ਕੁਦਰਤ ਦੇ ਸਤਿਕਾਰ, ਸਹਿਜ ਤੇ ਸੰਜਮ ਦਾ ਪ੍ਰਤੀਕ ਹੈ ਨਾਮਧਾਰੀਆਂ ਦਾ ਸਵੈਦੇਸ਼ੀ ਸੰਕਲਪ
ਡਾ. ਨਿਰਮਲ ਸਿੰਘ
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਮਤਿ ਵਿਚਾਰਧਾਰਾ
ਨੂੰ ਕੁਲ ਜਗਤ ਦੇ ਦਰਸ਼ਨ ਅਤੇ ਫਲਸਫੇ ਦਾ ਸਿਖਰ ਏਸ ਕਰਕੇ ਮੰਨਿਆ ਜਾਂਦਾ ਹੈ ਕਿ ਉਹਨਾਂ 'ਓ' ਅਰਥਾਤ
ਖੁੱਲ੍ਹੇ ਮੂੰਹ ਵਾਲੇ ਊੜੇ ਦੇ ਨਾਲ ਪਹਿਲੋਂ '1' ਏਕਾ ਅੰਕ ਪਾ ਕੇ ਸਾਰੇ ਦ੍ਰਿਸ਼ਟੀ ਗੋਚਰ ਅਤੇ
ਅਦਿੱਖ ਸ੍ਰਿਸ਼ਟੀ ਦੇ ਤਾਣੇ ਬਾਣੇ ਨੂੰ ਏਕਤਾ ਵਿਚ ਬਨ੍ਹਿਆ ਹੋਣ ਦੀ ਸਾਨੂੰ ਸੋਝੀ ਕਰਵਾਈ। ਸਮੁੱਚੇ
ਸੰਸਾਰ ਦੇ ਪਦਾਰਥਕ ਤੇ ਅਧਿਆਤਮਕ ਫਲਸਫਿਆਂ ਨੂੰ ਵਾਚਣ ਤੋਂ ਬਾਅਦ ਇਹ ਹਕੀਕਤ ਹੋਰ ਵੀ ਸਪੱਸ਼ਟ ਹੋ
ਜਾਂਦੀ ਹੈ ਕਿ ਮਾਨਵੀ ਇਤਿਹਾਸ ਵਿਚ ਅਜਿਹੀ ਸੋਚ ਦਾ ਫੁਰਨਾ ਉਹਨਾਂ ਤੋਂ ਪਹਿਲੋਂ ਕਿਸੇ ਨੂੰ ਕਦੀ ਵੀ
ਨਹੀਂ ਸੀ ਫੁਰਿਆ। ਖੰਡਾ, ਬ੍ਰਹਿਮੰਡਾਂ, ਆਕਾਸ਼ਾਂ, ਪਤਾਲਾਂ ਦੇ ਗ੍ਰੈਹਾਂ, ਉਪ-ਗ੍ਰੈਹਾਂ ਨੂੰ ਛੱਡ
ਜੇ ਅਸੀਂ ਆਪਣੀ ਪ੍ਰਿਥਵੀ ਤੀਕ ਹੀ ਸੀਮਤ ਰਹੀਏ ਤਾਂ ਏਸ ਏਕੇ ਜਾਂ ਸਰਬਤ ਦੀ ਗੱਲ ਜਦੋਂ ਗੁਰਬਾਣੀ
ਕੁਦਰਤ ਤੇ ਕਾਦਰ ਦੇ ਰੂਪ ਵਿਚ ਕਰਦੀ ਹੈ ਤਾਂ ਸਧਾਰਨ ਬੁੱਧੀ ਵਾਲੇ ਨੂੰ ਵੀ ਗਿਆਨ ਦਾ ਪ੍ਰਕਾਸ਼
ਚਕਾਚੌਂਧ ਕਰ ਦਿੰਦਾ ਹੈ। ਗੁਰਮਤਿ ਅਨੁਸਾਰ ਕਾਦਰ ਕੁਦਰਤ ਵਿਚ ਵੱਸਦਾ ਹੈ। ਸਮੁੱਚੇ ਸਜੀਵ ਤੇ
ਨਿਰਜੀਵ ਜਗਤ ਦੀ ਮਾਂ ਧਰਤੀ ਹੈ। ਧਰਤੀ ਉੱਤੇ ਜੀਵਨ ਪਾਣੀ ਰੂਪੀ ਪਿਉ ਦੇ ਕਾਰਨ ਹੀ ਧੜਕਣਾ ਸ਼ੁਰੂ
ਹੋਇਆ ਅਤੇ ਏਸ ਸਭ ਪਸਾਰੇ ਦੀ ਸੋਝੀ ਜਾਂ ਗਿਆਨ ਪਵਨ ਰੂਪੀ ਗੁਰੂ ਦੁਆਰਾ ਉਚਾਰੇ ਗਏ ਸ਼ਬਦ ਰਾਹੀਂ ਹੀ
ਸੰਭਵ ਹੈ। ਦਿਵਸ ਜਾਂ ਦਿਨ ਅਤੇ ਰਾਤ ਇਹਦੇ ਪਾਲਣਹਾਰੇ ਜਾਂ ਖਿਡਾਵੇ ਹਨ।
ਕੁਦਰਤ ਵਿਚ ਅਨੇਕਤਾ ਹੋਣ ਕਾਰਨ ਜੀਵਨ ਵਿਚ ਵੰਨਸੁਵੰਨਤਾ ਹੈ। ਭਾਵੇਂ ਜੀਵ ਜੰਤੂ ਹੋਣ ਭਾਵੇਂ ਬਨਸਪਤੀ
