ਨਾਵਲ - ਤਰਕਸ਼ ਟੰਗਿਆ ਜੰਡ

ਸ਼ਿਵਚਰਨ ਜੱਗੀ ਕੁੱਸਾ

ਕਾਂਡ ਇੱਕ


ਬਿੱਲੇ ਦਾ ਅਸਲ ਨਾਂ ਹਰਮਨਪ੍ਰੀਤ ਸਿੰਘ ਸੀ। ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ ਲੜਕਾ! ਅੱਖਾਂ ਬਿੱਲੀਆਂ ਹੋਣ ਕਾਰਨ ਸਾਰੇ ਉਸ ਨੂੰ ''ਬਿੱਲਾ'' ਆਖਦੇ। ਮੱਧ-ਵਰਗੀ ਕਿਸਾਨ ਦਾ ਪੁੱਤਰ, ਬੜਾ ਹੀ ਮਿੱਠ-ਬੋਲੜਾ ਮੁੰਡਾ ਸੀ। ਪਿੰਡ ਦੇ ਹਾਈ ਸਕੂਲ ਵਿਚ ਵਿਦਿਆਰਥੀ ਉਸ ਨੂੰ ''ਕੁੜੀਆਂ ਵਰਗਾ'' ਆਖਦੇ। ਬੱਸ! ਬਿੱਲੂ ਮੁਸਕਰਾ ਕੇ ਹੀ ਅੱਗੇ ਤੁਰ ਜਾਂਦਾ। ਸਕੂਲ ਦੀਆਂ ਮੈਡਮਾਂ ਦਾ ਤਾਂ ਉਹ ਖਾਸ ਚਹੇਤਾ ਸੀ, ਕਿਉਂਕਿ ਉਹ ਦੂਜੇ ਗੁੰਡੇ ਵਿਦਿਆਰਥੀਆਂ ਵਾਂਗ ਮੈਡਮਾਂ ਵੱਲ ''ਵੱਢ-ਖਾਣੀ'' ਝਾਕਣੀ ਨਹੀਂ ਝਾਕਦਾ ਸੀ। ਹਮੇਸ਼ਾ ਨੀਵੀਂ ਪਾ ਕੇ ਰੱਖਦਾ ਸੀ। ਪੜ੍ਹਾਉਣ ਦੌਰਾਨ ਮੈਡਮਾਂ ਉਸ ਨੂੰ ਆਖਦੀਆਂ:
-''ਵੇ ਬਿੱਲਿਆ! ਸਾਡੇ ਸੁਆਲਾਂ ਦਾ ਜਵਾਬ ਮੂੰਹ ਉਪਰ ਕਰ ਕੇ ਦਿਆ ਕਰ! ਤੂੰ ਤਾਂ ਕੁੜੀਆਂ ਨਾਲੋਂ ਵੀ ਗਿਆ ਗੁਜ਼ਰਿਆ ਵਿਐਂ? ਵੇ ਤੂੰ ਕਿਤੇ ਸੱਚੀਂ ਕੁੜੀ ਤਾਂ ਨ੍ਹੀ?''
ਕਲਾਸ ਵਿਚ ਹਾਸੜ ਮੱਚ ਜਾਂਦੀ।
ਬਿੱਲੇ ਦਾ ਮੂੰਹ ਲਾਲ-ਝਰੰਗ ਹੋ ਜਾਂਦਾ।
-''ਮੈਡਮ! ਜੇ ਤੁਸੀਂ ਇਜਾਜਤ ਦੇਵੋਂ ਤਾਂ ਮੈਂ ਦੇਖ ਕੇ ਦੱਸ ਸਕਦੈਂ ਕਿ ਇਹ ਮੁੰਡਾ ਐ ਕਿ ਕੁੜੀ!'' ਬਗੀਚਾ ਆਪਣਾ ਬਘਿਆੜ ਵਰਗਾ ਮੂੰਹ ਖੋਲ੍ਹ ਕੇ ਆਖਦਾ ਤਾਂ ਹੋਰ ਹਾਸੜ ਪੈ ਜਾਂਦੀ। ਬਗੀਚਾ ਚਾਰ ਸਾਲਾਂ ਤੋਂ ਦਸਵੀਂ ਵਿਚ ਹੀ ਗੇੜੇ ਖਾਈ ਜਾ ਰਿਹਾ ਸੀ। ਮੂੰਹ 'ਤੇ ਭਰਵੀਂ ਦਾਹੜੀ ਆ ਗਈ ਸੀ।
