ਪੰਥਕ ਵਾਰਸੋ ਆਪਣਾ ਤਾਜ ਸੰਭਾਲੋ
ਕੁਲਵੰਤ
ਸਿੰਘ ਢੇਸੀ.ਕਾਵੈਂਟਰੀ.ਯੂ.ਕੇ
ਸਾਡੇ ਵਾਸਤੇ ਦਸਤਾਰ ਮੁੱਦਾ ਇਸ ਸਮੇਂ ਦਾ ਸਭ ਤੋਂ ਅਹਿਮ ਮੁੱਦਾ ਹੈ। ਦਸਤਾਰ ਸਿੱਖ ਦੀ ਸ਼ਾਨ ਹੇੈ,
ਦਸਤਾਰ ਸਿੱਖ ਦਾ ਮਾਨ ਸਨਮਾਨ ਹੈ ਅਤੇ ਦਸਤਾਰ ਸਿੱਖ ਦੇ ਸੀਸ ਦਾ ਤਾਜ ਹੈ। ਅੱਜ ਪੱਛਮੀ ਜਗਤ ਵਿਚ
ਸਿੱਖ ਦੀ ਦਸਤਾਰ ਅਤੇ ਰਹਿਤ ਬਹਿਤ ਦੇ ਚਿੰਨਾਂ ਨੂੰ ਭਾਰੀ ਚਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨਾ
ਪੈ ਰਿਹਾ ਹੈ । ਇਹ ਵੀ ਸਮੇਂ ਦਾ ਅਜੀਬ ਵਿਅੰਗ ਹੈ ਕਿ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ
ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਹੈ ਪਰ ਦੁਨੀਆਂ ਭਰ ਦੇ ਸਿੱਖ ਰੂਪ ਸਰੂਪ ਦੇ ਮੁੱਦੇ 'ਤੇ
ਆਪਣੇ ਆਪ ਨੂੰ ਮਜ਼ਬੂਰ ਅਤੇ ਬੇਆਸਰਾ ਮਹਿਸੂਸ ਕਰਦੇ ਹਨ।
ਅੱਜ ਤੋਂ ਦੋ ਵ੍ਹਰੇ ਪਹਿਲਾਂ ਫਰਵਰੀ 2006 ਨੂੰ ਜਦੋਂ ਫਰਾਂਸ ਦਾ ਸਾਬਕਾ ਰਾਸ਼ਟਰਪਤੀ ਜੈਕਸ ਚਿਰਾਕ
ਭਾਰਤ ਦੌਰੇ'ਤੇ ਗਿਆ ਸੀ ਤਾਂ ਭਾਰਤੀ ਰਸਾਲੇ 'ਇੰਡੀਆ ਟੂ ਡੇ' ਨੇ ਉਸ ਦੀ ਇਕ ਲੰਬੀ ਇੰਟਰਵਿਊ ਲਈ
ਸੀ। ਉਸ ਇੰਟਰਵਿਊ ਵਿਚ ਫਰਾਂਸ ਅਤੇ ਭਾਰਤ ਨਾਲ ਸਬੰਧਤ ਇਕ ਦਰਜਨ ਮੁੱਦਿਆਂ ਵਿਚ ਟਰਬਨ ਇਸ਼ੂ ਤੇ ਵੀ
ਜੈਕਸ ਚਿਰਾਗ ਤੋਂ ਸਵਾਲ ਪੁੱਛੇ ਗਏ ਸਨ ।
ਸਵਾਲ ਇਹ ਸੀThe controversy over the turban ban in France evoked concern in
India,why was the ban imposed?'
ਭਾਵ ਕਿ ਫਰਾਂਸ ਵਿਚ ਪਗੜੀ ਬ੍ਹੰਨਣ ਦੀ ਮਨਾਹੀ 'ਤੇ ਜੋ ਵਿਵਾਦ ਉੱਠਿਆ ਹੈ ਉਸ ਸਬੰਧੀ ਭਾਰਤ ਦਾ
ਲਗਾਓ ਹੈ। ਇਹ ਮਨਾਹੀ ਕਿਓਂ ਲਗਾਈ ਗਈ ਹੈ?
ਜੈਕਸ ਚਿਰਾਕ ਦਾ ਉੱਤਰ ਸੀ 'Certain type of behaviour made it necessary for us to
vote a law to guarantee our tradition of secularism. ????..It applies only in
state schools, primery and secondry. It does not in any way constitute a general
prohibition against displaying religious symbols or signs????.'
