ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 6

ਸੇਠ ਅਤੇ ਬਲਿਹਾਰ ਸਿੰਘ ਪਿਛਲੇ ਅੰਦਰ ਚਲੇ ਗਏ। ਅੰਦਰੋਂ ਖਲ ਅਤੇ ਗੁੜ ਦੀ ਰਲਵੀਂ-ਮਿਲਵੀਂ ਬੂਅ ਆ ਰਹੀ ਸੀ।
-''ਸਰਦਾਰ ਬਲਿਹਾਰ ਸਿਆਂ-ਸਹੁੰ ਬਜਰੰਗ ਬਲੀ ਦੀ-ਇਕ ਸੱਚੀ ਗੱਲ ਸੁਣ ਲੈ-ਤੇ ਜੇ ਮੈਂ ਝੂਠ ਬੋਲਾਂ ਸਹੁੰ ਦੇਵੀ ਮਾਤਾ ਦੀ ਕੋਹੜ ਹੋਵੇ-ਇੰਸਪੈਕਟਰ ਬੋਰੀ ਮਗਰ ਪੰਜ ਰੁਪਏ ਮੰਗਦੈ-ਤਾਂ ਹੀ ਬੋਲੀ ਨਹੀਂ ਲਾਉਂਦਾ-ਦੱਸੋ ਮੈਂ ਕਿਹੜੇ ਖੂਹ 'ਚ ਜਾਵਾਂ? ਆਪਾਂ ਤਾਂ ਸਰਦਾਰਾ ਨਿੱਤ ਵਰਤਣੈਂ-ਉਹ ਤਾਂ ਬੋਰੀ ਮਗਰ ਪੰਜ ਰੁਪਈਏ ਲੈ ਕੇ ਘਰੇ ਵੱਜੂ?''
-''ਨ੍ਹੇਰ ਸਾਈਂ ਦਾ-ਬੋਰੀ ਮਗਰ ਪੰਜ ਰੁਪਈਏ? ਇਹ ਤਾਂ ਲੋਹੜੈ ਸੇਠਾ! ਬੋਰੀ ਮਗਰ ਪੰਜ ਰੁਪਈਏ ਤਾਂ ਸਾਲੇ ਜੱਟ ਨੂੰ ਨੀ ਬਚਦੇ! ਇਹ ਮੇਰਾ ਸਾਲਾ ਐੱਲਸਪੈਲਟਰ ਮੁਖਤੋ-ਮੁਖਤੀ 'ਚ ਈ ਕੁਹਾੜਾ ਚੱਕੀ ਫਿਰਦੈ ਖਲਪਾੜਾਂ ਕਰਨ ਆਸਤੇ---!'' ਬਲਿਹਾਰ ਸਿੰਘ ਝੂਠਾ ਜਿਹਾ ਹੋ ਗਿਆ।
-''ਸਰਦਾਰਾ, ਤੇਰੇ ਮੇਰੇ ਸੰਨ੍ਹ ਰੱਬ ਐ-ਬੋਲੀ ਮੈਂ ਅੱਜ ਈ ਲੁਆ ਦਿੰਨੈਂ-ਪਰ ਬਾਹਰ ਬੈਠਿਆਂ ਦੀ ਜ਼ਿੰਮੇਵਾਰੀ ਤੂੰ ਲੈਣੀ ਐਂ-ਜੇ ਮੈਂ ਇਕ ਪੈਸਾ ਵਿਚੋਂ ਖਾਵਾਂ-ਗਊ ਦੀ ਰੱਤ ਬਰਾਬਰ ਐ।''
-''------।'' ਬਲਿਹਾਰ ਸਿੰਘ ਦੇ ਪੈਰ ਘੁਕਣ ਲੱਗ ਪਏ। ਚਿਹਰੇ ਤੋਂ ਹਵਾਈਆਂ ਉਡੀਆਂ। ਕਿਸਾਨ ਦਿਨ-ਦਿਹਾੜੇ, ਸ਼ਰੇ-ਬਜ਼ਾਰ ਲੁੱਟੇ ਅਤੇ ਪੁੱਟੇ ਜਾ ਰਹੇ ਸਨ।
-''ਸਰਦਾਰ ਬਲਿਹਾਰ ਸਿਆਂ-ਸਹੁੰ ਲਾਟਾਂ ਆਲੀ ਦੀ-ਸੌ ਹੱਥ ਰੱਸਾ ਸਿਰੇ 'ਤੇ ਗੰਢ-ਚਾਹੇ ਮਹੀਨਾ ਹੋਰ ਬੈਠੇ ਰਹੋ-ਬੋਲੀ ਕਿਸੇ ਨੇ ਨਹੀਂ ਲਾਉਣੀ-ਆਖਰ ਨੂੰ ਤਾਂ ਅੱਕ ਚੱਬਣਾ ਈ ਪੈਣੈਂ-।''
-''ਇਉਂ ਕਿਸਾਨ ਦੀ ਕੰਗਰੋੜ ਕਿੰਨਾ ਕੁ ਚਿਰ ਭਾਰ ਚੱਕੂ ਸੇਠਾ? ਕੁੱਬੇ ਤਾਂ ਅੱਗੇ ਈ ਹੋਏ ਪਏ ਆਂ-ਜੇ ਜੱਟ ਊਂ ਈ ਬੁਰਾ ਲੱਗਦੈ-ਇਕ ਦਿਨ ਈ ਗੋਲੀ ਮਾਰ ਕੇ ਪਰਾਂਹ ਕਰੋ! ਫਾਹਾ ਮੁੱਕੇ!'' ਬਲਿਹਾਰ ਸਿੰਘ ਕਮਲਿਆਂ ਵਾਂਗ ਬੋਲਿਆ। ਉਹ ਵਿਤੋਂ ਬਾਹਰ ਹੋਇਆ ਖੜ੍ਹਾ ਸੀ।
-''ਰਾਮ ਬੋਲ ਸਰਦਾਰਾ-ਤੂੰ ਮੈਨੂੰ ਸਮਝਿਆ ਨਹੀਂ! ਜੱਟ ਦੇ ਗੋਲੀ ਮਾਰਨ ਤੋਂ ਪਹਿਲਾਂ ਆੜ੍ਹਤੀਆ ਆਬਦੇ ਨਾ ਗੋਲੀ ਮਾਰ ਲਊ? ਜੇ ਜੱਟ ਈ ਮਰ ਗਿਆ-ਸਮਝੋ ਬਾਣੀਆਂ ਤਾਂ ਪਹਿਲਾਂ ਮਰ ਗਿਆ! ਬਾਣੀਏਂ ਨੂੰ ਤਾਂ ਸਰਦਾਰਾ ਸਾਹ ਈ ਜੱਟ ਵਿਚ ਦੀ ਆਉਂਦੈ-ਜੱਟ ਜਿਉਂਦੈ ਤਾਂ ਬਾਣੀਆਂ ਜਿਉਂਦੈ-ਜੇ ਜੱਟ ਈ ਮਰ ਗਿਆ ਤਾਂ ਬਾਣੀਆਂ ਤਾਂ ਉਸ ਤੋਂ ਪਹਿਲਾਂ ਖਤਮ।''
-''-----।'' ਬਲਿਹਾਰ ਸਿੰਘ ਚੁੱਪ ਹੋ ਗਿਆ। ਬਾਣੀਆਂ ਆਪਣੀਆਂ ਗੱਲਾਂ ਦਾ ਚੱਲਦਾ ਜਾਦੂ ਪ੍ਰਤੱਖ ਦੇਖ ਰਿਹਾ ਸੀ। ਉਸ ਨੇ ਹੌਂਸਲਾ ਫੜ ਲਿਆ। ਬੁੱਧੂ ਜੱਟ ਉਸ ਦੀਆਂ ਚੋਪੜੀਆਂ ਗੱਲਾਂ ਦਾ ਕਾਇਲ ਹੋਇਆ ਖੜ੍ਹਾ ਸੀ। ਘਾਗ ਕਰਾੜ ਦੇ ਬੋਲਾਂ ਦੇ ਤੀਰ ਉਸ ਦੇ ਸਾਰ-ਪਾਰ ਹੀ ਤਾਂ ਲੰਘ ਗਏ ਸਨ। ਨਿਸ਼ਾਨੇ 'ਤੇ 'ਠਾਹ' ਵੱਜੇ ਸਨ।
