''ਬੱਧਨੀ ਡਾਟ ਕਾਮ" ਦੇ ਬਿਊਰੋ ਚੀਫ ਹਰਵਿੰਦਰ ਸਿੰਘ ਮੰਡੇਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 6ਵੀਂ ਵਾਰ ਬਣਾਏ ਗਏ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨਾਲ ਇਕ ਵਿਸ਼ੇਸ਼ ਮੁਲਾਕਾਤ

ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
? ਜਥੇਦਾਰ ਸੁਖਦੇਵ ਸਿੰਘ ਭੌਰ ਜੀ, ਸਭ ਤੋਂ ਪਹਿਲਾਂ ਬੱਧਨੀ ਡਾਟ ਕਾਮ
ਵਲੋਂ ਆਪ ਜੀ ਨੂੰ ਫਤਿਹ ਗੁਜਾਉਂਦੇ ਹੋਏ ਜੀਅ ਆਇਆਂ ਆਖਦੇ ਹਾਂ ।
- ਬਹੁਤ-ਬਹੁਤ ਧੰਨਵਾਦ ਜੀ । ਗੁਰੂ ਸਾਹਿਬਾਨ ਸਰਬੱਤ ਦਾ ਭਲਾ ਕਰਨ ਜੀ ।
? ਜਥੇਦਾਰ ਜੀ ! ਕੀ ਤੁਸੀਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਜੀਵਨ
ਸਫ਼ਰ ਬਾਰੇ ਪਾਠਕਾਂ ਨੂੰ ਜਾਣਕਾਰੀ ਦਿਓਗੇ ?
- ਜ਼ਰੂਰ । ਦਾਸ ਦਾ ਜਨਮ 26 ਨਵੰਬਰ, 1957 ਨੂੰ ਪਿਤਾ ਜਥੇਦਾਰ ਪੂਰਨ ਸਿੰਘ ਭੌਰ ਜੋ ਕਿ ਉਸ
ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਨ, ਦੇ ਗ੍ਰਹਿ ਵਿਖੇ ਪਿੰਡ ਭੌਰਾ ਵਿਖੇ ਹੋਇਆ । ਪਿਤਾ
ਜੀ ਸੰਤ ਫਤਹਿ ਸਿੰਘ ਅਤੇ ਜਥੇਦਾਰ ਸਾਧੂ ਸਿੰਘ ਭੌਰਾ, ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ,
ਦੇ ਬਹੁਤ ਨਜ਼ਦੀਕੀਆਂ ਵਿਚੋਂ ਸਨ । ਮੇਰੇ ਜਨਮ ਮੌਕੇ ਪੰਜਾਬੀ ਸ਼ੂਬੇ ਦਾ ਮੋਰਚਾ ਚੱਲ ਰਿਹਾ ਸੀ । ਪਿਤਾ
ਜੀ ਨੇ ਉਸ ਮੋਰਚੇ ਵਿਚ ਵੱਖ-ਵੱਖ ਜੇਲ੍ਹਾਂ ਦੀ ਸੈਰ ਕੀਤੀ ।
? ਤੁਸੀਂ ਆਪਣੀ ਪੜ੍ਹਾਈ ਬਾਰੇ ਜਾਣਕਾਰੀ ਦਿਓ, ਕਿੱਥੋਂ ਕਿੱਥੋਂ ਸਿੱਖਿਆ
ਪ੍ਰਾਪਤ ਕੀਤੀ ?
- ਦਾਸ ਨੇ ਪ੍ਰਾਇਮਰੀ ਦੀ ਸਿੱਖਿਆ ਜੈਨ ਮਾਡਲ ਸਕੂਲ ਬੰਗਾ, ਖਾਲਸਾ ਹਾਈ ਸਕੂਲ ਤੋਂ ਹਾਇਰ
ਅਤੇ ਗਰੈਜ਼ੂਏਸ਼ਨ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ । ਇਸ ਤੋਂ ਬਾਅਦ ਐਲ ਐਲ ਬੀ ਮੇਰਟ ਯੂਨੀਵਰਸਿਟੀ
ਤੋਂ ਕੀਤੀ ਅਤੇ 8 ਸਾਲ ਤੱਕ ਨਵਾਂਸ਼ਹਿਰ ਵਿਖੇ ਐਡਵੋਕੇਟ ਦੇ ਤੌਰ 'ਤੇ ਸਰਵਿਸ ਕੀਤੀ ।
ਪੰਜਾਬ ਦੇ ਹਾਲਤ ਏਨੇ ਵਧੀਆ ਨਹੀਂ ਸਨ । ਖਾੜਕੂਵਾਦ ਦਾ ਦੌਰ-ਦੌਰਾ ਚੱਲ ਰਿਹਾ ਸੀ । ਬੇਕਸੂਰ ਸਿੱਖਾਂ
ਨੂੰ ਮਾਰਿਆ ਜਾ ਰਿਹਾ ਸੀ । ਦਾਸ ਨੇ 1988 ਵਿਚ ਪ੍ਰੈਕਟਿਸ ਛੱਡ ਦਿੱਤੀ । ਸ੍ਰੀ ਸੁਖਮਨੀ ਸਾਹਿਬ
ਸੇਵਾ ਸੁਸਾਇਟੀ ਬੰਗਾ ਨਾਲ ਜੁੜੇ ਅਤੇ ਧਾਰਮਿਕ ਸੇਵਾ ਦੇ ਜਨੂੰਨ ਤਹਿਤ ਮਰੀਜ਼ਾਂ ਦੀ ਸੇਵਾ ਕਰਨੀ,
ਹੋਰ ਸੇਵਾ ਵੀ ਕਰਦੇ ਰਹਿਣਾ । ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵਜੋਂ ਸਟੇਜ ਸਕੱਤਰ ਦੀ ਭੂਮਿਕਾ
