ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 3

ਅਗਲੇ ਦਿਨ ਟੀਕਾ ਲੁਆ ਕੇ ਬਲਿਹਾਰ ਸਿੰਘ ਖੇਤ ਪਹੁੰਚ ਗਿਆ।
ਜੈਬਾ ਝੋਨੇ ਵਿਚੋਂ ਖੱਸਣ ਕੱਢਦਾ ਮੱਛੀਓਂ ਮਾਸ ਹੋਇਆ ਪਿਆ ਸੀ।
-''ਕਰੀ ਜਾਨੈਂ ਕਮਾਲਾਂ?''
-''ਕਰੀ ਜਾਨੈਂ ਚਾਚਾ-ਹਾਏ--!'' ਸਵੇਰ ਤੋਂ ਕੋਡਾ ਹੋ ਕੇ ਨਦੀਨ ਪੱਟਦੇ ਜੈਬੇ ਦੀ ਪਿੱਠ ਸਿੱਧੀ ਨਹੀਂ ਹੋ ਰਹੀ ਸੀ। ਕੰਗਰੋੜ 'ਤੇ ਹੱਥ ਰੱਖੀ ਉਹ ਓਕੜੂ ਜਿਹਾ ਹੋਇਆ ਖੜ੍ਹਾ ਸੀ।
-''ਮੋਟਰ ਨੀ ਚਲਾਈ?''
-''ਖਸਮਾਂ ਨੂੰ ਖਾਣੀ ਬਿਜਲੀ ਆਵੇ ਤਾਹੀਂ ਚਲਾਈਏ? ਲੈਟ ਤਾਂ ਧਗੜੇ ਛੱਡਦੇ ਈ ਨੀ-ਐਹੋ ਜੀ ਮੁਖਤ ਦੀ ਬਿਜਲੀ ਤੋਂ ਬੰਦੇ ਨੇ ਕੀ ਕਰਾਉਣੈਂ? ਜਿਹੜੀ ਪੁੱਤਾਂ ਪਿੱਟੀ ਦਰਸ਼ਣ ਈ ਨ੍ਹੀ ਦਿੰਦੀ! ਐਦੂੰ ਤਾਂ ਬਿੱਲ ਈ ਲੈ ਲਿਆ ਕਰਨ-ਬਿਜਲੀ ਤਾਂ ਛੱਡਣ-ਦੱਸੋ ਜੱਟ ਫਸਲਾਂ ਕਾਹਦੇ ਸਿਰ 'ਤੇ ਪਾਲੇ?'' ਜੈਬੇ ਨੇ ਨਦੀਨਾਂ ਦੀ ਥੱਬੀ ਦੂਰ ਵਗਾਉਂਦਿਆਂ ਬੜਾ ਦੁਖੀ ਹੋ ਕੇ ਕਿਹਾ।
-''ਇੰਜਣ ਚਲਾ ਲੈਣਾ ਸੀ?''
-''ਤੇਲ ਕਿਹੜੇ ਬਾਪੂ ਕੋਲੋਂ ਲਿਆਵਾਂ ਚਾਚਾ?''
-''ਬੜੇ ਦੁਖੀ ਕੀਤੇ ਐਂ ਐਸ ਗੌਰਮਿਲਟ ਨੇ ਜੈਬਿਆ-ਵੋਟਾਂ ਵੇਲੇ ਗੱਲੀਂ ਵਾਰੇ ਨੀ ਆਉਣ ਦਿੰਦੇ-ਅਸੀਂ ਆਹ ਕਰ ਦਿਆਂਗੇ ਜੀ-ਅਸੀਂ ਜੌਹ ਕਰ ਦਿਆਂਗੇ ਜੀ-ਆਹ ਦੇਖਲਾ ਕੀ ਕਰਦੇ ਐ?''
-''ਜਿੰਨਾਂ ਚਿਰ ਪੰਜਾਬ ਦਾ ਜੱਟ ਖੱਸੀ ਨੀ ਹੁੰਦਾ ਚਾਚਾ-ਉਨਾਂ ਚਿਰ ਇਹ ਜਮਾਂ ਨੀ ਬੋਲਦੇ-ਦੇਖ ਲਈਂ!''
-''ਮੈਨੂੰ ਇਕ ਗੱਲ ਸਮਝ ਨੀ ਆਉਂਦੀ ਜੈਬਿਆ-ਬਈ ਜੇ ਪੰਜਾਬ ਈ ਮਰ ਗਿਆ-ਇਹ ਰਾਜ ਕਿੱਥੇ ਕਰਨਗੇ? ਜਿਹੜੇ ਪਤੰਦਰਾਂ ਨੂੰ ਇਹ ਪੰਜਾਬ ਦਾ ਪਾਣੀ ਪਰੋਸ-ਪਰੋਸ ਕੇ ਦੇਈ ਜਾਂਦੇ ਐ-ਉਹਨਾਂ ਨੇ ਇਹਨਾਂ ਨੂੰ ਜਮਾਂ ਨ੍ਹੀ ਵੜਨ ਦੇਣਾ।''
-''ਅਗਲੇ ਕਹਿਣਗੇ, ਤੁਸੀਂ ਤਾਂ ਬੁੱਚੜੋ ਆਬਦਿਆਂ ਦੇ ਨੀ ਬਣੇ-ਸਾਡੇ ਕੀ ਬਣੋਗੇ?''
-''ਇਕ ਕਥਾ ਸੁਣਦੇ ਹੁੰਦੇ ਸੀ-ਇਕ ਆਰੀ ਹਿੰਦੂ-ਮੁਸਲਮਾਨ ਕਬੀਲਿਆਂ ਦੀ ਜੰਮ ਕੇ ਲੜਾਈ ਹੋਈ-ਹਿੰਦੂ ਪਾਸਾ ਲੜਾਈ 'ਚ ਭਾਰੀ ਪੈਂਦਾ ਜਾਵੇ-ਮੁਸਲਮਾਨਾਂ ਨੂੰ ਫਿਕਰ ਪੈ ਗਿਆ-ਬਈ ਇਹ ਤਾਂ ਸਾਨੂੰ ਜਿੱਤ ਜਾਣਗੇ ਤੇ ਸਾਨੂੰ ਦੇਸ਼ ਨਿਕਾਲਾ ਹੋਜੂ-ਇਹ ਇਲਾਕਾ ਛੱਡਣਾ ਪਊ-ਫੇਰ ਜਾਵਾਂਗੇ ਕਿੱਥੇ?''
