ਗੋਲਡ ਮੈਡਲਿਸਟ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਨਾਲ਼ ਇੱਕ ਵਿਸ਼ੇਸ਼ ਮੁਲਾਕਾਤ
ਪੰਜਾਬ ਦੀ ਮਿੱਟੀ ਨੂੰ ਐਵੇਂ ਤਾਂ ਨਹੀ ਮੱਥੇ
ਟੇਕੇ ਜਾਂਦੇ- ਮੋਰਾਂਵਾਲ਼ੀ
ਅਮਰਜੀਤ ਖੇਲਾ

ਖੱਬੇ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਸਿਡਨੀ ਵਿਖੇ ਅਮਰਜੀਤ ਖੇਲਾ ਨਾਲ਼ ਗਲਬਾਤ ਕਰਦੇ ਹੋਏ, ਸੱਜੇ ਉਨਾ੍ਹਂ ਦਾ ਪੂਰਾ ਢਾਡੀ ਜਥਾ ਸਾਡੇ ਸਿਡਨੀ ਤੋਂ ਵਿਸ਼ੇਸ਼ ਪ੍ਰਤੀਨਿਧੀ ਅਮਰਜੀਤ ਖੇਲਾ ਨਾਲ਼
ਗੋਲਡ ਮੈਡਲਿਸਟ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਦਾ ਜਥਾ ਬੀਤੇ ਕਰੀਬ ਦੋ ਮਹੀਨਿਆਂ ਤੋਂ ਅਸਟ੍ਰੇਲੀਆ
ਦੇ ਅਨੇਕਾਂ ਸ਼ਹਿਰਾਂ ਦੇ ਗੁਰੂਦਵਾਰਾ ਸਾਹਿਬਾਨਾਂ ਵਿਖੇ ਆਇਆ ਹੋਇਆ ਸੀ।ਅਤਿ ਜੋਸ਼ੀਲੀ ਤੇ ਕੜਕਵੀਂ
ਆਵਾਜ ਦੇ ਮਾਲਕ ਸ: ਤਰਸੇਮ ਸਿੰਘ ਮੋਰਾਂਵਾਲ਼ੀ ਦੀਆਂ ਗਾਈਆਂ ਵਾਰਾਂ ਨੂੰ ਅਸਟ੍ਰੇਲੀਆ ਵਿਚ ਸੁਣ ਕੇ
ਪੰਡਾਲ ਵਿਚ ਬੈਠੈ ਬੱਚੇ,ਬਜੁਰਗ ਤੇ ਨੌਜਵਾਨ ਹਰ ਵਰਗ ਦੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਰਹੇ
ਹਨ।ਸ: ਮੋਰਾਂਵਾਲ਼ੀ ਦੀਆਂ ਅਣਥੱਕ ਸੇਵਾਂਵਾਂ ਬਦਲੇ ਹੁਣ ਤਾਂਈ ਸ਼੍ਰੀ ਅਕਾਲ ਤਖਤ ਸਣੇ ਹੋਰ ਵੱਖ ਵੱਖ
ਥਾਵਾਂ ਤੋਂ ਉਨਾ੍ਹਂ ਨੂੰ , ਉਨ੍ਹਾ ਦੀ ਵਿਲੱਖਣ ਕਲਾ ਬਦਲੇ 6 ਗੋਲਡ ਮੈਡਲ ਮਿਲ਼ ਚੁੱਕੇ ਹਨ।ਤਰਸੇਮ
ਸਿੰਘ ਜੀ ਦੇ ਵਾਪਿਸ ਭਾਰਤ ਜਾਣ ਦੇ ਇੱਕ ਦਿਨ ਪਹਿਲਾਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਅਮਰਜੀਤ ਖੇਲਾ ਨੇ
ਸਿਡਨੀ ਵਿਖੇ ਉਨ੍ਹਾ ਨਾਲ਼ ਸਾਡੇ ਪਾਠਕਾਂ ਲਈ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।ਪੇਸ਼ ਕਰ ਰਹੇ ਹਾਂ ਇਸ
ਗਲਬਾਤ ਦੇ ਮੁੱਖ ਅੰਸ਼:-
ਤਰਸੇਮ ਸਿੰਘ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਜਨਮ ਸਥਾਨ ਤੇ ਪਿੰਡ ਪ੍ਰੀਵਾਰ ਵਾਰੇ ਕੁਝ ਦੱਸੋ?
