ਮੁੱਦਾ ਮੀਟ ਅਤੇ ਸ਼ਰਾਬ ਦਾ
ਕੁਲਵੰਤ ਸਿੰਘ ਢੇਸੀ ਕਾਵੈਂਟਰੀ. ਯੂ.ਕੇ
ਅੱਜ
ਕਲ ਸਿੱਖ ਵਿਆਹਾਂ 'ਤੇ ਵਰਤਾਏ ਜਾ ਰਹੇ ਮੀਟ ਅਤੇ ਸ਼ਰਾਬ ਦਾ ਮੁੱਦਾ ਗਰਮ ਹੈ। ਇਸ ਗੱਲ ਨਾਲ ਤਾਂ ਅਸੀਂ
ਸਾਰੇ ਹੀ ਸਹਿਮਤ ਹੋਵਾਂਗੇ ਕਿ ਸਿੱਖ ਮਾਪੇ ਆਪਣੇ ਬੱਚਿਆਂ ਦੀਆਂ ਆਸਾਂ ਉਮੰਗਾਂ ਪੂਰਿਆਂ ਕਰਨ ਲਈ
ਵਿਅਹਾਂ ਤੇ ਖਰਚ ਕਰਨ ਸਮੇਂ 'ਬੁਰੇ ਦੇ ਘਰ ਤਕ ਜਾਣ ਲਈ ਤੱਤਪਰ ਰਂਿਹਂਦੇ ਹਨ। ਅਜੇਹੇ ਸਮੇਂ ਮਹਿਂਗੇ
ਤੋਂ ਮਹਿਂਗੇ ਹੋਟਲ ਅਤੇ ਹਾਲ ਕਿਰਾਏ 'ਤੇ ਕਰਕੇ ਬੇਤਹਾਸ਼ਾ ਪੈਸਾ ਬੀਅਰ,ਸ਼ਰਾਬ ਅਤੇ ਬੁਰੀ ਤਰਾਂ ਜ਼ਾਇਆ
ਕੀਤੇ ਜਾਣ ਵਾਲੇ ਵੰਨ ਸੁਵੰਨੇ ਖਾਣਿਆਂ 'ਤੇ ਰੋੜਿਆ ਜਾਂਦਾ ਹੈ। ਇਹਨਾਂ ਵਿਆਹਾਂ ਵਿੱਚੋਂ ਅਨੇਕਾਂ
ਅਸਫਲ ਵੀ ਹੁੰਦੇ ਹਨ ਅਤੇ ਮਾਪੇ ਵਿਚਾਰੇ ਢਿੱਡੀਂ ਮੁਕੀਆਂ ਦੇ ਕੇ ਰਹਿ ਜਾਂਦੇ ਹਨ ।
ਸਾਡੇ ਇਹਨਾਂ ਵਿਆਹਾਂ 'ਤੇ ਕੰਨ ਪਾੜਵੇਂ 'ਗੀਤ ਸੰਗੀਤ' ਵਿੱਚ ਵਧੇਰੇ ਕਰਕੇ ਜੱਟਵਾਦ, ਸ਼ਰਾਬਵਾਦ ਅਤੇ
ਦੁਨਾਲੀਆਂ ਗੰਡਾਸਿਆਂ ਦਾ ਰੱਜ ਕੇ ਕਮਲ ਕੁੱਟਿਆ ਜਾਂਦਾ ਹੈ । ਇਹਨਾਂ ਦੇਸੀ ਵਿਆਹਾਂ 'ਤੇ ਦਿਨੋਂ
ਦਿਨ ਗੋਰਿਆਂ, ਕਾਲਿਆਂ ਅਤੇ ਹੋਰ ਨਸਲਾਂ ਦੇ ਲੋਕਾਂ ਦੀ ਗਿਣਤੀ ਵੀ ਵਦਧੀ ਹਾ ਰਹੀ ਹੈ । ਇਹ ਲੋਕ
ਅਜੇਹੇ ਸਮੇਂ ਸਾਡੀ ਦੋਹਾਂ ਹੱਥਾਂ ਨਾਲ ਲੁਟਾਈ ਜਾ ਰਹੀ ਲੁੱਟ ਨੂੰ ਦੇਖ ਕੇ ਮਨ ਹੀ ਮਨ ਵਿਚ ਹੈਰਾਨ
