ਕਿਸ਼ਤ 15
ਕਈ
ਦਿਨ ਹੋ ਗਏ ਸਨ, ਬਿੱਲਾ ਸੀਤਲ ਨੂੰ ਮਿਲਣ ਨਹੀਂ ਆਇਆ ਸੀ। ਸੀਤਲ ਲਈ ਤਾਂ ਜਿਵੇਂ ਜੁੱਗੜੇ ਬੀਤ ਗਏ
ਸਨ। ਸਦੀ ਲੰਘ ਗਈ ਸੀ। ਉਸ ਲਈ ਸਮੇਂ ਦੇ ਪਲ, ਪਹਾੜ ਬਣੇ ਹੋਏ ਸਨ।
ਉਹ ਐੱਸ ਟੀ ਡੀ 'ਤੇ ਬੈਠੀ ਬਾਹਰ ਸੜਕ ਵੱਲ ਹੀ ਝਾਕਦੀ ਰਹਿੰਦੀ। ਜਿਵੇਂ ਬਿੱਲਾ ਕਿਸੇ ਦੇਵਤੇ ਵਾਂਗ
ਪ੍ਰਗਟ ਹੋਵੇਗਾ। ਕਿਸੇ ਪਤਾਲ ਵਿਚੋਂ ਨਿਕਲੇਗਾ ਜਾਂ ਅਕਾਸ਼ੋਂ ਉਤਰੇਗਾ। ਉਸ ਦੇ ਦਿਲ ਅੰਦਰੋਂ
ਅਜ਼ੀਬ-ਅਜ਼ੀਬ ਵਿਚਾਰ ਉਭਰਦੇ। ਡਰਾਉਣੇ ਖਿਆਲ ਕੁਰਲਾਹਟ ਕਰਦੇ। ਆਤਮਾ ਅੰਦਰੋਂ ਟੀਸ ਉਠਦੀ ਤਾਂ ਉਹ ਪੀੜ
ਨਾਲ ਕਲੇਜਾ ਘੁੱਟ ਲੈਂਦੀ।
-''ਕਿਵੇਂ ਐਂ ਬਿੱਲੀਏ---!'' ਪਿਛਲੇ ਦਰਵਾਜੇ ਵੱਲੋਂ ਕਿੱਟੀ ਬੋਲੀ। ਉਹ ਉਸ ਨੂੰ ਚਿੜਾਉਣ ਖਾਤਰ
ਬਿੱਲੇ ਕਰਕੇ 'ਬਿੱਲੀ' ਆਖਦੀ।
-''-----।'' ਸੀਤਲ ਸਹਿਜ-ਸੁਭਾਅ ਬੈਠੀ ਹੋਣ ਕਾਰਨ ਡਰ ਗਈ। ਉਸ ਨੇ ਦਿਲ 'ਤੇ ਹੱਥ ਰੱਖ ਲਿਆ।
-''ਨੀ ਡਰ ਗਈ---!'' ਉਹ ਤਾੜੀ ਮਾਰ ਕੇ ਹੱਸੀ।
-''ਚੌੜ ਨਾ ਕਰ ਕਿੱਟੀ---!''
-''ਕਿਉਂ? ਕੀ ਭੜ੍ਹਾਕਾ ਪੈ ਗਿਆ?''
-''-----।''
-''ਨੀ ਕੀ ਹੋਇਐ ਤੈਨੂੰ? ਬੋਲਦੀ ਕਿਉਂ ਨਹੀਂ?''