ਖੇਲਾ ਜੀ, ਮੇਰਾ ਜਨਮ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲ਼ੀ ਵਿਖੇ
1975 ਵਿਚ ਮਾਤਾ ਨਛੱਤਰ ਕੌਰ ਜੀ ਦੀ ਕੁੱਖੋਂ, ਪਿਤਾ ਸ: ਗੁਰਮੇਲ ਸਿੰਘ ਦੇ ਘਰ ਹੋਇਆ।ਜਿਵੇਂ ਕਿ
ਤੁਸੀਂ ਜਾਣਦੇ ਹੀ ਹੋ ਕਿ ਮੋਰਾਂਵਾਲ਼ੀ ਪਿੰਡ ਵਿਖੇ ਸ਼ਹੀਦੇ ਆਜਮ ਸ: ਭਗਤ ਸਿੰਘ ਦੇ ਨਾਨਕੇ ਸਨ ਤੇ
ਮੈਨੂੰ ਇਸ 'ਤੇ ਮਾਣ ਹੈ।ਮੇਰੀ ਧਰਮ ਪਤਨੀ ਸਰਦਾਰਨੀ ਤਰਨਜੀਤ ਕੌਰ ਦਾ ਮੇਰੀ ਢਾਡੀ ਕਲਾ ਵਿਚ ਕਾਫੀ
ਯੋਗਦਾਨ ਰਿਹਾ ਹੈ।ਮੇਰੇ ਵਲੋਂ ਗਾਏ ਜਾਂਦੇ ਜਿਆਦਾਤਰ ਪ੍ਰਸੰਗ ਉਨ੍ਹਾ ਵਲੋਂ ਹੀ ਲਿਖੇ ਹੁੰਦੇ ਹਨ।
ਤੁਸੀਂ ਢਾਡੀ ਕਲਾ ਵੱਲ ਨੂੰ ਕਦੋਂ ਤੇ ਕਿਵੇਂ ਆਏ?
ਮੈਨੂੰ ਬਚਪਨ ਤੋਂ ਸੂਰਬੀਰ ਯੋਧਿਆਂ ਅਤੇ ਸਿੱਖ ਧਰਮ ਦੇ ਸ਼ਹੀਦਾਂ ਦੀਆਂ ਵਾਰਾਂ ਸੁਣਨ ਦਾ ਸ਼ੌਂਕ ਸੀ,
ਸਕੂਲ ਵਿਚ ਵੀ ਮੇਰੇ ਸਾਥੀ ਜਦੋਂ ਫਿਲਮੀ ਗਾਣੇ ਸੁਣਦੇ ਹੁੰਦੇ ਸਨ ਤਾਂ ਮੈਂ ਵਾਰਾਂ ਗਾਉਂਦਾ ਹੁੰਦਾ
ਸਾਂ।ਇੰਝ ਇਹ ਕਲਾ ਆਪਣੇ ਆਪ ਹੀ ਮੇਰੇ ਵਿਚ ਘਰ ਕਰਦੀ ਗਈ।ਰਸਮੀ ਤੌਰ 'ਤੇ 1991 ਨੂੰ ਇੰਗਲੈਂਡ ਵਿਚ
ਚਾਚਾ ਸ: ਗਿਆਨ ਸਿੰਘ ਸੁਰਜੀਤ ਜੀ ਦੀ ਰਹਿਨੁਮਾਈ ਸਦਕਾ ਮੈਂ ਪੂਰੀ ਤਰਾਂ ਢਾਡੀ ਕਲਾ ਵਲ ਨੂੰ ਆਇਆ।ਇੰਗਲੈਂਡ
ਵਿਖੇ ਮੈਨੂੰ ਜੇਲ੍ਹ ਵਿਚ ਸਿੱਖ ਮਨਿਸਟਰ ਦੀ ਵਧੀਆ ਜੌਬ ਮਿਲ਼ ਗਈ ਸੀ ਪਰੰਤੂ ਅਚਾਨਕ ਹੀ ਮੇਰੇ ਮਨ
ਵਿਚ ਕੁੱਝ ਅਜਿਹਾ ਆਇਆ ਕਿ ਮੈਂ ਪੂਰੀ ਤਰਾ੍ਹਂ ਨਾਲ਼ ਸਿੱਖ ਕੌਮ ਦੀ ਸੇਵਾ ਕਰਨ ਲਈ ਢਾਡੀ ਵਾਰਾਂ
ਗਾਉਂਣ ਲਿਖਣ ਦੀ ਕਲਾ ਵਲ ਨੂੰ ਸਮਰਪਿਤ ਰਵਾਂ।
ਹੁਣ ਤੱਕ ਦੀਆਂ ਆਪਣੀਆਂ ਪ੍ਰਾਪਤੀਆਂ ਵਾਰੇ ਕੁੱਝ ਦੱਸੋ?