ਜ਼ਰੂਰ ਹੁੰਦੇ ਹੋਣਗੇ । ਸਾਡੇ ਅਮੀਰ ਤਬਕੇ ਦੇ ਲੋਕ ਇਹਨਾਂ ਵਿਆਹਾਂ ਦੇ ਓਹਲੇ ਵਿਚ ਆਪਣੇ ਵੱਡੇਪਣ ਦਾ
ਇਜ਼ਹਾਰ ਕਰਨ ਲਈ ਹਜ਼ਾਰਾਂ ਦੇ ਇਕੱਠ ਕਰਕੇ ਆਪਣੀ ਝੂਠੀ ਪਬਲੀਸਿਟੀ ਕਰਵਾਣ ਦੀ ਮੂਰਖਤਾ ਵਿਚ ਗਲਤਾਨ ਹੋ
ਜਾਂਦੇ ਹਨ । ਸਾਡੀ ਬਹੁ ਗਿਣਤੀ ਦੇ ਲੋਕ ਉਮਰ ਭਰ ਜੂੜ ਮਾਰਕੇ ਕਮਲੇ ਰਮਲੇ ਸਰਫੇ ਕਰਦੇ ਹੋਏ ਆਪਣੀ
ਉਮਰ ਭਰ ਦੀ ਕਮਾਈ ਨੂੰ ਇੱਕੋ ਦਿਨ ਵਿਚ ਰੋੜ ਕੇ ਔਹ ਮਾਰਦੇ ਹਨ । ਸਾਡੇ ਇਹ ਲੋਕ ਆਪਣੇ ਅਸਲੀ ਜੀਵਨ
ਵਿਚ ਏਨੇ ਮੂੜ (ignorant) ਅਤੇ ਸਰਫਈ ਹਨ ਕੇ ਇੱਕ ਅਖਬਾਰ ਜਾਂ ਕਿਤਾਬ ਖ੍ਰੀਦਣ ਦੀ ਸੋਚ ਨਾਲ ਵੀ
ਇਹਨਾਂ ਨੂੰ ਸੱਪ ਸੁੰਘ ਜਾਂਦਾ ਹੈ ਪਰ ਆਪਣਾ ਝੂਠਾ ਗੁੱਡਾ ਬ੍ਹੰਨਣ,ਰਿਸ਼ਤੇਦਰੀਆਂ ਪੂਜਣ ਅਤੇ ਨਿਆਣਿਆਂ
ਦੀਆਂ ਅਵਾਰਾ ਮੰਗਾਂ ਪੂਰੀਆਂ ਕਰਨ ਲਈ ਇਹ ਪੱਚੀ ਤੋਂ ਪੰਜਾਹ ਹਜ਼ਾਰ ਪੌਂਡ ਖਰਚ ਕਰਦੇ ਹਨ । ਬੇਹੱਦ
ਮਹਿੰਗੇ ਖ੍ਰੀਦੇ ਕਪੜੇ,ਗਹਿਣੇਗੱਟੇ,ਕਰਾਏ ਦੀਆਂ ਲਿਮੋਜ਼ੀਨਾਂ, ਅੱਤ ਮਹਿੰਗੇ ਹੋਟਲ ਅਤੇ ਵਿਸ਼ਾਲ
ਪਾਰਟੀਆਂ ਅਖੀਰ ਨੂੰ ਕੁੱਝ ਫੋਟੋ ਐਲਬਮਾਂ ਅਤੇ ਸੀਡੀਆਂ ਵਿਚ ਯਾਦ ਬਣ ਕੇ ਰਹਿ ਜਾਂਦੀਆਂ ਹਨ ਜਿਹਨਾਂ
ਨੂੰ ਕਿ ਮੁੜ ਯਾਦ ਕਰਨ ਦਾ ਵੀ ਕਿਸੇ ਕੋਲ ਕੋਈ ਸਮਾਂ ਨਹੀਂ ਹੁੰਦਾ ਅਤੇ ਜੇਕਰ ਅਣਬਣ ਹੋ ਜਾਵੇ ਜਾਂ
