ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 7

ਜੱਟ ਬੱਕਰੇ ਵਾਂਗ ਹਲਾਲ ਹੋਣ ਲਈ ਖ਼ੁਦ ਹਾੜ੍ਹੇ ਕੱਢ ਰਹੇ ਸਨ। ਸੇਠ ਦੀ ਛੁਰੀ ਵੀ ਤਿਆਰ ਹੀ ਸੀ।
-''ਸਰਦਾਰੋ! ਇੰਸਪੈਕਟਰ ਤਾਂ ਐਨਾ ਕੰਜਰ ਕੁੱਤੈ-ਪੰਜਾਂ ਤੋਂ ਹੇਠਾਂ ਈ ਨ੍ਹੀ ਸੀ ਉਤਰਦਾ! ਮੈਂ ਕਿਹਾ ਇਉਂ ਲੁੱਟ ਪਈ ਐ? ਇਉਂ ਮੈਂ ਆਬਦੇ ਜੱਟ ਭਰਾ ਕਿਵੇਂ ਲੁੱਟੀਦੇ ਦੇਖਲਾਂ? ਜਿਹਨਾਂ ਨਾਲ ਦਿਨ ਰਾਤ ਵਰਤਣੈਂ? ਐਹੋ ਜਿਹੇ ਕੰਜਰ ਕੁੱਤੇ ਇੰਸਪੈਕਟਰ ਨੂੰ ਤਾਂ ਦੇਵੀ ਮਾਤਾ ਪਟਕਾ-ਪਟਕਾ ਕੇ ਮਾਰੇ-ਉਹ ਤਾਂ ਸਰਦਾਰੋ ਮਹੀਨੇ ਨੂੰ ਆਬਦੇ ਸ਼ਹਿਰ ਜਾ ਵੱਜੂ-ਵਰਤਣਾ ਤਾਂ ਸਾਰੀ ਉਮਰ ਆਪਾਂ ਈ ਐ।''
-''ਸੇਠਾ! ਹੁਣ ਐੱਲਸਪੈਲਟਰ ਬੋਲੀ ਕਦੋਂ ਲਾਊ?'' ਬਲਿਹਾਰ ਸਿੰਘ ਉਸ ਦੀ 'ਟੈਂ-ਟੈਂ' ਤੋਂ ਅੱਕ ਗਿਆ ਸੀ।
-''ਮੈਂ ਹੁਣੇ ਈ ਜਾ ਕੇ ਪਾਉਨੈ ਗਲ 'ਚ ਸਾਅਫਾ ਮੇਰੇਆਰ! ਭੱਜ ਕੇ ਜਾਊ ਕਿੱਥੇ? ਬਬਲੀ--! ਬਬਲੀ ਉਏ---!''
-''ਹਾਂ ਬਾਬੂ ਜੀ---?''
-''ਤੂੰ ਹਰਾਮਜ਼ਾਦਿਆ ਕਿਹੜੇ ਭੋਰੇ 'ਚ ਉਤਰ ਜਾਨੈਂ?''
-''ਮੈਂ ਬਾਬੂ ਜੀ ਸਕੂਟਰ ਸਾਫ ਕਰਦਾ ਸੀ।''
-''ਜਾਹ ਮਿੰਟੂ ਤੋਂ ਦੋ ਬੋਤਲਾਂ ਅੰਗਰੇਜੀ ਸ਼ਰਾਬ ਦੀਆਂ ਫੜ ਕੇ ਲਿਆ! ਕਹੀਂ ਬਾਬੂ ਜੀ ਨੇ ਮੰਗਵਾਈਐਂ-ਉਹਨੂੰ ਕਹੀਂ ਕਿਤੇ ਲੱਗੀ ਵੀ ਨਾ ਦੇ-ਦੇ।''
ਬਬਲੀ ਪੈਰ ਤੋਂ ਹੀ ਹਵਾ ਹੋ ਗਿਆ।
-''ਤੁਸੀਂ ਚਾਹ ਦਾ ਆਨੰਦ ਲਓ-ਮੈਂ ਕੰਜਰ ਕੁੱਤੇ ਇੰਸਪੈਕਟਰ ਕੋਲ ਹੋ ਆਵਾਂ।'' ਤੇ ਸੇਠ ਦਿਲ ਵਿਚ ਬਿੱਲੀਆਂ ਬੁਲਾਉਂਦਾ, ਸਕੂਟਰ ਲੈ ਤੁਰ ਗਿਆ।
-''ਬੜੇ ਮੇਰੇ ਸਾਲੇ ਐ-ਛਿੱਲ ਵੀ ਲਾਹੁੰਦੇ ਐ-ਰੋਣ ਵੀ ਨੀ ਦਿੰਦੇ।'' ਬੁੱਕਣ ਬੋਲਿਆ।
-''ਤੇਰਾ ਤਾਂ ਮੇਲਾ ਬਣ ਗਿਆ।''
-''ਜਾਂਦੇ ਚੋਰ ਦੀ ਤੜਾਗੀ ਈ ਸਹੀ!''