-''--------।''
-''ਰੱਬ ਤੇਰਾ ਭਲਾ ਕਰੇ-ਫੇਰ ਉਹਨਾਂ ਨੇ ਮੰਦਰ ਦੇ ਇਕ ਪੁਜਾਰੀ ਨੂੰ ਹੱਥ 'ਚ ਲਿਆ-ਪੁਜਾਰੀ ਨੂੰ ਲਾਲਚ ਦਿੱਤਾ ਬਈ ਤੂੰ ਸਾਡੀ ਮੱਦਤ ਕਰ-ਜਦੋਂ ਅਸੀਂ ਜਿੱਤਗੇ-ਆਹ ਇਲਾਕਾ ਸਾਰਾ ਈ ਤੇਰੇ ਨਾਂ ਕਰ ਦਿਆਂਗੇ।''
-''--------।''
-''ਪੁਜਾਰੀ ਜੈਬਿਆ, ਲਾਲਚ 'ਚ ਆ ਗਿਆ-ਉਹਨੇ ਹਿੰਦੂਆਂ ਦੀ ਕਮਜੋਰੀ ਦੱਸੀ ਬਈ ਔਹ ਮੰਦਰ 'ਤੇ ਜਿਹੜਾ ਲਾਲ ਝੰਡਾ ਝੂਲਦੈ-ਕਿਮੇਂ ਨਾ ਕਿਮੇਂ ਓਸ ਝੰਡੇ ਨੂੰ ਸਿੱਟ ਦਿਓ-ਹਿੰਦੂ ਹਥਿਆਰ ਸਿੱਟ ਕੇ ਭੱਜ ਜਾਣਗੇ-ਉਹ ਫਰਾਟੇ ਮਾਰਦੇ ਝੰਡੇ ਦੇ ਹੌਂਸਲੇ 'ਚ ਈ ਲੜਦੇ ਐ-ਬਈ ਦੇਵੀ ਮਾਤਾ ਸਾਡੇ 'ਤੇ ਮਿਹਰਵਾਨ ਐਂ-ਜਦੋਂ ਝੰਡਾ ਤੁਸੀਂ ਡੇਗ ਲਿਆ-ਉਹਨਾਂ ਨੇ ਸੋਚਣੈਂ ਬਈ ਕਿਸੇ ਗੱਲੋਂ ਦੇਵੀ ਨਰਾਜ ਹੋ ਗਈ-ਤੇ ਉਹ ਝੰਡੇ ਨੂੰ ਡਿੱਗਿਆ ਦੇਖ ਕੇ ਭੱਜ ਜਾਣਗੇ।''
-''-----।''
-''ਰੱਬ ਤੇਰਾ ਭਲਾ ਕਰੇ-ਇਉਂ ਈ ਹੋਇਆ-ਕਿਸੇ ਨਾ ਕਿਸੇ ਤਰ੍ਹਾਂ ਮੁਸਲਮਾਨਾਂ ਨੇ ਰਾਤ ਨੂੰ ਮੰਦਰ 'ਤੇ ਝੂਲਦਾ ਝੰਡਾ ਡੇਗ ਲਿਆ ਤੇ ਹਿੰਦੂ ਹਥਿਆਰ ਸਿੱਟ ਕੇ ਗੱਡੀ ਬਣ ਗਏ-ਮੁਸਲਮਾਨਾਂ ਦੀ ਜਿੱਤ ਹੋਈ ਤੇ ਉਹਨਾਂ ਨੇ ਇਸ 'ਲਾਕੇ 'ਤੇ ਕਬਜਾ ਕਰ ਲਿਆ-।''
-''-------।''
-''ਮੁਸਲਮਾਨਾਂ ਦੇ ਮੋਢੀ ਨੇ ਪੁਜਾਰੀ ਨੂੰ ਇਨਾਮ ਦੇਣ ਵਾਸਤੇ ਬੁਲਾ ਲਿਆ-ਹੁੱਬ ਕੇ ਪੁਜਾਰੀ ਵੀ ਪਹੁੰਚ ਗਿਆ-ਬੋਦੀਆਂ ਚੋਪੜੀਆਂ ਵੀਆਂ।''
-''ਫੇਰ-?''
-''ਫੇਰ ਕੀ? ਲਿਖਤਾ ਪੁਜਾਰੀ ਨੂੰ ਪਟਾ!''
-''ਕਿਮੇਂ?''
-''ਮੁਸਲਮਾਨਾਂ ਦਾ ਮੁਖੀ ਕਹਿੰਦਾ-ਇਹਨੂੰ ਬੇਈਮਾਨ ਪੁਜਾਰੀ ਨੂੰ ਗਾਂ ਦੀ ਖੱਲ 'ਚ ਮੜ੍ਹ ਕੇ ਧੁੱਪੇ ਸਿੱਟ ਦਿਓ-ਜਦੋਂ ਮਰ ਜਾਵੇ-ਇਹਨੂੰ ਘੜ੍ਹੀਸ ਕੇ ਜੰਗਲਾਂ 'ਚ ਸਿੱਟ ਆਇਓ।''
-''------?''
-''ਪੁਜਾਰੀ ਤਾਂ ਲੱਗ ਪਿਆ ਲੇਲ੍ਹੜੀਆਂ ਕੱਢਣ-ਕਹਿੰਦਾ ਮੈਂ ਤਾਂ ਥੋਡੀ ਮੱਦਤ ਕੀਤੀ ਐ-ਥੋਨੂੰ ਜਿਤਾਇਐ-ਤੁਸੀਂ ਮੇਰੇ ਨਾਲ ਆਹ ਕੀ ਸਲੂਕ ਕਰਨ ਲੱਗੇ ਓਂ ਜਹਾਂ ਪਨਾਂਹ?''
-''------।''
-''ਜਹਾਂ ਪਨਾਂਹ ਕਹਿਣ ਲੱਗਿਆ: ਐ ਬੇਈਮਾਨ ਪੁਜਾਰੀ! ਜਿਹੜਾ ਆਬਦੇ ਲੋਕਾਂ ਦਾ-ਆਬਦੇ ਭਰਾਵਾਂ ਦਾ ਨ੍ਹੀ ਬਣ ਸਕਿਆ-ਉਹ ਸਾਡਾ ਕੀ ਬਣੇਗਾ? ਜਿਹੜਾ ਲਾਲਚ 'ਚ ਆ ਕੇ ਆਪਣੀ ਮਾਂ-ਧਰਤੀ ਦੇ ਲੋਕਾਂ ਨਾਲ ਗੱਦਾਰੀ ਕਰ ਸਕਦੈ-ਉਹਨੇ ਸਾਡੇ ਨਾਲ ਵਫਾ ਕਦੋਂ ਕੀਤੀ?''
