੜ੍ਹਨ ਨੂੰ ਕਰਦਾ ਸੀ।
ਉਹ ਬੱਸ ਚੜ੍ਹ ਕੇ ਪਿੰਡ ਆ ਗਏ।
ਸਾਰੀ ਰਾਤ ਉਹ ਸੀਤਲ ਨੂੰ ਯਾਦਾਂ ਦੇ ਕਲਾਵੇ ਵਿਚ ਲਈ ਪਿਆ ਰਿਹਾ। ਕਦੇ-ਕਦੇ ਸੀਤਲ ਉਠ ਕੇ ਦੌੜਦੀ
ਤਾਂ ਉਹ ਉਸ ਨੂੰ ਫਿਰ ਫੜ ਕੇ ਕਲਾਵੇ ਵਿਚ ਘੁੱਟ ਲੈਂਦਾ। ਪਿਆ ਉਹ ਅੱਗ ਵਰਗੇ ਸਾਹ ਛੱਡ ਰਿਹਾ ਸੀ।
ਜਦੋਂ ਸਵੇਰੇ ਬੇਬੇ ਨੇ ਉਸ ਨੂੰ ਜਗਾਇਆ ਤਾਂ ਉਹ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ। ਉਸ ਨੇ ਪਰਦੇ
ਨਾਲ ਮੂੰਹ ਪੂੰਝ ਲਿਆ, ਬਾਹਰ ਨਿਕਲ ਕੇ ਅੰਗੜਾਈ ਲਈ। ਸੂਰਜ ਦੀਆਂ ਕਿਰਨਾਂ ਨੂੰ ਜੱਫ਼ਾ ਮਾਰਿਆ। ਹਵਾ
ਨੂੰ ਗਲਵਕੜੀ ਪਾਈ। ਦਿਲ ਕਿਸੇ ਅਨੋਖੇ ਚਾਅ ਨਾਲ ਭਰ ਗਿਆ।
ਕਲੀਨਿਕ ਵਿਚ ਉਸ ਨੇ ਦੋ ਮਸਾਂ ਹੀ ਵਜਾਏ।
ਜਦੋਂ ਡਾਕਟਰ ਘਰ ਚਲਾ ਗਿਆ ਤਾਂ ਬੱਬੂ ਕਿੱਟੀ ਨੂੰ ਫ਼ੋਨ ਕਰਨ ਤੁਰ ਗਿਆ। ਬਿੱਲੇ ਦੀਆਂ ਤਲੀਆਂ ਅਤੇ
ਕੱਛਾਂ ਪਸੀਨੇ ਨਾਲ ਤਰ-ਬਤਰ ਸਨ। ਬੱਬੂ ਦੇ ਪਰਤਣ ਤੱਕ ਉਹ ਦੋ ਗਿਲਾਸ ਪਾਣੀ ਦੇ ਪੀ ਚੁੱਕਿਆ ਸੀ।
ਕੁਝ ਪਲਾਂ ਮਗਰੋਂ ਕਿੱਟੀ ਦੇ ਨਾਲ 'ਸੀਤਲ' ਆ ਗਈ!