ਤਲਾਕ ਹੋ ਜਾਵੇ ਤਾਂ ਇਹ ਸਭ ਯਾਦਾਂ ਯਾਦ ਕਰਨ ਦੇ ਵੀ ਕਾਬਲ ਨਹੀਂ ਰਹਿੰਦੀਆਂ ।
ਇਸ ਸਾਰੀ ਵਿਆਖਿਆ ਤੋਂ ਬਾਅਦ ਅਸੀਂ ਇਹ ਸਮਝ ਸਕਦੇ ਹਾਂ ਕਿ ਸਿੱਖ ਵਿਆਹਾਂ ਦਾ ਮੁੱਦਾ ਸਿਰਫ ਮੀਟ
ਸ਼ਰਾਬ ਦੇ ਸੇਵਨ ਦਾ ਹੀ ਮੁੱਦਾ ਨਹੀਂ ਹੈ ਸਗੋਂ ਇਸ ਦੇ ਅਨੇਕਾਂ ਪਹਿਲੂ ਹਨ । ਇਸ ਵਿਚ ਮੈਂ ਸਭ ਤੋਂ
ਵੱਡਾ ਦੋਸ਼ ਆਪਣੇ ਲੇਖਕ ਵਰਗ ਅਤੇ ਜਥੇਬੰਦਕ ਵਰਗ ਨੂੰ ਦੇਣਾਂ ਚਾਹੁੰਦਾ ਹਾਂ । ਸਾਡੇ ਅਨੇਕਾਂ ਲੇਖਕਾਂ
ਨੇ ਸਸਤੀ ਸ਼ੁਹਰਤ ਵਸ ਜੱਟਵਾਦ,ਸ਼ਰਾਬਵਾਦ, ਲੱਚਰਵਾਦ ਅਤੇ ਹਿੰਸਾਵਾਦ ਨੂੰ ਭੰਗੜੇ ਦੀ ਬੀਟ'ਤੇ ਏਨੀ
ਬੁਰੀ ਤਰਾਂ ਭੜਕਾ ਦਿੱਤਾ ਕਿ ਸਾਡੀ ਅਣਭੋਲ ਨੌਜਵਾਨੀ ਇਹਨਾਂ ਤੇ ਲੱਟੂ ਹੁੰਦੀ ਚਲੇਗੀ । ਹੁਣ ਇਹ
ਇੱਕ ਆਪਣੀ ਹੀ ਕਿਸਮ ਦਾ ਹੰਕਾਰੀ ਅਤੇ ਝੂਠੀ ਖੁਮਾਰੀ ਵਾਲਾ 'ਸਭਿਆਚਾਰ' ਸਾਡੀਆਂ ਵਿਆਹ ਸ਼ਾਦੀਆਂ ਅਤੇ
ਪਾਰਟੀਆਂ ਦਾ ਜਰੂਰੀ ਅੰਗ ਬਣ ਗਿਆ ਹੈ । ਸਾਡੇ ਮੁਕਾਬਲੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਕਾਫੀ ਹੱਦ
ਤਕ ਇਸ ਰੋਗ ਤੋਂ ਬਚੇ ਹੋਏ ਹਨ । ਸਾਡਾ ਜ਼ਿਮੇਵਾਰ ਲੋਕਾਂ ਦਾ ਇਕ ਕਸੂਰ ਇਹ ਵੀ ਹੈ ਕਿ ਅਸੀਂ ਲੂਣ ਦੀ
ਇਸ ਦੋਸ਼ੀ ਖਾਣ ਵਿੱਚ ਖੁਦ ਵੀ ਲੂਣ ਬਣੇ ਹੋਏ ਹਾਂ ।