-''ਇਹ ਵੀ ਗੱਲ ਸਹੀ ਐ।''
-''ਫੇਰ ਜਹਾਂ ਪਨਾਂਹ ਨੇ ਹੁਕਮ ਸੁਣਾਇਆ ਬਈ ਇਹਨੂੰ ਗਾਂ ਦੀ ਖੱਲ 'ਚ ਮੜ੍ਹ ਕੇ ਧੁੱਪੇ ਸਿੱਟ ਦਿਓ ਤੇ ਜਿਹੜਾ ਕੋਈ ਇਹਦੇ ਕੋਲ ਦੀ ਲੰਘੇ-ਇਹਦੇ ਮੂੰਹ 'ਤੇ ਥੁੱਕੇ ਤੇ ਸਿਰ 'ਚ ਦੋ ਛਿੱਤਰ ਜਰੂਰ ਮਾਰੇ-ਆਹ ਹਾਲ ਤਾਂ ਪੁਜਾਰੀ ਦਾ ਉਹਨਾਂ ਨੇ ਕੀਤਾ।''
-''ਆਹੀ ਹਾਲ ਤਾਂ ਚਾਚਾ 'ਕਾਲੀਆਂ ਦਾ ਹਰਿਆਣੇ ਆਲਿਆਂ ਨੇ ਕਰਨੈਂ! ਬਈ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਦੇ ਨੀ ਬਣ ਸਕੇ-ਸਾਡੇ ਕੀ ਬਣੋਂਗੇ?''
-''ਇਕ ਗੱਲ ਦੀ ਸਮਝ ਨੀ ਆਉਂਦੀ ਜੈਬਿਆ?''
-''ਕਿਹੜੀ ਦੀ ਚਾਚਾ?''
-''ਹਰ ਮੰਤਰੀ ਆਬਦੇ-ਆਬਦੇ ਸੂਬੇ ਵਾਸਤੇ ਇਮਾਨਦਾਰ ਐ-ਆਪਣੇ 'ਕਾਲੀਆਂ ਨੂੰ ਪੰਜਾਬ ਦੇ ਹੱਕ 'ਚ ਖੜ੍ਹਦਿਆਂ ਨੂੰ ਪਤਾ ਨੀ ਕੀ ਗੋਲੀ ਪੈ ਜਾਂਦੀ ਐ?''
-''ਕੀ ਕਰੀਏ ਚਾਚਾ? ਡਮਾਕ ਚੱਕਿਆ ਪਿਐ।''
-''ਇਹ 'ਕਾਲੀ ਵੀ ਨਾਂ ਦੇ ਈ ਐ-ਛਟੇਜਾਂ 'ਤੇ ਗਾਤਰੇ ਪਾ ਲੈਣਗੇ-ਦਾਹੜ੍ਹੀਆਂ ਖੁੱਲ੍ਹੀਆਂ ਛੱਡ ਲੈਣਗੇ-ਵੱਡੀ ਕਿਰਪਾਨ ਹੱਥ 'ਚ ਫੜ ਲੈਣਗੇ-ਪਰ ਦਿੱਲੀ ਜਾ ਕੇ ਮੰਦਰਾਂ 'ਚ ਬੜੇ ਟੱਲ ਖੜਕਾਉਂਦੇ ਐ ਇਹੇ-ਮੱਥਿਆਂ 'ਤੇ ਤਿਲਕ ਲਵਾਉਂਦਿਆਂ ਦੀਆਂ ਫੋਟੂਆਂ ਛਪੀਆਂ ਤਾਂ ਸੀ 'ਖਬਾਰਾਂ 'ਚ-ਇਕ ਨੇ ਤਾਂ ਕਹਿੰਦੇ ਐ ਹਵਨ ਵੀ ਕਰਵਾਇਐ ਬੋਟਾਂ ਵੇਲੇ।''
-''ਵਾਹ ਬਈ ਵਾਹ! ਨਹੀਂ ਰੀਸਾਂ ਥੋਡੀਆਂ-ਤਰ ਗਈ ਹੋਊ ਥੋਨੂੰ ਜੰਮਣ ਆਲੀ ਮਾਈ।''
-''ਬੋਟਾਂ ਵੇਲੇ ਪੰਡਤਾਂ ਨੂੰ ਹੱਥ ਦਿਖਾਉਂਦੇ ਫਿਰਨਗੇ-ਬੰਦਾ ਪੁੱਛਣ ਆਲਾ ਹੋਵੇ ਬਈ 'ਕਾਲੀ ਤੁਸੀਂ ਸੁਆਹ ਦੇ ਐਂ?''
-''ਛੱਡ ਚਾਚਾ ਇਹਨਾਂ ਮੰਤਰੀਆਂ ਛੰਤਰੀਆਂ ਦੀਆਂ ਗੱਲਾਂ! ਤੂੰ ਸਿਹਤ ਦਾ ਹੁਲੀਆ ਦੱਸ?''
-''ਹੁਣ ਮੈਂ ਕੈਮ ਐਂ-ਬੱਸ ਕਮਜੋਰੀ ਜੀ ਮੰਨੀ ਜਾਂਦੈ ਸਰੀਰ।''
-''ਤਾਗਤ ਦਾ ਟੀਕਾ ਟੂਕਾ ਲੁਆ ਲੈਣਾ ਸੀ?''
-''ਲੁਆਉਨੈਂ ਸ਼ੇਰਾ! ਇਉਂ ਤਾਂ ਕੰਮ ਨੀ ਚੱਲਣਾ-ਜੱਟ ਦਾ ਮੰਜੇ 'ਤੇ ਪੈ ਕੇ ਕਦੋਂ ਵੇਲਾ ਪੂਰਾ ਹੁੰਦੈ?''
-''ਚਾਚਾ ਲੈਟ ਆਗੀ! ਮੈਂ ਮੋਟਰ ਚਲਾ ਆਵਾਂ!''
-''ਚਲਾਇਆ ਸ਼ੇਰਾ।''
ਦਾਤੀ ਸੁੱਟ ਜੈਬਾ ਮੋਟਰ ਵੱਲ ਨੂੰ ਭੱਜ ਗਿਆ।
ਮੋਟਰ ਚਲਾ ਦਿੱਤੀ।
ਖਾਲਾਂ, ਨੱਕਿਆਂ ਦਾ ਨਿਰੀਖਣ ਕਰਦਾ ਉਹ ਫਿਰ ਬਲਿਹਾਰ ਸਿੰਘ ਕੋਲ ਪੁੱਜ ਗਿਆ।
-''ਆ ਤਾਂ ਗਈ-ਰਹੂ ਪਤਾ ਨੀ ਕਿੰਨਾਂ ਕੁ ਚਿਰ? ਛੜੇ ਜੇਠ ਦੀ ਨਿੱਕੀ ਭਰਜਾਈ ਮਾਂਗੂੰ ਇਹ ਵੀ ਕਦੇ ਈ ਮੂੰਹ ਦਿਖਾਉਂਦੀ ਐ।''
ਜੈਬੇ ਦੇ ਕਸੇ ਵਿਅੰਗ ਕਰਕੇ ਦੋਨੋਂ ਉਚੀ-ਉਚੀ ਹੱਸ ਪਏ।
-''ਔਹ ਜੱਥੇਦਾਰ ਆਉਂਦੈ?'' ਬਲਿਹਾਰ ਸਿੰਘ ਨੇ ਮੱਥੇ 'ਤੇ ਹੱਥ ਦੀ ਓਟ ਰੱਖ ਕੇ ਪੁੱਛਿਆ।
-''ਜਮਾਂ ਈ ਉਹੋ ਐ!''
-''ਇਹ ਤਾਂ ਤੂੰ ਕਹਿੰਦਾ ਸੀ ਬਈ ਚੰਡੀਗੜ੍ਹ ਗਿਆ ਸੀ-ਮਾਛਟਰ ਮਗਰ?''
-''ਮੁੜ ਆਇਆ ਹੋਊ? ਅਣਜਕਾ ਜਿਆ ਹੈਗੈ-ਪੈਰ ਤਾਂ ਕਿਤੇ ਲਾਉਂਦਾ ਈ ਨੀ।''
-''ਉਤਲੇ ਪੈਰੀਂ ਹਵਾ 'ਚ ਈ ਰਹਿੰਦੈ।''
ਜੱਥੇਦਾਰ ਨੇੜੇ ਆਇਆ ਤਾਂ ਉਹ ਚੁੱਪ ਕਰ ਗਏ।
-''ਆ ਬਈ ਜੱਥੇਦਾਰਾ---!''
-''ਆਏ-ਤੂੰ ਖੇਸ ਜਿਆ ਉਤੇ ਲਈ ਬੈਠੈਂ-ਸੁੱਖ ਐ?'' ਜੱਥੇਦਾਰ ਦੀ 'ਝੱਗੀ' ਹੇਠ ਵੱਡਾ ਢਿੱਡ ਸਮਾ ਨਹੀਂ ਰਿਹਾ ਸੀ। 'ਨਿੱਕਲਜੂੰ-ਨਿੱਕਲਜੂੰ' ਕਰਦਾ ਸੀ।
-''ਮੈਨੂੰ ਤਾਂ ਤਾਪ ਨੇ ਸਿੱਟ ਲਿਆ-ਇਕ ਦਿਨ 'ਚ ਈ ਮੋਛੇ ਪਾਤੇ।''
-''ਕੋਈ ਦੁਆਈ ਦਊਈ ਲੈ ਲੈਣੀ ਸੀ?''
-''ਟੀਕਾ ਲੁਆਇਐ-ਇਕ ਕੱਲ੍ਹ ਇਕ ਅੱਜ-ਦੁਆਈ ਕੈਵਸੂਲ ਖਾਈ ਜਾਨੈਂ-ਜਾਣੀ ਦੀ ਇਕ ਦਿਨ 'ਚ ਈ ਚਿੱਬ ਪਾਤੇ ਸਰੀਰ 'ਚ ਸਾਲੇ ਨੇ-ਅੱਜ ਤਾਗਤ ਦਾ ਟੀਕਾ ਲੁਆਉਨੈਂ-ਜਾਣੀ ਦੀ ਸੱਤਿਆ ਜੀ ਸੂਤ ਲਈ-ਕਮਜੋਰੀ ਹੋਈ ਪਈ ਐ।''
-''ਕਮਜੋਰੀ ਤਾਂ ਹੋ ਈ ਜਾਂਦੀ ਐ।''
-''ਮੈਂ ਤਾਂ ਆਪਣੇ ਮਾਛਟਰ ਕਰਕੇ ਤੇਰੇ ਵੱਲੀਂ ਆਉਣਾ ਸੀ-ਤਾਪ ਕਰਕੇ ਆ ਈ ਨੀ ਹੋਇਆ-ਮੈਨੂੰ ਤਾਂ ਆਪਣੇ ਜੈਬੇ ਨੇ ਕੱਲ੍ਹ ਆਥਣੇ ਦੱਸਿਆ ਸੀ।''
-''ਕੋਈ ਗੱਲ ਨੀ।''
-''ਕੀ ਗੱਲ ਕੀ ਹੋਗੀ ਜੱਥੇਦਾਰਾ?''
-''ਗੱਲ ਕੀ ਹੋਣੀ ਸੀ ਯਾਰ-ਪੰਜਾਬ 'ਚ ਕਈ ਐਹੋ ਜੇ ਸਕੂਲ ਪਏ ਐ-ਜਿੱਥੇ ਕਿੰਨਿਆਂ ਈ ਸਾਲਾਂ ਤੋਂ ਕੋਈ ਮਾਸਟਰ ਈ ਹੈਨੀ-ਜੁਆਕ ਸਕੂਲ ਆਉਂਦੇ ਐ ਤੇ ਨਾਲ ਲਿਆਂਦੇ ਪਰਾਉਂਠੇ ਖਾ ਕੇ ਢਿੱਡ 'ਤੇ ਹੱਥ ਫੇਰ ਕੇ ਮੁੜ ਜਾਂਦੇ ਐ-ਤੇ ਐਧਰ ਮੁੰਡੇ ਕੋਰਸ ਕਰ-ਕਰ ਕੇ ਵਿਹਲੇ ਬੈਠੇ ਮੱਖੀਆਂ ਮਾਰੀ ਜਾਂਦੇ ਐ-ਤੇ ਇਹਨਾਂ ਸਾਰੇ ਬੇਰੁਜ਼ਗਾਰਾਂ ਨੇ ਚੰਡੀਗੜ੍ਹ ਧਰਨਾ ਦੇਣ ਦਾ ਪ੍ਰੋਗਰਾਮ ਬਣਾ ਲਿਆ-ਧਰਨਾ ਕਈ ਦਿਨ ਚੱਲਦਾ ਰਿਹਾ-ਪੋਸਟਾਂ ਤਾਂ ਇਹਨਾਂ ਨੂੰ ਕੀ ਦੇਣੀਆਂ ਸੀ? ਪੁਲਸ ਨੂੰ ਹਰੀ ਝੰਡੀ ਦੇਤੀ-ਤੇ ਵੀਰ ਮੇਰਿਆ ਉਹਨਾਂ ਨੇ ਹੱਡ ਕੁੱਟ-ਕੁੱਟ ਹਸਪਤਾਲੀਂ ਲਿਜਾ ਸੁੱਟੇ-ਆਪਣੇ ਆਲੇ ਦੇ ਪੇਡੂ 'ਚ ਸੱਟ ਵੱਜੀ ਤੇ ਉਹਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ।'' ਜੱਥੇਦਾਰ ਨੇ ਕਹਾਣੀ ਸੁਣਾਈ।
-''ਹੁਣ ਕਿਮੇਂ ਐਂ?''