-''ਸੋਚ ਕਰ ਸਰਦਾਰਾ-ਐਥੇ ਬੈਠੇ ਓਂ-ਘਰੇ ਕੰਮ ਦਾ ਨੁਕਸਾਨ ਹੁੰਦੈ-ਬਜਰੰਗ ਬਲੀ ਭਲੀ ਕਰੇ-ਜੇ ਮੀਂਹ ਕਣੀਂ ਆ ਗਿਆ-ਪੰਜ ਸੱਤ ਕੁਆਂਟਲ ਝੋਨਾ ਰੁੜ ਗਿਆ-ਨੁਕਸਾਨ ਫੇਰ ਵੀ ਆਪਦਾ-ਜੇ ਅਨਾਜ ਗਿੱਲਾ ਹੋ ਗਿਆ-ਫੇਰ ਵਕਤਾਂ ਨੂੰ ਫੜੇ ਸੁਕਾਉਂਦੇ ਫਿਰੋਂਗੇ-ਤੁਸੀਂ ਆਪ ਦੁਖੀ-ਪਿੱਛੇ ਘਰਦੇ ਪ੍ਰੇਸ਼ਾਨ-ਨੁਕਸਾਨ ਵਾਧੂ ਦਾ-ਇਮਾਨ ਨਾਲ-ਜੇ ਮੇਰੀ ਮੰਨੋਂ-ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਕਰਵਾ ਦਿੰਨੈ-ਵੇਚ ਕੇ ਬੇਫਿਕਰ ਹੋਵੋ-ਇੰਸਪੈਕਟਰ ਮੇਰੀ ਮਾੜੀ ਮੋਟੀ ਸੁਣਦੈ-ਨਾਲੇ ਜਿਹੜਾ ਜੱਟਾਂ ਸਿਰ ਕਰਜਾ ਐ-ਉਹ ਵੀ ਦਿਨੋਂ ਦਿਨ ਵਧਦੈ-ਘਟਦਾ ਨਹੀਂ ਸਰਦਾਰਾ--!''
-''------।'' 'ਕਰਜ਼ੇ' ਦੇ ਨਾਂ 'ਤੇ ਬਲਿਹਾਰ ਸਿੰਘ ਠਰ ਗਿਆ। ਕਰਜ਼ਾ ਉਸ ਨੇ ਵੀ ਆੜ੍ਹਤੀਏ ਤੋਂ ਚੁੱਕਿਆ ਹੋਇਆ ਸੀ।
-''ਸਰਦਾਰੋ-ਸਿਆਣੇ ਆਖਦੇ ਹੁੰਦੇ ਐ-ਰੇੜੀ ਆਲਾ ਸਾਰਾ ਕਰਜਾਈ ਤੇ ਬੋਤੇ ਆਲਾ ਅੱਧਾ-ਗਧੇ ਆਲਾ ਸਭ ਤੋਂ ਚੰਗਾ ਵੱਟਿਆ ਸੋ ਪੱਲੇ ਬੱਧਾ-ਸਮਝ ਗਿਆ? ਪੈਸੇ ਜੇਬ 'ਚ ਤੇ ਗਧਾ ਰੂੜੀ 'ਤੇ-ਨਾ ਖਰਚਾ ਨਾ ਬਰਚਾ।''
-''------।''
-''ਧਰਮ ਈਮਾਨ ਨਾਲ ਕਹਿੰਨੈ ਸਰਦਾਰਾ-ਜੇ ਕਦੇ ਵੀ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਪਈ ਤਾਂ ਅੱਖਾਂ ਮੀਚ ਕੇ ਆਜੀਂ-ਜੇ ਜਵਾਬ ਦੇਵਾਂ-ਕੋਹੜ੍ਹੀ ਹੋਵਾਂ-ਪਰ ਇਹ ਗੱਲ ਬਾਹਰਲਿਆਂ ਨੂੰ ਨਾ ਪਤਾ ਲੱਗੇ-ਸਹੁੰ ਦੇਵੀ ਦੀ ਤੇਰੇ ਮੇਰੇ ਸੰਨ੍ਹ ਰੱਬ ਐ-ਹੁਣ ਸਾਰਿਆਂ ਦੀ ਡੋਰ ਤੇਰੇ ਹੱਥ ਐ-ਮੈਨੂੰ ਕਦੇ ਪ੍ਰਤਿਆ ਕੇ ਦੇਖੀਂ ਮੇਰੇਆਰ-ਜੇ ਸੇਰ ਦਾ ਸਵਾ ਸੇਰ ਨਾ ਪੂਰਾ ਉਤਰਾਂ ਤਾਂ ਬਾਬੂ ਸਾਧੂ ਰਾਮ ਦਾ ਪੁੱਤਰ ਨਾ ਜਾਣੀਂ-ਇਹ ਤੇਰਾ ਮੇਰਾ ਬਚਨ ਐਂ ਸਰਦਾਰਾ-ਬਚਨ ਤੋਂ ਫਿਰਾਂ-ਨਰਕ ਨੂੰ ਜਾਵਾਂ।'' ਚਤਰ ਲੂੰਬੜ ਸੇਠ ਨੇ ਬੂਝੜ ਜੱਟ ਨੂੰ ਗੱਲਾਂ ਦੇ ਨਾਗਵਲ ਵਿਚ ਜਕੜ ਗਿਆ ਸੀ।
-''----।'' ਬਲਿਹਾਰ ਸਿੰਘ ਦੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਉਹ ਬਾਣੀਏਂ ਦੀ ਵਾੜ ਵਿਚ ਬਿੱਲਾ ਫ਼ਸਿਆ ਖੜ੍ਹਾ ਸੀ। ਉਸ ਦੇ ਪੈਰ ਮਜ਼ਬੂਰੀਆਂ ਦੀਆਂ ਜ਼ੰਜ਼ੀਰਾਂ ਨਾਲ ਜਕੜੇ ਹੋਏ ਸਨ। ਉਹ ਚਾਹੁੰਦਾ ਹੋਇਆ ਵੀ ਕਿਧਰੇ ਦੌੜ ਨਹੀਂ ਸਕਦਾ ਸੀ। ਸੇਠ ਉਸ ਦਾ ਵੇਲੇ-ਕੁਵੇਲੇ ਦਾ ਮੱਦਦਗਾਰ ਸੀ। ਜੱਟ ਦੀ ਸੇਠ ਬਿਨਾ ਕੋਈ ਜੂਨ ਨਹੀਂ ਸੀ। ਮੱਕੇ ਤੋਂ ਪਰ੍ਹੇ ਉਜਾੜ ਸੀ। ਜੇ ਝੋਨਾ ਨਹੀਂ ਵਿਕਦਾ ਸੀ ਤਾਂ ਕਰਜ਼ਾ ਕਿੱਥੋਂ ਮੁੜਨਾ ਸੀ? ਜੇ ਕਰਜ਼ਾ ਨਹੀਂ ਮੁੜਦਾ ਸੀ ਤਾਂ ਅੱਗੋਂ ਕੋਈ ਮੱਦਦ ਦੀ ਆਸ ਨਹੀਂ ਸੀ। ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਕੱਲ੍ਹ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਐਂ। ਵੈਸੇ ਵੀ ਗੁੜ-ਚਾਹ ਹੀ ਲੋਟ ਨਹੀਂ ਆਉਂਦੇ।