ਸਕੂਟਰ ਲੈ ਕੇ ਸੇਠ ਇੰਸਪੈਕਟਰ ਕੋਲ ਭੂਤ ਵਾਂਗ ਜਾ ਵੱਜਿਆ।
-''ਬਾਬੂ ਜੀ-ਜੱਟ ਤਾਂ ਐਨੇ ਸੂੰਮ ਐਂ-ਨਲੀ ਸੁਣਕਣਗੇ ਤਾਂ ਵੀ ਆਬਦੇ ਕੁੱਕੜਾਂ ਨੂੰ ਈ ਪਾਉਣਗੇ।''
-''ਬੋਰੀ ਮਗਰ ਤਿੰਨ ਰੁਪਈਏ ਦੁਆਦੇ-ਅੱਜ ਈ ਬੋਲੀ ਲਾ ਦਿੰਨੇ ਐਂ।'' ਇੰਸਪੈਕਟਰ ਨੇ ਕਿਹਾ। ਤੰਦੂਰ ਢਿੱਡ ਕਰਕੇ ਉਹ ਔਖੇ-ਔਖੇ ਸਾਹ ਲੈ ਰਿਹਾ ਸੀ। ਭੈੜ੍ਹੀਆਂ ਜਿਹੀਆਂ ਨਾਸਾਂ 'ਚੋਂ ਸੀਟੀਆਂ ਵੱਜ ਰਹੀਆਂ ਸਨ।
-''ਕਿੱਥੇ ਬਾਬੂ ਜੀ! ਉਹ ਤਾਂ ਇਕ ਰੁਪਈਏ ਤੋਂ ਉਪਰ ਈ ਨੀ ਚੜ੍ਹਦੇ ਸੀ-ਵਿਸਕੀ ਦੀਆਂ ਦਸ ਬੋਤਲਾਂ ਦੇ ਕੇ-ਦੋ ਰੁਪਈਆਂ 'ਤੇ ਮਸਾਂ ਲਿਆਂਦੇ ਐ-ਤੁਸੀਂ ਚਾਹੇ ਠੇਕੇ ਆਲਿਆਂ ਨੂੰ ਫੋਨ ਕਰਕੇ ਪੁੱਛ ਲਓ-।'' ਸੇਠ ਹੱਦੋਂ ਵੱਧ ਝੂਠ ਬੋਲ ਗਿਆ ਸੀ।
-''ਦੋ ਰੁਪਈਏ ਬੋਰੀ ਮਗਰ ਤਾਂ ਬਾਹਲੇ ਥੋੜੇ ਐ---।'' ਬਾਬੂ ਨੇ ਲਮਕਾ ਕੇ ਜਿਹੇ ਕਿਹਾ।
-''ਦੇਖੋ ਬਾਬੂ ਜੀ-ਜੱਟਾਂ ਨਾਲ ਤਾਂ ਸਾਡਾ ਵਾਹ ਛੇਈਂ ਮਹੀਨੀਂ ਪੈਣੈਂ-ਆਪਾਂ ਤਾਂ ਰਾਮ ਭਲੀ ਕਰੇ ਨਿੱਤ ਵਰਤਣੈਂ-ਥੋਡੇ ਆਸਰੇ ਈ ਬੱਚੇ ਪਾਲਣੇ ਐ-ਕਰ ਦਿਓ ਕਿਰਪਾ-ਕਾਹਨੂੰ ਮੇਰੇ ਗਾਹਕ ਤੋੜਦੇ ਐਂ? ਕਿਸੇ ਵਿਆਹ ਸ਼ਾਦੀ ਤੁਹਾਡੀ ਸੇਵਾ ਕਰ ਦਿਆਂਗੇ-ਜੇ ਥੋਡੇ ਦੋ ਰੁਪਈਆਂ 'ਚੋਂ ਇਕ ਪੈਸੇ ਦਾ ਰਵਾਦਾਰ ਹੋਵਾਂ-ਗਊ ਦੀ ਰੱਤ ਪੀਵਾਂ-ਕਿਸੇ ਸਿਆਣੇ ਨੇ ਮੱਝ ਨਵੇਂ ਦੁੱਧ ਕਰਵਾਉਣ ਗਏ ਨੇ ਝੋਟੇ ਨੂੰ ਹੱਥ ਜੋੜ ਕੇ ਕਿਹਾ ਸੀ ਬਈ ਤੇਰਾ ਇੱਕ ਮਿੰਟ ਦਾ ਕੰਮ ਐਂ-ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ।''
ਇੰਸਪੈਕਟਰ ਹੱਸ ਪਿਆ।
-''ਬਾਬੂ ਜੀ ਬਾਣੀਏਂ ਭਰਾ ਓਂ-ਕਰ ਦਿਓ ਰਹਿਮ! ਜੇ ਕਹੋਂ ਬੋਤਲ ਛੋਤਲ ਤੇ ਮੁਰਗਾ ਛੁਰਗਾ ਭਿਜਵਾ ਦਿੰਨੈਂ?'' ਸੇਠ ਬਾਬੂ ਦੇ ਗੋਡੇ ਘੁੱਟਣ ਲੱਗ ਪਿਆ।
-''ਭੇਜ ਫੇਰ।'' ਬਾਬੂ ਉਠ ਕੇ ਬੈਠ ਗਿਆ।
ਸੇਠ ਦੇ ਦਿਲ ਦੀ ਹੋ ਗਈ।
-''ਬੋਲੀ ਕਦੋਂ ਲਾਵੋਂਗੇ?'' ਉਹ ਹੱਥ ਜੋੜੀ ਪੁੱਛ ਰਿਹਾ ਸੀ। ਜਿਵੇਂ ਬਾਬੂ ਹਨੂੰਮਾਨ ਦੇਵਤਾ ਸੀ।
-''ਕੱਲ੍ਹ ਨੂੰ ਈ ਲੈ।''
-''ਬੋਰੀ ਮਗਰ ਦੋ ਰੁਪਈਏ-ਠੀਕ ਐ ਜੀ?''