ਮੈਂ ਹੁਣ ਤਾਈਂ ਸੰਗਤਾ ਦੇ ਪਿਆਰ ਦੀ ਬਦੌਲਤ ਕੁਲ ਛੇ ਕੈਸੇਟਾਂ ਰਿਲੀਜ ਕਰ ਚੱੁਿਕਆਂ ਹਾਂ।ਜੇਜੀ
ਬੈਂਸ ਨਾਲ਼ ਮੇਰੀ ਮਿਲਣੀ ਹੋਣ ਉਪਰੰਤ ਸਿੱਖੀ ਖੰਡਿਓਂ ਤਿੱਖੀ ਵਿਚ ਮੇਰੀ ਸ਼ਮੂਲੀਅਤ ਬਾਅਦ ਮੈਂਨੂੰ
ਨੌਜਵਾਨ ਵਰਗ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਤੇ ਨੌਜਵਾਨਾਂ ਨੇ ਵੀ ਢਾਡੀ ਵਾਰਾਂ ਵਿਚ ਚੰਗੀ
ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ।ਹੁਣ ਤਾਂਈਂ ਆਈਆਂ ਮੇਰੀਆਂ ਕੈਸਟਾਂ ਜਖਮਾਂ 'ਤੇ ਮਲ੍ਹਮ, ਸੇਵਾ ਦੇ
ਪੁੰਜ, ਦੁਖੀਏ ਦੀ ਪੁਕਾਰ,ਚਿਣਤੇ ਵਿਚ ਨੀਹਾਂ ਦੇ, ਧੰਂਨ ਤੇਰੀ ਕੁਰਬਾਨੀ, ਦਰਸ਼ਨ ਹੇਮਕੁੰਟ ਦੇ ਨੂੰ
ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ਼ਿਆ ਹੈ।ਨਾਲ਼ ਹੀ ਮੇਰੀਆਂ ਕੁਝ ਹੋਰ ਕੈਸੇਟਾਂ ਜਲਦ ਹੀ ਮਾਰਕੀਟ
ਵਿਚ ਆ ਰਹੀਆਂ ਹਨ। 2004 ਵਿਚ ਸ਼੍ਰੀ ਅਕਾਲ ਤਖਤ ਵਿਖੇ ਜਥੇਦਾਰ ਵੇਦਾਂਤੀ ਜੀ ਵਲੋਂ ਮੈਨੂੰ ਸਰਬੋਤਮ
ਢਾਡੀ ਖਿਤਾਬ ਦੇ ਨਾਲ਼ ਨਾਲ਼ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸਤੋਂ ਇਲਾਵਾ ਰੋਡੇ ਪਿੰਡ ਵਿਖੇ
ਟਕਸਾਲ ਦੇ ਮੁਖੀ ਸੱਚ ਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਦੀ ਹਾਜਰੀ ਵਿਚ ਪੰਥ ਮਾਤਾ ਸਾਹਿਬ ਕੌਰ
ਟਰਸਟ ਵਲੋਂ 2005 ਵਿਚ ਮੈਨੂੰ ਗੋਲਡ ਮੈਡਲ ਨਾਲ਼ ਸਨਮਾਨਿਆਂ ਗਿਆਂ, ਹੁਣ ਤਾਈਂ ਮੈਂਨੂੰ ਬੈਲਜੀਅਮ,
ਇਟਲੀ,ਕੈਨੇਡਾ ਤੇ ਅਮਰੀਕਾ ਵਿਖੇ ਵੀ ਗੋਲਡ ਮੈਡਲ ਦਿੱਤੇ ਗਏ ਤੇ ਹੁਣ ਸ਼ਾਇਦ ਅਸਟ੍ਰੇਲੀਆ ਵਿਚ ਵੀ
