ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 5

ਖ਼ੂਨ-ਪਸੀਨਾ ਇਕ ਕਰਕੇ ਪਾਲਿਆ ਝੋਨਾ, ਝਾੜ ਕੇ ਬਲਿਹਾਰ ਸਿੰਘ ਨੇ ਮੰਡੀ ਲਿਆ ਸੁੱਟਿਆ।
ਬਲਿਹਾਰ ਸਿੰਘ ਨੇ ਢੇਰੀ ਕੋਲ ਮੰਜਾ ਡਾਹ ਲਿਆ। ਰੋਟੀ ਉਸ ਦੀ ਕਦੇ ਜੈਬਾ ਅਤੇ ਕਦੇ ਬਿੱਲਾ ਫੜਾ ਜਾਂਦਾ ਸੀ। ਸ਼ਾਮ ਨੂੰ ਪਿੰਡ ਮੁੜਦਾ ਉਹ ਖਾਲੀ ਭਾਂਡੇ ਨਾਲ ਲੈ ਜਾਂਦਾ। ਮੰਡੀ ਵਿਚ ਆੜ੍ਹਤੀਏ ਦੀ ਦੁਕਾਨ ਡਾਕਟਰ ਭਜਨ ਦੇ ਹਸਪਤਾਲ ਤੋਂ ਕੋਈ ਬਹੁਤੀ ਦੂਰ ਨਹੀਂ ਸੀ।
ਦੋ ਹਫ਼ਤੇ ਬੀਤ ਗਏ।
ਮੰਡੀ ਵਿਚ ਕਿਸਾਨਾਂ ਦਾ ਪੁੱਤਰਾਂ ਵਾਂਗ ਪਾਲਿਆ ਝੋਨਾ ਪੈਰਾਂ ਵਿਚ ਰੁਲ ਰਿਹਾ ਸੀ। ਇਤਨੇ ਦਿਨ ਬੀਤ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਉਠੇ। ਉਹ ਨਿੱਤ ਆੜ੍ਹਤੀਏ ਦੀ ਜਾਨ ਖਾਂਦੇ। ਪਰ ਆੜ੍ਹਤੀਆ ਆਪਦੀ ਜਗਾਹ ਕਸੂਤਾ ਫ਼ਸਿਆ ਹੋਇਆ ਸੀ।
ਮੰਡੀ ਇੰਸਪੈਕਟਰ ਬੋਲੀ ਨਹੀਂ ਲਾ ਰਿਹਾ ਸੀ।
ਉਹ ਬੋਰੀ ਮਗਰ ਪੰਜ ਰੁਪਏ ਮੰਗਦਾ ਸੀ।
ਜਦ ਕਦੇ ਰਾਤ ਨੂੰ ਇਕ ਅੱਧਾ ਬੱਦਲ ਅਸਮਾਨ ਵਿਚ ਅਠਖੇਲੀਆਂ ਕਰਦਾ ਤਾਂ ਮੰਜਿਆਂ 'ਤੇ ਪਏ ਕਿਸਾਨਾਂ ਦੇ ਹਿਰਦੇ ''ਫੜੱਕ-ਫੜੱਕ'' ਵੱਜਦੇ। ਜਾਨ ਸਹਿ-ਸਹਿ ਕਰਦੀ। ਪ੍ਰਾਣ ਮੁੱਠੀ ਵਿਚ ਆ ਜਾਂਦੇ। ਭਾਵੇਂ ਝੋਨੇ ਦੇ ਬਚਾ ਲਈ ਜੱਟਾਂ ਨੇ ਤਰਪਾਲਾਂ ਬਗੈਰਾ ਲਿਆ ਰੱਖੀਆਂ ਸਨ। ਪਰ ਬਹੁਤੇ ਮੀਂਹ ਦਾ ਡਰ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਖਿਸਕਾਉਂਦਾ ਸੀ। ਕੌਡੀ ਧੜਕ-ਧੜਕ ਪੈਂਦੀ ਸੀ।
