ਨਾਵਲ - ਤਰਕਸ਼ ਟੰਗਿਆ ਜੰਡ
ਕਿਸ਼ਤ 4
ਪ੍ਰਛਾਵੇਂ
ਢਲਦਿਆਂ ਹੀ ਉਹ ਡਾਕਟਰ ਕੋਲ ਪੁੱਜ ਗਿਆ।
-''ਆ ਤਾਇਆ-ਕਿਵੇਂ ਐਂ ਹੁਣ? ਪਿਆ ਅੱਜ ਸਵੇਰ ਆਲੇ ਟੀਕੇ ਨਾਲ ਫਰਕ?'' ਡਾਕਟਰ ਨੇ ਬੜੀ ਅਪਣੱਤ ਨਾਲ
ਪੁੱਛਿਆ।
-''ਤਾਪ ਤਾਂ ਨਹੀਂ ਸ਼ੇਰਾ ਮੁੜਕੇ ਚੜ੍ਹਿਆ-ਕਮਜੋਰੀ ਜੀ ਬਹੁਤ ਹੋਈ ਪਈ ਐ।''
-''ਤਾਕਤ ਦਾ ਟੀਕਾ ਲਾ ਦਿੰਨੇ ਐਂ ਤਾਇਆ-ਸਵੇਰ ਨੂੰ ਘੋੜਾ ਬਣਜੇਂਗਾ।''
-''ਜੈਬਾ 'ਕੱਲਾ ਐ ਸ਼ੇਰਾ-ਕੰਮ ਦਾ ਸਰਦਾ ਨਹੀਂ-ਕੋਈ ਵਧੀਆ ਜਿਆ ਟੀਕਾ ਲਾ-ਜਿਹੜਾ ਇਕ ਅੱਧੇ ਦਿਨ 'ਚ
ਕੰਮ ਜੋਕਰਾ ਹੋਜਾਂ।''
-''ਕੱਲ੍ਹ ਤੱਕ ਬੈਠਕਾਂ ਕੱਢਣ ਲੱਗਜੇਂਗਾ ਤਾਇਆ-ਵਹਿਮ ਨਾ ਕਰ!''
-''ਜਿਉਂਦਾ ਰਹਿ ਸ਼ੇਰਾ!''
ਡਾਕਟਰ ਨੇ ਟੀਕਾ ਲਾ ਦਿੱਤਾ।
ਪੁੜਾ ਮਲਦਾ ਬਲਿਹਾਰ ਸਿੰਘ ਉਠ ਕੇ ਬੈਠ ਗਿਆ।
-''ਤਾਇਆ-ਇਕ ਗੱਲ ਕਰਾਂ?''
-''ਕਰ ਸ਼ੇਰਾ!''
-''ਅੱਜ ਮੇਰੇ ਕੋਲੇ ਬਿੱਲਾ ਆਇਆ ਸੀ ਆਪਣਾ।''
-''ਕਾਹਦੇ ਆਸਤੇ?''
-''ਦਸਵੀਂ ਉਹਨੇ ਕਰ ਈ ਲਈ ਐ।''
-''ਹਾਂ-ਕਰਲੀ।''
-''ਹੁਣ ਉਹ ਡਾਕਟਰੀ ਸਿੱਖਣ ਨੂੰ ਕਹਿੰਦੈ।''
-''ਹਲਾ! ਬੜਾ ਕੰਜਰ ਐ ਬਈ ਚੁੱਪ ਕੀਤਾ ਜਿਆ-ਮੈਨੂੰ ਤਾਂ ਦੱਸਿਆ ਈ ਨੀ ਘੁੱਗੂ ਜਿਹੇ ਨੇ?''
