ਕਿਸ਼ਤ 22

ਬੱਸ ਵਿਚ ਬੈਠਾ ਉਹ ਸੋਚਾਂ ਦੇ ਸਾਗਰ ਵਿਚ ਨੱਕੋ-ਨੱਕ ਡੁੱਬਿਆ ਹੋਇਆ ਸੀ; ਕੀ ਬਿੱਲਾ ਸੱਚੀਂ ਹੀ---? ਉਹ ਜੀਤੋ ਭੈਣ ਨੂੰ ਕੀ ਦੱਸੇਗਾ? ਇਕ ਨਾ ਇਕ ਦਿਨ ਸੱਚਾਈ ਤਾਂ ਸਾਹਮਣੇ ਆ ਹੀ ਜਾਵੇਗੀ! ਸੱਚਾਈ ਤੋਂ ਕੋਈ ਕਿਤਨਾ ਕੁ ਚਿਰ ਭੱਜ ਸਕਦਾ ਹੈ? ਸੱਚਾ ਬੰਦਾ 'ਸੱਚਾਈ' ਨਹੀਂ ਬਣ ਸਕਦਾ!
ਉਹ ਬੱਸੋਂ ਉਤਰ ਸਿੱਧਾ ਬੱਬੂ ਕੋਲ ਪੁੱਜਿਆ। ਅਣਹੋਣੀ ਜਿਹੀ ਸੁਣ ਕੇ ਬੱਬੂ ਦਾ ਕਾਲਜਾ ਵੀ ਕੰਬਿਆ। ਹਰਾਸ ਮਾਰੇ ਗਏ।
-''ਗੱਲ ਜਿੰਨਾਂ ਚਿਰ ਵਿਤੋਂ ਬਾਹਰ ਨਹੀਂ ਹੋ ਜਾਂਦੀ-ਉਨਾਂ ਚਿਰ ਆਪਣੇ ਵਿਚ ਹੀ ਰਹੇ!'' ਉਸ ਨੇ ਬੱਬੂ ਨੂੰ ਠ੍ਹੋਕਰਿਆ।
ਘਰ ਜਾਣ ਦੀ ਵਜਾਏ ਗੁਰਕੀਰਤ ਪਿੰਡ ਦੇ ਗੁਰਦੁਆਰੇ ਪੁੱਜ ਗਿਆ। ਅੱਜ ਉਹ ਜ਼ਿੰਦਗੀ ਵਿਚ ਪਹਿਲੀ ਵਾਰ ਗੁਰਦੁਆਰੇ ਆਇਆ ਸੀ।
ਉਸ ਨੇ ਗੁਰੂ ਅੱਗੇ ਮੱਥਾ ਰਗੜਿਆ।
ਪਾਸ਼ਚਾਤਾਪ ਕੀਤਾ।
-''ਸੱਚੇ ਪਾਤਿਸ਼ਾਹ!'' ਉਸ ਦੇ ਹੰਝੂ ਵਗ ਪਏ।
-''ਬੰਦਾ ਬੜਾ ਅਕ੍ਰਿਤਘਣ ਐਂ-ਤੇਰੀ ਰਹਿਮਤ ਨੂੰ ਭੁੱਲ ਜਾਂਦਾ ਹੈ-ਪਰ ਤੂੰ ਬਖਸ਼ਣਹਾਰ ਹੈਂ-ਮੇਰੇ ਪ੍ਰਮ ਪਿਤਾ ਜੀਓ! ਤੂੰ ਹੀ ਭਵਸਾਗਰ ਵਿਚੋਂ ਕੱਢਣ ਵਾਲਾ ਅਕਾਲ ਮੂਰਤ ਹੈਂ-ਬਿੱਲੇ ਦੀ ਰੱਖਿਆ ਕਰਨੀ ਪਿਤਾ ਜੀਓ! ਆਪਣੇ ਪਾਪੀ ਪੁੱਤਰ ਦੀ ਅਰਜ਼ ਕਬੂਲ ਕਰਨੀ! ਕਿਰਪਾ ਕਰੋ ਦੀਨੁ ਕੇ ਦਾਤੇ॥ ਮੇਰਾ ਗੁਣੁ ਅਵਗੁਣੁ ਨ ਵੀਚਾਰੋ ਕੋਈ॥ ਮਾਟੀ ਕਾ ਕਿਆ ਧੋਪੈ ਸੁਆਮੀ॥ ਮਾਣਸੁ ਕੀ ਗਤਿ ਏਹੀ॥'' ਉਸ ਨੇ ਕਦੇ ਸੁਣੇ ਲਫ਼ਜ਼ ਦੁਹਰਾ ਦਿੱਤੇ ਅਤੇ ਅਰਦਾਸ ਕਰਕੇ ਬਾਹਰ ਆ ਗਿਆ। ਉਸ ਦੇ ਦਿਲ ਨੂੰ ਧਰਵਾਸ ਸੀ। ਸਰੀਰ ਵਿਚ ਫੁਰਤੀ ਸੀ। ਗੁਰੂ ਦੇ ਆਸਰੇ ਕੋਈ 'ਧੁੜਕੂ' ਉਡ ਗਿਆ ਸੀ। ਵਿਸ਼ਵਾਸ ਬੱਝਿਆ ਸੀ।
-''ਏਜੰਟ ਕਹਿੰਦਾ ਮੌਸਮ ਦੀ ਖਰਾਬੀ ਕਰਕੇ ਮੁੰਡੇ ਰੁਕੇ ਰਹੇ-ਹਫ਼ਤੇ ਦੇ ਵਿਚ-ਵਿਚ ਟਿਕਾਣਿਆਂ 'ਤੇ ਪੁੱਜ ਜਾਣਗੇ।'' ਗੁਰਕੀਰਤ ਨੇ ਨਿਰੋਲ ਝੂਠ ਜੀਤ ਕੌਰ ਅੱਗੇ ਬੋਲਿਆ।
ਉਸ ਨੂੰ ਪ੍ਰੋਫ਼ੈਸਰ ਦੇ ਕਹੇ ਬਚਨ ਯਾਦ ਆਏ।
-''ਜਿਹੜਾ ਝੂਠ ਕਿਸੇ ਦੀ ਜਾਨ ਬਚਾ ਦੇਵੇ-ਉਹ ਝੂਠ ਸੌ ਸੱਚ ਨਾਲੋਂ ਸੁੱਚਾ ਅਤੇ ਰਹਿਮਤੀ ਹੁੰਦਾ ਹੈ।'' ਪ੍ਰੋਫ਼ੈਸਰ ਅਕਸਰ ਆਖਦਾ ਹੁੰਦਾ ਸੀ।
ਉਸ ਨੇ ਝੂਠ ਬੋਲ ਕੇ, ਰਹਿਮਤੀ ਸੱਚ ਵਰਗਾ ਝੂਠ ਬੋਲ ਕੇ ਇਕ ਤਰ੍ਹਾਂ ਨਾਲ ਭੈਣ ਜੀਤੋ ਦੀ ਜਾਨ ਹੀ ਤਾਂ ਬਚਾਈ ਸੀ। ਤਿੰਨ ਮਾਨੁੱਖੀ ਪਿੰਜਰਾਂ ਬਾਰੇ ਸੁਣ ਕੇ ਤਾਂ ਜੀਤੋ ਨੇ ਸਾਹ ਸਤ ਹੀ ਛੱਡ ਜਾਣੇਂ ਸਨ।
ਜੀਤ ਕੌਰ ਨੇ ਸਰਬ-ਸ਼ਕਤੀਮਾਨ ਰੱਬ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਅਦਾ ਕੀਤਾ।
ਗੁਰਕੀਰਤ ਦਾ ਦਿਲ ਥਾਵੇਂ ਆ ਗਿਆ।
ਉਹ ਫਿਰ ਗੁਰਦੁਆਰੇ ਨੂੰ ਤੁਰ ਪਿਆ।

