ਸਾਊਥਾਲ ਈਲਿੰਗ ਹਲਕੇ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨਾਲ ਬੱਧਨੀ ਡਾਟ ਕਾਮ ਦੇ ਮੁੱਖ ਸੰਪਾਦਕ ਮਨਪ੍ਰੀਤ ਸਿੰਘ ਬੱਧਨੀ ਕਲਾਂ ਦੀ ਵਿਸ਼ੇਸ਼ ਗੱਲਬਾਤ
|
ਮਨਪ੍ਰੀਤ ਸਿੰਘ ਬੱਧਨੀ ਕਲਾਂ |
|
ਸ੍ਰੀ ਵਰਿੰਦਰ ਸ਼ਰਮਾ ਐਮ ਪੀ ਈਲਿੰਗ ਸਾਊਥਾਲ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਗੋਰਡਨ ਬਰਾਊਨ ਨਾਲ |
ਪੰਜਾਬ ਦੀ ਧਰਤੀ ਤੋਂ ਲੱਖਾਂ ਕੋਹਾਂ ਦੂਰ ਬੈਠ ਕੇ
ਪੰਜਾਬੀਆਂ ਨੇ ਜੋ ਮਾਰਕੇ ਮਾਰੇ ਹਨ ਕਿਸੇ ਤੋਂ ਛੁਪੇ ਨਹੀਂ, ਦੁਨੀਆਂ ਦੇ ਹਰ ਦੇਸ਼ ਵਿੱਚ ਪੰਜਾਬੀਆਂ
ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ, ਵੱਡੇ ਵੱਡੇ ਕਾਰੋਬਾਰਾਂ ਦੇ ਨਾਲ ਨਾਲ ਸਾਇੰਸ, ਅਤੇ
ਰਾਜਨੀਤੀ ਦੇ ਖੇਤਰ ਵਿੱਚ ਵੀ ਤਕੜੇ ਹੰਭਲੇ ਮਾਰ ਕੇ ਪਾਰਲੀਮੈਂਟ ਦੇ ਦਰਵਾਜੇ ਜਾ ਖੜਕਾਏ ਹਨ। ਇਸੇ
ਲੜੀ ਵਿੱਚ ਇੱਕ ਹੋਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਨਾਮ ਹੈ ਸ੍ਰੀ ਵਰਿੰਦਰ ਸ਼ਰਮਾ ਜੀ,
ਜਿਹੜੇ ਬਰਤਾਨਵੀਂ ਪਾਰਲੀਮੈਂਟ ਵਿੱਚ ਪਿਛੇ ਜੇਹੇ ਹੋਈਆਂ ਸਾਊਥਾਲ ਈਲਿੰਗ ਜਿਮਨੀ ਚੋਣਾਂ ਵਿੱਚ ਜਿੱਤ
ਕੇ ਪਹੁੰਚੇ। ਬੀਤੇ ਦਿਨੀ ਉਹਨਾਂ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ ਅਤੇ ਉਹਨਾਂ ਨਾਲ ਸਾਂਝੇ ਕੀਤੇ
ਵਿਚਾਰ ਪੰਜਾਬ ਟਾਈਮਜ਼ ਦੇ ਪਾਠਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ:
ਸਵਾਲ: ਸ਼ਰਮਾ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ?
ਜਵਾਬ: ਮੇਰਾ ਜਨਮ ਪਿੰਡ ਮੰਡਾਲੀ ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਜਲੰਧਰ ਹੁੰਦਾ ਸੀ), ਮੇਰੀ
ਮੁਢਲੀ ਪਿੰਡ ਮੰਡਾਲੀ ਤੋਂ ਹੈ ਅਤੇ ਮਿਡਲ ਦੀ ਪੜ੍ਹਾਈ ਸ੍ਰੀ ਗੁਰੂ ਹਰ ਰਾਏ ਸਕੂਲ ਦੁਸਾਂਝ ਕਲਾਂ
ਤੋਂ ਕੀਤੀ, ਫਗਵਾੜੇ ਤੋਂ ਦਸਵੀਂ ਕਰਨ ਤੋਂ ਬਾਅਦ ਰਾਮਗੜੀਆ ਕਾਲਿਜ ਤੋਂ ਡਿਗਰੀ ਕੀਤੀ। ਇਸ ਤੋਂ
ਬਾਅਦ 1968 ਵਿੱਚ ਮੈਂ ਇੰਗਲੈਂਡ ਆ ਗਿਆ ਸੀ।
ਸਵਾਲ: ਤੁਹਾਡਾ ਪ੍ਰੀਵਾਰ ਵੀ ਪੰਜਾਬ ਦੀ ਸਿਆਸਤ ਨਾਲ ਜੁੜਿਆ ਰਿਹਾ ਹੈ
ਕੁਝ ਚਾਨਣਾ ਪਾਉਂਗੇ ਇਸ ਬਾਰੇ ਵੀ?
ਜਵਾਬ: ਜਰੂਰ ਮੇਰੇ ਪਿਤਾ ਜੀ ਡਾ. ਲੇਖ ਰਾਜ ਸ਼ਰਮਾ ਜੀ ਜਿਹਨਾਂ ਨੂੰ ਪੰਜਾਬ ਦੀ ਸਿਆਸਤ
ਵਿੱਚ ਭੀਸ਼ਮ ਪਿਤਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਜ਼ਾਦੀ ਤੋਂ ਪਹਿਲਾਂ, ਅਜ਼ਾਦੀ ਘੁਲਾਟੀਆਂ ਨਾਲ
ਮਿਲ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜੂਝਦੇ ਰਹੇ। ਬਾਅਦ ਵਿੱਚ ਦੇਸ਼ ਦੀ ਖਾਸ ਤੌਰ ਤੇ ਪੰਜਾਬ ਦੀ
ਤਰੱਕੀ ਲਈ ਕਾਂਗਰਸ ਦੀ ਜੋ ਸੋਚ ਸੀ ਉਸ ਦੇ ਰਾਹੀਂ ਹਿੱਸਾ ਪਾਉਂਦੇ ਰਹੇ ਹਨ। ਇਸ ਤਰ੍ਹਾਂ ਸਾਡਾ
ਪ੍ਰੀਵਾਰਿਕ ਮਾਹੌਲ ਸਿਆਸੀ ਸੀ ਅਤੇ ਪੁਰਾਣੇ ਵੇਲੇ ਤੋਂ ਹੁਣ ਤੱਕ ਜਿਹਨੇ ਵੀ ਪੰਜਾਬ ਦੇ ਲੀਡਰ ਹਨ
ਉਹਨਾਂ ਕੋਲ ਆਉਂਦੇ ਜਾਂਦੇ ਰਹਿੰਦੇ ਹਨ, ਜਿਹਨਾਂ ਵਿੱਚ ਗਿਆਨੀ ਕਰਤਾਰ ਸਿੰਘ ਜੀ, ਸ੍ਰ. ਅਮਰ ਸਿੰਘ
ਦੁਸਾਂਝ, ਜਗਜੀਤ ਸਿੰਘ ਅਨੰਦ, ਹਰਕਿਸ਼ਨ ਸਿੰਘ ਸੁਰਜੀਤ ਅਤੇ ਹੋਰ ਬਹੁਤ ਸਾਰੇ ਸਾਰੀਆਂ ਪਾਰਟੀਆਂ ਦੇ
ਲੀਡਰ ਅਕਸਰ ਹੀ ਪਿਤਾ ਜੀ ਕੋਲ ਪਿੰਡ ਆਉਂਦੇ ਰਹਿੰਦੇ ਸਨ, ਉਹਨਾਂ ਵੇਲਿਆਂ ਵਿੱਚ ਅੱਜ ਦੀ ਸਿਆਸਤ
ਤੋਂ ਵੱਖਰਾ ਜਿਹਾ ਅਸਰ ਹੋਇਆ ਕਰਦਾ ਸੀ ਭਾਵੇਂ ਕਿ ਸਭ ਆਪੋ ਆਪਣੀਆਂ ਪਾਰਟੀਆਂ ਨਾਲ ਸਬੰਧ ਰੱਖਿਆ
ਕਰਦੇ ਸਨ ਲੇਕਨ ਜਦੋਂ ਲੋਕਾਂ ਦੀ ਗੱਲ ਆਉਣੀ ਜਾਂ ਸੁਸਾਇਟੀ ਦੀ ਗੱਲ ਆਉਣੀ ਤਾਂ ਭਾਵੇਂ ਉਹ ਅਕਾਲੀ
ਸੀ, ਕਾਂਗਰਸੀ ਸੀ ਜਾਂ ਕਮਿਊਨਿਸਟ ਸੀ ਸਭ ਇਕੱਠੇ ਹੋ ਜਾਂਦੇ ਸਨ। ਸੋ ਇਸ ਸਿਆਸੀ ਮਾਹੌਲ ਦਾ ਮੇਰੇ
ਤੇ ਅਸਰ ਹੋਣਾ ਕੁਦਰਤੀ ਸੀ ਜਿਸ ਤੋਂ ਮੈਨੂੰ ਵੀ ਸਿਆਸਤ ਦੀ ਚੇਟਕ ਲੱਗ ਗਈ। ਸਟੂਡੈਂਟ ਯੁਨੀਅਨ,
ਪੰਜਾਬ ਨੌਜਵਾਨ ਸਭਾ ਵਿੱਚ ਮੈਂ ਕਾਫੀ ਸਰਗਰਮੀ ਨਾਲ ਹਿੱਸਾ ਲੈਂਦਾ ਸੀ। ਉਦੋਂ ਵੀ ਅਤੇ ਹੁਣ ਵੀ ਮੈਂ
ਹਮੇਸ਼ਾਂ ਆਪਣੀ ਸੋਚ ਨੂੰ ਜਾਤ ਪਾਤ ਧਰਮ ਤੋਂ ਉੱਪਰ ਹੀ ਰੱਖਿਆ, ਉਜਲ ਦੁਸਾਂਝ, ਹਰਿੰਦਰ ਤੱਖਰ, ਸਰਵਣ
ਫਲੌਰ ਵਾਲਾ ਅਤੇ ਹੋਰ ਕਈ ਮੇਰੇ ਹਮ ਜਮਾਤੀ ਅੱਜ ਵੱਖ ਵੱਖ ਦੇਸ਼ਾਂ ਵਿੱਚ ਸਰਗਰਮ ਸਿਆਸਤ ਨਾਲ ਜੁੜੇ
ਹੋਏ ਹਨ।
ਸਵਾਲ: ਤੁਹਾਡਾ ਇੰਗਲੈਂਡ ਆ ਕੇ ਸਿਆਸਤ ਵੱਲ ਰੁਝਾਨ ਕਿਸ ਤਰ੍ਹਾਂ ਹੋਇਆ?
