ਅੱਜ ਕੱਲ੍ਹ ਚਿੱਟੇ ਚੋਲੇ ਵਾਲੇ ਅਖੌਤੀ ਬਾਬਿਆਂ ਅਤੇ 'ਬਾਬੀਆਂ' 'ਤੇ ਨਾਵਲ ਲਿਖ ਰਿਹਾ ਹਾਂ!'' ਸ਼ਿਵਚਰਨ ਜੱਗੀ ਕੁੱਸਾ
ਮੁਲਾਕਾਤ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਨਾਵਲ
'ਪੁਰਜਾ ਪੁਰਜਾ ਕਟਿ ਮਰੈ' ਨਾਲ ਦੁਨੀਆਂ ਭਰ ਵਿਚ ਪ੍ਰਸਿੱਧੀ ਖੱਟਣ ਵਾਲੇ ਨਾਵਲਕਾਰ ਸ਼ਿਵਚਰਨ ਜੱਗੀ
ਕੁੱਸਾ ਬਾਰੇ ਕਿਸੇ ਪੰਜਾਬੀ ਪੁੱਤਰ-ਧੀ ਨੂੰ ਦੱਸਣ ਦੀ ਲੋੜ ਨਹੀਂ। ਅੱਜ ਉਹ ਪੰਜਾਬੀ ਸਾਹਿਤ ਦੇ
ਸਿਖ਼ਰ ਮੁਕਾਮ 'ਤੇ ਪਹੁੰਚ ਗਿਆ ਹੈ। ਉਸ ਨੇ ਇਸ ਪ੍ਰਸਿੱਧੀ ਨੂੰ ਰਾਤੋ ਰਾਤ ਹੀ ਨਹੀਂ ਪਾਇਆ। ਇਸ
ਮਕਬੂਲਤਾ ਪਿੱਛੇ ਉਸ ਦੀ ਦਿਨ ਰਾਤ ਦੀ ਮਿਹਨਤ ਦਾ ਹੱਥ ਹੈ। ਹਰ ਰੋਜ਼ ਸਵੇਰੇ ਦੋ ਵਜੇ ਉਠ ਕੇ ਲਿਖਣਾ
ਅਤੇ ਉਤਨਾ ਚਿਰ ਆਪਣੀ ਰਚਨਾ ਨੂੰ ਕਿਸੇ ਅਖ਼ਬਾਰ, ਰਸਾਲੇ ਜਾਂ ਵੈੱਬ ਸਾਈਟ ਨੂੰ ਨਾ ਭੇਜਣਾ, ਜਿੰਨਾਂ
ਚਿਰ ਉਸ ਦੇ ਆਪਣੇ ਮਨ ਦੀ ਤਸੱਲੀ ਨਾ ਹੋ ਜਾਵੇ। ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਸ ਦੀਆਂ ਕਈ
ਰਚਨਾਵਾਂ ਕਈ-ਕਈ ਸਾਲਾਂ ਤੋਂ ਉਸ ਕੋਲ ਸਾਂਭੀਆਂ ਪਈਆਂ ਹਨ ਅਤੇ ਇਹਨਾਂ ਰਚਨਾਵਾਂ ਦੇ ਹੁਣ ਤੱਕ ਕਿਸੇ
ਨੇ ਦਰਸ਼ਣ ਤੱਕ ਨਹੀਂ ਕੀਤੇ! ਮੇਰੀ ਨਜ਼ਰੇ ਇਹ ਇਕ ਲੇਖਕ ਦਾ ਬਹੁਤ ਵੱਡੇ ਜਿਗਰੇ ਦਾ ਪ੍ਰਤੱਖ ਸਬੂਤ
ਹੈ। ਇਕ ਗੱਲ ਜਿਹੜੀ ਹਰ ਪੰਜਾਬੀ ਨੂੰ ਪ੍ਰੇਮ ਕਰਨ ਵਾਲਾ ਬੰਦਾ ਦਿਲੋਂ ਮਹਿਸੂਸ ਕਰਦਾ ਹੈ, ਉਹ ਹੈ
ਬਾਈ ਜੱਗੀ ਕੁੱਸਾ ਨਾਲ ਨੇੜਤਾ ਜਾਂ ਦੋਸਤੀ! ਅਸੀਂ ਵੀ ਇਹ ਖ਼ੁਸ਼ੀ ਅਤੇ ਅਥਾਹ ਮਾਣ ਮਹਿਸੂਸ ਕਰਦੇ ਹਾਂ
ਕਿ ਜੱਗੀ ਕੁੱਸਾ ਸਾਡਾ ਸਿਰਫ਼ ਜਿਗਰੀ ਮਿੱਤਰ ਹੀ ਨਹੀਂ, ਸਗੋਂ ਇਕ ਸਲਾਹਕਾਰ ਅਤੇ ਵੱਡਾ ਬਾਈ ਵੀ ਹੈ।
ਪੇਸ਼ ਹੈ ਮੁੱਖ ਸੰਪਾਦਕ ਮਨਪ੍ਰੀਤ ਸਿੰਘ ਬੱਧਨੀ ਕਲਾਂ ਵੱਲੋਂ ਚਹੇਤੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ
ਨਾਲ ਮੁਲਾਕਾਤ:
? ਬਾਈ ਜੱਗੀ ਕੁੱਸਾ ਜੀ, ਸਭ ਤੋਂ ਪਹਿਲਾਂ ਇਕ ਰਵਾਇਤੀ ਜਿਹਾ ਸੁਆਲ, ਆਪਣੇ ਪਿਛੋਕੜ ਬਾਰੇ ਦੱਸੋ?
- ਮੇਰਾ ਜਨਮ ਸਵਰਗੀ ਮਾਤਾ ਗੁਰਨਾਮ ਕੌਰ ਜੀ ਦੀ ਕੁੱਖੋਂ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ 1965
ਵਿਚ ਹੋਇਆ। ਪੰਜਵੀਂ ਤੱਕ ਪਿੰਡ ਕੁੱਸੇ ਹੀ ਪੜ੍ਹਿਆ, ਦਸਵੀਂ ਤੱਕ ਪੜ੍ਹਾਈ ਗੁਰੂ ਨਾਨਕ ਖ਼ਾਲਸਾ ਹਾਈ
ਸਕੂਲ ਤਖਤੂਪੁਰਾ ਅਤੇ ਕੁਝ ਕੁ ਮਹੀਨੇ ਡੀ. ਐੱਮ. ਕਾਲਜ ਮੋਗਾ ਲਾ ਕੇ, ਉਸ ਤੋਂ ਬਾਅਦ ਆਸਟਰੀਆ ਆ ਕੇ
ਚਾਰ ਸਾਲ ਯੂਨੀਵਰਿਸਟੀ ਵਿਚ ਪੜ੍ਹਾਈ ਕੀਤੀ। ਪਿਛੋਕੜ ਛੋਟੇ ਵੀਰ, ਮੱਧ-ਵਰਗੀ ਪੇਂਡੂ ਕਿਸਾਨ
ਪ੍ਰੀਵਾਰ ਨਾਲ ਸਬੰਧਿਤ ਹਾਂ।
? ਲਿਖਣ ਦੀ ਪ੍ਰੇਰਨਾ ਕਿੱਥੋਂ ਮਿਲੀ?
- ਸਾਡੇ ਪਿੰਡ ਦੇ ਕ੍ਰਾਂਤੀਕਾਰੀ ਕਵੀ ਓਮ ਪ੍ਰਕਾਸ਼ ਕੁੱਸਾ ਨੇ ਮੈਨੂੰ ਪਹਿਲਾਂ ਪੜ੍ਹਨ ਅਤੇ ਫਿਰ
ਲਿਖਣ ਦੀ ਪ੍ਰੇਰਨਾ ਦਿੱਤੀ। ਸਵਰਗੀ ਕਵੀ ਓਮ ਪ੍ਰਕਾਸ਼ ਜੀ ਦੀ ਕਾਢ ਹੀ ਸਾਡੇ ਪਿੰਡ ਦਾ ਮਸ਼ਹੂਰ ਅਤੇ
ਮਰਹੂਮ ਲੇਖਕ ਕਰਮਜੀਤ ਸਿੰਘ ਕੁੱਸਾ ਸੀ। ਮੈਂ ਕਰਮਜੀਤ ਕੁੱਸਾ ਦੇ ਨਾਵਲਾਂ ਤੋਂ ਲੈ ਕੇ ਪੰਜਾਬੀ ਦਾ
ਕੋਈ ਵੀ ਲੇਖਕ ਪੜ੍ਹਨ ਵੱਲੋਂ ਨਹੀਂ ਛੱਡਿਆ। ਬਾਹਰ ਆ ਕੇ ਰਸੂਲ ਹਮਜ਼ਾਤੋਵ ਤੋਂ ਲੈ ਕੇ ਲਿਓ ਟਾਲਸਟਾਏ
ਤੱਕ ਬਾਹਰਲੇ ਲੇਖਕਾਂ ਨੂੰ ਵੀ ਪੜ੍ਹਿਆ। ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨ ਦੇ ਡਿਕਟੇਟਰ ਬਣੇ
ਆਡੋਲਫ਼ ਹਿਟਲਰ ਦੀ ਕਿਤਾਬ 'ਮੇਰੀ ਜੰਗ' ਵੀ ਮੈਂ ਬਹੁਤ ਵਾਰ ਪੜ੍ਹੀ। ਡੀ. ਐਮ. ਕਾਲਜ ਮੋਗਾ ਪੜ੍ਹਦੇ
ਸਮੇਂ ਬਾਈ ਬੂਟਾ ਸਿੰਘ ਸ਼ਾਦ ਦਾ ਨਾਵਲ ''ਕੁੱਤਿਆਂ ਵਾਲੇ ਸਰਦਾਰ'' ਪੜ੍ਹ ਕੇ ਮੈਂ ਵੀ ਮਨ ਵਿਚ
ਧਾਰਿਆ ਕਿ ਕਦੇ ਨਾ ਕਦੇ ਮੈਂ ਵੀ ਨਾਵਲ ਲਿਖਾਂਗਾ। ਅੱਜ ਬਾਈ ਬੂਟਾ ਸਿੰਘ ਸ਼ਾਦ ਮੇਰੇ ਦਿਲੀ ਮਿੱਤਰ
ਹੋਣ ਦੇ ਨਾਲ-ਨਾਲ ਮੈਂ ਉਹਨਾਂ ਨੂੰ ਆਪਣਾ ਸਾਹਿਤਕ ਉਸਤਾਦ ਵੀ ਮੰਨਦਾ ਹਾਂ।
? ਕੀ ਤੁਹਾਡੇ ਮਨ ਵਿਚ ਲਿਖਾਰੀ ਬਣਨ ਦੀ ਕੋਈ ਇੱਛਾ ਸੀ?
