ਕਿਸ਼ਤ 23

ਤਿੰਨੇ ਟਰਾਲੇ ਗੂੜ੍ਹੀ ਰਾਤ ਵਿਚ ਸਾਇਪਰੱਸ ਦੇ ''ਸੀ-ਪੋਰਟ'' 'ਤੇ ਪਹੁੰਚ ਗਏ।
ਉਥੇ ਇਕ ਸ਼ਿੱਪ ਖੜ੍ਹਾ ਸੀ।
ਏਜੰਟਾਂ ਨੇ ''ਆਈਦੇ-ਆਈਦੇ'' ਕਰਦਿਆਂ ਸਾਰੇ ਮੁੰਡਿਆਂ ਨੂੰ ਕੱਟਿਆਂ ਵਾਂਗ ਸ਼ਿੱਪ ਵਿਚ ਵਾੜ ਦਿੱਤਾ। ਵਿੱਚੇ ਹੀ ਮਨਜੀਤ ਸੀ। ਹੁਣ ਉਸ ਦਾ ਦਿਲ ਕੁਝ ਟਿਕਿਆ ਹੋਇਆ ਸੀ। ਉਹ ਪੰਜਾਬੀ ਭਰਾਵਾਂ ਵਿਚ ਬੈਠੀ ਸੀ। ਪੰਜਾਬੀ ਭਰਾ ਉਸ ਦੀ 'ਵਾੜ' ਸਨ। ਹੁਣ ਉਸ ਨੂੰ ਕੋਈ 'ਖਰੂਦੀ-ਸਾਹਣ' ਉਜਾੜ ਨਹੀਂ ਸਕਦਾ ਸੀ। ਹੁਣ ਉਸ ਦੇ ਤਨ-ਜਿਸਮ ਦੀ ਫ਼ਸਲ ਸੁਰੱਖਿਅਤ ਸੀ। ਕੋਈ ਖਤਰਾ ਨਹੀਂ ਸੀ।
ਬਿੱਲੇ ਹੋਰਾਂ ਸਮੇਤ ਸ਼ਿੱਪ ਵਿਚ ਕੋਈ ਪੰਜ ਸੌ ਮੁੰਡਾ ਇਕੱਠਾ ਹੋ ਗਿਆ ਸੀ।
ਸਵੇਰ ਹੋਣ ਸਾਰ ਜਦੋਂ ਸਾਰੇ ਉਪਰ ਰੋਟੀ ਖਾਣ ਲਈ ਗਏ ਤਾਂ ਖਾਣਾ ਦੇਖ ਕੇ ਬਿੱਲੇ ਦਾ ਮਨ ਕਿਰਕ ਗਿਆ। ਬਗੈਰ ਲੂਣ-ਮਿਰਚ ਤੋਂ ਉਬਾਲੇ ਹੋਏ ਬਤਾਊਂ ਸਨ ਅਤੇ ਨਾਲ ਅੱਧ-ਪੱਕੇ ਚੌਲ ਸਨ। ਚੌਲਾਂ ਉਪਰ ਅੱਧ-ਕੱਚੇ ਬਤਾਊਂ ਬਿੱਲੇ ਨੂੰ ਮਰੇ ਚੂਹਿਆਂ ਵਰਗੇ ਜਾਪੇ। ਘੂਰਦੇ ਜਿਹੇ!
ਬਿੱਲੇ ਨੇ ਰੋਟੀ ਨਾ ਖਾਧੀ।
ਉਸੀ ਤਰ੍ਹਾਂ ਹੀ ਹੇਠਾਂ ਉਤਰ ਆਇਆ।
ਚਾਰ ਦਿਨ ਇਹ ਹੀ ਹਾਲ ਰਿਹਾ।
ਸ਼ਿੱਪ ਤੁਰ ਨਹੀਂ ਰਿਹਾ ਸੀ।
ਬਿੱਲੇ ਦਾ ਦਿਲ ਵਾਰ-ਵਾਰ ਵਾਪਿਸ ਮੁੜਨ ਨੂੰ ਕਰਦਾ ਸੀ। ਪਰ ਗਿੱਦੜਮਾਰਾਂ ਵਿਚ ਘਿਰੇ ਹੋਏ ਬਾਹਰਲੇ ਬਿੱਲੇ ਵਾਂਗ ਮਜਬੂਰ ਸੀ। ਨਾ ਉਸ ਕੋਲ ਟਿਕਟ ਸੀ ਅਤੇ ਨਾ ਹੀ ਪਾਸਪੋਰਟ।
ਸਿਰਫ਼ ਜੈਬੇ ਦਾ ਦਿੱਤਾ ਦੋ ਰੁਪਏ ਦਾ ਨੋਟ ਅਤੇ ਅਤੇ ਬਾਪੂ ਵਾਲਾ ਪੰਜਾਹਾਂ ਦਾ ਨੋਟ ਹੀ ਕੋਲ ਰਹਿ ਗਿਆ ਸੀ। ਜਿਹੜੇ ਉਸ ਨੇ ਬੜੀ ਅਮਾਨਤ ਵਾਂਗ ਸਾਂਭੇ ਹੋਏ ਸਨ- ਲਕੋ-ਛੁਪਾ ਕੇ!
ਇਹਨਾਂ ਦੋਹਾਂ ਨੋਟਾਂ ਦਾ ਉਸ ਨੂੰ ਬੜਾ ਹੀ ਆਸਰਾ ਸੀ। ਕਿਸੇ ਰੱਬੀ ਦਾਤ ਵਾਂਗ!
ਉਹ ਸ਼ਿੱਪ 'ਤੇ ਦਿਨ-ਕਟੀ ਜਿਹੀ ਕਰ ਰਹੇ ਸਨ। ਸਵੇਰੇ ਜਿਹੜੀ ਚਾਹ ਮਿਲਦੀ ਸੀ,ਉਸ ਵਿਚ ਨਾ ਦੁੱਧ ਅਤੇ ਨਾ ਹੀ ਮਿੱਠਾ ਹੁੰਦਾ। ਕਾਹਵੇ ਵਰਗੀ ਚਾਹ ਨਾਲ ਸਾਰੇ ਜਿਸਮ 'ਤੇ ਖੁਰਕ ਹੁੰਦੀ ਰਹਿੰਦੀ।
ਸ਼ਿੱਪ ਉਪਰ ਇਕ ਕੰਟੀਨ ਸੀ।
ਪਰ ਪੈਸਾ ਕਿਸੇ ਕੋਲ ਨਹੀਂ ਸੀ।
ਜਿਸ ਕੋਲ ਕੋਈ ਡਾਲਰ ਸੀ, ਉਹ ਉਸ ਨੇ ਨਜਾਇਜ ਹਥਿਆਰ ਵਾਂਗ ਛੁਪਾਅ ਕੇ ਰੱਖਿਆ ਹੋਇਆ ਸੀ। ਪਤਾ ਲੱਗਣ 'ਤੇ ਬਘਿਆੜਾਂ ਨੇ ਝਬੁੱਟ ਮਾਰ ਲੈਣੀ ਸੀ। ਖੋਹ-ਖਿੰਝ ਲੈਣਾ ਸੀ।
ਕੁਦਰਤੀਂ, ਖਾਣਾ ਵਰਤਾਉਣ ਵਾਲਾ ਬੰਦਾ ਬਿੱਲੇ ਦੇ ਨਾਨਕਿਆਂ ਵੱਲ ਦਾ ਨਿਕਲ ਆਇਆ। ਬਿੱਲਾ ਉਸ ਅੱਧਖੜ੍ਹ, ਪਰ ਚੰਗੇ ਆਦਮੀ ਨੂੰ 'ਮਾਮਾ' ਆਖ ਕੇ ਬੁਲਾਉਣ ਲੱਗ ਪਿਆ।
ਪੂਰੇ ਪੰਜ ਦਿਨ ਕੁਝ ਵੀ ਨਾ ਖਾਣ ਕਾਰਨ ਬਿੱਲਾ ਬਿਮਾਰ ਹੋ ਗਿਆ। 'ਮਾਮੇ' ਨੇ ਉਸ ਨੂੰ ਬਰੈੱਡ ਅਤੇ ਕੋਕਾ ਕੋਲਾ ਲਿਆ ਕੇ ਦਿੱਤਾ। ਵਧਅਿਾ ਸਬਜ਼ੀ ਬਣਾ ਕੇ ਦਿੱਤੀ। ਦੋ ਡੰਗ ਰੋਟੀ ਖਾਣ ਨਾਲ ਉਸ ਦੇ ਅੰਦਰ ਕੁਝ 'ਕਲਾਸ' ਹੋਇਆ।