ਜਵਾਬ: ਮੇਰੇ ਸਿਆਸੀ ਪਿਛੋਕੜ ਨੂੰ ਤਕਰੀਬਨ ਸਭ ਜਾਣਦੇ ਹੀ ਸਨ, ਜਦ ਮੈਂ 1968 ਵਿੱਚ ਆਇਆ
ਤਾਂ ਉਦੋਂ ਦੇ ਲੇਬਰ ਪਾਰਟੀ ਦੇ ਸਰਗਰਮ ਮੈਂਬਰ ਸਨ ਸਰਦੂਲ ਸਿੰਘ ਗਿੱਲ, ਇੰਡੀਅਨ ਵਰਕਰ ਐਸੋਸੀਏਸ਼ਨ
ਦੇ ਵਿਸ਼ਨੂ ਦੱਤ ਸ਼ਰਮਾ, ਅਜੀਤ ਰਾਏ, ਸੇਮਤੂਰ, ਹਰਬੰਸ ਸਿੰਘ ਰੂਪਰਾਅ ਆਦਿ ਨਾਲ ਮੇਰੇ ਚੰਗੇ ਸਬੰਧ ਸਨ,
ਮੇਰੇ ਦੋ ਭਰਾ ਏਥੇ ਰਹਿੰਦੇ ਸਨ, ਉਹਨਾਂ ਦਾ ਵੀ ਅਸਿੱਧੇ ਤੌਰ ਤੇ ਲੋਕਲ ਸੰਸਥਾਵਾਂ ਨਾਲ ਮੇਲ ਜੋਲ
ਸੀ, ਗੁਰਦੁਆਰਾ ਸਿੰਘ ਸਭਾ ਹੈਵਲੁਕ ਰੋਡ ਖਾਸ ਰੋਲ ਅਦਾ ਕਰਿਆ ਕਰਦਾ ਸੀ। ਗੱਲ ਕੀ ਇਹਨਾਂ ਸੰਸਥਾਵਾਂ
ਦੀਆਂ ਮੀਟਿੰਗਾਂ ਹੋਣੀਆਂ ਜਾਂ ਹੋਰ ਕਮਿਊਨਿਟੀ ਦੀਆਂ ਮੀਟਿੰਗਾਂ ਜਾਂ ਮੁਸ਼ਕਲਾਂ ਤੇ ਵਿਚਾਰਾਂ ਹੋਣੀਆਂ
ਮੈਂ ਉਹਨਾਂ ਵਿੱਚ ਹਿੱਸਾ ਲੈਂਦਾ ਰਿਹਾ ਅਤੇ ਲੋਕਾਂ ਨਾਲ ਮੇਰਾ ਮਿਲਵਰਤਣ ਵੱਧਦਾ ਗਿਆ ਅਤੇ ਇਹਨਾਂ
ਵੱਲੋਂ ਮੇਰੇ ਪਿਛੋਕੜ ਨੂੰ ਵੇਖ ਕੇ ਲਗਨ ਨੂੰ ਵੇਖ ਕੇ ਹੱਲਾ ਸ਼ੇਰੀ ਮਿਲਦੀ ਗਈ। 1970 ਵਿੱਚ ਮੈਂ
ਟਰੇਡ ਯੁਨੀਅਨ ਵਿੱਚ ਸਰਗਰਮ ਹੋ ਗਿਆ।
ਸਵਾਲ: ਤੁਸੀਂ ਪਹਿਲੀ ਵਾਰ ਕੌਂਸਲਰ ਕਦੋਂ ਬਣੇ ਅਤੇ ਇਹ ਸਫਰ ਕਿਸ ਤਰ੍ਹਾਂ
ਦਾ ਰਿਹਾ?
ਜਵਾਬ: 1982 ਵਿੱਚ ਮੈਂ ਪਹਿਲੀ ਵਾਰ ਕੌਂਸਲਰ ਬਣਿਆ, ਅਤੇ ਲਗਾਤਾਰ ਬਣਦਾ ਰਿਹਾ, ਅੱਜ 26
ਸਾਲ ਹੋ ਗਏ ਹਨ। 1994-95 ਵਿੱਚ ਮੈਨੂੰ ਬਤੌਰ ਮੇਅਰ ਦੇ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ
ਲੇਬਰ ਪਾਰਟੀ ਹਾਊਸਿੰਗ ਦਾ ਚੇਅਰਮੈਨ, ਰੇਸਿੰਗ ਕੁਆਲਿਟੀ ਕਮੇਟੀ ਦਾ ਚੇਅਰਮੈਨ, ਪਰਸਨਲ ਕਮੇਟੀ ਦਾ
ਚੇਅਰਮੈਨ ਆਦਿ ਵੱਖ ਵੱਖ ਅਹੁਦਿਆਂ ਤੇ ਕੰਮ ਕਰਦਾ ਰਿਹਾ ਹਾਂ। ਇਸ ਦੇ ਨਾਲ ਹੀ ਫੁਲ ਟਾਈਮ ਪਾਰਟੀ ਦਾ
ਵਰਕਰ ਹੋਣ ਤੇ ਲੇਬਰ ਪਾਰਟੀ ਲਈ ਕੰਮ ਕਰਦਾ ਰਿਹਾ।
ਸਵਾਲ: ਪੰਜਾਬ ਤੋਂ ਤੁਹਾਡਾ ਸਿਆਸੀ ਸਫਰ ਸ਼ੁਰੂ ਹੋਇਆ, ਕੌਂਸਲਰ, ਮੇਅਰ
ਤੋਂ ਹੁੰਦਾ ਹੋਇਆ ਹੁਣ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਗਿਆ, ਇਸ ਸਫਰ ਵਿੱਚ ਤੁਸੀਂ ਕੀ ਫਰਕ
ਮਹਿਸੂਸ ਕਰਦੇ ਹੋ?