ਕਲ੍ਹ ਨੂੰ ਗੋਲਡ ਮੈਡਲ ਦਿਤਾ ਜਾਵੇਗਾ।ਇਸਤੋਂ ਇਲਾਵਾ ਮੇਰੇ ਹਲਕੇ ਦੇ ਵਿਧਾਇਕ ਸੋਹਣ ਸਿੰਘ ਠੰਡਲ਼ ਨੇ
ਵੀ ਮੇਰੇ ਪਿੰਡ ਵਿਚ ਇਕ ਭਰਵੇਂ ਇਕੱਠ ਵਿਚ ਗੋਲਡ ਮੈਡਲ ਦੇ ਕੇ ਸਨਮਾਨਿਆਂ।
ਤੁਸੀਂ ਇੰਗਲੈਂਡ ਵਿਚ ਰਹਿੰਦੇ ਹੋ ਜਾਂ ਭਾਰਤ ਵਿਚ?
(ਹੱਸਦਿਆਂ ਹੋਇਆਂ) ਖੇਲਾ ਜੀ, ਮੈਂ ਵੈਸੇ ਦੋਹਾਂ ਦੇਸ਼ਾਂ ਵਿਚ ਹੀ ਘਟ ਵੱਧ ਰਹਿੰਦਾ ਹਾਂ, ਹੁਣ ਦੋ
ਮਹੀਨੇ ਅਸਟ੍ਰੇਲੀਆ ਹਾਂ ਫਿਰ ਯੂਰਪ ਚਲਾ ਜਾਵਾਂਗਾ, ਫਿਰ ਅਮਰੀਕਾ, ਊਂ ਵੈਸੇ ਅਸੀਂ ਯੂ ਕੇ ਦੇ
ਸਿਟੀਜ਼ਨ ਹਾਂ।ਪਰ ਮੈਨੂੰ ਆਪਣੀ ਮਾਂ-ਬੋਲੀ,ਮਾਂ-ਭੂਮੀਂ ਤੌਂ ਇਲਾਵਾ ਗੁਰੂ ਸਹਿਵਾਨਾਂ ਦੀ ਚਰਨ ਛੋਹ
ਭੂਮੀਂ ਪੰਜਾਬ ਨਾਲ ਬਹੁਤ ਹੀ ਮੋਹ 'ਤੇ ਪਿਆਰ ਹੈ।ਜਿਸ ਨੂੰ ਭਾਰਤ ਦੇ 'ਤੇ ਸਿੱਖ ਕੌਮ ਦੇ ਮਹਾਨ
ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ ਹੋਰੀਂ ਹੱਥਾਂ 'ਚ ਫੜ ਕੇ ਚੁੰਮਦੇ ਹੋਏ ਨਮਸਤਕ ਹੁੰਦੇ ਸਨ 'ਤੇ
ਭਾਰਤ ਮਾਂ ਤੈਨੂੰ ਸਾਡਾ ਸਲਾਮ ਕਹਿੰਦੇ ਹੋਏ ਹੱਸ-ਹੱਸ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲ਼੍ਹ 'ਚ ਪਾ
ਸ਼ਹਾਦਤ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਏ ਸਨ।ਵੈਸੇ ਮੇਰੀ ਧਰਮ ਪਤਨੀ ਵੀ ਭਾਰਤ(ਪੰਜਾਬ) 'ਚ ਹੀ
ਰਹਿਣਾ ਪੰਸਦ ਕਰਦੀ ਹੈ।
ਅਜੋਕੇ ਸਮੇਂ ਵਿਚ ਵੀ ਸਾਡੇ ਅਨੇਕਾਂ ਵੀਰ ਭੈਣਾਂ ਪਾਖੰਡੀ ਸਾਧਾਂ ਮਗਰ ਲੱਗ ਰਹੇ ਹਨ,ਤੁਹਾਡੇ ਖਿਆਲ
ਮੁਤਾਬਕ ਇਸਦਾ ਕੀ ਕਾਰਨ ਹੈ?
