ਸੰਗੀਤ ਦੀ ਦੁਨੀਆਂ ਵਿੱਚ ਸੁਰਾ ਦਾ ਬਾਦਸ਼ਾਹ
ਕਹਾਉਣ ਵਾਲਾ ਸੰਗੀਤਕਾਰ: ਤੇਜਵੰਤ ਕਿੱਟੂ ਵਿਸ਼ੇਸ਼ ਮੁਲਾਕਾਤ:
ਮਨਪ੍ਰੀਤ ਸਿੰਘ ਬੱਧਨੀ ਕਲਾਂ
.jpg)
ਤੇਜਵੰਤ ਕਿੱਟੂ ਮਨਪ੍ਰੀਤ ਸਿੰਘ ਬੱਧਨੀ ਕਲਾਂ
ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਭਾਵੇਂ ਅੱਜਕੱਲ ਸੰਗੀਤਕਾਰਾਂ, ਗਾਇਕਾਂ ਅਤੇ
ਗੀਤਕਾਰਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਖੇਤਰ ਵਿੱਚ ਕਿਸਮਤ ਅਜਮਾਉਣ ਲਈ ਨਿੱਤ ਨਵੇਂ
ਚੇਹਰੇ ਆਉਂਦੇ ਹਨ ਹਨ ਕੁਝ ਤਾਂ ਲੰਬੇ ਸਮੇਂ ਲਈ ਇਸ ਪਿੜ ਵਿੱਚ ਬੁੱਕਦੇ ਹਨ ਲੇਕਨ ਕੁਝ ਸ਼ੰਘਰਸ਼ ਕਰਦੇ
ਹੀ ਹਾਰ ਟੁਟ ਕੇ ਬੈਠ ਜਾਂਦੇ ਹਨ ਕਈਆਂ ਨੇ ਘਰ ਫੁਕ ਕੇ ਤਮਾਸ਼ਾ ਵੇਖਣ ਤੋਂ ਬਾਅਦ ਠੰਡਾ ਹਾਉਂਕਾ ਭਰ
ਕੇ ਸਬਰ ਕਰ ਲਿਆ ਲੇਕਨ ਕਈਆਂ ਦੀ ਕਿਸਮਤ ਨੇ ਅਜੇਹਾ ਸਾਥ ਦਿੱਤਾ ਕਿ ਉਹ ਪੰਜਾਬੀ ਸੰਗੀਤ ਦੇ ਖੇਤਰ
ਵਿੱਚ ਵੱਡੀਆ ਵੱਡੀਆਂ ਮੱਲ੍ਹਾ ਮਾਰ ਗਏ। ਅਜੇਹੇ ਹੀ ਸੰਗੀਤਕਾਰ ਹਨ ਤੇਜਵੰਤ ਕਿੱਟੂ ਜਿਸ ਨੇ ਪੰਜਾਬ
ਦੇ ਹਰ ਛੋਟੇ ਵੱਡੇ ਕਲਾਕਾਰ ਤੋਂ ਆਪਣੀਆਂ ਉੰਗਲਾਂ ਦੇ ਜਾਦੂ ਨਾਲ ਗਵਾਇਆ ਅਤੇ ਕਈ ਚੰਗਾ ਨਮਾਣਾ
ਖੱਟਿਆ ਬੀਤੇ ਦਿਨੀ ਉਹਨਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਸਾਊਥਾਲ ਵਿਖੇ ਹੋਈ ਪੇਸ਼ ਹਨ ਉਹਨਾਂ ਨਾਲ ਕੀਤੀ
ਮੁਲਾਕਾਤ ਦੇ ਕੁਝ ਅੰਸ਼।
ਸਵਾਲ: ਸਭ ਤੋਂ ਪਹਿਲਾਂ ਕਿੱਟੂ ਸਾਹਬ ਆਪਣੇ ਪਿਛੋਕੜ ਬਾਰੇ ਦੱਸੋ?