ਭਾਵ ਕਿ 'ਕੁੱਝ ਖਾਸ ਕਿਸਮ ਦੇ ਅਨਸਰਾਂ ਨੇ ਸਾਨੂੰ ਧਰਮ ਨਿਰਪੱਖੀ ਕੀਮਤਾਂ ਦੀ ਬਹਾਲੀ ਲਈ ਕਾਨੂੰਨ
ਪਾਸ ਕਰਨ ਲਈ ਮਜ਼ਬੂਰ ਕਰ ਦਿੱਤਾ । .....ਇਹ ਮਨਾਹੀਆਂ ਕੇਵਲ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਤਕ
ਹੀ ਸੀਮਤ ਹਨ।'
ਸਿੱਖ ਬੱਚਿਆਂ ਦੇ ਦਸਤਾਰ ਮੁੱਦੇ ਬਾਰੇ ਫਰਾਂਸਿਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ ਮਸਲਾ ਮੂਲੋਂ ਹੀ
ਘੱਟ ਬੱਚਿਆਂ ਨਾਲ ਸਬੰਧਤ ਹੈ ਜਿਸ ਨੂੰ ਕਿ ਉਹ ਸਿੱਖ ਪ੍ਰਤੀਨਿਧੀਆਂ ਅਤੇ ਸਿੱਖ ਪਰਿਵਾਰਾਂ ਨਾਲ
ਵਿਚਾਰਾਂ ਕਰ ਕੇ ਹੱਲ ਕਰ ਲੈਣਗੇ ।
ਇਸ ਤੋਂ ਪਹਿਲਾਂ ਕਿ ਦਸਤਾਰ ਮੁੱਦੇ 'ਤੇ ਹੋਰ ਵਿਚਾਰ ਕਰੀਏ ਅਸੀਂ ਜੈਕਸ ਚਿਰਾਕ ਨੂੰ ਇੰਡੀਆ ਟੂਡੇ
ਵਲੋਂ ਮੁਹੱਮਦ ਸਾਹਿਬ ਦੇ ਕਾਰਟੂਨਾਂ ਸਬੰਧੀ ਉਸ ਸਮੇਂ ਦੇ ਨਿਹਾਇਤ ਹੀ ਗਰਮ ਮੁੱਦੇ 'ਤੇ ਪੁੱਛੇ ਗਏ
ਸਵਾਲ ਦਾ ਇਥੇ ਜ਼ਿਕਰ ਕਰਨਾ ਮੁਨਾਸਿਬ ਸਮਝਾਂਗੇ ।
ਸਵਾਲ ਸੀ-ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕੁੱਝ ਲੋਕ ਇਸ ਮੁੱਦੇ ਨੂੰ ਤੂਲ ਦੇ ਕੇ ਇਸਲਾਮਿਕ
ਜਗਤ ਅਤੇ ਪੱਛਮ ਨੂੰ ਪਾੜਨ ਦੀ ਕੋਸ਼ਿਸ਼ ਕਰਨਗੇ?
ਉੱਤਰ--
'I am in favour of the freedm of the press, which is a pillar of democracy.
But I am equally for respecting everyones sensibilities. And I am also in favour
of a dialogue between cultres and civilization,against confrontation??'
