|
ਮਨਪ੍ਰੀਤ ਸਿੰਘ ਬੱਧਨੀ ਕਲਾਂ |
ਵਿਸ਼ੇਸ਼ ਮੁਲਾਕਾਤ: ਪੰਜਾਬ ਦੀ ਅਕਾਲੀ ਸਰਕਾਰ
ਬੀ ਜੇ ਪੀ ਦੀਆਂ ਵਿਸਾਖੀਆਂ ਤੇ ਐ : ਅਜੀਤ ਸਿੰਘ ਸ਼ਾਂਤ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ

ਫੋਟੋ: ਇੰਦਰਜੀਤ ਸਿੰਘ ਗਰੇਵਾਲ, ਕਾਂਗਰਸੀ ਆਗੂ ਹਰੀ ਸਿੰਘ ਖਾਈ ਅਤੇ ਸ੍ਰ. ਅਜੀਤ ਸਿੰਘ ਸ਼ਾਂਤ ਐਮ ਐਲ ਏ ਨਿਹਾਲ ਸਿੰਘ ਵਾਲਾ
ਅਜੀਤ ਸਿੰਘ ਸ਼ਾਂਤ ਜਿਹਨਾਂ ਦਾ ਪਿਛੋਕੜ ਅਕਾਲੀ ਰਜਨੀਤੀ
ਨਾਲ ਸੀ ਲੇਕਨ ਬਾਅਦ ਵਿੱਚ ਕਾਂਗਰਸ ਦੀ ਨੇੜਤਾ ਹਾਸਿਲ ਰਹੀ ਲੇਕਨ ਇਸ ਵਾਰ ਅਸੈਂਬਲੀ ਚੋਣਾਂ ਮੌਕੇ
ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਦਿੱਤੀ ਗਈ ਜਿਸ ਤੋਂ ਖ਼ਫਾ ਹੋ ਕੇ ਹਲਕੇ ਦੇ ਲੋਕਾਂ ਨੇ
ਉਹਨਾਂ ਨੂੰ ਅਜ਼ਾਦ ਉਮੀਦਵਾਰ ਖੜਾਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ
ਦਲ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਅਤੇ ਵਿਧਾਨ ਸਭਾ ਦੇ ਮੈਂਬਰ ਬਣੇ। ਬੀਤੇ ਹਫਤੇ
ਉਹ ਇੰਗਲੈਂਡ ਪਹੁੰਚੇ ਇਸ ਮੌਕੇ ਉਹਨਾਂ ਨਾਲ ਪੰਜਾਬ ਟਾਈਮਜ਼ ਦੇ ਪ੍ਰਤੀਨਿਧ ਮਨਪ੍ਰੀਤ ਸਿੰਘ ਬੱਧਨੀ
ਕਲਾਂ ਨੇ ਗੱਲਬਾਤ ਕੀਤੀ, ਪੇਸ਼ ਹਨ ਉਸ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਸ਼ਾਂਤ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ?
ਜਵਾਬ: ਮਨਪ੍ਰੀਤ ਜੀ ਤੁਸੀਂ ਮੇਰੇ ਹਲਕੇ ਨਾਲ ਸਬੰਧਤ ਹੋ ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ
ਮਿਲ ਕੇ। ਮੇਰਾ ਰਾਜਨੀਤਕ ਪਿਛੋਕੜ ਅਕਾਲੀ ਦਲ ਨਾਲ ਸਬੰਧਿਤ ਰਿਹਾ ਹੈ। ਮੇਰੇ ਪ੍ਰੀਵਾਰ ਨੇ ਅਤੇ ਮੈਂ
ਲੰਬਾਂ ਸਮਾਂ ਅਕਾਲੀ ਸਫਾ ਵਿੱਚ ਕੰਮ ਕੀਤਾ। ਮੇਰੇ ਪਿਤਾ ਸ੍ਰ. ਗੁਰਦੇਵ ਸਿੰਘ ਸ਼ਾਂਤ ਹਲਕਾ ਨਿਹਾਲ
ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮ ਐਲ ਏ ਰਹੇ, ਹਲਕਾ ਨਿਹਾਲ ਸਿੰਘ ਵਾਲਾ ਤੋਂ ਹੀ