ਉਹ ਕੁਦਰਤ ਦੇ ਭੂਗੋਲਿਕ ਹਾਲਤਾਂ ਕਾਰਨ ਆਪਣੇ ਰਹਿਣ, ਸਹਿਣ, ਖਾਣ-ਪੀਣ ਤੇ ਪਹਿਨਣ ਪਰਚਣ ਵਿਚ ਭਿੰਨਤਾ
ਰੱਖਦੇ ਹਨ। ਇਹੋ ਭਿੰਨਤਾ ਤੇ ਵਖਰੇਵਾਂ ਵਿਕਾਸ ਜਾਂ ਅੱਗੇ ਵਧਣ ਦੇ ਕਾਰਨ ਹੈ। ਏਸੇ ਅੱਡਰੇਪਣ 'ਚੋਂ
ਦੀਪਾਂ, ਮਹਾਂਦੀਪਾਂ ਵਿਚ ਪਸ਼ੂ ਪੰਛੀਆਂ, ਮਨੁੱਖਾਂ ਤੇ ਬਨਸਪਤੀ ਦੇ ਰੰਗ ਰੂਪਾਂ, ਨਸਲਾਂ, ਕਿਸਮਾਂ
ਦਾ ਵਖਰੇਵਾਂ ਕੁਦਰਤ ਦੀ ਬਖਸ਼ਿਸ਼ ਦੇ ਰੂਪ ਵਿਚ ਸਾਨੂੰ ਵਿਖਾਈ ਦਿੰਦਾ ਹੈ। ਏਸੇ ਆਧਾਰ 'ਤੇ ਵੱਖੋ
ਵੱਖਰੀਆਂ ਸੱਭਿਆਤਾਵਾਂ, ਕੌਮਾਂ, ਦੇਸ਼, ਸੂਬੇ, ਬੋਲੀਆਂ, ਖਾਣ ਪੀਣ ਦੀਆਂ ਵਸਤਾਂ, ਪੋਸ਼ਾਕ ਲਿਬਾਸ,
ਆਦਤਾਂ, ਸੁਭਾਅ, ਨੱਚਣ ਗਾਉਣ, ਕੰਮ ਧੰਦੇ ਵਿਕਸਿਤ ਹੋਏ। ਹਰ ਦੇਸ਼ ਜਾਂ ਖਿੱਤੇ ਦੀ ਆਪਣੀ ਇਕ ਨਿਵੇਕਲੀ
ਖਾਸ ਪਛਾਣ ਬਣੀ। ਇਹੋ ਪਛਾਣ ਉਥੋਂ ਦੇ ਵਸਨੀਕਾਂ ਦਾ ਮਾਣ-ਸਵੈਮਾਣ ਤੇ ਅਣਖ ਇੱਜ਼ਤ, ਰਸਮਾਂ, ਰਿਵਾਜਾਂ,
ਦੇ ਰੂਪ ਵਿਚ ਸਾਹਿਤ ਤੇ ਸੱਭਿਆਚਾਰ ਦੇ ਤੌਰ 'ਤੇ ਅੱਗੇ ਵਧੇ। ਜਦੋਂ ਵੀ ਓਪਰਾ, ਬਾਹਰਲਾ ਕੋਈ ਏਸ
ਆਜ਼ਾਦ-ਸੁਤੰਤਰ ਤਾਣੇ-ਬਾਣੇ ਨੂੰ ਤੋੜਨ ਮਰੋੜਨ, ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਫੇਰ ਸਿੱਟੇ ਖਤਰਨਾਕ
ਨਿਕਲਦੇ ਨੇ। ਆਪਣਾ ਦੇਸ਼, ਆਪਣਾ ਰਹਿਣ ਸਹਿਣ ਤੇ ਆਪਣੀ ਬੋਲੀ ਸਭਿਆਚਾਰ ਰਲ ਕੇ ਸਵੈ ਦੇਸ਼ੀ ਅਖਵਾਉਂਦੇ
ਨੇ। ਏਹਨਾਂ ਨੂੰ ਪਿਆਰ ਕਰਨਾ, ਅੱਗੇ ਵਧਾਉਣਾ, ਬਾਹਰਲਿਆਂ ਹਮਲਾਵਰਾਂ ਤੋਂ ਬਚਾਉਣਾ ਅਸਲ ਵਿਚ ਕਾਦਰ
ਦੀ ਕੁਦਰਤ ਦੀ ਵੰਨ ਸੁਵੰਨਤਾ ਨੂੰ ਬਚਾਉਣਾ ਹੈ। ਇਹ ਰੱਬ ਦਾ ਰਾਹ ਹੈ ਤੇ ਇਹਨੂੰ ਤਹਿਸ ਨਹਿਸ ਕਰਨਾ
ਸ਼ੈਤਾਨੀ ਕਾਰਾ। ਸਵੈਦੇਸ਼ੀ ਦਾ ਸੰਕਲਪ ਨਿਰਾਪੁਰਾ ਇਕੱਲਾ ਇਕਹਿਰਾ ਆਦਰਸ਼ਵਾਦ ਨਹੀਂ ਇਹ ਵਿਗਿਆਨਕ ਅਤੇ
ਦਾਰਸ਼ਨਿਕ ਹਕੀਕਤ ਹੈ। ਸਿਹਤ ਭਰਪੂਰ ਜੀਵਨ ਜਾਚ ਦਾ ਯਥਾਰਥਵਾਦੀ ਅਗਾਂਹਵਧੂ ਰਾਹ ਹੈ। ਇਹਦੇ ਵਿਚ ਸਬਰ,
