ਗੀਤਕਾਰ ਬਚਿਤਰ ਅਨਪੜ੍ਹ ਆਸੀ ਵਾਲੇ ਨਾਲ ਇਕ
ਅਰਸੇ ਬਾਅਦ ਸੰਖੇਪ ਮੁਲਾਕਾਤ
ਪ੍ਰੋ.ਪ੍ਰੀਤਮ ਸਿੰਘ ਗਰੇਵਾਲ, ਕੈਨੇਡਾ

ਬਚਿਤਰ ਅਨਪੜ੍ਹ, ਆਸੀ ਵਾਲਾ
ਕਿਸੇ ਪੰਜਾਬੀ ਸ਼ਾਇਰ ਜਾਂ ਗੀਤਕਾਰ ਦਾ ਅਣਗੌਲਿਆ ਹੋਣਾ ਤਾਂ ਆਮ ਗੱਲ ਹੈ। ਪਰ ਉਸਦਾ ਅਨਪੜ੍ਹ ਹੋਣਾ
ਅਣਹੋਣਾ ਜਾਪਦਾ ਹੈ।ਬਚਿਤਰ ਆਸੀ ਵਾਲੇ ਦੇ ਨਾਂ ਨਾਲ 'ਅਨਪੜ੍ਹ' ਨਾ ਲਾਉਣਾ ਉਸ ਦੀ ਪਛਾਣ ਗੁਆਉਣ ਵਾਲੀ
ਗੁਸਤਾਖ਼ੀ ਹੋਵੇਗੀ।
ਸਕੂਲੀ ਸਿਖਿਆ ਤੋਂ ਵਾਂਝਾ ਪਰ ਆਮ ਪੇਂਡੂ ਕਿਸਾਨੀ ਪ੍ਰਵਾਰ ਅਤੇ ਸਮਕਾਲੀ ਰਾਜਸੀ ਸੰਘਰਸ਼ ਨਾਲ ਜੁੜੇ
ਤੀਬਰ ਤਜੁਰਬਿਆਂ ਰਾਹੀਂ ਤਰਾਸ਼ੀ ਸ਼ਖ਼ਸੀਅਤ ਵਾਲਾ ਇਹ ਗੀਤਕਾਰ 'ਬਚਿਤ੍ਰ' ਜ਼ਰੂਰ ਹੈ। ਅਨਪੜ੍ਹ? ਉਹਦਾ
ਆਪਣਾ ਉਤਰ ਹੈ:
''ਵਿਚ ਸਕੂਲ ਦੇ ਨਾ ਬੈਠਾ ਵਿਚ ਕਲਾਸ ਦੇ''।
ਪੰਜਾਬੀ ਪੜ੍ਹਨੀ 'ਅਨਪੜ੍ਹ' ਨੇ ਜ਼ਰੂਰ ਸਿਖ ਲਈ ਹੈ। ਕਿਵੇਂ? ਉਹਦੇ ਆਪਣੇ ਲਫਜ਼ਾਂ ਅਨੁਸਾਰ:
''ਕਰੀ ਪੜ੍ਹਾਈ ਲੰਮੇ ਸਫਰ ਦੀਆਂ ਵਿਚ ਗੱਡੀਆਂ ਦੇ, ਹੱਥ ਕਿਤਾਬ ਕਾਇਦਾ 'ਟੈਚੀਕੇਸ ਸਰਾਹਣਾ''।
ਪੰਜਾਬੀ ਲਿਖਣ ਦੀ ਮੁਹਾਰਤ ਪ੍ਰਪਤ ਨਹੀਂਂ ਕਰ ਸਕਿਆ ਅਜੇ।ਮਾਰਕਸਵਾਦ ਦੇ ਅਸਰ ਥੱਲੇ ਬਚਿਤਰ ਸਿਆਸੀ
ਲਹਿਰਾਂ ਨਾਲ ਜੁੜ ਕੇ ਜੇਲ ਯਾਤਰਾ ਵੀ ਕਰਦਾ ਰਿਹਾ। ਆਪਣੇ ਗੀਤਾਂ ਦੁਆਰਾ ਅਤੇ ਨਾਟਕਾਂ ਵਿਚ ਕੀਤੇ
ਰੋਲਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਪਿੰਡ ਵਾਸੀਆਂ ਨੂੰ ਜਾਗ੍ਰਿਤ ਕਰਨ ਲਈ ਆਪਣਾ ਵਧੇਰੇ
ਧਿਆਨ ਤੇ ਵਕਤ ਦੇਣ ਲੱਗਾ। ਬਤੌਰ 'ਅਨਪੜ੍ਹ ਬਚਿਤ੍ਰ ਆਸੀ ਵਾਲਾ' ਪ੍ਰਸਿਧੀ ਵੀ ਨਾਲੋ ਨਾਲ ਇਸਦੀ ਝੋਲੀ
