ਕਿਸ਼ਤ 24

ਉਹ ਰੇਲਵੇ ਸਟੇਸ਼ਨ ਪੁੱਜ ਗਏ।
ਟਰੇਨ ਫੜ ਕੇ ਉਹ 'ਰੋਮ' ਸ਼ਹਿਰ ਨੂੰ ਰਵਾਨਾ ਹੋ ਗਏ। ਅੱਗੇ ਜਾ ਕੇ ਟਰੇਨ ਇਕ ਸ਼ਿੱਪ ਵਿਚ ਚੜ੍ਹ ਗਈ ਅਤੇ ਇਕ ਘੰਟੇ ਬਾਅਦ ਉਹ ਦੂਸਰੇ ਸਿਰੇ ਜਾ ਲੱਗੇ।
ਤਕਰੀਬਨ ਅੱਧੀ ਰਾਤ ਨੂੰ ਉਹ ਰੋਮ ਪਹੁੰਚੇ। ਉਤਰ ਕੇ ਰਿੱਕੀ ਨੇ ਆਪਣੀ ਭੈਣ ਨੂੰ ਫ਼ੋਨ ਕੀਤਾ। ਜਦੋਂ ਭੈਣ ਨੇ ਫ਼ੋਨ 'ਤੇ 'ਹੈਲੋ' ਆਖੀ ਤਾਂ ਰਿੱਕੀ ਨੂੰ ਜਿਵੇਂ ਹਲਕ ਛੁੱਟ ਪਿਆ।
-''ਬਬਲੀ! ਮੈਂ ਰਿੱਕੀ ਬੋਲਦੈਂ--!''
-''ਰਿੱਕੀ! ਕਿੱਥੋਂ?''
-''ਰੋਮ ਤੋਂ।''
-''ਇਕ ਮਿੰਟ-ਫ਼ੋਨ ਮੈਂ ਤੇਰੇ ਜੀਜਾ ਜੀ ਨੂੰ ਫੜਾਉਂਨੀ ਆਂ।''
-''ਓ ਕੇ।''
-''ਹੈਲੋ---!'' ਉਧਰੋਂ ਖੁਰਦਰੀ ਜਿਹੀ ਅਵਾਜ਼ ਆਈ। ਖੱਦਰ ਵਾਂਗ ਪਾਟਦੀ ਅਵਾਜ਼!
-''ਜੀਜਾ ਜੀ-ਪੈਰੀਂ ਪੈਣਾ!''
-''ਕਿੱਥੋਂ ਬੋਲਦੈਂ?''
-''ਰੋਮ ਤੋਂ ਜੀ।''
-''ਰੋਮ ਬਹੁਤ ਵੱਡੈ-ਕਿੱਥੋਂ ਰੋਮ ਤੋਂ?''
-''ਰੇਲਵੇ ਸਟੇਸ਼ਨ ਤੋਂ ਜੀ।''
-''ਕਿੰਨੇ ਜਾਣੇਂ ਓਂ?''
-''ਦਸ।''
-''ਤੂੰ ਅੱਧਾ ਕੁ ਘੰਟਾ ਰੁਕ-ਮੈਂ ਆਇਆ।'' ਉਸ ਨੇ ਫ਼ੋਨ ਰੱਖ ਦਿੱਤਾ।
ਮੀਂਹ ਬੜਾ ਤੇਜ਼ ਵਰ੍ਹ ਰਿਹਾ ਸੀ।
ਸੀਤ ਹਵਾ ਵਿਚ ਦੀ ਨਿਕਲਦੀ ਸੀ।
ਉਹਨਾਂ ਨੂੰ ਬੁਰੀ ਤਰ੍ਹਾਂ ਕਾਂਬਾ ਲੱਗ ਰਿਹਾ ਸੀ। ਲੂੰ-ਕੰਡੇ ਕੰਡੇਰਨਿਆਂ ਵਾਂਗ ਖੜ੍ਹੇ ਸਨ।
ਠਰਦਿਆਂ ਦੇਖ ਕੇ ਇਕ ਰੇਲਵੇ ਕਰਮਚਾਰੀ ਨੇ ਉਹਨਾਂ ਨੂੰ ''ਵੇਟਿੰਗ-ਰੂਮ'' ਵਿਚ ਲਿਆ ਬਿਠਾਇਆ।
ਪੂਰੇ ਦੋ ਘੰਟੇ ਬੀਤ ਗਏ।
ਪਰ ਰਿੱਕੀ ਦੇ 'ਜੀਜਾ ਜੀ' ਨਾ ਆਏ।
ਰਿੱਕੀ ਨੇ ਫਿਰ ਫ਼ੋਨ ਕੀਤਾ।
'ਜੀਜਾ ਜੀ' ਨੇ ਉਸ ਨੂੰ ਠੋਕ ਕੇ ਉਤਰ ਦੇ ਦਿੱਤਾ।
-''ਜੇ ਤੂੰ ਆਉਣੈਂ ਤਾਂ ਲੈ ਜਾਨੈਂ-ਨਹੀਂ ਮੈਥੋਂ ਐਨੀ ਕੁਤੀਹੜ ਨ੍ਹੀ ਰੱਖੀ ਜਾਣੀ-ਤੁਸੀਂ ਇੰਡੀਅਨ ਉਜੱਡ ਲੋਕ-ਥੋਨੂੰ ਕੀ ਪਤੈ ਬਈ ਬਾਹਰ ਲੋਕ ਕਿਵੇਂ ਰਹਿੰਦੇ ਐ? ਇਹ ਪੰਜਾਬ ਆਲਾ ਪਿੰਡ ਨ੍ਹੀ ਬਈ ਜੇ ਪ੍ਰਾਹੁਣੇਂ ਵੱਧ ਆ ਗਏ-ਦੋ ਮੰਜੇ ਗੁਆਂਢੀਆਂ ਦਿਓਂ ਮੰਗ ਲਿਆਮਾਂਗੇ।''
ਰਿੱਕੀ ਨੂੰ ਟੈਲੀਫ਼ੋਨ 'ਤੇ ਢਿੱਲਾ ਜਿਹਾ ਖੜ੍ਹਾ ਦੇਖ ਕੇ ਬਾਈ ਨੇ ਆਪਾ ਸਮੇਟਣ ਦਾ ਇਸ਼ਾਰਾ ਕੀਤਾ।
-''ਠੀਕ ਐ ਜੀਜਾ ਜੀ-ਤੁਸੀਂ ਮੈਨੂੰ 'ਕੱਲੇ ਨੂੰ ਈ ਲੈ ਜਾਓ।'' ਰਿੱਕੀ ਨੇ ਫ਼ੋਨ ਕੱਟ ਦਿੱਤਾ।
-''ਕਰਾੜ ਲੋਕ ਜੱਟਾਂ ਦੀ ਧੰਗੇੜ੍ਹ ਕਦੋਂ ਝੱਲਦੇ ਐ?'' ਬਾਈ ਨੇ ਬਿੱਲੇ ਦੇ ਕੰਨ ਵਿਚ ਕਿਹਾ।
ਉਹਨਾਂ ਵੇਟਿੰਗ-ਰੂਮ ਵਿਚ ਹੀ ਦਿਨ ਚੜ੍ਹਾ ਦਿੱਤਾ। ਰੇਲਵੇ ਕਰਮਚਾਰੀ ਨੇ ਉਹਨਾਂ ਨੂੰ ਕੌਫ਼ੀ ਲਿਆ ਦਿੱਤੀ। ਬਾਹਰ ਸਰਦੀ ਕਾਫ਼ੀ ਸੀ। ਪੁਰਾ ਵਗ ਰਿਹਾ ਸੀ। ਠੰਢ ਕੰਬਣੀ ਚਾਹੜਦੀ ਸੀ।
ਪੂਰਾ ਸੂਰਜ ਚਮਕਣ 'ਤੇ ਉਹਨਾਂ ਨੇ ਰੇਲਵੇ ਸਟੇਸ਼ਨ 'ਤੇ ਭਲਵਾਨੀ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਉਹ ਡੋਲਦੀ ਕਿਸ਼ਤੀ ਵਾਂਗ, ਕਪੜਛੱਲਾਂ ਵਿਚ ਉਲਝੇ ਹੋਏ ਸਨ।
ਬਾਹਰ ਟੈਕਸੀ ਸਟੈਂਡ 'ਤੇ ਉਹਨਾਂ ਨੂੰ ਦੋ ਇੰਡੀਅਨ ਮੁੰਡੇ ਮਿਲ ਪਏ। ਉਹਨਾਂ ਨੇ ਸਾਰਿਆਂ ਨੂੰ ਕੌਫ਼ੀ ਪਿਆਈ। 'ਪੀਜ਼ਾ' ਖੁਆਇਆ।
-''ਬਾਈ ਜੀ ਇਟਲੀ ਵਿਚ ਕੋਈ ਗੁਰਦੁਆਰਾ ਹੈ?'' ਬਾਈ ਨੇ ਪੁੱਛਿਆ।
-''ਗੁਰਦੁਆਰਾ ਤਾਂ ਬਾਈ ਰੱਜੋਮੀਲੀਆ 'ਚ ਐ।''
ਬਾਈ ਨੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਸਾਰੀ ਕਹਾਣੀ ਉਹਨਾਂ ਨੂੰ ਸੁਣਾ ਦਿੱਤੀ।
-''ਅਸੀਂ ਤੁਹਨੂੰ ਟਿਕਟਾਂ ਲੈ ਦਿੰਨੇ ਐਂ-ਤੁਸੀਂ ਰੱਜੋਮੀਲੀਆ ਗੁਰਦੁਆਰੇ ਚਲੇ ਜਾਓ!''
