ਆਸਟ੍ਰੇਲੀਆ ਵਿਚ ਸਿੱਖ ਸਮਾਜ ਲਈ ਅਮੁੱਲ ਸੇਵਾ ਕਰਨ ਵਾਲ਼ੇ ਡਾ. ਮਿਲਖਾ ਸਿੰਘ ਬਰਾੜ

ਗਿਆਨੀ ਸੰਤੋਖ ਸਿੰਘ

ਡਾਕਟਰ ਮਿਲਖਾ ਸਿੰਘ ਬਰਾੜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਆਨਰੇਬਲ ਜੋਹਨ ਹਾਵਾਰਡ (Hon. John Howard) ਅਤੇ ਆਪਣੀ ਜੀਵਨ ਸਾਥਣ ਸਰਦਾਰਨੀ ਹਰਭਜਨ ਕੌਰ ਨਾਲ਼

ਡਾ. ਮਿਲਖਾ ਸਿੰਘ ਬਰਾੜ, ਆਸਟ੍ਰੇਲੀਆ ਦੀ ਇਕ ਅਜਿਹੀ ਹਸਤੀ ਹਨ ਜਿਨ੍ਹਾਂ ਨੂੰ ਉਹਨਾਂ ਦੀ ਸਿੱਖ ਸਮਾਜ ਪ੍ਰਤੀ ਕੀਤੀ ਅਮੁੱਲ ਸੇਵਾ ਲਈ ਫੈਡਰਲ ਐਵਾਰਡ ਫਾਰ ਸੀਨੀਅਰ ਆਸਟ੍ਰੇਲੀਅਨਜ਼ 2001 ਦੇ ਸਨਮਾਨ ਨਾਲ਼ ਸਨਮਾਨਤ ਕੀਤਾ ਗਿਆ ਹੈ।
ਪਿਤਾ ਸ. ਤਾਰਾ ਸਿੰਘ ਅਤੇ ਮਾਤਾ ਸਰਦਾਰਨੀ ਹਰਨਾਮ ਕੌਰ ਦੇ ਗ੍ਰਹਿ ਵਿਖੇ, ਨਵੰਬਰ 1928 ਵਿਚ ਜਨਮੇ ਡਾ. ਬਰਾੜ ਨੇ ਬੀ. ਅੇੈਸ. ਸੀ. ਗਵਰਨਮੈਟ ਕਾਲਜ ਲੁਧਿਆਣਿਉਂ ਅਤੇ ਬੀ. ਵੀ. ਐਸ. ਸੀ. ਹਿਸਾਰੋਂ, ਪੈਪਸੂ ਸਰਕਾਰ ਵੱਲੋਂ ਵਜ਼ੀਫ਼ਾ ਪ੍ਰਾਪਤ ਕਰਕੇ ਕੀਤੀ। ਫਿਰ ਪੰਜਾਬ ਸਰਕਾਰ ਨੇ ਬਰਾੜ ਸਾਹਿਬ ਨੂੰ ਮਦਰਾਸ ਵਿਖੇ ਵੈਟਰਨਰੀ ਸਾਇੰਸ ਦੀ ਮਾਸਟਰ ਡਿਗਰੀ (ਐਮ. ਵੀ. ਐਸ. ਸੀ.) ਕਰਨ ਵਾਸਤੇ ਭੇਜਿਆ। ਮਦਰਾਸ ਤੋਂ ਸਫ਼ਲਤਾ ਸਹਿਤ, ਵੈਟਰਨਰੀ ਸਾਇੰਸ ਵਿਚ, ਮਾਸਟਰ ਡਿਗਰੀ ਪ੍ਰਾਪਤ ਕਰਨ ਉਪ੍ਰੰਤ ਆਪ ਦੀ, ਪੰਜਾਬ ਸਰਕਾਰ ਵੱਲੋਂ, ਵੇਰਕਾ (ਅੰਮ੍ਰਿਤਸਰ) ਵਿਚ, ਪ੍ਰੋਕਿਉਰਮੈਟ ਆਫ਼ੀਸਰ ਵਜੋਂ ਨਿਯੁਕਤੀ ਹੋਈ। ਉਸ ਸਮੇ ਦੇ ਮੁਖ ਮੰਤਰੀ ਪੰਜਾਬ, ਸ. ਪਰਤਾਪ ਸਿੰਘ ਕੈਰੋਂ ਦੀ ਪ੍ਰੇਰਨਾ ਨਾਲ਼, ਜੋ ਕਿ ਉਹਨਾਂ ਨੇ ਡਾਕਟਰ ਸਾਹਿਬ ਨੂੰ ਪਬਲਿਕ ਦੇ ਭਰਵੇਂ ਇਕੱਠ ਵਿਚ ਦੋਹਾਂ ਮੋਢਿਆ ਤੋਂ ਫੜਕੇ ਅਤੇ ਹਲੂਣਾ ਦਿੰਦਿਆਂ ਹੋਇਆਂ ਆਖਿਆ, ''ਤੇਰੇ ਜਿਹੇ ਨੌਜਵਾਨ ਦੇਸ਼ ਦੀ ਰੱਖਿਆ ਲਈ ਫੋਜੀ ਸੇਵਾ ਲਈ ਨਹੀ ਜਾਣਗੇ ਤਾਂ ਹੋਰ ਕੌਣ ਇਹ ਬਹਾਦਰੀ ਦਾ ਕਾਰਨਾਮਾ ਕਰੇਗਾ।'' ਵਰਗੇ ਪ੍ਰੇਰਨਾ ਭਰੇ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ, ਪੰਜਾਬ ਸਰਕਾਰ ਦੀ ਗਜ਼ਟਡ ਪੋਸਟ ਵਾਲ਼ੀ ਨੌਕਰੀ ਛੱਡ ਕੇ, ਆਪ ਜੁਲਾਈ 1963 ਵਿਚ ਆਰਮੀ ਵਿਚ ਕਮਿਸ਼ਨਡ ਆਫ਼ੀਸਰ ਨਿਯੁਕਤ ਹੋ ਗਏ ਜਿਥੋਂ 1970 ਵਿਚ ਬਤੌਰ ਕੈਪਟਨ ਰੀਲੀਜ਼ ਲੈਣ ਉਪ੍ਰੰਤ ਆਸਟ੍ਰੇਲੀਆ ਵਿਖੇ ਪਰਮਾਨੈਟ ਸੈਟਲ ਹੋਣ ਵਾਸਤੇ ਆ ਗਏ।
 

ਡਾ. ਮਿਲਖਾ ਸਿੰਘ ਬਰਾੜ ਆਪਣੀ ਪਤਨੀ ਸਰਦਾਰਨੀ ਹਰਭਜਨ ਕੌਰ ਨਾਲ਼

ਡਾ. ਬਰਾੜ ਜੀ ਦਾ ਪਿਤਾ ਪੁਰਖੀ ਪਿੰਡ, ਜ਼ਿਲਾ ਫਰੀਦਕੋਟ ਵਿਚ ਰਣ ਸਿੰਘ ਵਾਲ਼ਾ, ਸਿੱਖ ਇਤਿਹਾਸ ਵਿਚ ਪ੍ਰਸਿਧ ਨਗਰ ਜੈਤੋ ਦੇ ਨਾਲ਼ ਲਗਵਾਂ ਹੈ। ਆਪ ਦੇ ਪਿਤਾ ਸ. ਤਾਰਾ ਸਿੰਘ ਜੀ ਅਕਾਲੀ ਲਹਿਰ ਦੇ ਮੋਰਚਿਆਂ ਸਮੇ ਤਨ, ਮਨ, ਧਨ ਨਾਲ਼ ਕੌਮੀ ਸੇਵਾ ਵਿਚ ਹਿੱਸਾ ਪਾਇਆ ਕਰਦੇ ਸਨ। ਖਾਸ ਕਰਕੇ ਜੈਤੋ ਦੇ ਪ੍ਰਸਿਧ ਮੋਰਚੇ ਸਮੇ ਸ. ਤਾਰਾ ਸਿੰਘ ਦੇ ਪਰਵਾਰ ਨੇ ਰਿਆਸਤੀ ਅਤੇ ਅੰਗ੍ਰੇਜ਼ੀ ਸਰਕਾਰ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦਿਆਂ ਹੋਇਆਂ, ਸਤਿਆਗ੍ਰਹੀ ਅਕਾਲੀਆਂ ਦੀ ਭਰਪੂਰ ਸੇਵਾ ਕੀਤੀ। ਇਸ ਤਰ੍ਹਾਂ ਕੌਮੀ ਭਾਵਨਾ ਅਤੇ ਸੇਵਾ ਦੀ ਗੁੜ੍ਹਤੀ ਡਾਕਟਰ ਸਾਹਿਬ ਨੂੰ ਘਰ ਵਿਚੋਂ ਹੀ ਮਿਲ਼ੀ। ਆਪਣੇ ਵਿਦਿਆਥੀ ਜੀਵਨ ਸਮੇ, ਡਾਕਟਰ ਸਾਹਿਬ ਨੇ, ਪਰਵਾਰ ਵਿਚੋਂ ਮਿਲ਼ੇ ਪੰਥਕ ਸੰਸਕਾਰਾਂ ਕਾਰਨ, ਸਿੱਖ ਪੰਥ ਦੇ ਹਰਾਵਲ ਦਸਤੇ ਦੇ ਰੂਪ ਵਿਚ ਵਿਚਰਨ ਵਾਲ਼ੀ ਅਤੇ ਕਾਰਜਸ਼ੀਲ ਜਥੇਬੰਦੀ, ਸਿੱਖ ਸਟੂਡੈਂਟਸ ਫ਼ੈਡ੍ਰੇਸ਼ਨ, ਦੇ ਪਲੇਟ ਫ਼ਾਰਮ ਰਾਹੀਂ ਕੌਮੀ ਸੇਵਾ ਵਿਚ ਭਰਪੂਰ ਹਿੱਸਾ ਪਾਇਆ। ਆਪ ਜੀ ਉਸ ਸਮੇ ਪੰਥਕ ਸੋਚ ਨੂੰ ਸਮੱਰਪਤ ਨੌਜਵਾਨਾਂ ਦੀ ਇਸ ਜਥੇਬੰਦੀ ਵਿਚ ਸਰਗਰਮ ਰਹੇ ਜਦੋਂ ਇਹਨਾਂ ਦੇ ਜਮਾਤੀ ਅਤੇ ਫੇਡ੍ਰੇਸ਼ਨ ਦੀ 'ਮਾਂ' ਆਖੇ ਜਾਣ ਵਾਲ਼ੇ ਨਿਰਮਾਣ ਪੰਥ ਸੇਵਕ, ਪਰਲੋਕਵਾਸੀ ਸ. ਭਾਨ ਸਿੰਘ ਜੀ, ਇਸ ਦੇ ਸਕੱਤਰ ਹੁੰਦੇ ਸਨ।
ਜਦੋਂ ਡਾ. ਮਿਲਖਾ ਸਿੰਘ ਬਰਾੜ ਆਸਟ੍ਰੇਲੀਆ ਵਿਚ ਆਏ ਸਨ ਤਾਂ ਉਸ ਸਮੇ ਏਥੇ ਬਹੁਤ ਘੱਟ ਸਿੱਖ ਪਰਵਾਰ ਵਸਦੇ ਸਨ। ਡਾ. ਬਰਾੜ ਨੇ ਏਥੇ ਸਿਡਨੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਣਾਉਣ ਵਾਸਤੇ ਅਣਥੱਕ ਉਪ੍ਰਾਲਾ ਕੀਤਾ ਅਤੇ ਇਸਦੇ ਮੁਖ ਸੇਵਾਦਾਰਾਂ ਵਿਚ ਸ਼ਾਮਲ ਹੋ ਕੇ, ਇਸਦੀ ਸੇਵਾ ਵਿਚ ਮੋਹਰੀ ਹਿੱਸਾ ਪਾਇਆ। ਡਾਕਟਰ ਜੀ ਦੇ ਏਥੇ ਆਉਣ ਉਪ੍ਰੰਤ ਕੁਝ ਹੋਰ ਸਿੱਖ ਪਰਵਾਰ ਆਸਟ੍ਰੇਲੀਆ ਵਿਚ ਪਹੁੰਚੇ ਅਤੇ ਪੱਕੇ ਤੌਰ ਤੇ ਏਥੇ ਸੈਟਲ ਹੋ ਗਏ। ਸਿਡਨੀ ਮੈਟਰੋਪੌਲਿਟਨ ਏਰੀਏ ਦੀ ਭੂਗੋਲਕ ਵਿਸ਼ਾਲਤਾ ਅਤੇ ਇਸ ਵਿਚ ਵਧੀ ਸਿੱਖ ਆਬਾਦੀ ਸਦਕਾ, ਸੰਗਤਾਂ ਦੀ ਧਾਰਮਕ, ਸਮਾਜਕ ਆਦਿ ਜ਼ਰੂਰੀਆਤ ਦੀ ਪੂਰਤੀ ਹਿਤ, ਹੋਰ ਗੁਰਦੁਆਰਾ ਸਾਹਿਬਾਨ ਦੀ ਲੋੜ ਅਨੁਭਵ ਕੀਤੀ ਗਈ ਅਤੇ ਨਤੀਜੇ ਵਜੋਂ ਗੁਰਦੁਆਰਾ ਸਾਹਿਬਾਨ ਟਾਰਾ ਮਾਰਾ, ਪਾਰਕਲੀ, ਆਸਟ੍ਰਾਲ ਦੀ ਉਸਾਰੀ ਹੋਈ। ਡਾਕਟਰ ਸਾਹਿਬ ਨੇ ਇਹਨਾਂ ਸਾਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਵਿਚ ਵੀ ਤਨ, ਮਨ, ਧਨ ਦੁਆਰਾ ਮੋਹਰੀ ਹੋ ਕੇ ਹਿੱਸਾ ਪਾਇਆ ਅਤੇ ਇਹਨਾਂ ਦੇ ਪ੍ਰਬੰਧ ਕਰਨ ਵਾਸਤੇ ਬਣੀਆ ਕਮੇਟੀਆਂ ਦੇ ਵੀ ਲਾਈਫ਼ ਮੈਬਰ ਹਨ। ਕੁਝ ਸਮਾ ਆਸਟ੍ਰਾਲ ਗੁਰਦਆਰੇ ਦੀ ਸੇਵਾ, ਪ੍ਰਧਾਨ ਸਕੱਤਰ ਅਤੇ ਖ਼ਜ਼ਾਨਚੀ ਵਜੋਂ ਵੀ ਕੀਤੀ।
ਡਾ. ਬਰਾੜ ਦੀਆਂ ਸਿੱਖ ਸਮਾਜ ਵਾਸਤੇ ਕੀਤੀਆਂ ਅਮੁੱਲ ਸੇਵਾਵਾਂ ਵਿਚੋਂ ਇਕ ਇਹ ਵੀ ਹੈ ਕਿ ਉਹਨਾਂ ਨੇ ਆਪਣੇ ਨਿਜੀ ਰਸੂਖ਼, ਉਦਮ ਅਤੇ ਸਿਆਸੀ ਮਹੱਤਵਪੂਰਣ ਵਿਅਕਤੀਆਂ ਨਾਲ਼ ਆਪਣੀ ਸਾਂਝ ਸਦਕਾ, ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਨੂੰ ਏਥੇ ਮਾਨਤਾ ਦਿਵਾਈ। ਪਹਿਲਾਂ ਦੇਸੋਂ ਪਾਸ ਕੀਤੀਆਂ ਗਈਆਂ ਡਿਗਰੀਆਂ ਨੂੰ ਏਥੇ ਮਾਨਤਾ ਪ੍ਰਾਪਤ ਨਹੀ ਸੀ। ਏਥੋਂ ਦੇ ਮਾਣਯੋਗ ਐਮ. ਪੀ. ਰੌਸ ਫਰੀ ਉਹਨਾਂ ਦੇ ਬਹੁਤ ਨੇੜੇ ਦੇ ਮਿੱਤਰ ਹਨ, ਜਿਨ੍ਹਾਂ ਨੇ ਡਾਕਟਰ ਸਾਹਿਬ ਦੀ ਪ੍ਰੇਰਨਾ ਨਾਲ਼, ਤਤਕਾਲੀਨ ਇਮੀਗ੍ਰੇਸ਼ਨ ਮੰਤਰੀ, ਮਾਨਯੋਗ ਰਾਬਰਟ ਰੇ, ਨੂੰ ਪ੍ਰੇਰਿਆ ਤੇ ਸਮੇ ਸਿਰ ਮਿ. ਰੇ ਵੱਲੋਂ ਦਿਤੀ ਗਈ, ਪੰਜਾਬ ਦੀਆਂ ਯੂਨੀਵਰਸਟੀਆਂ ਦੀਆਂ ਡਿਗਰੀਆਂ ਨੂੰ ਦਿਤੀ ਗਈ ਮਾਨਤਾ ਦਾ ਸਦਕਾ, ਨਾ ਕੇਵਲ ਸਿੱਖ ਹੀ ਬਲਕਿ ਸਾਰੇ ਭਾਰਤ ਵਾਸੀ ਨੌਜਵਾਨ ਆਰਾਮ ਨਾਲ਼ ਆਸਟ੍ਰੇਲੀਆ ਵਿਚ ਮਾਈਗ੍ਰੇਟ ਕਰਦੇ ਗਏ ਅਤੇ ਅੱਜ ਤੱਕ ਇਸ ਪ੍ਰਾਪਤੀ ਤੋਂ ਲਾਭ ਪ੍ਰਾਪਤ ਕਰਦੇ ਆ ਰਹੇ ਹਨ।
ਸੱਤਰਵੇਂ ਦਹਾਕੇ ਦੇ ਅਖੀਰ ਅਤੇ ਅੱਸੀਵੇਂ ਦਹਾਕੇ ਦੇ ਸ਼ੁਰੂ ਵਿਚ ਗ਼ੈਰ ਕਾਨੰਨੀ ਤੌਰ ਤੇ ਆਸਟ੍ਰੇਲੀਆ ਵਿਚ ਆ ਵਸੇ ਪਰਵਾਰਾਂ ਦੀ ਡਾ. ਬਰਾੜ ਨੇ ਨਿਸ਼ਕਾਮ ਸੇਵਾ ਅਤੇ ਸਹਾਇਤਾ ਕੀਤੀ; ਅਤੇ ਅਜਿਹੇ ਵੀਹ-ਪੰਝੀ ਪਰਵਾਰਾਂ ਨੂੰ ਏਥੇ ਕਾਨੂੰਨੀ ਤੌਰ ਤੇ ਵੱਸਣ ਵਿਚ ਮਦਦ ਕੀਤੀ। ਇਹਨਾਂ ਪਰਵਾਰਾਂ ਦੀ ਲਿਖਤੀ ਕਰੈਕਟਰ ਵੈਰੀਫੀਕੇਸ਼ਨ ਕਰਕੇ ਡਾ. ਬਰਾੜ ਨੇ ਖ਼ੁਦ ਜ਼ਿਮੇਵਾਰੀ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੂੰ ਲਿਖਿਆ ਅਤੇ ਇਸ ਤਰ੍ਹਾਂ ਕਰਕੇ ਉਹਨਾਂ ਦੀ ਏਥੇ ਵਸੋਂ ਵਿਚ ਅਹਿਮ ਭੂਮਿਕਾ ਅਦਾ ਕੀਤੀ। ਇਹਨਾਂ ਵਿਚੋਂ ਕੁਝ ਸਿੱਖ ਆਸਟ੍ਰੇਲੀਆ ਸਰਕਾਰ ਦੇ ਵੱਖ ਵੱਖ ਮਹਿਕਮਿਆਂ ਦੀਆਂ ਸੇਵਾਵਾਂ ਵਿਚ ਚੰਗੀਆਂ, ਕਮਾਈ ਵਾਲ਼ੀਆਂ ਤੇ ਇਜ਼ਤਦਾਰ ਨੌਕਰੀਆਂ ਉਪਰ ਸੇਵਾ ਨਿਭਾ ਰਹੇ ਹਨ। ਇਹਨਾਂ ਵਿਚੋਂ ਕਈ ਨੌਜਵਾਨ ਸਟੇਟ ਟ੍ਰਾਂਸਪੋਰਟ, ਸਟੇਟ ਰੇਲ, ਕੁਰੈਕਟਿਵ ਸਰਵਿਸਜ਼, ਪੋਲੀਸ, ਪੋਸਟ ਆਫ਼ਿਸ ਆਦਿ ਤੋਂ ਇਲਾਵਾ ਕਈ ਹੋਰ ਵਿਭਾਗਾਂ ਵਿਚ ਵੀ ਕੰਮ ਕਰ ਰਹੇ ਹਨ। ਏਹੀ ਨਹੀ ਡਾ. ਬਰਾੜ ਨੇ ਪੰਜਾਬੀ ਭਾਸ਼ਾ ਲਈ ਸਟੇਟ ਐਜੂਕੇਸ਼ਨ ਮਹਿਕਮੇ ਤੋਂ ਇਜਾਜ਼ਤ ਦਿਵਾ ਕੇ ਦਸਵੀਂ ਜਮਾਤ ਤੱਕ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਈ ਅਤੇ ਸਕੂਲਾਂ ਵਿਚ ਪੱਗ ਬੰਨ੍ਹਣ ਦਾ ਅਧਿਕਾਰ ਵੀ ਸਿੱਖ ਸਮਾਜ ਦੀਆਂ ਹੋਰ ਅਹਿਮ ਹਸਤੀਆਂ ਨਾਲ਼ ਮਿਲ਼ ਕੇ ਪ੍ਰਾਪਤ ਕਰਵਾਇਆ।
ਡਾ. ਬਰਾੜ ਵਲੋਂ ਕੀਤੀ ਗਈ ਸੇਵਾ ਦੇ ਆਧਾਰ ਤੇ, ਆਸਟ੍ਰੇਲੀਆ ਦੇ ਸਿੱਖ ਸਮਾਜ ਵਲੋਂ, ਉਹਨਾਂ ਨੂੰ ਫੈਡਰਲ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਸਿੱਖ ਸਮਾਜ ਦੀਆਂ ਅਹਿਮ ਹਸਤੀਆਂ ਨੇ ਸਪੋਰਟਸ ਤੇ ਟੂਰਿਜ਼ਮ ਮੰਤਰੀ ਮਾਨਯੋਗ ਜੈਕੀ ਕੈਲੀ (ਲਿੰਡਸੇ ਤੋਂ ਐਮ. ਪੀ.) ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਇਹ ਸਨਮਾਨ ਡਾ. ਮਿਲਖਾ ਸਿੰਘ ਬਰਾੜ ਨੂੰ ਦਿਤਾ ਜਾਵੇ। ਇਹ ਐਵਾਰਡ ਕਾਮਨਵੈਲਥ ਰੈਕਗਨੀਸ਼ਨ ਐਵਾਰਡ ਫਾਰ ਸੀਨੀਅਰ ਆਸਟ੍ਰੇਲੀਅਨਜ਼ 2001 ਦੇ ਨਾਂ ਤੇ ਦਿਤਾ ਗਿਆ।
ਉਪ੍ਰੋਕਤ ਐਵਾਰਡ ਤੋਂ ਇਲਾਵਾ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ (ਮੁਖ ਮੰਤਰੀ) ਅਤੇ ਸੱਤਾਧਾਰੀ ਪਾਰਟੀ ਲੇਬਰ ਪਾਰਟੀ ਦੇ ਪ੍ਰਧਾਨ ਵੱਲੋਂ ਆਪ ਜੀ ਅਤੇ ਆਪ ਦੀ ਪਤਨੀ, ਸਰਦਾਰਨੀ ਹਰਭਜਨ ਕੌਰ ਜੀ ਨੂੰ, ਇਹਨਾਂ ਦੀ ਸਹਾਇਤਾ ਨਾਲ਼ ਪਾਰਟੀ ਨੂੰ ਸਟੇਟ ਵਿਚ ਪ੍ਰਾਪਤ ਹੋਈ ਸ਼ਾਨਦਾਰ ਜਿਤ ਕਰਕੇ, ਪ੍ਰਸੰਸਾ ਪੱਤਰ ਦਿਤੇ ਗਏ ਹਨ।