ਜਵਾਬ: ਜਦੋਂ ਮੈਂ ਇੰਗਲੈਂਡ ਦੀ ਰਾਜਨੀਤੀ ਵਿੱਚ ਸ਼ਾਮਿਲ ਹੋਇਆਂ ਉਦੋਂ ਨਾ ਤਾਂ ਕੌਂਸਲਰ ਬਣਨ
ਦਾ ਖਿਆਲ ਸੀ ਨਾ ਹੀ ਮੈਂਬਰ ਪਾਰਲੀਮੈਂਟ ਬਣਾਗੇ। ਉਦੋਂ ਤਾਂ ਮੈਂਬਰਸ਼ਿਪ ਲਈ ਵੀ ਕਾਫੀ ਜਦੋ ਜਹਿਦ
ਕਰਨੀ ਪੈਂਦੀ ਸੀ, ਕਿਉਂਕਿ ਸੌੜੀ ਰਾਜਨੀਤੀ ਵਿੱਚ ਬਹੁਤ ਸਾਰੀਆਂ ਅੜਚਣਾ ਆਉਂਦੀਆਂ ਹਨ, ਲੇਕਨ ਜੇ
ਸਾਫ ਸੁਥਰੀ ਰਾਜਨੀਤੀ ਹੋਵੇ ਤਾਂ ਸਿਆਣੇ ਲੋਕ ਕਹਿ ਦਿੰਦੇ ਹਨ ਕਿ ਚੰਗੀ ਗੱਲ ਜੇ ਵੱਧ ਮੈਂਬਰ ਹੋਣਗੇ
ਤਾਂ ਰਲਮਿਲ ਕੇ ਹੋਰ ਵਧੀਆ ਕੰਮ ਕਰਾਂਗੇ ਲੇਕਨ ਸੌੜੀ ਸਿਆਸਤ ਵਿੱਚ ਅਜੇਹਾ ਨਹੀਂ ਹੁੰਦਾ, ਸਿਆਸਤਦਾਨ
ਨਵੇਂ ਬੰਦੇ ਨੂੰ ਛੇਤੀ ਕਦੇ ਮੈਂਬਰ ਵੀ ਨਹੀਂ ਬਣਨ ਦਿੰਦੇ। ਹੌਲੀ ਹੌਲੀ ਪਾਰਟੀ ਵਿੱਚ ਅਤੇ ਲੋਕਾਂ
ਵਿੱਚ ਮੰਗ ਉਠਣ ਲੱਗੀ ਕਿ ਇਹਨਾਂ ਲੋਕਾਂ ਨੂੰ ਵੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਸੋ ਜਿਸ ਤਰ੍ਹਾਂ
ਕਿਸੇ ਦਾ ਕੰਮ ਸੀ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਮੌਕਾ ਦਿੱਤਾ ਜਾਣ ਦਿੱਤਾ। ਬਾਅਦ ਵਿੱਚ ਇਹ ਮੰਗ
ਵੀ ਉਠਣ ਲੱਗੀ ਕਿ ਸਾਡੇ ਲੋਕਾਂ ਨੂੰ ਪਾਰਲੀਮੈਂਟ ਵਿੱਚ ਵੀ ਥਾਂ ਮਿਲਣੀ ਚਾਹੀਦੀ ਹੈ। ਮੈਂ ਉਦੋਂ
ਲੇਬਰ ਪਾਰਟੀ ਨਾਲ ਫੁਲ ਟਾਈਮ ਕੰਮ ਕਰਦਾ ਸੀ, ਇਸ ਲਈ ਕਾਫੀ ਜਦੋਜਹਿਦ ਕੀਤੀ ਪਾਰਟੀ ਨੂੰ ਵੀ ਮੈਂ
ਮੌਕੇ ਮੌਕੇ ਤੇ ਕਹਿੰਦਾ ਰਿਹਾ ਕਿ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਬਹਿਸ ਹੁੰਦੀ ਰਹੀ ਕਿ
ਸਾਡੇ ਲੋਕਾਂ ਨੂੰ ਐਮ ਪੀ ਦੀ ਸੀਟ ਮਿਲਣੀ ਚਾਹੀਦੀ ਹੈ 1987 ਵਿੱਚ ਚਾਰ ਕਾਲੇ ਐਮ ਪੀ ਚੁਣੇ ਗਏ,
ਏਸ਼ੀਅਨ ਵਿੱਚੋਂ ਕੀਥ ਵਾਜ਼, ਬਰਨੀ ਗ੍ਰਾਂਟ, ਡਾਇਨਾ ਐਬਿਟ, ਪੌਲ ਬੌਟਿੰਗ ਬਣੇ ਫਿਰ ਪਿਆਰਾ ਸਿੰਘ
ਖਾਬੜਾ ਜੀ ਅਤੇ ਅਸ਼ੋਕ ਕੁਮਾਰ ਜੀ ਬਣੇ ਫਿਰ ਲੋਕਾਂ ਦਾ ਇਧਰ ਨੂੰ ਧਿਆਨ ਵੀ ਹੋ ਗਿਆ ਕਿ ਮੌਕਾ ਮਿਲ
ਸਕਦਾ ਹੈ। ਮੈਂ ਉਸ ਵਕਤ ਵੀ ਕੋਸ਼ਿਸ਼ ਕਰਦਾ ਰਿਹਾ ਲੇਕਨ ਮੈਂ ਸਿਆਸਤ ਨੂੰ ਸਮਝਦਾ ਸੀ ਕਿ ਜਿਸ ਕੋਲ
ਵੱਧ ਵੋਟਾਂ ਹੋਣਗੀਆਂ ਉਹ ਹੀ ਬਣੇਗਾ। ਮੈਂ ਕਦੇ ਇਹ ਨਹੀਂ ਕਿਹਾ ਕਿ ਮੈਨੂੰ ਸੀਟ ਨਹੀਂ ਮਿਲੀ ਮੈਂ
ਪਾਰਟੀ ਛੱਡ ਕੇ ਭੱਜ ਗਿਆ, ਜਾਂ ਏਥੋਂ ਹਿੰਦੂ ਨੂੰ ਸੀਟ ਮਿਲਣੀ ਚਾਹੀਦੀ ਹੈ ਮੈਂ ਇਸ ਬਹਿਸ ਵਿੱਚ ਕਦੇ
ਨਹੀਂ ਪਿਆ। ਹਾਂ ਪਾਰਟੀ ਵਿੱਚ ਮੇਰੀ ਕਦਰ ਹੋਈ ਹੈ, ਲੋਕਾਂ ਨੇ ਮੇਰਾ ਸਾਥ ਦਿੱਤਾ ਅਤੇ ਅੱਜ ਮੈਨੂੰ
ਮੌਕਾ ਮਿਲਿਆ।
ਸਵਾਲ: ਪਿਛਲੇ ਛੇ ਕੁ ਮਹੀਨੇ ਦਾ ਤੁਹਾਡਾ ਐਮ ਪੀ ਦਾ ਸਫਰ ਕਿਸ ਤਰ੍ਹਾਂ
ਲੰਘਿਆ, ਇਸ ਅਹੁਦੇ ਤੇ ਆਉਣ ਤੋਂ ਬਾਅਦ ਤੁਸੀਂ ਕੀ ਕੀਤਾ ਅਤੇ ਅੱਗੋਂ ਕੀ ਪਲੈਨ ਹਨ?
ਜਵਾਬ: ਮੇਰੀ ਸੋਚ ਅਨੁਸਾਰ ਜੋ ਕੰਮ ਕੀਤੇ ਹਨ ਜਾਂ ਕਰਨੇ ਹਨ ਉਸ ਵਿੱਚ ਮੇਰਾ ਇਕੱਲੇ ਦਾ
ਹੱਥ ਨਹੀਂ ਮੇਰੇ ਸਾਥੀਆਂ ਦਾ ਮੇਰੇ ਸਾਥੀ ਕੌਂਸਲਰਾਂ ਦਾ, ਲੇਬਰ ਪਾਰਟੀ ਦਾ ਸਭ ਦਾ ਹੱਥ ਹੈ। ਜਦ ਦਾ
ਮੈਂ ਲੋਕਲ ਸਿਆਸਤ ਵਿੱਚ ਸਾਂ ਅਸੀਂ ਲੜਦੇ ਰਹੇ ਹਾਂ ਖਾਬੜਾ ਜੀ ਨਾਲ ਮੈਂ ਰਜਿੰਦਰ ਮਾਨ, ਅਸਲਮ ਇੱਕ
ਪਾਸੇ ਸੀ ਬਾਕੀ ਦੇ ਲੋਕਲ ਕੌਂਸਲਰ ਉਹਨਾਂ ਦੇ ਨਾਲ ਸੀ ਲੇਕਨ ਉਦੋਂ ਵੀ ਜਦ ਲੋਕਾਂ ਦੀ ਗੱਲ ਆਉਂਦੀ