-ਮਨਪ੍ਰੀਤ, ਨਾ ਤਾਂ ਲਿਖਾਰੀ ਬਣਿਆਂ ਜਾ ਸਕਦੈ ਅਤੇ ਨਾ ਹੀ ਲੇਖਕ ਪੈਦਾ ਕੀਤਾ ਜਾ ਸਕਦੈ। ਇਹ ਤਾਂ
ਅਕਾਲ ਪੁਰਖ਼ ਦੀ ਇਕ ਅਦੁਤੀ ਦੇਣ, ਅਨਮੋਲ ਬਖ਼ਸ਼ਿਸ਼ ਹੁੰਦੀ ਹੈ। ਕਾਲਜ ਸਮੇਂ ਮੈਂ ਐਕਟਰ ਜਾਂ ਗਾਇਕ ਬਣਨਾ
ਚਾਹੁੰਦਾ ਸੀ। ਪਰ ਘਰਦਿਆਂ ਨੇ 'ਕੱਲਾ-'ਕੱਲਾ ਪੁੱਤ ਹੋਣ ਕਰਕੇ ਪੇਸ਼ ਨਾ ਜਾਣ ਦਿੱਤੀ। ਮੈਂ ਚਾਰ ਭੈਣਾਂ
ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਾਈ ਹਾਂ। ਫਿਰ ਗੁਰੂ ਬਾਬੇ ਨੇ ਲਿਖਣ ਵੱਲ ਨੂੰ ਤੋਰ ਲਿਆ। ਹੁਣ ਇਸੇ
ਕਾਰਜ ਵਿਚ ਹੀ ਸੰਤੁਸ਼ਟ ਹਾਂ।
? ਤੁਹਾਡੀ ਸਭ ਤੋਂ ਪਹਿਲੀ ਰਚਨਾ ਕਿਹੜੀ ਸੀ?
- ਮੇਰਾ ਸਾਹਿਤਕ ਸਫ਼ਰ ਨਾਵਲ 'ਜੱਟ ਵੱਢਿਆ ਬੋਹੜ ਦੀ ਛਾਂਵੇਂ' ਤੋਂ ਸ਼ੁਰੂ ਹੋਇਆ। ਇਹ ਨਾਵਲ ਲਿਖ ਕੇ
ਮੈਂ ਅੱਠ ਦਸ ਮਹੀਨੇ ਕਿਸੇ ਨੂੰ ਨਾ ਦਿਖਾਇਆ। ਸ਼ਰਮ ਜਿਹੀ ਮਹਿਸੂਸ ਕਰਦਾ ਰਿਹਾ। ਮੇਰੇ ਬਾਪੂ ਜੀ ਨੂੰ
ਪਤਾ ਲੱਗਿਆ ਤਾਂ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ; ਇਹਨੇ ਨਲਾਇਕ ਨੇ ਕੀ ਸੁਆਹ ਲਿਖਿਆ ਹੋਊ? ਮੇਰੇ
ਮਾਤਾ ਜੀ ਨੇ ਮੈਨੂੰ ਇਸ ਕੰਮ ਵਿਚ ਪੂਰਾ ਸਹਿਯੋਗ ਦਿੱਤਾ, ਚਾਹੇ ਉਹ ਸਹਿਯੋਗ ਮੇਰੇ ਬਾਪੂ ਜੀ ਤੋਂ
ਚੋਰੀ ਹੀ ਸੀ। ਹੁਣ ਬਾਪੂ ਜੀ ਵੀ ਮੇਰੇ ਲਿਖਣ ਕਾਰਜ ਵਿਚ ਖ਼ੁਸ਼ ਐ!
? ਅੱਜ ਕੱਲ੍ਹ ਕੀ ਲਿਖ ਰਹੇ ਹੋ?
- ਅੱਜ ਕੱਲ੍ਹ ਮੈਂ ਅਖੌਤੀ ਬਾਬਿਆਂ ਅਤੇ 'ਬਾਬੀਆਂ' 'ਤੇ ਇਕ ਵੱਡ-ਅਕਾਰੀ ਨਾਵਲ ਲਿਖ ਰਿਹਾ ਹਾਂ। ਅਜੇ
ਦੋ ਕੁ ਕਾਂਡ ਈ ਲਿਖੇ ਐ।
? ਤੁਸੀਂ ਪਹਿਲੇ ਨਾਵਲਾਂ ਵਿਚ ਪੁਲੀਸ, ਏਜੰਟ ਅਤੇ ਹੱਥ ਦੇਖਣ ਵਾਲੇ ਵਾਲੇ ਬਾਬੇ, ਕਹਿਣ ਦਾ ਮਤਲਬ
ਸਾਰਿਆਂ ਨੂੰ ਲੰਮੇ ਹੱਥੀਂ ਲਿਆ। ਹੁਣ ਬਾਬੇ ਅਤੇ 'ਬਾਬੀਆਂ' ਮਗਰ ਹੱਥ ਧੋ ਕੇ ਪੈ ਗਏ ਹੋ, ਕੋਈ ਖ਼ਾਸ
ਕਾਰਨ?
- ਛੋਟੇ ਭਾਈ, ਮੇਰਾ ਕਿਸੇ ਨਾਲ ਵੀ ਨਿੱਜੀ ਵੈਰ ਨਹੀਂ। ਏਜੰਟ ਤਾਂ ਹੁੰਦੇ ਈ ਗਿੱਦੜਮਾਰ ਨੇ! ਉਹ
ਤਾਂ ਬਖ਼ਸ਼ਣਯੋਗ ਹੈ ਈ ਨਹੀਂ। ਕੀ ਕੁਛ ਇਹਨਾਂ ਏਜੰਟਾਂ ਨੇ ਸਾਡੇ ਮੁੰਡਿਆਂ ਨਾਲ ਕੀਤਾ? ਤੈਨੂੰ ਪਤਾ ਈ
ਐ ਬਈ ਮੈਂ ਵੀਹ ਸਾਲ ਜਰਮਨ ਅਤੇ ਆਸਟਰੀਆ ਦੀ ਬਾਰਡਰ ਪੁਲੀਸ ਵਿਚ 'ਇੰਟਰਪਰੈਟਰ' ਤੌਰ 'ਤੇ ਕੰਮ ਕੀਤੈ।
ਜੋ-ਜੋ ਕੇਸ ਸਾਡੇ ਸਾਹਮਣੇ ਆਏ। ਜੋ-ਜੋ ਜ਼ੁਲਮ ਏਜੰਟਾਂ ਵੱਲੋਂ ਮੁੰਡਿਆਂ 'ਤੇ ਕੀਤੇ ਜਾਂਦੇ ਸੀ, ਉਹ
ਮੁੰਡਿਆਂ ਨੇ ਸਾਨੂੰ ਸੁਣਾਏ, ਉਹ ਜ਼ੁਲਮ ਦਿਲ ਹਿਲਾਊ ਅਤੇ ਹਿਰਦੇਵੇਧਕ ਸਨ। ਸੁਣ ਦੇਖ ਕੇ ਲੂੰ-ਕੰਡੇ
ਖੜ੍ਹੇ ਹੋ ਜਾਂਦੇ ਸੀ। ਏਜੰਟਾਂ 'ਤੇ ਨਾਵਲ 'ਤਰਕਸ਼ ਟੰਗਿਆ ਜੰਡ' ਦਾ ਲਿਖਿਆ ਜਾਣਾ ਸਮੇਂ ਦੀ ਮੰਗ
ਸੀ। ਬਾਕੀ ਆਹ ਅਖੌਤੀ ਬਾਬੇ ਜਾਂ 'ਬਾਬੀਆਂ' ਜੋ ਰੱਬ ਦੇ ਠੇਕੇਦਾਰ ਬਣੇ ਬੈਠੇ ਐ, ਇਹ ਵੀ ਉਹਨਾਂ
ਏਜੰਟਾਂ ਨਾਲੋਂ ਘੱਟ ਨਹੀਂ! ਏਜੰਟ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੋਕਾਂ ਨੂੰ ਮੁੰਨਦੇ ਐ, ਤੇ
ਬਾਬੇ-ਬਾਬੀਆਂ ਸਵਰਗ-ਨਰਕ ਦਾ ਲਾਲਚ ਅਤੇ ਡਰ ਦੇ ਕੇ ਛਿੱਲ ਪੱਟੀ ਜਾਂਦੇ ਐ। ਸਵਰਗ ਦਾ ਲਾਲਚ ਅਤੇ
ਨਰਕ ਦਾ ਡਰ! ਇੰਗਲੈਂਡ ਵਿਚ ਦੋ ਲੱਖ ਪੌਂਡ ਦਾ ਮਕਾਨ ਲੈ ਕੇ ਮੇਰੇ ਨਾਸੀਂ ਧੂੰਆਂ ਆਇਆ ਪਿਐ, ਪਰ ਇਹ
ਬਾਬੇ ਅਤੇ ਬਾਬੀਆਂ ਦੇਖ ਲੈ ਕੋਈ ਨਾ ਕੋਈ ਸੌਦਾ ਮਾਰੀ ਰੱਖਦੇ ਐ। ਦੱਸ ਇਹਨਾਂ ਦੇ ਕਿਹੜੇ ਟਰੱਕ ਜਾਂ
ਹਲ਼ ਚੱਲਦੇ ਐ? ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਅਖੌਤੀ ਬਾਬਿਆਂ ਅਤੇ ਬਾਬੀਆਂ ਦੀ ਖ਼ੁਦ ਮਹਿਮਾਂ
ਕਰਦੇ ਹਨ, ਇਹ ਨਾਵਲ ਪੜ੍ਹ ਕੇ ਉਹਨਾਂ ਦੀਆਂ ਅੱਖਾਂ ਜ਼ਰੂਰ ਖ਼ੁੱਲ੍ਹ ਜਾਣਗੀਆਂ ਕਿ ਇਹਨਾਂ ਦੀ ਅਸਲੀਅਤ
ਕੀ ਹੈ? ਕਿਉਂਕਿ ਇਹ ਗੱਲਾਂ-ਬਾਤਾਂ ਨਾਲ ਪੂੜੇ ਪਕਾਉਣ ਵਾਲੇ ਰੱਬ ਦੇ ਅਖੌਤੀ ਠੇਕੇਦਾਰ ਕਿਸੇ ਦਾ
ਕੁਝ ਨਹੀਂ ਸੁਆਰ ਸਕਦੇ। ਲੋਕ-ਪ੍ਰਲੋਕ ਸਿਰਫ਼ ਗੁਰੂ-ਬਾਣੀ ਦੇ ਲੜ ਲੱਗ ਕੇ ਹੀ ਸੁਆਰਿਆ ਜਾ ਸਕਦੈ।
ਗੁਰਬਾਣੀ ਸੁਮੱਤ ਦਿੰਦੀ ਐ, ਕਵਨੁ ਨਰਕੁ ਕਿਆ ਸੁਰਗੁ ਬੀਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ
ਨ ਕਢਤੇ ਅਪਨੇ ਗੁਰ ਪ੍ਰਸਾਦੇ॥ ਜਿਹੜੇ ਸਾਧੂ-ਸੰਤ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ
ਕਰਦੇ ਹਨ, ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਪਰ
ਜਿਹੜੇ ਸਿਰਫ਼ ਅਤੇ ਸਿਰਫ਼ ਆਪਣੀ ਮਹਿਮਾਂ ਚਾਹੁੰਦੇ ਹਨ, ਉਹਨਾਂ ਦਾ ਮੈਂ ਕਲਮ ਪੱਖੋਂ ਵੈਰੀ ਹਾਂ। ਜਦੋਂ
ਇਹ, ਗੱਲੀਂ ਬਾਤੀਂ ਮੈਂ ਵੱਡੀ, ਕਰਤੂਤੋਂ ਵੱਡੀ ਜਿਠਾਣੀ ਵਾਲੀ ਗੱਲ ਕਰਕੇ ਭੋਲ਼ੀ-ਭਾਲ਼ੀ ਜਨਤਾ ਨੂੰ
ਬੇਵਕੂਫ਼ ਬਣਾ ਕੇ ਲੁੱਟਦੇ ਐ, ਉਹ ਮੈਥੋਂ ਜਰਿਆ ਨ੍ਹੀ ਜਾਂਦਾ। ਕਿਉਂਕਿ ਸਾਰੇ ਪੰਜਾਬੀ ਹੀ ਮੇਰੇ ਆਪਣੇ,
ਮੇਰਾ ਪ੍ਰੀਵਾਰ ਹਨ!