ਜਵਾਬ: ਜਿਲ੍ਹਾ ਸੰਗਰੂਰ ਦੇ ਇੱਕ ਛੋਟੇ ਜਿਹੇ ਕਸਬੇ ਮੰਡੀ ਅਹਿਮਦਗੜ੍ਹ ਵਿੱਚ ਮੇਰਾ ਜਨਮ
ਹੋਇਆ, ਇਥੇ ਹੀ ਮੇਰਾ ਬਚਪਨ ਬੀਤਿਆ ਅਤੇ ਹਾਇਰ ਸਕੈਂਡਰੀ ਤੱਕ ਦੀ ਪੜ੍ਹਾਈ ਸਥਾਨਿਕ ਸਕੂਲ ਤੋਂ ਹੀ
ਕੀਤੀ। ਗਰੈਜੂਏਸ਼ਨ ਮੈਂ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਕਰਨ ਉਪਰੰਤ ਪੋਸਟ ਗ੍ਰੈਜੂਏਸ਼ਨ ਮੈਂ ਜਲੰਧਰ
ਚਲਾ ਗਿਆ।
ਸਵਾਲ: ਸੰਗੀਤ ਦੇ ਖੇਤਰ ਵੱਲ ਕਿਸ ਤਰ੍ਹਾਂ ਆਏ?
ਜਵਾਬ: ਸੰਗੀਤ ਲਈ ਤਾਂ ਮੈਂ ਇਹ ਹੀ ਕਹਾਂਗਾ ਕੇ ਮੈਨੂੰ ਰੱਬ ਵੱਲੋਂ ਹੀ ਦਾਤ ਮਿਲੀ ਹੈ।
ਮੇਰੇ ਖਾਨਦਾਨ ਵਿੱਚ ਕੋਈ ਵੀ ਇਸ ਖੇਤਰ ਵਿੱਚ ਨਹੀਂ ਹੈ ਨਾ ਕਿਸੇ ਨੂੰਂ ਕੋਈ ਦਿਲਚਸਪੀ ਹੀ ਸੀ, ਮੇਰਾ
ਪ੍ਰੀਵਾਰ ਰਾਮਗੜੀਆ ਬਰਾਦਰੀ ਨਾਲ ਸਬੰਧਤ ਹੋਣ ਕਰਕੇ ਅਸੀਂ ਕਾਰਖਾਨੇਦਾਰ ਹਾਂ ਸੋ ਮੇਰੇ ਪ੍ਰੀਵਾਰ ਦਾ
ਧਿਆਨ ਤਾਂ ਬਿਜਨਿਸ ਵੱਲ ਹੀ ਸੀ। ਬਚਪਨ ਤੋਂ ਹੀ ਮੇਰੇ ਅੰਦਰ ਸੰਗੀਤ ਦੀ ਕੋਈ ਚਿਨਗ ਸੀ ਜਿਸ ਨੂੰ
ਭਾਂਬੜ ਬਣਾਉਣ ਲਈ ਸਾਡੇ ਮੁਹੱਲੇ ਆਉਣ ਵਾਲੇ ਵਾਜੇ ਵਾਲੇ ਸੰਤ ਨੇ ਅਹਿਮ ਭੁਮਿਕਾ ਨਿਭਾਈ। ਗੱਲ ਇਸ
ਤਰ੍ਹਾਂ ਹੈ ਂਕਿ ਸਾਡੇ ਮੁਹੱਲੇ ਵਿੱਚ ਬੱਚਿਆਂ ਨੂੰ ਹਰਮੋਨੀਅਮ ਸਿਖਾਉਣ ਲਈ ਇੱਕ ਸੰਤ ਜੀ ਆਇਆ ਕਰਦੇ
ਸਨ ਜਿਹਨਾਂ ਨੂੰ ਅਸੀਂ ਵਾਜੇ ਵਾਲੇ ਸੰਤ ਜੀ ਕਹਿੰਦੇ ਸਾਂ, ਮੇਰੇ ਵੱਡੇ ਭੇਣ ਜੀ ਉਹਨਾਂ ਤੋਂ
ਹਰਮੋਨੀਅਮ ਸਿੱਖਿਆ ਕਰਦੇ ਸਨ, ਮੈਂ ਉਹਨਾਂ ਨੂੰ ਚੋਰੀ ਚੋਰੀ ਵੇਖਿਆ ਕਰਦਾ ਸਾਂ, ਉਹਨਾਂ ਦਾ ਸੁਭਾਅ