ਸੀਤਲ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਬਿੱਲਾ ਬਗੈਰ ਕਿਸ਼ਤੀ ਤੋਂ ਹੀ ਉਤਰ ਗਿਆ। ਸੀਤਲ ਵੀ ਉਸ ਵਿਚੋਂ
ਦੀ ਪੁਰੇ ਦੀ ਹਵਾ ਵਾਂਗ ਲੰਘ ਗਈ ਸੀ। ਉਹ ਫੁੱਲ ਵਾਂਗ ਖਿੜੀ ਬਿੱਲੇ ਦੇ ਸਾਹਮਣੇ ਖੜ੍ਹੀ ਸੀ। ਉਸ ਦੀ
ਨਜ਼ਰ ਵਿਚ ਡਲ੍ਹਕ ਅਤੇ ਹੁਸੀਨ ਚਿਹਰੇ 'ਤੇ ਸੰਧੂਰੀ ਭਾਅ ਮਾਰਦੀ ਸੀ।
ਬਿੱਲਾ ਅਵਾਕ ਤੱਕ ਰਿਹਾ ਸੀ। ਕਾਦਰ, ਕੁਦਰਤ ਦੀ ਅਥਾਹ ਬਖਸ਼ਿਸ਼ ਦੀ ਬੰਦਾ ਕੀ ਸਿਫ਼ਤ ਕਰੇ? ਉਹ ਬਾਂਵਰਾ
ਹੀ ਤਾਂ ਹੋ ਗਿਆ ਸੀ। ਜਿਸ ਹੁਸਨ ਪਿੱਛੇ ਉਹ ਦੋ ਰਾਤਾਂ ਤੋਂ ਭਟਕ ਰਿਹਾ ਸੀ, ਉਹ ਹੁਸਨ ਤਾਂ ਕਸਤੂਰੀ
ਵਾਂਗ ਪ੍ਰਤੱਖ ਉਸ ਦੇ ਸਾਹਮਣੇ ਖੜ੍ਹਾ ਸੀ!
-''ਇਹਦਾ ਤਾਂ ਬਲੱਡ ਘਟ ਗਿਆ।'' ਬੱਬੂ ਨੇ ਟਿੱਚਰ ਕੀਤੀ ਤਾਂ ਬਿੱਲੇ ਤੋਂ ਬਗੈਰ ਸਾਰੇ ਹੱਸ ਪਏ।
ਸੀਤਲ ਹੱਸੀ ਸੀ ਤਾਂ ਉਸ ਦੇ ਮੋਤੀਆਂ ਦੀ ਮਾਲਾ ਵਰਗੇ ਦੰਦ ਅਸਮਾਨੀ ਬਿਜਲੀ ਵਾਂਗ ਲਿਸ਼ਕੇ ਸਨ। ਬਿੱਲੇ
ਦੀਆਂ ਅੱਖਾਂ ਚੁੰਧਿਆ ਗਈਆਂ। ਪਰ ਬੱਬੂ ਦੀ ਕਰੀ ਟਾਂਚ 'ਤੇ ਉਸ ਦੀ ਸੁਰਤ ਪਰਤੀ ਤਾਂ ਉਹ ਛਿੱਥਾ ਜਿਹਾ
ਪੈ ਗਿਆ।
-''ਕਿਉਂ ਚੂਹਿਆ! ਹੋ ਗਿਆ ਨਾ ਕਮਲਾ?'' ਕਿੱਟੀ ਨੇ ਵਿਅੰਗ ਕੱਸ ਕੇ ਉਸ ਦੀ ਵੱਖ ਤਹਿ ਲਾ ਦਿੱਤੀ।
ਉਹ ਥੱਕੇ ਖਿਡਾਰੀ ਵਾਂਗ ਚਿੱਤ ਹੀ ਤਾਂ ਹੋ ਗਿਆ ਸੀ।
ਸੀਤਲ ਉਸ ਵੱਲ ਤਿਰਛੀ ਤੱਕ ਕੇ ਮੁਸਕਰਾਈ ਤਾਂ ਬਿੱਲਾ ਉਸ ਦੀ ਅਦਾ 'ਤੇ ਕਤਲ ਹੋ ਗਿਆ। ਪਰ ਸੰਗਾਊ
ਸੁਭਾਅ ਕਰਕੇ ਕਸੀਸ ਜਿਹੀ ਵੱਟ ਕੇ ਖੜ੍ਹਾ ਰਿਹਾ।
-''ਹੁਣ ਤੁਸੀਂ ਮਸਾਲਿਆਂ 'ਚ ਤੇਲ ਨਾ ਫੂਕੋ-ਅੰਦਰ ਜਾ ਕੇ ਦਿਲ ਹੌਲੇ ਕਰ ਲਓ, ਚੂਹਾ ਜੀ! ਸੀਤਲ ਨੂੰ
ਮੈਂ ਕੱਲ੍ਹ ਦੀ ਤੁਹਾਡੀਆਂ ਸਿਫਤਾਂ ਸੁਣਾਈ ਜਾਨੀ ਐਂ।'' ਕਿੱਟੀ ਨੇ ਕਿਹਾ।
-''ਸਾਡੀ ਵਿਚੋਲਗਿਰੀ ਦੀ ਛਾਪ ਬਾਰੇ ਵੀ ਰੈਅ ਕਰ ਲਿਓ!''