ਸੀ ਅਸੀਂ ਇੱਕ ਹੋ ਜਾਂਦੇ ਸੀ, ਸ਼ਾਇਦ ਲੋਕਾਂ ਨੇ ਨੋਟ ਕੀਤਾ ਹੋਵੇਗਾ ਜਦ ਲੋਕਾਂ ਦੀ ਗੱਲ ਹੋਈ ਅਸੀਂ
ਤਿੰਨੇ ਕੌਂਸਲਰ ਉਹਨਾਂ ਦੇ ਨਾਲ ਸਾਂ ਜਦ ਸਾਡੇ ਅੰਦਰ ਕੋਈ ਤਾਕਤੀ ਖਿਚੋਤਾਨ ਹੈ ਤਾਂ ਅਸੀਂ ਇਹਨਾਂ
ਦੇ ਵਿਰੋਧ ਵਿੱਚ ਹੁੰਦੇ ਸਾਂ। ਅੱਜ ਵੀ ਅਸੀਂ ਜੇ ਇਕੱਠੇ ਹੋਈਏ ਤਾਂ ਹੀ ਕੁਝ ਹਾਸਿਲ ਕਰ ਸਕਦੇ ਹਾਂ,
ਮੈਂ ਐਮ ਪੀ ਬਣਿਆਂ ਤਾਂ ਥੋੜੇ ਚਿਰ ਬਾਅਦ ਹੀ ਮੇਰੇ ਧਿਆਨ ਵਿੱਚ ਲੋਕਾਂ ਨੇ ਗੱਲ ਲਿਆਂਦੀ ਕਿ
ਸਾਊਥਾਲ ਰੇਲਵੇ ਸ਼ਟੇਸ਼ਨ ਤੇ ਜੀ ਆਇਆਂ ਨੂੰ ਪੰਜਾਬੀ ਵਿੱਚ ਲਿਖਿਆ ਹੋਇਆ ਸੀ, ਉਹ ਕਿਸੇ ਵਜਾਹ ਕਰਕੇ
ਰੇਲਵੇ ਵਾਲਿਆਂ ਨੇ ਸਾਇਨ ਉਤਾਰ ਦਿੱਤੇ, ਆਮ ਲੋਕਾਂ ਵਿੱਚ ਬਹੁਤ ਇਤਰਾਜ ਹੋਇਆ ਮੈਂ ਤੁਰੰਤ ਆਪਣੇ
ਸਾਥੀਆਂ ਨਾਲ ਗੱਲ ਕੀਤੀ ਉਥੇ ਜਾ ਕੇ ਮੌਕਾ ਵੇਖਿਆ ਅਤੇ ਜ਼ੋਰ ਦੇਣ, ਉਹਨਾਂ ਨੂੰ ਇਸ ਦੇ ਕਾਰਨ ਦੱਸਣ
ਤੇ ਰੇਲਵੇ ਵਾਲਿਆਂ ਨੇ ਮੁੜ ਸਾਇਨ ਬੋਰਡ ਲਗਾ ਦਿੱਤੇ। ਇਸ ਦੇ ਨਾਲ ਹੀ ਟ੍ਰੈਮ ਦਾ ਮੁੱਦਾ ਸੀ ਉਹ ਵੀ
ਮੈਂ ਆਪਣੇ ਸਾਥੀਆਂ ਨਾਲ ਮਿਲ ਕੇ ਲੰਡਨ ਮੇਅਰ ਅਤੇ ਸੈਂਟਰ ਦੀ ਸਾਰਕਾਰ ਨੂੰ ਮਿਲੇ ਉਹਨਾਂ
ਨੂੰ ਕਨਵਿਨਸ ਕੀਤਾ ਅਤੇ ਕਾਮਯਾਬ ਹੋਏ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਇਕੱਲਾ ਬੰਦਾ ਕਹੇ ਕਿ
ਮੈਂ ਕੀਤਾ ਉਹ ਤਾਂ ਆਪਣੇ ਆਪ ਨਾਲ ਥੋਖਾ ਕਰਨਾ ਹੈ ਸਭ ਕੰਮ ਲੋਕਾਂ ਦੇ ਸਹਿਯੋਗ ਨਾਲ ਅਤੇ ਸਾਥੀਆਂ
ਦੇ ਸਹਿਯੋਗ ਨਾਲ ਹੀ ਸਿਰੇ ਚੜਦੇ ਹਨ ਜਿਸ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ। ਇਸ ਦੇ ਬਹੁਤ ਸਾਰੇ
ਫਾਈਦੇ ਹੋਣਗੇ ਈਸਟ ਲੰਡਨ ਨੂੰ ਸਿੱਧੀ ਟਰੇਨ ਜਾਵੇਗੀ। ਮੈਂ ਘਰਾਂ ਨੂੰ ਬਣਾਉਣ ਵਿੱਚ ਸਹਿਮਤ ਹਾਂ
ਲੇਕਨ ਉਹਨਾਂ ਘਰਾਂ ਲਈ ਸੜਕਾਂ, ਆਵਾਜਾਈ, ਹਸਪਤਾਲ, ਸਕੂਲ, ਲਾਇਬ੍ਰੇਰੀ ਜਾਂ ਹੋਰ ਜਿੰਦਗੀ ਨੂੰ
ਲੋੜੀਂਦੀਆਂ ਸਹੂਲਤਾ ਕਿਸ ਤਰ੍ਹਾਂ ਹੋਣਗੀਆਂ ਵੱਲ ਜਿਆਦਾ ਧਿਆਨ ਦੇਣਾ ਚਾਹੁੰਦਾ ਹਾਂ। ਮੇਰੇ ਸਾਥੀ
ਜਦ ਇਹ ਪਲੈਨਿੰਗ ਆਵੇਗੀ ਇਸ ਵੱਲ ਤਵੱਜੋਂ ਦੇਣਗੇ।
ਮੇਰੇ ਦਿਲ ਵਿੱਚ ਇੱਕ ਖਾਹਸ਼ ਹੈ ਕਿ ਸਾਊਥਾਲ ਵਿੱਚ ਅਜੇਹਾ ਭਾਈਚਾਰਾ ਇਕੱਠਾ ਕੀਤਾ ਜਾਵੇਗਾ ਜਿਸ
ਵਿੱਚ ਸਭ ਲੋਕ ਮਿਲ ਕੇ ਰਹਿ ਸਕਣ ਮੇਰਾ ਪਾਰਲੀਮੈੰਟ ਹਲਕੇ ਵਿੱਚ 35-40% ਅਜੇਹੇ ਲੋਕ ਰਹਿੰਦੇ ਹਨ
ਜਿਹਨਾਂ ਦੇ ਸੱਭਿਆਚਾਰ ਵੱਖ ਹਨ, ਰਹਿਣ ਸਹਿਣ ਵੱਖਰਾ ਹੈ, ਧਰਮ ਵੱਖ ਹਨ, ਉਹਨਾਂ ਦੀਆਂ ਜਰੂਰਤਾਂ ਵੀ
ਵੱਖਰੀਆਂ ਹਨ ਕੁਝ ਜਰੂਰਤਾਂ ਤਾਂ ਸਭ ਦੀਆਂ ਸਾਂਝੀਆਂ ਹਨ ਲੇਕਨ ਕੁਝ ਜਰੂਰਤਾਂ ਵੀ ਵੱਖ ਹਨ, ਉਹਨਾਂ
ਵੱਲ ਧਿਆਨ ਦੇਣਾ ਚਾਹੁੰਦਾ ਹਾਂ। ਬਾਕੀ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਅਜੇਹੀਆਂ ਕੁਹਰੀਤਾਂ ਹਨ
ਜਿਹਨਾਂ ਵਿੱਚ ਜਾਤ ਪਾਤ, ਧਾਰਮਿਕ ਤੌਰ ਤੇ ਇੱਕ ਦੂਜੇ ਪ੍ਰਤੀ ਨਫਰਤ, ਵਿਆਹਾਂ ਵਿੱਚ ਦਾਜ ਦੀ
ਸਮੱਸਿਆ, ਰਿਸ਼ਤਿਆ ਦਾ ਟੁਟਣਾਂ, ਮੈਂ ਇੰਡੀਆ, ਪਾਕਿਸਤਾਨ ਤੋਂ ਆਈਆਂ (ਧੱਕੇ ਨਾਲ ਵਿਆਹੀਆਂ) ਕੁੜੀਆਂ
ਏਥੇ ਕੁੜੀਆਂ ਨਾਲ ਜੋ ਗਲਤ ਵਿਵਹਾਰ ਹੋ ਰਿਹਾ ਹੈ ਵਿਰੁਧ ਅਵਾਜ਼ ਉਠਾਈ ਹੈ ਅਤੇ ਚਾਹੁੰਦਾ ਹਾਂ ਕਿ
ਸਮਾਜ ਵੀ ਇਹਨਾਂ ਵਿਰੁਧ ਅਵਾਜ਼ ਬੁਲੰਦ ਕਰੇ। ਮੈਂ ਸੋਚਦਾ ਹਾਂ ਹੋ ਸਕਦਾ ਹੈ 3-4% ਕੁੜੀਆਂ ਦਾ ਕਸੂਰ
