ਕਿਸ਼ਤ 20

ਪਰ ਮਨਜੀਤ ਆਪਣੇ ਕਰਮਾਂ ਨੂੰ ਰੋਂਦੀ ਰਹਿੰਦੀ। ਆਪਣੇ ਮੰਗੇਤਰ ਅਤੇ ਮਾਂ-ਬਾਪ ਨੂੰ ਹਜ਼ਾਰ-ਹਜ਼ਾਰ ਗਾਹਲ ਕੱਢਦੀ। ਸਿਰ ਅਤੇ ਮੱਥਾ ਪਿੱਟਦੀ। ਵੈਣ ਪਾਉਂਦੀ। ਕੰਧਾਂ 'ਚ ਟੱਕਰਾਂ ਮਾਰਦੀ।
ਕਰੀਬ ਤਿੰਨ ਹਫ਼ਤਿਆਂ ਵਿਚ ਉਸ ਉਪਰੋਂ ਦੀ ਪੂਰੇ ਅਠੱਤੀ ਬੰਦੇ ਲੰਘ ਚੁੱਕੇ ਸਨ। ਈਵਾਨ ਅਤੇ ਹਬਸ਼ੀ ਇਸ ਗਿਣਤੀ ਤੋਂ ਵੱਖ ਸਨ। ਈਵਾਨ ਅਤੇ ਹਬਸ਼ੀ ਉਸ ਨਾਲ ਸੈਂਕੜੇ ਵਾਰ ਹਮ-ਬਿਸਤਰ ਹੋ ਚੁੱਕੇ ਸਨ। ਉਹ ਘਰ ਦੀ ਮੁਰਗੀ ਵਾਂਗ ਹੀ ਤਾਂ ਸੀ! ਜਦ ਹਲਕ ਉਠਦਾ ਸੀ, ਫੜ ਲੈਂਦੇ ਸਨ। ਜਿਵੇਂ ਕੁੱਕੜ ਕੁਕੜੀ ਨੂੰ ਦੱਬ ਲੈਂਦੈ! ਕੋਈ ਡਰ ਡੁੱਕਰ ਨਹੀਂ ਸੀ।
ਮਨਜੀਤ ਬੇਵੱਸ ਸੀ।
ਇਕ ਤਰ੍ਹਾਂ ਨਾਲ ਕੈਦ ਸੀ।
ਉਹ ਕਿਸੇ ਪੰਛੀ ਵਾਂਗ ਖੰਭ ਪੱਟ ਕੇ, ਪਿੰਜਰੇ ਵਿਚ ਸੁੱਟੀ ਹੋਈ ਸੀ। ਉਸ ਨੂੰ ਆਪਣੇ ਆਪ ਵਿਚੋਂ ਅਜ਼ੀਬ ਜਿਹੀ ਬਦਬੂ ਮਾਰਦੀ। ਹੌਂਕ ਆਉਂਦੀ।
ਅੱਜ ਉਸ ਦੇ ਸਿਰ 'ਤੇ ਅਜ਼ੀਬ ਭਿਆਨਕ ਰਾਤ ਆਈ।
ਸ਼ਰਾਬ ਨਾਲ ਰੱਜਿਆ ਹਬਸ਼ੀ ਅਲਫ਼ ਨੰਗਾ ਉਸ ਅੱਗੇ ਖੜ੍ਹਾ ਸੀ। ਸੱਤ ਫ਼ੁੱਟਾ ਰੇਲਵੇ ਇੰਜਣ!
-''ਟੇਕ ਇੱਟ ਇੰਨ ਯੂਅਰ ਮਾਊਥ!'' ਉਹ ਆਪਣੇ ਗੁਪਤ-ਅੰਗ ਵੱਲ ਇਸ਼ਾਰੇ ਕਰ-ਕਰ ਕਹਿ ਰਿਹਾ ਸੀ।
-''ਆਈ ਕੈਨ ਨਾਅਟ!'' ਮਨਜੀਤ ਭੁੱਬੀਂ ਰੋ ਪਈ। ਉਸ ਨੂੰ ਦੇਖ-ਦੇਖ ਕੇ ਹੀ ਉਲਟੀ ਆ ਰਹੀ ਸੀ।
-''ਵਾਅਏ ਨਾਅਟ? ਟਰਾਈ ਇੱਟ! ਟੇਸਟ ਇੱਟ! ਬਰ੍ਹੇਵ ਗਰਲ! ਟੇਕ ਇੱਟ ਇੰਨ ਯੂਅਰ ਮਾਊਥ!''
-''ਯੂ ਕੈਨ ਹੈਵ ਨਾਰਮਲ ਸੈੱਕਸ ਵਿਦ ਮੀ।'' ਉਸ ਨੂੰ ਅਵੱਤ ਆਉਣ ਲੱਗ ਪਏ।
-''ਹੇਅ ਇੰਡੀਆ! ਯੂ ਥਿੰਕ-ਆਈ ਐੱਮ ਡੱਲ?'' ਉਸ ਨੇ ਵਾਲਾਂ 'ਤੋਂ ਫੜ ਕੇ ਮਨਜੀਤ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।
-''ਯੂ ਥਿੰਕ-ਆਈ ਐੱਮ ਡੱਲ ਮੈਨ? ਯੂ ਬਲੱਡੀ ਇੰਡੀਆ ਬਿੱਚ!'' ਉਹ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟੀ ਜਾ ਰਿਹਾ ਸੀ। ਪੁਲਸ-ਮਾਰ ਨਾ ਝੱਲਦੀ ਹੋਈ ਕੁੜੀ ਨੇ ਹਥਿਆਰ ਸੁੱਟ ਦਿੱਤੇ।
-''ਪਲੀਜ਼! ਪਲੀਜ਼ ਸਰ! ਡੋਂਟ ਬੀਟ ਮੀ ਸੋ! ਆਈ ਡੂ-ਵੱਟ ਯੂ ਲਾਈਕ!'' ਉਸ ਨੇ ਹਬਸ਼ੀ ਦੇ ਪੈਰ ਫੜ ਕੇ ਲ੍ਹੇਲੜੀ ਕੱਢੀ।
ਹਬਸ਼ੀ ਨੇ ਜ਼ਬਰੀ ਆਪਣੀ ਸ਼ਰਤ ਪੂਰੀ ਕਰਵਾ ਲਈ ਅਤੇ ਥੱਲੇ ਉਤਰ ਆਇਆ।
ਮਨਜੀਤ ਮੂਧੇ ਮੂੰਹ ਪਈ, ਮੂੰਹ ਵਿਚ ਡਿੱਗੀ ਜ਼ਹਿਮਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਕਰੜੇ ਅਵੱਤ ਆ-ਆ ਕੇ ਉਸ ਦੀਆਂ ਨਾੜਾਂ ਇਕੱਠੀਆਂ ਹੋ ਗਈਆਂ ਸਨ। ਭਾਰਤ ਦੇਸ਼ ਦੀ ਅਣਖੀ ਪੰਜਾਬਣ, ਇਕ 'ਰੰਡੀ' ਤੋਂ ਵੀ ਭੈੜੀ ਬਣੀ ਬੈਠੀ ਸੀ। ਜਦ ਉਹ ਦੇਸ਼ ਤੋਂ ਚੱਲੀ ਸੀ, ਬਿਲਕੁਲ ਸਤੀ-ਸਵਿਤਰੀ ਸੀ। ਅਛੁਹ, ਜਲ ਵਾਂਗ ਨਿਰਮਲ, ਅੰਮ੍ਰਿਤ ਵਾਂਗ ਪਵਿੱਤਰ! ਪਰ ਅੱਜ ਉਸ ਦੀ ਹਾਲਤ ਕਿਸੇ ਧੰਦਾ ਕਰਦੀ 'ਵੇਸਵਾ' ਨਾਲੋਂ ਬੁਰੀ ਸੀ। ਉਹ ਸਿਹਤ ਅਤੇ ਮਾਨਸਿਕ ਪੱਖੋਂ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਸੀ। ਦਿਨਾਂ ਦੀ ਪ੍ਰਾਹੁਣੀ ਜਾਪਦੀ ਸੀ।
ਅਗਲੇ ਦਿਨ ਹਬਸ਼ੀ ਨੂੰ ਈਵਾਨ ਦਾ ਫ਼ੋਨ ਆਇਆ। ਕਿਸੇ ਗੱਲੋਂ ਉਹ ਬੁਰੀ ਤਰ੍ਹਾਂ ਘਬਰਾ ਗਿਆ ਸੀ। ਨਲਕੇ ਦੀ ਬੋਕੀ ਵਰਗੇ ਬੁੱਲ੍ਹਾਂ 'ਤੇ ਝੱਗ ਸੁੱਕ ਗਈ ਸੀ।
ਉਹ ਝੱਖੜ ਵਾਂਗ ਬਾਹਰ ਵਰਾਂਡੇ ਵਿਚ ਆਇਆ।
-''ਹੇਅ ਇੰਡੀਆ! ਰੈਡੀ-ਰੈਡੀ! ਹਰੀ ਅੱਪ! ਹਰੀ ਅੱਪ! ਆਲ ਇੰਡੀਆ ਗੋ ਟੂ ਇਟਲੀ! ਥਰੀ ਟਰੱਕ ਕਮਿੰਗ! ਹਰੀ ਅੱਪ!''
-''ਕੀ ਕਹਿੰਦੈ?'' ਬਾਈ ਦੇ ਕੱਖ ਪੱਲੇ ਨਹੀਂ ਪਿਆ ਸੀ।
-''ਇਹ ਕਹਿੰਦੈ ਤਿੰਨ ਟਰੱਕ ਆ ਰਹੇ ਐ-ਜਲਦੀ ਤਿਆਰ ਹੋ ਜਾਵੋ-ਸਾਰਿਆਂ ਨੂੰ ਇਟਲੀ ਲਿਜਾਣੈਂ।'' ਇਕ ਲੜਕੇ ਨੇ ਦੱਸਿਆ।
-''ਹੋਰ ਕੀ ਚਾਹੀਦੈ?''
ਸਾਰਿਆਂ ਨੇ ਤੋਪ ਵਿਚੋਂ ਗੋਲਾ ਨਿਕਲਣ ਵਾਂਗ ਛਾਲ ਮਾਰੀ। ਸਾਰੇ ਗੰਨਿਆਂ ਵਾਂਗ ਖੜ੍ਹੇ ਹੋ ਗਏ। ਅਚਾਨਕ ਹੀ ਕਿਸਮਤ ਖੁੱਲ੍ਹੀ ਸੀ।