-''ਵੇ ਤੂੰ ਚੁੱਪ ਕਰਿਆ ਕਰ ਵੇ ਬੋਢਲ ਕੱਟਿਆ! ਦਸਵੀਂ ਪਾਸ ਕਰਕੇ ਸਾਡਾ ਖਹਿੜਾ ਛੱਡ-ਕਿਵੇਂ ਦੱਦ ਲੱਗਿਐ-ਦਾਹੜੀ ਮੂੰਹ 'ਤੇ ਗਿੱਟੇ-ਗਿੱਟੇ ਆ ਗਈ।'' ਹਿੰਦੀ ਵਾਲੀ ਮੈਡਮ ਆਖਦੀ ਤਾਂ ਬਗੀਚਾ ਕਚੂਚ ਜਿਹਾ ਹੋ ਜਾਂਦਾ।
-''ਮੈਡਮ-ਇਹ ਤਾਂ ਦੋ ਜੁਆਕਾਂ ਦਾ ਪਿਉ ਬਣਕੇ ਈ ਦਸਵੀਂ ਕਰੂ! ਮੰਗਣਾ ਤਾਂ ਇਹਦਾ ਹੋ ਈ ਚੁੱਕਿਐ।'' ਨੀਲੂ ਆਖਦਾ ਤਾਂ ਬਗੀਚਾ ਹੋਰ ਕੱਚੇ ਲਹਿ ਜਾਂਦਾ।
-''ਮੈਡਮ! ਆਪਾਂ ਸਾਰੇ ਇਹਦੀ ਜੰਨ ਚੱਲਾਂਗੇ।'' ਪੂਰਨਾ ਖਹਿਰਾ ਆਖਦਾ ਤਾਂ ਹਿੰਦੀ ਵਾਲੀ ਮੈਡਮ ਖਿਝਦੀ।
-''ਵੇ ਮੈਂ ਤਾਂ ਹੋਰ ਹੈਰਾਨ ਐਂ ਬਈ ਇਹਨੂੰ ਬਿੱਜੂ ਨੂੰ ਸਕੀ ਧੀ ਦਾ ਸਾਕ ਕਰ ਕੀਹਨੇ ਦਿੱਤਾ? ਇਹ ਤਾਂ ਦਸਵੀਂ 'ਚ ਈ ਬੁੱਢਾ ਹੁੰਦਾ ਜਾਂਦੈ!''
-''ਮੈਡਮ ਸਾਕ ਇਹਨੂੰ ਨ੍ਹੀ-ਇਹਦੀ ਜਮੀਨ ਨੂੰ ਹੋਇਐ!'' ਨੰਜੂ ਕਾ ਨਿੰਮਾ ਸੱਚਾਈ ਤੋਂ ਪਰਦਾ ਚੁੱਕਦਾ।
-''ਵੇ ਭੱਠ ਪਿਆ ਸੋਨਾ-ਜਿਹੜਾ ਕੰਨਾਂ ਨੂੰ ਖਾਵੇ! ਜਮੀਨ ਐਹੋ ਜਿਹੀ ਕਿਹੜਾ ਚੱਟ ਲੈਣੀਂ ਐਂ? ਘਰਵਾਲਾ ਤਾਂ ਬਿੱਲੇ ਅਰਗਾ ਚਾਹੀਦੈ! ਚਾਹੇ ਘਰੇ ਡੱਕਾ ਨਾ ਹੋਵੇ।'' ਮੈਡਮ ਆਖਦੀ।
-''ਮੈਡਮ ਕਿਤੇ ਤੁਸੀਂ ਤਾਂ ਨ੍ਹੀ ਇਹਦੇ 'ਤੇ ਅੱਖ ਰੱਖੀ ਫਿਰਦੇ? ਹੋਰ ਤਾਂ ਹੋਰ-ਇਹ ਤਾਂ ਥੋਨੂੰ ਰੋਟੀਆਂ ਵੀ ਪਕਾ ਕੇ ਖੁਆਇਆ ਕਰੂ!'' ਬਗੀਚਾ ਹਾਰੀ ਬਾਜ਼ੀ ਜਿੱਤਣ ਲਈ ਆਖਦਾ। ਬਿੱਲਾ ਸ਼ਰਮ ਨਾਲ ਧਰਤੀ ਵਿਚ ਗੱਡਿਆ ਜਾਂਦਾ।
-''ਵੇ ਤੂੰ ਮੈਥੋਂ ਕਿਤੇ ਜੁੱਤੀਆਂ ਨਾ ਖਾਲੀਂ, ਬੋਕਾ! ਤੈਨੂੰ ਤਾਂ ਨਾ ਅਕਲ ਨਾ ਮੌਤ!'' ਮੈਡਮ ਕੁੜ੍ਹ ਕੇ ਆਖਦੀ।
ਬਗੀਚਾ ਬਹੁਤ ਹੀ ਮੂੰਹ-ਫੱਟ ਮੁੰਡਾ ਸੀ। ਅੱਤ ਦਰਜੇ ਦਾ ਅਲੱਥ। ਬੇਸ਼ਰਮ ਅਤੇ ਬੇਲੱਜ!