-''ਤੈਥੋਂ ਡਰਦੈ ਤਾਇਆ-ਕਾਲਜ ਤਾਂ ਤੂੰ ਲਾਉਂਦਾ ਨੀ-ਉਹਨੂੰ ਇਸ ਕਿੱਤੇ 'ਚ ਪਾ ਦੇਹ-ਵਾਹੀ ਨਾਲੋਂ
ਚੰਗਾ ਰਹੂ।''
-''ਇਹ ਵੀ ਠੀਕ ਐ ਸ਼ੇਰਾ-ਬਾਹੀ 'ਚ ਤਾਂ ਧੱਕੇ ਐ-ਜਿੰਨੇ ਮਰਜੀ ਐ ਖਾਈ ਜਾਵੋ-ਜੱਟ ਦੀ ਅੱਜ ਕੋਈ ਜੂਨ
ਐਂ?''
-''ਫੇਰ ਕੀ ਸੋਚਿਐ ਤਾਇਆ?''
-''ਕੋਈ ਮਾੜੀ ਗੱਲ ਨੀ-ਪਰ ਇਹ ਸਿੱਖੂ ਕਿੱਥੋਂ? ਜਾਂ ਤਾਂ ਇਹਨੂੰ ਤੂੰ ਸਿਖਾ ਦੇ!''
-''ਨਹੀਂ ਤਾਇਆ! ਇਹਨੂੰ ਆਪਣੇ ਪਿੰਡ ਆਲੇ ਡਾਕਟਰ ਭਜਨ ਕੋਲੇ ਬੱਧਣੀਂ ਛੱਡ ਦਿੰਨੇ ਐਂ-ਦੋਨੋਂ ਮੀਆਂ
ਬੀਵੀ ਡਾਕਟਰ ਐ-ਆਪਣੇ ਕੋਲੇ ਐਥੇ ਐਨਾ ਕੰਮ ਵੀ ਹੈਨੀ-ਭਜਨ ਕੋਲੇ ਤਾਂ ਵਾਰੀ ਨਹੀਂ ਆਉਂਦੀ-।''
-''ਤੇਰੀ ਭਜਨ ਮੰਨਦੈ?''
-''ਪੂਰੀ ਤਾਇਆ।''
-''ਫੇਰ ਇਹਨੂੰ ਤੂੰ ਈ ਆਖ ਤੇ ਨਾਲੇ ਕਰ ਗੱਲ ਕਰ ਭਜਨ ਨਾਲ!''
-''ਗੱਲ ਤਾਂ ਮੈਂ ਕਰ ਲਊਂ ਤਾਇਆ-ਪਰ ਤੂੰ ਮੇਰੇ ਨਾਲ ਚੱਲ।''
-''ਕਦੋਂ?''
-''ਮੇਰੇ ਵੱਲੋਂ ਕੱਲ੍ਹ ਨੂੰ ਈ ਚੱਲ।''
-''ਪਰਸੋਂ ਚੱਲਾਂਗੇ-ਕੱਲ੍ਹ ਨੂੰ ਇਕ ਦੋ ਕੰਮ ਕਰਨੇ ਐਂ-ਵੱਡੀ ਗੱਲ ਤਾਂ ਡੀਜਲ ਲਿਆਉਣੈਂ।''
-''ਚੱਲ ਪਰਸੋਂ ਚੱਲ ਵੜਾਂਗੇ।''
ਖੁਸ਼ੀ ਦੇ ਪਰਾਂ 'ਤੇ ਉਡਦਾ ਬਲਿਹਾਰ ਸਿੰਘ ਘਰੇ ਆ ਗਿਆ। ਬੈਠਕ ਵਿਚੋਂ ''ਰੂੜੀ-ਮਾਰਕਾ'' ਦੀ ਬੋਤਲ
ਕੱਢ ਕੇ ਉਹ ਦੋ ਕਰੜੇ ਪੈੱਗ ਮਾਰ ਗਿਆ।
-''ਤਾਪ 'ਚੋਂ ਉਠਿਐਂ-ਅੱਜ ਕਾਹਨੂੰ ਪੀਣੀ ਸੀ?'' ਜੀਤ ਕੌਰ ਨੇ ਕਿਹਾ।
-''ਮੈਂ ਅੱਜ ਬਹੁਤ ਖੁਸ਼ ਐਂ-ਤੂੰ ਵਿਚ ਨਾ ਬੋਲ।''
-''ਕਾਹਦੀ ਖੁਸ਼ੀ ਐ-ਮੈਨੂੰ ਵੀ ਦੱਸ ਦੇਹ!''
