ਨਾਵਲ - ਤਰਕਸ਼ ਟੰਗਿਆ ਜੰਡ

ਕਿਸ਼ਤ 2

ਦਿਨ ਢਲੇ ਸੀਰੀ ਪੱਠੇ ਲੈ ਕੇ ਆ ਗਿਆ।
-''ਚਾਅਚੀ! ਅੱਜ ਚਾਚਾ ਖੇਤ ਨ੍ਹੀ ਆਇਆ?''
-''ਵੇ ਜੈਬਿਆ-ਉਹਨੂੰ ਤਾਂ ਤਾਪ ਨੇ ਸਿੱਟ ਲਿਆ ਪੁੱਤ-ਔਹ ਬੈਠਕ 'ਚ ਪਿਐ।''
ਸੀਰੀ ਬੈਠਕ ਵਿਚ ਗਿਆ ਤਾਂ ਬਲਿਹਾਰ ਸਿੰਘ ਮੁੜ੍ਹਕੋ-ਮੁੜ੍ਹਕੀ ਹੋਇਆ, ਸੁੱਤਾ ਪਿਆ ਸੀ।
-''ਚਾਚਾ ਕਿਵੇਂ ਪੈਂਚਰ ਜਿਆ ਹੋਇਆ ਪਿਐਂ?''
ਬਲਿਹਾਰ ਸਿੰਘ ਨੇ ਅੱਖਾਂ ਪੱਟੀਆਂ।
ਉਹ ਬੁਖਾਰ ਦਾ ਮਧੋਲਿਆ ਪਿਆ ਸੀ।
-''ਲੈ ਮੁੜ੍ਹਕਾ ਪੂੰਝ ਲੈ!'' ਸੀਰੀ ਨੇ ਪਰਨਾ ਬਲਿਹਾਰ ਸਿੰਘ ਅੱਗੇ ਕੀਤਾ।
-''ਪਤਾ ਨੀ ਸਾਲਾ ਕਿੱਧਰੋਂ ਆ ਚੜ੍ਹਿਆ?'' ਬਲਿਹਾਰ ਸਿੰਘ ਮੂੰਹ-ਮੱਥਾ ਪੂੰਝਦਾ ਹੋਇਆ ਬੋਲਿਆ।
-''ਇਹਨੇ ਕਿਹੜਾ ਕਿਤੋਂ 'ਜਾਜਤ ਲੈਣੀ ਐਂ?''
-''ਜਿਹੜਾ ਲੋਟ ਆਇਆ-ਜੁੱਪ ਲਿਆ!''
ਬਲਿਹਾਰ ਸਿੰਘ ਜੈਬੇ ਦੇ ਆਖਣ 'ਤੇ ਫੋਕਾ ਜਿਹਾ ਹੱਸ ਪਿਆ।
-''ਜਾਹ ਜੈਬਿਆ ਪਾਣੀ ਲੈ ਕੇ ਆ-ਤੇਹ ਨਾਲ ਦਿਲ ਮੱਚੀ ਜਾਂਦੈ।''
ਜੈਬਾ ਪਾਣੀ ਦਾ ਗਿਲਾਸ ਭਰ ਲਿਆਇਆ।
-''ਖੂਹ ਆਲਿਆਂ ਦਾ ਮਾਛਟਰ ਐ ਨਾ ਚਾਚਾ?''
-''ਕਿਹੜਾ? ਉਹਨਾਂ ਦੇ ਦੋ ਮਾਛਟਰ ਐ।''
-''ਉਹੋ-ਜਿਹੜਾ ਠੋਡੀ 'ਤੇ ਦਾਹੜੀ ਜੀ ਰੱਖਦੈ।''
-''ਆਹੋ-!''
-''ਉਹਨੂੰ ਪੁਲਸ ਨੇ ਕੁੱਟਿਆ।''
-''ਕਿਉਂ? ਕਾਹਤੋਂ?'' ਬਲਿਹਾਰ ਸਿੰਘ ਨੇ ਪਾਣੀ ਪੀ ਕੇ ਗਿਲਾਸ ਜੈਬੇ ਨੂੰ ਫੜਾ ਦਿੱਤਾ। ਪਾਣੀ ਜਿਵੇਂ ਅੰਦਰ ਕੋਲਿਆਂ 'ਤੇ ਡਿੱਗਿਆ ਸੀ। ਬਲਿਹਾਰ ਸਿੰਘ ਦੇ ਅੰਦਰ ਠੰਢ ਪੈ ਗਈ ਅਤੇ ਮੂੰਹ 'ਚੋਂ ਭਾਫ਼ ਨਿਕਲੀ।
-''ਮਾਛਟਰੀ ਦਾ ਕੋਰਸ ਕੀਤੇ ਨੂੰ ਤਾਂ ਉਹਨੂੰ ਵਾਹਵਾ ਚਿਰ ਹੋ ਗਿਆ-ਨੋਕਰੀ ਕਿਤੇ ਮਿਲੀ ਨ੍ਹੀ-ਪਟੜੀਫੇਰ ਸਾਰੇ ਵਿਹਲੇ ਫਿਰਦੇ ਮਾਛਟਰਾਂ ਨੇ ਚੰਦੀਗੜ੍ਹ ਧਰਨਾ ਜਾ ਦਿੱਤਾ-ਅਖੇ ਸਾਨੂੰ ਨੋਕਰੀਆਂ ਦਿਓ-।''
-''ਫੇਰ-?''
-''ਫੇਰ ਕੀ? ਉਥੇ ਹਾਅਤ ਹੂਅਤ ਕੀਤੀ ਹੋਣੀ ਐਂ? ਪੁਲਸ ਆਲਿਆਂ ਨੇ ਫੜ ਕੇ ਮੂਧੇ ਪਾ ਲਏ-ਚੰਗੀ ਦੁਰਬੜੀ ਲਾਈ-ਖੂਹ ਆਲਿਆਂ ਦੇ ਮਾਛਟਰ ਦੇ ਤਾਂ ਕਿਤੇ ਕਲੋਟੇ ਥਾਂ ਸੱਟ ਵੱਜੀ-ਮੂਤ ਬੰਦ ਹੋ ਗਿਆ-ਹੁਣ ਉਥੇ ਈ ਕਿਤੇ ਹਸਪਤਾਲ 'ਚ ਦਾਖਲ ਐ-।''
-''ਹਲਾ!''
-''ਪੁਲਸ ਆਲੇ ਵੀ ਕੀ ਕਰਨ ਚਾਚਾ? ਇਹ ਵੀ ਚੰਦੀਗੜ੍ਹ ਤੌੜਾ ਚੌਂਕ 'ਚ ਨਿੱਤ ਕੰਜਰਖਾਨਾ ਕਰਦੇ ਸੀ-ਨਾਅਰੇ ਮਾਰਦੇ ਸੀ-ਜਿੰਦਾਬਾਦ-ਮੁਰਦਾਬਾਦ ਕਰਦੇ ਸੀ-ਅਗਲੇ ਅੱਕ ਗਏ ਤੇ ਲਾ ਦਿੱਤੀਆਂ ਫੀਤੀਆਂ।''
-''ਉਹ ਤੌੜਾ ਚੌਂਕ ਨ੍ਹੀ-ਮਟਕਾ ਚੌਂਕ ਐ ਜੈਬਿਆ!'' ਬਲਿਹਾਰ ਸਿੰਘ ਨੂੰ ਹਾਸਾ ਆ ਗਿਆ।
-''ਚਾਹੇ ਕੋਈ ਵੀ ਚੌਂਕ ਹੋਵੇ ਚਾਚਾ-ਕਰਦੇ ਤਾਂ ਉਥੇ ਕੰਜਰਖਾਨਾ ਈ ਸੀ? ਅਖੇ ਸਾਡੇ ਹੱਕ-ਐਥੇ ਰੱਖ-ਲੈ, ਰੱਖਤੇ! ਕਰਵਾਈ ਜਾਓ ਪਏ ਪੱਟੀਆਂ-ਲੁਆਈ ਚੱਲੋ ਨਰਸਾਂ ਤੋਂ ਟੀਕੇ।''
-''ਥੱਬਾ ਰੁਪਈਆਂ ਦਾ ਲਾ ਕੇ ਪੜ੍ਹੇ ਐ-ਕਰਜੇ ਚੱਕ-ਚੱਕ ਕੋਰਸ ਕੀਤੇ ਐ-ਗੌਰਮਿਲਟ ਨੂੰ ਵੀ ਕੋਈ ਸ਼ਰਮ ਚਾਹੀਦੀ ਐ? ਭੁੱਖੇ ਮਰਦੇ ਕੀ ਕਰਨ? ਘਰੇ ਘਰਦੇ ਨੀ ਟਿਕਣ ਦਿੰਦੇ! ਆਖਦੇ ਐ, ਕੰਜਰ ਦਿਆ ਟੂਟੀ ਆਲੀ ਬੰਨ੍ਹੀ ਫਿਰਦੈਂ-ਕਿਸੇ ਕਿੱਤੇ ਲੱਗਜਾ।''
ਬਲਿਹਾਰ ਸਿੰਘ ਨਾਲ ਜੈਬਾ ਵੀ ਹੱਸ ਪਿਆ।
-''ਮਗਰ ਗਿਐ ਕੋਈ?''