ਇੱਕ ਦਿਨ ਬਗੀਚੇ ਦਾ ਸਾਈਕਲ ਮਕਾਣ ਜਾਂਦੀਆਂ ਬੁੜ੍ਹੀਆਂ ਵਿਚ ਜਾ ਵੱਜਿਆ।
ਕਾਵਾਂਰੌਲੀ ਮੱਚ ਗਈ।
-''ਵੇ ਪੁੱਤ! ਟੱਲੀ ਤਾਂ ਮਾਰ ਦਿੰਦਾ?'' ਇਕ ਬੁੜ੍ਹੀ ਨੇ ਗ਼ਿਲਾ ਕੀਤਾ।
-''ਟੱਲੀ ਕਿਹੜਾ ਬੇਬੇ ਤੁਸੀਂ ਸੁਣਨੀ ਸੀ? ਤਰ੍ਹਾਂ ਤਰ੍ਹਾਂ ਦੇ ਰਾਗ ਤਾਂ ਤੁਸੀਂ ਅਲਾਪਦੀਆਂ ਜਾਨੀਐਂ!''
-''ਦੇਖ ਕੁੜ੍ਹੇ! ਗੱਲਾਂ ਕਿਮੇਂ ਕਰਦੈ? ਮੂੰਹ 'ਤੇ ਦਾਹੜੀ ਐ!'' ਇਕ ਹੋਰ ਕੌੜ ਮੱਝ ਵਾਂਗ ਪਈ।
-''ਮਾਈ! ਇਹੇ ਦਾਹੜੀ ਐ-ਬਰੇਕ ਨ੍ਹੀ!'' ਤੇ ਬਗੀਚੇ ਨੇ ਸਾਈਕਲ 'ਤੇ ਲੱਤ ਦੇ ਲਈ। ਬੁੜ੍ਹੀਆਂ ਨੇ ਆਪਣੇ ਭਾਂਤ-ਸੁਭਾਂਤੇ ਵੈਣ ਫੇਰ ਸ਼ੁਰੂ ਕਰ ਦਿੱਤੇ।
-''ਦੁੱਖ ਤਾਂ ਸਿਰਫ਼ ਉਹਨਾਂ ਨੂੰ ਈ ਐ-ਜਿਹਨਾਂ ਦਾ ਕੋਈ ਮਰਿਐ-ਬਾਕੀਆਂ ਦਾ ਤਾਂ ਮਾਘੀ ਮੇਲੈ-ਤਾਲ ਦੇਖ ਇੱਕ ਦੂਜੀ ਨਾਲ ਕਿਵੇਂ ਮਿਲਾਉਂਦੀਐਂ!'' ਸਾਈਕਲ 'ਤੇ ਹਵਾ ਹੋਇਆ ਜਾਂਦਾ ਬਗੀਚਾ ''ਬੁੜ-ਬੁੜ'' ਕਰਦਾ ਜਾ ਰਿਹਾ ਸੀ।
ਬਿੱਲੇ ਨੇ ਦਸਵੀਂ ਪਾਸ ਕਰ ਲਈ।
ਉਹ ਮੋਗੇ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਸੀ। ਪਰ ਬਾਪੂ ਬਲਿਹਾਰ ਸਿੰਘ ਨੇ ਲੱਤ ਨਾ ਲਾਈ।
-''ਹੋਰ ਪੜ੍ਹ ਕੇ ਕੀ ਇਹੇ ਐੱਲਸਪੈੱਲਟਰ ਲੱਗਜੂ? ਬਲਦਾਂ ਦੀਆਂ ਪੂਛਾਂ ਈ ਮਰੋੜਨੀਐਂ-ਜਦੋਂ ਮਰਜੀ ਐ ਮਰੋੜ ਲਵੇ!'' ਬਾਪੂ ਵਾਰ-ਵਾਰ ਦੁਰਮਟ ਵਰਗਾ ਪੈਰ ਧਰਤੀ 'ਤੇ ਮਾਰਦਾ ਸੀ।
-''ਪੜ੍ਹ ਲੈਣਦੇ ਜੇ ਪੜ੍ਹਨ ਨੂੰ ਆਖਦੈ ਤਾਂ-ਉਹ ਜਾਣੇਂ! ਓਸ ਗੱਲ ਦੇ ਆਖਣ ਮਾਂਗੂੰ-ਅੱਗੇ ਵੀ ਟੈਮ ਪਾਸ ਕਰਦੇ ਈ ਐਂ-ਜਿੱਥੇ ਕੱਟਿਆਂ ਦੀਆਂ ਉਥੇ ਵੱਛਿਆਂ ਦੀਆਂ-!'' ਬੇਬੇ ਨੇ ਸਹਿਜਮਤੇ ਨਾਲ ਕਿਹਾ।
-''ਫਾਇਦਾ ਕੀ ਹੋਊ? ਕਾਲਜ 'ਚ ਇਹੇ ਘਤਿੱਤਾਂ ਈ ਸਿੱਖੂ? ਕਾਲਜੀਏਟ ਤਾਂ ਅੱਧੇ ਕਮਲੇ ਹੋ ਜਾਂਦੇ ਐ-ਨਾ ਆਪ ਜੋਕਰੇ ਤੇ ਨਾ ਘਰਦਿਆਂ ਜੋਕਰੇ! ਨਿਰੇ ਈ ਮਿੱਟੀ ਦੇ ਮਾਧੋ-ਜਹਾਨ ਦੇ ਟੂਟਲ!''
-''-------।'' ਬੇਬੇ ਨਿੱਰੁਤਰ ਸੀ।
-''ਚਿੱਠੀ ਪੱਤਰ ਜੋਗਾ ਇਹ ਹੋ ਗਿਐ-ਬੱਸ ਬਹੁਤ ਐ-ਆਏ ਸਾਲ ਸੀਰੀ ਨੂੰ ਥੱਬਾ ਰੁਪਈਆਂ ਦਾ ਦਿੰਨੇ ਐਂ-ਮੈਂ ਤਾਂ ਐਤਕੀਂ ਸੀਰੀ ਨੂੰ ਹਟਾ ਕੇ ਇਹਨੂੰ ਪੰਜਾਲੀ ਹੇਠ ਦੇ ਲੈਣੈਂ-ਜੱਟ ਦਾ ਪੁੱਤ ਤਾਂ ਚੰਡਿਆ ਈ ਲੋਟ ਰਹਿੰਦੈ!''
-''ਤੂੰ ਕਿਹੜਾ ਖੇਤਾਂ 'ਚੋਂ ਮਹਿਲ ਪਾ ਲਏ? ਨਾਲੇ ਹੁਣ ਇਹ ਪਾ ਲਊ! ਧੰਦ ਐ ਜਿੰਨਾਂ ਮਰਜੀ ਐ ਪਿੱਟੀ ਜਾਹ-ਵਾਹੀ 'ਚੋਂ ਤਾਂ ਪੁੱਤ ਖਾਣੇ ਦੇ ਪੰਜ ਪਾਂਜੇ ਨ੍ਹੀ ਪੂਰੇ ਹੁੰਦੇ-ਠੂਠੇ ਨਾਲ ਕੁਨਾਲ ਵੱਜਦਾ ਰਿਹੈ ਸਾਰੀ ਉਮਰ-ਗਲੋਂ ਲੀਰਾਂ ਨ੍ਹੀ ਉਤਰੀਆਂ।'' ਬੇਬੇ ਸ਼ਿਕਵਾ ਕਰਕੇ ਅੱਖਾਂ ਭਰ ਆਈ। ਉਹ ਖੇਤ ਰੋਟੀਆਂ ਢੋਂਦੀ ਅਤੇ ਕੱਚੇ ਘਰ ਨੂੰ ਲਿੱਪਦੀ ਬੁੱਢੀ ਹੋ ਗਈ ਸੀ।
-''ਇਹ ਜਿੰਨੇ ਕਾਲਜੀਏਟ ਐ ਨਾ-?'' ਬਾਪੂ ਗੁੱਸੇ ਵਿਚ ਦਧਨ ਹੋਇਆ, ਬੇਬੇ ਦੇ ਨਜ਼ਦੀਕ ਹੋ ਗਿਆ।
-''ਇਹ ਜਿੰਨੇ ਕਾਲਜੀਏਟ ਐ-ਸਾਰੇ ਫਿੱਟਣੀਆਂ ਦੇ ਫੇਟ ਐ-ਨਿੱਤ ਨਵਾਂ ਚੱਕੀਰਾਹਾ ਕੱਢ ਕੇ ਦਿਖਾਉਂਦੇ ਐ-।''
-''ਵੇ ਆਪਣੇ ਆਲਾ ਤਾਂ ਜਮਾ ਈ ਗਊ ਐ! ਮੂੰਹ 'ਚ ਜਬਾਨ ਈ ਨ੍ਹੀ ਬੱਤੀ ਸੁਲੱਖਣੇ ਦੇ।''
-''ਮੱਲ ਕੇ ਮੁੰਡੇ ਬਾਰੇ ਪਤੈ-?''