ਬਹੁਤ ਗਰਮ ਸੀ ਜਿਸ ਕਰਕੇ ਕੋਈ ਵੀ ਉਹਨਾਂ ਦੇ ਸਾਹਮਣੇ ਛੇਤੀ ਨਹੀਂ ਸੀ ਆਉਂਦਾ। ਲ਼ੇਕਨ ਉਹਨਾਂ ਨੇ ਜੋ
ਭੇਣ ਜੀ ਨੂੰ ਸਿਖਾਉਣਾ ਮੈਂ ਚੋਰੀ ਚੋਰੀ ਵੇਖਣਾ ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਖੁਦ
ਹਰਮੋਨੀਅਮ ਵਜਾਉਣਾ, ਇੱਕ ਦਿਨ ਮੈਂ ਹਰਮੋਨੀਅਮ ਵਜਾ ਰਿਹਾ ਸੀ ਅਚਾਨਕ ਸੰਤ ਜੀ ਆ ਗਏ ਉਹਨਾਂ ਨੇ ਮੈਨੂੰ
ਵੇਖ ਲਿਆ ਅਤੇ ਬਾਹਰ ਹੀ ਲੁਕ ਕੇ ਮੈਨੂੰ ਹਰਮੋਨੀਅਮ ਵਜਾਉਂਦੇ ਵੇਖਿਆ ਸੁਣਿਆ। ਉਹਨਾਂ ਨੇ ਮੇਰੇ ਦਾਦੀ
ਜੀ ਨੂੰ ਕਿਹਾ ਕਿ ਮੈਂ ਇਸ ਬੱਚੇ ਨੂੰ ਸੰਗੀਤ ਸਿਖਾਉਣਾ ਚਾਹੁੰਦਾ ਹਾਂ ਕਿਉਂਕਿ ਇਸ ਦੀਆਂ ਉਂਗਲਾਂ
ਵਿੱਚ ਸੰਗੀਤ ਦੀ ਝਲਕ ਵੇਖ ਰਿਹਾ ਹਾਂ। ਸੋ ਮੇਰੇ ਦਾਦੀ ਜੀ ਨੇ ਕਿਹਾ ਜੇ ਅਜੇਹਾ ਹੈ ਤਾਂ ਸਾਨੂੰ ਕੀ
ਹਰਜ਼ ਹੋ ਸਕਦਾ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ, ਮੈਂ ਉਹਨਾਂ ਤੋਂ ਭਜਨ ਸਿੱਖਿਆ, ਇਸੇ ਤਰ੍ਹਾਂ
ਸਕੂਲ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਫਸਟ ਆਉਣਾ ਅਤੇ ਇਹ ਸਿਲਸਲਾ ਲਗਾਤਾਰ
ਚੱਲਦਾ ਰਿਹਾ ਅਤੇ ਸੰਗੀਤ ਮੇਰੀ ਰਗ ਰਗ ਵਿੱਚ ਸਮਾਉਂਦਾ ਗਿਆ।
ਸਵਾਲ: ਸੰਗੀਤ ਦੀ ਦੁਨੀਆਂ ਵਿੱਚ ਅੱਜਕੱਲ ਕਾਫੀ ਬਦਲਾ ਆਉਂਦੇ ਵੇਖੀਦੇ
ਹਨ ਬਹੁਤ ਸਾਰੇ ਲੇਖਕਾਂ ਨੇ ਖੁਦ ਗਾਉਣ ਵੱਲ ਰੁਝਾਨ ਕਰ ਲਿਆ, ਕਈ ਮਿਊਜ਼ਿਕ ਡਾਇਰੈਕਟਰ ਖੁਦ ਵੀ ਗਾ
ਰਹੇ ਹਨ ਕੀ ਤੁਸੀਂ ਵੀ ਕਦੇ ਅਜੇਹਾ ਕਰਨ ਲਈ ਸੋਚਿਆ?