ਮੈਂਬਰ ਸ਼੍ਰੋਮਣੀ ਕਮੇਟੀ ਰਹੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ
ਅਤੇ ਜਿਲ੍ਹਾ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਵੀ ਰਹੇ। ਇਸ ਹਲਕੇ ਵਿੱਚ ਅਕਾਲੀਅਤ ਪੈਦਾ ਕਰਨ ਲਈ ਸਾਡੇ
ਪ੍ਰੀਵਾਰ ਦੀ ਖਾਸ ਦੇਣ ਹੈ। 1972 ਵਿੱਚ ਉਹਨਾਂ ਨੇ ਪਹਿਲੀ ਅਸੈਂਬਲੀ ਦੀ ਚੋਣ ਲੜੀ, ਇਸ ਤੋਂ ਪਹਿਲਾਂ
ਅਕਾਲੀ ਦਲ ਨੇ ਇਥੇ ਚੋਣ ਲੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ 1977 ਵਿੱਚ ਉਹਨਾਂ ਨੇ ਫਿਰ ਚੋਣ ਲੜੀ
ਅਤੇ ਜਿੱਤੇ। 1986 ਵਿੱਚ ਉਹਨਾਂ ਦੇ ਅਕਾਲ ਚਲਾਣੇ ਤੋਂ ਉਪਰੰਤ ਮੈਂ ਰਾਜਨੀਤੀ ਵਿੱਚ ਆਇਆ। ਇਸ
ਦੌਰਾਨ ਮੈਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਿਹੈਂ। ਅਕਾਲੀ ਦਲ ਬਾਦਲ ਵੀ ਉਹਨਾਂ ਸਮਿਆਂ ਵਿੱਚ
ਹੋਂਦ ਵਿੱਚ ਆਇਆ ਸੀ। 1991 ਵਿੱਚ ਉਹਨਾਂ ਨੇ ਮੈਨੂੰ ਚੋਣ ਲੜਾਈ ਸੀ ਜੋ ਰੱਦ ਹੋ ਗਈ ਸੀ ਉਸ ਤੋਂ
ਬਆਦ ਉਹਨਾਂ ਨੇ ਮੈਨੂੰ ਦਫਤਰ ਸਕੱਤਰ ਨਿਯੁਕਤ ਕੀਤਾ। ਉਸ ਤੋਂ ਬਾਅਦ ਮੈਂ ਲੰਬਾਂ ਸਮਾਂ ਸਿੱਖ ਸਿਆਸਤ
ਵਿੱਚ ਰਿਹਾ, ਸਿੱਖ ਸਿਆਸਤ ਮੈਨੂੰ ਵਿਰਸੇ ਵਿੱਚੋਂ ਮਿਲੀ ਸੀ ਸੋ ਇਸੇ ਕਰਕੇ ਮੈਂ ਇਸ ਨੂੰ ਬੜੇ ਨੇੜੇ
ਤੋਂ ਵੇਖਿਆ ਹੈ। ਲੇਕਨ ਬਾਅਦ ਵਿੱਚ ਹਾਲਾਤ ਕੁਝ ਅਜੇਹੇ ਬਣ ਗਏ ਜਿਸ ਕਾਰਨ 2002 ਦੀ ਚੋਣ ਮੈਨੂੰ
ਅਜ਼ਾਦ ਉਮੀਦਵਾਰ ਵਜੋਂ ਲੜਨੀ ਪਈ ਜਿਸ ਵਿੱਚ ਮੈਨੂੰ 10-12 ਹਜ਼ਾਰ ਵੋਟ ਮਿਲੀ, ਜਿਸ ਨੇ ਮੈਨੂੰ ਕਾਫੀ
ਹੁਲਾਰਾ ਮਿਲਿਆ ਅਤੇ ਵਿਅਕਤੀਗਤ ਤੌਰ ਤੇ ਮੇਰੀ ਪਛਾਣ ਬਣੀ। ਉਸ ਪਛਾਣ ਦੇ ਤਹਿਤ ਹੀ ਜਦ ਕੈਪਟਨ
ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਦੁਬਾਰਾ ਮੁੱਖ ਮੰਤਰੀ ਬਣਨ ਲਈ ਸੰਭਾਵੀ ਜੇਤੂ
ਉਮੀਦਵਾਰਾਂ ਲਈ ਸਰਵੇਖਣ ਕਰਵਾਇਆ, ਕਿਉਂਕਿ 1969 ਵਿੱਚ ਦਲੀਪ ਸਿੰਘ ਹਿੰਮਤਪੁਰਾ ਤੋਂ ਬਾਅਦ ਇਸ ਹਲਕੇ