-''ਚੱਲ ਤੂੰ ਕਹਿੰਨੈ ਤਾਂ ਠੀਕ ਈ ਐ।''
-''ਥੋਨੂੰ ਕਿਤੋਂ ਹੋਰ ਖਟਾ ਦਿਆਂਗੇ।''
-''ਤੂੰ ਜੱਟਾਂ ਨਾਲ ਕਿੰਨੇ ਕੀਤੇ ਐ?''
-''ਬਾਬੂ ਜੀ ਗਊ ਮਾਤਾ ਦੀ ਕਸਮ ਐਂ-ਥੋਡਾ ਜੱਟਾਂ ਨਾਲ ਸਿੱਧਾ ਵਾਹ ਪਵੇ-ਪਤਾ ਲੱਗਜੇ-ਜਿਹੋ ਜਿਹਾ ਜੱਟ ਨੂੰ ਛੇੜ ਲਿਆ-ਉਹੋ ਜਿਹਾ ਸੱਪ ਨੂੰ ਛੇੜ ਲਿਆ-ਉਹ ਤਾਂ ਸਹੁੰ ਦੇਵੀ ਮਾਤਾ ਦੀ ਐਡੀਆਂ ਐਡੀਆਂ ਗਾਲ੍ਹਾਂ ਕੱਢਦੇ ਐ।'' ਸੇਠ ਨੇ ਹੱਥਾਂ ਨਾਲ ਮਿਣਤੀ ਦੱਸੀ।
ਬਾਬੂ ਉਚੀ-ਉਚੀ ਹੱਸ ਪਿਆ।
ਸੇਠ ਦੇ ਫਿਰ ਕੁਤਕੁਤੀ ਹੋਈ।
-''ਮੈਖਿਆ ਬਾਬੂ ਜੀ ਗਾਲ੍ਹ ਕੱਢਣ ਲੱਗੇ ਜਮਾਂ ਈ ਅੱਗਾ ਪਿੱਛਾ-ਗਿੱਲਾ ਸੁੱਕਾ ਨਹੀਂ ਦੇਂਹਦੇ।''
ਬਾਬੂ ਹੱਸੀ ਜਾ ਰਿਹਾ ਸੀ।
ਸੇਠ ਦੇ ਕੁਤਕੁਤੀਆਂ ਹੋਈ ਜਾ ਰਹੀਆਂ ਸਨ। ਬਾਬੂ ਦਾ ਹੱਸਣਾ ਉਸ ਲਈ 'ਸ਼ੁਭ' ਸੀ!
-''ਬਾਬੂ ਜੀ ਹੁਣ ਮੈਂ ਜੁਬਾਨ ਤੋਂ ਝੂਠਾ ਨਾ ਪੈਜਾਂ?''
-''ਉਏ ਨਹੀਂ ਪੈਣ ਦਿੰਦੇ!''
-''ਮੈਂ ਥੋਡਾ ਸਮਾਨ ਭੇਜਦੈਂ।'' ਸੇਠ ਤੁਰ ਗਿਆ।
ਜਦੋਂ ਉਹ ਦੁਕਾਨ 'ਤੇ ਪੁੱਜਿਆ ਤਾਂ ਜੱਟ ਭੁੱਖੀਆਂ ਰਾਮ ਗਊਆਂ ਵਾਂਗ ਉਸ ਦਾ ਰਾਹ ਤੱਕ ਰਹੇ ਸਨ।
-''ਐਨਾਂ ਕੰਜਰ ਕੁੱਤੈ-ਪੰਜਾਂ ਰੁਪਈਆਂ ਤੋਂ ਹੇਠਾਂ ਈ ਨੀ ਸੀ ਉਤਰਦਾ-ਮਿੰਨਤਾਂ ਤਰਲੇ ਕਰਕੇ ਮਸਾਂ ਈ ਚਾਰਾਂ 'ਤੇ ਮਨਾਇਆ-ਆੜ੍ਹਤ ਦਾ ਕੰਮ ਈ ਸਾਲਾ ਕੁੱਤੈ-ਹੋਰ ਕਿੱਤਾ ਸਰਦਾਰੋ ਆਉਂਦਾ ਨਹੀਂ-ਕੀ ਕਰੀਏ? ਬਬਲੀ--! ਬਬਲੀ ਉਏ--!''