ਸਾਡੇ ਜਿਹੜੇ ਸੱਜਣ ਇਸ ਸਮਾਜਿਕ ਅਹੁਰ ਦਾ ਹੱਲ ਲੱਭਣ ਲਈ ਚਾਰਾਜੋਈ ਕਰ ਰਹੇ ਹਨ ਉਹਨਾਂ ਨੂੰ ਕੁੱਝ
ਸਾਵਧਾਨੀ ਤੋਂ ਕੰਮ ਲੈਣਾਂ ਪਵੇਗਾ । ਕਿਧਰੇ ਐਸਾ ਨਾ ਹੋਵੇ ਕਿ ਇਹ ਕਾਰਜ ਧਾਰਮਿਕ ਫਤਵਿਆਂ ਦੀ ਓਟ
ਵਿੱਚ ਸਾਡੇ ਪਹਿਲਾਂ ਹੀ ਦੁਖੀ ਸਮਾਜ ਦੇ ਦੁੱਖਾਂ ਵਿਚ ਹੋਰ ਵਾਧੇ ਕਰ ਦੇਵੇ । ਜਦੋਂ ਵੀ ਅਜੇਹੇ
ਮੁੱਦੇ ਮਜ਼ਹਬੀ ਕੱਟੜਤਾ ਦੀ ਟੇਟੇ ਚ੍ਹੜੇ ਹਨ ਤਾਂ ਉਹਨਾਂ ਨੇ ਸਮਾਜ ਨੂੰ ਪਿਛਲਖੁਰੀ ਧੱਕਣ ਲਈ
ਭਿਅੰਕਰ ਕਿਸਮ ਦੀਆਂ ਮੁਸ਼ਕਿਲਾਂ ਖ੍ਹੜੀਆਂ ਕੀਤੀਆਂ ਹਨ ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਾਣ,ਪੀਣ,ਪਹਿਨਣ ਪਚਰਨ ਅਤੇ ਜੀਵਨ ਵਿਚ ਵਿਚਰਨ ਸਬੰਧੀ ਵਿਚਾਰ ਬੜੇ
ਹੀ ਸਪੱਸ਼ਟ ਹਨ । ਗੁਰੂ ਜੀ ਮੁਤਾਬਿਕ 'ਸਾਡਾ ਜੋ ਵੀ ਕਰਮ ਸ਼ਰੀਰ ਨੂੰ ਰੋਗੀ ਅਤੇ ਮਨ ਨੂੰ ਵਿਕਾਰੀ
ਬਣਾਊਂਦਾ ਹੈ ਉਹ ਸਾਡੇ ਜੀਵਨ ਖੁਆਰੀ ਦਾ ਕਾਰਨ ਬਣਦਾ ਹੈ ।' ਲੋੜੋਂ ਵਧ ਖਾਧਾ ਸ਼ਾਕਾਹਾਰੀ ਭੋਜਨ ਵੀ
ਜ਼ਹਿਰ ਦਾ ਕੰਮ ਕਰਦਾ ਹੈ । ਹੰਕਾਰੀ ਮਨ ਭਾਵੇਂ ਕਿਸੇ ਅਖੌਤੀ ਅਮ੍ਰਿਤਧਾਰੀ ਦਾ ਵੀ ਕਿਓਂ ਨਾ ਹੋਵੇ
ਉਹ ਸਾਡੇ ਗੁਰੂ ਘਰਾਂ ਵਿਚ ਐਸੀਆਂ ਕੋਝੀਆਂ ਹਰਕਤਾਂ ਅਤੇ ਲੜਾਈ ਝਗੜੇ ਕਰੇਗਾ ਜੋ ਕਿ ਬੁਰੇ ਤੋਂ ਬੁਰਾ