ਵਿੱਚੋਂ ਕਾਂਗਰਸ ਗੈਰਹਾਜ਼ਰ ਰਹੀ ਸੀ। ਇਹ ਸੀਟ ਇੱਕ ਸਮਝੌਤੇ ਦੇ ਤੌਰ ਤੇ ਕੌਮਨਿਸਟਾਂ ਨੂੰ ਛੱਡੀ
ਜਾਂਦੀ ਰਹੀ। ਇਸ ਸਰਵੇ ਅਨੁਸਾਰ ਮੇਰੀ ਕਾਰਗੁਜ਼ਾਰੀ ਬੇਹਤਰ ਲੱਗੀ ਸੋ ਮੈਂ ਕੈਪਟਨ ਸਾਹਿਬ ਦੇ ਬਦੌਲਤ
ਅਤੇ ਕੁਝ ਦੋਸਤਾਂ ਮਿਤਰਾਂ ਦੀ ਸਲਾਹ ਨਾਲ 23 ਫਰਵਰੀ 2006 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ
ਹੋਇਆ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਪਲੈਨਿੰਗ ਬੋਰਡ ਦਾ ਮੈਂਬਰ ਬਣਾਇਆ, ਉਸ ਵਕਫੇ
ਵਿੱਚ ਮੈਂ ਪੰਜਾਬ ਸਰਕਾਰ ਤੋਂ 7 ਕਰੋੜ ਰੁਪਇਆ ਲੈ ਕੇ ਆਪਣੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ
ਖਰਚਿਆ। ਮਹਿਲਾ ਮੰਡਲਾਂ, ਯੂਥ ਕਲੱਬਾਂ ਅਤੇ ਪੰਚਾਇਤਾਂ ਵਿੱਚ ਵੰਡਿਆ ਵਾਟਰ ਵਰਕਸ ਲਵਾਏ 31-32
ਪਿੰਡਾਂ ਵਿੱਚ ਇਸ ਪੈਸੇ ਨੂੰ ਖਰਚਿਆ ਗਿਆ। ਜਿਸ ਨਾਲ ਮੇਰੀ ਪਛਾਣ ਬਣ ਗਈ ਲੋਕਾਂ ਨੇ ਮੇਰਾ ਸਾਥ
ਦਿੱਤਾ।
ਇਹਨਾਂ ਕੰਮ ਕਰਵਾਉਣ ਦੇ ਬਾਵਜੂਦ ਮੈਨੂੰ ਕਾਂਗਰਸ ਦੀ ਟਿਕਟ ਨਹੀਂ ਮਿਲ ਸਕੀ ਅਤੇ ਇਲਾਕੇ ਦੇ ਲੋਕ
ਮੈਨੂੰ ਉਮੀਦਵਾਰ ਮੰਨ ਚੁੱਕੇ ਸੀ। ਇਲਾਕੇ ਦੇ ਲੋਕਾਂ ਨੇ 19 ਜਨਵਰੀ ਇੱਕ ਇਕੱਠ ਨਿਹਾਲ ਸਿੰਘ ਵਾਲਾ
ਵਿਖੇ ਕੀਤਾ ਅਤੇ 21 ਤਾਰੀਖ ਤੱਕ ਕਾਂਗਰਸ ਨੂੰ ਟਿਕਟ ਦਾ ਦੁਬਾਰਾ ਨਿਰਣਾ ਕਰਨ ਲਈ ਕਿਹਾ ਗਿਆ ਲੇਕਨ
ਕਾਂਗਰਸ ਵੱਲੋਂ ਹੁੰਗਾਰਾ ਨਾ ਮਿਲਣ ਤੇ 24 ਜਨਵਰੀ ਨੂੰ ਪਿੰਡਾਂ ਦੀਆਂ ਪੰਚਾਇਤਾਂ ਦਾ ਇੱਕ ਭਰਵਾਂ
ਇਕੱਠ ਹੋਇਆ ਅਤੇ ਫੈਸਲਾ ਹੋਇਆ ਕਿ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨੀ ਚਾਹੀਦੀ ਹੈ। ਫਿਰ ਕਾਗਜ਼
ਭਰੇ ਅਤੇ ਲੋਕਾਂ ਵੱਲੋਂ ਹਰ ਪੱਖੋਂ ਭਰਵਾਂ ਸਾਥ ਦਿੱਤਾ ਗਿਆ, ਪੈਸਾ, ਗੱਡੀਆਂ ਅਤੇ ਹੋਰ ਹਰ ਤਰ੍ਹਾਂ
ਦੀਆਂ ਸੇਵਾਵਾਂ ਦਿੱਤੀਆਂ। ਅਤੇ ਬੜੀ ਸ਼ਾਂਨ ਨਾਲ ਮੈਂ ਪੰਜਾਬ ਅਸੰਬਲੀ ਵਿੱਚ ਪਹੁੰਚਿਆ।
ਸਵਾਲ: ਅੱਜ ਕੱਲ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ?