ਵੀ ਨਿਭਾਈ । ਫਿਰ ਗੁਰੂ ਨਾਨਕ ਸਤਿਸੰਗ ਸਭਾ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਵਜੋਂ ਵੀ ਸੇਵਾ
ਨਿਭਾਉਣ ਦਾ ਮੌਕਾ ਮਿਲਿਆ । ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਪ੍ਰਕਾਸ਼ ਸਿੰਘ ਬਾਦਲ,
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਨਾਲ ਜੇਲ੍ਹ ਯਾਤਰਾਵਾਂ ਵੀ ਹੋਈਆਂ । ਪਰਿਵਾਰਕ ਜਾਣ-ਪਛਾਣ ਵਧਦੀ
ਗਈ । 1996 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਕਿ 17 ਸਾਲ ਬਾਅਦ ਹੋਈਆਂ
ਸਨ, ਅਕਾਲੀ ਦਲ ਵਲੋਂ ਹੁਕਮ ਚੋਣ ਲੜਨ ਦਾ ਹੋਇਆ । ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ । ਇਹ ਚੋਣ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨ ਮੰਨ ਕੇ ਹੀ ਲੜੀ ਗਈ ਸੀ । ਸ਼੍ਰੋਮਣੀ ਕਮੇਟੀ ਦੇ ਮੈਂਬਰ
ਬਣਨ ਤੋਂ ਬਾਅਦ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣਨ ਦਾ ਮੌਕਾ ਮਿਲਿਆ । ਗੁਰੂ ਮਹਾਰਾਜ ਨੇ ਬਹੁਤ
ਵੱਡੀ ਬਖਸ਼ਿਸ਼ ਤੇ ਸਤਿਕਾਰ ਦਿੱਤਾ ਅਤੇ ਦਾਸ ਨੇ ਬਹੁਤ ਸੁਚੇਤ ਹੋ ਕੇ ਜ਼ਿੰਮੇਵਾਰੀ ਨਿਭਾਈ ।
? ਤੁਸੀਂ ਐਕਟਿੰਗ ਪ੍ਰਧਾਨ ਕਦੋਂ ਬਣੇ ਤੇ ਇਸ ਅਧੀਨ ਕੀ ਸੇਵਾਵਾਂ
ਨਿਭਾਈਆਂ ?
- ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਰੀਆਂ ਸ਼ਕਤੀਆਂ ਦਿੰਦੇ ਹੋਏ ਐਕਟਿੰਗ ਪ੍ਰਧਾਨ ਬਣਨ
ਦਾ ਮੌਕਾ ਦਿੱਤਾ । ਇਹ ਪਹਿਲਾ ਮੌਕਾ ਸੀ ਕਿ ਪ੍ਰਧਾਨ ਦੇ ਹੁੰਦੇ ਹੋਏ ਸਾਰੀਆਂ ਸ਼ਕਤੀਆਂ ਕਿਸੇ ਹੋਰ
ਕੋਲ ਹੋਣ । ਸਿਰਫ ਤੇ ਸਿਰਫ ਵਿਸ਼ਵਾਸ਼ ਅਤੇ ਇਮਾਨਦਾਰੀ ਹੀ ਸੀ ਜੋ ਦਾਸ ਨੂੰ ਅੱਗੇ ਤੋਂ ਅੱਗੇ ਲਿਜਾਂਦਾ
ਗਿਆ । ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ, ਦਾਸ ਨੂੰ
ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਦੌਰਾਨ ਸ਼੍ਰੋਮਣੀ ਕਮੇਟੀ
ਨੂੰ ਟੈਲੀਫੋਨ, ਇੰਟਰਨੈੱਟ, ਕੰਪਿਊਟਰ ਨਾਲ ਜੋੜਿਆ । ਗੁਰਦਵਾਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਤੋਂ
ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਖਤਮ ਕਰਵਾਈ । ਮਜਾਰਾ ਐਕਟ ਤੇ ਕਿਰਾਏਦਾਰੀ ਕਾਨੂੰਨ ਖਤਮ ਕਰਵਾਉਣ ਵਿਚ
ਯੋਗਦਾਨ ਪਾਇਆ । ਇਹ ਐਕਟ 1997 ਐਕਟ ਅਖਵਾਉਂਦਾ ਹੈ ਜੋ ਪੰਜਾਬ ਸਰਕਾਰ ਨੇ ਬਣਾਇਆ । ਆਪਣੇ ਸਾਥੀਆਂ
ਦੀ ਮੱਦਦ ਨਾਲ ਇਸ ਐਕਟ ਨੂੰ ਡਰਾਫਟ ਕੀਤਾ ਅਤੇ ਹੁਣ ਕਿਸੇ ਵੀ ਧਾਰਮਿਕ ਜ਼ਮੀਨ 'ਤੇ ਕਿਰਾਏਦਾਰਾ ਐਕਟ
ਲਾਗੂ ਨਹੀਂ ਹੁੰਦਾ ।
? ਗੁਰੂ ਘਰਾਂ ਵਿਚ ਸਰਾਵਾਂ ਦਾ ਪ੍ਰਬੰਧ ਕਿਸ ਤਰ੍ਹਾਂ ਚੱਲ ਰਿਹੈ ?
- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰਾਂ ਵਿਚ ਸਰਾਵਾਂ, ਲੰਗਰ ਹਾਲ ਤਿਆਰ
ਕਰਵਾਏ ਗਏ । ਜੋ ਵੀ ਸਹੂਲਤਾਂ ਦੇਣ ਦੀ ਲੋੜ ਸੀ ਦਿੱਤੀਆਂ । ਇੱਛਾ ਸ਼ਕਤੀ ਨਾਲ ਕੰਮ ਕੀਤਾ ਤੇ ਸਫਲ
ਵੀ ਰਹੇ ।
? ਗੁਰਮਤਿ ਪ੍ਰਚਾਰ ਪ੍ਰਸਾਰ ਤਹਿਤ ਕਿੰਨਾ ਕੁ ਕੰਮ ਹੋਇਆ ਤੇ ਕਿੰਨਾ ਕੁ
ਕਰਨ ਬਾਰੇ ਸੋਚ ਰਹੇ ਹੋ ?
- ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰਚਾਰ-ਪ੍ਰਸਾਰ ਤਹਿਤ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ
। ਤਿੰਨ ਅੰਮ੍ਰਿਤ ਅਭਿਲਾਖੀ ਮਾਰਚ ਆਯੋਜਿਤ ਕੀਤੇ ਗਏ ਜਿਨ੍ਹਾਂ ਵਿਚ 500 ਪ੍ਰਾਣੀਆਂ ਨੂੰ ਅੰਮ੍ਰਿਤ
ਛਕਾਇਆ । ਬਿਰਧ ਸਰੂਪਾਂ ਦੀ ਦੇਖਭਾਲ ਤਹਿਤ 650 ਦੇ ਕਰੀਬ ਬਿਰਧ ਸਰੂਪਾਂ ਨੂੰ ਸ੍ਰੀ ਗੋਇੰਦਵਾਲ
ਸਾਹਿਬ ਲਿਜਾਇਆ ਗਿਆ । ਪਿੰਡਾਂ ਤੇ ਕਸਬਿਆਂ ਵਿਚ ਕੈਂਪਾ ਦਾ ਆਯੋਜਿਨ ਕਰਕੇ ਗੁਰਬਾਣੀ ਦੇ ਸਬੰਧ ਵਿਚ
ਸਵਾਲ-ਜਵਾਬ, ਗੁਰਬਾਣੀ ਸੰਥਿਆ ਦਿੱਤੀ । ਦਸਤਾਰ ਮਾਰਚ ਆਯੋਜਿਤ ਕੀਤੇ ਗਏ ਜਿਸ ਵਿਚ ਨਵ-ਸਿੱਖਿਅਤ
3100 ਬੱਚਿਆਂ ਨੇ ਹਿੱਸਾ ਲਿਆ ।
ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਲਈ ਕੈਂਪਾਂ ਦਾ ਆਯੋਜਿਨ ਕੀਤਾ ਜਾਂਦਾ ਹੈ ।
ਇਸ ਦੇ ਤਹਿਤ ਹੁਣ ਤੱਕ ਇਸੇ ਇਲਾਕੇ ਵਿਚੋਂ 350 ਦੇ ਕਰੀਬ ਗ੍ਰੰਥੀ ਸਿੰਘ ਲਾਹਾ ਲੈ ਚੁੱਕੇ ਹਨ ।
ਵਾਹਿਗੁਰੂ ਨੇ ਜਿੰਨੀ ਆਯੂ ਬਖਸ਼ੀ, ਆਖਰੀ ਸਵਾਸ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਤਹਿਤ ਕੰਮ ਕਰਨ
ਦਾ ਇਰਾਦਾ ਹੈ ।
? ਗੁਰਬਾਣੀ ਗਾਇਨ ਕਰਦਿਆਂ ਕਈ ਵਾਰ ਜਥੇ ਗਲਤ ਉਚਾਰਨ ਕਰਦੇ ਹੋਣਗੇ, ਇਸ
ਦੇ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਹਨ ?
- ਗੁਰਮਤਿ ਸੰਗੀਤ ਬੰਦਸ਼ਾਂ ਵਿਚ ਹੈ । ਗੁਰਬਾਣੀ ਗਾਇਨ ਰਸ ਭਿੰਨਾ ਕੀਰਤਨ ਹੈ ਨਾ ਕਿ ਕੰਨ
ਪਾੜਵੇਂ ਸ਼ਬਦਾਂ ਵਿਚ । ਸ੍ਰੀ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਲੇ ਜਥਿਆਂ ਨੂੰ ਪਹਿਲਾਂ ਸਿੰਘ
ਸਾਹਿਬਾਨ ਦੇ ਆਦੇਸ਼ਾਂ 'ਤੇ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਫਿਰ ਹੀ ਉਨ੍ਹਾਂ ਨੂੰ ਦਰਬਾਰ ਸਾਹਿਬ
ਵਿਚ ਕੀਰਤਨ ਦਾ ਮੌਕਾ ਦਿੱਤਾ ਜਾਂਦਾ ਹੈ । ਉਸ ਬਾਰੇ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ ।
ਹਾਂ, ਪਿੰਡਾਂ ਵਿਚ ਨਵ ਸਿੱਖਿਅਤ ਗ੍ਰੰਥੀ ਸਿੰਘ ਅਜਿਹਾ ਕਰਦੇ ਹੋਣ ਤਾਂ ਕਿਹਾ ਨਹੀਂ ਜਾ ਸਕਦਾ
ਕਿਉਂਕਿ ਸਾਡੀ ਤਾਂ ਮਨਸ਼ਾ ਹੀ ਇਹ ਹੈ ਕਿ ਹਰ ਸਿੱਖ ਸ਼ੁੱਧ ਤੇ ਸਪਸ਼ਟ ਗੁਰਬਾਣੀ ਦਾ ਪਾਠ ਤੇ ਗਾਇਨ ਕਰੇ
।
? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਅਤੇ ਵਿਦੇਸ਼ੀ ਸਿੱਖਾਂ
ਨੂੰ ਸਿੱਖੀ ਦੇ ਨਾਲ ਜੋੜਨ ਦੇ ਉਪਰਾਲਿਆਂ ਦੇ ਸਬੰਧ ਵਿਚ ਕੁਝ ਦੱਸੋ ?
- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਅਨੁਸਾਰ ਘਰ ਵਿਚ ਗੁਰਬਾਣੀ ਅਧਿਐਨ ਕਰਨ
ਲਈ ਪਦ-ਛੇਦ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਜਾ ਸਕਦੇ ਹਨ ਪਰ ਸ੍ਰੀ ਅਖੰਡ ਪਾਠ
ਸਾਹਿਬ ਲਈ ਲੜੀਵਾਰ ਪਾਠ ਵਾਲੇ ਸਰੂਪ ਹੀ ਚਾਹੀਦੇ ਹਨ । ਵਿਦੇਸ਼ੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਨਾਲ
ਜੋੜਨ ਲਈ ਹਰ ਤਰ੍ਹਾਂ ਨਾਲ ਉਤਾਵਲੇ ਹਾਂ ਤੇ ਉਨ੍ਹਾਂ ਦਾ ਧਿਆਨ ਰੱਖਣ ਲਈ ਕਮੇਟੀ ਹਰ ਸੰਭਵ ਯਤਨ ਕਰਦੀ
ਹੈ ਅਤੇ ਇਸ ਸਬੰਧੀ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਵੀ ਲਿਖਿਆ ਜਾਂਦਾ ਹੈ । ਸਿੱਖਾਂ ਅਤੇ ਕਮੇਟੀ
ਵਿਚ ਤਾਲਮੇਲ ਬਣਾਉਣ ਲਈ ਕਮੇਟੀ ਦੇ ਨੁਮਾਇੰਦੇ ਵੀ ਭੇਜੇ ਜਾਂਦੇ ਹਨ । ਜਦਕਿ ਵਿਦੇਸ਼ੀ ਸਿੱਖ ਪੰਜਾਬ
ਦੇ ਸਿੱਖਾਂ ਨਾਲੋਂ ਆਤਮਿਕ ਤੌਰ 'ਤੇ ਜੁੜੇ ਹੋਏ ਹੁੰਦੇ ਹਨ ।
? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੇਂਦਰੀ ਅਜਾਇਬ ਘਰ
ਅੰਮ੍ਰਿਤਸਰ ਵਿਚ ਲਾਈ ਤਸਵੀਰ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ
ਨੇ ਬੜਾ ਰੌਲਾ ਪਾਇਆ । ਇਸ ਬਾਰੇ ਤੁਸੀਂ ਕੀ ਕਹੋਗੇ ?
- ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮਾਮਲਾ ਨਿਰੋਲ ਸਿੱਖਾਂ ਦਾ ਮਾਮਲਾ ਹੈ । ਸੰਤ
ਜਰਨੈਲ ਸਿੰਘ ਜੀ ਨੇ ਆਪਣੇ ਸਮੇਂ ਵਿਚ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਹੰਭਲਾ ਮਾਰਿਆ ਅਤੇ ਵੱਡੀ
ਗਿਣਤੀ ਵਿਚ ਲੋਕਾਂ ਨੂੰ ਗੁਰੂ ਨਾਲ ਜੋੜਿਆ । ਇਸ ਲਈ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ
ਸ੍ਰੀ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਨੂੰ ਸ਼ਹੀਦ ਐਲਾਨਿਆ ਤਾਂ ਹੁਣ ਹਰ ਸਿੱਖ ਉਨ੍ਹਾਂ ਨੂੰ ਸ਼ਹੀਦ ਅਤੇ
ਸਿੱਖਾਂ ਨੂੰ ਅਗਵਾਈ ਦੇਣ ਵਾਲੇ ਮੰਨਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ
ਲਾ ਕੇ ਕੋਈ ਗੁਨਾਹ ਨਹੀਂ ਕੀਤਾ । ਇਹ ਸਭ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਹੈ ਅਤੇ ਉਨ੍ਹਾਂ
ਦੀ ਤਸਵੀਰ ਨੂੰ ਅਜਾਇਬਘਰ ਵਿਚ ਸੁਸ਼ੋਭਿਤ ਕੀਤਾ ਗਿਆ ਹੈ ।
ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਸਮਝੌਤਾ ਹੈ ਨਾ ਕਿ ਧਾਰਮਿਕ । ਇਸ ਲਈ ਇਸ
ਪਾਰਟੀ ਨੂੰ ਸਾਡੇ ਧਾਰਮਿਕ ਮਸਲਿਆਂ ਵਿਚ ਦਖਲ ਦੇਣ ਦਾ ਅਧਿਕਾਰ ਹੀ ਨਹੀਂ ਕਿਉਂਕਿ ਅਸੀਂ ਉਨ੍ਹਾਂ ਦੇ
ਧਰਮ ਵਿਚ ਦਖਲ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਵੀ ਸਾਡੇ ਧਰਮ ਵਿਚ ਦਖਲ ਨਹੀਂ ਦੇਣਾ ਚਾਹੀਦਾ ।
? ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਉਕਤ ਤਸਵੀਰ ਲਾਏ ਜਾਣ ਦਾ ਵਿਰੋਧ
ਕੀਤਾ ਅਤੇ ਇਸ ਨੂੰ ਪੰਜਾਬ ਅੰਦਰ ਖਾੜਕੂਵਾਦ ਵਧਾਉਣ ਦਾ ਤਰੀਕਾ ਦੱਸਿਆ ਜਾਣ ਲੱਗਾ ਸੀ । ਕਮੇਟੀ ਨੇ
ਬੀਬੀ ਨੂੰ ਕੀ ਜਵਾਬ ਦਿੱਤਾ ?
- ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ ਭੱਠਲ, ਇੰਦਰਾ ਗਾਂਧੀ ਨੂੰ ਆਪਣਾ ਆਦਰਸ਼
ਮੰਨਦੀ ਹੈ ਜਦਕਿ ਇੰਦਰਾ ਗਾਂਧੀ ਨੇ ਬੇਕਸੂਰ ਸਿੱਖਾਂ ਦਾ ਖੂਨ ਡੋਲ੍ਹਿਆ ਹੈ ਅਤੇ ਉਸ ਨੂੰ ਸਿੱਖਾਂ
ਦੀ ਕਾਤਿਲ ਮੰਨਦੇ ਹਾਂ । ਸਿੱਖਾਂ ਦੇ ਹਰਿਮੰਦਰ ਸਾਹਿਬ ਨੂੰ ਟੈਂਕਾਂ ਨਾਲ ਤਹਿਸ-ਨਹਿਸ ਕੀਤਾ । ਤੋਪਾਂ
ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਇਆ । ਸਿੱਖਾਂ ਦੇ ਲਹੂ ਨਾਲ ਸ੍ਰੀ ਹਰਿਮੰਦਰ
ਸਾਹਿਬ ਦਾ ਪਾਣੀ ਲਾਲ ਕੀਤਾ । ਪਰ ਫਿਰ ਅਸੀਂ ਕਦੀ ਇਹ ਨਹੀਂ ਕਿਹਾ ਕਿ ਉਹ ਇੰਦਰਾ ਗਾਂਧੀ ਦੀਆਂ
ਤਸਵੀਰਾਂ ਆਪਣੇ ਦਫ਼ਤਰਾਂ ਵਿਚੋਂ ਲਾਹੁਣ ਕਿਉਂਕਿ ਇਹ ਕਾਂਗਰਸ ਦਾ ਮਾਮਲਾ । ਤੇ ਬੀਬੀ ਨੂੰ ਵੀ ਜਾਣ
ਲੈਣਾ ਚਾਹੀਦਾ ਕਿ ਅਸੀਂ ਕਿਸ ਨੂੰ ਸ਼ਹੀਦ ਮੰਨਣਾ ਹੈ ਤੇ ਕਿਸ ਨੂੰ ਨਹੀਂ, ਇਹ ਸਾਡਾ ਆਪਣਾ ਮਸਲਾ ਹੈ,
ਇਸ ਵਿਚ ਕੋਈ ਦਖਲ ਅੰਦਾਜ਼ੀ ਸਿੱਖਾਂ ਨੇ ਨਾ ਬਰਦਾਸ਼ਤ ਕੀਤੀ ਹੈ ਅਤੇ ਨਾ ਹੀ ਕਰਨਗੇ ।
? ਮੀਡੀਆ ਦੇ ਇਕ ਧੜੇ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ
ਸ: ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀਆਂ ਆਏ ਦਿਨ ਖ਼ਬਰਾਂ ਰਹਿੰਦੀਆਂ
ਹਨ, ਤੁਸੀਂ ਕੀ ਸਮਝਦੇ ਹੋ ?
- ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਮਾਮਲਾ ਤਾਂ ਪਾਰਟੀ ਦਾ ਮਾਮਲਾ । ਇਹੋ
ਜਿਹੇ ਕੰਮ ਸਟੇਜਾਂ 'ਤੇ ਨਹੀਂ ਬਲਕਿ ਵਿਧਾਨ ਸਭਾਵਾਂ ਵਿਚ ਹੋਇਆ ਕਰਦੇ ਆ । ਜਿਹੜੇ ਦੁਹਾਈ ਪਾਉਂਦੇ
ਹਨ ਕਿ ਐਸ ਤਰੀਕ ਨੂੰ ਸੁਖਬੀਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ, ਕਦੀ ਐਸ ਤਰੀਕ ਨੂੰ, ਅਸਲ
ਵਿਚ ਗਿਆਨ ਪੱਖੋਂ ਕੋਰੇ ਹਨ । ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ
ਵਿਚ ਸੁਖਬੀਰ ਸਿੰਘ ਦੀ ਭੂਮਿਕਾ ਹੈ ਅਤੇ ਪਾਰਟੀ ਨੇ ਚਾਹਿਆ ਅਤੇ ਉਹ ਵੀ ਜੇਕਰ ਸੁਖਬੀਰ ਸਿੰਘ ਇਸ
ਯੋਗ ਹੋਏ ਤਾਂ ਹੋ ਸਕਦਾ ਹੈ ਕਿ ਉਹ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਵੀ ਬਣਨ ।
? ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਆਏ
ਦਿਨ ਜੇਲ੍ਹਾਂ ਵੱਲ ਤੁਰੇ ਰਹਿੰਦੇ ਹਨ । ਵੱਖ ਵੱਖ ਤਰ੍ਹਾਂ ਦੀ ਬਿਆਨਬਾਜ਼ੀ ਵੀ ਹੁੰਦੀ ਰਹਿੰਦੀ ਹੈ ।
ਤੁਸੀਂ ਉਨ੍ਹਾਂ ਦੀ ਰਾਜਨੀਤੀ ਨੂੰ ਕੀ ਆਖੋਗੇ ?