-''ਜੱਥੇਦਾਰ ਗਿਐ।''
-''ਇਹਨਾਂ ਨੂੰ ਕਿਵੇਂ ਪਤਾ ਲੱਗਿਆ?''
-''ਭਾਲੇ ਬਾਈ ਕੇ ਘਰੇ ਟੈਲੀਫੂਨ ਕੀਤੈ ਕਿਸੇ ਨਾਲ ਦੇ ਨੇ-ਆਪਣੇ ਪਿੰਡ ਆਲੇ ਭਜਨ ਡਾਕਦਾਰ ਨੂੰ ਬੱਧਣੀਂ ਵੀ ਟੈਲੀਫੂਨ ਆਇਆ ਸੀ-ਹਾਲਤ ਤਾਂ ਕਹਿੰਦੇ ਐ ਮਾੜੀ ਈ ਐ।''
-''ਮਾੜੀ ਤਾਂ ਹੋਣੀ ਸੀ ਜਦੋਂ ਪਿਸ਼ਾਬ ਦਾ ਬੰਨ੍ਹ ਪੈ ਗਿਆ-ਮੈਨੂੰ ਮੈਦ ਐ ਪੇਡੂ 'ਚ ਸੱਟ ਹੋਣੀ ਐਂ।''
-''ਪੁਲਸ ਆਲੇ ਮਾਰਨ ਲੱਗੇ ਕਿਹੜਾ ਅੱਗਾ ਪਿੱਛਾ ਦੇਹਂਦੇ ਐ?''
-''ਕਿਹੜਾ ਆਬਦੇ ਸੱਟ ਲੱਗਣੀ ਐਂ?''
-''ਉਹਨਾਂ ਨੂੰ ਤਾਂ ਇਹ ਨ੍ਹੀ ਪਤਾ ਲੱਗਦਾ ਬਈ ਅਗਲੇ ਦੇ ਸੱਟ ਕਿੰਨੀ ਕੁ ਲੱਗਦੀ ਐ?''
ਦੋਨੋਂ ਗੱਲਾਂ ਕਰਦੇ ਰਹੇ।
-''ਮੈਂ ਪੱਠੇ ਕੁਤਰਲਾਂ ਚਾਚਾ-ਦਿਨ ਤਾਂ ਜਮਾਂ ਈ ਥੱਲੇ ਨੂੰ ਗਿਆ।''
-''ਆਬਦੀ ਚਾਚੀ ਨੂੰ ਕਹਿ ਕੇ ਚਾਹ ਧਰਾ-ਨਾਲੇ ਤੂੰ ਪੀ ਲਈਂ।''
-''ਧਰਾ ਦਿੰਨੈਂ।''
-''ਕੱਲ੍ਹ ਤੱਕ ਹੋਜੇਂਗਾ ਕੈਮ?'' ਜੈਬੇ ਨੇ ਤੁਰਦਿਆਂ, ਰੁਕ ਕੇ ਪੁੱਛਿਆ।
-''ਮੈਦ ਐ ਬਈ ਅੱਜ ਈ ਕੈਮ ਹੋਜੂੰ।''
-''ਮੈਖਿਆ ਝੋਨੇ 'ਚੋਂ ਕੱਢ ਦੇਈਏ ਅਵਲਾ ਸਵਲਾ।''
-''ਜੇ ਮੈਂ ਨਾ ਆਉਣ ਜੋਕਰਾ ਹੋਇਆ-ਤੂੰ ਬਿੱਲੇ ਨੂੰ ਲੈ ਜਾਈਂ।''
-''ਕਾਹਨੂੰ ਚਾਚਾ ਜੁਆਕ ਨੂੰ ਵਾਹੀ 'ਚ ਰੋਲਦੈਂ?''