-''ਉਥੋਂ ਰੱਬ ਕੋਈ ਹੀਲਾ ਆਪੇ ਈ ਬਣਾ ਦਿਊ।'' ਬਾਈ ਨਿਰਾਸ਼ ਨਹੀਂ ਹੋਇਆ ਸੀ। ਉਹ ਗੁਰੂ ਮਹਾਰਾਜ 'ਤੇ ਅਥਾਹ ਵਿਸ਼ਵਾਸ ਰੱਖਣ ਵਾਲਾ ਬੰਦਾ ਸੀ। ਰੱਬ ਦੀ ਰਜਾ ਵਿਚ ਰਾਜ਼ੀ ਰਹਿਣ ਵਾਲਾ ਬੰਦਾ!
ਉਹਨਾਂ ਬਿੱਲੇ ਅਤੇ ਬਾਈ ਨੂੰ ਰੱਜੋਮੀਲੀਆ ਦੀਆਂ ਟਰੇਨ-ਟਿਕਟਾਂ ਲੈ ਦਿੱਤੀਆਂ। ਪੰਜਾਹ-ਪੰਜਾਹ ਯੂਰੋ ਦੇ ਦਿੱਤੇ। ਮੁੰਡੇ ਉਹਨਾਂ ਨੂੰ ਰੱਬ ਬਣ ਕੇ ਮਿਲੇ ਸਨ।
ਬਾਕੀ ਮੁੰਡੇ ਰੋਮ ਰਹਿ ਕੇ ਕੋਈ ਅਗਲਾ ਜੁਗਾੜ ਕਰਨਾ ਚਾਹੁੰਦੇ ਸਨ। ਉਹ ਰੋਮ ਹੀ ਰਹਿ ਪਏ।
ਬਿੱਲਾ ਅਤੇ ਬਾਈ ਟਰੇਨ ਫੜ ਕੇ ਰੱਜੋਮੀਲੀਆ ਪਹੁੰਚ ਗਏ। ਸਵੇਰ ਦੇ ਚਾਰ ਹੀ ਵੱਜੇ ਸਨ। ਗੁਰਦੁਆਰੇ ਦਾ ਐਡਰੈੱਸ ਉਹਨਾਂ ਕੋਲ ਹੈ ਨਹੀਂ ਸੀ।
ਉਥੇ ਉਹਨਾਂ ਨੂੰ ਫਿਰ ਇਕ ਦੇਸੀ ਮੁੰਡਾ ਮਿਲ ਪਿਆ।
-''ਬਾਈ ਜੀ ਅਸੀਂ ਗੁਰਦੁਆਰੇ ਜਾਣੈਂ-ਥੋਨੂੰ ਐਡਰੈੱਸ ਦਾ ਪਤੈ?'' ਬਾਈ ਨੇ ਪੁੱਛਿਆ।
-''ਬਾਈ ਜੀ ਦੋ ਤਿੰਨ ਮਹੀਨੇ ਹੋ ਗਏ-ਭੂਚਾਲ ਆਇਆ ਸੀ-ਗੁਰਦੁਆਰਾ ਢਹਿ ਗਿਆ ਸੀ।''
ਉਹ ਹੋਰ ਪ੍ਰੇਸ਼ਾਨ ਹੋ ਉਠੇ।
-''ਤੁਸੀਂ ਬਾਈ ਜੀ-ਸਾਡੀ ਕੋਈ ਮੱਦਦ ਕਰ ਸਕਦੇ ਐਂ?'' ਬਾਈ ਨੇ ਸਿੱਧਾ ਹੀ ਪੁੱਛ ਲਿਆ। ਉਸ ਨੇ ਉਸ ਨੂੰ ਸਾਰੀ ਮਜਬੂਰੀ ਦੱਸ ਦਿੱਤੀ।
-''ਮੈਂ ਬਾਈ ਜੀ ਥੋਡੀ ਕੋਈ ਮੱਦਦ ਨਹੀਂ ਕਰ ਸਕਦਾ-ਮੈਂ ਤਾਂ ਆਪ ਇੱਥੋਂ ਉਜੜ ਕੇ ਰੋਮ ਚੱਲਿਐਂ।''
ਬਿੱਲੇ ਅਤੇ ਬਾਈ ਨੇ ਉਸ ਮੁੰਡੇ ਦੇ ਨਾਲ ਹੀ ਰੋਮ ਵਾਲੀ ਟਰੇਨ ਫਿਰ ਫੜ ਲਈ। ਰਸਤੇ ਵਿਚ ਚੈੱਕਰ ਆ ਗਿਆ। ਟਿਕਟਾਂ ਉਹਨਾਂ ਕੋਲ ਹੈ ਨਹੀਂ ਸਨ। ਉਹਨਾਂ ਨੇ ਚੈੱਕਰ ਨੂੰ ਟਿਕਟਾਂ ਦੀ ਥਾਂ 'ਸਟੇਅ' ਦੇ ਕਾਗਜ਼ ਦਿਖਾ ਦਿੱਤੇ। ਉਹ ਪੇਪਰ ਪੜ੍ਹ ਕੇ ਅੱਗੇ ਤੁਰ ਗਿਆ। ਪਰ ਫਿਰ ਪਰਤ ਆਇਆ।
ਉਹ ਕੁਝ ਅੰਗਰੇਜ਼ੀ ਜਾਣਦਾ ਸੀ।
-''ਆਰ ਯੂ ਫਰੌਮ ਇੰਡੀਆ?''
-''ਯੈੱਸ।'' ਬਿੱਲਾ ਬੋਲਿਆ।
-''ਆਈ ਹੈਵ ਬਿੰਨ ਇੰਨ ਇੰਡੀਆ।''
-''ਵੇਅਰ?''