-''ਕਿਹੜੀਆਂ ਸੋਚਾਂ 'ਚ ਪੈ ਗਿਆ ਸਰਦਾਰਾ? ਆ ਚੱਲੀਏ! ਬਹੁਤਾ ਸੋਚਣ ਨਾਲ ਸਿਹਤ ਖਰਾਬ ਹੋ ਜਾਂਦੀ ਐ-ਮਾਤਾ ਰਾਣੀਂ ਭਲੀ ਕਰੂ।''
ਬਲਿਹਾਰ ਸਿੰਘ ਸੋਚਾਂ ਦੇ ਸਮੁੰਦਰ 'ਚੋਂ ਪਰਤਿਆ। ਸੇਠ ਉਸ ਨੂੰ ਬੱਚੇ ਵਾਂਗ ਉਂਗਲ ਜਿਹੀ ਲਾ ਕੇ ਬਾਹਰ ਲੈ ਆਇਆ।
ਬਾਹਰ ਬੈਠੇ ਜੱਟ ਚਾਹ ਨਾਲ ਸਮੋਸੇ ਖਾਂਦੇ, ਲਾਚੜੇ ਬੈਠੇ ਸਨ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਹੀ ਛਿੱਤਰ ਖੁਦ ਉਹਨਾਂ ਦੇ ਸਿਰ ਵਿਚ ਹੀ ਵੱਜਣ ਵਾਲਾ ਸੀ।
-''ਆ ਜਾਹ! ਆ ਜਾਹ ਬਲਿਹਾਰ ਸਿਆਂ-ਖਾ ਲੈ ਤੂੰ ਵੀ ਸੇਠ ਦੇ ਸਮੋਸੇ।'' ਇਕ ਨੇ ਕਿਹਾ। ਉਸ ਦੀ 'ਟੁੱਚ-ਟੁੱਚ' ਦੂਰ ਤੱਕ ਸੁਣਦੀ ਸੀ।
-''ਛੇਠ ਵੀ ਕਦੇ ਕਦੇ ਈ ਲੱਤ ਹੇਠ ਆਉਂਦੇ ਐ।''
ਬਲਿਹਾਰ ਸਿੰਘ ਕਹਿਣ ਤਾਂ ਲੱਗਿਆ ਸੀ: ਥੋਨੂੰ ਤਾਂ ਕਮਲਿਓ ਜੱਟੋ ਇਹ ਰੰਬੇ ਨਾਲ ਵੱਢਣ ਨੂੰ ਤਿਆਰ ਖੜ੍ਹੇ ਐ। ਥੋਡੀ ਧੌੜੀ ਵੀ ਲਾਹੁੰਣਗੇ ਤੇ ਪਤਾ ਵੀ ਨਹੀਂ ਲੱਗਣ ਦੇਣਗੇ। ਇਹ ਘੰਡੀ ਵੀ ਘਸਾ ਕੇ ਵੱਢਣਗੇ ਤੇ 'ਮਿਆਂਕ' ਵੀ ਨਹੀਂ ਨਿਕਲਣ ਦਿੰਦੇ।
-''ਬਬਲੀ--! ਉਏ ਬਬਲੀ---!''
-''ਹਾਂ ਬਾਬੂ ਜੀ?''
-''ਬਲਿਹਾਰ ਸਿਉਂ ਲਈ ਵੀ ਚਾਹ ਤੇ ਸਮੋਸੇ ਲੈ ਕੇ ਆ-ਜਲਦੀ ਕਰ!''
-''ਨਹੀਂ ਬਾਬੂ ਜੀ-ਮੈਂ ਨਹੀਂ ਖਾਣੇ।'' ਉਸ ਨੇ ਸੇਠ ਨੂੰ ਪਹਿਲੀ ਵਾਰ 'ਬਾਬੂ ਜੀ' ਕਿਹਾ ਸੀ।
-''ਸਹੁੰ ਦੇਵੀ ਦੀ-ਕਿਹੜੀ ਗੱਲ ਕਰ ਦਿੱਤੀ ਬਲਿਹਾਰ ਸਿਆਂ? ਆਪਾਂ ਕਾਣੀਂ ਵੰਡ ਥੋੜ੍ਹੋ ਕਰਨੀ ਐਂ?''
-''ਕਿਤੇ ਛੇਠ ਨੇ ਅੰਦਰ ਛੇਠਾਣੀਂ ਤੋਂ ਪਰੌਂਠੇ ਤਾਂ ਨ੍ਹੀ ਖੁਆਤੇ?'' ਇਕ, ਸਮੋਸੇ ਨੂੰ ਅੰਗੂਠੇ ਨਾਲ ਇੰਜ ਅੰਦਰ ਧੱਕ ਰਿਹਾ ਸੀ, ਜਿਵੇਂ ਸੇਵੀਆਂ ਵੱਟਣ ਵਾਲੀ ਮਸ਼ੀਨ ਵਿਚ ਆਟਾ ਧੱਕੀਦੈ!
-''-----।'' ਪਰ ਬਲਿਹਾਰ ਸਿੰਘ ਚੁੱਪ ਸੀ। ਉਸ ਦੇ ਸਿਰ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨ। ਜਿਸ ਕਾਰਨ ਉਹ 'ਬੋਲਾ' ਹੋਇਆ ਖੜ੍ਹਾ ਸੀ।
-''ਸੇਠਾ ਅੱਜ ਦਾਰੂ ਬੱਤਾ ਵੀ ਪਿਆਵੇਂਗਾ?'' ਇਕ ਨੇ ਪਲੇਟ ਪਾਸੇ ਰੱਖਦਿਆਂ ਟਾਂਚ ਕੀਤੀ। ਗੱਲ ਕਰਦੇ ਦੀਆਂ ਉਸ ਦੀਆਂ ਮੁੱਛਾਂ, ਅੰਗੂਠੇ ਵਾਂਗ ਹਿੱਲ ਰਹੀਆਂ ਸਨ।
-''ਦਾਰੂ? ਦਾਰੂ ਥੋਡੇ ਨਾਲੋਂ ਚੰਗੀ ਐ ਬੁੱਕਣ ਸਿਆਂ? ਦਾਰੂ ਜਿੰਨੀ ਮਰਜੀ!''
-''ਰਾਜੇ ਦੀ ਘੋੜੀ ਵੀ ਕਦੇ ਕਦੇ ਈ ਸੂੰਦੀ ਐ-ਅੱਜ ਮੁੰਨ ਲਵੋ ਸੇਠ ਨੂੰ ਜਿੰਨਾ ਮੁੰਨਿਆਂ ਜਾਂਦੈ।'' ਦੂਜੇ ਨੇ ਪਿਆਲੀ ਵਿਚਲੀ ਚਾਹ ਦੂਰ ਡੋਲ੍ਹਦਿਆਂ ਕਿਹਾ, ''ਫੇਰ ਇਹ ਢਾਕ ਹੇਠਾਂ ਨਹੀਂ ਆਉਣਾ!''