ਸੰਤੋਖ, ਸੰਜਮ, ਸਰਲਤਾ, ਸਾਦਗੀ, ਸਪੱਸ਼ਟਤਾ ਅਤੇ ਸਭ ਤੋਂ ਵੱਧ ਸਹਿਜ ਸਮਾਇਆ ਹੁੰਦਾ ਹੈ। ਇਸ ਰਸਤੇ
'ਤੇ ਚੱਲਣ ਵਾਲੇ ਕਦੀ ਵੀ ਉਲਾਰ ਜਾਂ ਡਾਵਾਂਡੋਲ ਨਹੀਂ ਹੋ ਸਕਦੇ। ਉਹ ਹਮੇਸ਼ਾਂ ਹੀ ਅੱਗੇ ਵਧੂ ਸੋਚ
ਤੇ ਚੜ੍ਹਦੀਆਂ ਕਲਾਂ ਵਿਚ ਰਹਿੰਦੇ ਹਨ। ਕੁਦਰਤ ਦੀਆਂ ਰਹਿਮਤਾਂ, ਬਖਸ਼ਿਸ਼ਾਂ ਨੂੰ ਸੰਜਮ ਨਾਲ ਵਰਤਦੇ
ਹੋਏ ਉਹ ਆਪਣੇ ਧੁਰ ਅੰਦਰ ਕਾਇਨਾਤ ਨੂੰ ਸਿਰਜਣ ਤੇ ਚਲਾਉਣ ਵਾਲੇ ਵਲ ਸਤਿਕਾਰ ਤੇ ਸ਼ੁਕਰਾਨੇ ਦੀ ਭਾਵਨਾ
ਰੱਖਦੇ ਹਨ। ਉਹ ਸਵਾਸ ਸਵਾਸ ਸਰਬਤ ਦਾ ਭਲਾ ਮੰਗਦੇ ਹੋਏ ਨਿੱਜਵਾਦ ਦੀ ਜਿੱਲ੍ਹਣ 'ਚੋਂ ਨਿਕਲ ਜੀਵਦਿਆਂ
ਹੀ ਮੁਕਤ ਹੋ ਜਾਂਦੇ ਹਨ। ਉਹ ਗਿਆਨ ਵਿਗਿਆਨ ਤੇ ਦਾਰਸ਼ਨਿਕ ਸਿਧਾਂਤਾਂ ਫਲਸਫਿਆਂ ਦੇ ਸਿਰਫ
ਵਿਆਖਿਆਕਾਰ ਜਾਂ ਸਿਧਾਂਤਕਾਰ ਹੀ ਨਹੀਂ ਹੁੰਦੇ ਉਹਨਾਂ ਸਿਧਾਂਤਾਂ ਉੱਤੇ ਅਧਾਰਤ ਅਮਲੀ ਜੀਵਨ ਜੀਉਂਦੇ
ਹਨ। ਉਹ ਭੋਗਵਾਦੀ, ਖਪਤਕਾਰੀ ਤੇ ਸੰਸਾਰੀਕਰਣ ਰਾਹੀਂ ਹੋਈ ਜਾਂ ਹੋ ਰਹੀ ਵਿਨਾਸ਼ਕਾਰੀ ਤੇ ਤਬਾਹੀ ਤੋਂ
ਬੱਚਦੇ ਹੋਏ ਨੇਕੀ ਤੇ ਭਲੇ ਵਾਲੇ ਵਿਕਾਸਵਾਦੀ ਰਾਹ ਦੇ ਪਾਂਧੀ ਬਣਦੇ ਹਨ। ਸਮੁੱਚੇ ਵਾਤਾਵਰਣ ਨੂੰ
ਬਚਾਉਣ ਤੇ ਕੁਦਰਤ ਨਾਲ ਇਕ ਸੁਰ ਹੋ ਕੇ ਜੀਣ ਦਾ ਆਤਮਿਕ ਅਨੰਦ ਉਹਨਾਂ ਦੀ ਸੱਚੀ ਸੁੱਚੀ ਪ੍ਰਾਪਤੀ
ਹੁੰਦੀ ਹੈ। ਅੱਜ ਦੇ 'ਅੰਧੇਰੇ ਰਾਹ ਨਾ ਕੋਈ'॥ ਵਾਲੇ ਘੋਰ ਕਲਯੁਗੀ ਦੌਰ ਵਿਚ ਜੇ ਕਿਸੇ ਕੋਲ ਕੋਈ
ਚਾਨਣ ਦੀਆਂ ਕਿਰਨਾ ਵਾਲਾ ਬਹੁਕਰ ਹੈ ਤਾਂ ਉਹ ਸਵੈਦੇਸ਼ੀ ਦੀ ਸੋਚ ਵਾਲਿਆਂ ਕੋਲ ਹੀ ਹੈ। ਏਸ ਸਾਰੀ
ਵਿਆਖਿਆ ਉੱਤੇ ਖਰੇ ਉੱਤਰਨ ਵਾਲੇ ਸਾਡੀ ਆਪਣੀ ਧਰਤੀ ਦੇ ਜਾਏ ਨਾਮਧਾਰੀਏ ਜਾਂ ਕੂਕੇ ਹਨ ਜਿਹਨਾਂ,
ਜਗਤ ਜਲੰਦੇ ਨੂੰ ਬਚਾਉਣ ਲਈ ਕੂਕ ਕੂਕ ਕੇ ਉੱਚੀ ਸੁਰ ਵਿਚ ਪਿਛਲੇ ਡੇਡ ਸੌ ਸਾਲ ਤੋਂ ਲੋਕਾਈ ਨੂੰ
ਜਗਾਉਣ ਲਈ ਨਿਰੰਤਰ ਹੋਕੇ ਦੇਣੇ ਸ਼ੁਰੂ ਕੀਤੇ ਹੋਏ ਹਨ।
ਇਤਿਹਾਸ ਦੇ ਲੰਘ ਚੁੱਕੇ ਦੌਰਾਂ ਜਾਂ ਅੱਜ ਦੀ ਦੁਨੀਆਂ ਉੱਤੇ ਜੇ ਘੋਖਵੀਂ ਨਜ਼ਰ ਮਾਰੀਏ ਜਾਂ ਗਹੁ ਨਾਲ