ਬਬਲੀ ਬਾਹਰ ਆ ਗਿਆ।
-''ਆਹ ਬੋਤਲ ਤੇ ਮੁਰਗਾ ਇੰਸਪੈਕਟਰ ਦੇ ਮੱਥੇ ਮਾਰ ਕੇ ਆ-ਸਰਦਾਰੋ ਸਹੁੰ ਦੇਵੀ ਦੀ ਸਾਰੀ ਉਮਰ ਪਿਉ ਦਾਦੇ ਨੇ ਸ਼ਰਾਬ-ਮਾਸ ਨੂੰ ਹੱਥ ਨਹੀਂ ਸੀ ਲਾਇਆ-ਪਰ ਭਰਾਵਾਂ ਕਰਕੇ ਹਰ ਚੰਗਾ ਮੰਦਾ ਕੰਮ ਕਰਨਾ ਪੈਂਦੈ-ਦੁੱਖ ਸਹਿਣੇ ਪੈਂਦੇ ਐ-ਤੈਨੂੰ ਬੋਤਲਾਂ ਮਿਲ ਗਈਆਂ ਸੀ?'' ਉਸ ਨੇ ਬੁੱਕਣ ਵੱਲ ਮੂੰਹ ਕਰ ਲਿਆ।
-''ਇਹਨੂੰ ਤਾਂ ਬੋਤਲਾਂ ਮਿਲ ਗਈਆਂ-ਹੁਣ ਸਾਨੂੰ ਕੋਈ ਰਾਹ ਪਾ।'' ਬਾਬੇ ਨੇ ਨਿਰਣਾ ਚਾਹਿਆ।
-''ਬਾਬਿਓ! ਕੱਲ੍ਹ ਨੂੰ ਸਵੇਰੇ ਬੋਲੀ ਹੋਜੂਗੀ-ਪਰ ਮੇਰੇ ਵੀਰ ਰੌਲਾ ਨਾ ਕਰਿਓ-ਇੰਸਪੈਕਟਰ ਬੜਾ ਕੰਜਰ ਕੁੱਤੈ! ਕੀਤਾ ਕਰਾਇਆ ਖੂਹ 'ਚ ਨਾ ਪੈਜੇ-ਬੱਸ ਮੇਰੇ ਵੀਰ ਚੁੱਪ ਚਾਪ ਬੋਲੀ ਕਰਵਾ ਲਿਓ-ਜੇ ਕਿਸੇ ਨੇ ਚਾਹ ਗੁੜ ਜਾਂ ਕੋਈ ਹੋਰ ਸੌਦਾ ਪੱਤਾ ਪਿੰਡ ਭੇਜਣੈਂ ਦੱਸ ਦਿਓ-ਰੇਹੜਾ ਜਾਣ ਆਲੈ।''
-''ਕੱਲ੍ਹ ਨੂੰ ਵਿਹਲੇ ਕਰ ਦੇਵੇਂਗਾ?''
-''ਮੇਰੇਆਰ ਬਿਲਕੁਲ!''
-''ਫੇਰ ਅਸੀਂ ਆਪੇ ਈ ਲੈਜਾਂਗੇ।''
-''ਵਿਹਲੇ ਤਾਂ ਇਹ ਸਾਰੇ ਪਾਸਿਓਂ ਈ ਕਰ ਦਿਊ-ਜਰੈਂਦ ਕਰੋ!'' ਬਾਬਾ ਬੋਲਿਆ।
-''ਕਿਹੜੀ ਗੱਲ ਕਰ ਦਿੱਤੀ ਬਾਬਾ ਬਿਸ਼ਨ ਸਿਆਂ! ਹੈਂ? ਥੋਡੇ ਬਿਨਾ ਤਾਂ ਮੈਂ ਕੱਖ ਦਾ ਨ੍ਹੀ-ਸੇਠ ਸੋਨੇ ਦਾ ਬਣ ਕੇ ਖੜ੍ਹਜੇ-ਜੱਟ ਉਹਦੇ 'ਤੇ ਫੇਰ ਵੀ ਇਤਬਾਰ ਨਹੀਂ ਕਰਦਾ-ਜੇ ਚਾਰ ਰੁਪਈਆਂ 'ਚੋਂ ਇਕ ਪੈਸਾ ਵੀ ਮੇਰਾ ਹੋਵੇ-ਨਰਕਾਂ ਨੂੰ ਜਾਵਾਂ-ਸਹੁੰ ਰਾਮ ਦੀ-ਜੱਟ ਤੇ ਬਾਣੀਏਂ ਦੀ ਤਾਂ ਰੂਹ ਈ ਇਕ ਐ-ਧੁਰੋਂ ਸੰਜੋਗ ਲਿਖੇ ਐ-ਤੁਸੀਂ ਮੇਰੇ 'ਤੇ ਇਤਬਾਰ ਕਰੋ।''
-''ਜੇ ਰੱਬ ਜੱਟ ਦੇ ਸੰਜੋਗ ਸਿਠਾਣੀਂ ਨਾਲ ਕਰ ਦਿੰਦਾ-ਵਧੀਆ ਰਹਿੰਦਾ।'' ਬੁੱਕਣ ਬੋਲਿਆ।
-''ਲਓ! ਲਓ ਕਰ ਲਓ ਗੱਲ! ਬੁੱਕਣ ਸਿਉਂ ਨੂੰ ਬਿਨਾ ਪੀਤੀ ਤੋਂ ਈ ਚੜ੍ਹ ਗਈ-ਸਹੁੰ ਲੱਗੇ ਬੁੱਕਣ ਸਿਆਂ ਬੜੀ ਰੂਹ ਆਲਾ ਬੰਦੈਂ ਤੂੰ।''
ਉਹ ਉਠ ਕੇ ਤੁਰ ਆਏ।
ਰਾਤ ਨੂੰ ਬੁੱਕਣ ਦੇਰ ਗਈ ਤੱਕ ਕਮਲਾ ਹੋਇਆ ਦਾਰੂ ਪੀਂਦਾ ਰਿਹਾ। ਕਦੇ-ਕਦੇ ਉਹ ਕਿਸੇ ਹੇਰਵੇ ਵਿਚ ਗੁੱਝਾ ਰੋਣ ਵੀ ਲੱਗ ਪੈਂਦਾ ਸੀ। ਪਤਾ ਨਹੀਂ ਉਸ ਨੂੰ ਕੀ ਗਮ ਸੀ?