-''ਵਿਸ਼ਾਖਾ ਪਟਨਮ।''
ਉਹ ਗੱਲਾਂ ਬਾਤਾਂ ਕਰਦੇ ਰਹੇ।
ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਰੋਮ ਆ ਗਿਆ। ਉਤਰਨ ਲੱਗਿਆਂ ਨੂੰ ਚੈੱਕਰ ਨੇ ਦਸ-ਦਸ ਯੂਰੋ ਦਿੱਤੇ। ਉਹ 'ਧੰਨਵਾਦ' ਕਰਕੇ ਤੁਰ ਪਏ।
ਹੁਣ ਉਹਨਾਂ ਕੋਲ ਸੱਠ-ਸੱਠ ਯੂਰੋ ਹੋ ਗਏ।
ਉਹ ਪੁੱਛ-ਪੁਛਾ ਕੇ ਟੈਲੀਫ਼ੋਨ ਐਕਸਚੇਂਜ ਚਲੇ ਗਏ। ਬਿੱਲੇ ਨੇ ਡਾਕਟਰ ਭਜਨ ਨਾਲ ਗੱਲ ਕੀਤੀ। ਬੱਬੂ ਨਾਲ ਦੁਖ-ਸੁਖ ਕੀਤਾ। ਸੀਤਲ ਬਾਰੇ ਪੁੱਛਿਆ। ਸਾਰੇ ਪ੍ਰੀਵਾਰ ਦੀ ਰਾਜ਼ੀ-ਖੁਸ਼ੀ ਪੁੱਛੀ।
ਬੱਬੂ ਦੇ ਦੱਸਣ ਅਨੁਸਾਰ ਘਰਦੇ ਅਤੇ ਸੀਤਲ ਬਹੁਤ ਹੀ ਪ੍ਰੇਸ਼ਾਨ ਅਤੇ ਦੁਖੀ ਸਨ। ਬਿੱਲੇ ਨੇ ਫਿਰ ਫ਼ੋਨ ਕਰਨ ਬਾਰੇ ਆਖਿਆ ਅਤੇ ਫ਼ੋਨ ਰੱਖ ਦਿੱਤਾ।
ਉਸ ਦਾ ਰੋਣ ਬੰਦ ਨਹੀਂ ਹੁੰਦਾ ਸੀ।
ਉਸ ਦੀਆਂ ਅੱਖਾਂ ਧਰਾਲੀਂ ਵਗੀ ਜਾ ਰਹੀਆਂ ਸਨ।
ਬਾਈ ਦਾ ਵੀ ਇਹ ਹੀ ਹਾਲ ਸੀ। ਪਰ ਉਹ ਪਿੱਛੇ ਖਬਰ ਕਰ ਕੇ ਇਕ ਤਰ੍ਹਾਂ ਨਾਲ ਸੁਰਖ਼ਰੂ ਹੋ ਗਏ ਸਨ। ਦਿਲੋਂ ਪੱਥਰ-ਬੋਝ ਲਹਿ ਗਿਆ ਸੀ।
ਦੁਪਿਹਰ ਹੁੰਦਿਆਂ ਹੀ ਉਹਨਾਂ ਨੂੰ ਦੋ ਬੰਦੇ ਮਿਲੇ। ਤੱਕਣੀਂ-ਪਰਖਣੀਂ ਤੋਂ ਉਹ ਬੜੇ ਚਤਰ ਨਜ਼ਰ ਆ ਰਹੇ ਸਨ। ਝੱਗੇ-ਲਾਹੂ ਬੰਦੇ!
-''ਭਾਅ ਜੀ ਕਿਸੇ ਪ੍ਰੇਸ਼ਾਨੀ 'ਚ ਲੱਗਦੇ ਓਂ?'' ਇੱਕ ਨੇ ਪੁੱਛਿਆ। ਉਸ ਦੀਆਂ ਤੱਕਲਾ-ਨਜ਼ਰਾਂ ਬਾਈ ਦਾ ਅੰਦਰ ਫਰੋਲ ਰਹੀਆਂ ਸਨ।
ਬਾਈ ਨੇ ਸਾਰੀ ਕਹਾਣੀ ਕਹਿ ਸੁਣਾਈ।
-''ਅਸੀਂ ਭਾਅ ਜੀ ਬੰਦੇ ਭੇਜਣ ਦਾ ਕੰਮ ਈ ਕਰਦੇ ਆਂ।'' ਦੂਜਾ ਬੋਲਿਆ।
ਬਾਈ ਨੇ ਇੰਗਲੈਂਡ ਪਹੁੰਚਣ ਬਾਰੇ ਆਖਿਆ, ਜਦ ਕਿ ਬਿੱਲੇ ਨੇ ਜਰਮਨ ਦਾ ਨਾਂ ਲਿਆ।
ਉਹ ਉਹਨਾਂ ਨੂੰ ਨਾਲ ਲੈ ਗਏ।
ਉਹਨਾਂ ਦੇ ਕਮਰੇ 'ਚੋਂ ਬਿੱਲੇ ਨੇ ਬਾਲੀ ਨਾਲ ਗੱਲ ਕੀਤੀ।
-''ਆਹ ਜਾਹ! ਮੈਂ ਤਾਂ ਉਡੀਕੀ ਜਾਨੈਂ-ਅੱਖਾਂ ਪਕਾ ਦਿੱਤੀਆਂ ਤੂੰ ਤਾਂ-ਇਕ ਮੈਨੂੰ ਹਰ ਰੋਜ ਗੁਰਕੀਰਤ ਦਾ ਫ਼ੋਨ ਆਉਂਦੈ-ਉਹ ਮੈਨੂੰ ਯੈਹਣੋਂ ਨ੍ਹੀ ਹੱਟਦਾ-ਤੇਰੇ ਬਾਰੇ ਪੁੱਛਦਾ ਰਹਿੰਦੈ।'' ਬਾਲੀ ਨੇ ਅੱਗੋਂ ਸੁਣਾਈ ਕੀਤੀ ਅਤੇ ਉਚੀ-ਉਚੀ ਹੱਸਿਆ।
ਬਿੱਲੇ ਨੇ ਬਾਲੀ ਦੀ ਏਜੰਟ ਨਾਲ ਗੱਲ ਕਰਵਾ ਦਿੱਤੀ। ਏਜੰਟ ਪੈਸੇ ਪਹਿਲਾਂ ਮੰਗਦਾ ਸੀ। ਪਰ ਬਾਲੀ ਪੈਸੇ ਜਰਮਨ ਪਹੁੰਚਣ 'ਤੇ ਹੀ ਦੇਣਾ ਚਾਹੁੰਦਾ ਸੀ। ਉਹ ਏਜੰਟਾਂ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂੰ ਸੀ। ਅਗਰ ਪੈਸੇ ਪਹਿਲਾਂ ਮਿਲ ਜਾਂਦੇ ਸਨ ਤਾਂ ਬੰਦੇ ਨੂੰ ਚੁੱਕ ਕੇ ਕਿਤੇ ਜੰਗਲ ਵਿਚ ਹੀ ਲਾਹ ਦਿੰਦੇ ਸਨ, ਤੇ ਨਹੀਂ ਤਾਂ ਲਾਲਚ ਕਾਰਣ ਬੰਦਾ ਬੜੀ ਜ਼ਿੰਮੇਵਾਰੀ ਨਾਲ ਟਿਕਾਣੇਂ 'ਤੇ ਪਹੁੰਚਾਉਂਦੇ ਸਨ।
ਜਰਮਨ ਜਾਣ ਦਾ ਕੰਮ ਠੁੱਸ ਹੋ ਗਿਆ।
ਏਜੰਟ ਬਾਈ ਨੂੰ ਰੱਖਣਾ ਤਾਂ ਮੰਨ ਗਏ, ਕਿਉਂਕਿ ਬਾਈ ਦਾ ਬੰਦਾ ਪੈਸੇ ਪੇਸ਼ਗੀ ਦੇ ਰਿਹਾ ਸੀ। ਪਰ ਬਿੱਲੇ ਨੂੰ ਰੱਖਣ ਵੱਲੋਂ ਜਵਾਬ ਦੇ ਦਿੱਤਾ।