ਭਾਵ ਕਿ 'ਮੈਂ ਪਰੈੱਸ ਦੀ ਆਜ਼ਾਦੀ ਦੇ ਹੱਕ ਵਿਚ ਹਾਂ ਜੋ ਕਿ ਜਮਹੂਰੀਅਤ ਦਾ ਥੱਮ ਹੈ। ਪਰ ਮੈਂ ਲੋਕਾਂ
ਦੀਆਂ ਭਾਵਨਾਵਾਂ ਦੀ ਵੀ ਕਦਰ ਕਰਦਾ ਹਾਂ ਅਤੇ ਮੈਂ ਵਾਦ ਵਿਵਾਦ ਤੋਂ ਉੱਪਰ ਉਠ ਕੇ ਵੱਖ ਵੱਖ
ਸਭਿਆਚਾਰਾਂ ਅਤੇ ਤਹਿਜ਼ੀਬਾਂ ਪ੍ਰਤੀ ਪ੍ਰਸਪਰ ਵਿਚਾਰ ਗੋਸ਼ਟੀ ਦਾ ਨਜ਼ਰੀਆ ਰੱਖਦਾ ਹਾਂ।'
ਹੁਣ ਪਹਿਲੀ ਗੱਲ ਇਹ ਹੈ ਕਿ ਫਰਾਂਸ ਨੂੰ ਧਾਰਮਿਕ ਚਿੰਨਾਂ ਪ੍ਰਤੀ ਉਲਾਰ ਫੈਸਲੇ ਲੈਣ ਲਈ ਜਿਹਨਾਂ
ਘਟਨਾਵਾਂ ਨੇ ਉਕਸਾਇਆ ਸੀ ਉਹ ਗੱਲ ਸਾਡੇ ਸਾਰਿਆਂ ਦੇ ਸਮਝ ਵਿੱਚ ਆਉਂਦੀ ਹੈ ਪਰ ਜਿਥੋਂ ਤੱਕ
ਫਰਾਂਸਿਸੀ ਆਗੂਆਂ ਦੇ ਸਾਡੀਆਂ ਭਾਵਨਾਵਾਂ ਦੀ ਕਦਰ ਕਰਨ ਦੇ ਦਾਅਵਿਆਂ ਦੀ ਗੱਲ ਹੈ ਇਸ ਬਾਬਤ ਇਹੀ ਕਹਿ
ਸਕਦੇ ਹਾਂ ਕਿ ਇਹਨਾਂ ਆਗੂਆਂ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਣ ਦੇ ਬਿਲਕੁਲ ਹੋਰ ਹਨ। ਸੱਚੀ ਗੱਲ
ਤਾਂ ਇਹ ਹੈ ਕਿ ਫਰਾਂਸ ਦੇ ਆਗੂ ਅਲਪ ਸੰਖਿਅਕ ਸਿੱਖਾਂ ਦੀ ਕੀਮਤ ਤੇ ਫਰਾਂਸ ਦੀ ਕਿਸੇ ਵੱਡੀ ਘੱਟ
ਗਿਣਤੀ ਨੂੰ ਨਰਾਜ਼ ਕਰਕੇ ਸਿਰਦਰਦੀ ਸਹੇੜਨ ਤੋਂ ਬੇਹੱਦ ਡਰਦੇ ਹੋਣ ਕਰਕੇ ਗਊ ਗਧਾ ਇੱਕੋ ਕਿੱਲੇ
ਬੰਨ੍ਹ ਰਹੇ ਹਨ।
ਫਰਾਂਸ ਦਾ ਦਸਤਾਰ ਮਸਲਾ ਸਿਰਫ ਸਕੂਲਾਂ ਤਕ ਸੀਮਤ ਨਹੀਂ ਹੈ ਸਗੋਂ ਵੱਡੀਆਂ ਵੱਡੀਆਂ ਬੈਂਕਾਂ ਅਤੇ
ਅਨੇਕਾਂ ਹੋਰ ਮਹੱਤਵ ਪੂਰਨ ਅਦਾਰਿਆਂ ਵਿੱਚ ਸਿੱਖਾਂ ਨੂੰ ਦਸਤਾਰ ਸਮੇਤ ਦਾਖਲ ਹੋਣ ਦੀ ਇਜਾਜ਼ਤ ਨਹੀਂ
ਹੈ। ਫਰਾਂਸ ਵਿਚ ਫੈਡਰੇਸ਼ਨ ਆਗੂ ਭਾਈ ਰਘਵੀਰ ਸਿੰਘ ਦਾ ਚਲ ਰਿਹਾ ਕੇਸ ਇਸ ਦਾ ਪ੍ਰਤੱਖ ਸਬੂਤ ਹੈ।
ਹੁਣ ਆਉਂਦੇ ਹਾਂ ਇਸ ਮਹੱਤਵਪੂਰਨ ਗੱਲ 'ਤੇ ਕਿ ਯੂਰਪੀ ਸਿੱਖਾਂ ਅਤੇ ਜਥੇਬੰਦੀਆਂ ਨੇ ਦਸਤਾਰ ਦੇ