ਰਾਤ ਨੂੰ ਬਲਿਹਾਰ ਸਿੰਘ ਨੇ ਮੰਡੀ ਵਿਚ ਪਏ ਹੋਰ ਕਿਸਾਨ ਇਕੱਠੇ ਕਰ ਲਏ। ਦੁਖੀ ਸਾਰੇ ਹੀ ਸਨ। ਸਾਰੇ ਬੜੀ ਤੇਜ਼ੀ ਨਾਲ ਇਕੱਤਰ ਹੋ ਗਏ।
-''ਯਾਰੋ ਲੋਹੜਾ ਆ ਗਿਆ-ਪੁੱਤਾਂ ਮਾਂਗੂੰ ਪਾਲੇ ਝੋਨੇ ਨੂੰ ਕੋਈ ਪੁੱਛਦਾ ਈ ਨਹੀਂ।'' ਬਲਿਹਾਰ ਸਿੰਘ ਪਿੱਟਿਆ।
-''ਨੱਕ ਬੁੱਲ ਈ ਮਾਰੀ ਜਾਂਦੇ ਐ।''
-''ਕੋਈ ਗੱਲ ਤਾਂ ਦੱਸਣ-ਨਿੱਤ ਆਲੇ ਕੌਡੀ ਛਿੱਕੇ ਕੌਡੀ ਕਰ ਛੱਡਦੇ ਐ।'' ਕੋਈ ਹੋਰ ਫੱਟਿਆ ਕੁਰਲਾਇਆ।
-''ਬਾਣੀਏਂ ਤਾਂ ਸਾਲੇ ਲਾ ਕੇ ਕੰਨ ਨੂੰ ਕੋਹੜ ਕਿਰਲਾ ਜਿਆ-ਦੰਦੀਆਂ ਜੀਆਂ ਕੱਢੀ ਜਾਣਗੇ।'' ਇਕ ਨੂੰ ਆੜ੍ਹਤੀਏ 'ਤੇ ਬਹੁਤਾ ਰੰਜ ਸੀ। ਉਹ ਹਮੇਸ਼ਾ ਟੈਲੀਫੋਨ ਨੂੰ ਹੀ ਚਿੰਬੜਿਆ ਰਹਿੰਦਾ ਸੀ।
-''ਆਪਾਂ ਕੱਲ੍ਹ ਨੂੰ ਕਰੜੇ ਹੋ ਕੇ ਬਾਣੀਏਂ ਨਾਲ ਗੱਲ ਤਾਂ ਕਰੀਏ?''
-''ਤੇ ਹੋਰ! ਇਉਂ ਤਾਂ ਮੰਡੀ 'ਚ ਈ ਬੁੜ੍ਹੇ ਹੋਜਾਂਗੇ ਭੈੜ੍ਹਿਆ।''
-''ਘਰ ਦੇ ਓਦੂੰ ਆਨੇ ਕੱਢਦੇ ਐ।''
-''ਕੱਲ੍ਹ ਨੂੰ ਕਰਾੜ ਦੇ ਗਿੱਟਿਆਂ ਨੂੰ ਪਓ ਝੁੱਟੀ ਲੈ ਕੇ-ਸਾਲਾ ਸਾਰਿਆਂ ਨੂੰ ਈ ਫੁੱਦੂ ਬਣਾਈ ਜਾਂਦੈ।'' ਕਿਸੇ ਦੀ ਘੁੱਟ ਲੱਗੀ ਹੋਈ ਸੀ।
-''ਜਿਮੇਂ ਕਿਸੇ ਮਰਾਸੀ ਨੇ ਕਿਹਾ ਸੀ: ਜੇ ਜੱਟ ਨਾ ਹੁੰਦਾ ਬੰਦਿਆਂ ਨੂੰ ਵਾਹੀ ਕਰਨੀ ਪੈਂਦੀ-ਇਹ ਜੱਟ ਨੂੰ ਤਾਂ ਬੰਦਾ ਈ ਨ੍ਹੀ ਸਮਝਦੇ ਛੋਕਰੀ ਦੇਣੇ।''
-''ਆਪਾਂ ਅੰਨ ਨੀ ਖਾਂਦੇ?''