-''ਜੈਬੇ ਨੂੰ ਆ ਲੈਣਦੇ-ਫੇਰ ਦੱਸੂੰ।''
ਉਸ ਨੇ ਦੋ ਲਲਕਰੇ ਮਾਰ ਦਿੱਤੇ।
ਜੀਤ ਕੌਰ ਹੱਸਦੀ ਬਾਹਰ ਆ ਗਈ।
ਬਲਿਹਾਰ ਸਿੰਘ ਕਦੇ ਕਦਾਈਂ ਖੁਸ਼ੀ ਵਿਚ ਹੀ ਪੀਂਦਾ ਸੀ। ਕੋਈ ਝਗੜਾ ਨਹੀਂ ਕਰਦਾ ਸੀ। ਖੁਸ਼ੀ ਪੂਰੀ ਕਰਕੇ,
ਰੋਟੀ ਖਾ ਕੇ ਪੈ ਜਾਂਦਾ ਸੀ।
ਪਰ ਅੱਜ ਤਾਂ ਉਹ ਦਿਨ ਖੜ੍ਹੇ ਹੀ ਕਰੜੇ ਪੈੱਗ ਮਾਰ ਗਿਆ ਸੀ। ਜੀਤ ਕੌਰ ਅਨੁਸਾਰ ਅੱਜ ਖੁਸ਼ੀ ਕੋਈ ਵੱਡੀ
ਹੀ ਸੀ। ਜਿਹੜਾ ਉਹ ਦਿਨੇ ਹੀ ਸ਼ੁਰੂ ਹੋ ਗਿਆ ਸੀ।
ਜਦੋਂ ਜੈਬਾ ਖੇਤੋਂ ਪੱਠੇ ਲੈ ਕੇ ਆਇਆ ਤਾਂ ਬਲਿਹਾਰ ਸਿੰਘ ਬੈਠਕ ਵਿਚ ''ਬਾਬੂ'' ਬਣਿਆਂ ਬੈਠਾ ਸੀ।
ਉਸ ਨੇ ਜੈਬੇ ਨੂੰ ਦੇਖ ਕੇ ਦੋ ਲਲਕਾਰੇ ਫਿਰ ਮਾਰ ਦਿੱਤੇ।
ਜੈਬਾ ਹੈਰਾਨ ਹੋ ਕੇ ਬੈਠਕ ਵੱਲ ਝਾਕਿਆ।
-''ਅੱਜ ਚਾਚੇ ਨੇ ਦਿਨੇ ਈ ਪਟਰੌਲ ਪਾ ਲਿਆ ਲੱਗਦੈ?'' ਉਸ ਨੇ ਜੀਤ ਕੌਰ ਨੂੰ ਪੁੱਛਿਆ।
-''ਇਹ ਤਾਂ ਚਾਹਾਂ ਵੇਲੇ ਦਾ ਪੀ ਜਾਂਦੈ-ਕਹਿੰਦਾ ਖੁਸ਼ੀ ਐ-ਜੈਬੇ ਆਏ ਤੋਂ ਦੱਸੂੰ।''
-''ਅੱਛਾ!''
-''ਉਏ ਜੈਬਿਆ!''
-''ਹਾਂ ਚਾਚਾ?''
-''ਚਾਹ ਨਾ ਪੀਣ ਲੱਗਪੀਂ! ਐਥੋਂ ਗਿਲਾਸ ਲਿਆ ਪੁੱਤ-ਆ ਜਾਹ ਮੇਰਾ ਸ਼ੇਰ!''