ਬਿੱਲੇ ਨੇ ਮਿੰਨਤ ਤਰਲਾ ਕਰ ਕੇ ਫਿਰ ਬਾਲੀ ਨੂੰ ਫ਼ੋਨ ਮਿਲਾਇਆ।
-''ਇਹ ਪੈਸੇ ਲੈ ਕੇ ਤੇਰੇ ਨਾਲ ਪਹਿਲਾਂ ਆਲੀ ਹਾਲਤ ਫੇਰ ਕਰਨਗੇ-ਤੂੰ ਇਹਨਾਂ ਦੀਆਂ ਮਿੱਠੀਆਂ ਗੱਲਾਂ ਵਿਚ ਨਾ ਆ! ਪੈਸੇ ਮੈਂ ਅੱਜ ਈ ਭੇਜ ਦਿੰਨੈਂ-ਪੈਸੇ ਤੇਰੇ ਨਾਲੋਂ ਚੰਗੇ ਨਹੀਂ-ਪਰ ਤੈਨੂੰ ਏਜੰਟਾਂ ਦੇ ਚਲਿੱਤਰਾਂ ਦਾ ਨ੍ਹੀ ਪਤਾ-ਤੂੰ ਗੁਰਕੀਰਤ ਦਾ ਭਾਣਜਾ ਈ ਨ੍ਹੀ-ਮੇਰਾ ਵੀ ਐਂ ਬਿੱਲਿਆ!'' ਬਾਲੀ ਨੇ ਕਿਹਾ ਸੀ। ਉਹ ਬੜਾ ਸਪੱਸ਼ਟ ਅਤੇ ਤਜ਼ਰਬੇਕਾਰ ਬੰਦਾ ਸੀ। ਏਜੰਟਾਂ ਦੇ ਧੱਕੇ-ਧੋੜੇ ਅਤੇ ਟੁੱਲ ਖਾਂਦਾ ਉਹ ਜਰਮਨ ਪੁੱਜਿਆ ਸੀ। ਰੁਲਦਾ-ਖੁਲਦਾ ਸਿਰੇ ਲੱਗਿਆ ਸੀ।
-''ਹੁਣ ਫਿਰ ਮੇਰਾ ਕੋਈ ਇਲਾਜ?'' ਬਿੱਲੇ ਨੂੰ ਧਰਤੀ ਖੁਰਦੀ ਪ੍ਰਤੀਤ ਹੋਈ।
-''ਤੂੰ ਇਹਨਾਂ ਦੇ ਖੂਹ 'ਚ ਡਿੱਗਣ ਨਾਲੋਂ ਸੁੱਖੇ ਕੋਲੇ ਚਲਿਆ ਜਾਹ।'' ਬਾਲੀ ਨੇ ਕਿਹਾ।
-''ਸੁੱਖਾ ਕੌਣ ਐਂ?''
-''ਮੇਰੀ ਮਾਸੀ ਦਾ ਮੁੰਡੈ-ਇਟਲੀ ਈ ਰਹਿੰਦੈ-ਮੈਂ ਉਹਨੂੰ ਟੈਲੀਫ਼ੋਨ ਕਰ ਦਿੰਨੈਂ-ਉਹ ਤੈਨੂੰ ਆ ਕੇ ਲੈ ਜਾਊਗਾ।''
ਸ਼ਾਮ ਨੂੰ ਆ ਕੇ ਸੁੱਖਾ ਬਿੱਲੇ ਨੂੰ ਲੈ ਗਿਆ। ਵਿਛੜਨ ਲੱਗਿਆਂ ਬਿੱਲਾ ਬਾਈ ਦੇ ਗਲ ਲੱਗ ਕੇ ਰੋਇਆ ਸੀ। ਬੱਚਿਆਂ ਵਾਂਗ! ਬਾਈ ਦਾ ਉਸ ਨੂੰ ਦਿਲੋਂ ਪ੍ਰੇਮ ਆਉਣ ਲੱਗ ਪਿਆ ਸੀ। ਬਾਈ ਵੀ ਬਿੱਲੇ ਨੂੰ ਪੁੱਤਾਂ ਵਾਂਗ ਪਿਆਰਦਾ ਸੀ।
ਸੁੱਖਾ ਇਕ ਕਸਬੇ ਜਿਹੇ ਵਿਚ 'ਆਪਰੀਲੀਆ' ਰਹਿੰਦਾ ਸੀ।
ਦੋ ਕੁ ਦਿਨ ਬਿੱਲੇ ਦੀ ਵਾਹਵਾ ਖ਼ਾਤਿਰ ਹੋਈ। ਦਾਰੂ ਅਤੇ ਕੁੱਕੜ ਉਡੇ! ਠੱਠਾ-ਮਾਖੌਲ ਹੋਇਆ।
-''ਬਿੱਲਿਆ! ਇਹ ਯੂਰਪ ਐ-ਇੱਥੇ ਕੰ ਬਿਨਾ ਜਮਾਂ ਈ ਨ੍ਹੀ ਸਰਨਾ ਮਿੱਤਰਾ! ਇੱਥੇ ਤਾਂ ਪੈਸੇ ਬਿਨਾ ਬੰਦਾ ਰੱਬ ਨੂੰ ਵੀ ਮੱਥਾ ਨ੍ਹੀ ਟੇਕਦਾ।'' ਤੀਜੇ ਦਿਨ ਸੁੱਖੇ ਨੇ ਬਿੱਲੇ ਨੂੰ ਆਪਣੇ ਕੋਲ ਬਿਠਾ ਕੇ ਕਿਹਾ, ਕੌੜੀ ਸੱਚਾਈ ਦੱਸੀ।
-''-----।'' ਬਿੱਲਾ ਚੁੱਪ ਸੀ।
-''ਪੈਸੇ ਬਿਨਾ ਤਾਂ ਇੱਥੇ ਮਾਂ ਪੁੱਤ ਨੂੰ ਨ੍ਹੀ ਪਛਾਣਦੀ-ਇੱਥੇ ਸਭ ਰਿਸ਼ਤੇ-ਨਾਤੇ ਪੈਸੇ ਦੇ ਐ-ਪੈਸੇ ਬਿਨਾ ਇੱਥੇ ਕੋਈ ਬਾਤ ਨਹੀਂ ਪੁੱਛਦਾ-ਚਾਹੇ ਸਕਾ ਭਰਾ ਹੋਵੇ।'' ਸੁੱਖਾ ਸੱਚ ਹੀ ਤਾਂ ਆਖ ਰਿਹਾ ਸੀ! ਯੂਰਪ ਵਿਚ ਤਾਂ ਪੈਸੇ ਖਾਤਰ ਮਾਵਾਂ, ਬਾਲ ਪੰਘੂੜ੍ਹੇ ਵਿਚ ਝੂਲਦੇ ਨੂੰ ਹੀ ਛੱਡ ਜਾਂਦੀਐਂ! ਕੋਈ ਮੋਹ ਨਹੀਂ। ਕੋਈ ਰਿਸ਼ਤਾ ਨਹੀਂ। ਸਫ਼ੈਦ ਖੂਨ। ਬੰਦਾ ਮਸ਼ੀਨ ਨਾਲ ਮਸ਼ੀਨ ਜਾਂ ਕੰਪਿਊਟਰ ਨਾਲ ਕੰਪਿਊਟਰ ਹੋਇਆ ਰਹਿੰਦੈ। ਤੇਜ਼ ਰੌਸ਼ਨੀਆਂ ਅੱਖਾਂ ਚੁੰਧਿਆਈ ਰੱਖਦੀਐਂ। ਸੋਨੇ ਦੀ ਜੇਲ੍ਹ ਬੰਦੇ ਨੂੰ ਅੰਦਰੋਂ ਖੋਖਲਾ ਕਰੀ ਜਾਂਦੀ ਹੈ ਅਤੇ ਕਿਣ-ਕਿਣ ਕਰਕੇ ਅਣਖੀ ਬੰਦੇ ਦੀ ਆਤਮਾ ਮਰਦੀ ਰਹਿੰਦੀ ਹੈ, ਜ਼ਮੀਰ 'ਖੱਸੀ' ਹੋ ਤੁਰਦੀ ਹੈ। ਮਾਨਸਿਕਤਾ ਦਾ ਹਰ ਰੋਜ ਬਲਾਤਕਾਰ ਹੁੰਦਾ ਹੈ ਅਤੇ ਰੀਝਾਂ ਦਾ ਗਲਾ ਬੁਰੀ ਤਰ੍ਹਾਂ ਦਬਾਇਆ ਜਾਂਦਾ ਹੈ!