? ਭਵਿੱਖਬਾਣੀ ਕਰਨ ਵਾਲੇ ਬਾਬਿਆਂ ਬਾਰੇ ਕੀ ਖਿਆਲ ਐ?
- ਮਾੜਾ ਹੀ ਐ...! ਪਿਛਲੇ ਸਾਲ ਅੱਠ ਅਕਤੂਬਰ ਨੂੰ 'ਪੰਜਾਬ ਟਾਈਮਜ਼' ਇੰਗਲੈਂਡ ਦੇ ਚੇਅਰਮੈਨ ਸ.
ਰਾਜਿੰਦਰ ਸਿੰਘ ਪੁਰੇਵਾਲ ਨੇ ਡਰਬੀ ਵਿਖੇ ਇਕ ਵਿਸ਼ਾਲ ਕਾਨਫ਼ਰੰਸ ਕਰਵਾਈ। ਮੈਨੂੰ ਵੀ ਸੱਦਾ ਆਇਆ। ਮੈਂ
ਗਿਆ ਵੀ। ਆਪਣੇ ਵਿਚਾਰ ਵੀ ਕਾਨਫ਼ਰੰਸ ਦੀ ਸਟੇਜ਼ ਤੋਂ ਰੱਖੇ। ਉਥੇ ਬਾਬਿਆਂ ਵੱਲੋਂ ਸ. ਰਾਜਿੰਦਰ ਸਿੰਘ
ਪੁਰੇਵਾਲ ਨੂੰ ਕੱਢੀਆਂ ਗਾਲ੍ਹਾਂ ਦੀ ਕੈਸਿਟ ਵੀ ਸੁਣੀ। 'ਬਾਬਿਆਂ' ਵੱਲੋਂ ਧਮਕੀਆਂ ਵੀ ਦਿੱਤੀਆਂ
ਹੋਈਆਂ ਸਨ, ਅਸੀਂ ਮੰਤਰ ਪੜ੍ਹ ਕੇ ਥੋਡੇ 'ਤੇ ਖੋਪੜੀਆਂ ਸੁੱਟ ਦਿਆਂਗੇ, ਅਸੀਂ 'ਕੱਠੇ ਹੋ ਕੇ ਮੰਤਰ
ਮਾਰਾਂਗੇ ਤੇ ਪੰਜਾਬ ਟਾਈਮਜ਼ ਨੂੰ ਫ਼ਨਾਂਹ ਕਰ ਦਿਆਂਗੇ, ਫ਼ੂਕ ਦਿਆਂਗੇ, ਪਰਲੋਂ ਲਿਆ ਦਿਆਂਗੇ...ਬਗੈਰਾ-ਬਗੈਰਾ!
ਸੱਤ-ਅੱਠ ਮਹੀਨੇ ਹੋ ਗਏ, ਅੱਜ ਤੱਕ ਨਾ ਤਾਂ ਪੰਜਾਬ ਟਾਈਮਜ਼ ਦੇ ਦਫ਼ਤਰ ਇਹਨਾਂ ਨੇ ਕੋਈ ਪਰਲੋਂ ਲਿਆਂਦੀ
ਅਤੇ ਨਾ ਹੀ ਪੁਰੇਵਾਲ ਮੂਰਛਤ ਹੋਇਆ। ਜੇ ਇਹਨਾਂ 'ਚ ਤਾਕਤ ਹੁੰਦੀ, ਤਾਂ ਇਹ ਪੁਰੇਵਾਲ ਨੂੰ ਆਪਣੇ
ਖ਼ਿਲਾਫ਼ ਤੁਰਨ ਹੀ ਨਹੀਂ ਸੀ ਦਿੰਦੇ! ਆਪਣੇ ਬਾਰੇ ਇਹ ਭਵਿੱਖਬਾਣੀ ਨਹੀਂ ਕਰ ਸਕੇ, ਕਿ ਹੁਣ ਪੁਰੇਵਾਲ
ਸਾਡੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇਗਾ, ਸਭ ਤੋਂ ਪਹਿਲਾਂ ਮੰਤਰ ਮਾਰ ਕੇ ਇਹਨੂੰ ਵੱਸ 'ਚ ਕਰੀਏ। ਜੇ
ਇਹਨਾਂ 'ਚ ਕੋਈ ਸ਼ਕਤੀ ਹੁੰਦੀ, ਇਹ ਹੁਣ ਨੂੰ ਮੰਤਰਾਂ-ਜੰਤਰਾਂ ਨਾਲ ਪੰਜਾਬ ਟਾਈਮਜ਼ ਦੇ ਦਫ਼ਤਰ ਨੂੰ
ਮੂਧਾ ਮਾਰ ਦਿੰਦੇ। ਸ. ਰਾਜਿੰਦਰ ਸਿੰਘ ਪੁਰੇਵਾਲ ਵੱਲੋਂ ਵਿੱਢੀ ਜਾਣ ਵਾਲੀ ਮੁਹਿੰਮ ਬਾਰੇ ਤਾਂ ਇਹਨਾਂ
ਨੂੰ ਕੋਈ ਭਵਿੱਖਬਾਣੀ ਨਹੀਂ ਹੋਈ? ਮੈਂ ਕਾਨਫ਼ਰੰਸ ਦੀ ਸਟੇਜ਼ 'ਤੇ ਵੀ ਆਖਿਆ ਸੀ ਕਿ ਸੁਨਾਮੀ ਲਹਿਰਾਂ
ਆਈਆਂ। ਪੰਦਰਾਂ ਮਿੰਟ ਗਿਆਰਾਂ ਦੇਸ਼ਾਂ ਦੀ ਮਿੱਟੀ ਉਪਰੋਥਲੀ ਹੁੰਦੀ ਰਹੀ। ਲੱਖਾਂ ਲੋਕ ਜਾਨਾਂ ਤੋਂ
ਹੱਥ ਧੋ ਬੈਠੇ, ਅਰਬਾਂ ਦਾ ਆਰਥਿਕ ਨੁਕਸਾਨ ਹੋ ਗਿਆ, ਪਰ ਇਹਨਾਂ ਬਾਬੇ ਜਾਂ 'ਬਾਬੀਆਂ' 'ਚੋਂ ਕਿਸੇ
ਦਾ ਵੀ ਤੀਸਰਾ ਨੇਤਰ ਨਹੀਂ ਖੁੱਲ੍ਹਿਆ? ਕਿਸੇ ਨੂੰ ਵੀ ਭਵਿੱਖਬਾਣੀ ਨਾ ਹੋਈ? ਦੱਸੋ ਇਹਨਾਂ 'ਚ ਕਿਹੜੀ
ਸ਼ਕਤੀ ਐ? 9/11 ਨੂੰ ਵਰਲਡ ਟਰੇਡ ਸੈਂਟਰ 'ਤੇ ਹਮਲਾ ਹੋਇਆ। ਹਜ਼ਾਰਾਂ ਲੋਕ ਮੌਤ ਦੇ ਮੂੰਹ 'ਚ ਜਾ
ਡਿੱਗੇ। ਪਰ ਭਵਿੱਖਬਾਣੀ ਕਰਨ ਵਾਲੇ ਸਾਰੇ ਹੀ ਮੂੰਹ 'ਚ ਪਤਾਸੇ ਪਾਈ ਬੈਠੇ ਰਹੇ? ਅਮਰੀਕਾ ਓਸਾਮਾ
ਬਿਨ ਲਾਦੇਨ ਪਿੱਛੇ ਕਮਲ਼ਾ ਹੋਇਆ ਫਿਰਦੈ। ਕਹੇ ਇਹਨਾਂ ਬਾਬਿਆਂ ਨੂੰ ਕਿ ਓਸਾਮਾ ਬਿਨ ਲਾਦੇਨ ਲੱਭ ਕੇ
ਦਿਓ! ਨਾਲੇ ਉਸ ਦੇ ਤਾਂ ਸਿਰ ਦਾ ਇਨਾਮ ਵੀ 25 ਮਿਲੀਅਨ ਡਾਲਰ ਰੱਖਿਆ ਹੋਇਐ! ਮੈਂ ਇਕ ਕਵਿਤਾ ਲਿਖੀ
ਸੀ: ਚਾਹੇ ਮਾਝਾ, ਚਾਹੇ ਦੁਆਬਾ, ਚਾਹੇ ਮਲਵਈ ਐ! ਗੁਣ ਚਾਹੀਦੈ, ਦੁਨੀਆਂ ਲੁੱਟਣ ਵੱਲੋਂ ਪਈ ਐ! ਬੰਦੇ
ਨੂੰ ਦੁਨੀਆਂ ਲੁੱਟਣ ਦਾ ਵੱਲ ਹੋਣਾ ਚਾਹੀਦੈ। ਦੁਨੀਆਂ ਤਾਂ ਕਹਿੰਦੀ ਕਿ ਆਓ! ਸਾਨੂੰ ਲੁੱਟੋ ਤੇ ਖਾਓ!!
? ਬਾਈ ਜੀ, ਤੁਹਾਡਾ ਕੀ ਖਿਆਲ ਹੈ ਕਿ ਇਹ ਕੰਮ ਕਿਵੇਂ ਬੰਦ ਹੋ ਸਕਦੈ?