ਹੋਵੇਗਾ ਲੇਕਨ ਜਿਆਦਾਤਰ ਕੁੜੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਗਲੈਂਡ ਵਿੱਚ
ਜਦ ਕੋਈ ਬਾਪ 40-50 ਹਜ਼ਾਰ ਪੌਂਡ ਖ਼ਰਚ ਕੇ ਕੁੜੀ ਦਾ ਵਿਆਹ ਕਰਦਾ ਹੈ ਅਤੇ ਦੂਜੇ ਪਾਸੇ ਵਾਲੇ ਤਿੰਨੀ
ਕੁ ਮਹੀਨੀ ਕਹਿ ਦਿੰਦੇ ਹਨ ਕਿ ਕੁੜੀ ਘਰ ਛੱਡ ਕੇ ਚਲੀ ਗਈ ਭਲਾ ਜਿਸ ਬਾਪ ਨੇ ਦੁਬਾਰਾ ਮਾਰਗੇਜ਼ ਕਰਵਾ
ਕੇ ਵਿਆਹ ਕੀਤਾ ਹੁੰਦਾ ਹੈ ਉਸ ਬਾਪ ਦੀ ਧੀ ਇਸ ਤਰ੍ਹਾਂ ਘਰ ਛੱਡ ਕੇ ਕਿਵੇਂ ਜਾ ਸਕਦੀ ਹੈ। ਮੈਂ
ਸਮਝਦਾ ਹਾਂ ਅਜੇ ਵੀ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਰਿਸ਼ਤੇਦਾਰ ਘੱਟ, ਸਾਮੀਆ ਜਿਆਦਾ ਸਮਝਦੇ ਹਨ।
ਇਹ ਤਰੇੜਾਂ ਆਉਣ ਵਾਲੇ ਸਮੇਂ ਵਿੱਚ ਸਮਾਜ ਲਈ ਬਹੁਤ ਘਾਤਕ ਸਿੱਧ ਹੋਣਗੀਆਂ ਸੋ ਸਾਨੂੰ ਇਹਨਾਂ ਗੱਲਾਂ
ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸੇ ਵੇਲੇ ਤਲਾਕ ਕੋਈ ਕੋਈ ਸੁਣਨ ਲਈ ਮਿਲਦਾ ਸੀ ਅੱਜ ਆਮ ਪ੍ਰਚੱਲਤ
ਜਿਹਾ ਹੋ ਗਿਆ ਹੈ ਇਸ ਸਮਾਜਿਕ ਕੁਹਰੀਤੀ ਨੂੰ ਦੂਰ ਕਰਨ ਲਈ ਮੈਂ ਬੜੀ ਯਤਨਸ਼ੀਲਤਾ ਨਾਲ ਕੰਮ ਕਰਨ ਲੱਗਾ
ਹੋਇਆ ਹਾਂ।
ਬਾਕੀ ਭਰੂਣ ਹੱਤਿਆ ਦਾ ਮਾਮਲਾ ਵੀ ਬੜਾ ਵੱਧ ਰਿਹਾ ਹੈ ਏਥੇ ਜੇ ਕਿਸੇ ਦਾ ਕੰਮ ਨਾ ਬਣੇ ਤਾਂ ਇੰਡੀਆ
ਜਾ ਕੇ ਕੁੜੀ ਮੁੰਡੇ ਦਾ ਟੈਸਟ ਕਰਵਾ ਦਿੰਦੇ ਹਨ ਅਤੇ ਕੁੜੀ ਹੋਣ ਤੇ ਗਰਭਪਾਤ ਕਰਵਾ ਦਿੰਦੇ ਹਨ ਜਿਸ
ਵਿੱਚ ਹੈਰਾਨੀ ਇਹ ਹੈ ਕਿ ਏਥੋਂ ਦੀਆਂ ਕੁੜੀਆਂ ਵੀ ਸਹਿਯੋਗ ਦਿੰਦੀਆਂ ਹਨ। ਮੈਂ ਇਸ ਪਾਸੇ ਵੀ ਲੋਕਾਂ
ਦਾ ਧਿਆਨ ਲਿਆਂਉਣ ਦਾ ਯਤਨ ਕਰ ਰਿਹਾ ਹਾਂ ਕਿ ਇਸ ਤਰ੍ਹਾਂ ਕਰਨਾ ਸਮਾਜਿਕ ਅਤੇ ਧਾਰਮਿਕ ਦੋਵਾਂ ਤਰ੍ਹਾਂ
ਹੀ ਗਲਤ ਹੈ। ਬਾਕੀ ਦੁਖ ਇਸ ਕਰਕੇ ਹੈ ਜੋ ਆਪਣੇ ਆਪ ਨੂੰ ਕਮਿਉਨਿਟੀ ਦੇ ਵੱਡੇ ਲੀਡਰ ਕਹਾਉਂਦੇ ਹਨ
ਉਹਨਾਂ ਦੇ ਘਰੇ ਹੀ ਦਾਜ ਦਹੇਜ, ਤਲਾਕ, ਭਰੂਣ ਹੱਤਿਆ ਸਭ ਤੋਂ ਜਿਆਦਾ ਹੁੰਦੀ ਹੈ। ਮੈਂ ਖੁਲਮ
ਖੁੱਲ੍ਹਾ ਇਸ ਵਿਰੁਧ ਅਵਾਜ਼ ਉਠਾ ਰਿਹਾ ਹਾਂ।
ਸਵਾਲ: ਤੁਸੀਂ ਹੁਣੇ ਜੇਹੇ ਪੰਜਾਬ ਵਿੱਚ ਹੋਏ ਐਨ ਆਰ ਆਈ ਸਮੇਲਨ ਵਿੱਚ
ਜਾ ਕੇ ਆਏ ਹੋ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਹਨ ਕੋਈ ਤੁਹਾਡੇ
ਵੱਲੋਂ ਰੋਕਥਾਮ ਲਈ ਯਤਨ?
ਜਵਾਬ: ਮੇਰੇ 20-25% ਵੋਟਰ ਪੰਜਾਬੀ ਹਨ। ਉਹਨਾਂ ਦੇ ਏਥੋਂ ਦੀਆਂ ਪ੍ਰਾਬਲਮ ਦੁ ਨਾਲ ਨਾਲ
ਪੰਜਾਬ ਵਿੱਚ ਵੀ ਮੁਢੇਰ ਸਾਰੀਆਂ ਮੁਸ਼ਕਿਲਾਂ ਹਨ। ਹਰ ਪੰਜਾਬੀ ਦਾ 99% ਪੰਜਾਬ ਨਾਲ ਸਿੱਧਾ ਜਾਂ
ਅਸਿੱਧਾ ਸਬੰਧ ਪੰਜਾਬ ਨਾਲ ਹੈ। ਜ਼ਮੀਨਾਂ ਤੇ ਕਬਜ਼ੇ, ਇਨਸਾਫ ਲਈ ਕੋਰਟਾਂ ਵਿੱਚ ਦੇਰੀ, ਇੰਡੀਅਨ
ਪਾਸਪੋਰਟ ਲੈਣ ਲਈ ਮੁਸ਼ਕਿਲਾਂ ਆ ਰਹੀਆਂ ਹਨ ਮੈਂ ਉਹਨਾਂ ਵੱਲ ਵੀ ਧਿਆਨ ਦਿੰਦਾ ਹਾਂ। ਐਨ ਆਰ ਆਈ
ਸਮੇਲਨ ਤੇ ਜਾ ਕੇ ਵੀ ਬਲੈਕ ਲਿਸਟਾਂ ਖ਼ਤਮ ਕਰਨ ਲਈ ਅਵਾਜ਼ ਉਠਾਈ ਹੈ ਅਤੇ ਭਾਰਤੀ ਸਰਕਾਰ ਨੂੰ ਵੀ ਕਿਹਾ
ਹੈ।
ਸਵਾਲ: ਸਾਊਥਾਲ ਦੀਆਂ ਕਈ ਮੁਸ਼ਕਿਲਾਂ ਹਨ ਲੇਕਨ ਦੋ ਮੁਸ਼ਕਿਲਾਂ ਅਜੇਹੀਆਂ
ਹਨ ਜੋ ਲੋਕਲ ਬਿਜਨਿਸ ਅਤੇ ਆਮ ਲੋਕਾਂ ਤੇ ਕਾਫੀ ਬੁਰਾ ਅਸਰ ਪਾ ਰਹੀਆਂ ਹਨ ਇੱਕ ਹੈ ਟਾਇਲਟ ਦੀ ਅਤੇ
ਦੂਜੀ ਕਾਰ ਪਾਰਕਿੰਗ ਇਸ ਦਾ ਕੋਈ ਹੱਲ ਕੱਢ ਰਹੇ ਹੋ?