-''ਜੇ ਜੱਟ ਦਾ ਪੁੱਤ ਵਾਹੀ ਨਾ ਕਰੂ-ਹੋਰ ਮਨਿਛਟਰ ਬਣੂੰ? ਇਕ ਦਿਨ ਤਾਂ ਪੁੱਤ ਬਸੰਤਿਆ-ਤੂੰ ਹੱਟੀ ਬਹਿਣਾ।''
-''ਪਰ ਜਿੰਨਾ ਚਿਰ ਬਸੰਤੇ ਬਿਨਾ ਹੱਟੀ ਚੱਲਦੀ ਐ-ਉਨਾਂ ਚਿਰ ਤਾਂ ਚਲਾਈਏ ਚਾਚਾ?''
-''ਜੈਬਿਆ! ਸਿਆਣੇ ਕਹਿੰਦੇ ਐ-ਪੁੱਤਰ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ-ਘਿਉ ਦੇ ਕੋਲ ਚੂਚਕਾ ਰੱਖੀਏ ਨਾ ਅੰਗਿਆਰੀ।''
-''ਪਰ ਚਾਚਾ! ਆਪਣਾ ਬਿੱਲਾ ਚੰਡਣ ਆਲਾ ਹੈ ਈ ਨ੍ਹੀ-ਦੱਸ ਇਹਨੇ ਕਦੇ ਕੋਈ ਉਲਾਂਭਾ ਖੱਟਿਐ ਹੁਣ ਤੱਕ?''
-''ਜੈਬਿਆ! ਦੁੱਧ ਤੇ ਬੁੱਧ ਫਟਦਿਆਂ ਪਤਾ ਨਹੀਂ ਲੱਗਦਾ।''
-''ਕੁਛ ਆਖ ਚਾਚਾ-ਮੈਂ ਬਿੱਲੇ ਨੂੰ ਨਾਲ ਨੀ ਲੈ ਕੇ ਜਾਣਾ-ਇਕ ਘੰਟਾ ਪਹਿਲਾਂ ਉਠ ਖੜੂੰ-ਤੂੰ ਖੇਤ ਆ ਜਾਈਂ-ਚਾਹੇ ਮੰਜਾ ਡਾਹ ਕੇ ਈ ਬੈਠਾ ਰਹੀਂ-ਝੋਨੇ 'ਚੋਂ ਖੱਸਣ ਮੈਂ ਆਪੇ 'ਕੱਲਾ ਈ ਕੱਢੀ ਜਾਊਂ-ਹੁਣ ਮੈਂ ਪੱਠੇ ਕੁਤਰਲਾਂ।'' ਤੇ ਜੈਬਾ ਤੁਰ ਗਿਆ।
-''ਪਹਿਲਾਂ ਚਾਹ ਪੀ ਲੈ ਜੈਬਿਆ-ਤੜਕੇ ਦਾ 'ਕੱਲਾ ਈ ਭੱਜਿਆ ਫਿਰਦੈਂ।'' ਜੀਤ ਕੌਰ ਨੇ ਕਿਹਾ।
-''ਐਸ ਦੇਹ ਤੋਂ ਹੋਰ ਕੀ ਕਰਵਾਉਣੈਂ ਚਾਚੀ? ਇਹਨੇ ਤਾਂ ਅਖੀਰ ਨੂੰ ਮਿੱਟੀ ਈ ਹੋ ਜਾਣੈਂ-ਵਿਹਲੇ ਰਹਿ ਕੇ ਮਿੱਟੀ ਹੋਣ ਨਾਲੋਂ ਕੰਮ ਕਰਕੇ ਖਾਣਾ ਵਧੀਐ-ਰੱਬ ਨੇ ਦੋ ਹੱਥ ਕਾਹਦੇ ਆਸਤੇ ਦਿੱਤੇ ਐ ਚਾਚੀ? ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਆਸਤੇ।'' ਜੈਬਾ ਚਾਹ ਦੇ ਸੜ੍ਹਾਕੇ ਮਾਰਦਾ ਬੋਲਿਆ। ਸੱਤ ਸਾਲ ਹੋ ਗਏ ਸਨ ਉਸ ਨੂੰ ਬਲਿਹਾਰ ਸਿੰਘ ਨਾਲ ਸੀਰੀ ਰਲਿਆਂ। ਜੈਬੇ ਨੇ ਬਲਿਹਾਰ ਸਿੰਘ ਨੂੰ ਅਤੇ ਬਲਿਹਾਰ ਸਿੰਘ ਨੇ ਜੈਬੇ ਨੂੰ ਕਦੇ ਬਿਗਾਨਾ ਸਮਝਿਆ ਹੀ ਨਹੀਂ ਸੀ। ਉਹ ਇਕ ਦੂਜੇ ਦੇ ਦੁਖ-ਸੁਖ ਦੇ ਸਾਂਝੀ ਸਨ। ਬਲਿਹਾਰ ਸਿੰਘ ਦੀ ਗੈਰਹਾਜ਼ਰੀ ਵਿਚ ਜੈਬਾ ਮਾਲਕ ਵਾਂਗ ਫ਼ਸਲਾਂ ਦੀ ਰਾਖੀ ਕਰਦਾ ਸੀ।
ਇਕ ਵਾਰੀ ਦੀ ਗੱਲ ਹੈ ਕਿ ਬਲਿਹਾਰ ਸਿੰਘ ਦਾ ਸਾਰਾ ਪ੍ਰੀਵਾਰ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਗਿਆ ਹੋਇਆ ਸੀ। ਦੋ ਦਿਨ ਲੱਗ ਜਾਣੇ ਸਨ। ਇਸ ਗੱਲ ਦਾ ਜੈਬੇ ਦੀ ਘਰਵਾਲੀ 'ਕੱਲ੍ਹੋ' ਨੂੰ ਵੀ ਪਤਾ ਸੀ। ਉਹ ਆਪਦੀ ਮੌਲੀ ਮੱਝ ਵਾਸਤੇ ਘਾਹ ਖੋਤਣ ਦੀ ਜਗਾਹ ਬਲਿਹਾਰ ਸਿੰਘ ਦੇ ਖੇਤੋਂ ਬਰਸੀਨ ਵੱਢਣ ਆ ਲੱਗੀ। ਕਣਕ ਨੂੰ ਪਾਣੀ ਲਾਉਂਦਾ-ਲਾਉਂਦਾ ਜੈਬਾ ਵੀ ਇਧਰ ਆ ਗਿਆ।
ਘਰਵਾਲੀ ਨੂੰ ਪੱਠੇ ਵੱਢਦੀ ਦੇਖ ਕੇ ਉਹ ਸਤੰਭ ਰਹਿ ਗਿਆ। ਕਹੀ ਉਸ ਨੇ ਇਕ ਪਾਸੇ ਰੱਖ ਦਿੱਤੀ।
-''ਕੀ ਕਰਦੀ ਐਂ ਨੀ---?'' ਉਹ ਹੈਰਾਨਗੀ ਵਿਚ ਚੀਕ ਮਾਰਨ ਵਾਲਾ ਹੋਇਆ ਖੜ੍ਹਾ ਸੀ।
-''ਦੀਹਂਦਾ ਨੀ-ਅੰਨ੍ਹੈਂ?'' ਕੱਲ੍ਹੋ ਬੜੀ ਹੀ ਅੱਤੜ ਔਰਤ ਸੀ। ਸਾਰਾ 'ਵਿਹੜਾ' ਉਸ ਦੀ ਜੁੱਤੀ ਦੇ ਯਾਦ ਨਹੀਂ ਸੀ। ਵਿਹੜੇ ਦੀਆਂ ਤਮਾਮ ਔਰਤਾਂ ਉਸ ਤੋਂ ਭੈਅ ਖਾਂਦੀਆਂ ਸਨ। ਬੋਲਣ ਲੱਗੀ ਵੀ ਉਹ ''ਤੱਤਾ-ਠੰਢਾ'' ਜਾਂ ਬੰਦਾ ਕੁਬੰਦਾ ਨਹੀਂ ਦੇਖਦੀ ਸੀ, ਬੱਸ! ਗਾਲ੍ਹਾਂ ਦੀ ਸੂੜ ਬੰਨ੍ਹ ਲੈਂਦੀ ਸੀ! ਜੈਬਾ ਵੀ ਉਸ ਤੋਂ ਕੰਨ ਭੰਨਦਾ ਸੀ।
-''ਮੈਂ ਕਿਹੈ ਕੀ ਕਰਦੀ ਐਂ?'' ਜੈਬੇ ਨੂੰ ਕਰੋਧ ਚੜ੍ਹ ਗਿਆ।
-''ਦੀਹਂਦਾ ਨੀ ਤੈਨੂੰ? ਪੱਠੇ ਵੱਢਦੀ ਐਂ---!'' ਉਹ ਦਾਤੀ ਚਲਾਉਂਦੀ ਬੋਲ ਰਹੀ ਸੀ।
-''ਕੀਹਦੇ ਆਸਤੇ?''