-''ਹੁਣ ਤਾਂ ਕੁਛ ਠੀਕ ਐ-ਕੱਲ੍ਹ ਨਾਲੀਆਂ ਨੂਲੀਆਂ ਪਾ ਕੇ ਪਿਸ਼ਾਬ ਕੱਢਦੇ ਰਹੇ-ਤੇ ਅੱਜ ਸਵੇਰੇ ਆਪ ਈ ਕਰ ਲਿਆ ਸੀ-ਸੀ ਤਾਂ ਬਹੁਤ ਤੰਗ-ਪਰ ਹੁਣ ਊਂ ਠੀਕ ਐ।''
-''ਜੱਥੇਦਾਰਾ! ਇਉਂ ਪੰਜਾਬ ਦਾ ਕੰਮ ਕਿੰਨਾਂ ਕੁ ਚਿਰ ਚੱਲੂ? ਇਕ ਪਾਸੇ ਤੂੰ ਕਹਿਨੈਂ ਬਈ ਮਾਛਟਰਾਂ ਅੱਲੋਂ ਸਕੂਲ ਖਾਲੀ ਪਏ ਐ-ਤੇ ਦੂਜੇ ਪਾਸੇ ਮਾਛਟਰ ਵਿਹਲੇ ਫਿਰਦੇ ਐ-ਜੱਟਾਂ ਨੂੰ ਇਕ ਪਾਸੇ ਝੋਨਾਂ ਲਾਉਣ ਨੂੰ ਆਖ ਦਿੱਤਾ-ਦੂਜੇ ਪਾਸੇ ਨਾ ਬਿਜਲੀ ਆਉਂਦੀ ਐ-ਨਾ ਤੇਲ ਮਿਲਦੈ-ਜੱਟ ਝੋਨਾਂ ਮਾਂ ਦੇ ਸਿਰ ਤੋਂ ਪਾਲੂ?''
-''ਬਲਿਹਾਰ ਸਿਆਂ! ਜਿੰਨਾਂ ਚਿਰ ਪੰਜਾਬ ਬਿਲਕੁਲ ਕੰਗਾਲ ਨੀ ਹੁੰਦਾ-ਓਨਾਂ ਚਿਰ ਮੰਤਰੀਆਂ ਨੂੰ ਸਬਰ ਨੀ ਆਉਣਾ।''
-''ਜੇ ਪੰਜਾਬ ਈ ਮਰ ਗਿਆ-ਇਹੇ ਕਾਲੇ ਮੂੰਹ ਆਲੇ ਰਾਜ ਕਿੱਥੇ ਕਰਨਗੇ?''
-''ਮਾਂ ਦੇ ਸਿਰ 'ਚ! ਫੇਰ ਇਹ ਅਮਰੀਕਾ ਕਨੇਡਾ ਨਿਕਲ ਜਾਣਗੇ-ਬਥ੍ਹੇਰਾ ਪੈਸੈ ਇਹਨਾਂ ਕੋਲੇ-ਕੋਈ ਕਮੀ ਨੀ।''
-''ਪਰ ਕਿਸਾਨ ਕਿਹੜੇ ਖੂਹ ਵਿਚ ਜਾਊ?''
-''ਕਿਸਾਨ ਮਰੂ! ਹੋਰ ਕੀ ਕਰੂ? ਹੋਰ ਕਿਸਾਨ ਨੇ ਮਾਂ ਦੇ ਸਿਰ 'ਚ ਜਾਣੈਂ? ਉਹ ਤਾਂ ਐਥੇ ਈ ਫਾਹਾ ਲਊ-ਜਾਂ ਜਹਿਰ ਖਾਊ।''
-''-----।'' ਬਲਿਹਾਰ ਸਿੰਘ ਜਿਵੇਂ ਡਰ ਗਿਆ ਸੀ।
-''ਜੇ ਕਿਸਾਨ ਈ ਮਰ ਗਿਆ ਜੱਥੇਦਾਰਾ-ਫੇਰ ਮਹਾਤੜਾਂ ਦਾ ਕੀ ਬਣੂੰ?'' ਜੈਬੇ ਨੂੰ ਆਪਣਾ ਪਾਅਲਾ ਮਾਰੀ ਜਾ ਰਿਹਾ ਸੀ। ਉਸ ਨੂੰ ਸਹੇ ਨਾਲੋਂ ਪਹੇ ਦਾ ਜ਼ਿਆਦਾ ਡਰ ਸੀ।
-''ਆਟੇ ਨਾਲ ਘੁਣ ਤਾਂ ਪੀਠਿਆ ਈ ਜਾਣੈਂ ਜੈਬਿਆ! ਥੋਨੂੰ ਇਹੇ ਪੈਨਸ਼ਣ ਨੀ ਲਾਉਣ ਲੱਗੇ-'ਕੱਲੇ ਜੱਟਾਂ ਨੂੰ ਈ ਨੀ-ਸਾਰੇ ਪੰਜਾਬ ਨੂੰ ਈ ਰਗੜਾ ਲੱਗਦਾ ਜਾਂਦੈ-ਜੱਟ ਪੰਜਾਬ ਦਾ ਧੁਰਾ ਐ-ਜੇ ਧੁਰਾ ਈ ਟੁੱਟ ਗਿਆ-ਪੁੜ ਕਾਹਦੇ ਆਸਰੇ ਤੁਰੂ? ਡਾਵਾਂਡੋਲ ਹੋਇਆ ਸਿਰ ਈ ਪਾੜੂ!''
-''-----।'' ਜੈਬਾ ਅਤੇ ਬਲਿਹਾਰ ਸਿੰਘ ਸਤੰਭ ਹੋਏ ਸੁਣ ਰਹੇ ਸਨ। ਜਿਵੇਂ ਉਹ ਬੇਹੋਸ਼ ਸਨ। ਜਿਵੇਂ ਉਹ ਗੂੰਗੇ-ਬੋਲੇ ਹੋ ਗਏ ਸਨ।
-''ਤੁਸੀਂ ਹੋਰ ਲੈ ਲਓ---!''