'''''''''

ਬੱਬੂ ਕਈ ਦਿਨ ਸੀਤਲ ਤੋਂ ਟਾਲ-ਮਟੋਲ ਕਰਦਾ ਰਿਹਾ। ਸੀਤਲ ਹਾੜ੍ਹੇ ਕੱਢਦੀ, ਬਿਲਕਦੀ। ਪਰ ਬੱਬੂ ਵਿਸ਼ਾ ਹੀ ਬਦਲ ਜਾਂਦਾ।
ਸੀਤਲ ਨੇ ਕਿੱਟੀ ਰਾਹੀਂ ਬੱਬੂ ਦਾ ਵਾਸਤਾ ਪਾਇਆ ਤਾਂ ਬੱਬੂ ਬੇਵਸੀ ਨਾਲ ਪਿੱਟ ਉਠਿਆ।
-''ਉਹ ਤਾਂ ਬਾਹਰ ਦਫ਼ਾ ਹੋ ਗਿਆ---!''
-''ਪਹਿਲਾਂ ਕਿਉਂ ਨਾ ਦੱਸਿਆ?'' ਕਿੱਟੀ ਵੀ ਸ਼ੇਰਨੀ ਵਾਂਗ ਬਿਫ਼ਰ ਕੇ ਖੜ੍ਹ ਗਈ।
-''ਕੀ ਦੱਸਦਾ ਮੈਂ? ਉਹਨੇ ਮੇਰੇ ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ ਸੀ-ਕਹਿੰਦਾ ਮੈਂ ਆਪੇ ਜਾ ਕੇ ਸੀਤਲ ਨੂੰ ਫ਼ੋਨ ਕਰੂੰਗਾ।''
ਕਿੱਟੀ ਸਿੱਥਲ ਹੋ ਗਈ।
ਸੀਤਲ ਨੇ ਮੱਥਾ ਪਿੱਟਿਆ।
ਜਿਵੇਂ ਜੰਡ ਹੇਠ ਮਿਰਜ਼ਾ ਮਰਨ ਮਗਰੋਂ ਸਾਹਿਬਾਂ ਨੇ ਜੰਡੋਰੇ ਨੂੰ ਨਿਹੋਰ੍ਹੇ ਦਿੱਤੇ ਸਨ, ਉਸ ਨੇ ਬੱਬੂ ਨੂੰ ਮਿਹਣੇ ਮਾਰੇ।
ਪਰ ਬੱਬੂ ਦੇ ਵੀ ਕੋਈ ਵੱਸ ਨਹੀਂ ਸੀ।
ਉਹ ਸੀਤਲ ਦੇ ਦਿਲੀ-ਦਰਦ ਨੂੰ ਭਲੀ-ਭਾਂਤ ਸਮਝਦਾ ਸੀ। ਪਰ ਕਰਦਾ ਕੀ? ਉਸ ਦੇ ਹੱਥ ਕੁਝ ਵੀ ਨਹੀਂ ਸੀ, ਜਿਸ ਆਸਰੇ ਉਹ ਉਸ ਦਾ ਦਿਲ ਧਰਾ ਸਕਦਾ।
ਸੀਤਲ ਦੇ ਦਿਲ ਵਿਚ ਬਿੱਲੇ ਦੀਆਂ ਯਾਦਾਂ ਦੀ ਬਲਦੀ ਹੋਈ ਸ਼ਮ੍ਹਾਂ ਭੜੱਕਣ ਲੱਗੀ। ਫ਼ੋਕੀਆਂ ਤਸੱਲੀਆਂ ਉਸ ਦੇ ਦੋਫ਼ਾੜ ਹੋਏ ਦਿਲ ਨੂੰ ਠਾਹਰ ਨਾ ਦੇ ਸਕਦੀਆਂ। ਜਜ਼ਬਾਤਾਂ ਅਤੇ ਭਾਵਨਾਵਾਂ ਦੇ ਜਗੇ ਦੀਪ ਬੁਝਦੇ-ਬੁਝਦੇ ਮਹਿਸੂਸ ਹੋਏ। ਪਰ ਫਿਰ ਵੀ ਬਿੱਲੇ ਦੀਆਂ ਯਾਦਾਂ ਦਾ ਤਸੱਵਰ, ਉਸ ਦੇ ਮਿਆਰੀ ਖਿਆਲ, ਜ਼ਿੰਦਗੀ ਦੇ ਹਰ ਮੋੜ 'ਤੇ, ਨਾਲ ਨਾਲ ਹੀ ਰਹਿੰਦੇ! ਇਕ ਪ੍ਰਛਾਵੇਂ ਵਾਂਗ! ਢੀਠ ਦਲਾਲ ਵਾਂਗ!
ਉਹ ਕਿਹੜਾ ਰਿਸ਼ਤਾ ਸੀ? ਕਿਹੜਾ ਬੰਧਨ ਸੀ? ਜਿਸ ਨਾਲ ਉਸ ਦਾ ਵਜੂਦ ਬੱਝਿਆ ਹੋਇਆ ਸੀ? ਇਕ ਗੱਲ ਦਾ ਜ਼ਰੂਰ ਤਜ਼ਰਬਾ ਹੋਇਆ ਸੀ, ਕਿ ਜਦੋਂ ਦੋ ਦਿਲ ਸਾਥੀ ਬਣ ਤੁਰ ਪੈਂਦੇ ਹਨ ਤਾਂ ਬੰਦਾ ਆਪਣੇ ਆਪ ਤੋਂ ਵੱਖ ਹੋ ਜਾਂਦੈ! ਇਹ ਤਜ਼ਰਬੇ ਦਾ ਇਕ ਸਿੱਟਾ ਸੀ। ਸਾਰੀ ਦੁਨੀਆਂ ਉਸ ਨੂੰ ਹਾਣੀ ਤੋਂ ਬਿਨਾ, ਬਿਗਾਨੀ ਭਾਸਣ ਲੱਗ ਪੈਂਦੀ ਹੈ!
ਦੁਪਿਹਰੇ ਐੱਸ ਟੀ ਡੀ 'ਤੇ ਬੈਠੀ ਸੀਤਲ ਨੇ ਅਚੇਤ ਹੀ ਕੁਝ ਝਰੀਟ ਧਰਿਆ:

-''ਉਹ ਕੌਣ ਸੀ?
ਜੋ,
ਲੈ ਗਿਆ ਰੰਗੀਨੀਆਂ ਤਮਾਮ?
ਇਹ ਕਿਸ ਨੇ
ਮੇਰੇ ਸ਼ਹਿਰ ਨੂੰ
ਗਮਗੀਨ ਕੀਤਾ??''

ਉਹ ਵਾਰ-ਵਾਰ ਇਹ ਸਤਰਾਂ ਪੜ੍ਹਦੀ ਰਹੀ। ਸੁਤੇ-ਸਿੱਧ ਹੰਝੂ ਕੇਰਦੀ ਰਹੀ। ਤੜਪਦੀ ਰਹੀ!