-''ਕੁੱਤਿਆ ਚੂਹੜ੍ਹਿਆ ਤੂੰ ਮੇਰੇ 'ਤੇ ਠਾਣਾ ਲੱਗਿਐਂ? ਪੱਠੇ ਵੱਢਦੀ ਐਂ ਆਬਦੀ ਮੱਝ ਆਸਤੇ-ਹੋਰ ਤੇਰੀ ਮਾਂ ਨੂੰ ਨ੍ਹੀ ਪਾਉਣੇ--!''
-''ਪੁੱਛਿਆ ਕੀਹਨੂੰ ਐਂ? ਗਰਚ ਗਰਚ ਵੱਢਣ ਲੱਗਪੀ-ਜਿਮੇਂ ਬਾਪੂ ਦਾ ਖੇਤ ਹੁੰਦੈ--?''
-''-----।'' ਕੱਲ੍ਹੋ ਕੁਝ ਨਾ ਬੋਲੀ। ਮੱਟਰ ਬਣੀ ਆਪਦਾ ਕੰਮ ਕਰਦੀ ਰਹੀ। ਜੈਬੇ ਦੇ ਸਿਰ ਨੂੰ ਫ਼ਤੂਰ ਚੜ੍ਹ ਗਿਆ। ਉਸ ਨੇ ਡਾਂਗ ਲੈ ਕੇ ਕੱਲ੍ਹੋ ਦੀ ਤਹਿ ਲਾ ਦਿੱਤੀ।
-''ਕੁੱਤੀਏ ਜਾਤੇ ਝੜ੍ਹੰਮੇਂ! ਤੂੰ ਸਮਝ ਲਿਆ ਬਈ ਮਾਲਕ ਐਥੇ ਨੀ-ਹੁਣ ਤੂੰ ਮਾਲਕ ਐਂ?'' ਉਸ ਨੇ ਇਕ ਕਰੜੀ ਝੁੱਟੀ ਹੋਰ ਲਾ ਦਿੱਤੀ। ਨੇੜੇ-ਤੇੜੇ ਕੋਈ ਹੈ ਨਹੀਂ ਸੀ, ਜਿਹੜਾ ਉਸ ਨੂੰ ਛੁਡਾ ਦਿੰਦਾ।
ਜੈਬੇ ਨੂੰ ਬੁਰੀ 'ਤੇ ਆਇਆ ਦੇਖ ਕੇ ਕੱਲ੍ਹੋ ਚੁੱਪ-ਚਾਪ ਕੁੱਟ ਸਹਿ ਗਈ।
-''ਜਿੰਨਾ ਚਿਰ ਮੈਂ ਚਾਚੇ ਦੇ ਨਾਲ ਸੀਰੀ ਐਂ-ਉਨਾਂ ਚਿਰ ਜੇ ਮੈਂ ਐਧਰ ਦੇਖ ਲਈ-ਮਾਰ ਕੇ ਐਥੇ ਈ ਦੱਬ ਦਿਊਂ!'' ਉਸ ਨੇ ਦਾਤੀ ਖੋਹ ਕੇ ਦੋ ਧੌਲਾਂ ਹੋਰ ਜੜ ਦਿੱਤੀਆਂ ਅਤੇ ਧੱਕਾ ਦੇ ਕੇ ਖੇਤੋਂ ਬਾਹਰ ਕਰ ਦਿੱਤੀ।
-''ਮੈਂ ਗਰੀਬ ਜਰੂਰ ਐਂ-ਪਰ ਬੇਈਮਾਨ ਨ੍ਹੀ!'' ਦੂਰ ਰੇਬੀਏ ਪਈ ਜਾਂਦੀ ਕੱਲ੍ਹੋ ਨੂੰ ਜੈਬੇ ਨੇ ਲੰਮੀ ਅਵਾਜ਼ 'ਚ ਕਿਹਾ।
-''ਤੂੰ ਘਰੇ ਆਈਂ-ਦਿਊਂ ਤੈਨੂੰ ਪੀਣ ਨੂੰ ਮੂਤ! ਕੁੱਤਾ ਚੂਹੜ੍ਹਾ ਕਿਮੇਂ ਅਕਲ ਨੂੰ ਗੋਟਾ ਲੁਆਈ ਫਿਰਦੈ ਮੇਰਾ ਭਤੀਜਾ! ਤੇਰੇ ਲਿਕਲੇ ਕਸੂਤੇ ਥਾਂ ਫੋੜੀ ਭਤੀਜਿਆ-ਤੂੰ ਘਰੇ ਵੜੀਂ-ਵੱਢੂੰ ਤੇਰੀਆਂ ਖੁੱਚਾਂ! ਫੋੜੀ ਕਢਾਵਾ ਕਿਮੇਂ ਮਾਲਕ ਬਣਿਆਂ ਖੜ੍ਹੈ-ਮੇਰੇ ਪਿਉ ਦਾ ਸਾਲਾ!'' ਕੱਸੀ ਦੀ ਵੱਟ 'ਤੇ ਖੜ੍ਹਕੇ ਕੱਲ੍ਹੋ ਨੇ ਕਈ ਝੋਕ ਛੰਦ ਪੜ੍ਹੇ। ਹੁਣ ਉਹ ਜੈਬੇ ਦੀ ਮਾਰ ਤੋਂ ਦੂਰ ਸੀ।
-''ਖੜ੍ਹਜਾ ਤੇਰੀ ਮੈਂ ਮਾਂ ਦੇ---ਦਿੱਤਾ ਕੁੱਤੀ ਦੇ! ਇਕ ਚੋਰੀ-ਉਤੋਂ ਧੌਂਸਾਂ?'' ਜੈਬੇ ਨੇ ਡਾਂਗ ਫਿਰ ਚੁੱਕੀ ਤਾਂ ਕੱਲ੍ਹੋ ਹਵਾ ਹੋ ਗਈ।
ਜੈਬਾ ਗੁੱਸੇ ਵਿਚ ਭਾਫ਼ਾਂ ਛੱਡੀ ਜਾ ਰਿਹਾ ਸੀ।
ਤੀਜੇ ਦਿਨ ਜਦ ਬਲਿਹਾਰ ਸਿੰਘ ਵਾਪਸ ਪਰਤਿਆ ਤਾਂ ਉਸ ਨੂੰ ਜੈਬਾ ਕੁਝ ਜ਼ਿਆਦਾ ਹੀ ਚੁੱਪ-ਚੁੱਪ ਜਿਹਾ ਲੱਗਿਆ।
-''ਕੀ ਗੱਲ ਐ-ਬਾਹਲਾ ਈ ਚੁੱਪ ਜਿਐਂ?'' ਬਲਿਹਾਰ ਸਿੰਘ ਨੇ ਪੁੱਛਿਆ।
-''ਨਹੀਂ ਚਾਚਾ-ਤੈਨੂੰ ਐਮੇਂ ਭਰਮ ਐਂ।'' ਜੈਬੇ ਨੇ ਬਲਿਹਾਰ ਸਿੰਘ ਤੋਂ ਨਜ਼ਰਾਂ ਚੁਰਾਉਂਦਿਆਂ ਉਤਰ ਦਿੱਤਾ।
-''ਕੱਛ ਥਾਣੀਂ ਮੁੰਮਾ ਨਾ ਦੇਹ! ਆਪਾਂ ਨੂੰ ਬਹੁਤ ਚਿਰ ਹੋ ਗਿਆ 'ਕੱਠੇ ਰਹਿੰਦਿਆਂ ਨੂੰ- ਕੋਈ ਗੱਲ ਜਰੂਰ ਐ-ਮੰਨ ਚਾਹੇ ਨਾ ਮੰਨ!''
-''ਚਾਚਾ--!'' ਜੈਬੇ ਦੇ ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-''ਕਿਤੇ ਫੇਰ ਤਾਂ ਨ੍ਹੀ ਕੱਲ੍ਹੋ ਨਾਲ ਯੁੱਧ ਹੋ ਗਿਆ?''
-''-----।'' ਛੇ ਫੁੱਟੇ, ਥੰਮ੍ਹ ਵਰਗੇ ਜੈਬੇ ਦੀਆਂ ਅੱਖਾਂ 'ਚੋਂ ਪਾਣੀ 'ਤਰਿੱਪ-ਤਰਿੱਪ' ਵਹਿ ਤੁਰਿਆ।
ਬਲਿਹਾਰ ਸਿੰਘ ਨੇ ਉਸ ਨੂੰ ਪੁੱਤਾਂ ਵਾਂਗ ਬੁੱਕਲ ਵਿਚ ਲੈ ਲਿਆ।
-''ਕਮਲ ਨੀ ਮਾਰੀਦਾ ਹੁੰਦਾ-ਖੁੱਲ੍ਹ ਕੇ ਗੱਲ ਦੱਸੀਦੀ ਹੁੰਦੀ ਐ-ਤੇਰਾ ਮੇਰਾ ਕੋਈ ਓਹਲਾ ਨਹੀਂ।''
-''ਚਾਚਾ ਮੂੰਹ ਛੋਟੈ-ਗੱਲ ਵੱਡੀ ਐ।''
-''ਕਰੜਾ ਹੋ ਕੇ ਕੱਢ!''