-''ਹੁਣ ਸੌਵੋਂ-ਕੱਲ੍ਹ ਨੂੰ ਆੜ੍ਹਤੀਏ ਕੋਲ ਚੱਲਾਂਗੇ।'' ਬਲਿਹਾਰ ਸਿੰਘ ਦੇ ਆਖਣ 'ਤੇ ਸਾਰੇ ਸੌਣ ਤੁਰ ਗਏ। ਵੱਖੋ-ਵੱਖਰੇ ਪਿੰਡਾਂ ਦੇ ਕਿਸਾਨ ਮੰਡੀ ਵਿਚ ਇਕ ਤਰ੍ਹਾਂ ਨਾਲ ਸਕੇ ਭਰਾ ਬਣੇ ਬੈਠੇ ਸਨ। ਦੁਖ-ਸੁਖ ਦੇ ਹਾਮੀਂ!
ਤੜਕੇ ਚਾਹ ਪੀ ਕੇ ਸਾਰੇ ਆੜ੍ਹਤੀਏ ਕੋਲ ਨੂੰ ਜੱਥਾ ਬਣਾ ਕੇ ਤੁਰ ਪਏ। ਇਕੱਠੇ ਹੋਏ ਕਿਸਾਨ ਦੇਖ ਕੇ ਸੇਠ ਦੇ ਦਿਮਾਗ ਨੇ ਖ਼ਤਰੇ ਦੀਆਂ ਘੰਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕੂਹਣੀ ਹੇਠ ਪਿਆ ਗੋਲ ਸਿਰਹਾਣਾ ਹੁੱਝਾਂ ਮਾਰਦਾ ਪ੍ਰਤੀਤ ਹੋਇਆ ਅਤੇ ਹੇਠਲੀ ਗੱਦੀ ਚੂੰਢੀਆਂ ਵੱਢਦੀ ਲੱਗੀ।
-''ਸਾਸਰੀਕਾਲ ਸਰਦਾਰ ਜੀ!'' ਉਹ ਉਠ ਕੇ ਚੱਪਲ ਪਾਉਂਦਾ ਬੋਲਿਆ।
-''ਸੇਠ ਜੀ-!'' ਬਲਿਹਾਰ ਸਿੰਘ ਨੂੰ ਸੇਠ ਦੇ ਮੱਥੇ 'ਤੇ ਲੱਗਿਆ ਤਿਲਕ ਡਰਾਉਣਾ-ਡਰਾਉਣਾ ਜਿਹਾ ਲੱਗਿਆ। ਸ਼ਿਵ ਜੀ ਮਹਾਰਾਜ ਦੇ ਤਿਰਸ਼ੂਲ ਵਰਗਾ!
-''ਸਾਨੂੰ ਸਾਨੂੰ ਹੋਰ ਕਿੰਨਾ ਕੁ ਹੈਰਾਨ ਕਰੋਂਗੇ?''
-''ਰਾਮ ਬੋਲੋ ਸਰਦਾਰੋ! ਮੈਂ ਥੋਨੂੰ ਹੈਰਾਨ ਕਾਹਨੂੰ ਕਰਦੈਂ-ਸਹੁੰ ਦੇਵੀ ਮਾਤਾ ਦੀ-ਇੰਸਪੈਕਟਰ ਈ ਨਹੀਂ ਬੋਲੀ ਲਾਉਂਦਾ-ਮੇਰੇ ਦੱਸੋ ਸਰਦਾਰੋ ਕੀ ਵੱਸ ਐ?''