ਤੱਕੀਏ ਤਾਂ ਸਾਫ ਦਿਖਾਈ ਦਿੰਦਾ ਹੈ ਕਿ ਜੰਗਾਂ, ਜੁੱਧਾਂ, ਲੁੱਟਾਂ, ਖੋਹਾਂ, ਧਾੜਿਆਂ, ਹਮਲਿਆਂ,
ਜੁੱਗ ਗਰਦੀਆਂ ਤੇ ਰਾਜ ਪਲਟਿਆਂ ਦਾ ਮੁੱਖ ਕਾਰਨ ਦੂਜਿਆਂ ਦੀ ਪਛਾਣ, ਹੋਂਦ ਹਸਤੀ ਮਿਟਾ ਕੇ ਆਪਣੀ
ਪਛਾਣ ਜਬਰਦਸਤੀ ਉਨ੍ਹਾਂ ਉੱਤੇ ਠੋਸਣੀ। ਦੂਜਿਆਂ ਦਾ ਸਭਿਆਚਾਰ, ਧਰਮ, ਅਕੀਦੇ, ਬੋਲੀ, ਅਰਥਚਾਰਾ
ਤਹਿਸ ਨਹਿਸ ਕਰਕੇ ਆਪਣੀ ਮਰਜ਼ੀ ਵਾਲਾ, ਆਪਣੇ ਲਈ ਫਾਇਦੇਮੰਦ, ਲਾਭਕਾਰੀ ਨਿਜਾਮ ਧੱਕੇ ਨਾਲ ਲਾਗੂ ਕਰਨਾ।
ਉਹਨਾਂ ਦੇ ਸਾਰੇ ਸੋਮੇ ਤੇ ਸਾਧਨ ਆਪਣੇ ਕਬਜ਼ੇ ਵਿਚ ਕਰਕੇ ਉਨ੍ਹਾਂ ਦੀ ਨਿਰੀ ਲੁੱਟ ਖਸੁੱਟ ਹੀ ਨਹੀਂ
ਕਰਨੀ ਸਗੋਂ ਸਥਾਨਕ ਲੋਕਾਈ ਦੇ ਸਮੁੱਚੇ ਇਤਿਹਾਸ ਤੇ ਵਿਰਾਸਤ ਨੂੰ ਘਟੀਆ ਸਾਬਤ ਕਰਨ ਲਈ ਸੱਚੀਆਂ
ਝੂਠੀਆਂ ਖੋਜਾਂ, ਸਾਹਿਤਕਾਰੀ ਤੇ ਅਖਾਉਤੀ ਵਿਗਿਆਨ ਦਾ ਸਹਾਰਾ ਲੈਣਾ। ਸਥਾਨਕ ਵਸੋਂ ਨੂੰ ਲਾਈਲੱਗ,
ਪਿਛਲਗ ਬਣਾਉਣ ਲਈ ਉਹਨਾਂ ਦੀਆਂ ਕਦਰਾਂ ਕੀਮਤਾਂ, ਪਿਛੋਕੜ ਨਾਲੋਂ ਤੋੜ ਆਪਣੇ ਵੱਲੋਂ ਕਿਆਸੇ ਗੈਰ
ਕੁਦਰਤੀ, ਨਿੱਜਵਾਦੀ, ਭੋਗਵਾਦੀ, ਖਪਤਕਾਰੀ ਤੇ ਸਿਰਫ ਖਾਊ ਹੰਢਾਊ ਰਹਿਣ ਸਹਿਣ ਨਾਲ ਜੋੜਨਾ। ਕਹਿੰਦੇ
ਨੇ ਕਿ ਜਦੋਂ ਕੁਦਰਤ ਵਲੋਂ ਬਖਸ਼ੀਆਂ ਦਾਤਾਂ ਜਲ, ਜੰਗਲ ਤੇ ਜ਼ਮੀਨ ਕਿਸੇ ਧਾੜਵੀ ਦੇ ਕਬਜ਼ੇ ਵਿਚ ਆ ਜਾਣ
ਤਾਂ ਉੱਥੋਂ ਦੇ ਮੂਲ ਬਸ਼ਿੰਦੇ ਲੁੱਟੇ, ਖਸ਼ੁੱਟੇ ਜਾਂਦੇ ਹਨ। ਮਾਨਸਿਕ ਤੌਰ 'ਤੇ ਨਿਕੰਮੇ, ਜਿਸਮਾਨੀ
ਪੱਖੋਂ ਬਿਮਾਰ ਤੇ ਆਰਥਿਕ ਪੱਖੋਂ ਕੰਗਾਲ ਹੋ ਕੇ ਕਾਸੇ ਜੋਗੇ ਨਹੀਂ ਰਹਿੰਦੇ। ਅਫਰੀਕਾ, ਆਸਟ੍ਰੇਲੀਆ
ਤੇ ਅਮਰੀਕਾ ਏਸ ਤੱਥ ਦੀਆਂ ਪ੍ਰਤੱਖ ਮਿਸਾਲਾਂ ਹਨ। ਸਾਡੇ ਆਪਣੇ ਦੇਸ਼ ਵਿਚ ਪੂਰਬ ਉੱਤਰ, ਝਾਰਖੰਡ,
ਉੜੀਸਾ, ਛਤੀਸਗੜ੍ਹ, ਕਸ਼ਮੀਰ ਤੇ ਸਮੁੱਚੇ ਅਖਾਉਤੀ ਕਬਾਇਲੀ ਖੇਤਰ ਵਿਚ ਜੋ ਹੋ ਰਿਹਾ ਹੈ ਉਹਦੀ ਕਹਾਣੀ
ਵੀ ਏਹੋ ਹੀ ਹੈ। ਗੱਲ ਨੇੜੇ ਰੱਖਦਿਆਂ ਅਸਾਂ ਪੰਜਾਬ ਦੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਨੂੰ ਸਾਹਮਣੇ
ਰੱਖਦਿਆਂ ਨਾਮਧਾਰੀ ਪੰਥ ਜਾਂ ਸੰਤ ਖਾਲਸਾ ਦੀ ਸਵੈਦੇਸ਼ੀ ਵਾਲੀ ਜਦੋ-ਜਹਿਦ ਨੂੰ ਧਿਆਨ ਗੋਚਰੇ ਰੱਖਣਾ
ਹੈ।
ਏਸ ਜਦੋ ਜਹਿਦ ਦੀਆਂ ਜੜਾਂ ਅਠਾਰਵੀਂ ਸਦੀ ਦੇ ਸੰਘਰਸ਼ਪੂਰਨ ਸਿਖ ਇਤਿਹਾਸ ਵਿਚ ਹਨ। ਨਾਮਧਾਰੀ ਲਹਿਰ
ਦਾ ਮੂਲ ਸੋਮਾਂ ਗੁਰਮਤਿ ਵਿਚਾਰਧਾਰਾ ਹੋਣ ਕਾਰਨ ਸਵੈਦੇਸ਼ੀ ਦੇ ਮਹੱਤਵਪੂਰਨ ਅੰਸ਼ ਸਹਿਜ ਤੇ ਸੰਜਮ ਇਹਦੇ
ਵਿਚ ਅੰਤਰੀਵੀ ਤੌਰ 'ਤੇ ਵਿਦਮਾਨ ਹਨ। ਮਿਸਲਾਂ ਦੇ ਦੌਰ ਤੋਂ ਪਿੱਛੋਂ ਤੇ ਖਾਲਸਾ ਰਾਜ ਵੇਲੇ ਸਿੱਖ
ਮਾਨਸਿਕਤਾ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੇ ਰਸਤਿਓਂ ਭਟਕ ਕੇ ਰਾਜ ਕਰਨ, ਮਾਇਆਧਾਰੀ ਬਣਨ ਤੇ
ਭੇਖ ਧਾਰਨ ਵਲ ਉਲਾਰ ਹੋ ਗਈ। ਆਪਸੀ ਫੁੱਟ ਘਰੇਲੂ ਖਾਨਾਜੰਗੀ ਕਾਰਨ ਮੁਗਲੀਆ ਸਲਤਨਤ ਦੀਆਂ ਜੜ੍ਹਾਂ
ਪੁੱਟਣ ਵਾਲੇ ਸਿੰਘ ਸਿਆਸੀ ਤੌਰ 'ਤੇ ਹੀ ਮਾਤ ਨਹੀਂ ਖਾ ਗਏ ਸਨ ਧਾਰਮਿਕ ਪੱਖੋਂ ਵੀ ਹੀਣ ਭਾਵਨਾ ਦੇ
ਸ਼ਿਕਾਰ ਹੋ ਗਏ ਸੀ। ਓਸ ਵੇਲੇ ਸਿੱਖਾਂ ਦੀਆਂ ਪੁਨਰ ਜਾਗਰਤੀ ਵਾਲੀਆਂ ਸਾਰੀਆਂ ਲਹਿਰਾਂ ਆਪਣੇ ਦੇਸੀ
ਪਿਛੋਕੜ ਨਾਲੋਂ ਟੁੱਟ ਕੇ ਫਿਰੰਗੀਆਂ ਦੀ ਹਰ ਖੇਤਰ ਵਿਚ ਨਕਲ ਕਰਨ ਨੂੰ ਹੀ ਮਾਅਰਕੇ ਮਾਰਨਾ ਸਮਝਣ
ਲੱਗੀਆਂ। ਰਾਜ ਪ੍ਰਬੰਧ ਤਾਂ ਗੋਰਿਆਂ ਦੇ ਹੱਥ ਆ ਹੀ ਚੁੱਕਾ ਸੀ ਸਾਡੇ ਧਰਮ ਪ੍ਰਚਾਰਕ ਵੀ ਆਪਣੇ
ਵਡੇਰਿਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਵਰ ਬੋਲੀ ਵਾਲਿਆਂ ਦੇ ਧਰਮ ਅਕੀਦਿਆਂ ਦੇ ਤੌਰ
ਤਰੀਕਿਆਂ ਦੀ ਰੀਸ ਨੂੰ ਧਰਮ ਪ੍ਰਚਾਰ ਸਮਝਣ ਦੇ ਭੁਲੇਖੇ ਦੇ ਸ਼ਿਕਾਰ ਹੋ ਗਏ। ਸਾਡੀ ਵਿਦਿਅਕ ਪ੍ਰਣਾਲੀ,
ਸਿਹਤ ਸੇਵਾਵਾਂ, ਖੇਤੀਬਾੜੀ, ਵਣਜ ਵਪਾਰ ਸਭ ਕੁਝ ਹੀ ਮੁੱਢ ਨਾਲੋਂ ਟੁੱਟ ਪਰਾਇਆਂ ਦੀ ਨਕਲ ਨੂੰ ਅੱਗੇ