ਸੰਗੀਨ ਮਸਲੇ ਦੇ ਹੱਲ ਲਈ ਕਿਹੋ ਜਿਹੀ ਪਹੁੰਚ ਅਪਣਾਈ ਅਤੇ ਉਸਦੇ ਕੀ ਨਤੀਜੇ ਨਿਕਲੇ ਅਤੇ ਇਹਨਾਂ
ਨਤੀਜਿਆਂ ਦੇ ਅੰਤਰਗਤ ਅਗੇ ਅਸੀਂ ਕੀ ਉਮੀਦਾਂ ਰੱਖ ਸਕਦੇ ਹਾਂ।
ਦਸਤਾਰ ਮਸਲੇ ਦੇ ਹੱਲ ਲਈ ਪ੍ਰਮੁੱਖ ਤੌਰ 'ਤੇ ਦੋ ਧਿਰਾਂ ਨੇ ਸਰਗਰਮ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ
ਸਬੰਧੀ ਪਹਿਲੀ ਧਿਰ ਦੀ ਸੋਚ ਸੀ ਕਿ ਧਰਮ ਨਿਰਪੱਖਤਾ ਦੇ ਮੁੱਦੇ' ਤੇ ਕਿਓਂਕਿ ਫਰਾਂਸ ਨੇ ਇਸਾਈ ਧਰਮ
ਦਾ ਕੱਖ ਲਿਹਾਜ ਨਹੀਂ ਕੀਤਾ ਇਸ ਕਰਕੇ ਬਿਹਤਰ ਇਹ ਹੀ ਹੈ ਕਿ ਇਕ ਘੱਟ ਗਿਣਤੀ ਦੀ ਵੱਖਰੀ ਪਛਾਣ,
ਰਹਿਤ ਬਹਿਤ ਅਤੇ ਸਭਿਆਚਾਰ ਦੇ ਪਹਿਲੂ ਤੋਂ ਪ੍ਰਸਪਰ ਗਲਬਾਤ ਰਾਹੀਂ ਕੋਈ ਵਿਚਕਾਰਲਾ ਰਾਹ ਲੱਭ ਕੇ
ਮਸਲਾ ਹੱਲ ਕਰ ਲਿਆ ਜਾਵੇ । ਇਸ ਤੋਂ ਪਹਿਲਾਂ ਕਿ ਇਹ ਧਿਰ ਕੋਈ ਸਾਰਥਕ ਨਤੀਜੇ ਕਢਣ ਵਿਚ ਕਾਮਯਾਬ
ਹੁੰਦੀ ਕਿ ਧਾਰਮਕ ਪੱਖ ਤੋਂ ਕੋਰਟ ਕਚਹਿਰੀ ਦੇ ਬੱਲ ਤੇ ਟਰਬਨ ਕੇਸ ਜਿੱਤਣ ਵਾਲੀ ਧਿਰ ਭਾਰੂ ਹੋ ਗਈ
।
ਹੁਣ ਫਰਾਂਸ ਦੀਆਂ ਅਦਾਲਤਾਂ ਵਿਚ ਦਸਤਾਰ ਦਾ ਮੋਰਚਾ ਹਾਰਿਆ ਜਾ ਚੁੱਕਾ ਹੈ। ਡਰ ਹੈ ਕਿ ਜੇਕਰ ਸਿੱਖ
ਇਹ ਕੇਸ 'ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ' ਵਿਚ ਵੀ ਨਾਂ ਜਿੱਤ ਸਕੇ ਤਾਂ ਇਸ ਦਾ ਮੋੜਵਾਂ ਅਸਰ
ਯੂਨਾਈਟਿਡ ਕਿੰਗਡਮ ਵਰਗੇ ਦੇਸ਼ਾਂ ਵਿਚ ਕੀ ਹੋਵੇਗਾ ਜਿਥੇ ਕਿ ਅਸੀਂ ਆਪਣੇ ਖਾਲਸਾਈ ਰੂਪ ਸਰੂਪ ਅਤੇ
ਕਕਾਰਾਂ ਦੀ ਬਹਾਲੀ ਲਈ ਤਕੜੇ ਤਕੜੇ ਮੋਰਚੇ ਫਤਹਿ ਕੀਤੇ ਹਨ ।
ਉਪਰੋਕਤ ਵਿਚਾਰ ਦੇਣ ਤੋਂ ਸਾਡਾ ਮੰਤਵ ਕਿਸੇ ਇਕ ਸਿਖ ਧਿਰ ਦੀ ਪਿੱਠ ਠੋਕਣ ਜਾਂ ਦੂਸਰੀ ਧਿਰ ਨੂੰ
