ਸਾਬਤ ਰਹੇ ਮੇਰਾ ਗੁਰਧਾਮ

ਕੁਲਵੰਤ ਸਿੰਘ ਢੇਸੀ.ਕਾਵੈਂਟਰੀ .ਯੂਕੇ

ਇਸ ਵੇਰ ਜਦੋਂ ਸਿੰਘ ਸਭਾ ਸਾਊਥਾਲ ਦੇ ਗੁਰਦੁਆਰੇ ਸਬੰਧੀ ਝਗੜੇ ਦੀ ਗੱਲ ਸੁਣੀ ਤਾਂ ਮੈਂ ਪੰਜਾਬ ਵਿਚ ਸਾਂ। ਵਾਪਸ ਆ ਕੇ ਜਦੋਂ ਮੈਂ ਇਸ ਸਬੰਧੀ ਜਦੋਂ ਕੁਝ ਮਿੱਤਰ ਪਿਆਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾ ਕਰਕੇ ਪ੍ਰਤੀਕਰਮ 'ਆਹੋ ਅੱਛਾ' ਵਾਲੇ ਹੀ ਸਨ, ਜਿਵੇਂ ਕੋਈ ਖਾਸ ਗੱਲ ਹੀ ਨਾਂ ਵਾਪਰੀ ਹੋਵੇ । ਇਸ ਵਾਰੇ ਜਦੋਂ ਪੁਰਾਣੀਆਂ ਅਖਬਾਰਾਂ ਵਿਚੋਂ ਫੋਲਾ ਫਰਾਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁਰਖੀ ਵਾਲੀ ਖਬਰ ਤੋਂ ਇਲਾਵਾ ਜ਼ਿਆਦਾਤਰ ਠੂੰ ਠਾਂ ਪੱਖਪਾਤੀ ਕਲਮਾਂ ਵਲੋਂ ਕੀਤੀ ਹੋਈ ਹੀ ਮਿਲੀ, ਜਿਹਨਾਂ ਦਾ ਕੰਮ ਅਜੇਹੇ ਸਮੇਂ ਕਿਸੇ ਇਕ ਧਿਰ ਦੀ ਪਿੱਠ ਠੋਕ ਕੇ ਬਲਦੀ'ਤੇ ਤੇਲ ਪਾਊਣਾ ਹੀ ਹੁੰਦਾ ਹੈ ।

ਇਕ ਉਹ ਵੀ ਸਮਾਂ ਸੀ ਜਦੋਂ ਗੁਰੁ ਦੇ ਖਾਲਸੇ ਨੇ ਆਪਣੇ ਗੁਰੁ ਘਰਾਂ ਦੇ ਸੁਧਾਰ ਦੇ ਮਸਲੇ ਵਾਲੇ ਮੁੱਦੇ'ਤੇ ਬਲ ਦੇ ਕੇ ਚੱਕਰਵਰਤੀ ਅੰਗ੍ਰੇਜ਼ ਨੂੰ ਹੀ ਭਾਰਤ ਵਿੱਚੋਂ ਉਲੱਦ ਮਾਰਿਆ ਸੀ ਅਤੇ ਇੱਕ ਇਹ ਵੀ ਸਮਾਂ ਹੈ ਕਿ ਕਹਿੰਦੇ ਕਹਾਂਉਦੇ ਸਿੱਖ ਆਪਣੀ ਸ਼ਕਤੀ ਦੇ ਸਰੋਤ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਉੱਕਾ ਹੀ ਵਿਸਾਰ ਕੇ ਆਏ ਦਿਨ ਸਾਡੇ ਗੁਰੁ ਘਰਾਂ ਵਿਚ ਖੜਦੁੰਬ ਮਚਾਈ ਰੱਖਦੇ ਹਨ। ਇਹ ਇਲਤ ਇਸ ਹੱਦ ਤਕ ਵੱਧ ਗਈ ਹੈ ਕਿ ਹਰ ਸਮੇਂ ਕਿਸੇ ਨਾਂ ਕਿਸੇ ਗੁਰੁ ਘਰ ਦੇ ਪ੍ਰਬੰਧਕੀ ਹਲਾਤ ਵਿਸਫੋਟਕ ਬਣੇ ਹੀ ਰਹਿੰਦੇ ਹਨ । ਤੁਸੀਂ ਜਿਸ ਧਿਰ ਨਾਲ ਵੀ ਗੱਲ ਕਰਦੇ ਹੋ ਉਹ ਸਾਰੇ ਦਾ ਸਾਰਾ ਕਸੂਰ ਦੂਸਰੇ 'ਤੇ ਮ੍ਹੜ ਕੇ ਆਪ ਦੁੱਧ ਧੋਤੀ ਹੋਣ ਦੀ ਕੋਸ਼ਿਸ਼ ਕਰਦੇ ਹਨ । ਜਦੋਂ ਕਿਸੇ ਵੀ ਗੁਰਦੂਆਰੇ ਦੇ ਹਾਲਾਤ ਤੱਲਖੀ ਵਾਲੇ ਹੋਣ ਜਾਂ ਲੜਾਈ ਝਗੜੇ ਵਾਲਾ ਭਾਣਾ ਵਰਤ ਜਾਵੇ ਤਾਂ ਜ਼ਿਮੇਵਾਰ ਕਲਮਾਂ ਦਾ ਫਰਜ਼ ਹੁੰਦਾ ਹੈ ਕਿ ਉਹ ਅਜੇਹੀਆਂ ਕਰਤੂਤਾਂ ਕਰਨ ਵਾਲਿਆਂ ਦਾ ਭਾਂਡਾ ਬੇਲਿਹਾਜ ਹੋ ਕੇ ਸਰੇ ਬਾਜ਼ਾਰ ਫੋੜਨ ਲਈ ਟਿੱਲ ਲਾਊਣ ਪਰ ਬੜੇ ਦੁੱਖ ਨਾਲ ਕਹਿਣਾਂ ਪੈਂਦਾ ਹੈ ਕਿ ਸਾਡੇ ਲੇਖਕ ਇਹ ਕਾਰਜ ਕਰਦੇ ਸਮੇਂ ਆਪਣੀਆਂ ਨਿੱਜੀ ਰੰਜਛਾਂ ਕੱਡਣ ਲਈ ਕਿਸੇ ਨਾਂ ਕਿਸੇ ਧਿਰ ਦੇ ਵਿਰੋਧ ਜਾਂ ਹੱਕ ਵਿਚ ਬੁਰੀ ਤਰਾਂ ਲੁੜਕ ਜਾਂਦੇ ਹਨ । ਅੱਜ ਜਦੋਂ ਕਿ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ (ਦੂਜੀ) ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣਿਆਂ ਗੁਰੁ ਘਰਾਂ ਦੇ ਪ੍ਰਬੰਧਕੀ ਸੁਧਾਰ ਲਈ ਹਰ ਸੰਭਵ ਕੋਸ਼ਿਸ਼ਾਂ ਕਰੀਏ ।

ਹੁਣੇ ਹੁਣੇ ਮੈਨੂੰ ਇੱਕ 'ਐਲਿਸ ਬਾਸਰਕੇ' ਨਾਮ ਦੇ ਲੇਖਿਕ ਦਾ ਪਹਿਲੀ ਗੁਰਦੁਆਰਾ ਸੁਧਾਰ ਲਹਿਰ ਸਬੰਧੀ ਲੇਖ ਪ੍ਹੜਨ ਦਾ ਮੌਕਾ ਮਿਲਿਆ ਹੈ । ਇਸ ਵਿਚ ਉਸ ਨੇ ਦੋ ਗੱਲਾਂ ਐਸੀਆਂ ਲਿਖੀਆਂ ਹਨ ਜਿਸ ਸਬੰਧੀ ਸਾਨੂੰ ਸਾਰਿਆਂ ਨੂੰ ਗੌਰ ਕਰਨ ਦੀ ਲੋੜ ਹੈ । ਪਹਿਲੀ ਵਿਚ ਉਹ ਲਿਖਦਾ ਹੈ ਕਿ ਸੰਂਨ 1861 ਵਿਚ ਜਦੋਂ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਧਾਰਮਕ ਅਸਥਾਨਾਂ ਦੇ ਪ੍ਰਬੰਧ ਸਬੰਧੀ 'ਵਕਫ ਐਕਟ' ਬਣਾਇਆ ਤਾਂ ਇਸ ਐਕਟ ਤਹਿਤ ਜਿਥੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਹਨਾਂ ਦੇ ਮੰਦਿਰਾਂ ਅਤੇ ਮਸਜ਼ਿਦਾਂ ਦੇ ਪ੍ਰਬੰਧ ਸੌਂਪ ਦਿੱਤੇ ਗਏ ਉੱਥੇ ਸਿੱਖਾਂ ਨੂੰ ਇਸ ਵਿੱਚੋਂ ਬਾਹਰ ਰੱਖਿਆ ਗਿਆ । ਅੰਗ੍ਰੇਜ਼ ਦੀ ਪੂਰੀ ਕੋਿਸ਼ਸ਼ ਸੀ ਕਿ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਹਿੰਦੂ ਉਦਾਸੀ ਮਹੰਤਾਂ ਦੇ ਕੋਲ ਹੀ ਰਹਿਣ ਜੋ ਕਿ ਅੰਗ੍ਰੇਜ਼ ਦੇ ਟੋਡੀ ਸਨ । ਅੰਗ੍ਰੇਜ਼ ਨੇ ਸਿਰਫ ਉਦੋਂ ਹੀ ਸਿੱਖਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਸੌਂਪੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਬੜਾ ਵਿਕਰਾਲ ਰੂਪ ਧਾਰਨ ਕਰ ਗਈ ਅਤੇ ਅੰਗ੍ਰੇਜ਼ ਦੇ ਨੱਕ ਦਮ ਆ ਗਿਆ । ਅਸਲ ਵਿਚ ਅੰਗ੍ਰੇਜ਼ ਇਹ ਗੱਲ ਬੜੀ ਚੰਗੀ ਤਰਾਂ ਸਮਝਦਾ ਸੀ ਕਿ ਉਸ ਦੇ ਰਾਜ ਭਾਗ ਨੂੰ ਸਭ ਤੋਂ ਵੱਡਾ ਖਤਰਾ ਸਿੱਖ ਸ਼ਕਤੀ ਹੀ ਸੀ ਜਿਸ ਸ਼ਕਤੀ ਦਾ ਸਰੋਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ । ਇਸੇ ਲਈ ਅੰਗ੍ਰੇਜ਼ ਨੇ ਹਿੰਦੂ ਮਹੰਤਾਂ ਦੀ ਪਿੱਠ 'ਤੇ ਖ੍ਹੜ ਕੇ ਬੜੀ ਹੀ ਨਿਰਦੈਤਾ ਅਤੇ ਮਕਾਰੀ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੱਚਾਈ ਅਤੇ ਸਿੱਖ ਰਹਿਤ ਬਹਿਤ ਦੇ ਉਚੇਰੇ ਸਿਧਾਂਤ ਵਿੱਚ ਖੋਟ ਪਾਉਣ ਦੀ ਪੂਰੀ ਕੋਸ਼ਿਸ ਕੀਤੀ । ਅੱਜ ਜਦੋਂ ਭਾਰਤ 'ਤੇ ਆਪਣਾ ਏਕਾ ਅਧਿਕਾਰ ਸਮਝਣ ਵਾਲੀ ਭਾਜਪਾ ਦਾ ਸੰਘ ਪਰਿਵਾਰ ਇਹੋ ਕੁਝ ਲੁਕਵੇਂ ਰੂਪ ਵਿਚ ਸਿੱਖ ਸਿਧਾਂਤ ਨਾਲ ਕਰ ਰਿਹਾ ਹੈ ਤਾਂ ਇਸ ਦੀ ਸਾਨੂੰ ਸਮਝ ਲਗਦੀ ਹੈ ਕਿ ਉਹ ਅਜੇਹਾ ਕਿਓਂ ਕਰ ਰਹੀ ਹੈ । ਪਰ ਜਦੋਂ ਸਾਡੇ ਸਿੱਖ ਭਾਈ ਹੀ ਸਾਡੇ ਗੁਰੂਦੁਆਰਿਆਂ ਦੇ ਮਹੌਲ ਨੂੰ ਵਿਛੈਲਾ ਬਣਾਉਣ ਲਈ ਅਣਮਨੁੱਖੀ ਕਰਤੂਤਾਂ ਕਰਨ ਲਗਦੇ ਹਨ ਤਾਂ ਇਸ ਗਲ ਦੀ ਉੱਕਾ ਸਮਝ ਨਹੀਂ ਲਗਦੀ ਕਿ ਉਹ ਏਨਾਂ ਨੀਵਾਂ ਕਿਵੇਂ ਗਰਕ ਜਾਂਦੇ ਹਨ !!!