ਮਨਜੀਤ ਵੀ ਪੂਰੀ ਤਰ੍ਹਾਂ ਸੰਭਲ ਚੁੱਕੀ ਸੀ।
ਪਰ ਕਦੇ-ਕਦੇ ਪੁਰਾਣੀਆਂ ਘਟਨਾਵਾਂ ਯਾਦ ਕਰ-ਕਰ ਉਸ ਨੂੰ ਉਲਟੀ ਜਿਹੀ ਆਉਂਦੀ। ਹਬਸ਼ੀ ਦੀ ਮੂੰਹ ਵਿਚ ਡਿੱਗੀ ਜਿਲਬ ਉਹ ਕਦੇ ਵੀ ਨਾ ਭੁਲਾ ਪਾਉਂਦੀ। ਉਸ ਨੂੰ ਬੁਰੀ ਤਰ੍ਹਾਂ ਕਚਿਆਣ ਜਿਹੀ ਆਉਣ ਲੱਗਦੀ। ਉਹ ਅਵੱਤ ਜਿਹੇ ਲੈ ਕੇ ਮਨ ਹਲਕਾ ਕਰ ਲੈਂਦੀ।
ਪੂਰੇ ਇੱਕ ਹਫ਼ਤੇ ਬਾਅਦ ਸ਼ਿੱਪ ਤੁਰਿਆ ਤਾਂ ਸਾਰਿਆਂ ਨੇ ਗੁਰੂ ਦਾ ਸ਼ੁਕਰਾਨਾ ਕੀਤਾ।
ਪੂਰੀਆਂ ਤਿੰਨ ਰਾਤਾਂ ਅਤੇ ਦੋ ਦਿਨ ਸ਼ਿੱਪ ਚੱਲਦਾ ਰਿਹਾ।
ਇਕ ਰਾਤ ਸ਼ਿੱਪ ਸਮੁੰਦਰ ਵਿਚ ਹੀ ਰੁਕ ਗਿਆ। ਕਾਰਨ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਸਾਰੇ ਇਕ ਦੂਜੇ ਵੱਲ ਭਮੱਤਰੇ ਜਿਹੇ ਝਾਕ ਰਹੇ ਸਨ। ਘੁੱਟਾਂਬਾਟੀ ਤੱਕ ਰਹੇ ਸਨ।
ਦੋ ਕੁ ਘੰਟੇ ਬਾਅਦ ਇਕ ਸ਼ਿੱਪ ਹੋਰ ਆ ਗਿਆ। ਸ਼ਿੱਪ ਨਾਲ ਸ਼ਿੱਪ ਰੱਸੇ ਪਾ ਕੇ ਬੰਨ੍ਹਿਆਂ। ਦੋਨੋਂ ਸ਼ਿੱਪ ਬਰਾਬਰ-ਬਰਾਬਰ ਹੋ ਗਏ।
ਸਮੁੰਦਰ ਦਾ ਮੌਸਮ ਬਹੁਤ ਖਰਾਬ ਸੀ।
ਦੂਰੋਂ ਪ੍ਰੇਤ ਵਾਂਗ ਆਉਂਦੀਆਂ ਲਹਿਰਾਂ ਦਿਲ ਕੱਢਦੀਆਂ ਸਨ। ਦੂਰ-ਦੂਰ ਤੱਕ ਘੁੱਪ ਹਨ੍ਹੇਰਾ ਸੀ।
ਬੱਸ! ਮਾੜਾ ਮੋਟਾ ਸ਼ਿੱਪਾਂ ਦੀਆਂ ਲਾਈਟਾਂ ਦਾ ਹੀ ਚਾਨਣ ਦਿਲ ਧਰਵਾ ਰਿਹਾ ਸੀ।
ਤਕਰੀਬਨ ਪੰਜ ਸੌ ਦਾ ਪੰਜ ਸੌ ਮੁੰਡਾ ਹੀ ਸਾਈਡਾਂ ਟਪਾ ਕੇ ਦੂਸਰੇ ਸ਼ਿੱਪ ਵਿਚ ਵੜਦਾ ਕਰ ਦਿੱਤਾ। ਬਿਜਲੀ ਕੜਕ ਰਹੀ ਸੀ। ਸਮੁੰਦਰ ਗਰਜ ਰਿਹਾ ਸੀ।
ਇਹ ਸ਼ਿੱਪ ਜੰਗਾਲ ਦਾ ਇਤਨਾ ਖਾਧਾ ਹੋਇਆ ਸੀ ਕਿ ਜਦੋਂ ਆਉਂਦੀਆਂ ਲਹਿਰਾਂ ਨਾਲ ਹਿੱਲਦਾ ਸੀ ਤਾਂ ਜੰਗਾਲ ਦੇ ਖਲੇਪੜ ਡਿੱਗਦੇ ਸਨ। ਜਿਵੇਂ ਪੁਰਾਣੀ ਕੰਧ ਦੇ ਲਿਉੜ ਡਿੱਗਦੇ ਐ!
ਜਦੋਂ ਸਮੁੰਦਰ ਦਾ ਮੌਸਮ ਖਰਾਬ ਹੋਣ ਕਾਰਨ ਸ਼ਿੱਪ ਡਾਵਾਂਡੋਲ ਹੋ ਜਾਂਦਾ ਤਾਂ ਸਾਰੇ ਮੁੰਡਿਆਂ ਦੀ ਜਾਨ 'ਕਿਰ-ਕਿਰ' ਪੈਂਦੀ। ਦਿਲ 'ਸਹਿ-ਸਹਿ' ਕਰਦਾ।
-''ਬਾਈ ਸਿਰੇ ਲੱਗਾਂਗੇ ਕਿ ਨਹੀਂ?'' ਬਿੱਲੇ ਨੇ ਜਰਨੈਲ ਸਿੰਘ ਨੂੰ ਪੁੱਛਿਆ।
-''ਜੋ ਗੁਰੂ ਨੂੰ ਮਨਜੂਰ ਐ-ਮਿੱਤਰਾ ਹੋ ਕੇ ਰਹਿਣੈਂ-ਰੱਬ-ਰੱਬ ਕਰੋ!'' ਬਾਈ ਨੇ ਉਚੀ ਅਵਾਜ਼ ਵਿਚ ਕਿਹਾ।
ਇਸ ਸ਼ਿੱਪ ਵਿਚ ਉਹ ਤਕਰੀਬਨ ਤਿੰਨ ਹਫ਼ਤੇ ਰਹੇ। ਉਹ ਹਰ ਰੋਜ ਹੀ ਸ਼ਾਮ ਨੂੰ ਪਾਠ ਕਰਦੇ। ਅਰਦਾਸਾਂ ਕਰਦੇ। ਸ਼ਬਦ ਗਾਇਨ ਕਰਦੇ।
ਵੱਖੋ-ਵੱਖਰੇ ਮਜ਼ਹਬਾਂ-ਧਰਮਾਂ ਦੇ ਮੁੰਡੇ ਆਪਣੇ-ਆਪਣੇ ਅੱਲਾਹ, ਵਾਹਿਗੁਰੂ, ਰਾਮ ਨੂੰ ਧਿਆਉਂਦੇ ਸਨ। ਦੇਵੀ-ਦੇਵਤਿਆਂ ਦੀ ਉਪਾਸਨਾ ਕੀਤੀ ਜਾਂਦੀ ਸੀ। ਮੱਥੇ ਰਗੜੇ ਜਾਂਦੇ ਸਨ।