-''ਫੇਰ ਅਸੀਂ ਐੱਲਸਪੈਲਟਰ ਆਲਾ ਬੁਘਤੂ ਵਜਾਈਏ? ਮਹੀਨਾ ਹੋ ਗਿਆ ਮੂੰਹ ਅੱਲੀਂ ਦੇਖਦਿਆਂ ਨੂੰ-।''
-''ਰਾਮ ਬੋਲੋ ਸਰਦਾਰੋ! ਇੰਸਪੈਕਟਰ ਬੜਾ ਕੰਜਰ ਕੁੱਤੈ-ਸਹੁੰ ਲਾਟਾਂ ਆਲੀ ਦੀ-ਪੁਲਸ ਉਹਦੀ ਬੜੀ ਮੰਨਦੀ ਐ-ਦੇਖਿਓ ਕਿਤੇ ਸਰਦਾਰੋ ਕੋਈ ਪੰਗਾ ਲੈ ਲੈਂਦੇ-ਬਜਰੰਗ ਬਲੀ ਭਲੀ ਕਰੇ-ਥੋਡੇ ਨਾਲ ਈ ਮੈਂ ਮਾਰਿਆ ਜਾਊਂ-ਹਾੜ੍ਹੇ! ਕੋਈ ਪੰਗਾ ਨਾ ਖੜ੍ਹਾ ਕਰ ਲਇਓ!'' ਸੇਠ ਨੇ ਹੱਥ ਜੋੜੇ। ਉਸ ਦੇ ਚੋਪੜੇ ਪਟੇ ਕੰਡੇਰਨਿਆਂ ਵਾਂਗ ਖੜ੍ਹ ਗਏ ਸਨ। ਉਸ ਨੇ ਦੁਹਾਈ ਦਿੱਤੀ।
-''ਵਿਚੇ ਪੁਲਸ ਤੁਰੀ ਫਿਰੂ!''
-''ਮਰਦੇ ਤਾਂ ਕੁਛ ਕਰਾਂਗੇ ਈ।''
-''ਤੂੰ ਤਾਂ ਸੇਠਾ ਪਰਾਉਠੇ ਲੈਨੈ ਖਾਅ ਤੇ ਰਾਤ ਨੂੰ ਤੀਮੀਂ ਦੀ ਤੰਬੀ 'ਚ ਵੜ ਜਾਨੈ-ਠੰਢ 'ਚ ਤਾਂ ਰਾਤ ਨੂੰ ਅਸੀਂ ਮਰਦੇ ਐਂ-ਘਰਆਲੀ ਦੇ ਦਰਸ਼ਣ ਕੀਤੇ ਨੂੰ ਮਹੀਨਾ ਹੋ ਗਿਆ-।'' ਕਿਸੇ ਨੇ ਕਿਹਾ।
-''ਸੇਠ ਤੀਮੀਂ ਤਾਂ ਤੈਨੂੰ ਦੇਣੋਂ ਰਿਹਾ।''
-''ਤੀਮੀਂ ਜੱਟ ਕੋਲੇ ਛੱਡ ਕੇ ਇਹਨੇ ਮਰਵਾਉਣੀ ਐਂ?''
ਹਾਸੜ ਪੈ ਗਈ।
-''ਸੇਠਾ ਤੀਮੀਂ ਲਕੋ ਕੇ ਰੱਖਿਆ ਕਰ! ਜੱਟ ਮਹੀਨੇ ਦੇ ਹਲਕੇ ਫਿਰਦੇ ਐ।''
-''ਜੇ ਰਾਤ ਬਰਾਤੇ ਹੱਥ ਆ ਗਈ-ਜੱਟ ਜੋਤਾ ਲਾ ਕੇ ਈ ਉੱਤਰੂ-ਫੇਰ ਨਾ ਕਹੀਂ ਦੱਸਿਆ ਨੀ-ਤੇਰੀ ਖੇਡ ਜੀ ਵੀ ਖਰਾਬ ਹੋਜੂ।''
-''ਨਾਲੇ ਥੋਡੀਆਂ ਤਾਂ ਹੁੰਦੀਆਂ ਵੀ ਕੱਚ ਦਾ ਸਮਾਨ ਈ ਐਂ।''
ਫਿਰ ਹਾਸੜ ਮੱਚ ਗਈ।
ਸੇਠ ਵੀ ਕੱਚਾ ਜਿਹਾ ਹੋਇਆ ਹੱਸਣ ਲੱਗ ਪਿਆ। ਉਂਜ ਉਸ ਦਾ ਦਿਲ ਥਾਵੇਂ ਆ ਗਿਆ ਸੀ। ਜੱਟਾਂ ਦੇ ਹਾਸੇ-ਮਖੌਲ ਨੇ ਉਸ ਦਾ ਡਰ ਕੁਝ ਹੱਦ ਤੱਕ ਲਾਹ ਮਾਰਿਆ ਸੀ।