-''--------।'' ਬੇਬੇ ਚੁੱਪ ਸੀ। ਸੁਣ ਰਹੀ ਸੀ।
-''ਪਤੈ ਤੈਨੂੰ? ਦਸਵੀਂ ਤੱਕ ਵਧੀਆ ਪੜ੍ਹੀ ਗਿਐ-ਗਿੱਬਿਆਂ ਵਿਆਂ ਨੇ ਕਾਲਜ ਲਾਤਾ-ਅਖੇ ਹਮਰਾ ਲੜਕਾ ਬਹੁਤ ਸ਼ਿਆਰ ਐ ਜੀ! ਕਾਲਜ ਜਾ ਕੇ ਸਾਲੇ ਨੂੰ ਪਤਾ ਨ੍ਹੀ ਕੀ ਧਤੂਰਾ ਚੜ੍ਹ ਗਿਆ? ਅੱਤਬਾਦੀਆਂ ਦੇ ਘਨ੍ਹੇੜੀਂ ਜਾ ਚੜ੍ਹਿਆ-ਤੇਰੇ ਸਾਹਮਣੇ ਈ ਐ-ਸਾਰੀ ਜਮੀਨ ਜੈਦਾਤ ਫੂਕਤੀ ਉਹਦੇ ਮਗਰ-ਪਰ ਪੁਲਸ ਨੇ ਉਹਨੂੰ ਫੇਰ ਵੀ ਨਾ ਬਗਸ਼ਿਆ-ਪੈਸੇ ਖਾ ਕੇ ਵੀ ਮੁਕਾਬਲਾ ਬਣਾ ਧਰਿਆ-ਵਿਚਾਰੇ ਦਰਵੇਸ਼ ਮੱਲ ਦੀ ਦਾਹੜੀ ਪੁਲਸ ਨੇ ਬਾਧੂ ਦੀ ਪੱਟੀ-ਸਾਰੀ ਉਮਰ ਵਿਚਾਰੇ ਨੇ ਕਿਤੋਂ ਉਲਾਂਭਾ ਨ੍ਹੀ ਖੱਟਿਆ ਸੀ-ਕਾਲਜੀਏਟ ਮੁੰਡੇ ਨੇ ਕਿਤੋਂ ਜੋਗਾ ਨ੍ਹੀ ਛੱਡਿਆ-ਮੈਂ ਤਾਂ ਪਿੱਟਦੈਂ!'' ਬਾਪੂ ਨੇ ਪੈਰਾਂ ਹੇਠੋਂ ਮਿੱਟੀ ਕੱਢੀ।
ਬੇਬੇ ਚੁੱਪ ਹੋ ਗਈ।
-''ਜੀਤ ਕੁਰੇ! ਮੈਂ ਇਹਦਾ ਕੋਈ ਦੋਖੀ ਨ੍ਹੀ-ਮੈਂ ਇਹਦਾ ਪਿਉ ਐਂ! ਮੈਂ ਕਾਲਜ ਤੋਂ ਨ੍ਹੀ-ਹਾਲਾਤਾਂ ਤੋਂ ਡਰਦੈਂ-ਸਿੱਖਾਂ ਦੇ ਮੁੰਡੇ ਤਾਂ ਬਾਰ ਦੇ ਦੀਵੇ ਐ-ਅੰਦਰ ਚੂਹੇ ਤੇ ਬਾਹਰ ਕਾਂ ਨ੍ਹੀ ਛੱਡਦੇ!''