ਪੰਜਾਬਣ ਔਰਤ ਵੀ ਆਪਣੇ ਮਰਦ ਨੂੰ ਹਰ ਸੰਭਵ, ਪਰ ਮਿੱਠਾ ਤਸੀਹਾ ਦੇ ਕੇ ਉਸ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰਦੀ ਹੈ ਅਤੇ ਫਿਰ ਕੱਠਪੁਤਲੀ ਵਾਂਗ ਵਰਤਦੀ ਹੈ! ਯੂਰਪ ਦਾ ਇਕ ਅਜੀਬ, ਹੈਰਾਨੀਜਨਕ ਅਤੇ ਆਪਣਾ ਹੀ ਇਤਿਹਾਸ ਹੈ। ਆਪਹੁਦਰਾ ਇਤਿਹਾਸ! ਮਤਲਬਖੋਰ ਇਤਿਹਾਸ! ਬੰਦੇ ਨੂੰ ਮਾਨਸਿਕ ਤੌਰ 'ਤੇ ਖਤਮ ਕਰਕੇ, ਆਪਣੇ ਅਨੁਸਾਰ ਵਰਤਣ ਵਾਲਾ ਅਕ੍ਰਿਤਘਣ ਇਤਿਹਾਸ!
-''ਕੰਮ ਮਿਲ ਜਾਊਗਾ?'' ਬਿੱਲੇ ਨੇ ਪੁੱਛਿਆ।
-''ਕੰ ਤਾਂ ਮਿਲ ਜਾਊਗਾ-ਪਰ ਮਿਲੂ ਸਰਕਸ ਦਾ।''
-''ਸਰਕਸ ਦਾ?''
-''ਆਸਟਰੀਆ ਵਿਚ ਨਵੇਂ ਮੁੰਡੇ ਸੜਕਾਂ 'ਤੇ ਅਖਬਾਰਾਂ ਵੇਚਦੇ ਐ-ਜਰਮਨ ਵਿਚ ਮੁੰਡੇ ਰੈਸਟੋਰੈਂਟਾਂ ਵਿਚ ਭਾਂਡੇ ਧੋਂਦੇ ਐ-ਇੱਥੇ ਇਟਲੀ 'ਚ ਨਵੇਂ ਮੁੰਡੇ ਸਰਕਸ 'ਚ ਕੰਮ ਕਰਦੇ ਐ-ਸ਼ੁਰੂ ਸ਼ੁਰੂ 'ਚ ਮੈਂ ਖੁਦ ਸਰਕਸ 'ਚ ਕੰਮ ਕੀਤੈ-ਡਿਪਟੀ ਕਮਿਸ਼ਨਰ ਇੱਥੇ ਕੋਈ ਲੱਗਣੋਂ ਰਿਹਾ।''
ਬਿੱਲਾ ਸਹਿਮਤ ਹੋ ਗਿਆ।
ਅਗਲੇ ਦਿਨ ਉਹ ਰੇਲਵੇ ਸਟੇਸ਼ਨ ਆ ਗਏ। ਸੁੱਖੇ ਨੇ ਉਸ ਨੂੰ 'ਮਿਲਾਨੋਂ' ਦੀ ਟਿਕਟ ਲੈ ਦਿੱਤੀ। ਪੰਜਾਹ ਯੂਰੋ ਵੱਖ ਦੇ ਦਿੱਤੇ।
ਟਰੇਨ ਰਾਤ ਨੂੰ ਗਿਆਰਾਂ ਵਜੇ ਚੱਲਣੀ ਸੀ।
-''ਮਿਲਾਨੋਂ ਪਹੁੰਚ ਕੇ ਵੇਟਿੰਗ ਰੂਮ ਵਿਚ ਬੈਠ ਜਾਈਂ-ਉਥੇ ਤੈਨੂੰ ਇਕ ਸੁਲੱਖਣ ਸਿੰਘ ਨਾਂ ਦਾ ਬੰਦਾ ਲੈਣ ਆਊਗਾ-ਉਹ ਵੀ ਉਥੇ ਈ ਕੰਮ ਕਾਰ ਕਰਦੈ-ਉਹ ਤੈਨੂੰ ਸਰਕਸ ਵਿਚ ਰਖਾ ਦਿਊ।'' ਸੁੱਖੇ ਨੇ ਬਿੱਲੇ ਨੂੰ ਪੱਕਾ ਕੀਤਾ।
ਬਿੱਲਾ ਮਿਲਾਨੋਂ ਪਹੁੰਚ ਗਿਆ।
ਬਰਫ਼ ਬੁਰੀ ਤਰ੍ਹਾਂ ਪੈ ਰਹੀ ਸੀ।
ਠੰਢ ਕੜਾਕਾ ਪਾਉਂਦੀ ਸੀ।
ਉਹ 'ਵੇਟਿੰਗ-ਰੂਮ' ਵਿਚ ਜਾ ਬੈਠਾ।
ਸਵੇਰੇ ਦਸ ਵਜੇ ਜਾ ਕੇ ਉਹ ਮੁੰਡਾ ਆਇਆ ਅਤੇ ਬਿੱਲੇ ਨੂੰ ਆਪਣੇ ਨਾਲ ਲੈ ਗਿਆ।
ਬਿੱਲੇ ਨੂੰ ਸਰਕਸ ਵਿਚ ਕੰਮ ਮਿਲ ਗਿਆ। ਨੌਂ ਸੌ ਯੂਰੋ ਮਹੀਨਾ। ਖਾਣ ਪੀਣ ਆਪਣਾ।
-''ਛੇ ਕੁ ਸੌ ਮਹੀਨੇ ਦੇ ਬਚਣਗੇ-ਜੇ ਪੇਟ ਰੱਖ ਕੇ ਬਚਾਵੇਂਗਾ ਤਾਂ!'' ਸੁਲੱਖਣ ਸਿੰਘ ਨੇ ਕਿਹਾ ਸੀ।
ਸਰਕਸ ਦਾ ਕੰਮ ਬੜਾ ਹੀ ਔਖਾ ਸੀ।
ਛੇ-ਛੇ ਫੁੱਟ ਦੇ ਕਿੱਲੇ ਬੱਜਰੀ ਵਾਲੀ ਜ਼ਮੀਨ ਵਿਚ ਗੱਡਣੇਂ। ਉਹ ਹੀ ਕਿੱਲੇ ਫੇਰ ਪੁੱਟਣੇ। ਪੈਂਦੀ ਬਰਫ਼ ਵਿਚ ਸਰਕਸ ਦੇ ਟੈਂਟ ਉਪਰ ਚੜ੍ਹ ਕੇ ਵੇਲਚਿਆਂ ਨਾਲ ਬਰਫ਼ ਲਾਹੁੰਣੀ। ਅਥਾਹ ਸਰਦੀ ਵਿਚ ਹੱਥ, ਹੱਡਾਂ ਵਾਂਗ ਆਕੜ ਜਾਂਦੇ। ਨਾ ਖੁੱਲ੍ਹਦੇ, ਨਾ ਬੰਦ ਹੁੰਦੇ। ਬਰਫ਼ ਨਾਲ ਜੰਮਿਆਂ ਅਤੇ ਆਕੜਿਆ ਮਾਸ ''ਜਿਲੂੰ-ਜਿਲੂੰ'' ਕਰਦਾ।
ਬਿੱਲੇ ਦੇ ਹੱਥਾਂ 'ਤੇ 'ਅੱਟਣ' ਪੈ ਗਏ ਅਤੇ ਸਰਦੀ ਨਾਲ ਛਾਤੀ ਵਿਚ ਦਰਦ ਰਹਿਣ ਲੱਗ ਪਿਆ। ਖਿਚਾਈ ਅਤੇ ਕਿੱਲੇ ਗੱਡਣ-ਪੁੱਟਣ ਦਾ ਕੰਮ ਉਸ ਨੂੰ ਹੱਦੋਂ ਵੱਧ ਤੰਗ ਕਰਦਾ।
ਬਿੱਲੇ ਦੀ ਬੇਵਾਹ ਹੋ ਗਈ।
ਘਰੇ ਕੰਮ ਕਦੇ ਕੋਈ ਕੀਤਾ ਨਹੀਂ ਸੀ।
ਮਾਲੂਕ ਜਿਹੀ ਜਿੰਦ ਨੂੰ ਬੜੇ ਭਾਰੀ ਮਾਮਲੇ ਆ ਪਏ ਸਨ। ਉਹ ਛਾਤੀ ਦੇ ਦਰਦ ਤੋਂ ਬੜਾ ਹੀ ਦੁਖੀ ਸੀ। ਉਠਦੇ-ਬੈਠਦੇ ਦੇ ਦਰਦ ਬਹੁੜੀਆਂ ਪੁਆ ਦਿੰਦਾ ਅਤੇ ਉਸ ਦਾ ਆਪ-ਮੁਹਾਰੇ ਹੀ ਰੋਣ ਨਿਕਲ ਜਾਂਦਾ। ਉਸ ਨੂੰ ਬੇਬੇ, ਜੈਬਾ, ਸੀਤਲ ਤਾਂ ਕੀ, ਘਰੇ ਦੇ ਪਸ਼ੂ ਵੀ ਯਾਦ ਆਉਂਦੇ!