-''ਦਿਲ ਨਹੀਂ ਕਰਦਾ।''
-''ਕਾਹਤੋਂ ਨਹੀਂ ਕਰਦਾ? ਹਾਂ---ਸਮਝ ਗਈ! ਅੱਜ ਬਿੱਲਾ ਨਹੀਂ ਮਿਲਿਆ ਹੋਣਾ? ਸੀਨੇ ਸੱਟ ਜਿੰਨ੍ਹਾਂ
ਨੇ ਖਾਧੀ---।''
-''ਉਹਨੂੰ ਤਾਂ ਕਈ ਦਿਨ ਹੋ ਗਏ ਮਿਲੇ ਨੂੰ।'' ਕਿੱਟੀ ਦੀ ਗੱਲ ਕੱਟ ਕੇ ਸੀਤਲ ਬੋਲੀ।
-''ਕਿਉਂ? ਕਾਹਤੋਂ? ਕਿਹੜੀ ਕੂਟੀਂ ਚਲਿਆ ਗਿਆ ਉਹ ਘੋਗਲਕੰਨਾਂ?''
-''ਪਤਾ ਨਹੀਂ-ਫੋਨ ਵੀ ਨਹੀਂ ਕੀਤਾ ਕਿਤੋਂ-ਮੈਨੂੰ ਤਾਂ ਡਰ ਲੱਗੀ ਜਾਂਦੈ ਕਿੱਟੀ।''
-''ਨੀ ਕਾਹਦਾ ਡਰ?'' ਕਿੱਟੀ ਸੀਤਲ ਨਾਲੋਂ ਵੱਡੀ ਹੋਣ ਕਾਰਨ ਉਸ ਨੂੰ 'ਝੁੱਡੂ' ਹੀ ਸਮਝਦੀ ਸੀ।
-''ਕਿਤੇ ਸੱਸੀ, ਸੋਹਣੀ, ਸ਼ੀਰੀ ਅਤੇ ਸਾਹਿਬਾਂ ਵਾਲਾ ਇਤਿਹਾਸ ਮੇਰੇ 'ਤੇ ਨਾ ਦੂਹਰ ਲਾ ਜਾਵੇ?''
ਕਿੱਟੀ ਹੱਸ ਪਈ।
-''ਉਹ ਤਾਂ ਜਿਹੜਾ ਕਮਲਾ ਸੀ-ਸੀਗਾ ਈ! ਮੈਨੂੰ ਲੱਗਦੈ ਤੂੰ ਵੀ ਪਾਗਲ ਹੋ ਗਈ।''
-''ਹਾਂ-ਹਾਂ ਮੈਂ ਪਾਗਲ ਹੋ ਗਈ---!'' ਉਹ ਚੀਕ ਉਠੀ।
-''-----!'' ਕਿੱਟੀ ਠਠੰਬਰ ਗਈ।
ਉਸ ਨੇ ਸੀਤਲ ਨੂੰ ਕਦੇ ਉਚੀ ਬੋਲਦੇ ਵੀ ਨਹੀਂ ਸੁਣਿਆਂ ਸੀ। ਉਹ ਠੰਢੀ ਠਾਰ ਹੋਈ ਖੜ੍ਹੀ ਸੀ।
-''ਮੈਨੂੰ ਐਹੋ ਜਿਹਾ ਰੋਗ ਲੱਗ ਗਿਆ ਕਿੱਟੀ! ਨਾ ਮੈਂ ਜਿਉਂਦਿਆਂ ਵਿਚ ਨਾ ਮਰਿਆਂ ਵਿਚ!'' ਸੀਤਲ ਦੀ
ਅਵਾਜ਼ ਧੀਮੀ ਹੋ ਗਈ ਸੀ।
-''-----।''
-''ਮੈਨੂੰ ਮੁਆਫ਼ ਕਰਨਾ ਕਿੱਟੀ-ਮੈਂ ਥੋੜਾ ਉਚੀ ਬੋਲ ਗਈ।'' ਸੀਤਲ ਨੂੰ ਅਫ਼ਸੋਸ ਹੋਇਆ। ਉਹ ਤਾਂ ਬਗੈਰ
ਕਿਸੇ ਕਸੂਰ ਤੋਂ ਹੀ ਕਿੱਟੀ ਦੇ ਗਲ ਪੈ ਚੱਲੀ ਸੀ।
-''ਸੀਤਲ! ਮੈਂ ਤੇਰੇ ਦਿਲ ਦਿਮਾਗ ਦੀ ਹਾਲਤ ਸਮਝਦੀ ਐਂ-ਪਰ ਕਦੇ ਵੀ ਆਪੇ ਤੋਂ ਬਾਹਰ ਨਾ
ਹੋਈਏ-ਜਜ਼ਬਾਤਾਂ ਨੂੰ ਕਾਬੂ ਰੱਖੀਏ-ਲੜਨ ਝਗੜਨ ਅਤੇ ਚੀਕਣ ਨਾਲ ਕੰਮ ਰਾਸ ਨਹੀਂ ਆਉਂਦੇ-ਧਹੰਮਲ ਤੋਂ
ਕੰਮ ਲੈ।''
-''-----।'' ਸੀਤਲ ਚੁੱਪ-ਚਾਪ, ਸਿੱਧੀ-ਸਲੋਟ ਕਿੱਟੀ ਵੱਲ ਤੱਕ ਰਹੀ ਸੀ।
-''ਇਉਂ ਤਾਂ ਤੂੰ ਸੱਚੀਂ ਪਾਗਲ ਹੋ ਜਾਵੇਂਗੀ! ਤੇਰੇ ਘਰਦੇ ਕਿਵੇਂ ਸਹਿਣ ਕਰਨਗੇ? ਆਪ ਦੁਖੀ ਐਂ-ਉਹਨਾਂ
ਨੂੰ ਦੁਖੀ ਕਰੇਂਗੀ-ਕੀ ਫ਼ਾਇਦਾ? ਬੇਬੇ ਅੱਗੇ ਈ ਦੁਖੀ ਐ-ਚੱਲ ਬੱਬੂ ਕੋਲੇ ਚੱਲਦੀਐਂ-ਉਹ ਦੱਸ ਸਕਦੈ
ਕੁਛ।''
ਦੁਪਿਹਰੋਂ ਬਾਅਦ ਉਹ ਬੱਬੂ ਕੋਲ ਪੁੱਜ ਗਈਆਂ।
ਬੱਬੂ ਕਲੀਨਿਕ 'ਤੇ ਇਕੱਲਾ ਹੀ ਸੀ।
-''ਬੱਬੂ! ਤੇਰਾ ਧੱਕ-ਮਕੌੜਾ ਕਿੱਥੇ ਐ?''
ਕਿੱਟੀ ਨੇ ਪੁੱਛਿਆ।
ਉਹ ਬਿਫ਼ਰੀ ਖੜ੍ਹੀ ਸੀ।
-''ਪਤਾ ਨਹੀਂ-ਕਈ ਦਿਨ ਹੋ ਗਏ ਦਿਸਿਆ ਨਹੀਂ-ਜਿੰਨਾਂ ਕੁ ਮੈਨੂੰ ਪਤੈ-ਉਹ ਨਾਨਕੀਂ ਗਿਆ ਸੀ-ਮੁੜ
ਆਇਆ-ਪਤਾ ਨ੍ਹੀ, ਨਹੀਂ।''
-''ਫੋਨ ਫਾਨ ਤਾਂ ਕਰ ਲੈਂਦਾ? ਦੇਖ ਇਹਦਾ ਕੀ ਹਾਲ ਹੋਇਆ ਪਿਐ।''
-''ਹਾਏ ਮਰਜਾਂ! ਕਿਵੇਂ ਫੁੱਲ ਮਾਂਗੂੰ ਕੁਮਲਾਈ ਫਿਰਦੀ ਐ?'' ਬੱਬੂ ਨੇ ਹਿੱਕ 'ਤੇ ਹੱਥ ਧਰ ਕੇ