ਅਗਲੇ ਦਿਨ ਸਵੇਰੇ ਨੌਂ ਵਜੇ ਜਾ ਕੇ ਇੰਸਪੈਕਟਰ ਆਇਆ। ਸੇਠ ਅਤੇ ਕਿਸਾਨ ਉਸ ਅੱਗੇ ਹੱਥ ਜੋੜੀ ਖੜ੍ਹੇ ਸਨ।
-''ਸਾਰੇ ਆਪਦੀਆਂ-ਆਪਦੀਆਂ ਢੇਰੀਆਂ ਕੋਲ ਚੱਲੋ ਬਈ-'ਕੱਠ ਨਾ ਮਾਰੋ! ਬਾਬੂ ਜੀ ਨੂੰ ਚਾਹ ਦਾ ਪਿਆਲਾ ਪੀ ਲੈਣ ਦਿਓ।'' ਸੇਠ ਨੇ ਢੰਗ ਨਾਲ ਸਾਰੇ ਕਿਸਾਨ ਕੁੱਤੇ ਵਾਂਗ ਛਿਛਕਰ ਦਿੱਤੇ।
ਬਾਬੂ ਨੇ ਚਾਹ ਪੀ ਲਈ।
ਮਠਿਆਈ ਖਾ ਲਈ।
ਬੋਲੀ ਲੱਗ ਗਈ। ਝੋਨਾ ਤੁਲਵਾ ਕੇ ਜੱਟ ਵਿਹਲੇ ਹੋ ਗਏ। ਇੰਸਪੈਕਟਰ ਬੋਰੀਆਂ ਗਿਣਨ ਲਈ ਆਪਣਾ ਖ਼ਾਸ ਬੰਦਾ ਉਥੇ ਛੱਡ ਗਿਆ ਸੀ।
ਬੋਰੀਆਂ ਦੀ ਗਿਣਤੀ ਹੋ ਗਈ।
ਪਰਦੇ ਨਾਲ ਸੇਠ ਨੇ ਇੰਸਪੈਕਟਰ ਦੇ ਬੰਦੇ ਨੂੰ ਦੋ ਰੁਪਏ ਦੇ ਹਿਸਾਬ ਨਾਲ ਪੈਸੇ ਦੇ ਕੇ ਤੋਰ ਦਿੱਤਾ। ਬੋਰੀ ਮਗਰ ਉਸ ਨੂੰ ਖੁਦ ਪੂਰੇ ਦੋ ਰੁਪਏ ਸਿੱਧੇ ਹੀ ਬਚੇ ਸਨ।
ਚਾਰ ਵਜੇ ਸਾਰੇ ਕਿਸਾਨਾਂ ਦਾ ਹਿਸਾਬ-ਕਿਤਾਬ ਕਰ ਦਿੱਤਾ ਗਿਆ। ਜਾਨ ਤੋੜ ਕੇ ਅਤੇ ਪੇਟ ਬੰਨ੍ਹ ਕੇ ਪਾਲੀ ਫ਼ਸਲ ਨੇ ਲੱਗੇ ਵੀ ਨਹੀਂ ਮੋੜੇ ਸਨ।
ਸਾਰਾ ਕੁਝ ਵੇਚ-ਵੱਟ ਕੇ, ਲੈ ਦੇ ਕੇ ਪੂਰਾ ਚਾਰ ਹਜ਼ਾਰ ਰੁਪਈਆ ਬਲਿਹਾਰ ਸਿੰਘ ਦੇ ਸਿਰ ਟੁੱਟ ਗਿਆ। ਪੰਦਰਾਂ ਸੌ ਰੁਪਏ ਉਸ ਨੇ ਜੈਬੇ ਨੂੰ ਦੇਣ ਵਾਸਤੇ ਲੈ ਲਏ ਅਤੇ ਪੰਜ ਸੌ ਦਾ ਘਰ ਲਈ ਸਮਾਨ ਲੈ ਲਿਆ। ਪੂਰੇ ਛੇ ਹਜ਼ਾਰ 'ਤੇ ਅੰਗੂਠਾ ਛਾਪ ਕੇ ਉਹ ਛਿੱਤਰ ਘੜੀਸਦਾ, ਸਾਹ ਵਰੋਲਦਾ ਪਿੰਡ ਆ ਗਿਆ ਅਤੇ ਬੈਠਕ ਵਿਚ ਖੇਸ ਲੈ ਕੇ ਪੈ ਗਿਆ।
ਜੀਤ ਕੌਰ ਨੇ ਫ਼ਿਕਰ ਕੀਤਾ।
-''ਕੀ ਹੋ ਗਿਆ? ਤੂੰ ਚੁੱਪ ਜਿਆ ਕਰਕੇ ਇਉਂ ਕਾਹਤੋਂ ਪੈ ਗਿਆ?''