- ਇਹ ਗੱਲ ਮੈਥੋਂ ਟੀ. ਵੀ. 'ਚੈਨਲ ਪੰਜਾਬ' ਵਾਲਿਆਂ ਨੇ ਵੀ ਡਰਬੀ ਪੁੱਛੀ ਸੀ। ਅਖ਼ਬਾਰੀ ਇਸ਼ਤਿਹਾਰਾਂ
ਦਾ ਲੋਕਾਂ 'ਤੇ ਕੋਈ ਅਸਰ ਹੁੰਦਾ ਹੋਵੇ, ਚਾਹੇ ਨਾ ਹੁੰਦਾ ਹੋਵੇ, ਇਹਦੇ ਬਾਰੇ ਮੈਂ ਨਹੀਂ ਆਖ ਸਕਦਾ।
ਇਹ ਗੱਲ ਮੈਂ 'ਰਾਜ ਰੇਡੀਓ' ਦੀ ਇੰਟਰਵਿਊ 'ਤੇ ਵੀਰ ਸੁਰਿੰਦਰ ਮਾਹਲ ਨੂੰ ਵੀ ਆਖ ਚੁੱਕਾ ਹਾਂ ਕਿ
ਇਹਨਾਂ ਅਖੌਤੀ ਬਾਬਿਆਂ ਅਤੇ 'ਬਾਬੀਆਂ' ਦੀ ਤੁਰਦੀ ਫਿਰਦੀ ਪ੍ਰਸਿੱਧੀ ਸਾਡੀਆਂ ਬੀਬੀਆਂ-ਭੈਣਾਂ ਹਨ।
ਮੈਂ ਬੜੀ ਗੰਭੀਰ ਅਤੇ ਬਰੀਕ ਨਜ਼ਰ ਨਾਲ ਵਾਚਿਐ ਕਿ ਇਹਨਾਂ ਦੀ ਪ੍ਰਸਿੱਧੀ ਵਿਚ ਸਭ ਤੋਂ ਵੱਧ ਯੋਗਦਾਨ
ਪਾਉਣ ਵਾਲੇ ਸਾਡੇ ਆਪਣੇ ਹੀ ਲੋਕ ਹਨ। ਸਾਡੀਆਂ ਮਾਈਆਂ ਰੱਬ ਰਜਾਈਆਂ ਉਹਨਾਂ ਲਈ ਤੁਰਦਾ ਫਿਰਦਾ
ਰੇਡੀਓ ਸਟੇਸ਼ਨ ਹਨ! ਮੈਂ ਅੱਖੀਂ ਦੇਖਿਆ ਅਤੇ ਕੰਨੀਂ ਸੁਣਿਆਂ ਹੈ ਕਿ ਕਿਵੇਂ ਬੀਬੀਆਂ ਲੋਕਾਂ ਵਿਚ
ਇਹਨਾਂ ਦੇ ਪ੍ਰਸਿੱਧੀ ਵਾਲੇ ਦੀਵੇ ਦੀ ਬੱਤੀ ਉਗੀਸਦੀਆਂ ਫ਼ਿਰਦੀਐਂ। ਕਿਵੇਂ ਇਹ ਉਹਨਾਂ ਦੇ
ਗੁਮਰਾਹ-ਕਰੂ ਕਹਾਣੇ ਅਤੇ ਮਨਘੜ੍ਹਤ ਸੁਣਾਈਆਂ ਗੱਲਾਂ ਵਿਚ ਫ਼ਸਦੀਐਂ ਅਤੇ ਫਿਰ ਅੱਗੇ 'ਪਬਲੀਸਿਟੀ'
ਕਰਦੀਆਂ ਹਨ। ਹੋ ਸਕਦੈ, ਇਹ ਪ੍ਰਸਿੱਧੀ ਜਾਣ-ਬੁੱਝ ਕੇ ਕਰਵਾਈ ਜਾਂਦੀ ਹੋਵੇ? ਤਾਂ ਕਿ ਹੋਰ ਲੋਕਾਂ
ਨੂੰ ਆਪਣੇ ਮੱਕੜ-ਜਾਲ ਵਿਚ ਫ਼ਸਾਇਆ ਜਾ ਸਕੇ। ਅਸੀਂ ਲਿਖਾਰੀ ਲੋਕ ਤਾਂ ਲੋਕਾਂ ਦੇ ਚੌਂਕੀਦਾਰ ਹਾਂ।
ਅਸੀਂ ਤਾਂ ਠੋਸ ਅਤੇ ਨਿੱਗਰ ਵਿਸ਼ਾ ਆਮ ਜਨਤਾ ਵਿਚ ਲਿਆਉਣਾ ਹੈ। ਅੱਗੇ ਫ਼ੈਸਲਾ ਲੋਕਾਂ ਦੇ ਹੱਥ ਹੈ ਕਿ
ਉਹ ਇਸ ਵਿਸ਼ੇ ਨੂੰ ਨਿਕਾਰਦੇ ਹਨ, ਜਾਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਨੇ? ਲੋਕ ਸਭ ਤੋਂ ਵੱਡੀ ਤਾਕਤ
ਹਨ। ਚਾਹੁੰਣ ਤਾਂ ਤਖ਼ਤ 'ਤੇ ਬਿਠਾ ਦੇਣ, ਜੇ ਚਾਹੁੰਣ ਤਾਂ ਤਖ਼ਤੇ 'ਤੇ ਵੀ ਚਾੜ੍ਹ ਸਕਦੇ ਹਨ। ਸਾਡਾ
ਲੇਖਕਾਂ ਦਾ ਕੰਮ ਹੈ, ਲੋਕਾਂ ਵਿਚ ਢੋਲ ਕੁੱਟਣਾ! ਜਾਂ 'ਜਾਗਦੇ ਰਹੋ' ਦਾ 'ਹੋਕਾ' ਦੇਣਾ! ਜਾਗਣਾ,
ਜਾਂ ਨਾ ਜਾਗਣਾ ਲੋਕਾਂ ਦਾ ਕੰਮ ਐਂ! ਚੌਂਕੀਦਾਰ ਸਿਰਫ਼ ਹੋਕਾ ਦੇਣ ਵਾਲਾ ਅਤੇ ਸੁਚੇਤ ਕਰਨ ਵਾਲਾ
ਹੁੰਦੈ। ਹੋਰ ਕਿਤੇ ਚੌਂਕੀਦਾਰ ਕੋਲੇ ਕੋਈ ਤੋਪ ਨਹੀਂ ਹੁੰਦੀ, ਜਿਹੜੀ ਉਸ ਨੇ ਦਾਗ ਦੇਣੀ ਐਂ। ਉਹ
ਚੌਂਕੀਦਾਰ ਅਸੀਂ ਲੇਖਕ ਲੋਕ ਹਾਂ! ਇਕ ਗੱਲ ਮੈਂ ਦਾਅਵੇ ਅਤੇ ਸਵੈ-ਭਰੋਸੇ ਨਾਲ ਆਖਦੈਂ ਕਿ ਇਹ ਨਾਵਲ
ਆਪਣੀ ਦੁਨੀਆਂ ਵਿਚ ਤੜਥੱਲ ਜ਼ਰੂਰ ਮਚਾਵੇਗਾ। ਇਕ ਗੱਲ ਹੋਰ ਨੋਟ ਕਰਨ ਵਾਲੀ ਹੈ, ਔਰਤਾਂ ਇਕ ਦੂਜੀ
ਨੂੰ ਆਖਣਗੀਆਂ, ਨ੍ਹੀ ਤੂੰ ਆਹ ਵਰਤ ਰੱਖ ਕੇ ਦੇਖ, ਦੇਖ ਫੇਰ ਤੇਰੀ ਨਣਾਨ ਦੇ ਕਿਵੇਂ ਕੀੜੇ ਪੈਂਦੇ
ਐ। ਜਾਂ ਆਹ ਵਰਤ ਰੱਖ ਕੇ ਦੇਖ, ਲੈ ਤੇਰੀ ਭੈਣ ਦਾ ਤਲਾਕ ਜਮਾਂ ਨਹੀਂ ਹੁੰਦਾ। ਪਰ ਗੁਰੂ ਦੀ ਬਾਣੀ
ਤਾਂ, ''ਨਾ ਕੋ ਵੈਰੀ ਨਾਹਿ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ'' ਦਾ ਉਪਦੇਸ਼ ਦਿੰਦੀ ਐ।
ਸੰਯੋਗ-ਵਿਯੋਗ ਵਿਚ ਦੁਨੀਆਂ ਵਿਚਰਦੀ ਹੈ। ਇਹ ਤਾਂ ਜੋ ਅਕਾਲ ਪੁਰਖ਼ ਨੇ ਧੁਰ ਦਰਗਾਹੋਂ ਲਿਖ ਦਿੱਤਾ,
ਹਰ ਹਾਲਤ ਵਿਚ ਹੋ ਕੇ ਰਹਿਣੈਂ। ਆਪਣੀਆਂ ਗਲਤੀਆਂ ਦਾ ਅਧਿਐਨ ਨਹੀਂ ਕਰਨਾ, ਆਪਦੀ ਪੀੜ੍ਹੀ ਹੇਠ ਸੋਟਾ
ਫੇਰਨਾ ਨਹੀਂ, ਦੂਜੀ ਦੇ 'ਕੀੜੇ' ਪਾਉਣ ਵਾਸਤੇ ਵਰਤ ਰੱਖੀ ਜਾਣੇ, ਕਿਹੜਾ ਸਿਧਾਂਤ ਹੈ ਇਹੇ? ਜੇ ਕਿਸੇ
ਦੇ ਤਲਾਕ ਦਾ ਮਸਲਾ ਚੱਲ ਰਿਹੈ, ਤੁਸੀਂ ਉਹਦੀ ਤਹਿ ਤੱਕ ਜਾਓ, ਕਿ ਕਲੇਸ਼ ਦਾ ਅਸਲ ਕਾਰਨ ਜਾਂ ਜੜ੍ਹ
ਕੀ ਹੈ? ਨਾ ਕਿ ਵਰਤਾਂ ਜਾਂ ਕਰਮ ਕਾਂਡਾਂ ਵਿਚ ਫ਼ਸ ਕੇ, ਮਨ ਨੂੰ ਫ਼ੋਕੇ ਧਰਵਾਸ ਦੇਈ ਜਾਓ ਜਾਂ ਦੂਜਿਆਂ
ਦੇ ਕੀੜੇ ਪਾਈ ਜਾਓ! ਗੁਰੂ ਦੀ ਬਾਣੀ ਤਾਂ ''ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ''
ਦਾ ਫ਼ੁਰਮਾਨ ਕਰਦੀ ਹੈ।
? ਤੁਸੀਂ ਪੱਚੀ ਸਾਲ ਦੇ ਕਰੀਬ ਆਸਟਰੀਆ ਰਹੇ, ਵੀਹ ਸਾਲ ਬਾਰਡਰ ਪੁਲੀਸ 'ਚ ਕੰਮ ਕੀਤਾ। ਫੇਰ ਪਿਛਲੇ
ਸਾਲ ਅਚਾਨਕ ਇੰਗਲੈਂਡ ਪੱਕੇ ਤੌਰ 'ਤੇ ਵਸਣ ਦਾ ਮਨ ਕਿਵੇਂ ਬਣ ਗਿਆ?