ਆਖਿਆ ਤਾਂ ਸੀਤਲ ਮੁਸਕਰਾ ਪਈ। ਬਿੱਲੇ ਦੇ ਨਾਨਕੀਂ ਜਾਣ ਬਾਰੇ ਸੁਣ ਕੇ ਉਸ ਦਾ ਦਿਲ ਕੁਝ ਥਾਵੇਂ ਆ
ਗਿਆ ਸੀ। ਡਰ ਲਹਿ ਗਿਆ ਸੀ। ਭਰਮ ਮੁੱਕ ਗਿਆ ਸੀ।
ਉਹ ਬੈਠ ਗਈਆਂ।
-''ਸੀਤਲ! ਇਕ ਗੱਲ ਆਖਾਂ?'' ਬੱਬੂ ਨੇ ਲੰਮਾ ਸਾਹ ਲੈ ਕੇ ਪੁੱਛਿਆ ਤਾਂ ਸੀਤਲ ਨੇ ਅੱਖਾਂ ਝਮਕਾ ਕੇ
'ਹਾਂ' ਵਿਚ ਸਿਰ ਹਿਲਾਇਆ।
-''ਜਦੋਂ ਦੇ ਤਾਇਆ ਜੀ ਮਰੇ ਐ-ਬਿੱਲੇ ਦੀਆਂ ਜਿੰਮੇਵਾਰੀਆਂ ਕਾਫ਼ੀ ਹੱਦ ਤੱਕ ਵਧ ਗਈਐਂ-ਉਹਨੂੰ ਸਮਝਣ
ਦੀ ਕੋਸ਼ਿਸ਼ ਜਰੂਰ ਕਰ-ਪਿਉ ਮਰਨ ਤੋਂ ਬਾਅਦ ਉਹ ਕਈ ਪਾਸੀਂ ਵੰਡਿਆ ਗਿਆ-ਉਹਦੀ ਜਾਨ ਹੁਣ ਬਾਹਲੇ ਪਾਸੀਂ
ਐ-ਜੇ ਉਹ ਕੁਝ ਦਿਨ ਨਾ ਵੀ ਮਿਲ ਸਕੇ ਤਾਂ ਤੂੰ ਉਹਨੂੰ ਮੁਆਫ਼ ਕਰਨ ਦੀ ਆਦਤ ਪਾ।''
-''ਸੁਣ ਗਿਆ ਬਿੱਲੀਏ---!'' ਕਿੱਟੀ ਨੇ ਉਸ ਦੇ ਮੁੱਕੀ ਮਾਰੀ।
ਉਹ ਹੌਲੀਆਂ ਫੁੱਲ ਹੋ ਕੇ ਉਠ ਖੜ੍ਹੀਆਂ।
-''ਤੂੰ ਤਾਂ ਬਹਿ ਜਾ।'' ਬੱਬੂ ਨੇ ਕਿੱਟੀ ਨੂੰ ਕਿਹਾ।
-''ਤੇਰੇ ਕੋਲੇ ਬਹਿੰਦੀ ਐ ਮੇਰੀ ਜੁੱਤੀ!'' ਕਿੱਟੀ ਨੇ ਅੰਗੂਠਾ ਕੱਢ ਕੇ ਦਿਖਾ ਦਿੱਤਾ।
-''ਨਾ ਛੜੇ ਜੇਠ ਆਲਾ ਸਲੂਕ ਕਰ।''
ਕਿੱਟੀ ਨੇ ਵੱਡੀ ਸਾਰੀ ਜੀਭ ਕੱਢੀ।
-''ਬੁੱਢੀ ਹੋਈ ਤਰਸੇਂਗੀ-ਤੇਰੀ ਸਾਰ ਨਾ ਕਿਸੇ ਨੇ ਲੈਣੀ।''
-''ਬਥੇਰੇ ਮਿਲ ਜਾਣਗੇ।''
-''ਸਾਧ ਅਰਗਾ ਨ੍ਹੀ ਮਿਲਣਾ।''
-''ਚੱਲ ਸੀਤਲ ਚੱਲੀਏ-ਇਹ ਤਾਂ ਭੌਂਕੀ ਜਾਊ-ਵੱਡਾ ਸਾਧ!''