-''ਊਂਈਂ ਪੈ ਗਿਆ-ਕਈਆਂ ਰਾਤਾਂ ਦਾ ਨੀਂਦਰੈਂ-ਸਿਰ ਜਿਆ ਦੁਖੀ ਜਾਂਦੈ।'' ਬਲਿਹਾਰ ਸਿੰਘ ਖੇਸ ਹੇਠੋਂ ਹੀ ਮੁਰਦਿਆਂ ਵਾਂਗ ਬੋਲਿਆ। ਹੋਰ ਉਹ ਕੀ ਦੱਸਦਾ? ਬਈ ਉਹ ਭੇਡ ਵਾਂਗ ਉੱਨ ਲੁਹਾ ਕੇ ਆਇਆ ਸੀ? ਕੀ ਦੱਸਦਾ ਬਈ ਜੋਰਾਵਰਾਂ ਨੇ ਉਸ ਨੂੰ ਦੁਪਿਹਰੇ ਦੀਵਾ ਬਾਲ ਕੇ ਲੁੱਟ ਲਿਆ ਸੀ?
-''ਤਾਪ ਤਾਂ ਨਹੀਂ ਹੋ ਗਿਆ ਤੈਨੂੰ?'' ਜੀਤ ਕੌਰ ਨੇ ਉਸ ਦੇ ਮੱਥੇ 'ਤੇ ਹੱਥ ਰੱਖ ਕੇ ਪੁੱਛਿਆ। ਪਰ ਮੱਥਾ ਠੰਢਾ ਠਾਰ ਪਿਆ ਸੀ।
-''ਨਹੀਂ-ਤਾਪ ਤਾਂ ਜਮਾਂ ਈ ਹੈਨੀ-ਥਕਾਵਟ ਹੋਗੀ ਤੈਨੂੰ-ਚਾਹ ਬਣਾ ਕੇ ਦੇਵਾਂ?''
-''ਨਹੀਂ ਚਾਹ ਨੀਂ-ਤੂੰ ਅਚਾਰ ਤੇ ਪਾਣੀ ਲਿਆ-ਕਈ ਦਿਨਾਂ ਦਾ ਸਰੀਰ ਆਕੜਿਆ ਜਿਆ ਪਿਐ।''
ਜੀਤ ਕੌਰ ਨੇ ਖਾਲੀ ਗਿਲਾਸ, ਅਚਾਰ ਅਤੇ ਪਾਣੀ ਲੈ ਆਂਦਾ।
-''ਤੂੰ ਪੇਕ ਪੂਕ ਪੀਲਾ-ਮੈਂ ਪਾਣੀ ਤੱਤਾ ਕਰਦੀ ਐਂ-ਤੱਤੇ-ਤੱਤੇ ਪਾਣੀ ਨਾਲ ਕੇਸੀਂ ਨਹਾਉਨੀ ਮੈਂ ਤੈਨੂੰ-ਕਿਹੜੇ ਹਾਲੀਂ ਹੋਇਆ ਪਿਐਂ।'' ਜੀਤ ਕੌਰ ਉਸ ਦੇ ਸਾਹਮਣੇ ਦੂਜੇ ਮੰਜੇ 'ਤੇ ਬੈਠ ਗਈ। ਬਲਿਹਾਰ ਸਿੰਘ ਨੇ ਇਕ ਕਰੜਾ ਪੈੱਗ ਅੰਦਰ ਸੁੱਟ ਲਿਆ। ਘਰ ਦੀ ਕੱਢੀ ਦਾਰੂ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਹੇਠਾਂ ਉਤਰੀ ਸੀ।
ਬਲਿਹਾਰ ਸਿੰਘ ਦੀਆਂ ਅੱਖਾਂ ਉਘੜ ਆਈਆਂ। ਦਿਲ ਨੇ ਕੁਝ ਧਰਵਾਸ ਫੜਿਆ। ਸਾਧ ਦੀਆਂ ਜਟਾਂ ਵਾਂਗ ਖਿੱਲਰਿਆ ਦਿਮਾਗ ਮੋਸ਼ਨ ਫੜਦਾ ਪ੍ਰਤੀਤ ਹੋਇਆ। ਉਸ ਨੇ ਇਕ ਗਿਲਾਸ ਭਰ ਕੇ ਹੋਰ ਅੰਦਰ ਸੁੱਟਿਆ। ਜੀਤ ਕੌਰ ਉਸ ਦੀ ਚੁੱਪ ਵਿਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।
-''ਮੈਂ ਖੱਟੀ ਲੱਸੀ 'ਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰਦੀ ਆਂ।'' ਉਹ ਉਠ ਕੇ ਖੜ੍ਹੀ ਹੋ ਗਈ।
-''ਜੈਬਾ ਨੀ ਆਇਆ ਅਜੇ?''
-''ਆਉਣ ਆਲਾ ਈ ਐ-ਤੇਰੇ ਨ੍ਹਾਉਂਦਿਆਂ-ਨ੍ਹਾਉਂਦਿਆਂ ਆਜੂਗਾ।''
ਗਰਮ-ਗਰਮ ਪਾਣੀ ਨਾਲ ਕੇਸੀ ਨਹਾ ਕੇ ਬਲਿਹਾਰ ਸਿੰਘ ਹੌਲਾ ਫੁੱਲ ਹੋ ਗਿਆ। ਜੈਬੇ ਨੇ ਵੀ ਪੱਠੇ ਲਿਆ ਸੁੱਟੇ।
-''ਆ ਗਿਆ ਚਾਚਾ? ਸ਼ਹਿਰ ਈ ਜੀਅ ਲਾ ਕੇ ਬਹਿ ਗਿਆ ਸੀ।''
-''ਕਾਹਦਾ ਜੀਅ ਐ ਜੈਬਿਆ! ਆ ਜਾਹ ਅੰਦਰ ਆ ਕੇ ਪੇਕ ਲੈਲਾ-ਗਿਲਾਸ ਲਿਆ।'' ਉਸ ਨੇ ਧੌਣ ਉਪਰ ਸਾਅਫ਼ਾ ਖਿਲਾਰ ਕੇ ਗਿੱਲੇ ਕੇਸ ਪਿੱਛੇ ਸੁੱਟ ਲਏ।
-''ਕੁਛ ਨੀ ਜੱਟ ਦੀ ਜੂਨੀ ਜੈਬਿਆ-ਮਰਦਾ ਦਿਨ ਰਾਤ ਜੱਟ ਐ-ਉਹਦੀ ਜਿਣਸ ਦੇ ਫੈਸਲੇ ਕਰਾੜ ਕਰਦੇ ਐ।''
-''ਕੀ ਕਰੀਏ ਚਾਚਾ?'' ਜੈਬੇ ਨੇ ਗਿਲਾਸ ਖਾਲੀ ਕਰਦਿਆਂ ਕਿਹਾ। ਅਚਾਰੀ ਮਿਰਚ ਨੇ ਉਸ ਦਾ ਮੂੰਹ ਹੋਰ ਕੌੜਾ ਕਰ ਦਿੱਤਾ ਸੀ।
-''ਐੱਲਸਪੈਲਟਰ ਨੇ ਇਕ ਬੋਰੀ ਮਗਰ ਪੂਰੇ ਚਾਰ ਰੁਪਈਏ ਲਏ ਐ।''
-''ਅੱਛਾ ਜੀ---!''
-''ਹਾਂ! ਜੈਬਿਆ ਇਹਨਾਂ ਦੇ ਵੱਸ ਈ ਨਹੀਂ-ਨਹੀਂ ਤਾਂ ਜੱਟ ਦੇ ਤੇੜ ਆਲੇ ਲੀੜੇ ਕਿਉਂ ਨਾ ਲਾਹ ਲੈਣ।''
-''ਅਸੀਂ ਤਾਂ ਰਹਿ ਗਏ ਫਿਰ ਖੱਸਣ ਕੱਢਣ 'ਤੇ।''
-''ਸਾਰਾ ਕਰ ਕਰਾ ਕੇ ਛੇ ਹਜਾਰ ਦਾ ਕਰਜਾ ਅਜੇ ਸਿਰ ਐ।''
-''ਦੱਸ? ਕੀ ਕਰੂ ਫਿਰ ਜੱਟ?''
-''ਆਹ ਲੈ! ਤੇਰੇ ਆਸਤੇ ਤਾਂ ਮੈਂ ਪੰਦਰਾਂ ਸੌ ਰੁਪਈਆ ਫੜ ਲਿਆਇਆ ਸੀ।'' ਬਲਿਹਾਰ ਸਿੰਘ ਨੇ ਪੈਸੇ ਜੈਬੇ ਅੱਗੇ ਕਰਦਿਆਂ ਕਿਹਾ।
-''ਕਾਹਨੂੰ ਲਿਆਉਣੇ ਸੀ ਚਾਚਾ-ਜੇ ਛੇ ਹਜਾਰ ਸਿਰ ਟੁੱਟਦਾ ਸੀ ਤਾਂ ਆਪਾਂ ਔਖੇ ਸੌਖੇ ਸਾਰ ਲੈਂਦੇ-ਅੱਗੇ ਕਿਹੜਾ ਤਿੱਲੇ ਦੀਆਂ ਜੁੱਤੀਆਂ ਹੰਢਾਉਂਦੇ ਆਂ?''
-''ਨਹੀਂ-ਤੂੰ ਵੀ ਕਬੀਲਦਾਰ ਟੱਬਰ ਟੀਹਰ ਆਲੈਂ।''
-''ਨਹੀਂ ਚਾਚਾ-ਇਹ ਤੂੰ ਰੱਖ-ਕੰਮ ਸਾਰ-ਮੈਂ ਆਪੇ ਸਾਰ ਲਊਂ-ਮੈਂ ਕਿਹੜਾ ਕੱਲ੍ਹੋ ਨੂੰ ਤੁੰਗਲ ਬਣਾ ਕੇ ਦੇਣੇ ਐਂ-ਮਜ੍ਹਬੀ ਦਾ ਤਾਂ ਫੇਰ ਵੀ ਕਿਮੇ ਨਾ ਕਿਮੇ ਡੰਗ ਸਰ ਜਾਂਦੈ-ਜੱਟ ਨੂੰ ਤਾਂ ਬੀਹ ਮੋਰੀਆਂ ਮੁੰਦਣੀਆਂ ਪੈਂਦੀਐਂ।'' ਜੈਬੇ ਨੇ ਆਖਿਆ।
ਬਲਿਹਾਰ ਸਿੰਘ ਨੇ ਚੁੱਪ-ਜ਼ਿਹਨ ਵਿਚ ਸੇਠ ਅਤੇ ਜੈਬੇ ਦੀ ਫ਼ਿਤਰਤ ਨੂੰ ਤੋਲ ਕੇ ਦੇਖਿਆ ਤਾਂ ਉਸ ਨੂੰ ਜੈਬੇ ਦੀ ਰੂਹ ਵਿਚੋਂ ਰੱਬ ਦਿਸਿਆ। ਬਲਿਹਾਰ ਸਿੰਘ ਦੀਆਂ ਅੱਖਾਂ ਭਰ ਆਈਆਂ।
-''ਤੂੰ ਫੜ ਜੈਬਿਆ ਸ਼ੇਰਾ! ਤੂੰ ਪੁੱਤਾਂ ਮਾਂਗੂੰ ਨਾਲ ਨਿਭਦਾ ਆਇਐਂ-ਦੁੱਖ-ਸੁੱਖ 'ਕੱਠੇ ਈ ਕੱਟਾਂਗੇ-ਸੋਚਿਆ ਸੀ ਐਤਕੀਂ ਝੋਨਾਂ ਵੇਚ ਕੇ ਤੈਨੂੰ ਕੁੜਤਾ ਪਜਾਮਾ ਸਮਾਂ ਕੇ ਦਿਊਂਗਾ-ਪਰ ਦਿਲ ਦੀਆਂ ਦਿਲ ਵਿਚ ਈ ਰਹਿ ਗਈਆਂ-ਕੋਈ ਪੇਸ਼ ਨਹੀਂ ਗਈ ਮੇਰੀ।'' ਉਸ ਦਾ ਮਨ ਭਰ ਕੇ ਉਛਲ ਗਿਆ। ਪੈਸੇ ਉਸ ਨੇ ਮੱਲੋਮੱਲੀ ਜੈਬੇ ਦੀ ਜੇਬ ਵਿਚ ਪਾ ਦਿੱਤੇ। ਜੈਬੇ ਦਾ ਦਿਲ ਵੀ ਅਥਾਹ ਦੁਖੀ ਹੋ ਗਿਆ। ਉਸ ਨੇ ਚਾਚੇ ਨੂੰ ਪਹਿਲੀ ਵਾਰ ਰੋਂਦਿਆਂ ਤੱਕਿਆ ਸੀ।
-''ਸਮਾਰ ਕੇ ਪਾਲੈ-ਸਿੱਟ ਨਾ ਲਈਂ-ਮੈਨੂੰ ਤਾਂ ਆਹੀ ਦੁੱਖ ਐ ਸ਼ੇਰਾ ਜੈਬਿਆ-ਤੇਰੇ ਪੁੱਤਾਂ ਮਾਂਗੂੰ ਪਾਲੇ ਝੋਨੇ ਨੇ ਤਾਂ ਤੇਰੇ ਪੈਰਾਂ 'ਚ ਪਈਆਂ ਕਰਾਹੀਆਂ ਦਾ ਵੀ ਮੁੱਲ ਨਹੀਂ ਮੋੜਿਆ ਪੁੱਤ ਮੇਰਿਆ!'' ਬਲਿਹਾਰ ਸਿੰਘ ਹੁਬਕੀਏਂ ਰੋਣ ਲੱਗ ਪਿਆ।
-''ਦਿਲ ਨਾ ਹੌਲਾ ਕਰ ਚਾਚਾ-ਆਪਾਂ ਰੱਬ ਦੇ ਮੋਠ ਤਾਂ ਨੀ ਪੱਟ ਲਏ? ਲੈ ਪੇਕ ਪੀ!'' ਜੈਬੇ ਨੇ ਉਸ ਦਾ ਗਿਲਾਸ ਅੱਧਾ ਕਰ ਦਿੱਤਾ।
ਪੱਠੇ ਕੁਤਰ ਕੇ ਉਹ ਵੱਡੀ ਰਾਤ ਤੱਕ ਪੀਂਦੇ ਰਹੇ।
ਜੈਬਾ ਰੋਟੀ ਲੈ ਕੇ ਚਲਾ ਗਿਆ।
ਰੋਟੀ ਖਾਣ ਤੋਂ ਬਾਅਦ ਕਈ ਦਿਨਾਂ ਦਾ ਅਨੀਂਦਰਾ ਬਲਿਹਾਰ ਸਿੰਘ ਪੈਣ ਸਾਰ ਹੀ ਘੁਰਾੜ੍ਹੇ ਮਾਰਨ ਲੱਗ ਪਿਆ ਸੀ।