ਜੈਬਾ ਗਿਲਾਸ ਲੈ ਕੇ ਬੈਠਕ ਵਿਚ ਵੜ ਗਿਆ। ਬਲਿਹਾਰ ਸਿੰਘ ਮੰਜੇ ਦੀਆਂ ਬਾਹੀਆਂ 'ਤੇ ਭਾਰ ਪਾ ਕੇ 'ਮੰਤਰੀ'
ਬਣਿਆਂ ਬੈਠਾ ਸੀ। ਸਾਹਮਣੇ ਬੋਤਲ ਅਤੇ ਅਚਾਰ ਪਿਆ ਸੀ।
-''ਚਾਚਾ-ਅੱਜ ਐਨੀ ਸੁਦੇਹਾਂ?''
ਬਲਿਹਾਰ ਸਿੰਘ ਨੇ ਜੈਬੇ ਦੇ ਮੂੰਹੋਂ ਗੱਲ ਖੋਹ ਲਈ।
-''ਮੇਰੇ ਨੇੜੇ ਹੋ।''
ਜੈਬਾ ਨੇੜੇ ਹੋ ਗਿਆ।
-''ਆਪਾਂ ਆਪਣੇ ਬਿੱਲੇ ਨੂੰ ਡਾਕਦਾਰ ਬਣਾ ਦੇਣੈਂ-ਗਿਲਾਸ ਕਰ ਐਧਰ ਐਸ ਖੁਸ਼ੀ 'ਚ।'' ਉਹ ਤੋਤਲਾ
ਬੋਲਿਆ। ਉਸ ਦੀ ਮੋਟੀ ਜੁਬਾਨ ਮੂੰਹ ਵਿਚ 'ਡੱਕ-ਡੱਕ' ਵੱਜਦੀ ਸੀ।
-''ਅੱਛਾ ਜੀ!'' ਭਰਿਆ ਗਿਲਾਸ ਜੈਬੇ ਨੇ ਅੰਦਰ ਡੋਲ੍ਹ ਲਿਆ।
-''ਹਾਂ ਜੀ!''
ਉਹ ਪੀਂਦੇ ਗੱਲਾਂ ਕਰਦੇ ਰਹੇ।
-''ਜੈਬਿਆ-ਪੱਠੇ ਨੀ ਕੁਤਰਨੇ ਪੁੱਤ?'' ਜੀਤ ਕੌਰ ਨੇ ਆ ਕੇ ਕਿਹਾ।
-''ਨਹੀਂ ਕੁਤਰਨੇ!'' ਬਲਿਹਾਰ ਸਿੰਘ ਬੋਲਿਆ।
-''ਪਸੂਆਂ ਨੂੰ ਕੀ ਪਾਮਾਂਗੇ?''