- ਦਾਣਾਂ ਪਾਣੀਂ ਖਿੱਚ ਕੇ ਲੈ ਆਉਂਦੈ ਮਨਪ੍ਰੀਤ! ਮੇਰਾ ਇੱਥੇ ਆਉਣ ਦਾ ਕੋਈ ਵੀ ਪ੍ਰੋਗਰਾਮ ਨਹੀਂ
ਸੀ। ਜਦੋਂ ਮੈਂ ਪੂਰੀ ਚੜ੍ਹਦੀ ਕਲਾ ਵਿਚ ਸੀ, ਮੈਂ ਹਰ ਸਾਲ ਚਾਰ-ਚਾਰ, ਪੰਜ-ਪੰਜ ਚੱਕਰ ਇੰਗਲੈਂਡ ਦੇ
ਲਾ ਜਾਂਦਾ ਸੀ। ਭਾਰਤ ਜਾਂ ਕੈਨੇਡਾ, ਅਮਰੀਕਾ ਤੁਰਿਆ ਹੀ ਰਹਿੰਦਾ ਸੀ। ਕਈ ਸਾਲ ਪਹਿਲਾਂ ਯੂਰਪੀਅਨ
ਯੂਨੀਅਨ ਹੋਂਦ ਵਿਚ ਆਈ। ਯੂਰਪ ਦੇ ਸਾਰੇ ਦੇਸ਼ਾਂ ਦੇ ਬਾਰਡਰ ਚੁੱਕ ਲਏ ਗਏ। ਬਾਰਡਰ 'ਤੇ ਡਿਊਟੀਆਂ
ਖ਼ਤਮ ਹੋ ਗਈਆਂ! ਏਅਰਪੋਰਟ 'ਤੇ ਡਿਊਟੀ ਸ਼ੁਰੂ ਕੀਤੀ। ਉਥੇ ਮੈਨੂੰ ਤਕਰੀਬਨ 32 ਯੂਰੋ ਘੰਟੇ ਦੇ ਮਿਲਦੇ
ਸੀ। ਜਦੋਂ ਸਲਵਾਕ ਅਤੇ ਰਿਪਬਲਕ ਚੈੱਕ ਯੂਰਪੀਅਨ ਯੂਨੀਅਨ 'ਚ ਆਏ, ਤਾਂ ਉਥੋਂ ਦੇ ਬਹੁਤੇ ਲੋਕ
ਆਸਟਰੀਆ ਆ ਗਏ। ਉਹਨਾਂ ਨੇ ਉਹੀ ਕੰਮ, ਜਿਹੜਾ ਅਸੀਂ 32 ਯੂਰੋ ਘੰਟੇ 'ਚ ਕਰਦੇ ਸੀ, 17 ਯੂਰੋ 'ਚ
ਕਰਨਾ ਸ਼ੁਰੂ ਕਰ ਦਿੱਤਾ। ਸਾਡੀ ਫ਼ੱਟੀ ਫੇਰ ਪੋਚੀ ਗਈ। 'ਕੱਲਾ ਮੈਂ ਹੀ ਨਹੀਂ, ਆਸਟਰੀਅਨ ਅਤੇ ਜਰਮਨ
ਲੋਕ ਵੀ ਬੇਰੁਜ਼ਗਾਰ ਹੋਏ। ਫੇਰ ਐਥੇ ਇੰਗਲੈਂਡ ਵਸਦੇ ਰਿਸ਼ਤੇਦਾਰਾਂ ਨੇ ਆਖਣਾ ਸ਼ੁਰੂ ਕਰ ਦਿੱਤਾ ਬਈ
ਤੁਸੀਂ ਚੁੱਪ ਕਰਕੇ ਇੰਗਲੈਂਡ ਆ ਜਾਵੋ। ਫਿਰ ਬੱਚੇ ਅਤੇ ਘਰਵਾਲੀ ਤਾਂ ਮੈਂ ਪਹਿਲਾਂ ਐਥੇ ਭੇਜ ਦਿੱਤੇ
ਸੀ, ਪਰ ਆਪ ਮਈ 2006 'ਚ ਇੱਥੇ ਆਇਆ।
? ਇੱਥੋਂ, ਮਤਲਬ ਇੰਗਲੈਂਡ ਬਾਰੇ ਕੋਈ ਨਵਾਂ ਤਜ਼ਰਬਾ?
- ਬਹੁਤੀ ਗੱਲ ਤਾਂ ਮੈਂ ਨਹੀਂ ਕਰਦਾ। ਪਰ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ
ਭੱਜਗੇ...! ਪਰ ਮੇਰੇ ਜਿਗਰੀ ਮਿੱਤਰਾਂ ਨੇ, ਜਿੰਨੀ ਕੁ ਜੋਕਰੇ ਉਹ ਸੀ, ਮੇਰੀ ਨੰਗੇ ਧੜ੍ਹ ਮੱਦਦ
ਕੀਤੀ। ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਜ਼ਿੰਦਗੀ ਭਰ ਰਿਣੀਂ ਰਹਾਂਗਾ। ਜ਼ਿੰਦਗੀ
ਵਿਚ ਬੰਦੇ ਨੂੰ ਚੰਗੇ ਮੰਦੇ ਤਜ਼ਰਬੇ ਹੁੰਦੇ ਹੀ ਰਹਿੰਦੇ ਹਨ। ਕਈ ਤਜ਼ਰਬੇ ਅਜਿਹੇ ਹੁੰਦੇ ਨੇ, ਜਿਹਨਾਂ
ਨੂੰ ਬੰਦਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਉਹ ਸ਼ਿਲਾਲੇਖ ਵਾਂਗ ਬੰਦੇ ਦੇ ਦਿਲ 'ਤੇ ਉਕਰੇ ਰਹਿੰਦੇ
ਨੇ! ਮੇਰੇ ਉਹੀ ਰਿਸ਼ਤੇਦਾਰ, ਜਿਹੜੇ ਐਥੇ ਆਉਣ ਲਈ ਜੋਰ ਪਾਉਂਦੇ ਸੀ, ''ਖਾਂਦੇ ਦੀ ਦਾਹੜੀ ਹਿਲਦੀ
ਐ'' ਦਾ ਸਿਧਾਂਤ ਅੱਗੇ ਰੱਖ ਕੇ ਅੱਜ ਕੱਲ੍ਹ ਮੇਰੇ ਨਾਲ ਬਿਲਕੁਲ ਬੋਲਣੋਂ ਹਟੇ ਹੋਏ ਹਨ, ਬਿਨਾਂ ਕਿਸੇ
ਕਾਰਨ ਤੋਂ! ਕਿਉਂਕਿ ਜਦੋਂ ਬੰਦੇ 'ਤੇ ਵਕਤ ਪੈਂਦੈ, ਤਾਂ ਸੁੱਬੀ ਵੀ ਸੱਪ ਬਣ ਜਾਂਦੀ ਐ। ਛੋਟੇ ਵੀਰ,
ਜੇ ਚੰਗੇ ਦਿਨ ਨਹੀਂ ਰਹੇ, ਤਾਂ ਰਹਿੰਦੇ ਮਾੜੇ ਵੀ ਨਹੀਂ। ਪਰ ਜਿੰਨੇ ਕੌੜੇ ਤਜ਼ਰਬੇ ਮੈਨੂੰ ਇੱਥੇ
ਇੰਗਲੈਂਡ ਆ ਕੇ ਇਕ ਸਾਲ ਵਿਚ ਹੋਏ ਹਨ, ਹੋ ਸਕਦੈ ਆਸਟਰੀਆ ਮੈਨੂੰ 25 ਸਾਲ ਹੋਰ ਰਹਿ ਕੇ ਵੀ ਨਾ
ਹੁੰਦੇ? ਖ਼ੈਰ, ਤਜ਼ਰਬਿਆਂ ਤੋਂ ਬੰਦਾ ਬਹੁਤ ਕੁਝ ਸਿੱਖਦੈ! ਮੈਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲ ਰਿਹੈ!
ਇਸ ਤਜ਼ਰਬੇ ਨੇ ਮੈਨੂੰ ਵਕਤ ਨਾਲ਼ ਟੱਕਰ ਲੈਣੀ ਸਿਖਾਈ।
? ਹੁਣ ਤੱਕ ਕਿਨੀਆਂ ਕਿਤਾਬਾਂ ਲਿਖ ਚੁੱਕੇ ਹੋ?
- 19, ਚਾਰ ਕਹਾਣੀ-ਸੰਗ੍ਰਹਿ ਅਤੇ ਪੰਦਰਾਂ ਨਾਵਲ! 12 ਨਾਵਲ ਤਾਂ ਮੇਰੇ ਬਾਹਰਲੇ ਅਖਬਾਰਾਂ ਵਿਚ
ਲੜੀਵਾਰ ਹੀ ਛਪ ਚੁੱਕੇ ਐ। ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਕੈਨੇਡਾ 'ਹਮਦਰਦ ਵੀਕਲੀ' ਅਤੇ
ਇੰਗਲੈਂਡ 'ਪੰਜਾਬ ਟਾਈਮਜ਼' ਵਿਚ ਲੜੀਵਾਰ ਛਪ ਰਿਹਾ ਹੈ। ਇਸ ਤੋਂ ਇਲਾਵਾ 'ਸਿੱਖ ਟਾਈਮਜ਼' ਇੰਗਲੈਂਡ
ਵਿਚ 'ਕੋਈ ਲੱਭੋ ਸੰਤ ਸਿਪਾਹੀ ਨੂੰ', ਪੰਜਾਬ ਵਿਚ 'ਰੋਜ਼ਾਨਾ ਪਹਿਰੇਦਾਰ' ਵਿਚ ਬਹੁ-ਚਰਚਿਤ ਅਤੇ
ਸੰਸਾਰ ਪ੍ਰਸਿੱਧ ਨਾਵਲ 'ਪੁਰਜਾ ਪੁਰਜਾ ਕਟਿ ਮਰੈ' ਛਪ ਰਿਹਾ ਹੈ ਅਤੇ 20ਵਾਂ ਨਾਵਲ ਅੱਜ ਕੱਲ੍ਹ ਲਿਖ
ਰਿਹਾ ਹਾਂ।
? ਕੀ ਕਦੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨੂੰ ਕਿਸੇ ਕਹਾਣੀ ਜਾਂ ਨਾਵਲ ਵਿਚ ਬਿਆਨ ਕੀਤਾ ਜਾ ਸਕਦਾ
ਹੈ?