ਦੂਸਰੀ ਅਹਿਮ ਗੱਲ ਜੋ ਐਲਿਸ ਬਾਸਰਕੇ ਨੇ ਲਿਖੀ ਹੈ ਕਿ ਅੰਗ੍ਰੇਜ਼ਾਂ ਨਾਲ ਭਾਰਤੀ ਅਜ਼ਾਦੀ ਦੇ ਸੰਗ੍ਰਾਮ ਸਬੰਧੀ ਅਹਿੰਸਾ ਅਤੇ ਨਾਮਿਲਵਰਤਨ ਲਹਿਰ ਦਾ ਜਨਮ ਦਾਤਾ ਦੁਨੀਆਂ ਮਹਾਤਮਾ ਗਾਂਧੀ ਨੂੰ ਮੰਨਦੀ ਹੈ ਜੋ ਕਿ ਸਰਾਸਰ ਗਲਤ ਹੈ । ਅਸਲ ਵਿੱਚ ਇਹ ਲਹਿਰ ਸਿੱਖ ਆਗੂ ਬਾਬਾ ਰਾਮ ਸਿੰਘ ਦੁਆਰਾ ਚਲਾਈ ਗਈ ਸੀ । ਬਾਸਰਕੇ ਨੇ ਉਸ ਮੌਕੇ ਦੇ ਕਮਿਸ਼ਨਰ ਟੀ.ਡੀ.ਫੋਰਸੇਦ ਦੇ ਹਵਾਲੇ ਨਾਲ ਇਹ ਗੱਲ ਲਿਖੀ ਹੈ ਕਿ ਕੂਕਾ ਲਹਿਰ ਨੂੰ ਦਬਾਉਣ ਲਈ ਅਗ੍ਰੇਜ਼ ਸਾਸ਼ਕ ਸਭ ਮਨੁੱਖੀ ਕੀਮਤਾਂ ਨੂੰ ਪਿੱਠ ਦੇ ਕੇ ਪਤਾਲ ਤਕ ਗਰਕ ਗਏ ਜਦੋਂ ਕਿ ਉਹਨਾਂ 66 ਕੂਕੇ ਸਿੰਘਾਂ ਨੂੰ ਤੋਪਾਂ ਨਾਲ ਬ੍ਹੰਨ ਕੇ ਉਡਾ ਦਿੱਤਾ । ਇਹ ਸ਼ਾਂਤਮਈ ਲਹਿਰ ਦਾ ਹੀ ਕਰਿਸ਼ਮਾਂ ਸੀ ਕਿ ਸਿੱਖਾਂ ਨੇ ਸੰਂਨ 1920 ਵਿਚ ਸਿੰਘ ਸਭਾ ਲਹਿਰ ਦੌਰਾਨ ਤੀਹ ਹਜ਼ਾਰ ਗ੍ਰਿਫਤਾਰੀਆਂ ਅਤੇ ਚਾਰ ਸੌ ਸ਼ਹੀਦੀਆਂ ਦੇ ਕੇ ਅੰਗ੍ਰੇਜ਼ਾਂ ਦਾ ਭਾਰਤ ਵਿਚੋਂ ਬਿਸਤਰਾ ਗੋਲ ਕਰਨ ਲਈ ਰਾਹ ਪੱਧਰਾ ਕਰ ਦਿੱਤਾ । ਮਗਰੋਂ ਅਜ਼ਾਦ ਭਾਰਤ ਵਿਚ ਵੀ ਸਿੱਖ ਮੌਕੇ ਦਾ ਇਹ ਹਥਿਆਰ ਵਰਤ ਕੇ ਪੰਜਾਬੀ ਸੂਬੇ ਦਾ ਘੋਲ ਫਤਿਹ ਕਰ ਗਏ ਪਰ ਧਰਮ ਯੁੱਧ ਮੋਰਚੇ ਦੌਰਾਨ ਲਹਿਰ ਨੇ ਖਾੜਕੂ ਰੁੱਖ ਇਖਤਿਆਰ ਕਰ ਲਿਆ ਜਿਸ ਨੂੰ ਦਬਾਊਣ ਲਈ ਭਾਰਤੀ ਸਟੇਟ ਨੇ ਨਾ ਕੇਵਲ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਢਾਅ ਢੇਰੀ ਕਰ ਦਿੱਤਾ ਸਗੋਂ ਉਹ ਸਿੱਖ ਜਵਾਨੀ ਦੀ ਨਸਲ ਕੁਛੀ ਕਰਨ ਦੇ ਵੀ ਰਾਹ ਪੈ ਗਈ ।