ਇਸ ਸ਼ਿੱਪ ਵਿਚ ਤਿੰਨ ਟਾਈਮ ਖਾਣਾ ਮਿਲਦਾ ਸੀ। ਦਾਲ ਅਤੇ ਚੌਲ! ਕਿਸੇ-ਕਿਸੇ ਦਿਨ ਉਹਨਾਂ ਨੂੰ ਸਿਰਫ਼ ਮੂੰਗੀ-ਮਸਰਾਂ ਦੀ ਦਾਲ ਉਪਰ ਹੀ ਗੁਜ਼ਾਰਾ ਕਰਨਾ ਪੈਂਦਾ।
ਇਸ ਸ਼ਿੱਪ ਵਿਚ ਬਿੱਲਾ ਤਿੰਨ ਹਫ਼ਤੇ ਹੀ ਬਿਮਾਰ ਪਿਆ ਰਿਹਾ। ਕੋਈ ਪੁੱਛ-ਗਿੱਛ ਨਹੀਂ ਸੀ। ਕੋਈ ਡਾਕਟਰੀ ਸਹੂਲਤ ਨਹੀਂ ਸੀ। ਬਾਈ ਅਤੇ ਮਨਜੀਤ ਵੀ ਬਿਮਾਰ ਪੈ ਗਏ। ਬਿਮਾਰੀ ਕਾਰਨ ਉਹਨਾਂ ਨੂੰ ਭੁੱਖ ਲੱਗਣੋਂ ਵੀ ਹਟ ਗਈ।
ਖਾਲੀ ਪੇਟ ਕਾਰਨ ਸਰੀਰ ਦੀਆਂ ਨਾੜਾਂ ਖਿੱਚੀਆਂ ਗਈਆਂ। ਹਮਦਰਦੀ ਰੱਖਣ ਵਾਲੇ ਮੁੰਡਿਆਂ ਨੇ ਉਹਨਾਂ ਨੂੰ ਧੱਕੇ ਨਾਲ ਖਾਣਾ ਖੁਆ ਦਿੱਤਾ, ਪਰ ਪੇਟ ਨੇ ਨਾ ਝੱਲਿਆ। ਉਲਟੀਆਂ ਨਾਲ ਸਾਰਾ ਕੁਝ ਹੀ ਬਾਹਰ ਆ ਗਿਆ। ਕਮਜ਼ੋਰੀ ਹੱਦਾਂ ਬੰਨੇ ਟੱਪਦੀ ਜਾ ਰਹੀ ਸੀ। ਦੇਹ ਹਿੱਲਣ ਲੱਗ ਪਈ ਸੀ।
ਸ਼ਿੱਪ ਵਿਚ ਤਣਾਓ ਵਧਦਾ ਜਾ ਰਿਹਾ ਸੀ।
ਹੁਣ ਤਾਂ ਮੁੰਡੇ ਖਾਣੇ ਅਤੇ ਸਿਗਰਟਾਂ ਪਿੱਛੇ ਵੀ ਝਗੜਨ ਲੱਗ ਪਏ। ਕਈਆਂ ਦਾ ਦਾਅਵਾ ਸੀ ਕਿ ਖਾਣਾ ਵਰਤਾਉਣ ਵਾਲੇ ਆਪਣਿਆਂ ਨੂੰ ਜ਼ਿਆਦਾ ਵਰਤਾਉਂਦੇ ਹਨ। ਇਸ ਕਰਕੇ ਖਾਣੇ ਵੇਲੇ ਲੜਾਈ ਹੋਣ ਲੱਗ ਪਈ। ਕੁੱਕੜ-ਖੇਹ ਉਡਣ ਲੱਗੀ।
ਸ਼ਿੱਪ ਦੇ ਕੈਪਟਨ ਦੇ ਦਖਲ ਦੇਣ 'ਤੇ ਖਾਣਾ ਦੋ ਥਾਂ ਆਉਣ ਲੱਗ ਪਿਆ। ਇਕ ਪਾਸੇ ਗਰੀਸ ਜਾਣ ਵਾਲਿਆਂ ਲਈ ਅਤੇ ਦੂਸਰੇ ਪਾਸੇ ਇਟਲੀ ਜਾਣ ਵਾਲਿਆਂ ਵਾਸਤੇ!
ਤਿੰਨ ਹਫ਼ਤੇ ਇਹ ਸਿਲਸਲਾ ਚੱਲਿਆ।
ਸ਼ਾਂਤੀ ਵਰਤੀ ਰਹੀ।
ਸ਼ਿੱਪ ਇਟਲੀ ਦੇ ਨਜ਼ਦੀਕ ਪਹੁੰਚਿਆ ਤਾਂ ਕੈਪਟਨ ਨੇ ਹਰ ਮੁੰਡੇ ਤੋਂ ਵੀਹ-ਵੀਹ ਡਾਲਰ ਮੰਗਣੇ ਸ਼ੁਰੂ ਕਰ ਦਿੱਤੇ। ਕਈਆਂ ਕੋਲ ਡਾਲਰ ਹੈ ਹੀ ਨਹੀਂ ਸਨ। ਕੈਪਟਨ ਦਾ ਕਥਨ ਸੀ ਕਿ ਅੱਗੇ ਤੁਹਾਨੂੰ ਬੱਸਾਂ ਲੈਣ ਆਉਣਗੀਆਂ, ਇਹ ਵੀਹ-ਵੀਹ ਡਾਲਰ ਬੱਸਾਂ ਲਈ ਹਨ। ਕਈਆਂ ਨੇ ਤਾਂ ਡਾਲਰ ਦੇ ਦਿੱਤੇ। ਪਰ ਜਿਹਨਾਂ ਕੋਲ ਹੈ ਹੀ ਨਹੀਂ ਸਨ, ਉਹ ਕਿੱਥੋਂ ਪੈਦਾ ਕਰਦੇ? ਨੰਗਾਂ ਦੇ ਨੰਗ ਪ੍ਰਾਹੁਣੇਂ! ਖਾਲੀ ਜੇਬਾਂ ਵਾਲੇ ਮੁੰਡੇ ਵਾੜ ਵਿਚ ਫ਼ਸੇ ਬਿੱਲੇ ਵਾਂਗ ਝਾਕਦੇ!
ਬਾਈ, ਬਿੱਲੇ ਅਤੇ ਮਨਜੀਤ ਦਾ ਵੀ ਇਹੋ ਹਾਲ ਸੀ। ਜੇਬਾਂ ਤੋਂ ਉਹ ਵੀ ਖਾਲੀ ਹੀ ਸਨ।
ਕੈਪਟਨ ਬਦਨੀਤੀ 'ਤੇ ਉਤਰ ਆਇਆ।
ਉਹ ਰਾਤ ਨੂੰ ਸ਼ਿੱਪ ਇਟਲੀ ਦੇ ਸੀ-ਪੋਰਟ ਦੇ ਨੇੜੇ ਲੈ ਜਾਂਦਾ। ਮੁੰਡਿਆਂ ਨੂੰ ਜਗਦੀਆਂ ਬੱਤੀਆਂ ਦਿਖਾ ਦਿੰਦਾ। ਬੱਤੀਆਂ ਵੱਲ ਹੱਥ ਕਰਕੇ ਉਹ ''ਇਤਾਲੀ-ਇਤਾਲੀ'' ਕਰ ਛੱਡਦਾ। ਪਰ ਸਵੇਰ ਸਾਰ ਹੀ ਸ਼ਿੱਪ ਦੂਰ ਕਰ ਲੈਂਦਾ। ਇਹ ਮੁੰਡਿਆਂ ਦੇ ਇਮਤਿਹਾਨ ਦੀ ਘੜੀ ਸੀ। ਪਰ ਉਹ ਪੈਸੇ ਕਿੱਥੋਂ ਲਿਆਉਂਦੇ? ਡਾਲਰ ਕਿਹੜੀ ਬੈਂਕ 'ਚੋਂ ਕੱਢ ਲੈਂਦੇ?
ਹਰ ਰੋਜ ਕੈਪਟਨ ਇਹੋ ਵਰਤਾਰਾ ਹੀ ਕਰਦਾ ਰਿਹਾ। ਅਗਰ ਮੁੰਡੇ ਕਾਰਨ ਪੁੱਛਦੇ ਤਾਂ ਇੱਕੋ ਹੀ ਘੜਿਆ-ਘੜਾਇਆ ਉਤਰ ਦੇ ਛੱਡਦਾ: ਮੌਸਮ ਖਰਾਬ ਹੈ-ਬੋਟਾਂ ਨਹੀਂ ਆ ਸਕਦੀਆਂ!