- ਕਿਉਂ ਨਹੀਂ...? ਜੇ ਲੇਖਕ ਲੋਕਾਂ ਦੇ ਦੁੱਖ ਲਿਖ ਸਕਦਾ ਹੈ ਤਾਂ ਆਪਣੇ ਦੁੱਖ ਲਿਖਣੇ ਤਾਂ ਹੋਰ ਵੀ
ਸੌਖੇ ਐ। ਪਰ ਮੈਂ ਹਾਲੇ ਤੱਕ ਲੋਕਾਂ ਦੇ ਹੀ ਬਹੁਤੇ ਦੁੱਖ ਰੋਏ ਹਨ, ਆਪਣੇ ਦੁੱਖ ਲਿਖਣ ਦਾ ਘੱਟ ਹੀ
ਮੌਕਾ ਮਿਲਿਆ ਹੈ। ਕੁਝ ਸਾਲਾਂ ਵਿਚ ਆਪਣੀ ਜੀਵਨੀ ਲਿਖਾਂਗਾ, ਜਿਸ ਦਾ ਮੈਂ ਨਾਂ ਤੱਕ ਸੋਚ ਰੱਖਿਐ,
''ਪਿਛਲਖੁਰੀ ਮੁੜਦਿਆਂ।'' ਕਦੇ-ਕਦੇ ਇਉਂ ਲੱਗਦੈ ਬਈ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਲਿਖਣ ਵਾਲਾ ਅਜੇ
ਬਹੁਤ ਕੁਛ ਪਿਆ ਹੈ।
? ਤੁਹਾਡੇ 'ਤੇ ਅਸ਼ਲੀਲਤਾ ਦਾ ਲੇਬਲ ਲੱਗਦਾ ਹੀ ਰਹਿੰਦਾ ਹੈ, ਕਿ ਤੁਸੀਂ ਲੱਚਰ ਲਿਖਦੇ ਹੋ, ਇਸ ਬਾਰੇ
ਕੀ ਕਹਿਣਾ ਚਾਹੋਂਗੇ?
-ਇਹ ਸੁਆਲ ਕੋਈ ਪਹਿਲੀ ਵਾਰ ਨਹੀਂ, ਰੇਡੀਓ, ਟੈਲੀਵੀਯਨ ਅਤੇ ਅਖ਼ਬਾਰਾਂ ਵਾਲੇ ਇੰਟਰਵਿਊਕਾਰ ਮਿੱਤਰ
ਕਰਦੇ ਹੀ ਰਹਿੰਦੇ ਹਨ। ਆਪਾਂ ਅਖ਼ਬਾਰਾਂ ਵਿਚ ਆਮ ਹੀ ਅਜਿਹੀਆਂ ਖ਼ਬਰਾਂ ਪੜ੍ਹਦੇ ਰਹਿੰਦੇ ਹਾਂ ਕਿ ਚਾਚੇ
ਵੱਲੋਂ ਭਤੀਜੀ ਨਾਲ ਬਲਾਤਲਾਰ, ਜ਼ਮੀਨ ਪਿੱਛੇ ਭਰਜਾਈ ਦੀ ਛੜੇ ਜੇਠ ਨਾਲ ਅੱਟੀ-ਸੱਟੀ, ਮਾਮੀਂ ਦੇ
ਭਾਣਜੇ ਨਾਲ ਨਜਾਇਜ਼ ਸਬੰਧ, ਮਤ੍ਰੇਏ ਬਾਪ ਵੱਲੋਂ ਧੀ ਦਾ ਸਰੀਰਕ ਸ਼ੋਸ਼ਣ...ਬਗੈਰਾ ਬਗੈਰਾ! ਜੇ ਐਹੋ
ਜਿਹੀਆਂ ਖ਼ਬਰਾਂ ਪੜ੍ਹ-ਸੁਣ ਕੇ ਮੈਂ ਕੋਈ ਰਚਨਾ ਸਿਰਜ ਦਿੱਤੀ, ਤਾਂ ਦੱਸੋ ਮੈਂ ਕੀ ਝੂਠ ਲਿਖ ਦਿੱਤਾ?
ਜਾਂ ਤਾਂ ਸਾਨੂੰ ਸੱਚ ਵੱਲੋਂ ਉੱਕਾ ਹੀ ਮੂੰਹ ਮੋੜ ਲੈਣਾ ਚਾਹੀਦਾ ਹੈ, ਜਾਂ ਫਿਰ ਸੱਚਾਈ ਪੜ੍ਹਨ ਦੀ
ਆਦਤ ਪਾਉਣੀ ਚਾਹੀਦੀ ਹੈ ਅਤੇ ਜਾਂ ਫਿਰ ਅਖ਼ਬਾਰਾਂ ਵਿਚੋਂ ਵੀ ਅਜਿਹੀਆਂ ਖ਼ਬਰਾਂ ਬੰਦ ਕਰਵਾ ਦੇਣੀਆਂ
ਚਾਹੀਦੀਆਂ ਹਨ, ਜਿਹਨਾਂ ਨੂੰ ਲੋਕ ਘਰ-ਘਰ ਪੜ੍ਹਦੇ ਹਨ। ਜੇ ਪਿੰਡਾਂ ਜਾਂ ਪੰਜਾਬ ਵਿਚ ਅਜਿਹੀਆਂ
ਘਟਨਾਵਾਂ ਵਾਪਰਦੀਆਂ ਹਨ, ਅਖ਼ਬਾਰਾਂ ਵਿਚ ਛਪਦੀਆਂ ਹਨ, ਤਾਂ ਫਿਰ ਨਿੱਕੇ ਵੀਰ, ਅਜਿਹੀਆਂ ਰਚਨਾਵਾਂ
ਦਾ ਹੋਂਦ ਵਿਚ ਆਉਣਾ ਵੀ ਕੋਈ ਅਤਿਕਥਨੀ ਨਹੀਂ! ਇਹ ਅਸ਼ਲੀਲਤਾ ਨਹੀਂ, ਇਕ ਕੌੜਾ ਸੱਚ ਐ! ਜੇ ਮੇਰੇ
ਨਾਵਲਾਂ ਵਿਚ ਪੁਲੀਸ ਵਾਲੇ ਜਾਂ ਠਾਣੇਦਾਰ ਗਾਲ੍ਹਾਂ ਕੱਢਦੈ, ਦੱਸੋ ਕਿਹੜਾ ਝੂਠ ਐ? ਦੱਸੋ ਕਿਹੜੇ
ਠਾਣੇ ਵਿਚ ਠਾਣੇਦਾਰ ਦੋਸ਼ੀ ਨੂੰ ਸਿਰੋਪਾਓ ਦਿੰਦੈ? ਪਰ ਇਕ ਗੱਲ ਹੋਰ ਐ, ਮੇਰੇ ਨਾਵਲਾਂ ਦੀਆਂ ਗਾਲ੍ਹਾਂ
ਤਾਂ ਲੋਕਾਂ ਨੂੰ ਚੁਭ ਜਾਂਦੀਐਂ, ਪਰ ਨਾਵਲਾਂ ਵਿਚ ਜਿਹੜੇ ਗੁਰਮੁਖ ਬੰਦੇ ਗੁਰਬਾਣੀ ਉਚਰਦੇ ਨੇ, ਉਹਨਾਂ
ਦਾ ਕਦੇ ਕਿਸੇ ਨੇ ਜ਼ਿਕਰ ਤੱਕ ਨਹੀਂ ਕੀਤਾ? ਇਹ ਇਕ ਪਾਸੜ ਸੋਚ ਨਹੀਂ, ਤਾਂ ਹੋਰ ਕੀ ਐ? ਕਿਸੇ ਲੇਖਕ
ਨੂੰ 'ਥੱਲੇ' ਲਾਉਣ ਹੋਵੇ, ਤਾਂ ਬੱਸ ਉਸ 'ਤੇ ਲੱਚਰਤਾ ਜਾਂ ਅਸ਼ਲੀਲਤਾ ਦਾ ਠੱਪਾ ਲਾ ਦਿਓ, ਕੰਮ ਖਤਮ...!
ਬਈ ਆਪੇ ਅਗਲਾ ਆਪਣੇ ਪਾਠਕਾਂ ਅਤੇ ਆਲੋਚਕਾਂ ਨਾਲ ਲੱਤੋ-ਲੱਤੀ ਹੋਈ ਜਾਊ! ਪਰ ਇਕ ਗੱਲ ਹੋਰ ਐ, ਮੇਰੇ
ਸੁਹਿਰਦ ਪਾਠਕਾਂ ਨੇ ਕਦੇ ਵੀ ਇਸ ਲੱਚਰਤਾ ਜਾਂ ਅਸ਼ਲੀਲਤਾ ਦੀ ਸ਼ਕਾਇਤ ਨਹੀਂ ਕੀਤੀ, ਉਹ ਮੈਨੂੰ ਹਮੇਸ਼ਾ
ਰਹਿਮਤ ਭਰੀਆਂ ਦੁਆਵਾਂ ਅਤੇ ਸੱਚ ਲਿਖਣ ਦੀ ਪ੍ਰੇਰਨਾ ਹੀ ਦਿੰਦੇ ਰਹਿੰਦੇ ਹਨ।
? ਆਹ ਜਿਹੜਾ ਸਿਰਸੇ ਵਾਲੇ ਸਾਧ ਨੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾ ਕੇ ਅੰਮ੍ਰਿਤ
ਛਕਾਉਣ ਦਾ ਢੌਂਗ ਕੀਤੈ, ਇਹਦੇ ਬਾਰੇ ਕੀ ਖਿਆਲ ਐ?