ਜਵਾਬ: ਮੈਂ ਕਦੇ ਅਜੇਹਾ ਸੋਚਿਆ ਨਹੀਂ ਸੀ ਕਿ ਮੈਂ ਇਸ ਨੂੰ ਕਿੱਤੇ ਵਜੋ ਅਪਨਾਵਾਂਗਾ। ਲ਼ੇਕਨ
ਮੈਂ ਇਸ ਨੂੰ ਸਿਰਫ ਸ਼ੌਂਕ ਵਜੋ ਹੀ ਲੈ ਰਿਹਾ ਸੀ। ਮੇਰੇ ਪ੍ਰੀਵਾਰ ਵਾਲੇ ਮੇਰੇ ਇਸ ਕੰਮ ਤੋਂ ਸ਼ੁਰੂ
ਵਿੱਚ ਕਾਫੀ ਨਰਾਜ਼ ਰਹੇ। ਮੈਂ ਜਦ ਜਲੰਧਰ ਪੜ੍ਹਨ ਲੱਗਿਆ ਤਾਂ ਮੇਰੀ ਪ੍ਰੋਫੈਸਰ ਬਲਦੇਵ ਨਾਰੰਗ ਜੀ
ਨਾਲ ਮੁਲਾਕਾਤ ਹੋਈ, ਤਾਂ ਉਹਨਾਂ ਨੇ ਮੈਨੂੰ ਮਿਊਜ਼ਿਕ ਡਾਇਰੈਕਸ਼ਨ ਵੱਲ ਪ੍ਰੇਰਿਆ ਅਤੇ ਲੇਕਨ ਮੈਂ ਇੱਕ
ਵਾਰ ਇੱਕ ਕੈਸਿਟ ਜਰੂਰ ਕੀਤੀ ਸੀ ਜੋ ਇੱਕ ਮਜ਼ਬੂਰੀ ਵੱਸ ਕਰਨੀ ਪਈ ਸੀ ਕਿਉਂਕਿ ਮੇਰੇ ਦੋਸਤ ਨੇ ਇੱਕ
ਮਿਊਜ਼ਿਕ ਕੰਪਨੀ ਨਾਲ ਕੰਟਰੈਕਟ ਕੀਤਾ ਸੀ ਅਤੇ ਗਾਇਕ ਨਾਲ ਅਣਬਣ ਹੋਣ ਤੇ ਉਸ ਦਾ ਪ੍ਰੋਜੈਕਟ ਵਿਚਾਲੇ
ਰਹਿ ਗਿਆ ਫਿਰ ਉਸ ਦੇ ਪੈਸੇ ਮਰ ਰਹੇ ਹੋਣ ਕਰਕੇ ਮੈਂ ਉਸ ਕੈਸਿਟ ਨੂੰ ਬਤੌਰ ਗਾਇਕ ਤਿਆਰ ਕੀਤਾ।
ਲੇਕਨ ਜਦ ਕੈਸਿਟ ਮਾਰਕੀਟ ਵਿੱਚ ਆਈ ਤਾਂ ਕਾਰਗਿਲ ਦੀ ਲੜਾਈ ਛਿੜ ਗਈ ਸੋ ਮੈਂ ਵੀ ਬਹੁਤਾ ਧਿਆਨ ਨਾ
ਦਿੱਤਾ ਅਤੇ ਗਾਇਕੀ ਵੱਲ ਜਾਣ ਦਾ ਮੌਕਾ ਮਿਲਿਆ ਹੀ ਨਹੀਂ। ਬਾਕੀ ਮੈਂ ਸਟੂਡੀਓ ਵਿੱਚ ਬੈਠ ਕੇ ਕੰਮ
ਕਰਨਾ ਜਿਆਦਾ ਪਸੰਦ ਕਰਦਾ ਹਾਂ।
ਸਵਾਲ: ਤੁਸੀਂ ਅੱਜ ਤੱਕ ਕਿੰਨੇ ਗਾਇਕਾਂ ਤੋਂ ਗਵਾ ਚੁੱਕੇ ਹੋ? ਕਿੰਨੀਆਂ
ਕੁ ਕੈਸਿਟਾਂ ਮਾਰਕੀਟ ਵਿੱਚ ਆ ਚੁਕੀਆਂ ਹਨ?