ਜਵਾਬ: ਪਿਛਲੇ 25 ਸਾਲਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ ਕਿ ਕਾਰ ਪਾਰਕਿੰਗ ਦੀ ਸਮੱਸਿਆ ਹੈ
ਇਹ ਇਸ ਤੋਂ ਵੀ ਪਹਿਲਾਂ ਦੀ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਦਾ ਹੱਲ ਨਿਕਲਨਾ ਚਾਹੀਦਾ ਹੈ।
ਇਸ ਦੇ ਹੱਲ ਲਈ ਲੋਕਲ ਕੌਂਸਲ ਕੋਸ਼ਿਸ਼ ਕਰਦੀ ਰਹੀ ਹੈ ਭਾਵੇਂ ਟੋਰੀ ਪਾਰਟੀ ਹੋਵੇ ਭਾਵੇਂ ਲੇਬਰ ਪਾਰਟੀ
ਦੀ ਕੌਂਸਲ ਹੋਵੇ। ਲੇਕਨ ਇਸ ਵਿੱਚ ਕਈ ਮੁਸ਼ਕਿਲਾਂ ਆ ਰਹੀਆਂ ਹਨ ਇਸੇ ਤਰ੍ਹਾਂ ਟਾਈਲਟਾਂ ਦੇ ਸਬੰਧ
ਵਿੱਚ ਵੀ ਵੱਖ ਵੱਖ ਰਾਵਾਂ ਹਨ, ਚਾਹੁੰਦੇ ਤਾਂ ਸਾਰੇ ਹਨ ਕਿ ਟਾਇਲਟ ਹੋਵੇ ਲੇਕਨ ਜਦ ਵੀ ਕੋਈ ਥਾਂ
ਮੁਕਰਰ ਹੋਈ ਹੈ ਤਾਂ ਕਿਸੇ ਨਾ ਕਿਸੇ ਪਾਸੇ ਤੋਂ ਪ੍ਰੈਸ਼ਰ ਪਾ ਕੇ ਕੈਂਸਲ ਕਰਵਾਉਣ ਦੀ ਕੋਸ਼ਿਸ਼ ਹੋਈ
ਹੈ। ਸਾਊਥ ਰੋਡ ਹੁਣ ਸਹਿਮਤੀ ਹੋਈ ਹੈ ਲੇਕਨ ਅਜੇ ਫਾਈਨਲ ਨਹੀਂ ਹੋਇਆ। ਕਿਉਂਕਿ ਇਸ ਲਈ ਸੁਰੱਖਿਅਤ
ਥਾਂ ਹੋਣੀ ਬਹੁਤ ਜਰੂਰੀ ਹੈ ਹੁਣ ਕਾਰ ਪਾਰਕਿੰਗ ਨਾਲ ਟਾਇਲਟ ਤਾਂ ਹੈ ਲੇਕਨ ਲੋਕ ਉਸ ਥਾਂ ਨੂੰ
ਸੁਰੱਖਿਅਤ ਨਹੀਂ ਮਹਿਸੂਸ ਕਰਦੇ, ਇਸੇ ਤਰ੍ਹਾਂ ਬ੍ਰਾਡਵੇ ਤੇ ਜੋ ਬੈਂਚ ਰੱਖੇ ਹਨ ਉਸ ਪਿਛੇ ਸੋਚ ਸੀ
ਕਿ ਕੋਈ ਸਿਆਣਾ ਵਿਅਕਤੀ ਇਥੇ ਸ਼ਾਪਿੰਗ ਕਰਨ ਵੇਲੇ ਅਰਾਮ ਕਰ ਸਕਦਾ ਹੈ ਜਾਂ ਕੋਈ ਬੱਚੇ ਵਾਲੀ ਬੀਬੀ
ਅਰਾਮ ਨਾਲ ਬੱਚੇ ਨੂੰ ਬਿਠਾ ਕੇ ਦੁਧ ਪਿਲਾ ਸਕਦੀ ਹੈ ਲੇਕਨ ਉਥੇ ਬੀਅਰ ਦਾ ਡੱਬਾ ਲੈ ਕੇ ਬੈਠ ਜਾਂਦੇ
ਹਨ ਜਿਸ ਨਾਲ ਔਰਤਾਂ ਨੂੰ ਖਾਸ ਤੌਰ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਜਿਸ ਮਕਸਦ
ਲਈ ਬੈਂਚ ਲਾਏ ਸਨ ਉਸ ਤੋਂ ਪਰ੍ਹੇ ਹੋ ਕੇ ਉਹਨਾਂ ਦੀ ਦੁਰਵਰਤੋਂ ਹੋ ਰਹੀ ਹੈ। ਸਾਡਾ ਧਿਆਨ ਸਾਊਥਾਲ
ਨੂੰ ਚੰਗਾ ਬਣਾਉਣ ਵੱਲ ਹੀ ਹੈ ਮੈਂ ਏਥੇ ਰਹਿੰਦਾ ਹਾਂ ਮੇਰੇ ਬੱਚੇ ਏਥੇ ਰਹਿੰਦੇ ਹਨ ਸੋ ਨਿਰਸੰਦੇਹ
ਮੇਰਾ ਧਿਆਨ ਜਿਆਦਾ ਸਾਊਥਾਲ ਤੇ ਹੀ ਕੇਂਦਰਤ ਹੈ।
ਸਵਾਲ: ਹੁਣੇ ਜਿਹੇ ਬਰਤਾਨਵੀ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਹੈ ਕਿ
ਜਿਸ ਵਿੱਚ ਸੈਰ ਸਪਾਟਾ ਵੀਜ਼ਾ ਛੇ ਮਹੀਨੇ ਤੋਂ ਘਟਾ ਕੇ ਤਿੰਨ ਮਹੀਨੇ ਅਤੇ ਨਾਲ ਹਜ਼ਾਰ ਪੌਂਡ ਬੌਂਡ ਕਰ
ਦਿੱਤਾ ਹੈ ਕੀ ਤੁਹਾਨੂੰ ਇਹ ਠੀਕ ਲੱਗਦਾ ਹੈ, ਜੇ ਕੱਲ ਨੂੰ ਭਾਰਤ ਸਰਕਾਰ ਨੇ ਵੀ ਅਜੇਹਾ ਕਰ ਦਿੱਤਾ
ਤਾਂ ਸਾਡੇ ਲੋਕ ਬੌਂਡ ਭਰਨ ਤੇ ਹੀ ਰਹਿਣਗੇ?
ਜਵਾਬ: ਤਿੰਨ ਮਹੀਨੇ 'ਤੇ ਤਾਂ ਸਹਿਮਤੀ ਹੋ ਸਕਦੀ ਹੈ ਕਿ ਜਿਸ ਨੇ ਘੁੰਮਣ ਫਿਰਨ ਆਉਣਾ ਹੈ
ਉਸ ਨੂੰ ਤਿੰਨ ਮਹੀਨੇ ਕਾਫੀ ਹਨ। ਲੇਕਨ ਹਜ਼ਾਰ ਪੌਂਡ ਦੇ ਬੌਂਡ ਲਈ ਮੈਂ ਪਹਿਲਾਂ ਵੀ ਮੰਗ ਕਰ ਚੁੱਕਾ
ਹਾਂ ਕਿ ਇਸ ਬਾਰੇ ਸ਼ਪਸ਼ਟ ਹੋਣਾ ਚਾਹੀਦਾ ਹੈ ਕਿ ਕਿਹਨਾਂ ਹਾਲਾਤਾਂ ਵਿੱਚ ਬੌਂਡ ਭਰਨਾ ਪਵੇਗਾ ਇਸ
ਸਬੰਧ ਵਿੱਚ ਮੇਰੀ ਮੰਤਰੀ ਲੀਅਮ ਨਾਲ ਵੀ ਗੱਲ ਹੋਈ ਹੈ ਇਸ ਵਿੱਚ ਤਿੰਨ ਤਰ੍ਹਾਂ ਦੀਆਂ ਅਰਜ਼ੀਆਂ
ਹੋਣਗੀਆਂ ਜਿਹਨਾਂ ਵਿੱਚੋਂ ਇੱਕ ਨੂੰ ਵੀਜ਼ਾ ਅਫਸਰ ਬਿਨ੍ਹਾਂ ਝਿਜਕ ਵੀਜ਼ਾ ਦੇ ਸਕਦਾ ਹੈ ਜਿਸ ਦੇ ਕੋਲ
ਪੇਪਰ ਵਰਕ ਪੂਰਾ ਹੈ, ਦੂਜੀ ਅਰਜ਼ੀ ਹੋਵੇਗੀ ਜਿਥੇ ਵੀਜਾ ਅਫਸਰ ਨੂੰ ਥੋੜੀ ਸ਼ੱਕ ਹੋਵੇ ਕਿ ਇਹ ਕੇਸ
ਠੀਕ ਨਹੀਂ ਲੱਗਦਾ ਉਹ ਉਸ ਦੇ ਸਪਾਂਸਰ ਨੂੰ ਹਜ਼ਾਰ ਪੌਂਡ ਬਾਂਡ ਭਰਨ ਲਈ ਕਹਿ ਸਕਦਾ ਹੈ ਤੀਜਾ ਉਹ ਜਿਸ
ਕੋਲ ਕੋਈ ਲੋੜੀਂਦੇ ਦਸਤਾਵੇਜ਼ ਨਹੀਂ ਹਨ ਨੂੰ ਤਾਂ ਬਿਲਕੁਲ ਨਾਂਹ ਹੈ। ਅਜੇ ਵੀ ਇਸ ਨੂੰ ਫਾਈਨਲ ਨਹੀਂ
ਕੀਤਾ। ਲੱਗਦਾ ਹੈ ਬੌਂਡ ਥੋੜੇ ਜੇਹੇ ਕੇਸਾਂ ਵਿੱਚ ਜਰੂਰ ਲੱਗੂ ਹੋ ਜਾਵੇਗਾ, ਲੇਕਨ ਸਾਰਿਆਂ ਤੇ ਲਾਗੂ
ਨਹੀਂ ਹੋਵੇਗਾ। ਫਿਰ ਇਹ ਵੀ ਗੱਲ ਹੋਈ ਜਿਸ ਨੇ ਵਿਆਹ ਧਰਿਆ ਹੈ ਉਸ ਨੇ 10 ਬੰਦੇ ਸੱਦਣੇ ਹਨ ਉਹ ਕਿਸ
ਤਰ੍ਹਾਂ ਦਸ ਹਜ਼ਾਰ ਦਾ ਬੌਂਡ ਭਰੇਗਾ। ਉਹਨਾਂ ਕਿਹਾ ਕਿ ਤੁਸੀਂ ਵਿਆਹ ਜਾਂ ਹੋਰ ਪ੍ਰੋਗਰਾਮਾਂ ਤੇ 10
ਬੰਦਿਆਂ ਨੂੰ ਕਿਵੇਂ ਸੱਦ ਸਕਦੇ ਹੋ ਤੁਹਾਡੇ ਕੋਲ ਸਿਰਫ ਤਿੰਨ ਬੈਡ ਰੂਮ ਦਾ ਘਰ ਹੈ, ਉਹਨਾਂ ਨੂੰ
ਰੱਖੋਂਗੇ ਕਿਥੇ । ਤਾਂ ਮੈਂ ੳਹਨਾਂ ਨੂੰ ਦੱਸਿਆ ਕਿ ਸਾਡਾ ਸਿਸਟਮ ਅਲੱਗ ਹੈ ਸਾਨੂੰ ਪਤਾ ਹੈ ਕਿ ਸਾਡੇ
ਦੋਸਤ ਮਿਤਰ ਅਜੇਹੇ ਹਨ ਜਿਹਨਾਂ ਕੋਲ ਮੈਂ ਮਹਿਮਾਨਾਂ ਨੂੰ ਇੱਕ ਇੱਕ ਜਾਂ ਦੋ ਦੋ ਕਰਕੇ ਅਡਜਸਟ ਕਰ
ਸਕਦਾ ਹਾਂ। ਸੋ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਰੀਤੀ ਰਿਵਾਜ਼ਾਂ ਬਾਰੇ ਦੱਸਾਂ।
ਸਵਾਲ: ਅੱਜ ਕੱਲ ਸਾਊਥਾਲ ਅਤੇ ਇਸ ਦੇ ਆਸ ਪਾਸ ਕਾਫੀ ਹਿੰਸਕ ਘਟਨਾਵਾਂ
ਹੋਣ ਦੀਆਂ ਖ਼ਬਰਾਂ ਛਪ ਰਹੀਆਂ ਹਨ, ਇਸ ਬਾਰੇ ਕੁਝ ਕਹੋਂਗੇ?