-ਸਭ ਸਿਆਸੀ ਸਟੰਟ ਹੈ, ਮਨਪ੍ਰੀਤ! ਧੁਰ ਕੀ ਬਾਣੀ ਦਾ ਫ਼ੁਰਮਾਨ ਹੈ; ਚਿਟੇ ਜਿਨ ਕੇ ਕਪੜੇ ਮੈਲੇ ਚਿਤ
ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥ ਜਾਂ ਫਿਰ, ਗਲੀ ਜਿਨਾ ਜਪਮਾਲੀਆ ਲੋਟੇ
ਹਥਿ ਨਿਬਗ॥ ਓਏ ਹਰਿ ਕੇ ਸੰਤ ਨ ਆਖੀਅਹਿ ਬਾਨਾਰਸ ਕੇ ਠਗ॥ ਇਸ ਸਾਧ 'ਤੇ ਬਲਾਤਕਾਰ ਅਤੇ ਕਤਲਾਂ ਦੇ
ਕਈ ਕੇਸ ਚੱਲਦੇ ਐ। ਅਦਾਲਤ ਨੇ ਸੀ. ਬੀ. ਆਈ. ਨੂੰ ਰਿਪੋਰਟ ਜਲਦੀ ਭੇਜਣ ਲਈ ਕਿਹਾ, ਤਾਂ ਇਸ ਸਾਧ ਨੇ
ਆਹ ਕੋਝੀ ਕਰਤੂਤ ਕਰ ਦਿਖਾਈ। ਇਸ ਦਾ ਮਤਲਬ ਇਕ ਤਾਂ ਇਹ ਸੀ ਕਿ ਪੰਜਾਬ ਸਰਕਾਰ ਨੂੰ ਦਿਖਾਇਆ ਜਾਵੇ
ਕਿ ਮੇਰੇ ਚੇਲਿਆਂ ਦੀ ਗਿਣਤੀ ਕਿੰਨੀ ਹੈ ਅਤੇ ਜੇ ਮੈਨੂੰ ਅੰਦਰ ਕੀਤਾ, ਤਾਂ ਮੇਰੇ ਚੇਲੇ ਹੇਠਲੀ ਉਪਰ
ਕਰ ਦੇਣਗੇ ਤੇ ਪੰਜਾਬ ਵਿਚ ਨ੍ਹੇਰੀ ਲਿਆ ਦੇਣਗੇ। ਦੂਜੀ ਗੱਲ ਇਹ ਸੀ ਕਿ ਪੰਜਾਬ ਵਿਚ ਐਸੀ ਅੱਗ ਸਿੱਟੀ
ਜਾਵੇ ਕਿ ਕਿਸੇ ਦਾ ਮੇਰੇ 'ਤੇ ਚੱਲ ਰਹੇ ਕੇਸਾਂ ਵੱਲ ਧਿਆਨ ਹੀ ਨਾ ਜਾਵੇ। ਪੰਜਾਬ ਸਰਕਾਰ ਪੰਜਾਬ
ਵਿਚ ਸ਼ਾਂਤੀ ਸਥਾਪਿਤ ਕਰਨ ਵਿਚ ਲੱਗ ਜਾਵੇਗੀ ਅਤੇ ਮਾਮਲਾ ਹੋਰ ਪਿੱਛੇ ਜਾ ਪਵੇਗਾ। ਜਦੋਂ ਕਾਨੂੰਨ
ਜਾਂ ਅਦਾਲਤ ਇਸ ਦੇ ਗਲ਼ ਨੂੰ ਹੱਥ ਪਾਉਣ ਲੱਗਦੀ ਹੈ, ਤਾਂ ਇਹ ਕੋਈ ਨਾ ਕੋਈ ਨਵਾਂ ਸੱਪ ਕੱਢ ਕੇ
ਦਿਖਾਉਂਦਾ ਹੈ। ਸਿਰਫ਼ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਤੋਂ ਬਚਣ ਵਾਸਤੇ! ਹੁਣ ਇਹ ਦੱਸ ਮਨਪ੍ਰੀਤ, ਬਈ
ਜੇ ਹੁਣ ਮੈਂ ਇਸ ਸਾਧ ਦੀਆਂ ਕਤਲਾਂ ਅਤੇ ਬਲਾਤਕਾਰ ਜਿਹੀਆਂ ਕਰਤੂਤਾਂ 'ਤੇ ਕੋਈ ਨਾਵਲ ਲਿਖ ਦਿਆਂ,
ਤਾਂ ਕੀ ਤੁਸੀਂ ਉਸ ਨੂੰ ਵੀ ਲੱਚਰਤਾ ਜਾਂ ਅਸ਼ਲੀਲਤਾ ਹੀ ਆਖੋਂਗੇ? ਨਾਲੇ ਸਾਰੀ ਦੁਨੀਆਂ ਨੂੰ ਇਸ ਦੀਆਂ
ਘਤਿੱਤਾਂ ਦਾ ਪਤਾ ਹੈ। ਜੇ ਮੈਂ ਐਹੋ ਜਿਹੀਆਂ ਘਟਨਾਵਾਂ 'ਤੇ ਰਚਨਾ ਕਰ ਦਿਆਂ, ਤਾਂ ਲੋਕ ਸੱਚਾਈ ਨੂੰ
ਸਮਝਣ ਦੀ ਵਜਾਏ ਟੰਬਾ ਲੈ ਕੇ ਮੇਰੇ ਮਗਰ ਭੱਜ ਤੁਰਦੇ ਐ। ਮੇਰੇ 'ਤੇ ਲੱਚਰਤਾ ਦਾ ਲੇਬਲ ਲਾਉਣ ਲੱਗੇ
ਮਿੰਟ ਲਾਉਂਦੇ ਐ। ਜੇ ਅਸੀਂ ਸੱਚ ਕਹਿਣ ਦਾ ਸਾਹਸ ਰੱਖਦੇ ਹਾਂ, ਤਾਂ ਸਾਨੂੰ ਸੱਚ ਸਹਿਣ ਦੀ ਸਮਰੱਥਾ
ਵੀ ਰੱਖਣੀ ਚਾਹੀਦੀ ਹੈ। ਬਿੱਲੀ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਮੀਟ ਕੇ ਸਾਥੋਂ ਸੱਚ ਤੋਂ ਭੱਜਿਆ
ਨਹੀਂ ਜਾਣਾ। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
? ਕੋਈ ਸ਼ੱਕ ਨਹੀਂ ਕਿ ਅੱਜ ਕੱਲ੍ਹ ਤੁਸੀਂ ਦੇਸ਼ਾਂ-ਵਿਦੇਸ਼ਾਂ ਵਿਚ ਖ਼ੂਬ ਪੜ੍ਹੇ ਅਤੇ ਸਲਾਹੇ ਜਾ ਰਹੇ
ਹੋ। ਇਸ ਪ੍ਰਸਿੱਧੀ ਪਿੱਛੇ ਕਿਹੜੀ ਰਚਨਾ ਦਾ ਹੱਥ ਸਮਝਦੇ ਹੋ?
- ਨਾਵਲ 'ਪੁਰਜਾ ਪੁਰਜਾ ਕਟਿ ਮਰੈ' ਮੇਰੇ ਲਈ ਵਰਦਾਨ ਸਿੱਧ ਹੋਇਆ। ਸੱਚ ਕਹਿਣਾ ਔਖਾ ਹੁੰਦੈ, ਸੱਚ
ਸੁਣਨਾ ਉਸ ਤੋਂ ਵੀ ਔਖਾ ਅਤੇ ਸੱਚ 'ਤੇ ਚੱਲਣਾ, ਆਜੋ ਜੀਹਨੇ ਨੱਚਣਾ ਖੰਡੇ ਦੀ ਧਾਰ 'ਤੇ, ਵਾਲੀ ਗੱਲ
ਐ, ਛੋਟੇ ਭਾਈ! ਜਦੋਂ ''ਪੁਰਜਾ ਪੁਰਜਾ ਕਟਿ ਮਰੈ'' ਕਿਤਾਬੀ-ਰੂਪ ਵਿਚ ਛਪਿਆ। ਪਹਿਲਾਂ ਤਾਂ ਇਸ
ਨਾਵਲ ਨੂੰ ਕੋਈ ਕਿਤਾਬੀ-ਰੂਪ ਵਿਚ ਛਾਪਦਾ ਨਹੀਂ ਸੀ, ਅਖੇ 'ਤੱਤਾ' ਨਾਵਲ ਐ, ਖਾੜਕੂ ਲਹਿਰ 'ਤੇ
ਲਿਖਿਆ ਹੋਇਐ, ਅੰਦਰ ਹੋਜਾਂਗੇ। ਚਲੋ, ਕਿਵੇਂ ਨਾ ਕਿਵੇਂ ਇਹ ਵੱਡ-ਅਕਾਰੀ ਨਾਵਲ ਛਪਵਾ ਵੀ ਲਿਆ। ਜਦੋਂ
ਇਹ ਕਿਤਾਬੀ-ਰੂਪ ਵਿਚ ਛਪ ਕੇ ਆਇਆ, ਤਾਂ ਮੈਂ ਇਹ ਨਾਵਲ ਮੇਰੇ ਸਤਿਕਾਰਯੋਗ ਬਜ਼ੁਰਗ ਮਿੱਤਰ ਅਤੇ
ਮਸ਼ਹੂਰ ਵਿਅੰਗ-ਕਵੀ ਬਾਬਾ ਤੇਜਾ ਸਿੰਘ ਜੀ ਤੇਜ਼, ਕੋਟਲੇ ਵਾਲਿਆਂ ਨੂੰ ਭੇਜਿਆ। ਬਾਬਾ ਤੇਜਾ ਸਿੰਘ ਜੀ
ਤੇਜ਼ ਹੋਰਾਂ ਨੂੰ ਇਹ ਨਾਵਲ ਚੰਗਾ ਲੱਗਿਆ ਅਤੇ ਉਹਨਾਂ ਨੇ ਮੈਨੂੰ ਇਹ ਨਾਵਲ ਲੜੀਵਾਰ ਛਪਵਾਉਣ ਦੀ ਰਾਇ
ਦਿੱਤੀ। ਸਭ ਤੋਂ ਪਹਿਲਾਂ 'ਪੰਜਾਬ ਟਾਈਮਜ਼' ਵਾਲ਼ਿਆਂ ਨੇ ਇਹ ਨਾਵਲ ਲੜੀਵਾਰ ਛਾਪਿਆ। ਉਸ ਤੋਂ ਬਾਅਦ
ਇਸ ਨਾਵਲ ਨੂੰ ਕੈਨੇਡਾ ਵਿਚ ਛਪਦੇ ਕਈ ਹਫ਼ਤਾਵਰ ਪੇਪਰਾਂ 'ਚ ਲੜੀਵਾਰ ਛਾਪਿਆ ਗਿਆ। ਫਿਰ ਇਹ
ਵੈੱਬ-ਸਾਈਟਾਂ 'ਤੇ ਲੱਗਿਆ। ਇਸ ਨਾਵਲ ਨਾਲ ਸੰਸਾਰ ਭਰ ਵਿਚ ਜੋ ਤੜਥੱਲ ਮੱਚਿਆ, ਸਾਰਿਆਂ ਦੇ ਸਾਹਮਣੇ
ਈ ਐਂ। ਇਸ ਨਾਵਲ ਨੇ ਸੰਸਾਰ ਪੱਧਰ 'ਤੇ ਮੈਨੂੰ ਪ੍ਰਸਿੱਧ ਕੀਤਾ ਅਤੇ ਵਿਸ਼ਵ ਪੱਧਰ 'ਤੇ ਮੇਰੀ ਪਹਿਚਾਣ
ਬਣਾਈ।
? ਵਾਹਿਗੁਰੂ ਨੇ ਜੇ ਕਿਸੇ ਨੂੰ ਕੋਈ ਗੁਣ ਬਖ਼ਸ਼ਿਆ ਹੋਵੇ, ਖ਼ਾਸ ਕਰ ਕੇ ਲਿਖਣ ਦਾ? ਤਾਂ ਕੀ ਦੁਨੀਆਂ
ਦੇ ਸਾਹਮਣੇ ਆਉਣ ਤੋਂ ਕੋਈ ਉਸ ਨੂੰ ਰੋਕ ਸਕਦਾ ਹੈ? ਜਦੋਂ ਕਿ ਆਮ ਤੌਰ 'ਤੇ ਲੋਕ ਅੜਿੱਕਾ ਪਾਉਣ ਦੀਆਂ
ਕੋਸ਼ਿਸ਼ਾਂ ਕਰਦੇ ਰਹਿੰਦੇ ਹਨ?