ਇਸ ਵਿਚ ਕੋਈ ਸ਼ੱਕ ਨਹੀ ਕਿ ਗੁਰੁ-ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸਾਨੂੰ ਹੋਰ ਕਿਧਰੇ ਵੀ ਸੁੱਖ ਨਹੀ
ਮਿਲੇਗਾ।ਹਰ ਪਾਸੇ ਦੁੱਖ ਹੀ ਦੁੱਖ ਦਿਸਣਗੇ ਅਤੇ ਮਿਲਣਗੇ।ਉਂਝ ਵੀ ਭਾਵੇਂ ਹੋਰ ਪਾਸੇ ਅਸੀਂ ਜਿਧਰ
ਮਰਜੀ ਨੱਠ-ਭੱਜ ਕਰ ਕੇ ਵੇਖ ਲਈਏ।ਅਸਲ ਵਿਚ ਇਸ ਦੇ ਕੁੱਝ ਕਾਰਨਾਂ 'ਚੋਂ ਇੱਕ ਸਾਡੇ ਤੰਗੀਆਂ ਤੁਰਸ਼ੀਆਂ
ਵਿਚ ਫਸੇ ਲੋਕਾਂ ਨੂੰ ਦੁੱਖ ਇੰਨੇ ਹਨ ਕਿ ਉਹ ਜਾਣੇ ਅਣਜਾਣੇ 'ਚ ਇਨ੍ਹਾਂ ਪਖੰਡੀ ਬਾਬਿਆਂ ਅਥਵਾ
ਅਖੌਤੀ ਸਾਧਾਂ ਦੇ ਇਨ੍ਹਾ ਚੱਕਰਾਂ 'ਚ ਫਸ ਜਾਂਦੇ ਹਾਂ।ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਪਛਾਣ ਕਰਕੇ
ਉਨ੍ਹਾ ਦਾ ਸਤਿਕਾਰ ਕਰੀਏ ਜੋ ਸਾਨੂੰ ਗੁਰੂ ਲੜ ਲਾਉਂਣ ਦਾ ਯਤਨ ਕਰਦੇ ਹਨ 'ਤੇ ਗੁਰੂ ਦਾ ਹੀ ਸਤਿਕਾਰ
ਕਰਦੇ ਹਨ ਨਾ ਕਿ ਪਾਖੰਡੀ ਸਾਧਾਂ ਦਾ।ਰਹੀ ਗੱਲ ਕਿ ਲੋਕੀਂ ਭਨਿਆਰਾਂ ਵਾਲ਼ੇ ਜਾਂ ਸਿਰਸੇ ਵਾਲ਼ੇ ਮਗਰ
ਇੰਂਨੀ ਗਿਣਤੀ ਵਿਚ ਕਿਓਂ ਜਾਂਦੇ ਹਨ ਤਾਂ ਮੈਂ ਤੁਹਾਨੂੰ ਇੱਕ ਗੱਲ ਦਸਦਾ ਹਾਂ, ਕਿਸੇ ਨੇ ਬੱਧ ਤੋਂ
ਪੁੱਛਿਆ ਕਿ ''ਤੇਰੇ ਹੀਰੇ ਅਤੇ ਗਹਿਣੇ ਅਸਲੀ ਹਨ'' ਪਰੰਤੂ ਤੇਰੇ ਕੋਲ਼ ਲੋਕੀਂ ਘੱਟ ਆਉਂਦੇ ਹਨ ਤੇ
ਨਾਲ਼ ਦੇ ਬੰਦੇ ਕੋਲ਼ ਹੀਰੇ ਗਹਿਣੇ ਨਕਲੀ ਹਨ ਪਰੰਤੂ ਉਸ ਕੋਲ਼ ਗ੍ਰਾਹਕ ਜਿਆਦਾ ਆਉਂਦੇ ਹਨ? ਤਾਂ ਬੁੱਧ