ਪੈਂਦੀ ਰਹੀ।
ਕਈ ਸ਼ਗਿਰਦ ਵੀ ਇਸਦੇ ਪੈਰੀਂ ਲਗੇ।ਸਪਸ਼ਟ ਪਰ ਹੈਰਾਨੀ ਤੇ ਮਾਣ ਭਰੇ ਸ਼ਬਦਾਂ ਵਿਚ ਕਹਿੰਦਾ ਹੈ
''ਬਣ ਕੇ ਮੁਰਸ਼ਿਦ ਬੈਠਾ ਖ਼ੁਦ ਊੜਾ ਨਾ ਜਾਣਾਂ''।
ਕੁੱਲ ਮਿਲਾ ਕੇ ਤਕ੍ਰੀਬਨ ਘੰਟਾ ਭਰ ਦੀ ਇਹ ਮੁਲਾਕਾਤ 2007 ਦੇ ਸ਼ੁਰੂ ਵਿਚ ਕੋਸੀ ਧੁਪ ਅਤੇ ਚਾਹ ਦੀ
ਨਿੱਘ ਮਾਣਦਿਆਂ ਸਹਿਜ-ਭਾਅ ਚਲਦੀ ਰਹੀ।ਸਾਫਗੋਈ ਤੇ ਸੁਹਿਰਦਤਾ ਬਚਿਤਰ ਦੇ ਜਵਾਬਾਂ ਵਿਚੋਂ ਸਪਸ਼ਟ
ਝਲਕਦੀ ਸੀ
ਉਸ ਨੂੰ ਗਿਲਾ ਹੈ ਕਿ ਕਈ ਮਸ਼ਹੂਰ ਗਾਇਕ ਉਸ ਦੇ ਲਿਖੇ ਗੀਤ ਬਿਨਾਂ ਉਸ ਨੂੰ ਵਾਜਬ ਇਵਜ਼ਾਨਾ ਦਿਤਿਆਂ
ਜਾਂ ਉਹਦਾ ਨਾਂ ਹੀ ਲੁਕੋ ਕੇ ਵਰਤਦੇ ਰਹੇ ਹਨ।ਉਸ ਦਾ ਇਹ ਗਿਲਾ ਉਸ ਦੇ ਸ਼ਬਦਾਂ ਵਿਚ-
''ਅੱਜ ਕਲ ਕਰਕੇ ਚੋਰੀ ਨਗ਼ਮਾ ਅਨਪੜ੍ਹ ਵਰਗੇ ਦਾ, ਹੇਠਾਂ ਲਿਖ ਦਿੰਦੇ ਗੀਤਕਾਰ ਫਲਾਣਾ''।
ਪੰਜਾਬੀ ਦੇ ਆਮ ਲੇਖਕਾਂ ਦੀ ਹੋਣੀ ਦਾ ਸਾਂਝੀਵਾਲ ਇਹ ਸ਼ਾਇਰ ਆਮਦਨੀ ਦਾ ਕੋਈ ਪੱਕਾ ਜ਼ਰੀਆ ਨਾ ਹੋਣ ਕਰ
ਕੇ ਤੰਗੀ ਤੁਰਸ਼ੀ ਨਾਲ ਸੰਘਰਸ਼ ਕਰ ਰਿਹਾ ਜਾਪਦਾ ਹੈ। ਉਸ ਨੇ ਦੱਸਿਆ ਕਿ ਕੋਈ ਪ੍ਰਸਿਧ ਗਾਇਕ ਅਕਸਰ
ਆਪਣੀ ਮਰਜ਼ੀ ਅਨੁਸਾਰ ਦੋ ਚਾਰ ਹਜ਼ਾਰ ਰੁਪਏ ਦਾ ਇਵਜ਼ਾਨਾ ਜ਼ਰੂਰ ਦੇ ਛਡਦਾ ਹੈ।ਬਚਿਤਰ, ਸੁਰਿੰਦਰ ਛਿੰਦੇ
ਵਲੋਂ ਉਸ ਨੂੰ ਫਿਲਮਾਂ ਦੀ ਦੁਨੀਆ ਨਾਲ ਜੋੜਨ ਲਈ ਉਹਦਾ ਰਿਣੀ ਹੈ।
ਇਸ ਮੁਲਾਕਾਤ ਦੇ ਸਮੇ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਆਪਣੀ ਦੋ ਦਹਾਕੇ ਕਰਮਭੂਮੀ ਰਹਿ
ਚੁਕੇ ਸਰਕਾਰੀ ਕਾਲਜ,ਕਰਮਸਰ (ਰਾੜਾ ਸਾਹਿਬ) ਦੇ ਸਟਾਫ ਤੇ ਵਿਦਿਅਰਥੀਆਂ ਨੇ 'ਰੂਬਰੂ' ਤੇ ਖ਼ਾਸ ਕਰਕੇ