-''--------।'' ਬੇਬੇ ਦਾ ਗੁੱਸਾ ਠਰ ਗਿਆ।
-''ਕਿੰਦਰ ਤੇ ਮਿੰਦਰ ਵਿਆਹੁਣ ਆਲੀਆਂ ਹੋਈਆਂ ਪਈਐਂ-ਇਹ ਤਾਂ ਦੋਨਾਂ ਤੋਂ ਛੋਟੈ-ਚਾਰ ਸਾਲ ਹੋਰ ਅੜਕ ਜਾਵਾਂਗੇ-ਪਰ ਕੁੜੀਆਂ ਤਾਂ ਮੇਰੇ ਦਿਲ 'ਤੇ ਤਾਪ ਮਾਂਗੂੰ ਚੜ੍ਹੀਆਂ ਪਈਐਂ-ਚਾਹੇ ਅੱਜ ਵਿਆਹ ਲੈ-ਪੈਲੀ ਤਾਂ ਲੱਗੇ ਪੂਰੇ ਨ੍ਹੀ ਕਰਦੀ-ਦੂਜੀ ਗੌਰਮਿਲਟ ਦੁਸ਼ਮਣ ਬਣਗੀ-ਪਾਣੀ ਪੰਜਾਬ ਦਾ ਤੇ ਦੇਤਾ ਹਰਿਆਣੇ ਨੂੰ-ਜਿਹੜੀਆਂ ਲਹੂ ਨਾਲ ਸਿੰਜ ਕੇ ਮੰਡੀ ਲਿਜਾਨੇ ਐਂ-ਉਹ ਆੜ੍ਹਤੀਆਂ ਕੋਲੇ ਮੰਡੀ 'ਚ ਰੁਲੀ ਜਾਂਦੀਐਂ-ਦੱਸ ਕਿਸਾਨ ਮਰੂ ਨਾ ਤਾਂ ਹੋਰ ਕੀ ਕਰੂ?''
-''------।''
-''ਨਿੱਤ ਨਵਾਂ ਸੱਪ ਕੱਢ ਦਿਖਾਉਂਦੇ ਐ-ਐਤਕੀਂ ਆਹ ਬੀਜੋ ਜੀ-ਐਤਕੀਂ ਗੰਨਾਂ ਬੀਜੋ ਜੀ-ਐਤਕੀਂ ਆਲੂ ਬੀਜੋ ਜੀ-ਪਰ ਧਗੜਿਆਂ ਪਿੱਟਿਆਂ ਨੂੰ ਕੋਈ ਪੁੱਛੇ-ਬਈ ਬੀਜ ਤਾਂ ਲਵਾਂਗੇ-ਪਰ ਵੇਚਾਂਗੇ ਕਿਹੜੀ ਮਾਂ ਆਲੀ ਮੰਡੀ 'ਚ?''
-''---------।''
-''ਆਲੂਆਂ ਦੀ ਕੀ ਦੁਰਦਸ਼ਾ ਹੋਈ? ਗੰਨੇ ਨੂੰ ਕਿਸੇ ਨੇ ਨਹੀਂ ਸਿਆਣਿਆਂ-ਜੱਟ ਵਿਚਾਰੇ ਜੂਸ ਕੱਢਣ ਆਲਿਆਂ ਨੂੰ ਕੌਡੀਆਂ ਵੱਟੇ ਵੇਚਦੇ ਦੇਖੇ ਐ।''
-''ਕੀ ਕਰੇ ਬੰਦਾ? ਇਹਨਾਂ ਨਿੱਜ ਨੂੰ ਜਾਣਿਆਂ ਨੂੰ ਗੋਲੀ ਤਾਂ ਮਾਰਨੋਂ ਰਿਹਾ?'' ਬੇਬੇ ਕਾਫ਼ੀ ਦੇਰ ਬਾਅਦ ਬੋਲੀ ਸੀ।
-''ਕਰਨਾ ਕੀ ਐ? ਰੋਂਦਾ ਐ ਜੱਟ ਜਣਦਿਆਂ ਨੂੰ-ਕੁੜ੍ਹੇ ਕਿੰਦਰ--!''
-''ਹਾਂ ਬਾਪੂ ਜੀ!'' ਕੁੜੀ ਰਸੋਈ 'ਚੋਂ ਬੋਲੀ।
-''ਚਾਹ ਬਣਾ ਪੁੱਤ ਉਏ! ਮੇਰਾ ਤਾਂ ਸਰੀਰ ਜਿਆ ਟੁੱਟੀ ਜਾਂਦੈ।''
-''ਬਣਾਉਨੀ ਐਂ ਬਾਪੂ ਜੀ।''
-''ਬਿੱਲਾ ਕਿੱਥੇ ਐ?''