ਜਵਾਬ: ਅੱਜ ਪੰਜਾਬ ਸਰਕਾਰ ਬਹੁਤੀ ਪਾਏਦਾਰ ਨਹੀਂ, ਕਿਉਂਕਿ ਅਕਾਲੀਆਂ ਕੋਲ ਸਰਕਾਰ ਬਣਾਉਣ
ਲਈ ਬੁਹਸੰਮਤੀ ਨਹੀਂ, ਉਹਨਾਂ ਨੂੰ ਬੀ ਜੇ ਪੀ ਤੇ ਨਿਰਭਰ ਕਰਨਾ ਪੈਂਦਾ ਹੈ। ਜਦ ਕੈਪਟਨ ਦੀ ਕਾਂਗਰਸ
ਸਰਕਾਰ ਛੱਡ ਕੇ ਗਈ ਤਾਂ ਉਦੋਂ ਵੀ ਪੰਜਾਬ ਦੇ ਖ਼ਜ਼ਾਨੇ ਵਿੱਚ ਸਾਡੇ 8 ਕਰੋੜ ਰੁਪਈਆ ਸੀ। ਪੰਜਾਬ ਵਿੱਚ
ਮੈਗਾ ਪ੍ਰਜੈਕਟ ਲਿਆਂਦੇ, ਪਾਣੀਆਂ ਦਾ ਮਸਲਾ ਹੱਲ ਕੀਤਾ, ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਪੰਜਾਬ
ਪਾਣੀਆਂ ਦੇ ਨਾਮ ਤੇ ਵੱਸਦਾ ਸਹੀ ਮਹਿਣਿਆਂ ਵਿੱਚ ਇਸ ਤੇ ਪਹਿਰਾ ਦੇ ਕੇ ਵਿਖਾਇਆ। ਸਰਹੰਦ ਵਿੱਚ ਚਾਰ
ਗੇਟ ਬਣਾਏ ਗੁਰੂਆਂ ਅਤੇ ਸ਼ਹੀਦਾਂ ਦੀਆਂ ਯਾਦਾਂ ਵਿੱਚ ਬੜਾ ਕੁਝ ਬਣਾਇਆ ਪੰਜਾਬ ਦੇ ਵਿਕਾਸ ਲਈ ਸਿੱਖਾਂ
ਦੀ ਪਹਿਚਾਣ ਬਣਾਉਣ ਲਈ ਉਪਰਾਲੇ ਕੀਤੇ। ਉਹਨਾਂ ਤੋਂ ਬਾਅਦ ਅਕਾਲੀਆਂ ਨੇ ਸਰਕਾਰ ਤਾਂ ਬਣਾਈ ਪੰਜਾਬ
ਦੀ ਵਾਂਗ ਡੋਰ ਤਾਂ ਸੰਭਾਲੀ ਲੇਕਨ ਆਰਥਿਕ ਤੌਰ ਤੇ ਪੰਜਾਬ ਡਾਵਾਂਡੋਲ ਹੈ। ਬੁਢਾਪਾ ਪੈਨਸ਼ਨ, ਸ਼ਗਨ
ਸਕੀਮ ਬੰਦ ਪਈ ਹੈ ਕਿਸੇ ਪੰਚਾਇਤ ਨੂੰ ਕੋਈ ਗ੍ਰਾਂਟ ਨਹੀਂ ਮਿਲੀ। ਚਾਰ ਰੁਪਈਏ ਕਿਲੋ ਆਟਾ, ਵੀਹ
ਰੁਪਈਏ ਕਿਲੋ ਦਾਲ ਇਹ ਨਾਹਰਾ ਵੀ ਠੱਗੀ ਦਾ ਸਮਾਨ ਹੀ ਨਿਕਲਿਆ। ਇਹ ਆਪਣੇ ਵਾਅਦੇ ਤੇ ਖਰੇ ਨਹੀਂ ਉਤਰੇ।
ਲੋਕਾਂ ਨੂੰ ਤਨਖਾਰ ਨਹੀਂ ਮਿਲ ਰਹੀ, ਵਿਕਾਸ ਦਾ ਕੰਮ ਨਹੀਂ ਹੋ ਰਿਹਾ ਪੰਜਾਬ ਵਿੱਚ ਆਰਥਿਕ ਐਮਰਜ਼ੈਂਸੀ