ਬਲਿਹਾਰ ਸਿੰਘ ਚੁੱਪ ਸੀ। ਉਹ ਕਹਿਣਾ ਚਾਹੁੰਦਾ ਸੀ: ਥੋੜਾ ਚਿਰ ਅੜਕੋ ਤੇ ਫੇਰ ਦੇਖਿਓ ਕਿਹੜਾ ਖੜ੍ਹਾ ਕੜੋਤਾ ਹੀ ਮੁੰਨਿਆਂ ਜਾਂਦੈ!
ਬਲਿਹਾਰ ਸਿੰਘ ਲਈ ਚਾਹ ਅਤੇ ਸਮੋਸੇ ਆ ਗਏ। ਪਰ ਉਸ ਦਾ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਸੀ। ਉਸ ਅੰਦਰ ਕੁਰਲਾਹਟ ਮੱਚਿਆ ਹੋਇਆ ਸੀ। ਕੰਨਾਂ ਵਿਚ ਬੋਲੇ ਬੱਦਲ ਗਰਜ਼ ਰਹੇ ਸਨ।
-''ਛਕ ਬਲਿਹਾਰ ਸਿਆਂ-ਚੁੱਪ ਜਿਆ ਕਾਹਨੂੰ ਬੈਠੈਂ ਮੇਰੇਆਰ!'' ਸੇਠ ਦੇ ਆਖਣ 'ਤੇ ਬਲਿਹਾਰ ਸਿੰਘ ਨੇ ਚਾਹ ਪੀਣੀ ਸ਼ੁਰੂ ਕਰ ਦਿੱਤੀ। ਚਾਹ ਉਸ ਨੂੰ ਲਹੂ ਦੀਆਂ ਘੁੱਟਾਂ ਪ੍ਰਤੀਤ ਹੋ ਰਹੀ ਸੀ।
-''ਸਮੋਸਾ ਵੀ ਲੈ ਮੇਰੇਆਰ! ਅੱਡ ਹੋਣ ਆਲੀਆਂ ਗੱਲਾਂ ਕਾਹਨੂੰ ਕਰਦੈਂ?'' ਸੇਠ ਨੇ ਪਲੇਟ ਉਸ ਦੇ ਅੱਗੇ ਕਰ ਦਿੱਤੀ। ਪਲੇਟ ਵਿਚ ਪਏ ਦੋ ਸਮੋਸੇ ਉਸ ਨੂੰ 'ਹੈਂਡ-ਗਰਨੇਡਾਂ' ਵਰਗੇ ਜਾਪੇ। ਉਸ ਨੇ ਅੱਖਾਂ ਮੀਟ ਕੇ ਚਾਹ ਨਾਲ ਅੰਦਰ ਸੁੱਟ ਲਏ।
ਜਦੋਂ ਉਹ ਵਿਹਲਾ ਹੋਇਆ ਤਾਂ ਸੇਠ ਸਾਰਿਆਂ ਨੂੰ ਸੰਬੋਧਨ ਹੋਇਆ।
-''ਸਰਦਾਰੋ! ਹੁਣ ਤੁਸੀਂ ਸਾਰੇ ਆਪਣੀਆਂ ਢੇਰੀਆਂ ਕੋਲ ਚਲੇ ਜਾਵੋ-ਸਰਦਾਰ ਬਲਿਹਾਰ ਸਿੰਘ ਨੂੰ ਮੈਂ ਸਾਰੀ ਘਾਣੀ ਸਮਝਾ ਦਿੱਤੀ ਐ-ਇਹ ਸਾਰੀ ਘਾਣੀ ਤੁਹਾਨੂੰ ਦੱਸ ਦਿਊਗਾ-ਬੋਲੀ ਹੋ ਜਾਊਗੀ-ਫਿਕਰ ਨਾ ਕਰੋ-ਆਪਾਂ ਸਾਰੇ ਇਕੋ ਈ ਪੰਜਾਲੀ ਦੇ ਬਲਦ ਐਂ-ਜਿਵੇਂ ਮੈਂ ਅੱਗੇ ਵੀ ਬਲਿਹਾਰ ਸਿੰਘ ਨੂੰ ਕਿਹੈ-ਬਈ ਜੱਟ ਦਾ ਬਾਣੀਏਂ ਬਿਨਾ ਤੇ ਬਾਣੀਏਂ ਦਾ ਜੱਟ ਬਿਨਾ ਕੋਈ ਵਾਲੀ ਵਾਰਸ ਨਹੀਂ-ਦੋਨਾਂ ਦਾ ਈ ਇਕ ਦੂਜੇ ਬਿਨਾ ਨਹੀਂ ਸਰਦਾ-ਕਈ ਆਰੀ ਹਾਲਾਤ ਈ ਕੁਛ ਐਹੋ ਜਿਹੇ ਹੋ ਜਾਂਦੇ ਐ ਸਰਦਾਰੋ-ਬਈ ਬੰਦੇ ਦੇ ਗਲਘੋਟੂ ਫਸ ਜਾਂਦੈ-ਕਈ ਆਰੀ ਸਾਨੂੰ ਐਹੋ ਜਿਹੀਆਂ ਗੱਲਾਂ ਨਾਲ ਸਮਝੌਤਾ ਕਰਨਾ ਪੈ ਜਾਂਦੈ-ਜਿਹਨਾਂ ਨੂੰ ਸਾਡਾ ਜਮਾ ਈ ਮਨ ਨਹੀਂ ਮੰਨਦਾ-ਥੋਡੀ ਤੇ ਮੇਰੀ ਸ਼ਾਹ-ਰਗ ਇਕ ਐ!''
-''-----।''
-''ਸਰਦਾਰ ਬਲਿਹਾਰ ਸਿੰਘ ਨੂੰ ਸਾਰਾ ਕੁਛ ਮੈਂ ਦੱਸ ਦਿੱਤੈ-ਇਹ ਥੋਨੂੰ ਦੱਸ ਦੇਵੇਗਾ-ਮੈਂ ਥੋਡਾ ਭਰਾ ਹਾਂ-ਕੋਈ ਦੁਸ਼ਮਣ ਨਹੀਂ! ਪਹਿਲਾਂ ਥੋਡੇ ਬਜੁਰਗ ਮੇਰੇ ਬਾਬੂ ਜੀ ਹੋਰਾਂ ਨਾਲ ਵਰਤਦੇ ਰਹੇ-ਹੁਣ ਆਪਾਂ ਵਰਤ ਰਹੇ ਆਂ-ਮਾਤਾ ਰਾਣੀ ਇਸੇ ਤਰ੍ਹਾਂ ਈ ਰੱਖੇ-ਬਬਲੀ--! ਉਏ ਬਬਲੀ---!''
-''ਹਾਂ ਬਾਬੂ ਜੀ?''