ਵਧਣਾ, ਸਮਾਜ ਸੁਧਾਰ ਤੇ ਸੇਵਾ ਭਾਵਨਾ ਸਮਝਣ ਦੀ ਕੁਤਾਹੀ ਦਾ ਸ਼ਿਕਾਰ ਹੋ ਗਿਆ। ਏਸ ਗ੍ਰਹਿਣੀ ਹੋਈ
ਸੋਚ ਦੇ ਸਿੱਟੇ ਅਸੀਂ ਅੱਜ ਤਾਈਂ ਭੁਗਤ ਰਹੇ ਹਾਂ। ਸਾਡੇ ਹੁਕਮਰਾਨਾਂ ਦੀ ਨਲਾਇਕੀ, ਧਾਰਮਿਕ ਆਗੂਆਂ
ਦੀ ਹੀਣਭਾਵਨਾ ਤੇ ਸਮਾਜਕ ਸੰਸਥਾਵਾਂ ਦੀ ਦਿਸ਼ਾਹੀਣਤਾ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਿਥਲ ਕਰ
ਸੁੱਟਿਆ। ਅਸੀਂ ਪੋਰਸ ਦੁੱਲੇ ਦੀਆਂ ਕਹਾਣੀਆਂ ਭੁੱਲ ਸੂਰਜ ਪੱਛਮ ਵਲੋਂ ਚੜ੍ਹਦਾ ਸਮਝਣ ਲੱਗੇ। ਸਦੀਆਂ
ਪੁਰਾਣੀਆਂ ਘੋਖੀਆਂ ਪਰਖੀਆਂ ਦੇਸੀ ਰਵਾਇਤਾਂ ਨੂੰ ਭੁੱਲ ਫਿਰੰਗੀਆਂ ਨੂੰ ਅਰਸ਼ੋਂ ਉੱਤਰੇ ਮੁਕਤੀ ਦਾਤੇ
ਸਮਝ ਉਹਨਾਂ ਦੇ ਬਾਦਸ਼ਾਹਾਂ ਦੀਆਂ ਉਮਰ ਦਰਾਜੀਆਂ ਲਈ ਧਾਰਮਿਕ ਅਸਥਾਨਾਂ ਤੋਂ ਅਰਦਾਸਾਂ ਬੇਨਤੀਆਂ
ਦੁਆਵਾਂ ਕਰਨ ਲੱਗੇ। ਇਸ ਘੋਰ ਅੰਧਕਾਰ ਦੇ ਦੌਰ ਵਿਚ ਸੰਤ ਖਾਲਸੇ ਦੇ ਮਹਾਨ ਰਹਿਬਰਾਂ ਨੇ ਪੰਜਾਬ ਦੀਆਂ
ਅਣਖਾਂ ਇੱਜਤਾਂ ਬਚਾਉਣ ਵਾਲੀਆਂ ਨਾਬਰੀ ਵਾਲੀਆਂ ਜਦੋ ਜਹਿਦਾਂ ਰਾਹੀਂ ਸਵੈਦੇਸ਼ੀ ਦਾ ਪਰਚਮ ਬੁਲੰਦ ਕਰ
ਕੇ ਰਾਜਿਆਂ ਨੂੰ ਸੀਂਹ ਤੇ ਮੁਕੱਦਮਾਂ ਨੂੰ ਕੁੱਤੇ ਸਾਬਤ ਕੀਤਾ।
ਏਹਨਾਂ ਵੇਲਿਆਂ ਵਿਚ ਸੰਤ ਖਾਲਸਾ ਹੀ ਇਕੋ-ਇੱਕ ਅਜਿਹੀ ਜਥੇਬੰਦੀ ਸੀ ਜੀਹਨੇ ਖਾਲਸ ਸਵੈਦੇਸ਼ੀ ਸੋਚ
ਉੱਤੇ ਪਹਿਰਾ ਦਿੱਤਾ। ਅਸਲੇ ਨਾਲ ਵਿਰਾਸਤ ਨਾਲ ਨਿਰੇ ਜੁੜੇ ਹੀ ਨਹੀਂ ਸਿਹਤਮੰਦ ਰਵਾਇਤਾਂ ਦੀ ਪੁਣ
ਛਾਣ ਕਰਕੇ ਗੁਰਮਤਿ ਦਾ ਲੜ ਕਦੀ ਵੀ ਨਹੀਂ ਛੱਡਿਆ। ਬਗੈਰ ਦਾਜ ਦਹੇਜ ਦੇ ਆਡੰਬਰਾਂ ਤੋਂ ਆਨੰਦ ਕਾਰਜ
ਰਾਹੀਂ ਵਿਆਹ ਬਹੁਤ ਹੀ ਸਾਦਗੀ ਨਾਲ ਕਰਨ ਦੀ ਪਹਿਲ ਕਦਮੀ ਕੀਤੀ। ਖਾਲਸ ਦੇਸੀ ਖਾਣ ਪੀਣ ਨੂੰ ਅਮਲੀ
ਰੂਪ ਵਿਚ ਲਾਗੂ ਕੀਤਾ। ਗੁਰਬਾਣੀ ਕੀਰਤਨ ਦੀਆਂ, ਪ੍ਰੰਪਰਾਈ ਰਵਾਇਤਾਂ ਰਾਹੀਂ ਰਾਗ ਸੰਗੀਤ ਨੂੰ ਅੱਗੇ
ਵਧਾਇਆ। ਦੇਸੀ ਖੇਡਾਂ, ਦੇਸੀ ਇਲਾਜ ਪ੍ਰਣਾਲੀਆਂ, ਕੁਦਰਤੀ ਖੇਤੀ, ਆਪਣੀ ਡਾਕ ਪ੍ਰਣਾਲੀ, ਆਪਣੇ