ਵਰਗਾ ਮਾਹੌਲ ਬਣਿਆ ਹੋਇਆ ਹੈ, ਸਰਕਾਰ ਦਿਸ਼ਾਹੀਣ ਹੈ, ਕਿਉਂਕਿ ਭਾਈਵਾਲ ਪਾਰਟੀ ਵੀ ਵੱਧ ਅਧਿਕਾਰ ਮੰਗ
ਰਹੀ ਹੈ, ਖਜ਼ਾਨਾ ਭਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਸਵਾਲ: ਕਾਂਗਰਸ ਦੀ ਸਰਕਾਰ ਆਈ ਤਾਂ ਬਾਦਲ ਦੇ ਖਿਲਾਫ ਕਰਪਸ਼ਨ ਵਰਗੇ ਅਰੋਪ
ਲਗਾ ਕੇ ਕਾਫੀ ਰੌਲਾ ਪਾਇਆ ਹੁਣ ਅਕਾਲੀਆਂ ਦੀ ਸਰਕਾਰ ਆਈ ਤਾਂ ਬਾਦਲ ਅਮਰਿੰਦਰ ਸਿੰਘ ਦੇ ਖਿਲਾਫ ਉਹੀ
ਕੁਝ ਕਰਨ ਦੇ ਯਤਨ ਕਰ ਰਹੇ ਹਨ ਕੀ ਇਸ ਬਦਲਾ ਲਊ ਕਾਰਵਾਈਆਂ ਵਿੱਚ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ?
ਜਵਾਬ: ਇਹ ਬਿਲਕੁਲ ਸਹੀ ਗੱਲ ਹੈ ਪੰਜਾਬ ਦੀ ਸਿਆਸਤ ਅੱਜ ਰਿਸਾਤਲ ਵੱਲ ਜਾ ਰਹੀ ਹੈ ਨਿਮਾਣ
ਵੱਲ ਜਾ ਰਹੀ ਹੈ, ਵਿਰੋਧੀ ਧਿਰ ਦੇ ਐਮ ਐਲ ਏ ਨਾਲ ਅੱਜ ਕੋਈ ਅਫਸਰ ਹੱਥ ਮਿਲਾਉਣ ਲਈ ਤਿਆਰ ਨਹੀਂ,
ਡੀ ਸੀ, ਐਸ ਐਸ ਪੀ ਅਤੇ ਵੱਡੇ ਵੱਡੇ ਥਾਣਿਆਂ ਵਿੱਚ ਬਦਲਾਖੋਰੀ ਵਾਲੀ ਰਾਜਨੀਤੀ ਚੱਲ ਰਹੀ ਹੈ। ਇਹ
ਕੋਈ ਸਿਹਤਮੰਦ ਰੁਝਾਨ ਨਹੀਂ ਹੈ ਇਹ ਪੰਜਾਬ ਦੇ ਦੁਰਭਾਗ ਨੇ ਕਿ ਇਹੋ ਜਿਹੇ ਲੀਡਰ ਪੰਜਾਬ ਨੂੰ ਮਿਲ
ਰਹੇ ਹਨ। ਰਿਸ਼ਵਤ ਬਾਰੇ ਤਾਂ ਗੁਰੂਆਂ ਨੇ ਕਿਹਾ ਸੀ ''ਕਾਜ਼ੀ ਹੋ ਗਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਏ,"
ਸੋ ਕ੍ਰਪਸ਼ਨ ਦਾ ਰੁਝਾਨ ਤਾਂ ਲੰਬੇ ਸਮਿਆਂ ਤੋਂ ਚੱਲਿਆ ਆ ਰਿਹਾ ਹੈ। 1997 ਵਿੱਚ ਸ੍ਰ. ਬਾਦਲ ਨੇ ਇਸ
ਦੇ ਖਿਲਾਫ ਮੁਹਿੰਮ ਛੇੜੀ ਸੀ ਲੇਕਨ ਬਹੁਤਾ ਫਾਈਦਾ ਨਹੀਂ ਹੋਇਆ, ਅਫਸਰ ਸ਼ਾਹੀ ਨੇ ਕ੍ਰਪਸ਼ਨ ਨੂੰ ਆਪਣਾ