-''------।'' ਦੋਨੋਂ ਡਰ ਕੇ ਜਿਹੇ ਜੱਥੇਦਾਰ ਵੱਲ ਝਾਕੇ। ਜਿਵੇਂ ਜੱਥੇਦਾਰ ਨੇ ਕੋਈ ਮਨਹੂਸ ਗੱਲ ਸੁਣਾਉਣੀ ਸੀ।
-''ਸਰਕਾਰ ਅੱਜ ਦੇ ਕਿਸਾਨ ਦੀ ਈ ਨਹੀਂ-ਅਗਲੀ ਪੀੜ੍ਹੀ ਦੀ ਜ਼ਿਆਦਾ ਦੁਸ਼ਮਣ ਬਣੀ ਹੋਈ ਐ।''
-''ਕਿਮੇਂ---?'' ਬਲਿਹਾਰ ਸਿੰਘ ਨੇ ਬਿੱਲੇ ਬਾਰੇ ਸੋਚ ਕੇ ਚੰਘਿਆੜ ਜਿਹੀ ਮਾਰੀ।
-''ਸਰਕਾਰ ਨੇ ਪਿੰਡ-ਪਿੰਡ ਠੇਕੇ ਖੋਲ੍ਹ ਰੱਖੇ ਐ-ਨਵੀਂ ਪਨੀਰੀ ਨਸ਼ਿਆਂ 'ਚ ਗਰਕਦੀ ਜਾਂਦੀ ਐ-ਕੀ ਭੁੱਕੀ?ਕੀ ਗੋਲੀਆਂ? ਕੀ ਫੈਨਸੀ ਡਰਿੱਲ? ਕੀ ਜਰਦਾ? ਕੀ ਸਿਗਟਾਂ? ਮੁੰਡਿਆਂ ਦੀ ਤਾਂ ਗੱਲ ਛੱਡੋ-ਹੁਣ ਤਾਂ ਕੁੜੀਆਂ ਵੀ ਸਹੁਰੀਆਂ ਸਕੂਲਾਂ 'ਚ ਘੱਟ ਨ੍ਹੀ--!''
-''ਅੱਛਾ ਜੀ---!'' ਜੈਬੇ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ।
-''ਮੈਨੂੰ ਬਿਲਾਸਪੁਰ ਆਲੇ ਹੈੱਡਮਾਸਟਰ ਜੰਗੀਰ ਸਿਉਂ ਨੇ ਦੱਸਿਆ-ਕਹਿੰਦਾ ਜੱਥੇਦਾਰਾ ਕੁੜੀਆਂ ਸਹੁਰੀਆਂ ਤਾਂ ਡਬਲਰੋਟੀ 'ਤੇ ਆਇਓਡੈਕਸ 'ਤੇ ਜੁੱਤੀਆਂ ਨੂੰ ਪਾਲਸ਼ ਕਰਨ ਆਲੀ ਕਰੀਮ ਜੀ ਲਾ ਕੇ ਖਾਂਦੀਐਂ-।''
-''ਅੱਛਾ ਜੀ--?''
-''ਹਾਂ! ਦੱਸੋ ਐਹੋ ਜੀਆਂ ਕੁੜੀਆਂ ਸਹੁਰੀਆਂ ਕਿੱਥੋਂ ਬੰਦੇ ਬਹਾਦਰ ਜਾਂ ਹਰੀ ਸਿੰਘ ਨਲੂਏ ਜੰਮ ਦੇਣਗੀਆਂ?''
-''----।''
-''ਹੈੱਡਮਾਸਟਰ ਕਹਿੰਦਾ: ਜੱਥੇਦਾਰਾ ਅੱਜ ਕੱਲ੍ਹ ਤਾਂ ਸਕੂਲਾਂ 'ਚ ਪੜ੍ਹਾਉਣ ਦਾ ਕੋਈ ਹੱਜ ਨਹੀਂ ਰਹਿ ਗਿਆ-ਇਹ ਨਹੀਂ ਪਤਾ ਕਿ ਅਸੀਂ ਕਿਸੇ ਮੁੰਡੇ ਦੇ ਥੱਪੜ ਮਾਰੀਏ ਤੇ ਅਗਲਾ ਮੂਹਰਿਓਂ ਥੱਪੜ ਕੱਢ ਮਾਰੇ-ਪਹਿਲਿਆਂ ਸਮਿਆਂ ਨੂੰ ਯਾਦ ਕਰ-ਕਰ ਝੁਰਦੇ ਐਂ-ਜਦੋਂ ਮੁੰਡੇ ਅੱਖ 'ਚ ਪਾਏ ਨੀ ਸੀ ਰੜਕਦੇ-ਕੁੱਟ ਖਾ ਕੇ ਵੀ ਪੈਰੀਂ ਹੱਥ ਲਾਉਂਦੇ ਸੀ-ਅੱਜ ਕੱਲ੍ਹ ਮੁੰਡੇ ਤਾਂ ਜਿਹੜੇ ਅਲੱਥ ਹੈਗੇ ਐ, ਹੈਗੇ ਈ ਐ-ਸਹੁਰੀਆਂ ਕੁੜੀਆਂ ਨੀ ਮਾਨ!''
-''ਉਹ ਕਿਵੇਂ ਜੱਥੇਦਾਰਾ--?''
-''ਜਿਮੇਂ ਹੈੱਡਮਾਸਟਰ ਜੰਗੀਰ ਸਿਉਂ ਦੱਸਦਾ ਸੀ ਬਈ ਅੱਗੇ ਮੁੰਡੇ ਕੁੜੀਆਂ ਨੂੰ ਚਿੱਠੀਆਂ ਫੜਾਉਂਦੇ ਹੁੰਦੇ ਸੀ-ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨੂੰ ਚਿੱਠੀਆਂ ਫੜਾਉਂਦੀਐਂ ਸਹੁਰੀਆਂ।''
-''ਹੈਅ ਬੇੜਾ ਗਰਕ ਹੋਜੇ ਥੋਡਾ--!''
-''ਇਹ ਪੰਜਾਬ ਦੀ ਮਾੜੀ ਕਿਸਮਤ ਐ ਵੀਰ ਮੇਰਿਆ! ਪੰਜਾਬ ਦਿਨੋਂ ਦਿਨ ਖੂਹ 'ਚ ਡਿੱਗਦਾ ਜਾਂਦੈ-ਪਰ ਬੋਲਣ ਆਲਾ ਕੋਈ ਨਹੀਂ-ਇਹ ਤਾਂ ਜਿੱਦੇਂ 'ਗੜ੍ਹੱਭ' ਹੋਈ-ਉਦੇਂ ਪਤਾ ਲੱਗੂ।''
-''ਫੇਰ ਜੱਥੇਦਾਰਾ-ਅਗਲੀ ਪੀੜ੍ਹੀ ਦਾ ਬਣੂੰ ਕੀ?''