-''ਅੱਜ ਉਹਨਾਂ ਨੂੰ ਵੀ ਘੁੱਟ-ਘੁੱਟ ਲੁਆ ਕੇ ਪਾ ਦਿਆਂਗੇ।''
-''ਲੈ ਗੱਲਾਂ ਦੇਖ ਕੀ ਕਰਨ ਲੱਗ ਪਿਐ-ਜੇ ਜੈਬਿਆ ਤੂੰ ਨੀ ਕੁਤਰ ਸਕਦਾ ਪੁੱਤ-ਅਸੀਂ ਆਪੇ ਕੁਤਰ
ਲੈਨੀਐਂ।''
-''ਨਹੀਂ ਚਾਚੀ-ਤੂੰ ਮੇਰੇ ਹੁੰਦੇ ਕੁਤਰੇ ਆਲੀ ਮਸ਼ੀਨ ਨੂੰ ਹੱਥ ਨਾ ਲਾਈਂ-ਮੈਂ ਆਇਆ ਬੱਸ-ਚਾਚਾ ਤਾਂ
ਅੱਜ ਬੰਬੂਕਾਟ 'ਤੇ ਸਵਾਰ ਐ-ਇਹਨੂੰ ਧਰਤੀ ਕਾਹਨੂੰ ਦੀਂਹਦੀ ਐ।''
ਜੀਤ ਕੌਰ ਹੱਸਦੀ ਤੁਰ ਗਈ।
-''ਲੈ ਪਾ ਚਾਚਾ ਫੇਰ-ਮੈਂ ਤਾਂ ਹੋਵਾਂ ਵਿਹਲਾ-ਇਹਦੇ ਲਾਲਚ ਈ ਲੱਗੇ ਬੈਠੇ ਐਂ।''
ਉਹਨਾਂ ਆਖਰੀ ਪੈੱਗ ਪਾ ਕੇ ਬੋਤਲ ਖਤਮ ਕਰ ਦਿੱਤੀ ਅਤੇ ਜੈਬਾ ਆਪਦੇ ਕੰਮ ਜਾ ਲੱਗਿਆ।
ਤੀਜੇ ਦਿਨ ਡਾਕਟਰ ਆਤਮਾ ਸਿੰਘ ਅਤੇ ਬਲਿਹਾਰ ਸਿੰਘ ਬੱਧਣੀ ਡਾਕਟਰ ਕੋਲ ਚਲੇ ਗਏ। ਡਾਕਟਰ ਭਜਨ ਬੜਾ
ਰੱਬੀ-ਰੂਹ ਬੰਦਾ ਸੀ। ਹਰ ਕਿਸੇ ਨੂੰ ਬੜੀ ਨਿਮਰਤਾ ਨਾਲ ਲਿਫ਼ ਕੇ ਮਿਲਣਾ ਉਸ ਦਾ ਕਰਮ ਅਤੇ ਮੀਰੀ ਗੁਣ
ਸੀ। ਗਰੀਬ ਨਾਲ ਹਮਦਰਦੀ ਕਰਨੀ ਅਤੇ ਰੱਬ ਦੇ ਬੜਾ ਨਜ਼ਦੀਕ ਰਹਿਣਾ ਉਸ ਦੀ ਵਿਲੱਖਣਤਾ ਸੀ। ਹਰ ਕਿਸੇ
ਨਾਲ ਮਿੱਠਾ ਬੋਲਣਾ ਅਤੇ ਹਾਉਮੈਂ ਹੰਕਾਰ ਤੋਂ ਕੋਹਾਂ ਦੂਰ ਰਹਿਣਾ ਉਸ ਦੀ ਆਗੰਮੀ ਫ਼ਿਤਰਤ ਸੀ!
ਡਾਕਟਰ ਆਤਮਾ ਸਿੰਘ ਅਤੇ ਬਲਿਹਾਰ ਸਿੰਘ ਨੂੰ ਉਹ ਬੜਾ ਉਡ ਕੇ ਮਿਲਿਆ।
-''ਕੋਈ ਕੰਮ ਆਏ ਸੀ ਚਾਚਾ?'' ਉਹ ਮਰੀਜ਼ਾਂ ਵੱਲੋਂ ਬੇਧਿਆਨਾ ਹੋ ਕੇ ਬਲਿਹਾਰ ਸਿੰਘ ਨੂੰ ਸੰਬੋਧਿਤ
ਹੋਇਆ।