ਹੱਕ ਸਮਝ ਲਿਆ ਹੈ ਤਨਖਾਹਾਂ ਤੇ ਕੋਈ ਗੁਜ਼ਾਰਾ ਨਹੀਂ ਕਰ ਰਿਹਾ।
ਸਵਾਲ: ਕ੍ਰਪਸ਼ਨ ਬਾਰੇ ਜੋ ਕੁਝ ਹੁਣ ਬਾਦਲ ਸਾਹਿਬ ਕਰ ਰਹੇ ਹਨ ਪਹਿਲਾਂ
ਅਮਰਿੰਦਰ ਸਿੰਘ ਨੇ ਵੀ ਉਹਨਾਂ ਤੇ ਇਲਜ਼ਾਮ ਲਾਏ ਸਨ ਫਿਰ ਹੋਇਆ ਕੁਝ ਵੀ ਨਹੀਂ?
ਜਵਾਬ: ਮੈਂ ਤਾਂ ਇਹ ਕਹਾਂਗਾ ਕਿ ਇਹ ਤਾਂ ਇੱਕ ਜਾਤੀ ਰੰਜਸ਼ ਹੈ। ਜਿਸ ਕਰਕੇ ਰਾਜਨੀਤੀ ਵਿੱਚ
ਗਿਰਾਵਟ ਆ ਰਹੀ ਹੈ ਜੇ ਅਮਰਿੰਦਰ ਸਰਕਾਰ ਵੇਲੇ ਇਹ ਗਲਤੀ ਹੋਈ ਹੈ ਤਾਂ ਹੁਣ ਮਹਾਂ ਗਲਤੀ ਕੀਤੀ ਜਾ
ਰਹੀ ਹੈ। ਦੋਨਾਂ ਧਿਰਾਂ ਨੂੰ ਅਜੇਹਾ ਨਹੀਂ ਕਰਨਾ ਚਾਹੀਦਾ ਸੀ ਸਗੋਂ ਲੋਕਾਂ ਦੇ ਭਲੇ ਲਈ, ਪੰਜਾਬ ਦੇ
ਭਲੇ ਲਈ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਵਿਕਾਸ ਦੇ ਕਾਰਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸੇ
ਵੇਲੇ ਪੰਜਾਬ ਇੱਕ ਨੰਬਰ ਤੇ ਸੀ ਜੋ ਅੱਜ 17ਵੇਂ ਨੰਬਰ ਤੇ ਚਲਾ ਗਿਆ ਹੈ ਉਸ ਦਾ ਉਥਾਨ ਕਿਵੇਂ ਕਰਨਾ
ਹੈ, ਇਸ ਬਾਰੇ ਸੋਚਣਾ ਚਾਹੀਦਾ ਹੈ । ਬਦਲਾ ਖੋਰੀ ਵਾਲੀ ਰਾਜਨੀਤੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸਵਾਲ: ਪੰਜਾਬ ਦਾ ਆਰਥਿਕ ਢਾਂਚਾ ਕਿਸਾਨੀ ਤੇ ਨਿਰਭਰ ਹੈ ਲੇਕਨ ਕਿਸਾਨ
ਵਰਗ ਇਸ ਵੇਲੇ ਬਹੁਤਾ ਖੁਸ਼ਹਾਲ ਨਹੀਂ, ਝੋਨਾਂ ਜਿਆਦਾ ਲੱਗ ਰਿਹਾ ਹੈ ਪਾਣੀ ਦੀ ਤਹਿ ਹੋਰ ਹੇਠਾਂ ਨੂੰ
ਹੋ ਰਹੀ ਹੈ ਕਿਉਂ ਨਹੀਂ ਸਰਕਾਰ ਇਸ ਦਾ ਸਦੀਵੀਂ ਹੱਲ ਕੱਢਦੀ?