ਡਾ. ਬਰਾੜ ਨੇ ਸਿੱਖ ਸਮਾਜ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਜਦੋਂ ਵੀ ਸਿੱਖ ਇਕ ਦੂਜੇ ਨੂੰ ਮਿਲਣ ਤਾਂ ਇਕ ਦੂਜੇ ਨੂੰ, ''ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥'' ਜ਼ਰੂਰ ਕਹਿਣ। ਉਹਨਾਂ ਅਪੀਲ ਕੀਤੀ ਕਿ ਸਿੱਖ ਸਮਾਜ ਮਿਲ਼ ਜੁਲ਼ ਕੇ ਇਕੱਠਾ ਹੋ ਕੇ ਆਪਣੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀ ਇਜ਼ਤ ਕਰੇ। ਉਹਨਾਂ ਕਿਹਾ ਕਿ ਅਸੀਂ ਸਾਰੇ ਇਕ ਹਾਂ ਅਤੇ ਗੁਰੂ ਜੀ ਸਾਨੂੰ ਹਮੇਸ਼ਾਂ ਕਾਮਯਾਬੀ ਅਤੇ ਖੁਸ਼ੀਆਂ ਬਖ਼ਸ਼ਦੇ ਰਹਿਣਗੇ। ਆਪ ਜੀ ਦਾ ਕਹਿਣਾ ਹੈ ਕਿ ਸਿੱਖ ਦਾ ਮਨੋਰਥ ''ਸਰਬੱਤ ਦਾ ਭਲਾ'' ਹੈ। ਇਸ ਲਈ ਹਰੇਕ ਸਿੱਖ ਨੂੰ ਦੂਸਰਿਆਂ ਦੇ ਕੰਮ ਆਕੇ ਪ੍ਰਸੰਨਤਾ ਮਹਿਸੂਸ ਕਰਨੀ ਚਾਹੀਦੀ ਹੈ।
ਡਾਕਟਰ ਸਾਹਿਬ ਜੀ ਇਸ ਸਮੇ, ਆਪਣਾ ਨਿਜੀ ਕਾਰੋਬਾਰ ਸਮੇਟ ਕੇ, ਆਪਣੀ ਜੀਵਨ ਸਾਥਣ, ਸਰਦਾਰਨੀ ਹਰਭਜਨ ਕੌਰ ਜੀ ਸਮੇਤ, ਸਿਡਨੀ ਦੇ ਇਕ ਸਬਅਰਬ, ਕੈਂਬਰਜ ਪਾਰਕ, ਵਿਚ ਰਹਿ ਰਹੇ ਹਨ ਅਤੇ ਬਾਵਜੂਦ ਸਰੀਰਕ ਸੇਹਤ ਢਿਲੀ ਰਹਿਣ ਅਤੇ ਡਾਕਟਰਾਂ ਦੀ ਸਲਾਹ ਦੇ ਉਲ਼ਟ ਜਾ ਕੇ ਵੀ ਲੋੜਵੰਦਾਂ ਦੀ ਸਹਾਇਤਾ ਹਿਤ ਉਠ ਕੇ ਹਰੇਕ ਲੋੜਵੰਦ ਦੇ ਨਾਲ਼ ਤੁਰ ਪੈਂਦੇ ਹਨ। ਕਿਸੇ ਦੇ ਕੰਮ ਆਉਣ ਸਮੇ ਆਪ ਆਪਣੇ ਆਰਾਮ, ਸਮਾ, ਸੇਹਤ ਆਦਿ ਦਾ ਵੀ ਫਿਕਰ ਨਹੀ ਕਰਦੇ।
ਆਪ ਜੀ ਦੇ ਦੋਵੇਂ ਹੋਣਹਾਰ ਸਪੁਤਰ, ਰਾਮਿੰਦਰਪਾਲ ਸਿੰਘ ਬਰਾੜ ਅਤੇ ਰਾਜਿੰਦਰਪਾਲ ਸਿੰਘ ਬਰਾੜ ਆਪੋ ਆਪਣੇ ਕਾਰੋਬਾਰਾਂ ਤੇ ਪਰਵਾਰਾਂ ਵਿਚ ਸਫ਼ਲਤਾ ਸਹਿਤ ਵਿਚਰ ਅਤੇ ਤਰੱਕੀ ਕਰ ਰਹੇ ਹਨ।