-''ਗੁਰਮੀਤੇ ਕੋਲੇ ਬੈਠਾ ਹੋਣੈਂ-'ਵਾਜ ਮਾਰਾਂ?''
-''ਮਾਰ 'ਵਾਜ ਉਹਨੂੰ! ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈ ਆਊ-ਮੇਰੀਆਂ ਤਾਂ ਅੱਖਾਂ ਜੀਆਂ ਮੱਚੀ ਜਾਂਦੀਐਂ-ਜਾਣੀਦੀ ਅੱਗ ਨਿਕਲਦੀ ਐ।''
-''ਤਾਪ ਤਾਂ ਨ੍ਹੀ ਹੋ ਗਿਆ ਤੈਨੂੰ?'' ਬੇਬੇ ਨੇ ਫਿਕਰ ਕੀਤਾ।
-''ਤਾਪ ਤਾਂ ਕੀ ਹੋਣਾ ਸੀ-ਊਂ ਈ ਹੱਡ ਪੈਰ ਜਿਹੇ ਟੁੱਟਦੇ ਐ।''
ਬੇਬੇ ਨੇ ਬਾਪੂ ਦੇ ਮੱਥੇ 'ਤੇ ਹੱਥ ਧਰ ਕੇ ਦੇਖਿਆ।
ਮੱਥਾ ਤੰਦੂਰ ਵਾਂਗ ਤਪ ਰਿਹਾ ਸੀ।
-''ਤੈਨੂੰ ਤਾਂ ਬਲਾਈ ਤਾਪ ਐ! ਬੂਹ ਮੈਂ ਮਰਗੀ-ਤੂੰ ਪਹਿਲਾਂ ਕਿਉਂ ਨਾ ਦੱਸਿਆ?''
-''ਕੀ ਦੱਸਦਾ? ਮੈਂ ਤਾਂ ਕਿਹਾ ਸਿਰ ਊਂਈਂ ਘਾਊਂ ਮਾਊਂ ਜਿਆ ਹੁੰਦੈ-ਆਪੇ ਹੱਟਜੂਗਾ-ਤੂੰ ਬਿੱਲੇ ਨੂੰ ਹਾਕ ਮਾਰ!''
-''ਮਾਰਦੀ ਐਂ।''
ਬੇਬੇ ਤੁਰ ਗਈ।
ਬਿੱਲਾ ਬੇਬੇ ਦੇ ਨਾਲ ਹੀ ਆ ਗਿਆ।
-''ਜਾਹ ਪੁੱਤ ਮੇਰਿਆ-ਡਾਕਦਾਰ ਨੂੰ ਬੁਲਾ ਕੇ ਲਿਆ ਸ਼ੇਰ ਬੱਗਿਆ! ਮੈਥੋਂ ਤਾਂ ਤੁਰਿਆ ਨਹੀਂ ਜਾਣਾ-ਚੱਕਰ ਜਿਹੇ ਆਈ ਜਾਂਦੇ ਐ।''
-''ਲਿਆਉਨੈਂ ਬਾਪੂ ਜੀ।''
ਕਿੰਦਰ ਨੇ ਚਾਹ ਲਿਆ ਰੱਖੀ।
ਬਾਪੂ ਨੇ ਅੱਧਾ ਕੁ ਗਿਲਾਸ ਪੀ ਤਾਂ ਲਈ, ਪਰ ਚਾਹ ਪੇਟ ਨੇ ਨਾ ਝੱਲੀ। ਉਲਟੀ ਰਾਹੀਂ ਤੁਰੰਤ ਹੀ ਬਾਹਰ ਆ ਗਈ। ਬੇਬੇ ਨੇ ਬਾਪੂ ਦੀਆਂ ਪੁੜਪੁੜੀਆਂ ਘੁੱਟ ਲਈਆਂ। ਕਿੰਦਰ ਨੇ ਉਲਟੀ 'ਤੇ ਸੁਆਹ ਧੂੜ ਦਿੱਤੀ। ਬਾਪੂ ਅਜੇ ਵੀ ਅਵੱਤ ਜਿਹੇ ਲਈ ਜਾ ਰਿਹਾ ਸੀ। ਉਸ ਦੀਆਂ ਪੱਸਲੀਆਂ ਖਿੱਚੀਆਂ ਗਈਆਂ ਸਨ।
ਡਾਕਟਰ ਪੁੱਜ ਗਿਆ।
ਉਸ ਨੇ ਥਰਮਾਮੀਟਰ ਲਾ ਕੇ ਦੇਖਿਆ ਤਾਂ ਬਾਪੂ ਨੂੰ ਇਕ ਸੌ ਤਿੰਨ ਬੁਖ਼ਾਰ ਸੀ।
-''ਤੈਨੂੰ ਤਾਂ ਤਾਇਆ ਬੁਖਾਰ ਈ ਬਹੁਤ ਐ!'' ਪਿੰਡ ਦੇ ਡਾਕਟਰ ਨੇ ਥਰਮਾਮੀਟਰ, ਕੇਸ ਵਿਚ ਪਾਉਂਦਿਆਂ ਕਿਹਾ।
-''ਕਿੰਨੈਂ ਸ਼ੇਰਾ?''