-''ਪਿਆਲੀਆਂ ਤੇ ਪਲੇਟਾਂ 'ਕੱਠੀਆਂ ਕਰ!'' ਸੇਠ ਵੱਲੋਂ ਉਹਨਾਂ ਨੂੰ ਅਸਿੱਧੇ ਤੌਰ 'ਤੇ ਜਾਣ ਦਾ ਇਸ਼ਾਰਾ ਸੀ।
ਬਬਲੀ ਨੇ ਭਾਂਡੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਜੱਟ ਚਿੱਤੜ ਝਾੜਦੇ ਆਪਦੀਆਂ-ਆਪਦੀਆਂ ਢੇਰੀਆਂ ਨੂੰ ਹੋ ਤੁਰੇ। ਬਲਿਹਾਰ ਸਿੰਘ ਮਾੜੇ ਗੱਡੇ ਵਾਂਗ ਚੂਕ-ਚੂਕ ਤੁਰਦਾ ਸੀ। ਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕਰੇ? ਇਸ ਗੱਲ ਦਾ ਉਸ ਨੂੰ 'ਲੱਲ' ਨਹੀਂ ਲੱਗ ਰਿਹਾ ਸੀ। ਗੱਲ ਦਾ ਸਿਰਾ ਨਹੀਂ ਮਿਲ ਰਿਹਾ ਸੀ। ਝੋਨੇ ਦੇ ਢੇਰ ਦੇਖ ਕੇ ਉਸ ਨੂੰ ਹੌਲ ਪਈ ਜਾ ਰਹੇ ਸਨ, ਜਿਹੜੇ ਬਘਿਆੜ੍ਹਾਂ ਨੇ ਹੀ ਡਕਾਰ੍ਹ ਜਾਣੇ ਸਨ। ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਕਿਸਾਨ ਮਿੱਧਦਾ ਸੀ, ਫ਼ਸਲ ਆਉਣ 'ਤੇ ਪਰੋਸਣ ਲਈ ਇੰਸਪੈਕਟਰ ਵਰਗੇ ਜਮਦੂਤ ਤਿਆਰ ਹੋ ਜਾਂਦੇ ਸਨ। ਸ਼ੇਰਾਂ ਦੀਆਂ ਮਾਰੀਆਂ ਮਾਰਾਂ 'ਤੇ ਇਕ ਤਰ੍ਹਾਂ ਨਾਲ ਗਿੱਦੜ ਕਲੋਲਾਂ ਕਰਦੇ ਸਨ।
ਕਿਸਾਨ ਬਲਿਹਾਰ ਸਿੰਘ ਦੁਆਲੇ ਇਕੱਠੇ ਹੋ ਗਏ ਤਾਂ ਉਸ ਦਾ ਲੇਰ ਮਾਰਨ ਨੂੰ ਦਿਲ ਕੀਤਾ। ਪਰ ਫਿਰ ਉਸ ਨੇ ਸਾਰਾ ਸਾਹਸ ਇਕੱਠਾ ਕੀਤਾ। ਸੱਚਾਈ ਤੋਂ ਭੱਜ ਕੇ ਉਹ ਜਾ ਵੀ ਕਿਹੜੇ ਜੰਗਲ ਵਿਚ ਸਕਦਾ ਸੀ?
-''ਸੁਣੋਂ ਬਈ ਕਿਸਾਨ ਭਰਾਵੋ! ਨੇੜੇ ਆ ਜਾਓ!'' ਉਹ ਚੰਘਿਆੜ ਮਾਰਨ ਵਾਂਗ ਬੋਲਿਆ।
ਸਾਰੇ ਨੇੜੇ ਆ ਗਏ।
ਕਿਸਾਨ ਭਰਾਵਾਂ ਦੇ ਉਜੜੇ-ਵੈਰਾਨ ਚਿਹਰੇ ਜਿਵੇਂ ਉਸ ਨੂੰ ਖਾਣ ਨੂੰ ਆ ਰਹੇ ਸਨ। ਡਰਾਉਂਦੇ ਸਨ।
-''ਸੇਠ ਆਖਦੈ-।'' ਉਸ ਨੇ ਸਾਹ-ਸਤ ਵਰੋਲਦਿਆਂ ਜਿਹਾ ਕਿਹਾ।
-''ਬਈ ਮੇਰੀ ਕਰਾੜੀ ਲੈਜੋ ਤੇ ਝੋਨਾ ਛੱਡਜੋ!'' ਇਕ ਨੇ ਗੱਲ ਕੱਟੀ ਤਾਂ ਸਾਰੇ ਹੱਸ ਪਏ।
-''ਤੁਸੀਂ ਗੱਲ ਘੱਟੇ ਨਾ ਪਾਓ!''
-''ਹੱਸ ਫੇਰ ਲਇਓ।'' ਕਈ ਅਵਾਜਾਂ ਉਠੀਆਂ।
-''ਫੇਰ ਹੱਸ ਲਇਓ-ਚਾਹੇ ਰੋ ਲਇਓ-ਸੇਠ ਕਹਿੰਦੈ ਬਈ ਐੱਲਸਪੈਲਟਰ ਬੋਲੀ ਨਹੀਂ ਲਾਉਂਦਾ-ਬੋਰੀ ਮਗਰ ਪੰਜ ਰੁਪਈਏ ਮੰਗਦੈ।''
-''------!'' ਇਕ ਸੰਨਾਟਾ ਛਾ ਗਿਆ।
ਸਾਰਿਆਂ ਦੇ ਮੂੰਹ ਵਿਚ ਜਿਵੇਂ ਕਿੱਲਾ ਠੁਕ ਗਿਆ ਸੀ। ਸੇਠ ਦੀ ਪੀਤੀ ਚਾਹ ਅਤੇ ਖਾਧੇ ਸਮੋਸੇ ਬਾਹਰ ਨੂੰ ਆਉਣ ਲੱਗੇ। ਸਰੀਰ ਨੂੰ ਅਜੀਬ ਜਿਹੀ ਅੱਚਵੀ ਲੱਗ ਗਈ।
-''ਸੇਠ ਨੇ ਇਹ ਵੀ ਆਖਿਐ-ਬਈ ਐੱਲਸਪੈਲਟਰ ਮੇਰੀ ਮਾੜੀ ਮੋਟੀ ਸੁਣਦੈ-ਮੈਂ ਬੋਰੀ ਮਗਰ ਪੰਜਾਂ ਰੁਪਈਆਂ ਦੀ ਥਾਂ ਚਾਰ ਰੁਪਈਏ ਕਰਵਾ ਸਕਦੈਂ-ਹੁਣ ਹੱਸੀ ਚੱਲੋ-ਚਾਹੇ ਰੋਈ ਚੱਲੋ!'' ਆਖ ਕੇ ਬਲਿਹਾਰ ਸਿੰਘ ਸੁਰਖ਼ਰੂ ਹੋ ਗਿਆ।
-''------।'' ਸਾਰਿਆਂ ਨੂੰ ਸੁਹਾਵਣੇ ਮੌਸਮ ਵਿਚ ਵੀ ਤਲਖੀ ਆਉਣ ਲੱਗ ਪਈ। ਸੇਠ ਦੀ ਚਾਹ ਅੰਦਰ ਜਵਾਲਾ-ਮੁਖੀ ਵਾਂਗ ਉਬਲਣ ਲੱਗੀ।
-''ਪੀ ਲਓ ਸੇਠ ਦੀ ਚਾਹ।'' ਇਕ ਬੋਲਿਆ।
-''ਖਾ ਲਓ ਸਮੋਸੇ।''
-''ਚੁੱਘ ਲਓ ਸੇਠ ਜੀ ਦਾ ਮੁੰਮਾਂ!''
-''ਫੜ ਲਓ ਬੈਂਗਣ!''