ਜਵਾਬ: ਪੰਜਾਬ ਗੁਰੂਆਂ ਦੇ ਨਾਮ ਵੱਸਦਾ ਹੈ ਪੰਜਾਬ ਦੀ ਆਰਥਿਕਤਾ ਕਿਸਾਨਾਂ ਨਾਲ ਬੱਝੀ ਹੋਈ
ਹੈ। ਸ੍ਰ. ਬਾਦਲ ਨੇ ਚਾਰ ਵਾਰ ਸਰਕਾਰ ਬਣਾਈ ਅਤੇ ਇਹ ਨਾਹਰਾ ਲਗਾਇਆ ਕਿ ਮੈਂ ਪੰਜਾਬ ਨੂੰ
ਕੈਲੇਫੋਰਨੀਆਂ ਬਣਾ ਦਊਂ। ਲੇਕਨ ਹੋਇਆ ਇਸ ਤੋਂ ਉਲਟ ਕੈਲੇਫੋਰਨੀਆਂ ਪੰਜਾਬ ਬਣ ਗਿਆ। ਦੁਖੀ ਹੋਏ ਲੋਕ
ਕੈਲੇਫੋਰਨੀਆਂ ਚਲੇ ਗਏ, ਯੁਰਪ ਵਿੱਚ ਆ ਗਏ ਜਾਂ ਹੋਰ ਵਿਦੇਸ਼ਾਂ ਵੱਲ ਚਲੇ ਗਏ ਲੇਕਨ ਪੰਜਾਬ ਦੀ
ਮੰਦਹਾਲੀ ਉਸੇ ਤਰ੍ਹਾਂ ਬਣੀ ਹੋਈ ਹੈ। ਕਿਸਾਨਾਂ ਨੂੰ ਚੰਗੀਆਂ ਫਸਲਾਂ ਦੇਣੀਆਂ ਚਾਹੀਦੀਆਂ ਸਨ,
ਕੈਪਟਨ ਸਰਕਾਰ ਬੀ ਟੀ ਕਾਟਨ ਦਾ ਬੀਜ਼ ਲੈ ਕੇ ਆਈ ਬੜੇ ਲੰਬੇ ਸਮੇਂ ਬਾਅਦ ਮਾਲਵੇ ਵਿੱਚ ਕਪਾਹ ਦੀ ਫਸਲ
ਚੰਗੀ ਹੋਈ, ਕੈਪਟਨ ਦੀ ਸਰਕਾਰ ਵੇਲੇ ਕਿਸਾਨਾਂ ਨੇ ਦਸ ਫਸਲਾਂ ਵੇਚੀਆਂ ਲੇਕਨ ਕਦੇ ਕਿਸੇ ਨੂੰ ਬਹੁਤੀ
ਦੇਰ ਮੰਡੀ ਵਿੱਚ ਨਹੀਂ ਸੀ ਬੈਠਣਾ ਪਿਆ, ਨਾ ਹੀ ਕਿਸੇ ਨੂੰ ਇੱਕ ਰੁਪਈਆਂ ਵੱਡੀ ਦੇਣੀ ਪਈ ਸੀ।
ਪੰਜਾਬ ਵਿੱਚ ਮੈਗਾ ਪ੍ਰਾਜੈਕਟ ਲੈ ਕੇ ਆਏ ਤਾਂ ਕਿ ਕਿਸਾਨਾਂ ਨੂੰ ਘੱਟ ਖਰਚੇ ਕਰਕੇ ਵਧੀਆ ਫਸਲ ਮਿਲੇ
ਅਤੇ ਮੁਨਾਫਾ ਹੋਵੇ, ਪਾਣੀ ਘੱਟ ਵਰਤਿਆ ਜਾਵੇ।
ਸਵਾਲ: ਭਾਵੇਂ ਪੰਜਾਬ ਤੋਂ ਦੂਰ ਪ੍ਰਵਾਸ ਦੀ ਜਿੰਦਗੀ ਅਸੀਂ ਬਿਤਾ ਰਹੇ
ਹਾਂ ਲੇਕਨ ਹਰ ਪੰਜਾਬੀ ਦਾ ਝੁਕਾਅ ਪੰਜਾਬ ਵੱਲ ਹੀ ਰਹਿੰਦਾ ਹੈ ਲੇਕਨ ਜਦ ਉਹ ਪੰਜਾਬ ਜਾਂਦੇ ਹਨ ਤਾਂ
ਆਪਣੇ ਆਪ ਨੂੰ ਬਹੁਤਾ ਸੁਰੱਖਿਅਤ ਜਿਹਾ ਮਹਿਸੂਸ ਨਹੀਂ ਕਰਦੇ?