-''ਮੈਨੂੰ ਧਰਤੀ ਗਰਕਣ ਆਸਤੇ ਵਿਹਲ ਨ੍ਹੀ ਦਿੰਦੀ ਚਾਚਾ!'' ਜੈਬਾ ਧਾਹੀਂ ਰੋ ਪਿਆ।
-''ਜੇ ਬੋਲੇਂਗਾ ਈ ਨ੍ਹੀ-ਪਤਾ ਕੀ ਲੱਗੂ? ਤੂੰ ਭਤੀਜ ਬੋਲ ਤਾਂ ਸਹੀ-ਜੁਆਕਾਂ ਮਾਂਗੂੰ ਬੂਹਕੀ ਕਿਉਂ ਜਾਨੈਂ?'' ਬਲਿਹਾਰ ਸਿੰਘ ਨੇ ਉਸ ਨੂੰ ਫਿਰ ਸੀਨੇ ਨਾਲ ਲਾ ਕੇ ਘੁੱਟ ਲਿਆ।
ਜੈਬੇ ਨੇ ਹੁਬਕੀਆਂ ਭਰ-ਭਰ ਕੇ ਕੱਲ੍ਹੋ ਦੀ ਸਾਰੀ 'ਕਰਤੂਤ' ਦੱਸ ਦਿੱਤੀ।
ਬਲਿਹਾਰ ਸਿੰਘ ਉਚੀ-ਉਚੀ ਹੱਸ ਪਿਆ।
-''ਫਿੱਟ੍ਹੇ ਮੂੰਹ ਤੇਰੇ! ਉਏ ਤੇਰਾ ਭਲਾ ਹੋਜੇ-ਇਹ ਵੀ ਕੋਈ ਗੱਲ ਐ? ਮੈਂ ਤਾਂ ਡਰ ਗਿਆ ਸੀ ਬਈ ਪਤਾ ਨਹੀ ਕੀ ਗੱਲ ਹੋਗੀ-ਉਏ ਜਾਹ ਉਏ ਯਧ ਕਮਲਿਆ! ਮਾੜੀ ਜੀ ਗੱਲ ਦਿਲ 'ਤੇ ਨ੍ਹੀ ਲਾਈਦੀ ਹੁੰਦੀ ਸ਼ੇਰਾ-ਕੱਲ੍ਹੋ ਦਾ ਸਹੁਰੀ ਦਾ ਕੁਛ ਮਤਾ ਈ ਇਹੋ ਜਿਐ-ਲਾਹ ਦਿਲੋਂ ਫਿਕਰ-ਮਾੜੀ ਮਾੜੀ ਗੱਲ ਤੋਂ ਖਤਮ ਨੀ ਹੋਈਦਾ! ਫਿਕਰ ਹੋਰ ਬੜੇ ਐ ਕਰਨ ਆਸਤੇ-ਜਾਹ ਉਏ ਤੇਰੇ ਜੈਬਾ ਸਿਆਂ! ਮਾਰੇਂਗਾ ਸ਼ੇਰ! ਮਾੜੀ ਜੀ ਗੱਲ ਤੋਂ ਈ-।'' ਤੇ ਬਲਿਹਾਰ ਸਿੰਘ ਹੱਸਦਾ ਤੁਰ ਗਿਆ।
ਕਈ ਦਿਨ ਜੈਬਾ ਚੁੱਪ-ਚੁੱਪ ਫਿਰਦਾ ਰਿਹਾ।
ਪਰ ਬਲਿਹਾਰ ਸਿੰਘ ਦੇ ਰਲਾਉਟੇ ਸੁਭਾਅ ਨੇ ਉਸ ਦੀ ਮਾਨਸਿਕ ਦਸ਼ਾ ਹੌਲੀ-ਹੌਲੀ, ਥਾਂ ਸਿਰ ਲੈ ਆਂਦੀ।
ਕਦੇ-ਕਦੇ ਉਹ ਖੇਤ ਦਾਰੂ ਪੀ ਲੈਂਦੇ।
ਹਾਸਾ-ਖੇਡਾ ਕਰ ਲੈਂਦੇ। ਦੁਖ-ਸੁਖ ਵੰਡਾ ਲੈਂਦੇ।