ਇਸ ਪੇਂਡੂ ਅਦਾਰੇ ਦੇ ਇਤਹਾਸਕ ਪੱਖ ਉਪਰ ਵਿਚਾਰ-ਵਟਾਂਦਰੇ ਲਈ ਨਿੱਘ ਭਰਿਆ ਸੱਦਾ ਭੇਜਿਆ। ਇਸ ਕਾਲਜ
ਨਾਲ ਇਹਦੇ ਅਰੰਭ (1969) ਤੋਂ ਲੈ ਕੇ ਭਾਵਨਾਤਮਕ ਸੰਬੰਧ ਮੇਰੇ ਲਈ ਵੀ ਜੀਵਨ ਦਾ ਖ਼ਾਸ ਸਰਮਾਇਆ ਹੈ।
ਇਸ ਵਿਸ਼ੇ ਬਾਰੇ ਵੱਖਰਾ ਵਰਨਣ ਕਰਨ ਦੀ ਲੋੜ ਸਮਝਦਾ ਹਾਂ।
ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋ.ਇੰਦਰਪਾਲ ਸਿੰਘ ਜੀ ਨਾਲ ਬਚਿਤਰ ਬਾਰੇ ਗੱਲ ਚਲੀ ਤਾਂ ਉਹਨਾਂ ਨੇ
ਉਸਨੂੰ ਮਿਲਣ ਦੀ ਇਛਾ ਜ਼ਾਹਰ ਕੀਤੀ।ਖ਼ੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਇਸ ਅਣਗੌਲੇ ਗੀਤਕਾਰ ਨੂੰ ਨਾ
ਕੇਵਲ ਵਿਦਿਆਰਥੀਆਂ ਦੇ ਰੂਬਰੂ ਹੀ ਕੀਤਾ ਬਲਕਿ ਸਨਮਾਨ ਚਿੰਨ ਅਤੇ ਵਾਜਬ ਸੇਵਾਫਲ ਨਾਲ ਵੀ ਨਿਵਾਜਿਆ।
'ਅਨਪੜ੍ਹ' ਪੰਜਾਬੀ ਸ਼ਾਇਰਾਂ ਵਿਚੋਂ ਵਾਰਿਸ ਸ਼ਾਹ ਨੂੰ ਸਭ ਤੋਂ ਉਤਮ ਸ਼ਾਇਰ ਮੰਂਨਦਾ ਹੈ। ਉਸ ਦੀ ਧਾਰਨਾ
ਹੈ ਕਿ ਸ਼ਾਇਰੀ ਮਹਿਲਾਂ ਕੋਠੀਆਂ ਅੰਦਰ ਨਹੀਂ ਜੰਮਦੀ ਬਲਕਿ ''ਹੁੰਦਾ ਸ਼ਾਇਰ ਦਾ ਕੋਠਾ ਕੁੱਲੀ ਕੱਲਰ
ਟਿਕਾਣਾ''। ਉਹ ਖ਼ੁਦ ਖੇਤ ਵਿਚ ਮੋਟਰ ਲਾਗੇ ਬਣੇ ਕਮਰੇ ਦਾ ਨਿਵਾਸੀ ਹੈ।
ਬਚਿਤਰ ਦੇ ਸ਼ਿਅਰਾਂ 'ਚੋਂ ਇਕ ਵੰਨਗੀ-
ਜਿਹੜੇ ਗਾਇਕ ਦਾ ਗੁਰੂ ਉਸਤਾਦ ਨਾਹੀਂ, ਉਹਨੂੰ ਮਾਈਕ ਤੇ ਆਉਣ ਦੀ ਲੋੜ ਕੀ ਏ।
ਜਿਹਨੂੰ ਪਰਖ ਨਾਹੀਂ ਸੁਰ ਤਾਲ ਵਾਲੀ, ਉਹਨੂੰ ਸੰਘ ਪੜਵਾਉਣ ਦੀ ਲੋੜ ਕੀ ਏ।
ਜਿਹਨੂੰ ਸ਼ਾਇਰ ਦੀ ਸ਼ਾਇਰੀ ਦੀ ਪਰਖ ਨਾਹੀਂ, ਉਹਨੂੰ ਸ਼ਿਅਰ ਸੁਣਾਉਣ ਦੀ ਲੋੜ ਕੀ ਏ।
ਅਨਪੜ੍ਹ ਜੀ ਕਹਿੰਦੇ ਨੇ ਮੱਝ ਅਗੇ, ਐਵੇਂ ਬੀਨ ਬਜਾਉਣ ਦੀ ਲੋੜ ਕੀ ਏ।