-''ਇਕ ਸੌ ਤਿੰਨ ਐਂ ਤਾਈ!''
-''ਮੈਂ ਵੀ ਆਖਾਂ-ਬਈ ਅੱਜ ਐਨੀ ਜਾਨ ਤੋੜ-ਤੋੜ ਕਿਉਂ ਬੋਲਦੈ? ਇਹ ਤਾਂ ਐਨਾਂ ਅੱਤੜ ਕਦੇ ਬੋਲਿਆ ਈ ਨ੍ਹੀ ਸੀ।''
-''ਅੱਜ ਈ ਹੋਇਐ ਤਾਇਆ?''
-''ਆਹ ਹੁਣੇਂ ਜੇ ਈ ਚੜ੍ਹਿਐ ਪੁੱਤ-ਤੜਕਿਓਂ ਤਾਂ ਚੰਗਾ ਭਲਾ ਸੀ।''
-''ਸਿਰ ਸੁਰ ਵੀ ਦੁਖਦੈ?''
-''ਸਾਰਾ ਸਰੀਰ ਈ ਦੁਖਦੈ ਸ਼ੇਰਾ।''
-''ਉਲਟੀ ਵੀ ਆਈ ਐ ਪੁੱਤ-ਚਾਹ ਪੀਤੀ ਸੀ ਦੋ ਕੁ ਘੁੱਟਾਂ-ਅੰਦਰ ਖੜ੍ਹੀ ਈ ਨਹੀਂ।''
-''ਲੈ ਤਾਇਆ-ਮਾਰ ਫੇਰ ਪਾਸਾ-ਟੀਕਾ ਲਾਈਏ।''
ਬਾਪੂ ਨੇ ਟੀਕਾ ਲਗਵਾ ਲਿਆ।
-''ਆਹ ਤਾਈ ਇਕ ਕੈਪਸੂਲ ਤੇ ਆਹ ਦੋ ਗੋਲੀਆਂ ਹੁਣ-ਫਿਰ ਇਉਂ ਈ ਅੱਧੀ ਰਾਤ ਨੂੰ ਤੇ ਫਿਰ ਸਵੇਰੇ ਦੁੱਧ ਨਾਲ ਦੇਣੀਐਂ-ਕੱਲ੍ਹ ਨੂੰ ਇਕ ਟੀਕਾ ਫੇਰ ਲਾਵਾਂਗੇ-ਤੁਰ ਕੇ ਈ ਆ ਜਾਈਂ ਤਾਇਆ-ਕੱਲ੍ਹ ਨੂੰ ਰੋਟੀ ਵੇਲੇ ਤੱਕ ਤੁਰਨ ਫਿਰਨ ਜੋਗਾ ਹੋਜੇਂਗਾ।''
-''ਚੰਗਾ ਸ਼ੇਰਾ।''
-''ਖਾਣ ਪੀਣ ਨੂੰ ਕੀ ਦੇਈਏ ਪੁੱਤ?''
-''ਅਜੇ ਕੁਛ ਨਹੀਂ-ਸ਼ਾਮ ਨੂੰ ਖਿਚੜੀ ਦੇ ਦਿਓ।''
-''ਪੈਸੇ ਸ਼ੇਰਾ?''
-''ਕੱਲ੍ਹ ਨੂੰ ਈ ਲੈ ਲਵਾਂਗੇ ਤਾਇਆ-ਪੈਸੇ ਕਿਤੇ ਭੱਜੇ ਨਹੀਂ ਜਾਂਦੇ-ਤੂੰ ਕੈਮ ਹੋ ਕੇਰਾਂ!''
ਡਾਕਟਰ ਤੁਰ ਗਿਆ।