- ਸ: ਸਿਮਰਨਜੀਤ ਸਿੰਘ ਮਾਨ ਤਾਂ ''ਕੰਫਿਊਜ਼ਲ ਨੇਚਰ" ਦੇ ਮਾਲਕ ਹਨ । ਉਹ ਕਦੀ ਖਟਕੜ ਕਲਾਂ
ਵਿਖੇ ਆ ਕੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਨੂੰ ਸ਼ਰਧਾਂਜਲੀ ਦੇ ਜਾਂਦੇ ਹਨ ਤੇ ਕਦੀ ਉਨ੍ਹਾਂ ਨੂੰ ਕੌਮ
ਦੇ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ । ਭਾਰਤ ਦੇ ਲੋਕ ਤਾਂ ਸ: ਭਗਤ ਸਿੰਘ ਨੂੰ ਸ਼ਹੀਦ ਹੀ
ਕਹਿਣਗੇ ਤੇ ਸ: ਮਾਨ ਦੇ ਕਹਿਣ 'ਤੇ ਸ਼ਹੀਦਾਂ ਦਾ ਰੁਤਬਾ ਨਹੀਂ ਘਟੇਗਾ । ਹੁਣ ਉਹ ਕਿਸੇ ਸੀ ਡੀਜ਼ ਦੀ
ਗੱਲ ਕਰਦੇ ਹਨ ਤਾਂ ਇਕ ਤਰ੍ਹਾਂ ਬਲੈਕਮੇਲ ਕਰਨ ਵਾਲੀ ਗੱਲ ਹੀ ਹੋ ਸਕਦੀ ਹੈ । ਜੇਕਰ ਉਨ੍ਹਾਂ ਪਾਸ
ਸੀ ਡੀਜ਼ ਹਨ ਤਾਂ ਉਹ ਜਾਰੀ ਕਰ ਦੇਣ । ਰੌਲਾ ਕਿਹੜੀ ਗੱਲ ਦਾ ।
? ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸੱਤ੍ਹਾ ਵਿਚ ਹੈ ਤੇ ਪੰਜਾਬ ਦੇ
ਬਹੁਤ ਨੌਜਵਾਨ ਜੇਲਾਂ ਵਿਚ ਹਾਲੇ ਵੀ ਬੰਦ ਹਨ । ਅਕਾਲੀ ਦਲ ਦੇ ਪ੍ਰਧਾਨ ਇਸ ਬਾਰੇ ਕੋਈ ਫੈਸਲਾ ਕਿਉਂ
ਨਹੀਂ ਲੈਂਦੇ ?
- ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਗੱਲ ਕਰਦੇ ਹੋ ! ਇਹ ਤਾਂ ਅਦਾਲਤਾਂ ਨੇ, ਕਾਨੂੰਨ ਨੇ
ਕੰਮ ਕਰਨਾ ਹੈ । ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਾਂ ਚਾਹੁੰਦੀ ਹੈ ਕਿ ਜੇਕਰ ਜੇਲ੍ਹਾਂ ਵਿਚ
ਗੁਰਪੁਰਬ ਮਨਾਉਣੇ ਹੋਣ ਤਾਂ ਉਥੇ ਰਾਸ਼ਨ, ਤੇਲ, ਸਾਬਣ ਆਦਿ ਭੇਜ ਦਿੱਤਾ ਜਾਂਦਾ ਹੈ । ਕਮੇਟੀ ਵਲੋਂ
ਵਕੀਲ ਵੀ ਦਿੱਤੇ ਗਏ ਹਨ, ਜਿਨ੍ਹਾਂ ਦਾ ਖਰਚਾ ਕਮੇਟੀ ਨੇ ਅਦਾ ਕੀਤਾ ਹੈ । ਜਿਹੜੇ ਨੌਜਵਾਨ ਕੋਈ
ਕਰਾਈਮ ਕਰਕੇ ਜੇਲ੍ਹਾਂ ਵਿਚ ਗਏ ਹਨ, ਉਨ੍ਹਾਂ ਨੇ ਤਾਂ ਆਪਣੀ ਸਜ਼ਾ ਭੁਗਤ ਕੇ ਹੀ ਬਾਹਰ ਆਉਣਾ ਹੈ ।
ਧਰਮੀ ਫੌਜੀਆਂ ਦੀ ਗੱਲ ਕਰਦੇ ਹੋ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀਆਂ ਵੀ ਦਿੱਤੀਆਂ ।
ਜਿਹੜੇ ਸਿੱਖ 1984 ਦੇ ਘੱਲੂਘਾਰੇ ਦੌਰਾਨ ਕਾਲ ਕੋਠੜੀਆਂ ਵਿਚ ਡੱਕੇ ਗਏ, ਉਨ੍ਹਾਂ ਦੇ ਪਰਿਵਾਰਾਂ
ਨੂੰ ਵੀ ਮਾਲੀ ਸਹਾਇਤਾ ਅਤੇ ਹੋਰ ਸਹਾਇਤਾ ਦਿੱਤੀ ।
? ਪਾਕਿਸਤਾਨ ਵਿਚ ਸਿੱਖ ਗੁਰ ਅਸਥਾਨਾਂ ਦੇ ਲਾਂਘੇ ਦੀ ਗੱਲ ਚੱਲਦੀ-ਚੱਲਦੀ
ਫਿਰ ਸਮਾਪਤ ਹੋ ਕੇ ਰਹਿ ਜਾਂਦੀ ਹੈ । ਇਸ ਬਾਰੇ ਕਮੇਟੀ ਕੀ ਯੋਗਦਾਨ ਪਾ ਰਹੀ ਹੈ ?