-''ਮੇਰੇ ਨਾਲੋਂ ਤਾਂ ਸਾਡੇ ਬਲਦਾਂ ਦੀ ਹਾਲਤ ਹੀ ਚੰਗੀ ਐ।'' ਉਹ ਕਦੇ-ਕਦੇ ਸੋਚਦਾ।
ਸਰਕਸ ਵਿਚ ਇਕ ਹੋਰ ਪੰਜਾਬੀ ਮੁੰਡੇ ਨੂੰ ਉਸ ਨੇ ਦੁੱਖ ਦੱਸਿਆ। ਉਸ ਦਾ ਨਾਂ ਜੋਗੀ ਸੀ। ਅਸਲ ਨਾਂ ਤਾਂ ਜੋਗਿੰਦਰ ਸਿੰਘ ਸੀ, ਪਰ ਲੋਕ ਆਖਦੇ 'ਜੋਗੀ' ਸਨ।
-''ਮੇਰਾ ਕੱਲ੍ਹ ਨੂੰ ਐਗਰੀਮੈਂਟ ਖਤਮ ਹੋ ਰਿਹੈ-ਮੇਰੇ ਦੋਸਤ 'ਸਨਵੀਤੋ' ਤੇ 'ਸਨਫੇਲੇਸੇ' ਰਹਿੰਦੇ ਐ-ਆਪਾਂ ਉਹਨਾਂ ਕੋਲ ਚੱਲਾਂਗੇ-ਉਹ ਆਪਾਂ ਨੂੰ ਕਿਸੇ ਤਣ-ਪੱਤਣ ਲਾ ਦੇਣਗੇ-ਬੜੇ ਵਧੀਆ ਬੰਦੇ ਐ।'' ਜੋਗੀ ਨੇ ਕਿਹਾ।
ਬਿੱਲੇ ਨੇ ਸਰਕਸ ਦਾ ਕੰਮ ਛੱਡ ਦਿੱਤਾ।
ਦੋਨਾਂ ਨੇ ਹਿਸਾਬ-ਕਿਤਾਬ ਕਰਵਾ ਲਿਆ।
ਜੋਗੀ ਅਤੇ ਬਿੱਲਾ 'ਸਨ-ਫੇਲੇਸੇ' ਆ ਗਏ। ਇਕ ਦਿਨ ਸਨ-ਫੇਲੇਸੇ ਰਹਿਣ ਤੋਂ ਬਾਅਦ ਉਹ 'ਸਨਵੀਤੋ' ਪਹੁੰਚ ਗਏ।
ਇੱਥੇ ਪੰਜ ਮੁੰਡੇ ਰਲ-ਮਿਲ ਕੇ ਰਹਿੰਦੇ ਸਨ।
ਉਹਨਾਂ ਨੇ ਮਾਲਕ ਨਾਲ ਗੱਲ ਕਰਕੇ ਉਹਨਾਂ ਨੂੰ ਆਪਣੇ ਨਾਲ ਹੀ ਕੰਮ 'ਤੇ ਰਖਵਾ ਲਿਆ। ਕੰਮ, ਸਬਜ਼ੀਆਂ ਕੱਟਣ ਦਾ ਸੀ। ਪਹਿਲਾਂ ਸਬਜ਼ੀਆਂ ਖੇਤ ਵਿਚੋਂ ਕੱਟਣੀਆਂ, ਫਿਰ ਸਾਫ਼ ਕਰਨੀਆਂ ਅਤੇ ਫਿਰ ਪੇਟੀਆਂ ਵਿਚ ਬੰਦ ਕਰਕੇ ਟਰਾਲੀ 'ਤੇ ਲੱਦਣੀਆਂ। ਸਾਰਾ ਕੰਮ ਕੋਡੇ ਹੋ ਕੇ ਕਰਨ ਵਾਲਾ ਹੀ ਸੀ। ਸਾਰਾ ਦਿਨ ਵਿੰਗੀ ਰਹਿਣ ਕਰਕੇ ਸ਼ਾਮ ਨੂੰ ਰੀੜ੍ਹ ਦੀ ਹੱਡੀ ਕਮਾਣ ਬਣ ਜਾਂਦੀ। ਧਣੁੱਖ ਵਾਂਗ ਮੁੜ ਜਾਂਦੀ।
ਬਿੱਲੇ ਦਾ ਲੱਕ ਖੜ੍ਹ ਗਿਆ।
ਉਸ ਤੋਂ ਸਿੱਧਾ ਨਹੀਂ ਹੋਇਆ ਜਾਂਦਾ ਸੀ।
ਮਾਲਕ ਤੁਰੰਤ ਬਿੱਲੇ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਰੀੜ੍ਹ ਦੀ ਹੱਡੀ ਦੇ ਜੋੜ ਵਿਚ ਦੋ ਟੀਕੇ ਲਾਏ। ਮਾਲਿਸ਼ ਕੀਤੀ। ਇੱਕ ਪਲੱਸਤਰ ਜਿਹਾ ਚੁਮੇੜ ਦਿੱਤਾ, ਜਿਹੜਾ ਤੀਜੇ ਦਿਨ ਆਪ ਹੀ ਲਹਿ ਜਾਣਾ ਸੀ।
ਬਿੱਲਾ ਘੋੜੇ ਵਰਗਾ ਹੋ ਗਿਆ।
ਉਸ ਨੇ ਫਿਰ ਕੰਮ ਲਈ ਲੱਕ ਬੰਨ੍ਹ ਲਿਆ।
ਕੰਮ ਸੀ ਤਾਂ ਪੈਸਾ ਸੀ। ਕੰਮ ਨਹੀਂ ਸੀ ਤਾਂ ਪੈਸਾ ਕਿੱਥੋਂ ਆਉਣਾ ਸੀ? ਉਸ ਨੇ ਮੁੰਡਿਆਂ ਦੇ ਆਸਰੇ ਦੇਹ ਤੋੜ ਕੇ ਕੰਮ ਕੀਤਾ। ਸਾਰੇ ਪੰਜਾਬੀ ਭਰਾਵਾਂ ਵਾਂਗ ਰਹਿੰਦੇ। ਹਾਸਾ-ਮਾਖੌਲ ਕਰਦੇ। ਟਾਈਮ ਤੀਆਂ ਵਾਂਗ ਬੀਤ ਜਾਂਦਾ। ਪਿੱਛਾ ਯਾਦ ਨਾ ਰਹਿੰਦਾ। ਝੱਲੇ ਦੁੱਖ ਭੁੱਲ ਜਾਂਦੇ। ਵਕਤ ਸਾਂਅਵਾਂ ਹੋ ਤੁਰਿਆ ਸੀ। ਉਹ ਰਚ-ਮਿਚ ਗਏ ਸਨ। ਜ਼ਖਮ ਆਠਰ ਗਏ ਸਨ।