ਜਵਾਬ: ਬਾਈ ਜੀ ਤੁਸੀਂ ਕਹਿ ਸਕਦੇ ਹੋ ਮੇਰੀ ਇਹ ਕਮਜ਼ੋਰੀ ਹੈ ਕਿ ਮੈਂ ਗਿਣਤੀ ਨਹੀਂ ਰੱਖੀ
ਕਿ ਕਿੰਨੀਆਂ ਕੈਸਿਟਾਂ ਨੁੰ ਮੈਂ ਮਿਉਜ਼ਿਕ ਦਿੱਤਾ ਹੈ। ਲੇਕਨ ਮੈਂ ਇਹ ਕਹਿ ਸਕਦਾ ਹਾਂ ਕਿ ਗੁਰਦਾਸ
ਮਾਨ ਜੀ ਨੂੰ ਛੱਡ ਕੇ ਤਕਰੀਬਨ ਪੰਜਾਬ ਦੇ ਸਾਰੇ ਗਾਇਕ ਹੀ ਰਿਕਾਰਡ ਕੀਤੇ ਹਨ ਜਿਵੇਂ ਹੰਸਰਾਜ ਹੰਸ,
ਸਰਦੂਲ ਸਕੰਦਰ, ਰਵਿੰਦਰ ਗਰੇਵਾਲ, ਬਲਕਾਰ ਸਿੱਧੂ, ਸਾਬਰ ਕੋਟੀ, ਰਾਜ ਬਰਾੜ, ਅਸ਼ੋਕ ਮਸਤੀ, ਸ਼ਰੀਆ
ਗੁਸਾਲ, ਬੱਬੂ ਮਾਨ, ਹਰਭਜਨ ਮਾਨ, ਗੁਰਸੇਵਕ ਮਾਨ, ਰਿਚਾ ਸ਼ਰਮਾ, ਕਵਿਤਾ ਕ੍ਰਿਸ਼ਨਾ ਮੂਰਤੀ, ਮਲਕੀਤ
ਸਿੰਘ, ਮੋਨਾ ਸਿੰਘ ਆਦਿ ਨਾਲ ਮੈਂ ਕੰਮ ਕਰ ਚੁੱਕਾ ਹਾਂ।
ਸਵਾਲ: ਕੀ ਤੁਸੀਂ ਕਿਸੇ ਫਿਲਮ ਲਈ ਵੀ ਸੰਗੀਤ ਦਿੱਤਾ ਹੈ?
ਜਵਾਬ: ਮੈਂ ਫਿਲਮ ''ਬਾਘਾ'', ਟੈਲੀ ਫਿਲਮ ''ਫਾਸੀ'' ਦਾ ਸੰਗੀਤ ਮੈਂ ਦਿੱਤਾ ਸੀ। ਇਸ ਟੈਲੀ ਾਿਂਫਲਮ
ਰਾਹੀਂ ਅਸੀਂ ਉਹਨਾਂ ਸ਼ਹੀਦਾ ਨੂੰ ਦਿਰਸਾਇਆ ਜਿਸ ਨੂੰ ਆਮ ਤੌਰ ਤੇ ਜਿਆਦਾ ਨਹੀਂ ਵਿਖਾਇਆ ਜਾਂਦਾ ਜਿਵੇਂ
ਕਰਤਾਰ ਸਿੰਘ ਸਰਾਭਾ।
ਸਵਾਲ: ਹੁਣ ਤੁਸੀਂ ਇੰਗਲੈਂਡ ਵਿੱਚ ਆਏ ਹੋ ਤੁਹਾਨੂੰ ਇੰਗਲੈਂਡ ਅਤੇ
ਪੰਜਾਬ ਦੇ ਮਿਊਜ਼ਿਕ ਵਿੱਚ ਕੀ ਫਰਕ ਮਹਿਸੂਸ ਹੁੰਦਾ ਹੈ? ਖਾਸ ਤੌਰ ਤੇ ਪੱਛਮੀ ਪ੍ਰਭਾਵ ਦਾ ਸਾਡੇ
ਸੰਗੀਤ ਤੇ ਹੋਣ ਵਾਲਾ ਅਸਰ ਭਵਿੱਖ ਲਈ ਮਾੜਾ ਹੈ ਜਾਂ ਚੰਗਾ?