ਭਾਈਚਾਰਕ ਝਗੜਿਆਂ ਦੇ ਫੈਸਲੇ ਆਪ ਨਬੇੜਨ ਵਰਗੇ ਅਹਿਮ ਮਸਲੇ ਨਜਿੱਠਣ ਦੀਆਂ ਮੁਲਵਾਨ ਰੀਤਾਂ ਕਾਇਮ
ਕੀਤੀਆਂ। ਕੁੜੀ ਮਾਰਾਂ ਤੇ ਨਸ਼ੇ ਖੋਰਾਂ ਵਿਰੁਧ ਜਹਾਦ ਕੀਤਾ। ਹਕੂਮਤੀ ਜ਼ਬਰ ਨੂੰ ਜਬਤ 'ਚ ਰਹਿੰਦਿਆਂ
ਝੱਲ ਕੇ ਪੁਰਾਤਨ ਸ਼ਹੀਦੀ ਪ੍ਰੰਪਰਾਵਾਂ ਨੂੰ ਅੱਗੇ ਤੋਰਿਆ। ਨਾਮਧਾਰੀ ਪੰਥ ਦੀ ਰੋਜ਼ਾਨਾ ਜ਼ਿੰਦਗੀ 'ਤੇ
ਇਕ ਝਾਤ ਹੀ ਉਹਨਾਂ ਦੇ ਅਨੂਠੇਪਣ ਦੇ ਦਰਸ਼ਨ ਦੀਦਾਰੇ ਕਰਵਾ ਦਿੰਦੀ ਹੈ।
ਪਹਿਰ ਰਾਤ ਰਹਿੰਦਿਆਂ ਜਾਗਣਾ, ਜੰਗਲਪਾਣੀ ਵਾਸਤੇ ਪਿੰਡਾਂ ਬਸਤੀਆਂ ਤੋਂ ਦੂਰ ਖੇਤਾਂ ਵਿਚ ਆਪਣਾ ਪਾਣੀ
ਤੇ ਰੰਬਾ ਨਾਲ ਲੈ ਕੇ ਜਾਣਾ, ਮਲ ਮੂਤਰ ਨੂੰ ਟੋਆ ਪੁੱਟ ਕੇ ਮਿੱਟੀ ਵਿਚ ਦੱਬਣਾ, ਪਾਣੀ ਸੰਜਮ ਨਾਲ
ਵਰਤਣਾ, ਰੁੱਖਾਂ ਕੋਲੋਂ ਮੁੱਖ ਮਾਂਜਣ ਲਈ ਦਾਤਣ ਦੀ ਦਾਤ ਲੈਣੀ, ਤਾਜੇ ਪਾਣੀ ਨਾਲ ਸਣ ਕੇਸੀਂ ਇਸ਼ਨਾਨ
ਕਰਕੇ ਨਵੇਂ ਧੋਤੇ ਹੋਏ ਸਾਫ ਬਸਤਰ ਪਹਿਨਣੇ, ਨਾਸ਼ਤੇ ਲਈ ਪੁੱਠ ਚਾੜ੍ਹੀਆਂ ਮਸਨੂਈ ਬਣਾਉਟੀ ਵਾਸਤਾਂ
ਦੀ ਥਾਂ ਘਰ ਦੀ ਲਵੇਰੀ ਦਾ ਦੁੱਧ ਦਹੀਂ ਜਾਂ ਲੱਸੀ ਛਕਣਾ, ਦਿਨ ਭਰ ਕਿਰਤ ਕਰਨੀ, ਕਪੜੇ ਸਾਦੇ ਸਾਫ
ਤੇ ਵਾਹ ਲਗਦੀ ਖੇਤਾਂ 'ਚ ਉੱਗਦੀ ਕਪਾਹ ਦੇ ਬਣੇ ਪਹਿਨਣੇ, ਸ਼ਾਕਾਹਾਰੀ ਦੇਸੀ ਭੋਜਨ ਛਕਣਾ, ਵਿਖਾਵੇ
ਸ਼ੋਹਰਤ, ਹਉਮੈ ਹੰਕਾਰ ਤੋਂ ਬਚਦਿਆਂ ਸੰਸਾਰਕ ਰਸਮ ਰਿਵਾਜ਼ ਤੇ ਕਾਰ ਵਿਹਾਰ ਨਿਭਾਉਣੇ, ਨਸ਼ਿਆਂ
ਕੁਰੀਤੀਆਂ ਤੋਂ ਰਹਿਤ ਰਹਿਣਾ, ਆਪਣੀ ਬੋਲੀ, ਵਿਰਾਸਤ, ਸਭਿਆਚਾਰ 'ਤੇ ਮਾਣ ਕਰਨਾ, ਲਾਈ ਲੱਗਪੁਣੇ
ਲੋਭ ਲਾਲਚ ਤੇ ਉਕਸਾਊ ਭਰਮਾਊ ਜੀਵਨਸ਼ੈਲੀ ਤੋਂ ਬਚਦਿਆਂ ਆਪਣੇ ਹੋਸ਼ ਹਵਾਸ ਕਾਇਮ ਰੱਖਦਿਆਂ ਸਿਹਤਮੰਦ
ਤੇ ਸੰਤੁਲਤ ਜੀਵਨ ਜੀਣਾ, ਵਿੱਦਿਆ, ਖੇਡਾਂ, ਸੰਗੀਤ, ਕਾਰੀਗਰੀ, ਕਲਾ, ਸਾਹਿਤ ਤੇ ਗਿਆਨ ਵਿਚ
ਨਿਪੁੰਨ ਹੋਣਾ। ਭਾਣੇ ਵਿਚ ਰਹਿੰਦਿਆਂ ਗਮੀ ਸ਼ਾਦੀ ਨੂੰ ਹੁਕਮ ਅਨੁਸਾਰ ਮੰਨਣਾ। ਸਭ ਤੋਂ ਵੱਧ ਓਸ