-''ਛਾਪ ਦੀ ਥਾਂ ਤੈਨੂੰ ਇਹ ਕਿਤੇ ਸੱਗੀਫੁੱਲ ਨਾ ਪਾ ਦੇਵੇ?'' ਬੱਬੂ ਨੇ ਸੀਤਲ ਅਤੇ ਬਿੱਲੇ ਨੂੰ
ਧੱਕਾ ਦੇ ਕੇ ਅੰਦਰ ਤੋਰ ਦਿੱਤਾ।
ਬਿੱਲਾ ਅਤੇ ਸੀਤਲ ਇਕ ਦੂਜੇ ਨੂੰ ਸ਼ੀਸ਼ੇ ਵਾਂਗ ਦੇਖ ਰਹੇ ਸਨ। ਅੱਖਾਂ 'ਚ ਅੱਖਾਂ ਪਾਈ ਉਹ ਇਕ ਦੂਜੇ
ਨੂੰ ਡੀਕ ਲਾ ਕੇ ਪੀ ਰਹੇ ਸਨ ਜਾਂ ਘੁੱਟਾਂ ਭਰ ਰਹੇ ਸਨ। ਇਕ ਚੁੱਪ ਹੀ ਬਹੁਤ ਕੁਝ ਕਹਿ ਰਹੀ ਸੀ।
ਦਿਲਾਂ ਦੇ ਵਟਾਂਦਰੇ ਹੋਏ, ਤਾਂ ਦੋਹਾਂ ਨੇ ਇਕ ਦੂਜੇ ਦੇ ਹੱਥ ਘੁੱਟ ਲਏ। ਦੋਹਾਂ ਦੇ ਚਿਹਰੇ ਸੁਰਖ਼
ਹੋਏ ਪਏ ਸਨ। ਦਿਲਾਂ ਅੰਦਰੋਂ ਲਾਟ ਉਠੀ ਤਾਂ ਉਹਨਾਂ ਨੇ ਇਕ-ਦੂਜੇ ਨੂੰ ਗਲਵਕੜੀ ਵਿਚ ਜਕੜ ਲਿਆ। ਉਹਨਾਂ
ਨੂੰ ਅੱਗ ਵਰਗੇ ਸਾਹ ਆ ਰਹੇ ਸਨ। ਇਕ ਸਵਰਗੀ ਝੂਟਾ ਸੀ।
-''ਰੱਬ ਕਰੇ! ਇਹ ਗਲਵਕੜੀ ਕਦੇ ਨਾ ਖੁੱਲ੍ਹੇ!'' ਬਿੱਲਾ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਕਹਿ ਰਿਹਾ
ਸੀ।
-''ਰੱਬ ਕਰੇ-ਤੁਹਾਡੀ ਬੁੱਕਲ ਵਿਚ ਹੀ ਜਾਨ ਨਿਕਲ ਜਾਵੇ!'' ਸੀਤਲ ਦੀ ਹਾਲਤ ਵੀ ਇਹੋ ਹੀ ਸੀ। ਉਹ
ਵਾਰ-ਵਾਰ ਲੰਮਾ ਸਾਹ ਖਿੱਚ ਕੇ ''ਹਾਏ!'' ਆਖਦੀ ਸੀ। ਉਹ ਨਿਹਾਲ-ਨਿਹਾਲ ਹੋਏ ਪਏ ਸਨ।
-''ਹੁਣ ਸਮਝ ਲੱਗਦੀ ਐ ਬਈ ਸੋਹਣੀ ਕਿਹੜੇ ਬਲ ਆਸਰੇ ਹਰ ਰਾਤ ਕੱਚੇ ਘੜੇ 'ਤੇ ਝਨਾਂ ਪਾਰ ਕਰਦੀ
ਸੀ।''