ਬੋਲਿਆ ਕਿ ਅਸਲੀ ਚੀਜ ਮਹਿੰਗੀ ਮਿਲ਼ਦੀ ਹੈ ਤੇ ਨਕਲੀ ਸਸਤੀ, ਮਹਿੰਗੀ ਦੇ ਗ੍ਰਾਹਕ ਜਿਆਦਾ ਤੇ ਸਸਤੀ
ਦੇ ਘੱਟ,ਬੱਸ ਇਹੀ ਵਜ੍ਹਾ ਹੈ।
ਤੁਸੀਂ ਵੱਖ-ਵੱਖ ਦੇਸ਼ਾਂ ਵਿਚ ਜਾ ਚੁੱਕੇ ਹੋ।ਕੀ ਤੁਹਾਨੂੰ ਪੰਜਾਬ ਵਿਚ ਵਸਦੀ ਸਿੱਖੀ ਜਾਂ ਵਿਦੇਸ਼ਾਂ
ਵਿਚ ਵਸਦੀ ਸਿੱਖੀ ਵਿਚ ਕੋਈ ਫਰਕ ਨਜਰ ਆਇਆ?
ਪਿਆਰ ਭਾਵਨਾ ਵਾਲ਼ੇ ਲੋਕੀਂ ਭਾਵੇਂ ਕਿਸੇ ਵੀ ਦੇਸ਼ ਵਿਚ ਹੋਣ ਤੇ ਉਹ ਭਾਵੇਂ ਕਿਸੇ ਵੀ ਮਜ਼ਹਬ ਦੇ ਹੋਣ
ਉਹ ਹਰ ਜਗ੍ਹਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।ਬਾਕੀ ਪੰਜਾਬ ਦੀ ਮਿੱਟੀ ਨੂੰ ਦਸਾਂ ਗੁਰੂਆਂ, ਪੀਰਾਂ,
ਫਕੀਰਾਂ, ਦਰਵੇਸ਼ਾਂ ਦੀਆਂ ਚਰਨ ਛੋਹਾਂ ਪ੍ਰਾਪਤ ਨੇ, ਪੰਜਾਬ ਦੀ ਮਿੱਟੀ ਨੂੰ ਐਵੇਂ ਤਾਂ ਨਹੀ ਮੱਥੇ
ਟੇਕੇ ਜਾਂਦੇ।ਵਿਦੇਸ਼ਾਂ ਵਿਚ ਵਸਦੇ ਸਿੱਖ ਔਖੀਆਂ ਹਾਲਾਤਾਂ ਵਿਚੋਂ ਗੁਜਰਦਿਆਂ ਵੀ ਆਪਣੇ ਸਿੱਖੀ ਸਰੂਪ
ਨੂੰ ਕਾਇਮ ਰੱਖਦੇ ਹਨ, ਕਈ ਵਾਰ ਨਸਲੀ ਵਿਤਕਰੇ ਦਾ ਵੀ ਸ਼ਿਕਾਰ ਹੁੰਦੇ ਹਨ ਪਰੰਤੂ ਇਸ ਸਭ ਦੇ ਬਾਵਜੂਦ
ਵੀ ਆਪਣਾ ਧਰਮ ਤੇ ਪਹਿਚਾਣ ਕਾਇਮ ਰੱਖਣ ਲਈ ਉਹ ਸ਼ਾਬਾਸ਼ੀ ਦੇ ਹੱਕਦਾਰ ਹਨ।
ਅਸ਼ਟ੍ਰੇਲੀਆ ਵਿਚ ਆ ਕੇ ਕਿਵੇਂ ਲੱਗਾ?ਕੀ ਕੋਈ ਦਿਲਟੁੰਬਵੀਂ ਗੱਲ ਹੋਈ ਜੋ ਦਿਲ ਵਿਚ ਘਰ ਕਰ ਗਈ?