ਜਵਾਬ: ਵੇਖੋ ਡਰਗ ਅਤੇ ਕ੍ਰਾਈਮ ਸਾਰੇ ਪਾਸੇ ਹੀ ਜਿਆਦਾ ਵਧ ਰਿਹਾ ਹੈ ਇਸ ਬਾਰੇ ਮੈਂ ਚਿੰਤਤ
ਹਾਂ ਇਸ ਸਬੰਧੀ ਮੇਰੀ ਪੁਲੀਸ ਅਫੀਸਰ ਨਾਲ ਗੱਲ ਵੀ ਹੋ ਰਹੀ ਹੈ। ਬਾਕੀ ਮੈਂ ਲੋਕਾਂ ਨੂੰ ਵੀ ਕਹਿੰਦਾ
ਹਾਂ ਕਿ ਇਸ ਸਬੰਧੀ ਜੇ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਪੁਲੀਸ ਨੂੰ ਜਰੂਰ ਦੱਸੋ।
ਸਵਾਲ: ਤੁਹਾਡਾ ਪੰਜਾਬੀ ਭਾਈਚਾਰੇ ਨਾਲ ਬੜਾ ਗੂੜਾ ਸਬੰਧ ਹੈ ਖਾਸ ਤੌਰ
'ਤੇ ਸਿੱਖ ਭਾਈਚਾਰੇ ਨਾਲ ਸਥਾਨਿਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਸਿੱਖ ਭਾਈਚਾਰ ਵਿੱਚ
ਕਾਫੀ ਦੇਰ ਤੋਂ ਬੜਾ ਤਣਾਓ ਚੱਲ ਰਿਹਾ ਹੈ ਕੀ ਤੁਸੀਂ ਇਸ ਮਸਲੇ ਨੂੰ ਸੁਲਝਾਉਣ ਲਈ ਕੁਝ ਸੋਚਿਆ ਹੈ
ਜਾਂ ਕੋਈ ਅਜੇਹਾ ਰੋਲ ਅਦਾ ਕਰੋਂ ਤਾਂ ਕਿ ਇਹ ਮਸਲਾ ਹੱਲ ਹੋ ਸਕੇ?
ਜਵਾਬ: ਮੈਂ ਸਿੱਖ ਸਕੂਲ ਦਾ ਪੜਿਆ ਹਾਂ, ਸ਼੍ਰੋਮਣੀ ਕਮੇਟੀ ਦਾ ਮੈਂ ਸਕਾਲਰਸ਼ਿੱਪ ਵਿਦਿਆਰਥੀ
ਰਿਹਾ ਹਾਂ, ਉਹਨਾਂ ਸਮਿਆਂ ਵਿੱਚ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਸੀ ਹੁੰਦਾ, ਬਾਕੀ ਮੈਂ ਜਦ
ਕੌਂਸਲਰ ਜਾਂ ਮੈਂਬਰ ਪਾਰਲੀਮੈਂਟ ਹਾਂ ਤਾਂ ਮੈਂ ਕਿਸੇ ਵੀ ਧਾਰਮਿਕ ਮਸਲੇ ਵਿੱਚ ਦਖਲ ਨਹੀਂ ਦਿੰਦਾ,
ਲੇਕਨ ਮੈਂ ਆਪਣੀ ਨਿਜੀ ਜਿੰਦਗੀ ਵਿੱਚ ਜੋ ਮਰਜੀ ਕਰਾਂ। ਇਹ ਸਭ ਦੇਖ ਸੁਣ ਕੇ ਦੁਖ ਹੁੰਦਾ ਹੈ। ਸਿੱਖ
ਧਰਮ ਇੱਕ ਸੱਚਾ ਸੁੱਚਾ ਧਰਮ ਹੈ ਮੈਂ ਉੱਪਰ ਜਿਹਨੀਆਂ ਵੀ ਕੁਰੀਤੀਆਂ ਦਾ ਜਿਕਰ ਕੀਤਾ ਹੈ ਦਾ ਬਹੁਤ
ਵੱਡਾ ਸੁਨੇਹਾ ਹੈ ਇਸ ਧਰਮ ਵਿੱਚ ਸਾਡੇ ਗੁਰੂਆਂ ਨੇ ਇਹਨਾਂ ਕੁਹਰੀਤੀਆਂ ਦੇ ਖਿਲਾਫ ਮਨੁੱਖਤਾ ਨੂੰ
ਸੁਚੇਤ ਕੀਤਾ। ਗੁਰੂਆਂ ਦੀਆਂ ਸਿੱਖਿਆਵਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਬਾਰੇ
ਸਿੱਖ ਲੀਡਰਸ਼ਿਪ ਦੀ ਸੋਚ ਹੈ ਉਹ ਬਹੁਤ ਸੌੜੀ ਹੋ ਗਈ ਹੈ। ਧਰਮ ਦੀ ਨਹੀਂ ਸਿੱਖ ਦੀ ਨਹੀਂ ਸਿਰਫ
ਲੀਡਰਸ਼ਿਪ ਦੀ। ਮੈਂ ਅੱਜ ਤੱਕ ਕਦੇ ਵੀ ਕਿਸੇ ਧਾਰਮਿਕ ਧੜੇਬੰਦੀ ਵਿੱਚ ਨਹੀਂ ਪਿਆ। ਨਿੱਜੀ ਸੁਆਰਥ ਲਈ
ਮੈਂ ਕਦੇ ਰਾਜਨੀਤਕ ਧੜੇਬੰਦੀ ਵਿੱਚ ਵੀ ਨਹੀਂ ਪਿਆ। ਦੋਵਾਂ ਗਰੁੱਪਾਂ ਜਾਂ ਭਾਈਚਾਰੇ ਵਿੱਚੋਂ ਕੁਝ
ਚੰਗੇ ਚੰਗੇ ਮੋਹਤਬਰ ਬੰਦੇ ਚੁਣ ਲਏ ਜਾਣ ਜੇ ਕੋਈ ਮੈਂ ਕਹੇ ਮੈਂ ਵੀ ਵਿੱਚ ਬੈਠਣ ਨੂੰ ਤਿਆਰ ਹਾਂ।
ਲੇਕਨ ਸਾਡੀ ਇੱਕ ਹੋਰ ਕੰਮਜ਼ੋਰੀ ਹੈ ਕਿ ਫੈਸਲਾ ਪਹਿਲਾਂ ਸੁਣਾ ਦਿੱਤਾ ਜਾਂਦਾ ਹੈ ਕਿ ਜੇ ਇਹ ਫੈਸਲਾ
ਹੋਇਆ ਤਾਂ ਸਾਨੂੰ ਮਨਜ਼ੂਰ ਨਹੀਂ। ਮੈਂ ਤੁਹਾਡੇ ਪੇਪਰ ਵਿੱਚ ਤੁਹਾਡੀ ਰਿਪੋਰਟਿੰਗ ਵੀ ਪੜੀ ਹੈ ਜਿਹਦੇ
ਵਿੱਚ ਸਾਡੇ ਭਾਈਚਾਰੇ ਦਾ ਨੁਕਸਾਨ ਹੈ, ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਨੁਕਸਾਨ ਹੈ ਇਥੋਂ ਦੇ
ਸਿਸਟਮ ਵਿੱਚ ਜੋ ਸਿੱਖਾਂ ਦੀ ਇਜ਼ਤ ਹੈ ਇਹ ਕਾਨੂੰਨ ਨੂੰ ਮੰਨਣ ਵਾਲੇ ਹਨ ਸ਼ਰਧਾਲੂ ਹਨ ਖਾਸ ਤੌਰ ਤੇ
ਵੇਖਿਆ ਨਗਰ ਕੀਰਤਨ ਵੇਲੇ ਬੜੀ ਘੱਟ ਪੁਲੀਸ ਹੁੰਦੀ ਹੈ ਫਿਰ ਵੀ ਸਭ ਕੁਝ ਸੁਖਾਵੇਂ ਮਾਹੌਲ ਵਿੱਚ
ਸੰਪਨ ਹੋ ਜਾਂਦਾ ਹੈ। ਲੋਕਾਂ ਨੂੰ ਇਕੱਠੇ ਹੋ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ ਜੋ ਗਲਤ ਬਿਆਨੀ
ਕਰਦਾ ਹੈ ਭਾਵੇਂ ਉਹ ਬਾਹਰਲਾ ਹੋਵੇ ਜਾਂ ਕਮੇਟੀ ਦਾ ਉਸ ਨੂੰ ਬਾਹਰ ਕੱਢਣ। ਮੈਨੂੰ ਯਾਦ ਹੈ ਕਿਸੇ