ਨੀਵਾਂ ਵਿਖਾਉਣਾ ਹਰਗਿਜ਼ ਨਹੀਂ ਹੈ। ਦਸਤਾਰ ਮੁੱਦਾ ਸਾਡਾ ਸਾਰਿਆਂ ਦਾ ਸਰਬ ਸਾਂਝਾ ਹੈ ਅਤੇ ਇਸ ਦੇ
ਨਤੀਜੇ ਸਾਰੇ ਸਿੱਖਾਂ ਨੂੰ ਹੀ ਭੁਗਤਣੇ ਪੈਣੇ ਹਨ ਪਰ ਇਕ ਗੱਲ ਤੋਂ ਸ਼ਾਇਦ ਕੋਈ ਵੀ ਮੁਨਕਰ ਨਹੀਂ ਹੋ
ਸਕਦਾ ਕਿ ਹੁਣ ਤਕ ਸਿੱਖ ਆਗੂਆਂ ਦੀ 'ਉੱਤਰ ਕਾਟੋ ਮੈਂ ਚ੍ਹੜਾਂ' ਵਾਲੀ ਬਿਰਤੀ ਕਾਰਨ ਅਸੀਂ ਇਸ ਦੇ
ਹੱਲ ਲਈ ਕੋਈ ਸਰਬ ਸਾਂਝਾ ਫਰੰਟ ਤਹਿ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ ਹਾਂ।
ਹੁਣ ਫਰਾਂਸ ਦਾ ਮੌਜੂਦਾ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਭਾਰਤ ਦੇ ਗਣਤੰਤਰ ਦਿਵਸ 'ਤੇ 24 ਜਨਵਰੀ ਨੂੰ
ਜਾ ਰਿਹਾ ਹੈ । ਇਸ ਨੂੰ ਮੁੱਖ ਰੱਖਕੇ ਯੂ.ਕੇ ਭਰ ਵਿਚ ਇੱਕ ਸਾਈਨ ਪਟੀਸ਼ਨ ਕੀਤੀ ਜਾ ਰਹੀ ਹੈ । ਤੁਸੀਂ
ਇਹ ਪਟੀਸ਼ਨ ਈ ਮੇਲ ਰਾਹੀਂ ਦੁਨੀਆਂ ਦੇ ਹਰ ਕੋਨੇਂ ਤੋਂ ਭੇਜ ਸਕਦੇ ਹੋ ।
ਇਸ ਦਾ ਐਡਰਸ ਹੈ: supportsikhturban_france@hotmail.co.uਕ
ਪਾਠਕ ਦੋਸਤੋ ਸਿੱਖ ਕੌਮ ਇਸ ਸਮੇਂ ਆਪਣੇ ਨਿਆਰੇ ਰੂਪ ਸਰੂਪ ਅਤੇ ਨਿਵੇਕਲੀ ਰਹਿਤ ਬਹਿਤ ਕਾਰਨ ਇੱਕ
ਕਰੜੇ ਇਮਤਿਹਾਨ ਵਿੱਚੀਂ ਲੰਘ ਰਿਹਾ ਹੈ। ਐਸੇ ਸਮੇਂ ਸਾਡਾ ਏਕਾ ਹੋਣਾ ਲਾਜ਼ਮੀ ਹੈ। ਪਗੜੀ ਕਦੀ ਭਾਰਤ
ਦੇ ਸਭ ਧਰਮਾਂ ਅਤੇ ਸਭਿਆਚਾਰਾਂ ਦੇ ਪਹਿਰਾਵੇ ਅਤੇ ਮਾਨ ਸਨਮਾਨ ਦਾ ਚਿੰਨ੍ਹ ਹੋਇਆ ਕਰਦੀ ਸੀ ਪਰ ਹੁਣ
ਕੇਵਲ ਸਿੱਖ ਹੀ ਇਸ ਨੂੰ ਅਪਣਾਏ ਹੋਏ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਸਿੱਖ ਭਾਈਚਾਰਾ ਸਮੇਂ ਦੇ ਹਰ
ਤੇਵਰ ਨਾਲ ਦੋ ਚਾਰ ਹੁੰਦਾ ਹੋਇਆ ਆਪਣੇ ਮਾਨ ਸਨਮਾਨ, ਆਪਣੀ ਵਖਰੀ ਪਛਾਣ ਅਤੇ ਆਪਣੀ ਸਿਰਦਾਰੀ ਦੇ
ਸ਼ਮਲੇ ਨੂੰ ਉੱਚਾ ਰੱਖੇਗਾ । ਗੁਰੂ ਰਾਖਾ ।