ਅਸਟ੍ਰੇਲੀਆ ਬਹੁਤ ਹੀ ਖੁੱਲਾ ਤੇ ਸਾਫ ਸੁਥਰਾ ਮੁਲਕ ਹੈ।ਭਾਰਤ ਦੀ ਅਬਾਦੀ ਵਿਚ ਇੱਕ ਸਾਲ ਦੇ ਵਾਧੇ
ਜਿੰਨੀ ਇਸ ਦੇਸ਼ ਦੀ ਕੁਲ ਆਬਾਦੀ ਹੈ ਤੇ ਖੇਤਰਫਲ ਭਾਰਤ ਤੋਂ ਤਿੰਨ ਗੁਣਾ ਜਿਆਦਾ।ਮੈਂ ਇੱਥੋਂ ਦੇ
ਸਿਡਨੀ, ਮੈਲਬੌਰਨ, ਵੁਲਗੂਲਗਾ, ਗ੍ਰਿਫਿਥ ਅਤੇ ਸ਼ੈਪਰਟਨ ਸ਼ਹਿਰਾਂ ਵਿਚ ਵਸਦੀਆਂ ਸਿੱਖ ਸੰਗਤਾਂ ਦੀ
ਸੇਵਾ ਵਿਚ ਦੀਵਾਨ ਲਗਾਏ।ਅਨੇਕਾਂ ਲੋਕੀਂ ਹਫਤਾ ਭਰ ਕੰਮਾਂ ਕਾਰਾਂ ਤੋਂ ਥੱਕ ਹਾਰ ਕੇ ਆ ਕੇ ਵੀ ਸਾਡੇ
ਦੀਵਾਨਾਂ ਵਿਚ ਆਉਂਦੇ ਰਹੇ ਤੇ ਸਾਨੂੰ ਬਹੁਤ ਹੀ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ।ਕਈ ਅਜਿਹੇ ਲੋਕਾਂ
ਨਾਲ਼ ਮੇਲ਼ ਹੋਇਆ ਜੋ ਰਹਿੰਦੀ ਦੁਨੀਆਂ ਤੱਕ ਮੈਨੂੰ ਯਾਦ ਰਹੇਗਾ।
ਆਪਣੇ ਜਥੇ ਵਾਰੇ ਕੁਝ ਦੱਸੋ?
.ਮੇਰੇ ਜਥੇ ਵਿਚ ਮੇਰੇ ਤੋਂ ਇਲਾਵਾ ਚਾਰ ਮੈਂਬਰ ਹੋਰ ਹਨ।ਸਾਰੰਗੀ 'ਤੇ ਦਲਜੀਤ ਸਿੰਘ ਕਾਉਂਕੇ, ਢਾਡੀ
ਜਸਵੰਤ ਸਿੰਘ ਕਮਲ ਪਿੰਡ ਸਰੀਂਹ ਤੇ ਸ: ਪਵਿਤਰ ਸਿੰਘ ਪ੍ਰੀਤ ਪਿੰਡ ਬੈਂਚਾਂ ਤੋਂ ਹਨ।ਅਸਾਂ ਸਾਰੇ ਹੀ
ਇੱਕ ਟੀਮ ਦੀ ਤਰ੍ਹਾਂ ਪਿਆਰ ਭਾਵਨਾ ਨਾਲ ਸਿੱਖ ਕੌਮ ਲਈ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਇਤਹਾਸ ਦੀ
ਜਾਣਕਾਰੀ ਦੇ ਕੇ ਆਪਣੇ ਗੌਰਵਮਈ ਧਰਮ 'ਤੇ ਵਿਰਸੇ ਨਾਲ ਜੋੜਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ।ਵਾਹੇਗੁਰੂ
ਹਮੇਸ਼ਾ ਲਈ ਸਾਡੇ 'ਚ ਉੱਦਮ 'ਤੇ ਵਲ਼ ਬਖਸ਼ੇ।
ਅਗਲੇ ਦਸ ਸਾਲਾਂ ਵਿਚ ਆਪਣੇ ਆਪ ਨੂੰ ਕਿਥੇ ਦੇਖਣਾ ਚਾਹੋਗੇ?