ਪੂਰੇ ਨੌਂ ਦਿਨ ਬੀਤ ਗਏ।
ਕੈਪਟਨ ਦਾ ਉਹ ਹੀ ਚੱਕਰਵਿਊ ਚੱਲਦਾ ਰਿਹਾ। ਪਾਣੀ ਮੁੰਡਿਆਂ ਦੇ ਸਿਰ ਉਪਰੋਂ ਵਗਣਾ ਸ਼ੁਰੂ ਹੋ ਗਿਆ। ਸਬਰ ਦਾ ਪਿਆਲਾ ਟੁੱਟਣ ਕਿਨਾਰੇ ਆ ਗਿਆ। ਉਹ ਅੱਠ-ਨੌਂ ਜਾਣੇਂ ਇਕ ਟੋਲੀ ਜਿਹੀ ਬਣਾ ਕੇ ਕੈਪਟਨ ਕੋਲ ਚਲੇ ਗਏ।
ਅੱਗਿਓਂ ਕੈਪਟਨ ਸ਼ਰਾਬ ਨਾਲ ਰੱਜਿਆ ਬੈਠਾ ਸੀ। ਜਦੋਂ ਮੁੰਡਿਆਂ ਨੇ ''ਕਦ ਪਹੁੰਚਾਂਗੇ?'' ਦਾ ਸੁਆਲ ਕੀਤਾ ਤਾਂ ਉਹ 'ਅਲੀ-ਅਲੀ' ਕਰਕੇ ਉਹਨਾਂ ਦੇ ਗਲ ਪੈ ਗਿਆ। ਬੁਰੀ 'ਤੇ ਆਏ ਮੁੰਡਿਆਂ ਨੇ ਕੈਪਟਨ ਨੂੰ ਥੱਲੇ ਧਰ ਲਿਆ ਅਤੇ ਜਬਾੜ੍ਹੇ ਸੇਕ ਦਿੱਤੇ। ਪਰ ਉਹ ਆਪਣੇ ਆਪ ਨੂੰ ਛੁਡਾ ਕੇ ਥੱਲੇ ਉਤਰਨ ਵਿਚ ਸਫ਼ਲ ਹੋ ਗਿਆ। ਭੜ੍ਹਕੇ ਮੁੰਡਿਆਂ ਨੇ ਉਸ ਨੂੰ ਕੁੱਕੜ ਵਾਂਗ ਮਧੋਲ ਧਰਿਆ ਸੀ।
ਅੱਧੀ ਕੁ ਰਾਤੋਂ ਇਕ ਮੁੰਡਾ ਪਿਸ਼ਾਬ ਕਰਨ ਲਈ ਟੁਆਇਲਟ ਗਿਆ ਤਾਂ ਉਸ ਨੂੰ ਸ਼ਰਾਬੀ ਕੈਪਟਨ ਨੇ ਢਾਹ ਲਿਆ ਅਤੇ ਵੈਂਟੀਲੇਟਰ ਵੱਲ ਨੂੰ ਘੜੀਸਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਹਨ੍ਹੇਰੇ ਸਮੁੰਦਰ ਵਿਚ ਸੁੱਟਣ ਹੀ ਲੱਗਾ ਸੀ ਕਿ ਕੁਝ ਸ੍ਰੀ ਲੰਕਾ ਦੇ ਮੁੰਡਿਆਂ ਨੇ ਦੇਖ ਲਿਆ। ਉਹਨਾਂ ਨੇ ਕੈਪਟਨ ਦੇ ਸਿਰ ਵਿਚ ਹੈਂਡਲ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ ਅਤੇ ਮੁੰਡਾ ਉਸ ਹੇਠੋਂ ਕੱਢ ਲਿਆ।
ਇਸ ਸ਼ਿੱਪ ਵਿਚ ਤਕਰੀਬਨ ਚਾਲੀ ਸ੍ਰੀ ਲੰਕਾ ਦੇ ਮੁੰਡੇ ਸਨ। ਉਹ ਬੜੇ ਹੀ ਨੇਕ ਸੁਭਾਅ ਦੇ ਸਨ, ਪਰ ਪੰਜਾਬੀ ਮੁੰਡੇ ਉਹਨਾਂ ਨੂੰ ''ਬੀੜੀਆਂ-ਪੀਣੇਂ'' ਆਖ ਕੇ ਹੀ ਗਾਲ੍ਹਾਂ ਕੱਢੀ ਜਾਂਦੇ। ਅਗਰ ਉਹ ਪੰਜਾਬੀ ਮੁੰਡੇ ਨੂੰ ਕੈਪਟਨ ਤੋਂ ਨਾ ਬਚਾਉਂਦੇ ਤਾਂ ਇਤਨੀ ਖਲਕਤ ਵਿਚ ਮੁੰਡੇ ਦਾ ਕੀ ਪਤਾ ਲੱਗਣਾ ਸੀ?
ਮੁੰਡਿਆਂ ਦੀ ਇਸ ਸਖ਼ਤ ਕਾਰਵਾਈ ਕਾਰਨ ਕੈਪਟਨ ਦੇ ਦਿਲ ਵਿਚ ਡਰ ਬੈਠ ਗਿਆ। ਉਹ ਮੁੰਡਿਆਂ ਤੋਂ ਭੈਅ ਖਾਣ ਲੱਗ ਪਿਆ।
ਅਗਲੀ, ਅੱਧੀ ਰਾਤ ਨੂੰ ਹੀ ਬੋਟਾਂ ਪੁੱਜ ਗਈਆਂ। ਮੌਸਮ ਬਹੁਤ ਹੀ ਭਿਆਨਕ ਸੀ। ਪਰ ਏਜੰਟਾਂ ਲਈ ਇਹ ਸੁਨਿਹਰੀ ਮੌਕਾ ਸੀ। ਜਿਹੜੇ ਨਿਕਲਦੇ ਐ ਕੱਢੋ! ਜਿਹੜੇ ਰੁੜ੍ਹਦੇ ਐ-ਰੁੜ੍ਹ ਜਾਣ ਦਿਓ! ਕੋਈ ਫ਼ਿਕਰ ਨਹੀਂ! ਖਾਣ ਖਸਮਾਂ ਨੂੰ! ਮਰਨ ਦਿਓ ਪਰ੍ਹੇ!
ਤੇਜ਼ ਰੌਸ਼ਨੀ ਕਰਕੇ ਬੋਟਾਂ ਸ਼ਿੱਪ ਨਾਲ ਬੰਨ੍ਹੀਆਂ ਗਈਆਂ। ਸਮੁੰਦਰ ਅਜਗਰ ਵਾਂਗ ਸਿਰ ਨੂੰ ਆਉਂਦਾ ਸੀ। ਬਿਜਲੀ ਕਟਕਦੀ ਸੀ, ਸਮੁੰਦਰ ਗੱਜਦਾ ਸੀ!
ਪਹਿਲੀ ਬੋਟ ਵਿਚ ਤਕਰੀਬਨ ਸਵਾ ਕੁ ਸੌ ਮੁੰਡੇ ਵਾੜ ਦਿੱਤੇ। ਬੱਦਲਾਂ ਨੇ ਕੁਰਲਾਹਟ ਮਚਾਇਆ ਹੋਇਆ ਸੀ।
ਬੋਟ ਤੁਰ ਗਈ।
ਬਾਈ ਅਤੇ ਬਿੱਲੇ ਹੋਰੀਂ ਵਾਰੀ ਦੀ ਉਡੀਕ ਵਿਚ ਖੜ੍ਹੇ ਸਨ। ਦੂਸਰੀ ਬੋਟ ਨੇੜੇ ਕੀਤੀ ਤਾਂ ਉਸ ਵਿਚੋਂ ਇਕ ਪਾਕਿਸਤਾਨੀ ਬੜੀਆਂ ਗੰਦੀਆਂ ਗਾਲ੍ਹਾਂ ਕੱਢੀ ਜਾ ਰਿਹਾ ਸੀ।
-''ਉਏ ਜਲਦੀ ਵੜ ਜਾਓ ਭੈਣ ਚੋਦੋ! ਸਾਨੂੰ ਵੀ ਮਰਵਾ ਧਰੋਂਗੇ!''