ਸ਼ਰਾਬੀ ਸੁਪਨੇ ਵਿਚ ਸੋਚ ਵੀ ਨਹੀਂ ਸਕਦਾ । ਸੱਚ ਤਾਂ ਇਹ ਹੈ ਕਿ ਸਾਡੇ ਗੁਰ ਅਸਥਾਨ ਅੱਜ ਦੁਨੀਆਂ
ਸਾਹਮਣੇ ਇਹਨਾਂ ਅਖੌਤੀ ਅੰਮ੍ਰਿਤਧਾਰੀਆਂ ਦੀਆਂ ਕਰਤੂਤਾਂ ਕਾਰਨ ਹੀ ਮਜ਼ਾਕ ਦਾ ਕਾਰਨ ਬਣੇ ਹੋਏ ਹਨ
ਸ਼ਰਾਬ ਜਾਂ ਮੀਟ ਦਾ ਸੇਵਨ ਕਰਨ ਵਾਲਿਆਂ ਕਰਕੇ ਨਹੀਂ । ਅਖੀਰ'ਤੇ ਅਸੀਂ ਆਪਣੇ ਕੁਝ ਵਧੇਰੇ ਹੀ ਪਾਕ
ਪਵਿੱਤਰ ਧਰਮੀਆਂ ਨੂੰ ਬੇਨਤੀ ਕਰਾਂਗੇ ਕਿ ਵਿਆਹਾਂ ਸ਼ਾਦੀਆਂ'ਤੇ ਨੱਚਣ ਟੱਪਣ ਵਾਲੇ ਮੁੰਡੇ ਕੁੜੀਆਂ
ਨੂੰ ਕੰਜਰ ਅਤੇ ਕੰਜਰੀਆਂ ਵਰਗੇ ਭੱਦੇ ਅਤੇ ਗੰਦੇ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਨ ਤੋਂ ਗੁਰੇਜ਼ ਕਰਨ ।
ਸਾਡੇ ਪੁਰਸ਼ ਅਤੇ ਬੀਬੀਆਂ ਭੈਣਾਂ ਅਜ਼ਲਾਂ ਤੋਂ ਵਿਆਹ ਸ਼ਾਦੀ ਅਤੇ ਖੁਸ਼ੀਆਂ ਦੇ ਮੌਕਿਆਂ'ਤੇ ਨੱਚਦੇ
ਟੱਪਦੇ ਅਤੇ ਭੰਗੜੇ ਪਾਉਂਦੇ ਆਏ ਹਨ ਤੁਹਾਡੀ ਸੋਚ ਮੁਤਾਬਿਕ ਤਾਂ ਉਹ ਸਾਰੇ..............।
ਪਾਠਕ ਦੋਸਤੋ, ਧੰਨ ਹੈ ਉਹ ਵਿਅਕਤੀ ਜਿਸ ਨੂੰ ਜੀਵਨ ਦਾ ਸੱਚਾ ਨਾਚ,ਸੱਚਾ ਨਾਦ ਅਤੇ ਸੱਚੀ ਖੁਮਾਰੀ
ਪ੍ਰਾਪਤ ਹੋ ਜਾਵੇ । ਵਾਹਿਗੁਰੂ ਮਿਹਰ ਕਰੇ ਕਿ ਆਪਾਂ ਸਾਰੇ ਹੀ ਸੱਚੇ ਅਰਥਾਂ ਵਿਚ ਇਸ ਸੱਚੇ ਮਾਰਗ
ਦੇ ਪਾਂਧੀ ਬਣ ਸਕੀਏ ।
'ਜ਼ਿੰਦਗੀ ਤੇਰੇ ਲਈ ਮੈਂ ਸੀਸ ਭੇਟ ਕਰ ਰਿਹਾਂ,
ਪਾੜਦੇ ਮੇਰਾ ਬਦਾਵਾ ਆਤਮਾਂ ਨੂੰ ਠਾਰ ਦੇ।'
ਅਗਿਆਤ.