(ਥੋੜਾ ਰੁਕਦਿਆਂ ਹੋਇਆਂ) ਮੈਂਨੂੰ ਹੁਣ ਤਾਂਈ ਦੇ ਜੀਵਨ ਤੋਂ ਪੂਰੀ ਸੰਤੁਸ਼ਟੀ ਹੈ।ਅਗਲੇ ਦਸ ਸਾਲਾਂ
ਵਿਚ ਜੇਕਰ ਜਿੰਦਾ ਰਿਹਾ ਤਾਂ ਪ੍ਰਮਾਤਮਾ ਜਿੱਥੇ ਰੱਖੇਗਾ ਓਥੇ ਹੀ ਰਹਿ ਲਵਾਂਗਾ ਤੇ ਇੰਝ ਹੀ ਆਪਣੇ
ਆਖਰੀ ਸਾਹਾਂ ਤੱਕ ਸਿੱਖ ਕੌਮ ਦੀ ਸੇਵਾ ਨਿਭਾਉਂਦਾ ਰਹਾਂਗਾ।
ਅਖੀਰ ਵਿਚ ਸਾਡੇ ਪਾਠਕਾਂ ਨੂੰ ਕੁੱਝ ਕਹਿਣਾ ਚਾਹੋਗੇ?
ਪਾਠਕ ਤਾਂ ਖੁਦ ਕਾਫੀ ਸਿਆਣੇ ਹਨ, ਮੈਂ ਤਾਂ ਇਹੀ ਕਹਾਂਗਾ ਕਿ ਅਸੀਂ ਜਿੱਥੇ ਵੀ ਰਹੀਏ ਆਪਣੇ ਵਿਰਸੇ,
ਆਪਣੀ ਕੌਮ, ਆਪਣੇ ਧਰਮ ਤੇ ਆਪਣੀ ਬੋਲੀ ਨੂੰ ਕਦੇ ਨਾ ਭੁੱਲੀਏ।ਸਾਨੂੰ ਆਪਸ ਵਿਚ ਬਹੁਤ ਹੀ ਪ੍ਰੇਮ
ਪਿਆਰ ਨਾਲ਼ ਰਹਿੰਦਿਆਂ ਮਾਨਵਤਾ ਦੀ ਭਲਾਈ ਵਾਰੇ ਸੋਚਣਾ ਵਾਹੀਦਾ ਹੈ।ਤੁਹਾਡੀ ਇਹ ਅਖਬਾਰ ਦੁਨੀਆਂ ਭਰ
ਦੇ ਪੰਜਾਬੀਆਂ ਲਈ ਬਹੁਤ ਕੁੱਝ ਕਰ ਰਹੀ ਹੈ ਤੇ ਪ੍ਰਾਮਤਮਾ ਕਰੇ ਇੰਝ ਹੀ ਕਰਦੀ ਰਹੇ।
ਇਸ ਇੰਟਰਵਿਊ ਲਿਖਣ ਦੇ ਅਗਲੇ ਦਿਨ ਸ: ਤਰਸੇਮ ਸਿੰਘ ਮੋਰਾਂਵਾਲ਼ੀ ਨੂੰ ਅਸਟ੍ਰੇਲੀਆ ਤੋਂ ਵਾਪਿਸ ਜਾਣ
ਤੋਂ ਪਹਿਲਾਂ ਅਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂਘਰ ਵਿਚ ਹਜਾਰਾਂ ਹੀ ਸਿੱਖ ਸੰਗਤਾਂ ਦੀ ਹਜੂਰੀ
ਵਿਚ ਗੋਲਡ ਮੈਡਲ ਦੇ ਕੇ ਸਨਮਾਨਿਆ ਗਿਆ।ਇੰਝ ਉਨ੍ਹਾ ਕੋਲ ਹੁਣ ਸੱਤ ਗੋਲਡ ਮੈਡਲ ਹੋ ਚੁੱਕੇ ਹਨ।