-''ਇਹ ਕਰਾੜ ਮੇਰੇ ਸਾਲੇ ਪੈਸੇ ਬਿਨਾ ਰੱਬ ਨੂੰ ਮੱਥਾ ਨ੍ਹੀ ਟੇਕਦੇ।''
-''ਇਹ ਸਕੇ ਬਾਪੂ ਦੇ ਨਹੀਂ ਹੁੰਦੇ-ਥੋਡੇ ਕਿੱਥੋਂ ਬਣਨਗੇ?'' ਬੁੱਕਣ ਬੋਲਿਆ।
-''ਤੂੰ ਤਾਂ ਉਹਤੋਂ ਦਾਰੂ ਬੱਤਾ ਭਾਲਦਾ ਸੀ।''
-''ਮੈਨੂੰ ਕੀ ਪਤਾ ਸੀ ਕਪਾਲ 'ਚ ਇੱਟ ਮਾਰੂ? ਮੈਂ ਤਾਂ ਹੱਸਦਾ ਸੀ।''
-''ਤੇਰੇ ਭਾਅ ਦਾ ਬਈ ਚਾਹ ਆਪਾਂ ਕਰਾੜ ਦੀ ਪੀਤੀ ਐ?''
-''ਉਏ ਕਮਲਿਓ ਜੱਟੋ!'' ਬਲਿਹਾਰ ਸਿੰਘ ਕੁਰਲਾਇਆ।
-''ਇਹ ਤਾਂ ਥੋਡਾ ਈ ਸਿਰ ਤੇ ਥੋਡੇ ਈ ਛਿੱਤਰ ਐ-ਜਿੰਨੇ ਮਰਜੀ ਐ ਖਾਈ ਚੱਲੋ---!'' ਉਸ ਨੇ ਹਵਾ ਵਿਚ ਹੱਥ ਹਿਲਾਅ ਕੇ ਦੁਹਾਈ ਦਿੱਤੀ।
-''------।'' ਜਿਵੇਂ ਸਾਰਿਆਂ ਦੀ ਜੇਬ ਕੱਟੀ ਗਈ ਸੀ। ਉਹ ਠੱਗੇ-ਠੱਗੇ ਜਿਹੇ ਝਾਕ ਰਹੇ ਸਨ।
-''ਇਕ ਗੱਲ ਜਰੂਰ ਐ-।'' ਇਕ ਨੇ ਢੇਰੀ 'ਤੇ ਡਿੱਗਦਿਆਂ ਕਿਹਾ।
ਸਾਰਿਆਂ ਨੇ ਕੰਨ ਚੁੱਕ ਲਏ। ਉਹ ਤਿਰਮਚੀ ਵਾਂਗ ਸ਼ਿਸ਼ਤ ਬੰਨ੍ਹੀ ਖੜ੍ਹੇ ਸਨ।
-''ਮਰਦਿਆਂ ਨੂੰ ਕੋਈ ਅੱਕ ਜਰੂਰ ਚੱਬਣਾ ਪਊ।''
-''ਲੋਹੇ 'ਤੇ ਲਕੀਰ ਐ।''
-''ਪਰ ਇਉਂ ਤਾਂ ਲੱਗੇ ਈ ਨੀ ਮੁੜਨੇ।''
-''ਇਉਂ ਕਰਦੇ ਐਂ-।'' ਇਕ ਨੇ ਕਿਹਾ ਤਾਂ ਬਾਕੀਆਂ ਨੇ ਬੱਤਖਾਂ ਵਾਂਗ ਧੌਣਾਂ ਉਧਰ ਨੂੰ ਉਗੀਸ ਲਈਆਂ।
-''ਇਥੋਂ ਝੋਨਾ ਚੱਕੋ ਤੇ ਨਿਹਾਲੇ ਆਲੇ ਮੰਡੀ 'ਚ ਲਿਜਾ ਸਿੱਟੋ!''
-''ਲਓ ਜੀ! ਅਖੇ ਪੱਟਿਆ ਪਹਾੜ ਤੇ ਨਿਕਲਿਆ ਚੂਹਾ।''
-''ਮੁਰਦਾ ਬੋਲੂ ਖੱਫਣ ਪਾੜੂ।''
-''ਨ੍ਹਾ ਉਥੇ ਕੋਈ ਹੋਰ ਰੱਬ ਐ?''
-''ਕਿਸਾਨ ਜਿੱਥੇ ਮਰਜੀ ਐ ਭੱਜ ਲਵੇ-ਬੁੱਚੜਾਂ ਦੀਆਂ ਰੰਬੀਆਂ ਤਿੱਖੀਆਂ ਕਰ ਕੇ ਰੱਖੀਆਂ ਵੀਐਂ-ਜੇ ਧੌਣ ਨਾ ਲਾਹੁੰਣਗੇ ਤਾਂ ਖੱਲ ਤਾਂ ਜਰੂਰ ਉਧੇੜਨਗੇ।''
-''ਤੇ ਉਹ ਵੀ ਪੁੱਠੀ!''
-''ਪਰ ਯਾਰੋ! ਇਕ ਗੱਲ ਹੋਰ ਐ-।'' ਇਕ ਬਜੁਰਗ ਨੇ ਗੱਲ ਸ਼ੁਰੂ ਕੀਤੀ। ਉਸ ਦਾ ਬੁਝਿਆ ਚਿਹਰਾ ਝੁਲਸਿਆ ਜਿਹਾ ਪਿਆ ਸੀ। ਅੱਖਾਂ ਕੱਠਫੋੜੇ ਦੀ ਖੱਡ ਵਾਂਗ ਡੂੰਘੀਆਂ ਸਨ।
-''ਜੇ ਆਪਾਂ ਸੋਚੀਏ-ਅੱਜ ਆਪਾਂ ਨੂੰ ਪੰਦਰਾਂ ਦਿਨ ਹੋਗੇ ਬੈਠਿਆਂ ਨੂੰ-ਨਿੱਤ ਈ ਸੋਚਦੇ ਐਂ ਬਈ ਬੋਤੇ ਦਾ ਬੁੱਲ੍ਹ ਅੱਜ ਵੀ ਡਿੱਗੂ-ਅੱਜ ਵੀ ਡਿੱਗੂ-।''
-''----।''
-''ਪਰ ਖਸਮਾਂ ਨੂੰ ਖਾਣਾ ਇਹ ਡਿੱਗਦਾ ਅਜੇ ਵੀ ਨ੍ਹੀ ਦੀਂਹਦਾ! ਜੱਟ ਦੀ ਹਰ ਰੋਜ ਘੱਟੋ ਘੱਟ ਪੰਜਾਹਾਂ ਰੁਪਈਆਂ ਦੀ ਦਿਹਾੜੀ ਮਰਦੀ ਐ-ਕਰਜਾ ਸਿਰ 'ਤੇ ਸੱਪ ਮਾਂਗੂੰ ਜੀਭਾਂ ਕੱਢ ਕੱਢ ਕੇ ਡਰਾਉਂਦੈ-ਜਿਣਸ ਮੰਡੀ 'ਚ ਰੁਲੀ ਜਾਂਦੀ ਐ-ਘਰੋਂ ਸੌਦਾ ਪੱਤਾ ਮੁੱਕਿਆ ਪਿਐ-।''
-''ਜੱਟ ਨੂੰ ਅੱਤੜਪੁਣਾ ਜਮਾਂ ਈ ਨੀ ਪੁਗਦਾ-ਮੇਰੀ ਮੰਨੋਂ ਤਾਂ ਕਰਾੜ ਦੀ ਗੱਲ ਮੰਨ ਕੇ ਬੋਰੀ ਮਗਰ ਚਾਰ ਰੁਪਈਏ ਇਲਸਪਲੱਟਰ ਨੂੰ ਦੇ ਕੇ ਮੱਥਾ ਡੰਮ੍ਹੋ ਤੇ ਬੋਲੀ ਲਗਵਾਓ।''
-''ਤੇਰਾ ਕੀ ਖਿਆਲ ਐ ਬਾਬਾ ਬਈ ਹੁਣ ਅਸੀਂ ਨੀਕਰਾਂ ਲਾਹ ਕੇ ਕੁੱਤੇ ਕਰਾੜ ਮੂਹਰੇ ਕੋਡੇ ਹੋ ਜਾਈਏ?'' ਦਾਰੂ-ਬੱਤੇ ਦਾ ਸ਼ੌਕੀਨ ਬੁੱਕਣ ਬੋਲਿਆ। ਕਈ ਦਿਨਾਂ ਤੋਂ ਨਹਾਤਾ ਨਾ ਹੋਣ ਕਰਕੇ, ਗਰਦ ਨਾਲ ਉਹ ਦੁਸਿਹਰੇ 'ਤੇ ਸਾੜੇ 'ਰਾਵਣ' ਵਰਗਾ ਲੱਗਦਾ ਸੀ।
-''ਹੁਣ ਬੋਂਡੀ ਤਾਂ ਬਣਨੋ ਰਹੇ।''
-''ਡੀਜਲ ਢੋਂਹਦਿਆਂ ਸਿਰ 'ਚ ਅੱਟਣ ਪੈ ਗਏ ਬਾਬਾ-ਹੁਣ ਜਿਣਸ ਸਿੱਟ ਕੇ ਭੱਜ ਜਾਈਏ?''