- ਜੇ ਔਰਤ ਗਰਭਵਤੀ ਹੋਵੇਗੀ ਤਾਂ ਸਾਰੇ ਜਹਾਨ ਨੂੰ ਪਤਾ ਲੱਗੇਗਾ ਕਿ ਕੋਈ ਨਵਾਂ ਜੀਅ ਆਉਣ ਵਾਲਾ ਹੈ।
ਜੇ ਬੀਜ਼ ਮਿੱਟੀ ਵਿਚ ਪਿਆ ਹੈ ਤਾਂ ਇਹ ਇੱਕ ਕੁਦਰਤੀ ਨਿਯਮ ਹੈ, ਕਿ ਉਸ ਨੇ ਇੱਕ ਨਾ ਇੱਕ ਦਿਨ
ਪੁੰਗਰਨਾ ਹੀ ਹੁੰਦਾ ਹੈ। 'ਟੰਗਾਂ-ਖਿੱਚੂ' ਸਿਸਟਮ ਹਰ ਪਾਸੇ ਹੈ। ਮੇਰੇ ਪਿਆਰੇ ਨਿੱਕੇ ਵੀਰ, ਇਹ
ਕਿਸੇ ਦੇ ਵੱਸ ਨਹੀਂ। ਇਹ ਇਕ ਕੁਦਰਤੀ ਸੰਯੋਗ ਹੈ! ਸੰਯੋਗ ਅਤੇ ਵਿਯੋਗ ਦੁਨੀਆਂ ਵਿਚ ਦੋਨੋਂ ਹਾਜ਼ਰ
ਰਹਿੰਦੇ ਹਨ। ਜੇ ਇੱਕ ਪਾਸੇ 'ਪੌਜ਼ੇਟਿਵ' ਹੈ ਤਾਂ ਦੂਜੇ ਪਾਸੇ 'ਨੈਗੇਟਿਵ' ਵੀ ਹੋਣਾ ਲਾਜ਼ਮੀ ਹੈ। ਜੇ
ਝੋਨਾ ਬੀਜਿਆ ਜਾਂਦੈ ਤਾਂ ਨਾਲ ਦੀ ਨਾਲ ਨਦੀਨ ਵੀ ਕੁਦਰਤ ਵੱਲੋਂ ਹੀ ਉਠ ਖੜ੍ਹਦੇ ਹਨ, ਉਹਨਾਂ ਨੂੰ
ਕੋਈ ਬੀਜਦਾ ਨਹੀਂ। ਜੇ ਸਰ੍ਹੋਂ ਉਗਦੀ ਹੈ ਤਾਂ ਤੇਲਾ ਵੀ ਲੱਗਦੈ, ਉਹਨੂੰ ਕੋਈ ਦਾਅਵਤ ਦੇ ਕੇ ਨਹੀਂ
ਬੁਲਾਉਂਦਾ। ਜਿੱਥੇ ਲੱਕੜ ਹੈ, ਉਥੇ ਘੁਣ ਵੀ ਜ਼ਰੂਰ ਪਊਗਾ। ਦੂਜੀ ਗੱਲ, ਲੋਕ ਇਹ ਬਾਣੀਆਂ-ਸੋਚ ਸੋਚਦੇ
ਹਨ ਕਿ ਜੇ ਦੂਜੇ ਨੇ ਹੱਟੀ ਪਾ ਲਈ ਤਾਂ ਮੇਰੀ ਦੁਕਾਨਦਾਰੀ ਨਹੀਂ ਚੱਲਣੀ। ਪਰ ਖਾਣਾ ਹਰ ਇੱਕ ਨੇ ਆਪਣਾ
ਭਾਗ ਹੀ ਹੈ। ਲੋਕਾਂ ਨੂੰ ਗੁਰਬਾਣੀ ਅਨੁਸਾਰ ਇਹ ਸੋਚਣਾ ਚਾਹੀਦਾ ਹੈ ਕਿ, ਹਮ ਆਦਮੀ ਹਾਂ ਇਕ ਦਮੀ
ਮੁਹਲਤਿ ਮੁਹਤੁ ਨ ਜਾਣਾ, ਅਸੀਂ ਪਤਾ ਨਹੀਂ ਕਦੋਂ ਤੁਰ ਜਾਣਾ ਹੈ, ਘੱਟੋ-ਘੱਟ ਸਾਥੋਂ ਪਿੱਛੋਂ ਇਸ
ਵਿਰਸੇ ਨੂੰ ਸਾਂਭਣ ਵਾਲਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ। ਇਹ ਨਹੀਂ, ਕਿ ਤੁਸੀਂ ਮਰ ਗਏ ਤਾਂ ਦੁਨੀਆਂ
ਵੀ ਨਾਲ ਹੀ ਮਰ ਜਾਵੇਗੀ, ਕਦਾਚਿੱਤ ਨਹੀਂ! ਇਸ ਸਰਿਸ਼ਟੀ ਨੇ ਨਿਰੰਤਰ ਤੁਰਦੇ ਜਾਣਾ ਹੈ। ਪਹਿਲੇ ਆਏ,
ਤੇ ਤੁਰ ਗਏ। ਆਪਾਂ ਆਏ, ਤੇ ਤੁਰ ਜਾਣਾ ਹੈ। ਡੋਰ ਆਖਰ, ਕੱਲ੍ਹ ਆਉਣ ਵਾਲਿਆਂ ਦੇ ਹੱਥ ਆਉਣੀ ਹੈ।
ਬੰਦੇ ਦੀ ਲੜਕਾ ਪਾਉਣ ਦੀ ਚਾਹਿਤ ਕਿਉਂ ਹੁੰਦੀ ਹੈ? ਬਈ ਮੇਰੇ ਪਿੱਛੋਂ ਮੇਰਾ ਕੋਈ ਵਾਰਿਸ ਹੋਵੇ! ਪਰ
ਸਾਹਿਤ ਦੇ ਟੰਬੇ 'ਤੇ ਆ ਕੇ ਲੇਖਕ ਝਾਕਣੀ 'ਚ ਫਰੜ ਪਾ ਲੈਂਦੇ ਹਨ। ਅਗਰ ਤੁਹਾਡੇ ਵਿਚ ਗੁਣ ਹੈ ਤਾਂ
ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਅੱਗੇ ਆਉਣ ਤੋਂ ਨਹੀਂ ਰੋਕ ਸਕਦੀ, ਕੋਈ ਮਰਜ਼ੀ ਜੋਰ ਲਾ ਲਵੇ।
ਜੇ ਗੁਰੂ ਦੀ ਨਜ਼ਰ ਸਵੱਲੀ ਹੋਵੇ ਤਾਂ ਛੱਜੂ ਝਿਉਰ ਵਰਗੇ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਵਾ ਦਿੰਦੈ।
ਭਾਈ ਭੱਲਣ ਵਰਗਿਆਂ ਤੋਂ ਮੁਲ੍ਹਾਜੇਤੋੜ (ਸੋਟੇ) ਨਾਲ ਸ਼ੇਰ ਦਾ ਸ਼ਿਕਾਰ ਕਰਵਾ ਦਿੰਦੈ। ਗੁਰਬਾਣੀ ਦਾ
ਕਥਨ ਹੈ, ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥ ਬਾਬੇ ਨਾਨਕ ਦੀ ਰਜ਼ਾ ਵਿਚ
ਰਾਜ਼ੀ ਅਤੇ ਦੁਨੀਆਂ ਤੋਂ ਬੇਪ੍ਰਵਾਹ ਹੋ ਕੇ ਚੱਲੋ! ਹਰ ਮੋੜ 'ਤੇ ਤੁਹਾਨੂੰ ਖ਼ਤਰਾ, ਵੰਗਾਰ ਬਣ ਕੇ
ਟੱਕਰਦਾ ਹੈ, ਪਰ ਬਚ ਕੇ ਤੁਸੀਂ ਆਪ ਨਿਕਲਣਾ ਹੁੰਦਾ ਹੈ।
? ਬਾਈ ਜੀ, ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਣ ਵਾਸਤੇ ਤੁਹਾਡਾ ਅਦਾਰਾ 'ਬੱਧਨੀ ਡੌਟ ਕੌਮ' ਵੱਲੋਂ
ਬਹੁਤ-ਬਹੁਤ ਧੰਨਵਾਦ!
- ਮਨਪ੍ਰੀਤ, ਤੇਰਾ ਵੀ ਧੰਨਵਾਦ ਨਿੱਕੇ ਵੀਰ! ਬੱਧਨੀ ਡੌਟ ਕੌਮ ਅਤੇ ਸਾਰੇ ਦੋਸਤਾਂ, ਮਿੱਤਰਾਂ ਅਤੇ
ਪਾਠਕਾਂ ਨੂੰ ਮੇਰੀ ਫ਼ਤਹਿ!
ਸ਼ਿਵਚਰਨ ਜੱਗੀ ਕੁੱਸਾ ਦੇ ਉੱਪਲਭਦ ਕਿਤਾਬਾਂ ਦੀ ਸੂਚੀ
ਨਾਵਲ:
1. ਪੁਰਜਾ ਪੁਰਜਾ ਕਟਿ ਮਰੈ
2. ਤਵੀ ਤੋਂ ਤਲਵਾਰ ਤੱਕ
3. ਬਾਰ੍ਹੀਂ ਕੋਹੀਂ ਬਲ਼ਦਾ ਦੀਵਾ
4. ਤਰਕਸ਼ ਟੰਗਿਆ ਜੰਡ
5. ਗੋਰਖ ਦਾ ਟਿੱਲਾ
6. ਜੱਟ ਵੱਢਿਆ ਬੋਹੜ ਦੀ ਛਾਵੇਂ
7. ਉੱਜੜ ਗਏ ਗਰਾਂ
ਕਹਾਣੀ-ਸੰਗ੍ਰਹਿ:
1. ਊਠਾਂ ਵਾਲ਼ੇ ਬਲੋਚ
2. ਤੂੰ ਸੁੱਤਾ ਰੱਬ ਜਾਗਦਾ
3. ਬੁੱਢੇ ਦਰਿਆ ਦੀ ਜੂਹ
ਨੋਟ: ਬਾਕੀ ਕਹਾਣੀ-ਸੰਗ੍ਰਹਿ ਅਤੇ ਨਾਵਲ ਬੜੀ ਜਲਦੀ ਨਵੇਂ ਐਡੀਸ਼ਨਾਂ ਵਿਚ ਛਾਪੇ ਜਾ ਰਹੇ ਹਨ!
ਇਹਨਾਂ ਨੂੰ ਕਿਤਾਬੀ ਰੂਪ ਵਿੱਚ ਹਾਸਿਲ ਕਰਨ ਲਈ ਹੇਠ ਲਿਖੇ ਨੰਬਰ ਸੰਪਰਕ ਕਰੋ।
+44(0)7899798363
manpreet@badhni.com