ਬਿੱਲਾ, ਮਨਜੀਤ, ਬਾਈ ਅਤੇ ਬਾਕੀ ਨਾ ਚਾਹੁੰਦਿਆਂ ਵੀ ਅੰਦਰ ਜਾ ਵੜੇ। ਉਹਨਾਂ ਦਾ ਦਿਲ ਉਸ ਪਾਕਿਸਤਾਨੀ ਦੀ ਭੁਗਤ ਸੁਆਰਨ ਨੂੰ ਕਰਦਾ ਸੀ। ਪਰ ਉਹ ਛੇ ਬੰਦਿਆਂ ਦੇ ਰਿਵਾਲਵਰਾਂ ਕਰਕੇ, ਚੁੱਪ ਰਹਿਣ 'ਤੇ ਮਜਬੂਰ ਹੋ ਗਏ।
ਬੋਟ ਅਜੇ ਥੋੜੀ ਦੂਰ ਹੀ ਗਈ ਸੀ ਕਿ ''ਘਿਰਰ-ਘਿਰਰ'' ਜਿਹਾ ਕਰਕੇ ਰੁਕ ਗਈ।
ਬੋਟ ਖਰਾਬ ਹੋ ਚੁੱਕੀ ਸੀ।
ਉਹਨਾਂ ਵਾਇਰਲੈੱਸ ਕਰਕੇ ਇਕ ਹੋਰ ਬੋਟ ਮੰਗਵਾ ਲਈ। ਬੋਟ ਨਾਲ ਬੋਟ ਬੰਨ੍ਹੀ ਗਈ।
ਸਾਰਿਆਂ ਨੇ ਸੁਖ ਦਾ ਸਾਹ ਲਿਆ।
ਅਜੇ ਇਹ ਬੋਟ ਵੀ ਥੋੜਾ ਜਿਹਾ ਹੀ ਚੱਲੀ ਸੀ ਕਿ ਬਿੱਲੇ ਹੋਰਾਂ ਦੀ ਬੋਟ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ। ਪਾਣੀ ਕਿਸੇ ਕੱਸੀ ਵਾਂਗ ਆ ਰਿਹਾ ਸੀ। ਰਿਵਾਲਵਰਾਂ ਵਾਲੇ ਪਾਣੀ ਕੱਢਣ ਲੱਗ ਪਏ।
ਪਰ ਜਿੰਨਾਂ ਕੁ ਪਾਣੀ ਉਹ ਕੱਢਦੇ, ਉਸ ਤੋਂ ਕਿਤੇ ਜ਼ਿਆਦਾ ਹੋਰ ਪਾਣੀ ਬੋਟ ਵਿਚ ਭਰ ਜਾਂਦਾ। ਕਰੋਪੀ ਰੱਬ ਦੀ, ਬੋਟਾਂ ਦੇ ਟੋਚਨ ਵਾਲਾ ਰੱਸਾ ਅਚਾਨਕ ਟੁੱਟ ਗਿਆ। ਬੋਟ ਰੁਕ ਗਈ। ਪਾਣੀ ਭਰਨਾ ਬੰਦ ਹੋ ਗਿਆ। ਅਸਲ ਵਿਚ ਬਿੱਲੇ ਹੋਰਾਂ ਵਾਲੀ ਬੋਟ ਦਾ ''ਹਾਊਸ-ਪਾਈਪ'' ਫ਼ਟ ਗਿਆ ਸੀ। ਜਦ ਬੋਟ ਚੱਲਦੀ ਸੀ ਤਾਂ ਪਾਣੀ ਭਰਦਾ ਸੀ।
ਵਾਇਰਲੈੱਸ ਕਰਕੇ ਟੋਚਨ ਵਾਲੀ ਬੋਟ ਪਿੱਛੇ ਮੋੜੀ ਗਈ। ਜਦ ਬੋਟ ਆਈ ਤਾਂ ਬੋਟ ਦਾ ਡਰਾਈਵਰ ਅਤੇ ਉਸ ਦੇ ਆਦਮੀ ਉਸ ਬੋਟ ਵਿਚ ਚੜ੍ਹ ਕੇ 'ਰਫੂ-ਚੱਕਰ' ਹੋ ਗਏ। ਇਕੱਲੇ ਮੁੰਡਿਆਂ ਨੂੰ ਮਰਨ ਲਈ ਬੋਟ ਵਿਚ ਹੀ ਛੱਡ ਗਏ। ਕਿਹੜਾ ਕੋਈ ਤਰਸ ਸੀ? ਉਹ ਸਿਰਫ਼ ਆਪਣੀ ਹਿਫ਼ਾਜ਼ਤ ਹੀ ਜ਼ਰੂਰੀ ਸਮਝਦੇ ਸਨ।
ਕੜਾਕੇ ਦੀ ਸਰਦੀ ਕਾਰਨ ਮੁੰਡੇ 'ਥਰ-ਥਰ' ਕੰਬੀ ਜਾ ਰਹੇ ਸਨ। ਮਨਜੀਤ ਦਾ ਦੰਦ-ਕੜਿੱਕਾ ਵੱਜੀ ਜਾ ਰਿਹਾ ਸੀ। ਸਮੁੰਦਰ ਦਹਾੜੀ ਜਾ ਰਿਹਾ ਸੀ।
-''ਬਾਈ-ਬੰਦੇ ਤਾਂ ਸਾਰੇ ਹੀ ਭੱਜ ਗਏ-ਹੁਣ ਕੋਈ ਵਿਧੀ?'' ਬਿੱਲਾ ਬੋਲਿਆ।
-''ਕਿਸ਼ਤੀ ਵਿਚੋਂ ਪਾਣੀ ਕੱਢੋ! ਵਿਧੀ ਰੱਬ ਬਣਾਊ-ਕਰਨ ਵਾਲਾ ਕੰਮ ਤਾਂ ਕਰੋ-ਨਾਲ ਦੀ ਨਾਲ ਪਾਠ ਵੀ ਕਰੋ!'' ਬਾਈ ਨੇ ਕਿਹਾ।
ਸਾਰੇ ਮੁੰਡੇ ''ਵਾਹਿਗੁਰੂ-ਰਾਮ-ਅੱਲਾਹ'' ਧਿਆਉਂਦੇ ਪਾਣੀ ਕੱਢਣ ਲੱਗ ਪਏ।
ਪਾਣੀ ਕੱਢਦਿਆਂ ਨੂੰ ਸਵੇਰ ਹੋ ਗਈ।
ਸਮੁੰਦਰ ਵੀ ਸ਼ਾਂਤ ਹੋ ਗਿਆ ਸੀ।
ਸਵੇਰ ਦੇ ਸੱਤ ਕੁ ਵਜੇ ਉਹਨਾਂ ਨੂੰ ਇਕ ਸ਼ਿੱਪ ਦਿਖਾਈ ਦਿੱਤਾ। ਸ਼ਿੱਪ ਬਹੁਤ ਦੂਰੀ 'ਤੇ ਸੀ। ਮੁੰਡਿਆਂ ਦਾ ਪਾਠ ਨਿਰੰਤਰ ਜਾਰੀ ਸੀ।
ਬਾਈ ਨੇ ਇਕ ਮੁੰਡੇ ਦੀ ਪੱਗ ਲੁਹਾ ਲਈ। ਪੱਗ ਪਾੜ ਕੇ ਸ਼ਿੱਪ ਵੱਲ ਨੂੰ ਲਹਿਰਾਈ। ਸ਼ਿੱਪ ਨੇ ਇਧਰਲੀ ਦਿਸ਼ਾ ਫੜ ਲਈ। ਪਰ ਉਸ ਨੂੰ ਪਹੁੰਚਣ ਵਿਚ ਕੋਈ ਪੰਦਰਾਂ ਮਿੰਟ ਲੱਗ ਗਏ।
ਸ਼ਿੱਪ ਨੇ ਬੋਟ ਨੇੜੇ ਪੁੱਜ ਕੇ ਦੋ-ਤਿੰਨ ਗੇੜੇ ਲਾਏ ਤਾਂ ਮੁੰਡਿਆਂ ਨੇ ''ਹੈੱਲਪ-ਹੈੱਲਪ'' ਦਾ ਰੌਲਾ ਪਾ ਦਿੱਤਾ। ਹੱਥ ਜੋੜ-ਜੋੜ ਕੇ ਦਿਖਾਏ।
ਡੋਲ ਕੇ ਡੁੱਬਣ ਦੇ ਡਰੋਂ, ਸ਼ਿੱਪ ਬੋਟ ਦੇ ਨੇੜੇ ਨਹੀਂ ਆ ਸਕਦਾ ਸੀ। ਸ਼ਿੱਪ ਦੇ ਕੈਪਟਨ ਨੇ ਪੁਲੀਸ ਨੂੰ ਫ਼ੋਨ ਕਰ ਦਿੱਤਾ। ਪੰਦਰਾਂ ਕੁ ਮਿੰਟਾਂ ਬਾਅਦ ਪੁਲੀਸ ਆਪਣੀਆਂ ਹਵਾ ਨੂੰ ਗੰਢਾਂ ਦੇਣ ਵਾਲੀਆਂ ਬੋਟਾਂ ਲੈ ਕੇ ਪਹੁੰਚ ਗਈ।
ਇਕ ਨਿੱਕੀ ਜਿਹੀ ਬੋਟ ਵਿਚ ਇਤਨੇ ਮੁੰਡੇ ਦੇਖ ਕੇ ਪੁਲੀਸ ਹੱਦੋਂ ਵੱਧ ਹੈਰਾਨ ਸੀ! ਉਨ੍ਹਾਂ ਨੇ ਰੱਸੇ ਪਾ ਕੇ ਬੋਟ ਸ਼ਿੱਪ ਨਾਲ ਬੰਨ੍ਹ ਦਿੱਤੀ ਅਤੇ ਸਾਰੇ ਮੁੰਡੇ ਸ਼ਿੱਪ ਵਿਚ ਚਾੜ੍ਹ ਦਿੱਤੇ। ਪੁਲੀਸ ਨੇਗਿਣਤੀ ਕੀਤੀ ਤਾਂ ਪੂਰੇ ਇਕ ਸੌ ਪੈਂਹਟ ਮੁੰਡੇ ਸਨ।
ਪੁਲੀਸ ਨੇ ਮੀਡੀਆ ਨੂੰ ਖ਼ਬਰ ਕਰ ਦਿੱਤੀ।
ਸਾਰੀ ਰਾਤ ਖੜ੍ਹੇ ਮੁੰਡਿਆਂ ਦੀਆਂ ਲੱਤਾਂ ਸੋਟੇ ਬਣ ਗਈਆਂ ਸਨ। ਪੁਲੀਸ ਅਤੇ ਲੜਕਿਆਂ ਵਿਚ ਭਾਸ਼ਾ ਦੀ ਮੁਸ਼ਕਿਲ ਬਣੀ ਹੋਈ ਸੀ। ਮੁੰਡੇ ਮਾੜੀ ਮੋਟੀ ਅੰਗਰੇਜ਼ੀ ਜਾਣਦੇ ਸਨ। ਜਦ ਕਿ ਪੁਲੀਸ ਵਾਲੇ ਨਿਰੋਲ ਇਟਾਲੀਅਨ ਭਾਸ਼ਾ ਹੀ ਬੋਲਦੇ ਸਨ।
-''ਪਾਅਲੇ ਇਤਲੀਆਨੋ?'' ਇਕ ਪੁਲੀਸ ਅਫ਼ਸਰ ਨੇ ਪੁੱਛਿਆ ਕਿ ਕੋਈ ਇਟਾਲੀਅਨ ਬੋਲੀ ਜਾਣਦਾ ਹੈ?