-''ਕੰਮ ਆਏ ਸੀ ਸ਼ੇਰਾ-ਤੂੰ ਕਰਲਾ ਕੰਮ ਅਜੇ-ਮਰੀਜਾਂ ਨੂੰ ਤੋਰਲੈ।''
-''ਜਾਹ ਬੱਬੂ ਚਾਹ ਆਖ ਕੇ ਆ।''
-''ਚਾਹ ਦੀ ਤਾਂ ਸ਼ੇਰਾ ਕੋਈ ਜਰੂਰਤ ਨਹੀਂ-ਹੁਣੇ ਪਿੰਡੋਂ ਪੀ ਕੇ ਤੁਰੇ ਸੀ।''
-''ਕੋਈ ਨਾ ਚਾਚਾ ਜੀ-ਊਂ ਤਾਂ ਤੁਸੀਂ ਆਉਂਦੇ ਨੀ-ਅੱਜ ਥੋਨੂੰ ਚਾਹ ਤੋਂ ਬਿਨਾ ਈ ਤੋਰ ਦੇਈਏ?'' ਭਜਨ
ਦੀ ਘਰਵਾਲੀ ਬੋਲੀ।
-''ਭਾਈ ਕਿੱਥੇ ਨਿਕਲਿਆ ਜਾਂਦੈ ਘਰਾਂ 'ਚੋਂ? ਪੰਜ ਪਾਂਜੇ ਈ ਭੂਤਨੀ ਭੁਲਾਈ ਰੱਖਦੇ ਐ।''
-''ਆਜੋ ਚਾਚਾ-ਅੰਦਰੇ ਈ ਆਜੋ।'' ਅੰਦਰੋਂ ਭਜਨ ਨੇ ਹਾਕ ਮਾਰ ਲਈ।
ਉਹ ਅੰਦਰ ਚਲੇ ਗਏ।
ਬਲਿਹਾਰ ਸਿੰਘ ਨੇ ਆਤਮਾ ਸਿੰਘ ਵੱਲ ਝਾਤੀ ਮਾਰੀ ਤਾਂ ਆਤਮੇ ਨੇ ਸਾਰੀ ਗੱਲ ਬਗੈਰ ਵਲ-ਫੇਰ ਤੋਂ ਭਜਨ
ਅੱਗੇ ਰੱਖ ਦਿੱਤੀ।
-''ਕੋਈ ਗੱਲ ਨਹੀਂ-ਤੁਸੀਂ ਜਦੋਂ ਚਾਹੋਂ ਬਿੱਲੇ ਨੂੰ ਛੱਡ ਜਾਓ-ਮੈਂ ਪੂਰੀ ਵਾਹ ਲਾ ਦਿਆਂਗਾ ਚਾਚਾ।''
ਬਲਿਹਾਰ ਸਿੰਘ ਦੇ ਦਿਲ ਦੀ ਹੋ ਗਈ।
-''ਤੁਸੀਂ 'ਕੱਲੇ ਈ ਆ ਜਾਂਦੇ-ਆਤਮੇ ਨੂੰ ਕਾਹਨੂੰ ਤਕਲੀਫ ਦੇਣੀ ਸੀ?'' ਭਜਨ ਨੇ ਆਖਿਆ।
-''ਮੈਂ ਸੋਚਿਆ ਬਈ ਡਾਕਦਾਰਾਂ ਦੀ ਡਾਕਦਾਰ ਬਾਹਲੀ ਮੰਨਦੇ ਹੁੰਦੇ ਐ।'' ਖੁਸ਼ੀ ਬਲਿਹਾਰ ਸਿੰਘ ਦੀਆਂ
ਕੱਛਾਂ ਵਿਚ ਦੀ ਬਾਹਰ ਡੁੱਲ੍ਹ ਰਹੀ ਸੀ।
-''ਮੈਂ ਸਾਰਿਆਂ ਦੀ ਈ ਮੰਨਦੈਂ ਚਾਚਾ।''
ਸਾਰੇ ਹੱਸ ਪਏ।
ਚਾਹ ਆ ਗਈ।
ਚਾਹ ਪੀਕੇ ਉਹ ਪਿੰਡ ਪਰਤ ਆਏ।
ਬਿੱਲੇ ਨੂੰ ਡਾਕਟਰ ਭਜਨ ਸਿੰਘ ਪਾਸ ਛੱਡ ਦਿੱਤਾ ਗਿਆ।