-''ਤੁਸੀਂ ਹੋਰ ਈ ਪਾਸੇ ਤੁਰ ਪਏ? ਕੋਈ ਕੰਮ ਦੀ ਗੱਲ ਵੀ ਕਰ ਲਓ!'' ਬਲਿਹਾਰ ਸਿੰਘ ਨੇ ਕਿਹਾ।
ਸਾਰੇ ਚੁੱਪ ਕਰ ਗਏ।
-''ਸੇਠਾ! ਫੇਰ ਅਸੀਂ ਝੋਨਾ ਚੱਕ ਕੇ ਲੈ ਜਾਈਏ?'' ਬਲਿਹਾਰ ਸਿੰਘ ਨੇ ਇਕ ਤਰ੍ਹਾਂ ਨਾਲ ਸੇਠ ਦੀ ਪੂਛ ਨੂੰ ਹੱਥ ਪਾ ਲਿਆ।
-''ਰਾਮ ਬੋਲੋ ਸਰਦਾਰੋ! ਜੱਟ ਆੜ੍ਹਤੀਏ ਬਿਨਾ ਤੇ ਆੜ੍ਹਤੀਆ ਜੱਟ ਬਿਨਾ ਨਹੀਂ ਜੀਅ ਸਕਦਾ-ਤੁਸੀਂ ਇੰਜ ਕਰੋ! ਇਕ ਸਿਆਣਾ ਬੰਦਾ ਅੰਦਰ ਆ ਕੇ ਮੇਰੀ ਗੱਲ ਸੁਣ ਲਵੋ-ਸਹੁੰ ਦੇਵੀ ਦੀ ਥੋਡੇ ਨਾਲੋਂ ਕਸੂਤਾ ਮੈਂ ਫ਼ਸਿਐਂ ਮੇਰੇ ਆਰ!''
-''ਜਿਹੜੇ ਤੈਨੂੰ ਕਮਲੇ ਲੱਗਦੇ ਐ-ਤੂੰ ਈ ਦੱਸਦੇ-।'' ਇਕ ਬੋਲਿਆ।
-''ਬਬਲੀ--! ਉਏ ਬਬਲੀ---!'' ਸੇਠ ਨੇ ਆਪਣੇ ਨੌਕਰ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
-''ਹਾਂ ਬਾਬੂ ਜੀ?''
-''ਉਏ ਕਿੱਥੇ ਮਰ ਗਿਆ ਸੀ ਤੂੰ?''
-''ਮੈਂ ਖਾਲੀ ਬੋਰੀਆਂ ਗਿਣਦਾ ਸੀ ਜੀ!''
-''ਤੂੰ ਇਉਂ ਕਰ-ਆਹ ਬੰਦੇ ਗਿਣ ਤੇ ਫ਼ੌਜੀ ਨੂੰ ਚਾਹ ਆਖ ਕੇ ਆ-।''
-'''ਕੱਲੀ ਚਾਹ ਨਾਲ ਸੇਠਾ ਸਾਡਾ ਪਿੱਤਾ ਸਾੜਨੈਂ? ਕੁਛ ਨਾਲ ਵੀ ਮੰਗਵਾ ਲੈ।''
-''ਉਏ ਕੁਛ ਖਾਣ ਨੂੰ ਵੀ ਫੜੀ ਆਈਂ---!''
-''ਚੰਗਾ ਬਾਬੂ ਜੀ!''
-''ਸਰਦਾਰੋ-ਤੁਸੀਂ ਬਾਹਰ ਬੈਠੋ-ਤੇ ਸਰਦਾਰ ਬਲਿਹਾਰ ਸਿਆਂ ਤੂੰ ਅੰਦਰ ਆ ਕੇ ਮੇਰੀ ਗੱਲ ਸੁਣ।''
-''ਚਲੋ ਬਈ! ਸਾਰੇ ਕਮਲੇ ਬਾਹਰ ਚੱਲੋ!'' ਇਕ ਨੇ ਕਿਹਾ ਤਾਂ ਬਲਿਹਾਰ ਸਿੰਘ ਤੋਂ ਇਲਾਵਾ ਸਾਰੇ ਹੱਸਦੇ ਬਾਹਰ ਆ ਗਏ।