-''ਇਹਨੂੰ ਚਾਹ ਪਾਣੀ ਪਿਆ-ਊਂ ਈ ਮਾੜੇ ਟੱਟੂ ਮਾਂਗੂੰ ਡਿੱਗਦੀ ਜੀ ਫਿਰਦੀ ਐ।''
-''ਤੇਰਾ ਜੱਟ ਆਲਾ ਦਿਲ ਹੁੰਦਾ-ਹੁਣ ਨੂੰ ਇਹਦੇ ਗੁਲੂਕੋਜ ਦੀ ਬੋਤਲ ਲਾਈ ਹੁੰਦੀ।''
-''ਸਾਡੀਆਂ ਬੋਤਲਾਂ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ-ਇਹਨੂੰ ਤਾਂ ਟਿੱਲੇ ਆਲੇ ਸਾਧ ਦੀਆਂ ਪੁੜੀਆਂ
ਈ ਲੋਟ ਕਰਨਗੀਆਂ।''
-''ਜਿੱਦੇਂ ਟਿੱਲੇ ਆਲਾ ਸਾਧ ਮਿਲ ਪਿਆ-ਉਦੇਂ ਉਹਦੇ ਵੀ ਝੱਗੇ ਦਾ ਮੇਚ ਲਊਂ ਟਿਕਾਅ ਕੇ।''
-''ਮੇਰੇ ਯਾਂਘੀਏ ਦਾ ਮੇਚ ਕੌਣ ਲਊ-ਸੀਤਲ?''
-''ਇਹਤੋਂ ਤਾਂ ਇਕ ਈ ਨ੍ਹੀ ਲੋਟ ਆਉਂਦਾ-ਤੇਰੇ ਜੋਗੀ ਨਹੀਂ ਰਹੀ ਹੁਣ ਇਹੇ-ਜੇ ਇਹਦਾ ਨਾਂ ਮੁੜ ਕੇ
ਲਿਆ-ਤੇਰੀਆਂ ਬੋਦੀਆਂ ਜੀਆਂ ਜਰੂਰ ਪੱਟਣੀਆਂ ਪੈਣਗੀਆਂ।''
-''ਤੂੰ ਮੇਰੀ ਮਾਸ਼ੂਕ ਐਂ ਕਿ ਅੱਤਿਵਾਦਣ?''
-''ਜਿਹੜਾ ਕੁਛ ਤੂੰ ਸਮਝ ਲਵੇਂ।''
-''ਤੂੰ ਤਾਂ ਬਾਹਲੀ ਖਤਰਨਾਕ ਐਂ ਬਈ।''
-''ਅਜੇ ਤੂੰ ਦੇਖਿਆ ਈ ਕੀ ਐ?''
-''ਕਿੱਥੇ ਕਿਜੇ ਐ ਸੂਈ?''
-''ਖਤਰੇ ਆਲੇ ਨਿਸ਼ਾਨ ਤੋਂ ਥੋੜੀ ਈ ਥੱਲੇ ਐ।''
-''ਖਤਰੇ 'ਤੇ ਕਦੋਂ ਪਹੁੰਚ ਸਕਦੀ ਐ?''
-''ਜਦੋਂ ਬਾਹਰਲੀ ਖੁਰਨੀ 'ਚ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ!''
-''ਜੇ ਬਾਹਰਲੀ ਖੁਰਨੀ ਮੇਰੇ ਕੋਲ ਆਊ-ਫੇਰ?''
-''ਫੇਰ ਦੋਹਾਂ ਨੂੰ ਈ ਖਤਰਾ।''
ਸਾਰੇ ਹੀ ਹੱਸ ਪਏ।