-''ਬਹੁੜੀ ਉਏ ਰੱਬਾ ਮੇਰਿਆ! ਜਿਣਸ ਸਾਡੀ ਤੇ ਫੈਸਲੇ ਕਰਾੜ ਕਰਦੇ ਐ?''
-''ਲੋਹੜ੍ਹਾ ਨ੍ਹੀ? ਜੱਟ ਨੂੰ ਦਿਨ ਦਿਹਾੜੇ ਲੁੱਟੀ ਜਾਂਦੇ ਐ!''
-''ਹੋਰ ਦੱਸੋ ਕਰੋਂਗੇ ਕੀ?'' ਬਾਬੇ ਨੇ ਬੇਥਵਾ ਸੁਆਲ ਮੱਥੇ 'ਚ ਮਾਰਿਆ ਤਾਂ ਸਾਰੇ ਬੇਸੁਰਤਾਂ ਵਾਂਗ ਇਕ ਦੂਜੇ ਵੱਲ ਝਾਕਣ ਲੱਗ ਪਏ। ਉਹ ਰੋਹੀ-ਬੀਆਬਾਨ ਦੇ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਹੇ ਸਨ। ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ।
-''ਤੁਸੀਂ ਚਾਹੇ ਪੰਦਰਾਂ ਦਿਨਾਂ ਦੀ ਥਾਂ ਮਹੀਨਾ ਹੋਰ ਬੈਠੇ ਰਹੋ ਮੰਡੀ 'ਚ-ਕਰਾੜ ਦੇ ਕੰਨੋਂ ਮੈਲ ਨੀ ਜਾਂਦੀ-ਉਹ ਤਾਂ ਚੋਪੜੀਆਂ ਖਾ ਕੇ ਕਰਾੜੀ ਦੀਆਂ ਟੰਗਾਂ ਚੱਕ ਛੱਡਦੈ-।''
-''ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ-ਕਰਾੜਾਂ ਦੀ ਤਾਂ ਚਾਂਦੀ ਐ-ਜਦੋਂ ਮਰਜੀ ਐ ਖਰੀ ਕਰ ਲੈਣ-ਜੇ ਮੀਂਹ ਪੈ ਗਿਆ-ਫੇਰ ਬੈਠੇ ਝੋਨਾ ਸੁਕਾਉਂਦੇ ਰਿਹੋ-ਫੇਰ ਇਹ ਹੋਰ ਨੱਕ ਬੁੱਲ੍ਹ ਮਾਰਨਗੇ-ਅੱਧਿਓਂ ਡੂੜ੍ਹ ਵੀ ਨੀ ਨਿਬੜਨਾ-ਬਹੁਤਾ ਖਾਂਦੇ-ਖਾਂਦੇ ਥੋੜਿਓਂ ਵੀ ਝੱਗਾ ਝਾੜਲਾਂਗੇ।''
-''-----।'' ਸਾਰਿਆਂ ਨੂੰ ਸੀਤ ਚੜ੍ਹ ਗਿਆ। ਬਾਬੇ ਦੀਆਂ ਨਿੱਗਰ ਦਲੀਲਾਂ ਨੇ ਉਹਨਾਂ ਨੂੰ ਕੋਈ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਪਿੰਡੋਂ ਰੋਟੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ।
ਪਰ ਰੋਟੀ ਖਾਣ ਨੂੰ ਕਿਸੇ ਦੀ ਵੱਢੀ ਰੂਹ ਨਹੀਂ ਕਰਦੀ ਸੀ। ਉਹਨਾਂ ਮੱਲੋਮੱਲੀ, ਧੱਕੇ ਨਾਲ ਰੋਟੀ ਅੰਦਰ ਸੁੱਟ ਲਈ। ਰੋਟੀ ਲੈ ਕੇ ਆਇਆਂ ਨੂੰ ਸਾਰਾ ਬਿਰਤਾਂਤ ਦੱਸ ਦਿੱਤਾ। ਦੁੱਖ ਰੋ ਲਏ। ਕਾਲਜੇ ਪਿੱਟ ਲਏ। ਰੋਟੀ ਲੈ ਕੇ ਆਏ ਵੀ ਦਿਲੋਂ ਦੁਖੀ, ਹੈਰਾਨ ਜਿਹੇ ਹੋਏ ਮੁੜ ਗਏ।
-''ਯਾਰ ਨਹਾਤਿਆਂ ਨੂੰ ਪੰਦਰਾਂ ਦਿਨ ਹੋ ਗਏ-ਸਿਰ ਗੁੜ ਮਾਂਗੂੰ ਜੁੜਿਆ ਪਿਐ।'' ਇਕ ਨੇ ਪੱਗ ਲਾਹ ਕੇ ਸਿਰ ਖੁਰਕਿਆ ਨਹੀਂ, ਵੱਢਿਆ ਸੀ।
-''ਸਾਰੇ ਤੇਰੇ ਅਰਗੇ ਈ ਐਂ ਮਿੱਤਰਾ।'' ਦੂਜਾ ਬੋਲਿਆ। ਉਸ ਦੇ ਵਾਲ ਸਪੋਲੀਆਂ ਵਾਂਗ ਸਾਅਫ਼ੇ ਹੇਠੋਂ ਝਾਕ ਰਹੇ ਸਨ।
-''ਅਸੀਂ ਕਿਹੜਾ ਨਿੱਤ ਕੱਚੀ ਲੱਸੀ ਨਾਲ ਨ੍ਹਾਉਨੇ ਐਂ ਜੁਆਨਾ?'' ਬਾਬਾ ਆਪ ਪਿੰਡਾ ਖੁਰਚੀ ਜਾ ਰਿਹਾ ਸੀ। ਉਸੇ ਦੇ ਵੱਡੇ-ਵੱਡੇ ਨਹੁੰ ਖੰਘਰ ਹੋਏ ਮਾਸ 'ਤੇ ਰੰਦੇ ਵਾਂਗ ਫਿਰਦੇ ਸਨ। 'ਕਰਚ-ਕਰਚ' ਦੀ ਅਵਾਜ ਦੂਰ ਤੱਕ ਸੁਣਦੀ ਸੀ।
-''ਨ੍ਹਾਉਣ ਦਾ ਕਿਸੇ ਨੂੰ ਚੇਤੈ?'' ਬਲਿਹਾਰ ਸਿੰਘ ਕਾਫ਼ੀ ਦੇਰ ਬਾਅਦ ਮੂੰਹੋਂ ਫੁੱਟਿਆ ਸੀ। ਉਸ ਦੀ ਦਾਹੜੀ ਵੀ ਸਣ ਵਾਂਗ ਉਲਝੀ ਪਈ ਸੀ।
ਆਥਣੇ ਜਿਹੇ ਉਹ ਦੋਸ਼ੀਆਂ ਵਾਂਗ ਸੇਠ ਦੇ ਜਾ ਹਾਜਰ ਹੋਏ। ਸਾਰਿਆਂ ਨੇ ਜ਼ਮੀਰ ਦਾ ਗਲਾ ਬੜਾ ਦੱਬ ਕੇ ਘੁੱਟਿਆ ਹੋਇਆ ਸੀ। ਮਨ ਅਤੇ ਆਤਮਾਂ ਇਕ ਦੂਜੇ ਨਾਲ ਗਾਲੋ-ਗਾਲੀ ਹੋਈ ਜਾ ਰਹੇ ਸਨ। ਉਹਨਾਂ ਅੰਦਰ ਇਕ ਚੁੱਪ, ਪਰ ਘਮਸਾਨ ਦਾ ਯੁੱਧ ਛਿੜਿਆ ਹੋਇਆ ਸੀ।
-''ਆਓ ਸਰਦਾਰੋ-ਜੀ ਆਇਆਂ ਨੂੰ--!''