ਵੇਲੇ ਹੈਵਲੁਕ ਰੋਡ ਵਾਲੇ ਗੁਰੁ ਘਰ ਦਾ ਖਾਸ ਵੱਡਾ ਰੋਲ ਹੁੰਦਾ ਸੀ ਜਦ ਟਰੇਡ ਯੁਨੀਅਨ ਵੱਲੋਂ ਲੰਡਨ
ਵਿੱਚ ਵਿਖਾਵੇ ਕੀਤੇ ਜਾਂਦੇ ਸਨ, ਕੋਚਾਂ ਦਾ ਲੰਗਰ ਦਾ ਖ਼ਰਚਾ ਗੁਰੂ ਘਰ ਵੱਲੋਂ ਕੀਤਾ ਜਾਂਦਾ ਸੀ,
ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਸਨ ਕਿ ਸਾਡੇ ਭਾਈਚਾਰੇ ਨੂੰ ਇਹ ਮੁਸ਼ਕਿਲਾਂ ਆ ਰਹੀਆਂ ਹਨ ਰੋਸ
ਮੁਜਾਹਰਾ ਕਰਨਾ ਹੈ ਉਹ ਰੁਚੀ ਅੱਜ ਥੋੜੀ ਘਟੀ ਹੋਈ ਹੈ। ਅਸੀਂ ਸਿਰਫ ਧਾਰਮਿਕ ਰੁਚੀ ਦੁਆਲੇ ਜਿਆਦਾ
ਘੁੰਮੀ ਜਾਂਦੇ ਹਾਂ ਜੋ ਸਾਂਝੀਆਂ ਮੁਸ਼ਕਿਲਾਂ ਹਨ ਉਹਨਾਂ ਵੱਲ ਘੱਟ ਧਿਆਨ ਦਿੰਦੇ ਹਾਂ। ਜੇ ਬੱਚਿਆਂ
ਦਾ ਭਵਿੱਖ ਸੰਵਾਰਨਾ ਚਾਹੁੰਦੇ ਹਾਂ ਤਾਂ ਅਜੇਹੇ ਝਮੇਲਿਆ ਵਿੱਚੋਂ ਬਾਹਰ ਨਿਕਲਣਾ ਪਵੇਗਾ ਜੋ ਅਸਲੀ
ਸਮੱਸਿਆਵਾਂ ਹਨ ਉਹਨਾਂ ਵੱਲ ਧਿਆਨ ਕੇਂਦਰਤ ਕਰਨਾ ਪਵੇਗਾ, ਤਾਂ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ
ਜਾਂ ਹੋਰ ਘਰੇਲੂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਸਵਾਲ: ਪਿਛੇ ਜਿਹੇ ਵੇਲਜ਼ ਵਿੱਚ ਇੱਕ ਸਿੱਖ ਬੱਚੀ ਨੂੰ ਕੜਾ ਪਹਿਨਣ ਤੋਂ
ਰੋਕਿਆ ਗਿਆ ਇਸੇ ਤਰ੍ਹਾਂ ਫਰਾਂਸ ਵਿੱਚ ਦਸਤਾਰ ਦਾ ਮਸਲਾ ਹੈ, ਤੁਸੀਂ ਐਮ ਪੀ ਹੋ ਅਤੇ ਸਿੱਖ ਧਰਮ ਦੇ
ਧਾਰਮਿਕ ਕਕਾਰਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡਾ ਅਨਿੱਖੜਵਾਂ ਅੰਗ ਹਨ ਕੀ ਇਸ ਬਾਰੇ ਕਦੇ
ਅਵਾਜ਼ ਉਠਾਈ ਜਾਂ ਉਠਾਉਣ ਦੀ ਕੋਸ਼ਿਸ਼ ਕੀਤੀ?
ਜਵਾਬ: ਬਿਲਕੁਲ ਮੈਂ ਹਮੇਸ਼ਾਂ ਇਸ ਗੱਲ ਵਿੱਚ ਵਿਸ਼ਵਾਸ਼ ਰੱਖਿਆ ਹੈ ਕਿ ਕਿਸੇ ਵੀ ਧਾਰਮਿਕ
ਚਿੰਨ ਤੇ ਕੋਈ ਪਾਬੰਧੀ ਨਹੀਂ ਲੱਗਣੀ ਚਾਹੀਦੀ ਬ੍ਰਿਟਿਸ਼ ਰਾਜ ਵੇਲੇ ਫੋਜ ਵਿੱਚ ਭਰਤੀ ਹੋਣ ਵਾਲਿਆਂ
ਵਿੱਚੋਂ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਜੋ ਪੰਜਾਂ ਕਕਾਰਾਂ ਦੇ ਧਾਰਨੀ ਹੁੰਦੇ ਸਨ। ਸੰਸਾਰ
ਯੁੱਧਾਂ ਵਿੱਚ ਸਿੱਖਾਂ ਦੀ ਬਰਤਾਨਵੀਂ ਸਰਕਾਰ ਲਈ ਜਾਨ੍ਹਾਂ ਵਾਰਨੀਆਂ ਕਿਸੇ ਤੋਂ ਛੁਪੀਆਂ ਨਹੀਂ
ਦੁਨੀਆਂ ਭਰ ਵਿੱਚ ਸਿੱਖ ਵਸੇ ਹੋਏ ਹਨ ਇਹਨਾਂ ਦੇ ਪੰਜ ਕਕਾਰਾਂ ਬਾਰੇ ਸਭ ਨੂੰ ਪਤਾ ਹੈ, ਮੈਂ ਇਸ
ਸਬੰਧੀ ਪਾਰਟੀ ਵਿੱਚ ਵੀ ਮੁੱਦਾ ਉਠਾਇਆ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵੀ ਜ਼ੋਰ ਨਾਲ ਆਪਣੇ ਸਾਥੀ
ਪਾਰਲੀਮੈਂਟ ਮੈਂਬਰਾਂ ਨੂੰ ਲੈ ਕੇ ਅਵਾਜ਼ ਬੁਲੰਦ ਕਰਨ ਜਾ ਰਿਹਾ ਹਾ ਕਿ ਸਿੱਖਾਂ ਦੇ ਧਾਰਮਿਕ ਚਿੰਨਾਂ
ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਦਸਤਾਰ ਕੜਾ ਕ੍ਰਿਪਾਨ ਤੇ ਕਦੇ ਕੋਈ ਪਾਬੰਧੀ ਨਾ ਲੱਗੇ, ਕਿਉਂਕਿ
ਇਹਨਾਂ ਤੋਂ ਬਿਨ੍ਹਾਂ ਸਿੱਖ ਦੀ ਸੰਪੂਰਨਤਾ ਨਹੀਂ ਹੋ ਸਕਦੀ। ੜੇਲਜ਼ ਵਿੱਚ ਜੋ ਸਿੱਖ ਬੱਚੀ ਨੂੰ ਕੜਾ
ਪਹਿਨਣ ਤੋਂ ਰੋਕਿਆ ਦੇ ਸਬੰਧ ਵਿੱਚ ਮੈਂ ਬਰਤਾਨਵੀਂ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਚੁੱਕਾ ਹਾਂ ਅਤੇ
ਸਾਥੀ ਐਮ ਪੀਜ਼ ਨੂੰ ਪਟੀਸ਼ਨ ਸਾਈਨ ਕਰਕੇ ਅਵਾਜ਼ ਬੁਲੰਦ ਕਰਨ ਲਈ ਜ਼ੋਰ ਪਾ ਰਿਹਾ ਹਾਂ।
ਸ਼ਰਮਾ ਜੀ ਤੁਹਾਡਾ ਬੱਧਨੀ ਡਾਟ ਕਾਮ ਲਈ ਕੀਮਤੀ ਵਕਤ
ਕੱਢਣ ਦਾ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ।
ਸਤਿ ਸ੍ਰੀ ਅਕਾਲ।