- ਪਾਕਿਸਤਾਨ ਦੇ ਗੁਰ ਅਸਥਾਨਾਂ ਲਈ ਲਾਂਘੇ ਦਾ ਮਸਲਾ ਤਾਂ ਦੋਹਾਂ ਦੇਸ਼ਾਂ ਦੀ ਡਿਫੈਂਸ
ਮਨਿਸਟਰੀ ਦਾ ਮਸਲਾ ਹੈ । ਡੇਰਾ ਬਾਬਾ ਨਾਨਕ ਤੋਂ ਸਿਰਫ ਦੋ ਕਿਲੋਮੀਟਰ ਵੀ ਨਹੀਂ ਕਰਤਾਰਪੁਰ ਦਾ ਰਸਤਾ
। ਸ਼੍ਰੋਮਣੀ ਕਮੇਟੀ ਇਸ ਸਬੰਧੀ ਬੇਨਤੀ ਕਰ ਚੁੱਕੀ ਹੈ ਪਾਕਿ ਨੂੰ ਤੇ ਭਾਰਤ ਸਰਕਾਰ ਨੂੰ ਕਿ ਸਿੱਖਾਂ
ਦੀ ਚਿਰੋਕਣੀ ਮੰਗ ਹੈ, ਇਸ ਨੂੰ ਪੂਰਾ ਕਰ ਦਿੱਤਾ ਜਾਵੇ, ਉਮੀਦ ਕਰਨੀ ਚਾਹੀਦੀ ਹੈ ਕਿ ਜਲਦੀ ਹੀ ਇਹ
ਮੰਗ ਵੀ ਪੂਰੀ ਹੋ ਜਾਵੇਗੀ ।
? ਗੁਰੂ ਘਰਾਂ ਦੀ ਸਾਂਭ ਸੰਭਾਲ ਬਾਰੇ ਹੋਰ ਕੁਝ ਕਹਿਣਾ ਚਾਹੁੰਦੇ ਹੋ ?
- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੀ ਸਾਂਭ ਸੰਭਾਲ ਨੂੰ ਪਹਿਲ ਦਿੰਦੀ
ਹੈ । ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਵਿਚ 100 ਕੁਇੰਟਲ ਰੋਜ਼ ਆਟਾ ਲਗਦਾ । 80 ਲੱਖ ਦੇ ਕਰੀਬ
ਸ਼ਰਧਾਲੂ ਆਉਂਦੇ ਹਨ । 1996 ਵਿਚ ਸਿਰਫ ਇਕ ਸਰਾਂ ਸੀ, ਸ੍ਰੀ ਗੁਰੂ ਨਾਨਕ ਨਿਵਾਸ । ਹੁਣ ਗੁਰੂ ਅਰਜਨ
ਦੇਵ ਨਿਵਾਸ, ਅਕਾਲ ਰੈਸਟ ਹਾਊਸ, ਗੁਰੂ ਹਰਿਗੋਬਿੰਦ ਨਿਵਾਸ ਤੋਂ ਇਲਾਵਾ ਤਿੰਨ ਸਰਾਵਾਂ ਹੋਰ ਬਣਨ ਜਾ
ਰਹੀਆਂ ਹਨ । ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸੰਤ ਮੀਆਂ ਮੀਰ ਜੀ ਦੇ ਨਾਂ 'ਤੇ ਵੀ ਸਰਾਂ
ਬਣਨ ਜਾ ਰਹੀ ਹੈ ।
ਸ਼੍ਰੋਮਣੀ ਕਮੇਟੀ ਸਿਸਟਮ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ । ਸਰਾਵਾਂ ਦੇ ਕਮਰਿਆਂ ਤੋਂ ਇਲਾਵਾ ਹੋਰ
ਕੰਪਿਊਟਰ ਬੁਕਿੰਗ ਵੀ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ ।
? ਕੀ ਤੁਸੀਂ ਵਿਦੇਸ਼ਾਂ ਵਿਚ ਵੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਗਏ
ਹੋ ?