-''ਨ੍ਹੋ! ਇੰਗਲਿਸ਼! ਇੰਗਲਿਸ਼!!'' ਮਨਜੀਤ ਬੋਲੀ।
-''ਓ ਕੇ!''
-''ਇੰਦੀਆਮੋਂ ਕਾਪੀਤੇਨ!'' ਅਫ਼ਸਰ ਨੇ ਕੈਪਟਨ ਨੂੰ ਤੁਰਨ ਲਈ ਆਖਿਆ।
ਪੂਰੇ ਅੱਠ ਵਜੇ ਸ਼ਿੱਪ ਤੁਰ ਪਿਆ ਅਤੇ ਤਿੰਨ ਘੰਟਿਆਂ ਵਿਚ ਸੀ-ਪੋਰਟ 'ਰੱਜੋ-ਕਲਾਵਾਰੀਆ' ਲੱਗ ਗਿਆ। ਸੀ-ਪੋਰਟ 'ਤੇ ਮੀਡੀਆ ਅਤੇ ਪੁਲਸ ਦੇ ਵੱਡੇ-ਵੱਡੇ ਅਫ਼ਸਰਾਂ ਸਮੇਤ ਕੋਈ ਅੱਠ-ਨੌਂ ਸੌ ਬੰਦਾ ਪਹੁੰਚਿਆ ਹੋਇਆ ਸੀ।
ਥੋੜੀ-ਥੋੜੀ ਬਾਰਿਸ਼ ਪੈਣ ਲੱਗ ਪਈ ਸੀ।
ਸੀ-ਪੋਰਟ ਦੇ ਪੁਲੀਸ ਸਟੇਸ਼ਨ ਸਾਰਿਆਂ ਦੀ ਡਾਕਟਰੀ ਹੋਈ। ਉਂਗਲੀਆਂ ਦੇ ਨਿਸ਼ਾਨ ਲਏ ਗਏ।
ਜਦੋਂ ਮਨਜੀਤ ਦੀ ਡਾਕਟਰੀ ਹੋਈ ਤਾਂ ਡਾਕਟਰ ਕਿਸੇ ਗੱਲੋਂ ਬਾਗੋਬਾਗ ਹੋ ਗਿਆ।
-''ਕਾਂਗਰੈਚੂਲੇਸ਼ਨਜ਼ ਮਿਸਜ਼ ਕੌਰ!'' ਡਾਕਟਰ ਗੁਜ਼ਾਰੇ ਜੋਗੀ ਅੰਗਰੇਜ਼ੀ ਜਾਣਦਾ ਸੀ।
-''ਵੱਟ ਫ਼ੌਰ----?'' ਮਨਜੀਤ ਨੇ ਪੁੱਛਿਆ।
-''ਯੂ ਆਰ ਪ੍ਰੈੱਗਨੈਂਟ!'' ਉਸ ਨੇ ਬੱਚਾ ਹੋਣ ਬਾਰੇ ਦੱਸਿਆ ਤਾਂ ਮਨਜੀਤ ਨੂੰ ਚੱਕਰ ਆ ਗਿਆ। ਇਕ ਨਵੀਂ ਅਲਾਮਤ ਆ ਚਿੰਬੜੀ ਸੀ।
ਡਾਕਟਰ ਨੇ ਮਨਜੀਤ ਨੂੰ ਪਾਣੀ ਪੀਣ ਲਈ ਦਿੱਤਾ। ਪਾਣੀ ਪੀ ਕੇ ਮਨਜੀਤ ਹੁਬਕੀਏਂ ਰੋਣ ਲੱਗ ਪਈ। ਡਾਕਟਰ ਹੈਰਾਨ ਸੀ ਕਿ ਯੂਰਪ ਵਿਚ ਤਾਂ ਲੋਕਾਂ ਤੋਂ ਖੁਸ਼ੀ ਨਹੀਂ ਝੱਲੀ ਜਾਂਦੀ, ਪਰ ਇਹ ਕਮਲੀ-ਬਦਮਗਜ ਤਾਂ ਰੋਣ ਲੱਗ ਪਈ ਸੀ!
-''ਯੂ ਨ੍ਹਾਟ ਹੈਪੀ?'' ਡਾਕਟਰ ਨੇ ਪੁੱਛਿਆ।
-''ਆਈ ਡੋਂਟ ਨੋਅ-ਹੂਅ ਇੱਜ਼ ਦਾ ਫ਼ਾਦਰ ਆਫ਼ ਦਿਸ ਚਾਈਲਡ!''
-''ਓਹ ਰੀਅਲੀ! ਯੂ ਡੋਂਟ ਨੋਅ ਅਬਾਊਟ ਦੈਟ?''
-''-----।'' ਉਹ ਗੋਡਿਆਂ ਵਿਚ ਸਿਰ ਸੁੱਟ ਕੇ ਰੋਣ ਲੱਗ ਪਈ। ਸਿਰ ਫੇਰਦੀ ਹੋਈ।
-''ਆਈ ਐੱਮ ਰੇਪਡ, ਡਾਕਟਰ!'' ਉਹ ਰੋਂਦੀ ਦੱਸ ਰਹੀ ਸੀ।
-''ਹੂਅ ਹੀ ਵਾਜ਼?''
-''ਦੇਅਰ ਵਰ ਮੈਨ੍ਹੀ-ਨ੍ਹਾਟ ਓਨਲੀ ਵੱਨ!''
-''ਹਾਓ ਮੈਨ੍ਹੀ?'' ਡਾਕਟਰ ਦਾ ਮੂੰਹ ਅੱਡਿਆ ਰਹਿ ਗਿਆ।
-''ਸੋ ਰਫ਼ਲੀ ਅਬਾਊਟ ਫ਼ੋਰਟੀ!''
-''ਫ਼ੋਰਟੀ!''
-''ਯੈੱਸ ਡਾਕਟਰ-ਫ਼ੋਰਟੀ!''
-''ਵੈਰ੍ਹੀ ਬੈਅਡ! ਵੈਰ੍ਹੀ-ਵੈਰ੍ਹੀ ਸੈਅਡ!'' ਡਾਕਟਰ ਸਿਰ ਫੇਰਦਾ ਬਾਹਰ ਨਿਕਲ ਗਿਆ। ਉਸ ਦੇ ਦਿਲ ਨੂੰ ਦਰਦ ਜ਼ਰੂਰ ਆਇਆ ਸੀ। ਪਰ ਉਹ ਕੁਝ ਕਰ ਨਹੀਂ ਸਕਦਾ ਸੀ।
ਉਹਨਾਂ ਸਾਰਿਆਂ ਨੂੰ ਲਾਈਨਾਂ ਵਿਚ ਬਿਠਾ ਦਿੱਤਾ। ਖਾਣ ਲਈ ਮੀਟ ਅਤੇ ਚੌਲ ਆ ਗਏ। ਭੁੱਖੇ ਮੁੰਡੇ ਖਾਣੇ ਨੂੰ ਟੁੱਟ ਕੇ ਪੈ ਗਏ। ਪਰ ਮਨਜੀਤ ਨੇ ਨਾ ਖਾਧੇ। ਉਸ ਅੰਦਰ ਅਜ਼ੀਬ ਉਥਲ-ਪੁੱਥਲ ਹੋ ਰਹੀ ਸੀ।
-''ਮਨਜੀਤ-ਖਾਣਾ ਨਹੀਂ ਖਾਂਦੀ?'' ਬਿੱਲੇ ਕੋਲ ਬੈਠਾ ਬਾਈ ਬੋਲਿਆ।
-''ਦਿਲ ਨਹੀਂ ਕਰਦਾ ਬਾਈ ਜੀ।''
ਉਸ ਨੇ ਦਿਲ ਦੀ ਗੰਢ ਦਿਲ ਵਿਚ ਹੀ ਨੱਪ ਲਈ।
-''ਖਾ ਲੈ ਸਹੁਰੀਏ! ਇਉਂ ਤਾਂ ਤੂੰ ਮਰਜੇਂਗੀ!''