ਜਵਾਬ: ਇੱਕ ਤੇ ਇੱਕ ਗਿਆਰਾਂ ਹੁੰਦੇ ਹਨ ਇੱਕਲਾ ਤਾਂ ਇਕੱਲਾ ਹੀ ਹੁੰਦਾ ਹੈ। ਮੈਂ ਇਹ
ਚਾਹੁੰਦਾ ਹਾਂ ਕਿ ਮਿਲ ਕੇ ਹੋਣਾ ਚਾਹੀਦਾ ਹੈ ਬਾਕੀ ਅਸਲ ਨੂੰ ਭੁੱਲਣਾ ਮਾੜੀ ਗੱਲ ਹੈ ਜੋ ਸਵਾਦ ਅਸਲ
ਵਿੱਚ ਹੈ ਪੁਰਾਣੇ ਰਵਾਇਤੀ ਸੰਗੀਤ ਵਿੱਚ ਹੈ ਉਸ ਦਾ ਸਰੂਰ ਵੱਖਰਾ ਹੀ ਹੁੰਦਾ ਹੈ। ਬਾਕੀ ਇਹ ਜਰੂਰ
ਕਹਾਂਗਾ ਕਿ ਕੰਮਪਿਊਟਰ ਨੇ ਕਾਫੀ ਕੁਝ ਇਧਰ ਉਧਰ ਕਰ ਦਿੱਤਾ ਹੈ ਜੋ ਇਥੇ ਡੀ ਜੇ ਕਲਚਰਲ ਚੱਲਦਾ ਹੈ
ਇਹ ਪੰਜਾਬੀ ਸੰਗੀਤ ਦਾ ਘਾਣ ਕਰ ਰਿਹਾ ਹੈ। ਜਿਵੇਂ ਕਈ ਕਹਿ ਦਿੰਦੇ ਹਨ ਕਿ ਮੈਂ ਮਿਊਜ਼ਿਕ ਡਾਇਰੈਕਟਰ
ਹਾਂ ਪੌਂਡਾਂ ਦੇ ਸਿਰ ਕਿਸੇ ਗਾਇਕ ਤੋਂ ਇੰਡੀਆ ਤੋਂ ਗੀਤ ਗਵਾ ਲਿਆ, ਇਥੋਂ ਕਿਸੇ ਤੋਂ ਡਬ ਕਰਵਾ ਕੇ
ਵੀਡੀਓ ਵਿੱਚ ਆ ਟੱਪਦੇ ਫਿਰਦੇ ਹਨ ਸਰੋਤਿਆਂ ਨੂੰ ਪਤਾ ਹੀਂ ਨਹੀਂ ਲੱਗਦਾ ਕਿ ਇਸ ਨੂੰ ਗਾਇਆ ਕਿਸ ਨੇ
ਹੈ, ਲਿਖਿਆ ਕਿਸ ਨੇ ਹੈ ਮਿਊਜ਼ਿਕ ਕਿਸ ਨੇ ਦਿੱਤਾ ਹੈ। ਇਹਨਾਂ ਲੋਕਾਂ ਨੂੰ ਸ਼ਬਦਾ ਦਾ ਮਤਲਬ ਵੀ ਨਹੀਂ
ਪਤਾ ਹੁੰਦਾ। ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣਾ ਸਾਡਾ ਫਰਜ਼ ਬਣਦਾ ਹੈ।
ਸਵਾਲ: ਵੀਡੀਓ ਬਾਰੇ ਤੁਸੀਂ ਕਿਹਣਾ ਚਾਹੁੰਦੇ ਹੋ ਕਿਉਂਕਿ ਵੀਡੀਓ ਸਿਸਟਮ
ਨੇ ਕਾਫੀ ਕੁਝ ਗੰਦਲਾ ਕੀਤਾ ਹੋਇਆ ਹੈ, ਜਿਹਨਾਂ ਸੀਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਫਿੱਟ ਕਰਕੇ
ਲੋਕਾਂ ਨੂੰ ਵਿਖਾਇਆ ਜਾਂਦਾ ਹੈ ਜਾਂ ਗੀਤ ਦੇ ਬੋਲ ਕੁਝ ਕਹਿ ਰਹੇ ਹੁੰਦੇ ਹਨ ਵੀਡੀਓ ਕੁਝ ਹੋਰ ਹੀ
ਆਖ ਰਿਹਾ ਹੁੰਦਾ ਹੈ?