ਸਬਜ਼ੀਆਂ ਦਾ ਕੰਮ ਸਿਰਫ਼ ਸੀਜ਼ਨ ਦਾ ਸੀ।
ਸੀਜ਼ਨ ਖ਼ਤਮ ਹੋ ਗਿਆ। ਕੰਮ ਮੁੱਕ ਗਿਆ।
ਮਾਲਕ ਨੇ ਬੜੀ ਹੀ ਈਮਾਨਦਾਰੀ ਨਾਲ ਸਾਰਿਆਂ ਦਾ ਹਿਸਾਬ-ਕਿਤਾਬ ਚੁਕਤਾ ਕਰ ਦਿੱਤਾ। ਵੀਹ-ਵੀਹ ਯੂਰੋ ਆਪਣੇ ਵੱਲੋਂ ਹਰ ਮੁੰਡੇ ਨੂੰ ਵੱਧ ਦਿੱਤੇ। ਵਿਦਾਇਗੀ ਦੀ ਇਕ-ਇਕ 'ਸ਼ਿਵਾਜ-ਰੀਗਲ' ਦੀ ਬੋਤਲ ਦਿੱਤੀ। ਜੱਫ਼ੀਆਂ ਪਾ-ਪਾ ਕੇ ਮਿਲਿਆ।
ਸਾਰੇ ਮੁੰਡਿਆਂ ਨੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ, ਰੋਟੀ ਦਾ ਖਰਚਾ ਤਕਸੀਮ ਕਰ ਲਿਆ। ਪਿੰਡਾਂ ਨੂੰ ਫ਼ੋਨ ਕਰ ਦਿੱਤੇ। ਹਾਲ-ਚਾਲ ਪੁੱਛਿਆ।
ਸਾਰਾ ਖਰਚਾ ਕੱਢ ਕੇ ਬਿੱਲੇ ਕੋਲ ਹੁਣ ਗਿਆਰਾਂ ਸੌ ਯੂਰੋ ਬਚ ਗਏ। ਕਈਆਂ ਕੋਲ ਇਸ ਤੋਂ ਵੀ ਜ਼ਿਆਦਾ ਸਨ। ਕੋਈ ਬਿਮਾਰ ਮਾਂ ਨੂੰ ਪੈਸੇ ਭੇਜਣ ਲਈ ਸੋਚ ਰਿਹਾ ਸੀ, ਕੋਈ ਕਰਜ਼ਾਈ ਬਾਪ ਨੂੰ। ਕੋਈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਬਾਰੇ ਸੋਚ ਰਿਹਾ ਸੀ ਅਤੇ ਕੋਈ ਆਪਣੀ ਔਰਤ ਦੇ ਵੇਚੇ ਹੋਏ ਗਹਿਣਿਆਂ ਬਾਰੇ! ਬਿੱਲਾ ਖੁਦ ਹੁਣ, ਆਪਣੇ ਸਿਰ 'ਤੇ, ਜਰਮਨ ਪਹੁੰਚਣ ਲਈ ਸਕੀਮਾਂ ਲੜਾ ਰਿਹਾ ਸੀ।
ਅਜੀਬ ਜਿਹੀ ਚੁੱਪ ਛਾਈ ਹੋਈ ਸੀ।
ਅਚਾਨਕ ਕਮਰੇ ਦਾ ਦਰਵਾਜਾ ਖੜਕਿਆ।
ਸਾਰੇ ਹੈਰਾਨ ਜਿਹੇ ਹੋ ਗਏ। ਉਹਨਾਂ ਸੁਆਲੀਆ ਜਿਹੀਆਂ ਨਜ਼ਰਾਂ ਨਾਲ ਇੱਕ-ਦੂਜੇ ਵੱਲ ਦੇਖਿਆ।
ਜੋਗੀ ਨੇ ਉਠ ਕੇ ਦਰਵਾਜਾ ਖੋਲ੍ਹ ਦਿੱਤਾ।
ਪਹਿਲਵਾਨ ਅੰਦਰ ਲੰਘ ਆਇਆ।
ਉਹ ਬੜਾ ਦੁਖੀ ਜਿਹਾ ਲੱਗਦਾ ਸੀ।
-''ਕੀ ਹੋ ਗਿਆ? ਬਾਹਲੇ ਈ ਸਾਹ-ਸਤ ਛੱਡੀ ਫਿਰਦੈਂ?'' ਜੋਗੀ ਨੇ ਹੀ ਪਹਿਲ ਕੀਤੀ।
-''ਇੱਕ ਬੜਾ ਵੱਡਾ ਹਾਦਸਾ ਹੋ ਗਿਆ ਯਾਰ!'' ਉਸ ਨੇ ਸਿਰ ਸੁੱਟ ਲਿਆ।
-''ਕੀ ਹੋ ਗਿਆ?'' ਸਾਰੇ ਇਕੱਠੇ ਹੀ ਬੋਲੇ।
-''ਰਾਤ ਇਕ ਸ਼ਿੱਪ 'ਚੋਂ ਦੂਜੇ ਸ਼ਿੱਪ 'ਚ ਚੜ੍ਹਦੇ 189 ਮੁੰਡੇ ਮਾਰੇ ਗਏ!''
-''ਕਿੱਥੋਂ ਦੇ ਸੀ?''
-''ਇੰਡੀਅਨ, ਪਾਕਿਸਤਾਨੀ, ਬੰਗਲਾ ਦੇਸ਼ੀ, ਸ੍ਰੀ ਲੰਕਨ, ਸਾਰੇ ਰਲਵੇਂ ਮਿਲਵੇਂ ਈ ਸੀ।''
ਇੱਕ ਸੰਨਾਟਾ ਛਾ ਗਿਆ!