-''ਬਾਈ ਜੀ-ਐਦੂੰ ਤਾਂ ਮੈਂ ਮਰ ਈ ਜਾਵਾਂ-ਹੋਰ ਕੀ ਲੈਣੈਂ? ਬਥੇਰ੍ਹਾ ਨਰਕ ਭੋਗ ਕੇ ਦੇਖ ਲਿਆ।''
-''ਕੁੜੀਏ ਹੁਣ ਸੰਸਾ ਨਾ ਕਰ! ਹੁਣ ਆਪਾਂ ਯੂਰਪੀਅਨ ਪੁਲਸ ਕੋਲੇ ਐਂ-ਹੁਣ ਇਹੇ ਤਣ ਪੱਤਣ ਲਾ ਕੇ ਹਟਣਗੇ।'' ਬਾਈ ਨੇ ਆਖਿਆ। ਉਸ ਨੂੰ ਅੰਦਰਲੀ ਘੁੰਡੀ ਦਾ ਕੋਈ ਪਤਾ ਨਹੀਂ ਸੀ।
ਮਨਜੀਤ ਨੇ ਖਾਣਾ ਨਾ ਖਾਧਾ ਤਾਂ ਪੁਲੀਸ ਵਾਲੇ ਉਸ ਲਈ ਚਿਪਸ ਅਤੇ ਕੋਕਾ ਕੋਲਾ ਲੈ ਆਏ।
ਪਰ ਮਨਜੀਤ ਨੇ ਨਾਂਹ ਕਰ ਦਿੱਤੀ।
-''ਫੜ ਕੇ ਤਾਂ ਰੱਖ ਲੈ ਸਹੁਰੀਏ! ਫੇਰ ਭੁੱਖ ਲੱਗੂ ਤਾਂ ਕੀ ਖਾਏਂਗੀ?'' ਬਾਈ ਦੇ ਕਹਿਣ 'ਤੇ ਉਸ ਨੇ ਚਿਪਸ ਅਤੇ ਕੋਲੇ ਦੀਆਂ ਬੋਤਲਾਂ ਫੜ ਲਈਆਂ। ਉਹ ਭੁੱਬ ਮਾਰ ਕੇ ਬਾਈ ਦੇ ਗਲ ਲੱਗ ਜਾਣਾ ਚਾਹੁੰਦੀ ਸੀ। ਉਸ ਨੂੰ ਬਾਈ 'ਚੋਂ ਰੱਬ ਦਿਸਦਾ ਸੀ।
ਉਹ ਕੱਖੋਂ ਹੌਲੀ ਹੋਈ ਬੈਠੀ ਸੀ।
ਇਸ ਬੱਚੇ ਦਾ ਬਾਪ ਕੌਣ ਸੀ? ਇਸ ਦਾ ਮਨਜੀਤ ਨੂੰ ਕੱਖ ਪਤਾ ਨਹੀਂ ਸੀ। ਉਸ ਨੂੰ ਸਿਰਫ਼ ਇਤਨਾ ਹੀ ਅਹਿਸਾਸ ਸੀ ਕਿ ਉਸ ਅੰਦਰ ਪਾਪ ਦਾ ਫ਼ਲ ਪਲ ਰਿਹਾ ਸੀ। ਜਿਸ ਨੂੰ ਲੋਕਾਂ ਨੇ ਪਤਾ ਨਹੀਂ ਕਿਸ ਦਾ ਨਾਂ ਦੇਣਾ ਸੀ? ਜਿਹੜਾ ਉਸ ਅੰਦਰਲਾ ਖੂਨ ਪੀ ਰਿਹਾ ਸੀ, ਉਹ ਸਮਾਜ ਵਿਚ ਇਕ 'ਕਲੰਕ' ਹੀ ਵੱਜਣਾ ਸੀ!
ਉਹਨਾਂ ਨੂੰ ਲੈਣ ਵਾਸਤੇ ਬੱਸਾਂ ਆ ਗਈਆਂ।
ਬੱਸਾਂ ਉਹਨਾਂ ਨੂੰ ਇਕ ਸਕੂਲ ਵਿਚ ਲੈ ਗਈਆਂ। ਹੋਰ ਕਿਤੇ ਉਹਨਾਂ ਦੀ ਰਹਾਇਸ਼ ਦਾ ਪ੍ਰਬੰਧ ਨਹੀਂ ਹੋ ਸਕਿਆ ਸੀ।
ਉਥੇ ਦੰਦਾਂ ਵਾਲੇ ਬੁਰਸ਼, ਕਾਲਗੇਟ, ਸ਼ੈਂਪੂ ਅਤੇ ਸਾਬਣ ਪੁਲੀਸ ਵੱਲੋਂ ਪਹਿਲਾਂ ਹੀ ਪਹੁੰਚਾ ਦਿੱਤਾ ਗਿਆ ਸੀ।
ਸਾਰਿਆਂ ਨੇ ਬੁਰਸ਼ ਕੀਤਾ।
ਗਰਮ-ਗਰਮ ਪਾਣੀ ਨਾਲ ਨਹਾ ਲਏ।
ਮਨਜੀਤ ਨਹਾਉਣ ਲੱਗੀ ਤਾਂ ਉਸ ਨੇ ਬਾਥਰੂਮ ਵਿਚ ਕਮਲਿਆਂ ਵਾਂਗ ਆਪਣੇ ਢਿੱਡ 'ਤੇ ਅਣਗਿਣਤ ਮੁੱਕੀਆਂ ਮਾਰੀਆਂ। ਉਹ ਇਸ ਪਾਪ ਦੇ ''ਵੱਟੇ'' ਨੂੰ ਕੌੜ-ਤੁੰਮੇਂ ਵਾਂਗ ਸੁੱਟ ਦੇਣਾ ਚਾਹੁੰਦੀ ਸੀ। ਜਿਹੜਾ ਉਸ ਮਗਰ ''ਅਲੇਹੇ'' ਵਾਂਗ ਲੱਗ ਗਿਆ ਸੀ। ਭੂਤ ਬਣ ਚਿੰਬੜ ਗਿਆ ਸੀ। ਉਹ ਕੰਧਾਂ ਨਾਲ ਟੱਕਰਾਂ ਮਾਰਨਾ ਚਾਹੁੰਦੀ ਸੀ। ਪਰ ਇੱਥੇ ਉਸ ਦਾ ਦਰਦੀ ਕੋਈ ਨਹੀਂ ਸੀ। ਦੁੱਖ ਦੱਸਣ ਲਈ ਵੀ ਕਿਸੇ ਦਰਦੀ ਦੀ ਲੋੜ ਪੈਂਦੀ ਹੈ!
ਉਹਨਹਾ ਕੇ ਬਾਹਰ ਨਿਕਲ ਆਈ।
ਪੁਲੀਸ ਵੱਲੋਂ ਬਿਸਕੁਟ, ਚਾਕਲੇਟ, ਕੇਲੇ, ਸੇਬ, ਕੋਕਾ ਕੋਲਾ ਅਤੇ ਦੁੱਧ ਲਿਆਂਦਾ ਜਾ ਚੁੱਕਾ ਸੀ। ਮੁੰਡੇ ਖਾ ਰਹੇ ਸਨ। ਪਰ ਮਨਜੀਤ ਨੇ ਫਿਰ ਕੁਝ ਮੂੰਹ 'ਤੇ ਨਾ ਧਰਿਆ। ਉਹ ਬੰਜਰ ਧਰਤੀ ਵਾਂਗ ਸੁੰਨ-ਸਰਾਂ ਹੀ ਬੈਠੀ ਸੀ, ਉਜੜੀ-ਉਜੜੀ!