ਜਵਾਬ: ਇਹ ਗਲਤੀ ਵਪਾਰੀਕਰਨ ਦੀ ਹੈ। ਪੈਸੇ ਬਣਾਉਣ ਲਈ ਪ੍ਰਡਿਊਸਰ ਅਜੇਹੀਆਂ ਗਲਤੀਆਂ ਕਰਦੇ
ਹਨ। ਇਸ ਦੀ ਜਿੰਮੇਵਾਰੀ ਵੀਡੀਓ ਡਾਇਰੈਕਟਰ ਦੀ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੀਤ ਵਿੱਚ
ਚਰਖੇ ਦੀ ਗੱਲ ਹੋ ਰਹੀ ਹੈ ਭਲਾ ਪੱਬ ਦੇ ਸੀਨ ਦਾ ਕੀ ਮਤਲਬ ਬਾਕੀ ਜੇ ਸਾਡੀ ਖੁਦ ਦੀ ਪ੍ਰੋਡਕਸ਼ਨ ਹੋਵੇ
ਤਾਂ ਅਸੀਂ ਅਜੇਹੇ ਸੀਨਾਂ ਤੋਂ ਹਮੇਸ਼ਾਂ ਪ੍ਰਹੇਜ਼ ਕਰਦੇ ਹਾਂ ਜੋ ਸਾਡੇ ਸੱਭਿਆਚਾਰ ਜਾਂ ਪ੍ਰੀਵਾਰਕ
ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਂਦੇ ਹੋਣ।
ਸਵਾਲ: ਤੁਸੀਂ ਭਵਿੱਖ ਵਿੱਚ ਪੰਜਾਬੀ ਸਰੋਤਿਆਂ ਨੂੰ ਕੀ ਦੇ ਰਹੇ ਹੋ?
ਜਵਾਬ: ਮੈਂ ਸਾਊਥਾਲ ਦੇ ਮਸ਼ਹੂਰ ਪਾਪਾ ਜੋਹ ਦੇ ਸਟੂਡੀਓ ਵਿੱਚ ਕੰਮ ਕਰ ਰਿਹਾ ਹਾਂ, ਗਾਇਕ
ਹਰਭਜਨ ਤਲਵਾਰ ਦੀ ਐਲਬਮ ਨੂੰ ਸੰਗੀਤ ਦਿੱਤਾ ਹੈ, ਮੋਨਾ ਸਿੰਘ, ਕੁਲਵਿੰਦਰ ਕੌਰ ਦੀ ਕੈਸਿਟ ਕੀਤੀ
ਹੈ, ਸੋਨਾ ਵਾਲੀਆ ਸਾਊਥਾਲ ਦੀ ਨਵੀਂ ਕੁੜੀ ਹੈ ਉਸ ਦੀ ਬੜੀ ਵਧੀਆ ਐਲਬਮ ਜਲਦੀ ਲੈ ਕੇ ਆ ਰਿਹੇ ਹਾਂ,
ਕਿਉਂਕਿ ਇੰਗਲੈਂਡ ਵਿੱਚ ਕੁੜੀਆ ਘੱਟ ਹੀ ਇਸ ਖੇਤਰ ਵਿੱਚ ਆਈਆਂ ਹਨ, ਬੜੀ ਖੁਬਸੂਰਤ ਅਵਾਜ਼ ਹੈ ਜਿਸ
ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ। ਜੱਸਾ ਮਾਨ ਦੀ ਦੋ ਗਾਣਿਆਂ ਦੀ ਕੈਸਿਟ ਜਲਦੀ ਕਰ ਰਹੇ ਹਾਂ।
ਸਵਾਲ: ਕੋਈ ਹੋਰ ਸੁਨੇਹਾ?
ਜਵਾਬ: ਸੋਨੇਹਾ ਤਾਂ ਨਹੀਂ ਬੇਨਤੀ ਹੈ ਕਿ ਸਰੋਤੇ ਮੇਰੀਆਂ ਗਲਤੀਆ ਮੈਨੂੰ ਦੱਸਣ, ਮਾੜਾ ਨਾ
ਸੁਣੋਂ, ਅਸਲੀ ਸੀਡੀਆਂ ਖਰੀਦੋ ਤਾ ਕਿ ਪੰਜਾਬੀ ਸੰਗੀਤ ਹੋਰ ਵੀ ਬੁਲੰਦੀਆਂ ਨੂੰ ਛੁਹੇ। ਪੰਜਾਬ
ਟਾਈਮਜ਼ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਆਪਣੇ ਪਾਠਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ।
ਤੇਜਵੰਤ ਕਿੱਟੂ ਦਾ ਫੋਨ ਨੰਬਰ 07807489323 ਹੈ। ਅਤੇ ਉਹ ਅੱਜਕੱਲ ਸਾਊਥਾਲ ਵਿਖੇ ਪਾਪਾ ਜੋਹ ਦੇ
ਸਟੂਡੀਓ ਵਿੱਚ ਕੰਮ ਕਰਦੇ ਹਨ।