- ਵਿਦੇਸ਼ਾਂ ਵਿਚ ਜਾਣ ਦੀ ਗੱਲ ਕਰਦੇ ਹੋ ਤਾਂ ਅੱਧੀ ਦੁਨੀਆਂ ਘੁੰਮ ਚੁੱਕੇ ਹਾਂ । ਇਸ ਗੱਲ
ਦਾ ਤਜ਼ਰਬਾ ਹੋਇਆ ਹੈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਅੰਦਰਲੇ ਮਨ ਤੋਂ, ਸੱਚੀ ਸੁੱਚੀ ਭਾਵਨਾ ਨਾਲ
ਸਿੰਘ ਸਜਦੇ ਹਨ ਅਤੇ ਸਿੱਖੀ ਨੂੰ ਸਮਰਪਿਤ ਹਨ । ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਪੂਰਣ ਸਿੰਘ,
ਚੰਗੇ ਬੱਚੇ, ਪੜ੍ਹੇ-ਲਿਖੇ ਵੀ ਤੇ ਸਿੱਖੀ ਨੂੰ ਸਮਰਪਿਤ ਵੀ ।
? ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਅਲੱਗ
ਹੋ ਕੇ ਅਕਾਲੀ ਦਲ (ਟੌਹੜਾ) ਗਰੁੱਪ ਬਣਿਆ ਸੀ । ਉਸ ਬਾਰੇ ਕੁਝ ਚਾਨਣਾ ਪਾਓਗੇ ?
- 1999 ਵਿਚ ਸ: ਬਾਦਲ ਨੂੰ ਛੱਡ ਕੇ ਜਥੇਦਾਰ ਟੌਹੜਾ ਦੇ ਗਰੁੱਪ ਵਿਚ ਇਸ ਕਰਕੇ ਚਲੇ ਗਏ ਸਨ
ਕਿ ਸ: ਬਾਦਲ 'ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤੋੜਨ ਦੇ ਦੋਸ਼ ਲੱਗੇ ਸਨ । ਜਥੇਦਾਰ
ਗੁਰਚਰਨ ਸਿੰਘ ਟੌਹੜਾ ਨੇ ਕਿਹਾ ਸੀ ਕਿ ਭੁੱਲ ਬਖਸ਼ਾ ਕੇ ਆ ਜਾਓ, ਅਸੀਂ ਤਾਂ ਤੁਹਾਡੇ ਨਾਲ ਹਾਂ ਪਰ
ਅਕਾਲ ਤਖਤ ਸਾਹਿਬ ਦਾ ਹੁਕਮ ਪਹਿਲਾਂ ਸਿਰਮੱਥੇ । ਇਸ ਸਬੰਧੀ ਚਾਰ ਸਾਲ ਤੱਕ ਸੰਘਰਸ਼ ਚੱਲਦਾ ਰਿਹਾ ।
ਦਾਸ ਨੂੰ ਪ੍ਰਧਾਨਗੀ, ਵਿਧਾਇਕ ਤੇ ਹੋਰ ਸਹੂਲਤਾਂ ਦੀ ਪੇਸ਼ਕਸ਼ ਆਉਂਦੀ ਰਹੀ ਪਰ ਅਸੀਂ ਇਕੋ ਗੱਲ 'ਤੇ
ਅੜੇ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ 'ਤੇ ਲੱਗੇ ਧੱਬੇ ਨੂੰ ਮਿਟਾ ਕੇ ਆ ਜਾਓ, ਅਸੀਂ ਫਿਰ ਇਕੱਠੇ ਹੋ
ਸਕਦੇ ਹਾਂ । ਵਫ਼ਾ ਨਿਭਾਈ ਤੇ ਇਸੇ ਵਫਾ ਦੇ ਕਰਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ 6ਵੀਂ ਵਾਰ ਵੀ ਜਨਰਲ
ਸਕੱਤਰ ਦੀ ਸੇਵਾ ਦੇ ਦਿੱਤੀ । ਇਹ ਗੁਰੂ ਦੀ ਬਖਸ਼ਿਸ਼ ਹੀ ਹੇ ਕਿ ਚਾਰ ਵਾਰ ਸ਼੍ਰੋਮਣੀ ਕਮੇਟੀ ਦੇ
ਐਕਟਿੰਗ ਪ੍ਰਧਾਨ, ਛੇ ਵਾਰ ਜਨਰਲ ਸਕੱਤਰ ਅਤੇ ਦੋ ਵਾਰ ਐਕਜੈਕਟਿਵ ਮੈਂਬਰ ਵਜੋਂ ਸੇਵਾ ਨਿਭਾਉਣ ਦਾ
ਮੌਕਾ ਮਿਲਿਆ ਹੈ ।
? ਇਸ ਤੋਂ ਇਲਾਵਾ ਹੋਰ ਕੋਈ ਸੰਦੇਸ਼ ?
- ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਸਿੱਖਾਂ ਦੀ ਅਵਾਜ਼ ਨੂੰ ਵਿਦੇਸ਼ਾਂ ਵਿਚ ਬੁਲੰਦ ਕਰਨ
ਲਈ ਯੂ ਕੇ ਤੋਂ ਸ: ਮਨਪ੍ਰੀਤ ਸਿੰਘ ਬੱਧਨੀ ਕਲਾਂ ਵਲੋਂ ''ਬੱਧਨੀ ਡਾਟ ਕਾਮ" ਵੈਬਸਾਈਟ ਦਾ ਨਿਰਮਾਣ
ਕਰਨਾ ਸ਼ਲਾਘਾਯੋਗ ਯਤਨ ਹੈ । ਵਾਹਿਗੁਰੂ ਲੰਮੀ ਆਯੂ ਤੇ ਸੰਗਤਾਂ ਦਾ ਸਹਿਯੋਗ ਬਖਸ਼ੇ । ਇਹ ਹੀ
ਵਾਹਿਗੁਰੂ ਤੋਂ ਕਾਮਨਾ ਕਰਦਾ ਹਾਂ ।
? ਬਹੁਤ-ਬਹੁਤ ਧੰਨਵਾਦ ਜੀ ! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਹਿਤ ॥ (ਸਮਾਪਤ)