ਸ਼ਾਮ ਦੇ ਛੇ ਵਜੇ ਸਕੂਲ ਵਿਚ ਹੀ ਅਦਾਲਤ ਲੱਗ ਗਈ। ਔਰਤ ਜੱਜ ਆ ਪਹੁੰਚੀ। ਉਸ ਦੇ ਰੀਡਰ ਅਤੇ ਸਹਾਇਕ ਨਾਲ ਸਨ।
ਸਾਰਿਆਂ ਨੂੰ ਪੰਦਰਾਂ-ਪੰਦਰਾਂ ਦਿਨ ਲਈ ''ਵਕਤੀ-ਸ਼ਰਣ'' ਮਿਲ ਗਈ। ਖੁਸ਼ੀ ਫ਼ੈਲ ਗਈ। ਮੁੰਡਿਆਂ ਦੇ ਚਿਹਰਿਆਂ 'ਤੇ ਖੇੜਾ ਆ ਗਿਆ।
ਪੁਲੀਸ ਵਾਲਿਆਂ ਨੇ ਉਹਨਾਂ ਲਈ ਕੰਬਲ ਅਤੇ ਵੱਡੇ-ਵੱਡੇ ਗੱਦੇ ਲਿਆ ਸੁੱਟੇ।
ਰਾਤ ਦਾ ਖਾਣਾ ਖਾ ਕੇ ਸਾਰਿਆਂ ਨੇ ਪਾਠ ਕੀਤਾ ਅਤੇ ਬਿਸਕੁਟਾਂ ਦਾ ਪ੍ਰਛਾਦ ਵੰਡਿਆ ਗਿਆ। ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ।
ਜਿਵੇਂ ਉਹ ਜੁੱਗੜਿਆਂ ਤੋਂ ਅਨੀਂਦਰੇ ਸਨ। ਰਾਤ ਪਲ ਵਾਂਗ ਬੀਤ ਗਈ। ਪਰ ਮਨਜੀਤ ਨੂੰ ਰਾਤ ਪਰਬਤ ਵਾਂਗ ਮਿਲੀ ਸੀ।
ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹੀ ੳਹਨਾਂ ਨੂੰ ਪੰਦਰਾਂ ਦਿਨ ਦੀ ''ਵਕਤੀ-ਸ਼ਰਣ'' ਦੇ ਪ੍ਰਵਾਨੇ ਲਿਖਤੀ ਰੂਪ ਵਿਚ ਮਿਲ ਗਏ। ਹੁਣ ਉਹ ਸਾਰੇ ਇਟਲੀ ਵਿਚ ਕਿਤੇ ਵੀ ਤੁਰ-ਫਿਰ ਸਕਦੇ ਸਨ। ਦਸ-ਦਸ ਯੂਰੋ ਵੀ ਪੁਲੀਸ ਨੇ ਦੇ ਦਿੱਤੇ ਸਨ।
ਮੁੰਡਿਆਂ ਨੇ ਵੱਖੋ-ਵੱਖਰੇ ਸ਼ਹਿਰਾਂ ਨੂੰ ਕਮਰਕਸੇ ਕਸ ਲਏ। ਪਰ ਮਨਜੀਤ ਵਾਪਿਸ ਭਾਰਤ ਜਾਣ ਲਈ ਬਜ਼ਿਦ ਸੀ। ਅੜੀ ਹੋਈ ਸੀ!
-''ਸਹੁਰੀਏ! ਮਸਾਂ ਅੱਧ ਟਿਕਾਣੇਂ ਲੱਗੀ ਐਂ-ਜਿੱਧਰ ਜਾਣੈਂ-ਜਾ ਵੜ! ਪਿੱਛੇ ਜਾ ਕੇ ਕੀ ਕਰੇਂਗੀ?'' ਬਾਈ ਨੇ ਮੱਤ ਦਿੱਤੀ।
-''ਨਹੀਂ ਬਾਈ ਜੀ-ਮੈਂ ਵਾਪਿਸ ਹੀ ਚਲੇ ਜਾਣੈਂ।'' ਉਹ ਭਰਾ ਵਰਗੇ ਬਾਈ ਕੋਲ ਰੋ ਪਈ।
ਪੁਲੀਸ ਅਫ਼ਸਰ ਉਹਨਾਂ ਕੋਲ ਆਇਆ।
-''ਸਰ! ਆਈ ਵਾਂਟ ਟੂ ਗੋ ਬੈਕ ਟੂ ਇੰਡੀਆ!''
-''ਇੰਡੀਆ ਬੈਕ?''
-''ਯੈੱਸ ਸਰ!''
-''ਪਲੀਜ਼ ਕਮ ਵਿਦ ਮੀ।'' ਉਸ ਨੇ ਮਨਜੀਤ ਨੂੰ ਇਸ਼ਾਰਾ ਕੀਤਾ।
-''ਚੰਗਾ ਬਾਈ ਜੀ-ਮੈਂ ਚੱਲਦੀ ਐਂ-ਪਿੱਛੇ ਕੋਈ ਸੁਨੇਹਾਂ ਪੱਤਰ?'' ਉਸ ਨੇ ਪੁੱਛਿਆ।
-''ਜਿਉਂਦੀ ਵਸਦੀ ਰਹਿ ਕੁੜਇੇ-ਹੁਣ ਫ਼ਾਰਗ ਹੋ ਗਏ ਐਂ-ਆਪੇ ਈ ਫ਼ੋਨ ਕਰਲਾਂਗੇ-ਘਰਦਿਆਂ ਦੀ 'ਵਾਜ ਸੁਣਨ ਲਈ ਹਾਬੜੇ ਪਏ ਐਂ।'' ਬਾਈ ਨੇ ਉਸ ਦੇ ਸਿਰ 'ਤੇ ਹੱਥ ਰੱਖ ਦਿੱਤਾ।
ਮਨਜੀਤ ਅਫ਼ਸਰ ਨਾਲ ਤੁਰ ਗਈ।
ਬਿੱਲੇ ਅਤੇ ਬਾਈ ਦੀਆਂ ਅੱਖਾਂ ਕਟੋਰਿਆਂ ਵਾਂਗ ਭਰੀਆਂ ਹੋਈਆਂ ਸਨ। ਪਤਾ ਨਹੀਂ ਉਹਨਾਂ ਦੀ ਕਿਹੜੀ ਸਾਂਝ ਸੀ? ਕਿਹੜੇ ਯੁੱਗ ਦਾ ਮੇਲ ਸੀ? ਕਿਹੜੇ ਪਲ ਦੀ ਰਿਸ਼ਤੇਦਾਰੀ ਸੀ?
-''ਬਾਈ---!'' ਕਿਸੇ ਨੇ ਬਾਈ ਦੀਆਂ ਸੋਚਾਂ ਦੀ ਲੜੀ ਤੋੜੀ। ਉਸ ਨੇ ਉਧਰ ਤੱਕਿਆ ਤਾਂ ਰਿੱਕੀ ਦੂਰ ਖੜ੍ਹਾ ਉਹਨਾਂ ਨੂੰ ਹੱਥ ਮਾਰੀ ਜਾ ਰਿਹਾ ਸੀ। ਉਹ ਉਧਰ ਨੂੰ ਤੁਰ ਪਏ।
-''ਹਾਂ-ਕੀ ਗੱਲ ਐ?''
-''ਮੇਰੀ ਭੈਣ ਤੇ ਭਣੋਈਆ ਰਹਿੰਦੇ ਐ ਇਟਲੀ 'ਚ-ਆਪਾਂ ਉਹਨਾਂ ਕੋਲੇ ਚੱਲਦੇ ਐਂ।'' ਰਿੱਕੀ ਨੇ ਕਿਹਾ।
-''ਚਲੋ!''
ਬਾਈ, ਬਿੱਲਾ, ਰਿੱਕੀ ਅਤੇ ਸੱਤ ਹੋਰ ਮੁੰਡੇ ਰੱਜੋ-ਕਲਾਵਾਰੀਆ ਦੇ ਰੇਲਵੇ-ਸਟੇਸ਼ਨ ਨੂੰ ਤੁਰ ਪਏ। ਮੇਲੇ ਜਾਣ ਵਾਂਗ!
ਪੁਲੀਸ ਅਫ਼ਸਰ ਦੇ ਦੱਸਣ ਮੁਤਾਬਿਕ ਰੇਲਵੇ-ਸਟੇਸ਼ਨ ਉਥੋਂ ਪੰਜ ਕੁ ਮਿੰਟਾਂ ਦਾ ਹੀ ਰਸਤਾ ਸੀ।