ਹਾੜ ਬੋਲਣ ਲੱਗ ਗਿਆ।
-''ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਜੋਗੀ ਦਿਲੋਂ ਦੁਖੀ ਸੀ।
-''ਐਥੇ ਤਾਂ ਜਿਹੜੇ ਦੁੱਖ ਕੱਟੇ ਐ-ਕੱਟੇ ਈ ਹੋਣਗੇ-ਪਰ ਰੱਬ ਅੱਗੇ ਵਿਚਾਰਿਆਂ ਨੂੰ ਜਰੂਰ ਬਖਸ਼ੇ।'' ਲਾਲੀ ਬੋਲਿਆ।
-''ਮਾਂ-ਪਿਉ ਕਿਵੇਂ ਬਖਤਾਂ ਨਾਲ ਬਾਹਰ ਤੋਰਦੇ ਐ-ਪਰ ਏਜੰਟ ਦੇਖਲਾ ਕੀ ਕਰਦੇ ਐ ਅੱਗੇ ਵਿਚਾਰਿਆਂ ਨਾਲ।'' ਪਹਿਲਵਾਨ ਨੇ ਕਿਹਾ।
-''ਸਾਰਿਆਂ ਨਾਲ ਈ ਇਹੋ ਘਾਣੀ ਬੀਤੀ ਐ।'' ਬਿੱਲੇ ਨੇ ਆਖਿਆ।
-''ਤੈਨੂੰ ਕਿੱਥੋਂ ਪਤਾ ਲੱਗਿਆ?'' ਜੋਗੀ ਨੇ ਪਹਿਲਵਾਨ ਨੂੰ ਪ੍ਰਸ਼ਨ ਕੀਤਾ।
-''ਹੈ ਕਮਲਾ! ਸਾਰੇ ਇਟਲੀ 'ਚ ਹਾਹਾਕਾਰ ਮੱਚੀ ਪਈ ਐ-ਟੈਲੀਵੀਯਨਾਂ ਆਲੇ ਤਾਂ ਤੜਕੇ ਦੇ ਈ ਇਸੇ ਖਬਰ ਨੂੰ ਪਿੱਟੀ ਜਾਂਦੇ ਐ-ਇਟਲੀ ਦੇ ਪ੍ਰਧਾਨ ਮੰਤਰੀ ਪਿਰਲਿਸਕੋਨੀ ਨੇ ਇਸ ਦੁਖਾਂਤ 'ਤੇ ਦੁੱਖ ਜਾਹਿਰ ਕੀਤੈ-'ਕੱਲੇ ਇਟਲੀ 'ਚ ਤਾਂ ਕੀ? ਸਾਰੇ ਸੰਸਾਰ 'ਤੇ ਈ ਇਹ ਖਬਰ ਘੰਟੇ-ਘੰਟੇ ਬਾਅਦ ਨਸ਼ਰ ਕੀਤੀ ਜਾ ਰਹੀ ਐ-ਮੈਂ ਸੀ ਐੱਨ ਐੱਨ ਖੁਦ ਦੇਖਿਐ।''
-''ਇਹ ਭਾਣਾ ਬੀਤਿਆ ਕਿਵੇਂ?''
-''ਗੱਲ ਕੀ ਹੋਈ?''
-''ਗੱਲ ਕੀ ਹੋਣੀ ਸੀ? ਮੈਂ ਜਿਵੇਂ ਦੇਖਿਐ-ਜਾਂ ਜਿਵੇਂ ਟੀ ਵੀ ਆਲੇ ਦੱਸਦੇ ਐ-ਬਈ ਮੌਸਮ ਸੀ ਹੱਦੋਂ ਵੱਧ ਖਰਾਬ-ਏਜੰਟ ਮੌਸਮ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ-ਉਹਨਾਂ ਨੂੰ ਇਹ ਹੁੰਦੇ ਬਈ ਖਰਾਬ ਮੌਸਮ ਵਿਚ ਸੀ-ਪੋਰਟ ਪੁਲਸ ਬਾਹਰ ਨਹੀਂ ਨਿਕਲਦੀ-ਗਸ਼ਤ ਨਹੀਂ ਕਰਦੀ-ਪਰ ਪੁਲਸ ਨੂੰ ਟੇਕ ਕਿੱਥੇ?''
-''ਜਦੋਂ ਏਜੰਟਾਂ ਨੇ ਸ਼ਿੱਪ ਨਾਲ ਸ਼ਿੱਪ ਬੰਨ੍ਹ ਕੇ ਮੁੰਡੇ ਦੂਜੇ ਸ਼ਿੱਪ ਵਿਚ ਚੜ੍ਹਾਉਣੇ ਚਾਹੇ-ਤਾਂ ਸ਼ਿੱਪ ਖਰਾਬ ਮੌਸਮ ਕਰਕੇ ਸਮੁੰਦਰ 'ਚ ਈ ਗੋਤੇ ਖਾਣ ਲੱਗ ਪਿਆ-ਜਹਾਜ ਦਾ ਅਮਲਾ ਤਾਂ ਮੋਟਰ-ਬੋਟ ਕੱਢ ਕੇ ਤਿੱਤਰ ਹੋ ਗਿਆ ਤੇ ਮੁੰਡੇ ਡੁੱਬ ਗਏ-ਕਈ ਮੁੰਡਿਆਂ ਨੇ ਤਾਂ ਉਹਨਾਂ ਦੀ ਮੋਟਰ-ਬੋਟ ਵਿਚ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ-ਪਰ ਜੱਗੋਂ ਜਾਣਿਆਂ ਨੇ ਉਹਨਾਂ ਨੂੰ ਫੜ-ਫੜ ਛੂਕਦੇ ਸਮੁੰਦਰ ਵਿਚ ਸੁੱਟ ਦਿੱਤਾ।''
-''ਪੁਲਸ ਨੂੰ ਕਿਵੇਂ ਪਤਾ ਲੱਗਿਆ?''
-''ਤੈਨੂੰ ਪਤੈ ਬਈ ਭਿਆਨਕ ਮੌਸਮ 'ਚ ਪੁਲਸ ਮੋਟਰ-ਬੋਟਾਂ 'ਤੇ ਨਹੀਂ-ਹੈਲੀਕਾਪਟਰਾਂ ਨਾਲ ਗਸ਼ਤ ਕਰਦੀ ਐ-ਹੈਲੀਕਾਪਟਰ ਵਾਲਿਆਂ ਨੇ ਹਾਲ ਦੁਹਾਈ ਪਾਈ ਤਾਂ ਕਿਤੇ ਸ਼ਿੱਪ ਧੂਹ ਕੇ ਕਿਨਾਰੇ 'ਤੇ ਲਿਆਂਦਾ।''
-''ਕੋਈ ਬੱਚਤ ਹੋਈ?''
-''ਬੱਚਤ ਕੀ? 189 ਮੁੰਡੇ ਤਾਂ ਰੁੜ੍ਹ ਈ ਗਏ-ਸਵਾ ਕੁ ਸੌ ਬੇਸੁਰਤ ਹਸਪਤਾਲਾਂ 'ਚ ਪਏ ਐ-ਪੰਦਰਾਂ ਵੀਹ ਕੁ ਮੁੰਡੇ ਸੁਰਤ ਸਿਰ ਐ-ਉਹਨਾਂ ਨੇ ਇਹ ਭੇਦ ਖੋਹਲਿਐ।''
ਇਕ ਭਿਆਨਕ ਚੁੱਪ ਛਾ ਗਈ।
-''ਟੀ ਵੀ ਵਾਲਿਆਂ ਨੇ ਸ਼ਿੱਪ ਦਾ ਅੰਦਰਲਾ ਹਿੱਸਾ ਵੀ ਦਿਖਾਇਐ-ਸ਼ਿੱਪ ਥਾਂ-ਥਾਂ ਤੋਂ ਜੰਗਾਲ ਨਾਲ ਗਲਿਆ ਪਿਐ-ਕੰਧਾਂ 'ਤੇ ਕਿਤੇ-ਕਿਤੇ ਸਤਿਨਾਮ-ਵਾਹਿਗੁਰੂ, ਰਾਧਾ-ਸੁਆਮੀ, ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਿੰਦੀ 'ਚ ਰਾਮ-ਰਾਮ ਤੇ ਹੋਰ ਬੋਲੀਆਂ 'ਚ ਲਿਖਿਆ ਮੈਂ ਟੀ ਵੀ 'ਤੇ ਖੁਦ ਆਪਣੇ ਅੱਖੀਂ ਦੇਖਿਐ।''
ਉਹ ਦੁੱਖ ਵਿਚ ਨੀਵੀਂਆਂ ਪਾਈ ਬੈਠੇ ਸਨ। ਲੰਮੀ ਚੁੱਪ, ਅਫ਼ਸੋਸ ਦੀ ਮਿਸਾਲ ਆਪ ਸੀ!