-''ਸੱਚਾ ਇਸ਼ਕ ਹੀ ਬਾਰਾਂ ਸਾਲ ਮੱਝਾਂ ਚਾਰਨ ਦੀ ਮੁਸ਼ੱਕਤ ਕਰਵਾ ਸਕਦੈ।''
-''ਇਹਦਾ ਨਸ਼ਾ ਈ ਵਿਲੱਖਣ ਐਂ।''
-''ਬੰਦਾ ਬੋਲ ਕੇ ਨਹੀਂ ਦੱਸ ਸਕਦਾ।''
-''ਗੂੰਗੇ ਦੇ ਗੁੜ ਖਾਣ ਵਾਂਗ।''
-''ਇਹਨੂੰ ਮਹਿਸੂਸ ਹੀ ਕੀਤਾ ਜਾ ਸਕਦੈ।''
-''ਮਾਣਿਆਂ ਵੀ ਤਾਂ ਜਾ ਸਕਦੈ।''
-''ਕਿਤੇ ਇਹ ਸੁਪਨਾ ਟੁੱਟ ਤਾਂ ਨਹੀਂ ਜਾਵੇਗਾ?''
-''ਜੇ ਜਾਨ ਚਲੀ ਗਈ ਤਾਂ ਕੋਈ ਗਰੰਟੀ ਨਹੀਂ।''
ਸੀਤਲ ਨੇ ਬਿੱਲੇ ਦੇ ਮੂੰਹ 'ਤੇ ਹੱਥ ਰੱਖ ਦਿੱਤਾ।
-''ਸੀਤਲ ਆ ਚੱਲੀਏ ਹੁਣ! ਬਹੁਤ ਟਾਈਮ ਹੋ ਗਿਆ!'' ਬਾਹਰੋਂ ਕਿੱਟੀ ਦੀ ਅਵਾਜ਼ ਆਈ।
ਸੱਤਰੰਗੀ ਪੀਂਘ ਝੂਟਦੇ ਉਹ ਜਿਵੇਂ 'ਪਟੱਕ' ਧਰਤੀ 'ਤੇ ਡਿੱਗੇ ਸਨ। ਰਾਗ ਅਲਾਪਦੇ ਸ਼ਾਂਤ ਸਮੁੰਦਰ ਵਿਚ
ਜਿਵੇਂ ਭਾਰਾ ਪੱਥਰ ਡਿੱਗਿਆ ਸੀ। ਉਹਨਾਂ ਦੀ ਗਲਵਕੜੀ 'ਕੜੱਕ' ਕਰਕੇ ਖੁੱਲ੍ਹੀ ਸੀ। ਉਹ ਓਪਰਿਆਂ
ਵਾਂਗ ਇਕ-ਦੂਜੇ ਵੱਲ ਝਾਕੇ! ਪਤਾ ਨਹੀਂ ਬੇਸੁਰਤੀ ਵਿਚ ਇਕ-ਦੂਜੇ ਨੂੰ ਕੀ-ਕੀ ਆਖ ਗਏ ਸਨ? ਅੱਖੀਆਂ
ਹਮਾਇਤੀ ਸਨ ਅਤੇ ਦਿਲ ਚਸ਼ਮਦੀਦ ਗਵਾਹ!
ਉਹਨਾਂ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਡੂੰਘੀ ਨਜ਼ਰ ਨਾਲ ਤੱਕਿਆ ਅਤੇ ਬਾਹਰ ਆ ਗਏ, ਕਿਸੇ
ਸ਼ਰਾਬੀ ਵਾਂਗ ਨਸ਼ਈ ਜਿਹੇ ਹੋਏ। ਦਿਲਾਂ ਦੀ ਇੱਕ-ਮਿੱਕ ਹੋਈ ਧੜਕਣ ''ਫੜ੍ਹੱਕ-ਫੜ੍ਹੱਕ'' ਵੱਜੀ ਜਾ ਰਹੀ
ਸੀ।