-''ਬੈਠੋ! ਸਹੁੰ ਮਾਤਾ ਰਾਣੀ ਦੀ ਥੋਡੇ ਦਰਸ਼ਣ ਕਰਕੇ ਰੱਬ ਮਿਲ ਪੈਂਦੈ-ਬੈਠੋ! ਬਬਲੀ--! ਉਏ ਬਬਲੀ-!''
-''ਸੇਠਾ ਚਾਹ ਨਾ ਮੰਗਵਾਈਂ!'' ਬਲਿਹਾਰ ਸਿੰਘ ਨੇ ਦੋ ਟੁੱਕ ਆਖਿਆ। ਉਹ ਅੱਕਿਆ ਪਿਆ ਸੀ।
-''ਕਿਉਂ? ਕਾਹਤੋਂ ਨਾ ਮੰਗਵਾਵਾਂ ਸਰਦਾਰ ਬਲਿਹਾਰ ਸਿਆਂ? ਰਾਮ ਭਲੀ ਕਰੇ! ਮੈਂ ਥੋਡਾ ਭਾਈ ਆਂ-ਸੇਵਾਦਾਰ ਆਂ-ਬੈਠ! ਸੁਆਰ ਕੇ ਬੈਠ!''
-''ਤੇਰੀ ਤੜਕੇ ਆਲੀ ਚਾਹ ਪੀ ਕੇ ਤਰ ਗਏ ਅਸੀਂ ਤਾਂ-ਉਹੀ ਨੀ ਲੋਟ ਆਈ ਅਜੇ ਤੱਕ।'' ਬਾਬੇ ਨੇ ਆਖਿਆ।
-''ਭਗਵਾਨ ਤਾਰੂ ਆਪਾਂ ਨੂੰ ਤਾਂ-ਸਹੁੰ ਦੇਵੀ ਦੀ ਉਹੀ ਤਾਰੂ-ਤੁਸੀਂ ਚਾਹ ਨੂੰ ਨਾਂਹ ਨਾ ਕਰੋ-ਇਹ ਤਾਂ ਤੇਰ੍ਹਵਾਂ ਰਤਨ ਐਂ ਸਰਦਾਰਾ-ਉਏ ਬਬਲੀ--! ਚਾਹ ਆਖ ਕੇ ਆ ਹਰਾਮਜ਼ਾਦਿਆ--!''
ਬਬਲੀ ਬੰਦੇ ਗਿਣ ਕੇ ਤਿੱਤਰ ਹੋ ਗਿਆ।
-''ਭਗਵਾਨ ਤਾਂ ਥੋਨੂੰ ਲਾਲਿਆਂ ਨੂੰ ਈ ਤਾਰਦੈ ਸੇਠਾ! ਜੱਟਾਂ ਕੋਲੋਂ ਤਾਂ ਉਹਨੂੰ ਡਰ ਆਉਂਦੈ।''
-''ਲੈ! ਕਾਹਨੂੰ ਡਰ ਆਉਂਦੈ ਮੇਰੇਆਰ! ਭਗਵਾਨ ਤਾਂ ਭਗਵਾਨ ਈ ਹੁੰਦੈ!''
-''ਜਾਂ ਫਿਰ ਜੱਟਾਂ 'ਚੋਂ ਮੁਸ਼ਕ ਆਉਂਦਾ ਹੋਊ? ਤੁਸੀਂ ਤਾਂ ਨਿੱਤ ਬੋਦੀਆਂ ਚੋਪੜ ਕੇ ਰੱਖਦੇ ਐਂ-ਜੱਟ ਨੂੰ ਤਾਂ ਮਹੀਨਾ ਨ੍ਹਾਉਣ ਦਾ ਟੈਮ ਨ੍ਹੀ ਲੱਗਦਾ।'' ਇਕ ਨੇ ਕੌੜ ਜਿਹਾ ਹੱਸ ਕੇ ਵਿਅੰਗ ਕਸਿਆ।
-''ਰਾਮ ਬੋਲੋ ਸਰਦਾਰੋ! ਰਾਮ ਬੋਲੋ! ਲਓ, ਚਾਹ ਆ ਗਈ-ਚਾਹ ਪੀਓ!''
-''ਛੇਠਾ ਚਾਹ ਤਾਂ ਸਾਡੇ ਲੰਘਣੀਂ ਨੀ!''
-''ਸੁੱਖੀ-ਸਾਂਦੀ ਲੰਘਣੀ ਕਿਉਂ ਨੀ-ਐਵੇਂ ਈ ਨ੍ਹੀ ਲੰਘਣੀਂ? ਲਓ ਫੜੋ!'' ਆੜ੍ਹਤੀਏ ਨੇ ਅੱਡੋ-ਅੱਡੀ ਚਾਹ ਦੇ ਕੱਪ ਫੜਾਉਣੇ ਸ਼ੁਰੂ ਕਰ ਦਿੱਤੇ।
-''ਛੇਠਾ! ਸਾਡੀ ਦੁਹਾਈ ਐ-ਸਾਡੇ ਪਿਉ ਦੀ ਦੁਹਾਈ ਐ-ਹੁਣ ਸਾਨੂੰ ਹੋਰ ਨਾ ਕੋਹਲੂ 'ਚ ਪੀੜ-ਅਸੀਂ ਹੱਥ ਬੰਨ੍ਹ ਕੇ ਚਾਰ ਰੁਪਈਏ ਬੋਰੀ ਮਗਰ ਦੇਣ ਨੂੰ ਤਿਆਰ ਐਂ-ਮੇਰਾ ਵੀਰ ਹੁਣ ਤੂੰ ਇਲਸਪਲੱਟਰ ਤੋਂ ਬੋਲੀ ਲੁਆ ਦੇ।'' ਬਾਬੇ ਨੇ ਵਿਆਈਆਂ ਪਾਟੇ ਵੱਡੇ-ਵੱਡੇ ਹੱਥ ਜੋੜ ਦਿੱਤੇ।
ਸੇਠ ਅੰਦਰ ਕੁਤਕੁਤੀ ਹੋਈ।