ਹਬਸ਼ੀ ਮਨਜੀਤ ਨੂੰ ਥੱਲੇ ਚੁੱਕ ਲਿਆਇਆ।
ਅਸਲ ਵਿਚ ਕਿਸੇ ਮਿਰਗ-ਸ਼ਿਕਾਰੀ ਨੂੰ ਸ਼ਿਕਾਰ ਕਰਦੇ ਸਮੇਂ ਜੰਗਲ ਵਿਚੋਂ ਗਿੱਲ, ਢਿੱਲੋਂ ਅਤੇ ਦਿਲਪ੍ਰੀਤ ਹੋਰਾਂ ਦੇ ਪਿੰਜਰ ਮਿਲੇ ਸਨ। ਉਸ ਨੇ ਪੁਲੀਸ ਨੂੰ ਖਬਰ ਕਰ ਦਿੱਤੀ ਸੀ। ਉਸ ਏਰੀਏ ਵਿਚ ਪੁਲੀਸ ਨੇ ਹੈਲੀਕਾਪਟਰ ਚਾੜ੍ਹ ਦਿੱਤੇ ਸਨ ਅਤੇ ਮਾਨੁੱਖੀ ਪਿੰਜਰਾਂ ਦੇ ਟੁਕੜੇ ਕਬਜ਼ੇ ਵਿਚ ਕਰ, ਕਾਰਵਾਈ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀ ਸੀ। ਦੇਰ ਹਨ੍ਹੇਰ ਸੀ। ਖਤਰਾ ਸੀ।
ਈਵਾਨ ਨੂੰ ਖਤਰਾ ਬੜਾ ਨਜ਼ਦੀਕ ਦਿਸਿਆ।
ਇਸ ਲਈ ਹੀ ਉਸ ਨੇ ਹਬਸ਼ੀ ਨੂੰ ਫ਼ੋਨ ਕੀਤਾ ਸੀ।
ਸਾਰੇ ਤਿਆਰ ਸਨ। ਰੱਬ ਮਸਾਂ ਦਿਆਲ ਹੋਇਆ ਸੀ।
ਤਿੰਨ ਵੱਡੇ ਟਰਾਲੇ ਆਏ ਅਤੇ ਮੁੰਡਿਆਂ ਨੂੰ ਭੇਡਾਂ ਵਾਂਗ ਲੱਦ ਕੇ ਤੁਰ ਗਏ। ਨਾਲ ਹੀ ਮਨਜੀਤ ਸੀ।
ਟਰਾਲੇ ਤੁਰਨ ਤੋਂ ਬਾਅਦ ਸਾਰਿਆਂ ਨੇ ਸੁਖ ਦਾ ਸਾਹ ਲਿਆ। ਉਹਨਾਂ ਨੇ ਉਮਰ-ਕੈਦ ਤੋਂ ਰਿਹਾਈ ਵਾਂਗ ਮਹਿਸੂਸ ਕੀਤਾ ਸੀ। ਮਨਜੀਤ ਟਰਾਲੇ ਵਿਚ ਚੌਫ਼ਾਲ ਪਈ ਸੀ। ਕਿਸੇ ਨੇ ਵੀ ਉਸ ਨਾਲ ਗੱਲ ਕਰ ਕੇ ਫੱਟ ਉਧੇੜਨੇ ਠੀਕ ਨਾ ਸਮਝੇ। ਜਿਵੇਂ ਸ਼ਾਇਦ ਉਹਨਾਂ ਨੂੰ ਅਸਲੀਅਤ ਦਾ ਪਤਾ ਸੀ। ਜਿਹੜਾ ਹਬਸ਼ੀ ਸੋਹਣੇ-ਸੁਣੱਖੇ ਮੁੰਡਿਆਂ ਨਾਲ 'ਕਾਮ-ਪੂਰਤੀ' ਕਰ ਸਕਦਾ ਸੀ, ਉਸ ਨੇ ਅਤਿ-ਸੁੰਦਰ ਕੁੜੀ ਨੂੰ ਕਦੋਂ ਬਖਸ਼ਿਆ ਹੋਵੇਗਾ?
ਬਾਈ ਸੋਚ ਰਿਹਾ ਸੀ।
ਈਵਾਨ, ਹਬਸ਼ੀ ਅਤੇ ਉਸ ਦੇ ਕੁੱਤਿਆਂ ਨੂੰ ਲੈ ਕੇ ਗਾਇਬ ਹੋ ਚੁੱਕਾ ਸੀ। ਪਿੱਛੇ ਕੋਈ ਸਬੂਤ ਬਾਕੀ ਨਹੀਂ ਛੱਡਿਆ ਸੀ। ਖੁੱਡਾ ਖਾਲੀ ਹੋ ਗਿਆ ਸੀ।
ਤਿੰਨ ਟਰਾਲੇ ਅੱਗੜ-ਪਿੱਛੜ ਹਾਥੀ ਚਾਲ ਤੁਰੇ ਜਾ ਰਹੇ ਸਨ। ਡਰੇ ਈਵਾਨ ਨੇ ਟਰਾਲੇ ਦੇ ਡਰਾਈਵਰਾਂ ਨੂੰ ਸਖਤ ਤਾੜਨਾ ਕੀਤੀ ਸੀ ਕਿ ਇਹਨਾਂ ਨੂੰ ''ਸਾਇਪਰੱਸ'' ਦੇ 'ਸੀ-ਪੋਰਟ' 'ਤੇ ਹੀ ਲਾਹੁੰਣਾ ਹੈ! ਅੱਗੇ ਇਹਨਾਂ ਨੂੰ ਇਕ ਸ਼ਿੱਪ ਨੇ ਲੈ ਕੇ ਇਟਲੀ ਜਾਣਾ ਸੀ। ਇਹ ਪ੍ਰਬੰਧ ਈਵਾਨ ਅਤੇ ਉਸ ਦੇ ਆਦਮੀਆਂ ਨੇ ਤਿੰਨ ਕਤਲ ਕੇਸਾਂ ਤੋਂ ਬਚਣ ਲਈ ਤੁਰੰਤ ਹੀ ਕੀਤਾ ਸੀ। ਜਾਨ ਬਚੀ ਲਾਖੋਂ ਪਾਏ!
ਟਰਾਲੇ ਸਾਰੀ ਰਾਤ ਚੱਲਦੇ ਰਹੇ।
ਕੁਝ ਮੁੰਡੇ ਬੰਦ ਟਰਾਲਿਆਂ ਵਿਚ ਹੀ ਉਲਟੀਆਂ ਕਰਦੇ ਰਹੇ। ਅੰਦਰ ਹੀ ਪਿਸ਼ਾਬ ਕਰਦੇ ਰਹੇ। ਮਨਜੀਤ ਢਿੱਡੋਂ ਖਾਲੀ ਸੀ। ਉਹ ਬੁਰੀ ਤਰ੍ਹਾਂ ਨਾਲ ਅਵੱਤ ਜਿਹੇ ਲੈ ਰਹੀ ਸੀ। ਬਾਈ ਅਤੇ ਬਿੱਲਾ ਉਸ ਕੋਲ ਨਿਹੱਥੇ ਜਿਹੇ ਹੋਏ ਬੈਠੇ ਸਨ। ਉਹ ਮਜ਼ਬੂਰ ਸਨ। ਕੋਈ ਮੱਦਦ ਨਹੀਂ ਕਰ ਸਕਦੇ ਸਨ।
ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਦਿਨ ਚੜ੍ਹਦੇ ਸਾਰ ਹੀ ਟਰਾਲੇ ਕਿਸੇ ਜੰਗਲ-ਉਜਾੜ ਵਿਚ ਰੁਕ ਗਏ। ਡਰਾਈਵਰਾਂ ਅਤੇ ਕਲੀਨਰਾਂ ਨੇ ਬੰਦ ਟਰਾਲਿਆਂ ਦੇ ਪਿਛਲੇ ਦਰਵਾਜੇ ਖੋਲ੍ਹ ਕੇ ਜਿਉਂਦੇ-ਮਰੇ ਮੁੰਡਿਆਂ ਦੀ ਪੁਸ਼ਟੀ ਕਰ ਲਈ। ਉਹ ਦਿਨ-ਰਾਤ ਚੱਲਣ ਵਾਲੇ ਤਜ਼ਰਬੇਕਾਰ ਡਰਾਈਵਰ ਸਨ। ਇਹਨਾਂ ਰੋਹੀਆਂ ਅਤੇ ਜੰਗਲਾਂ ਵਿਚੋਂ ਦੀ ਵਗਣ ਵਾਲੇ! ਜੇ ਕੋਈ ਮੁੰਡਾ ਕਦੇ ਮਰ ਜਾਂਦਾ ਤਾਂ ਉਹ ਉਸ ਨੂੰ ਟਰੱਕ ਵਿਚੋਂ ਕੱਢ ਕੇ ਜੰਗਲ ਦੀਆਂ ਝਾੜੀਆਂ ਵਿਚ ਸੁੱਟ ਦਿੰਦੇ। ਜਾਹਲੀ ਬੰਦੇ ਇੱਧਰ-ਉਧਰ ਕਰਨ ਦੀ ਸਜ਼ਾ ਛੇ ਮਹੀਨੇ ਤੋਂ ਲੈ ਕੇ ਡੇੜ੍ਹ ਸਾਲ ਤੱਕ ਸੀ। ਪਰ ਉਹਨਾਂ ਦੀ ਲਾਪ੍ਰਵਾਹੀ ਕਾਰਨ ਮਰੇ ਮੁੰਡੇ ਦੀ ਸਜ਼ਾ ਤਿੰਨ ਸਾਲ ਤੋਂ ਲੈ ਕੇ ਅੱਠ ਸਾਲ ਤੱਕ ਸੀ। ਇਹ ਜੱਜ ਦੇ ਮੂੜ੍ਹ ਦੀ ਗੱਲ ਸੀ। ਗਵਾਹਾਂ ਦੇ ਠੋਸ ਬਿਆਨਾਂ ਦੇ ਮੁਨੱਸਰ ਸੀ। ਇਸ ਲਈ ਉਹ ਹਰ ਰੁਕਣ ਵਾਲੀ ਜਗਾਹ 'ਤੇ ਖੜ੍ਹ ਕੇ ਜਿਉਂਦੇ ਜਾਂ ਮਰੇ ਮੁੰਡਿਆਂ ਨੂੰ ਨਿਰਖਣਾ ਆਪਣਾ ਮੁੱਖ 'ਕਰਤੱਵ' ਸਮਝਦੇ ਸਨ।
ਸਾਰੀ ਦਿਹਾੜੀ ਟਰਾਲੇ ਜੰਗਲ ਵਿਚ ਖੜ੍ਹੇ ਰਹੇ। ਸਾਰੇ ਭੁੱਖੇ-ਤਿਹਾਏ ਟਰਾਲਿਆਂ ਵਿਚ ਹੀ ਬੈਠੇ ਰਹੇ। ਕੋਈ ਖਾਣ, ਪੀਣ ਜਾਂ ਪਾਣੀ ਦਾ ਪ੍ਰਬੰਧ ਨਹੀਂ ਸੀ। ਉਹਨਾਂ ਨੂੰ ਸਿਰਫ਼ ਜੰਗਲ-ਪਾਣੀ ਜਾਣ ਦੀ ਇਜਾਜ਼ਤ ਹੀ ਮਿਲੀ ਸੀ।
ਹਨ੍ਹੇਰੇ ਹੋਏ ਟਰਾਲੇ ਫਿਰ ਤੁਰ ਪਏ।
''ਸਾਇਪਰੱਸ'' ਦੇ ਇਸ ਏਰੀਏ ਵਿਚ ਟਰਾਲਿਆਂ ਦੀ ਚੈਕਿੰਗ ਨਾਮਾਤਰ ਹੀ ਸੀ। ਕੋਈ ਖਾਸ ਨਹੀਂ ਸੀ।
ਠੰਢ ਕਾਫ਼ੀ ਹੋ ਗਈ ਸੀ।
ਮੁੰਡੇ ਇਕ ਦੂਜੇ ਨਾਲ ਲੱਗ ਕੇ ਨਿਘਾਸ ਲੈ ਰਹੇ ਸਨ। ਇਕ ਅਜ਼ੀਬ ਜਿਹੀ ਸਥਿਤੀ ਸੀ। ਉਹ 'ਠੁਰ-ਠੁਰ' ਕਰ ਰਹੇ ਸਨ। ਬੁਰਾ ਹਾਲ ਸੀ।