-''ਅਗਲੀ ਪੀੜ੍ਹੀ ਦਾ ਬਣੂੰ ਚਕਰਚੂੰਢਾ! ਹੁਣ ਤੇਰੇ ਸਾਹਮਣੇ ਈ ਐਂ? ਪੰਜਾਬ ਭਈਆਸਤਾਨ ਬਣਿਆਂ ਪਿਐ-ਧੜਾ ਧੜ ਭਈਏ ਪੰਜਾਬ ਤੁਰੇ ਆਉਂਦੇ ਐ-ਭਈਆਂ ਦੇ ਰਾਸ਼ਣ ਕਾਰਡ ਬਣਦੇ ਐ-ਭਈਆਂ ਦੀਆਂ ਵੋਟਾਂ ਬਣਦੀਐਂ-ਭਈਏ ਪੰਚਾਇਤ ਮੈਂਬਰ ਬਣੇ ਹੋਏ ਐ-ਭਈਏ ਜ਼ਿਮੀਦਾਰਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨਾਲ ਖੇਹ ਖਾਂਦੇ ਐ-ਕਈ ਥਾਂ ਭਈਏ ਜਿਮੀਦਾਰਾਂ ਦੀਆਂ ਧੀਆਂ ਭੈਣਾਂ ਨੂੰ ਕੱਢ ਕੇ ਲੈ ਗਏ ਤੇ ਅਦਾਲਤਾਂ 'ਚ ਵਿਆਹ ਕਰ ਲਏ-ਕਈ ਥਾਂ ਭਈਆਂ ਨੇ ਕਿਸਾਨ ਮਾਰੇ ਐ-ਬੱਚੇ ਅਗਵਾਹ ਕੀਤੇ ਐ-ਬੈਂਕਾਂ ਲੁੱਟੀਐਂ-ਪੰਜਾਬੀ ਲੁੱਟੇ ਐ-ਕਈ ਥਾਂ ਭਈਏ ਜਮੀਨ ਦੇ ਮਾਲਕ ਬਣੇ ਬੈਠੇ ਐ-ਟਰੈਕਟਰ ਰੱਖੇ ਹੋਏ ਐ-ਦੱਸੋ ਇਹਨਾਂ ਦਿਹਾੜੀ ਕਰਨ ਆਲਿਆਂ ਕੋਲ ਐਨਾ ਪੈਸਾ ਕਿੱਥੋਂ ਆਇਆ?''
-''ਲੁੱਟਾਂ ਖੋਹਾਂ-ਬੇਈਮਾਨੀਆਂ ਤੇ ਕਾਲੇ ਕੱਛਿਆਂ ਆਲਿਆਂ ਕੋਲੋਂ-।''
-''ਕਾਲੇ ਕੱਛਿਆਂ ਆਲੇ ਕੌਣ ਐਂ? ਅੱਧੋਂ ਜਿਆਦਾ ਭਈਏ! ਆਪਣੀ ਅਗਲੀ ਪੀੜ੍ਹੀ ਵੀ ਪੂਰੀ ਤਰ੍ਹਾਂ ਸੁਚੇਤ ਨਹੀਂ-ਇਹਨਾਂ ਨੂੰ ਵੀ ਭਈਆਂ ਦਾ ਸੁਖ ਪੈ ਗਿਆ-।''
-''-----।'' ਦੋਨੋਂ ਚੁੱਪ ਸਨ। ਪਰ ਜੱਥੇਦਾਰ ਦੀਆਂ ਨਿੱਗਰ ਗੱਲਾਂ ਉਹਨਾਂ ਦੇ ਦਿਲ ਲੱਗੀਆਂ ਸਨ।
-''ਤੂੰ ਆਪਣੀ ਗੱਲ ਈ ਲੈ-ਲਾ!''
-''-----।''
-''ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਖੇਤ ਹੁੰਦੇ ਸੀ ਤੇ ਨ੍ਹੇਰਾ ਹੋਏ ਤੋਂ ਬਾਅਦ ਖੇਤੋਂ ਘਰੇ ਵੜਦੇ ਸੀ-ਤੇ ਅੱਜ ਦੇ ਭਲਵਾਨ ਰੋਟੀ ਵੇਲੇ ਤਾਂ ਸੁੱਤੇ ਈ ਉਠਦੇ ਐ-ਫੇਰ ਚੱਕਦੇ ਐ ਸਕੂਟਰ ਤੇ ਸ਼ਹਿਰ ਜਾ ਵੱਜਦੇ ਐ-ਸ਼ਹਿਰ ਫਿਲਮ ਫੁਲਮ ਦੇਖ ਕੇ ਆ ਕੇ ਤਖਤਪੋਸ਼ 'ਤੇ ਬਹਿ ਕੇ ਤਾਸ਼ ਕੁੱਟਣ ਲੱਗ ਜਾਂਦੇ ਐ-ਸਾਰਾ ਕੰਮ ਭਈਏ ਦੇ ਹੱਥ ਐ-ਉਹ ਪੰਜ ਕਰੇ ਪੰਜਾਹ ਕਰੇ-ਪਸ਼ੂਆਂ ਤੋਂ ਲੈ ਕੇ ਟਰੈਕਟਰ ਵਾਹੁੰਣ ਤੱਕ ਭਈਆ ਮੁਹਰੈਲੀ ਐ-ਇਹ ਬਾਹਰ ਤਾਸ਼ ਦੀ ਬਾਜੀ ਲਾਉਂਦੇ ਐ ਤੇ ਭਈਆ ਘਰੇ ਧੀਆਂ ਭੈਣਾਂ ਨਾਲ ਅੱਖਾਂ ਤੱਤੀਆਂ ਕਰਦੈ-।''
-''-----।''
-''ਫੇਰ ਤਾਸ਼ ਤੋਂ ਵਿਹਲੇ ਹੋ ਕੇ ਆਥਣੇ ਇਹ ਨਸ਼ਾ ਪੱਤਾ ਪੂਰਾ ਕਰਦੇ ਐ-ਤੇ ਫੇਰ ਰਾਤ ਨੂੰ ਬੇਸੁਰਤ ਹੋ ਕੇ ਮੰਜੇ 'ਤੇ ਡਿੱਗਦੇ ਐ-ਕਿੰਨੀ ਵਾਰੀ ਅਖਬਾਰਾਂ 'ਚ ਪੜ੍ਹਿਐ ਬਈ ਰਾਤ ਨੂੰ ਭਈਆਂ ਦੀਆਂ ਰਜਾਈਆਂ ਕਿਵੇਂ ਨਿੱਘੀਆਂ ਹੁੰਦੀਐਂ?''