ਅੱਜ ਭਾਵੇਂ ਸਾਡੇ ਗੁਰਧਾਮ ਅਖੌਤੀ ਤੌਰ 'ਤੇ ਆਜ਼ਾਦ ਹਨ ਪਰ ਇਹਨਾਂ ਵਿਚੋਂ ਸਿੱਖੀ ਸੰਦੇਸ਼ ਨਹੀਂ ਆ ਰਿਹਾ । ਇਹ ਮਹਿਜ਼ ਮੁੱ਼ਲ ਦੇ ਪਾਠਾਂ ਅਤੇ ਮੁੱਲ ਦੇ ਕੀਰਤਨਾਂ ਤਕ ਸੀਮਤ ਹੋ ਗਏ ਹਨ ।ਰਹਿੰਦੀ ਖੂੰਹਦੀ ਕਸਰ ਕਮੇਟੀਆਂ ਦੇ ਝਗੜਿਆਂ ਨੇ ਕੱਢ ਦਿੱਤੀ ਹੈ । ਅੱਜ ਸਾਨੂੰ ਇਹਨਾਂ ਚਾਨਣ ਮੁਨਾਰਿਆਂ ਦੁਆਲੇ ਉਸਰੇ ਹੋਏ ਹਊਮੇ ਹੰਗਤਾ ਅਤੇ ਲੋਭ ਲਾਲਚ ਦੇ ਹਨੇਰਿਆਂ ਨੂੰ ਭਜਾਉਣ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਲੋਅ ਸਾਹਮਣੇ ਹੋਣਾ ਹੀ ਪਏਗਾ । ਇਹੋ ਹੀ ਰਾਹ ਹੈ ਹਾਰੀ ਹੋਈ ਬਾਜ਼ੀ ਜਿੱਤਣ ਦਾ । ਇਸੇ ਵਿਚ ਹੀ ਸਾਡਾ ਆਪਣਾ ਅਤੇ ਸਰਬਤ ਦਾ ਭਲਾ ਹੈ । ਆਓ ਆਪਾਂ ਆਪਣੇ ਹਿਰਦੇ ਵਿਚ ਅਤੇ ਆਪਣੇ ਚੌਗਿਰਦੇ ਵਿਚ ਇੱਕ ਸੱਚੇ ਸੁੱਚੇ ਸ਼ਾਂਤਮਈ ਗੁਰਧਾਮ ਦੀ ਸਾਬਤੀ ਲਈ ਯਤਨ ਕਰੀਏ ।

'ਨ੍ਹੇਰ ਨੂੰ ਹੁਣ ਦੋਸਤਾ ਉਸ ਦਿਲ 'ਚ ਕਿੱਦਾਂ ਥਾਂ ਮਿਲੂ
ਹੋ ਗਿਆ ਜੋ ਉਮਰ ਭਰ ਲਈ ਰੌਸ਼ਨੀ ਦੇ ਰੂਬਰੂ ।
ਫਸਲ ਰੀਝਾਂ ਵਾਲੜੀ ਫਿਰ ਦੇਖਣਾ ਲਹਿਰਾਏਗੀ
ਦਿਲ ਦੇ ਸੁੱਕੇ ਖੇਤ ਨੂੰ ਤੂੰ ਕਰ ਨਦੀ ਦੇ ਰੂਬਰੂ ।
ਅਗਿਆਤ.