ਜਵਾਬ:ਸਾਡੇ ਗੁਰੂਆਂ ਦਾ ਉਪਦੇਸ਼ ਹੈ ਕਿ ਦਸ ਨੌਂਹਾਂ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ ਇਹ
ਵਿਦੇਸ਼ ਬੈਠਾ ਸਿੱਖ ਇਸ ਤੇ ਅਮਲ ਕਰ ਰਿਹਾ ਹੈ। ਜਦ ਉਹ ਪੰਜਾਬ ਜਾਂਦਾ ਹੈ ਤਾਂ ਉਸਦਾ ਰਵਈਆ ਵੀ ਕੁਝ
ਬਦਲ ਜਾਂਦਾ ਹੈ ਜਿਸ ਤਰ੍ਹਾਂ ਦੀ ਸਾਦਗੀ ਉਸ ਦੀ ਵਿਦੇਸ਼ਾਂ ਵਿੱਚ ਹੁੰਦੀ ਉਹ ਪੰਜਾਬ ਲੈ ਕੇ ਨਹੀਂ
ਜਾਂਦਾ ਉਹ ਸੋਨੇ ਨਾਲ ਲੱਦਿਆ ਜਾਂਦਾ ਹੈ ਜਿਸ ਨੂੰ ਵੇਖ ਕੇ ਉਥੋਂ ਦੇ ਗਰੀਬ ਵਰਗ ਦੀਆਂ ਅੱਖਾਂ ਲਲਚਾ
ਜਾਂਦੀਆਂ ਹਨ, ਉਥੋਂ ਦੀ ਅਫਸਰਸ਼ਾਹੀ ਵੀ ਇਹਨਾਂ ਦਾ ਕੰਮ ਨਹੀਂ ਕਰਦੀ ਸਗੋਂ ਸੋਚਦੀ ਹੈ ਕਿ ਜੇ ਇਹਨਾਂ
ਦਾ ਕੰਮ ਲਮਕਾ ਦਿੱਤਾ ਜਾਵੇ ਤਾਂ ਇਹ ਸਾਨੂੰ ਪੈਸੇ ਦੇ ਕੇ ਜਾਣਗੇ। ਸੋ ਮੈਂ ਮਹਿਸੂਸ ਕਰਦਾ ਹਾਂ ਕਿ
ਉਹ ਜਿਸ ਤਰ੍ਹਾਂ ਇਥੇ ਰਹਿੰਦੇ ਹਨ ਅਤੇ ਮੇਹਨਤਾਂ ਕਰਦੇ ਹਨ ਉਹੀ ਸਾਦਗੀ ਲੈ ਕੇ ਪੰਜਾਬ ਜਾਣ ਉਥੋਂ
ਦੇ ਵਸਨੀਕਾਂ ਲਈ ਮਿਸਾਲ ਪੈਦਾ ਕਰਨ ਅਤੇ ਕਹਿਣ ਕਿ ਜੇ ਪੰਜਾਬ ਵਿੱਚ ਰਹਿੰਦੇ ਹੋਏ ਉਹਨਾਂ ਵਾਂਗ
ਮੇਹਨਤਾਂ ਕਰਨ ਤਾਂ ਵਧੀਆ ਜਿੰਦਗੀ ਬਤੀਤ ਕਰ ਸਕਦੇ ਹਨ।
ਸਵਾਲ: ਕੋਈ ਹੋਰ ਸੇਨੇਹਾ?
ਜਵਾਬ: ਬੱਸ ਇਹੀ ਹੈ ਕਿ ਪੰਜਾਬੀਅਤ ਦੀ, ਕੌਮ ਦੀ ਸਾਂਝ ਸਦਾ ਬਣਾਈ ਰੱਖਣੀ ਚਾਹੀਦੀ ਹੈ।
ਗੁਰੂਆਂ ਦੀ ਦਿੱਤੀ ਸਿੱਖਿਆ ਅਨੁਸਾਰ ਚੱਲਣਾ ਚਾਹੀਦਾ ਹੈ।