-''------।'' ਜੈਬਾ ਅਤੇ ਬਲਿਹਾਰ ਸਿੰਘ ਸਿਰ ਫੜੀ ਬੈਠੇ ਸਨ।
-''ਪਿੰਡ ਦਾ ਪੰਜਾਬੀ ਸੀਰੀ ਹੋਊ-ਧੀ ਭੈਣ ਦੀ ਸ਼ਰਮ ਤਾਂ ਕਰੂ? ਪਰ ਗਧੇ ਦੀ ਗਾਂ ਕੀ ਲੱਗਦੀ ਐ? ਪੰਜਾਬੀਆਂ ਦੀਆਂ ਧੀਆਂ ਭੈਣਾਂ ਇਹਨਾਂ ਦੀਆਂ ਕੀ ਲੱਗਦੀਐਂ? ਨਸ਼ਾ ਬੰਦੇ ਨੂੰ ਕੋਹੜੀ ਤੇ ਬੇਗੈਰਤ ਬਣਾ ਦਿੰਦੈ ਵੀਰ ਮੇਰਿਆ! ਨਸ਼ਿਆਂ 'ਚ ਡੁੱਬਦੇ ਜਾਂਦੇ ਪੰਜਾਬੀਆਂ ਦੀ ਗੈਰਤ ਤੇ ਜਮੀਰ ਮਰਦੀ ਜਾਂਦੀ ਐ-ਭਈਆਂ ਦੀ ਧੜਾ ਧੜ ਆਮਦ ਤੇ ਉਹਨਾਂ ਨੂੰ ਗੌਰਮਿੰਟ ਵੱਲੋਂ ਮਿਲਦੀਆਂ ਆਮ ਸਹੂਲਤਾਂ ਪੰਜਾਬ ਲਈ ਘਾਤਕ ਈ ਨਹੀਂ-ਜੜ੍ਹ ਪੱਟ ਤੇ ਮਾਰੂ ਵੀ ਐ-ਮੈਨੂੰ ਤਾਂ ਹੋਰ ਡਰ ਲੱਗਦੈ-।''
-''----।''
-''ਜੇ ਆਹੀ ਬੈਹਾਂ ਤੇ ਆਹੀ ਕੁਹਾੜੀ ਰਹੀ ਤਾਂ ਇਕ ਨਾ ਇਕ ਦਿਨ ਪੰਜਾਬ ਵਿਚ ਭਈਆ ਜਮੀਨ ਦਾ ਮਾਲਕ ਤੇ ਅੱਜ ਦਾ ਜਿਮੀਦਾਰ ਉਸ ਦਾ ਕਰਿੰਦਾ ਹੋਇਆ ਕਰੂਗਾ-।''
-''ਇਹ ਤਾਂ ਲੋਹੜੈ ਬਈ-।''
-''ਇਹ ਸਾਰਾ ਕੁਛ ਹੋ ਰਿਹੈ ਆਪਣੇ ਮੰਤਰੀਆਂ ਦੀ ਲਾਪਰਵਾਹੀ ਕਰਕੇ-ਇਕ ਗੱਲ ਯਾਦ ਰੱਖਿਓ! ਮੈਨੂੰ ਤਾਂ ਇਉਂ ਲੱਗਦੈ ਬਈ ਇਕ ਦਿਨ ਪੰਜਾਬ ਦਾ ਮੁੱਖ ਮੰਤਰੀ ਵੀ ਭਈਆ ਬਣੂੰ-ਪੰਜਾਬ ਨੂੰ ਟੋਭੇ ਸੁੱਟਣ ਲਈ ਭਈਆ ਇਕ ਮੁੱਖ ਹਥਿਆਰ ਵਜੋਂ ਠੋਕ ਕੇ ਵਰਤਿਆ ਜਾ ਰਿਹੈ।''
-''ਲੈ-ਲੈਟ ਫੇਰ ਚਲੀ ਗਈ।'' ਜੈਬਾ ਪਿੱਟਣ ਵਾਲਾ ਹੋ ਗਿਆ।
-''ਚੱਲਦੇ ਆਂ ਬਲਿਹਾਰ ਸਿਆਂ।''
-''ਕੋਈ ਕੰਮ ਆਇਆ ਸੀ ਜੱਥੇਦਾਰਾ?''
-''ਨਹੀਂ-ਮੈਂ ਤਾਂ ਖੇਤ ਚੱਲਿਆ ਸੀ-ਤੈਨੂੰ ਖੇਸ ਲਈ ਬੈਠਾ ਦੇਖ ਕੇ ਐਧਰ ਦੀ ਹੋ ਗਿਆ।''
-''ਵਧੀਆ ਕੀਤਾ।''
ਜੱਥੇਦਾਰ ਤੁਰ ਗਿਆ।
-''ਗੱਲਾਂ ਤਾਂ ਚਾਚਾ ਜੱਥੇਦਾਰ ਦੀਆਂ ਲੱਖ ਰੁਪਈਏ ਦੀਐਂ।'' ਜੈਬੇ ਨੇ ਕਿਹਾ।
-''ਹੈ ਕਮਲਾ! ਤੁਰਿਆ ਫਿਰਿਆ ਬੰਦੈ-ਬਾਹਰ ਅੰਦਰ ਬੰਦਿਆਂ 'ਚ ਬਹਿੰਦਾ ਉਠਦੈ-'ਖਬਾਰਾਂ ਪੜ੍ਹਦੈ-ਖਬਰਾਂ ਪੜ੍ਹ ਪੜ੍ਹ ਕੇ ਬੰਦੇ ਨੂੰ ਸੋਝੀ ਆਉਂਦੀ ਐ ਬਈ ਦੁਨੀਆਂ 'ਚ ਕੀ ਹੁੰਦੈ-ਆਪਾਂ ਤਾਂ ਘਰੋਂ ਖੇਤ-ਖੇਤੋਂ ਘਰੇ-ਸੋਝੀ ਸੁਆਹ ਦੀ ਆਉਣੀ ਐਂ?''
-''ਮੈਂ ਇਕ ਕਰੜੀ ਝੁੱਟੀ ਹੋਰ ਮਾਰਲਾਂ ਚਾਚਾ-ਤੂੰ ਡਾਕਦਾਰ ਤੋਂ ਟੀਕਾ ਟੱਲਾ ਲੁਆ ਚੱਲ ਕੇ।'' ਜੈਬੇ ਨੇ ਦਾਤੀ ਚੁੱਕ ਲਈ।
-''ਚੰਗਾ-ਤੂੰ ਪੱਠੇ ਲੈ ਕੇ ਟੈਮ ਨਾਲ ਈ ਆਜੀਂ-ਐਥੇ ਈ ਨਾ ਲਾਲਚ ਲੱਗਿਆ ਰਹੀਂ-ਨਦੀਨਾਂ ਨੂੰ ਇਕ ਦਿਨ ਵੱਧ ਲੱਗਜੂ-ਕੋਈ ਫਰਕ ਨੀ ਪੈਂਦਾ।''
ਖੇਸ ਦੀ ਬੁੱਕਲ ਮਾਰ ਬਲਿਹਾਰ ਸਿੰਘ ਡਾਕਟਰ ਵੱਲ ਨੂੰ ਤੁਰ ਪਿਆ।