ਅਕਾਲ ਪੁਰਖ ਦਾ ਸਵਾਸ ਸਵਾਸ ਨਾਮ ਜਪਦਿਆਂ ਉਹਨੂੰ ਅੰਗ ਸੰਗ ਸਮਝਦਿਆਂ ਗੁਰਬਾਣੀ ਦਾ ਪਾਠ ਅਤੇ ਕੀਰਤਨ
ਕਰਨਾ ਨਾਮਧਾਰੀ ਪੰਥ ਦੇ ਅਜਿਹੇ ਗੁਣ ਹਨ ਜਿਹੜੇ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਜ਼ਿੰਦਗੀ ਦੇ
ਹਰ ਖੇਤਰ ਵਿਚ ਸਥਾਨਕ ਜਾਂ ਸਵੈਦੇਸ਼ੀ ਵਸਤਾਂ ਦਾ ਉਪਯੋਗ ਸਾਨੂੰ ਰੂਹਾਨੀ ਅਤੇ ਜਿਸਮਾਨੀ ਪੱਧਰ ਤੇ
ਬੰਧਨਾਂ ਤੋਂ ਮੁਕਤ ਕਰਦਾ ਹੈ ਆਜ਼ਾਦੀ ਬਖਸ਼ਦਾ ਹੈ। ਅਸੀਂ ਅਖਾਉਤੀ ਵਿਗਿਆਨਕ ਕਾਢਾਂ ਦੇ ਮਗਰ ਲੱਗ
ਉਨ੍ਹਾਂ ਨੂੰ ਸਿਰ ਤੇ ਨਹੀਂ ਬਿਠਾਉਂਦੇ ਸਗੋਂ ਇਹਨਾਂ ਸੁੱਖ ਸੁਵਿਧਾਵਾਂ ਨੂੰ ਸੰਦਾਂ ਦੀ ਤਰ੍ਹਾਂ
ਵਰਤਦੇ ਹਾਂ। ਸ਼ੁਦਾਈ ਨਹੀਂ ਹੁੰਦੇ ਸਰਬਤ ਦੇ ਭਲੇ ਵਾਲੀ ਸੋਚ ਦੇ ਧਾਰਨੀ ਬਣਦੇ ਹਾਂ।
ਨਾਮਧਾਰੀ ਪੰਥ ਜਾਂ ਸੰਤ ਖਾਲਸਾ ਦੀ ਕੁਦਰਤ ਨਾਲ ਇਕਸੁਰ ਹੋ ਕੇ ਜੀਉਣ ਤੇ ਖਾਲਸ ਦੇਸੀ ਵਸਤਾਂ ਵਰਤਣ
ਦੀ ਪੰਜਾਬ ਜਾਂ ਭਾਰਤ ਨੂੰ ਹੀ ਨਹੀਂ ਪੂਰੇ ਸੰਸਾਰ ਨੂੰ ਦੇਣ ਹੈ ਸਵੈਦੇਸ਼ੀ ਦਾ ਸੰਕਲਪ। ਅੱਜ ਹਰ ਪਾਸੇ
ਵਾਤਾਵਰਣ ਦੇ ਵਿਗਾੜਾਂ ਕਾਰਨ ਹੋ ਰਹੇ ਵਿਨਾਸ਼ ਦਾ ਆਲਮੀ ਪੱਧਰ 'ਤੇ ਜ਼ਿਕਰ ਹੈ ਜਿਹੜਾ ਨਾਮਧਾਰੀਆਂ ਨੇ
ਹੁਣ ਤੋਂ ਡੇਢ ਸਦੀ ਪਹਿਲਾਂ ਹੀ ਭਾਂਪ ਲਿਆ ਸੀ। ਗਿਆਨਵਾਨ ਅਖਵਾਉਣ ਤੇ ਵਿਗਿਆਨਕ ਉੱਨਤੀ ਦੀਆਂ ਉੱਚੀ
ਸੁਰ ਵਿਚ ਟਾਹਰਾਂ ਮਾਰਨ ਵਾਲਿਆਂ ਨੇ ਹੀ ਆਪਣੀ ਸੌੜੀ ਸੋਚ ਤੇ ਬਾਜ਼ਾਰੂ ਮਾਨਸਿਕਤਾ ਕਾਰਨ ਕੁਦਰਤ ਦੇ
ਸਮੁੱਚੇ ਤਾਣੇ ਬਾਣੇ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਹੈ। ਏਸ ਤੋਂ ਉਲਟ ਸੰਤ ਖਾਲਸੇ ਨੇ ਸਹਿਜ ਵਾਲੇ
ਸਵੈਦੇਸ਼ੀ ਮਾਰਗ ਦੇ ਚੱਲਦਿਆਂ, ਸਿਰਜਣਹਾਰ ਦਾ ਸਤਿਕਾਰ ਕਰਦਿਆਂ ਉਹਦੀ ਸਿਰਜਣਾ ਨੂੰ ਬਚਾਉਣ ਲਈ
ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ। ਉਹਨਾਂ ਦੇ ਏਸ ਨਮੂਨੇ ਦੀ ਬਾਅਦ ਵਿਚ ਕਈ ਹੋਰ ਸਮਾਜਕ,
ਸਿਆਸੀ ਤੇ ਧਾਰਮਿਕ ਰਹਿਬਰਾਂ ਨੇ ਰੀਸ ਕਰਨ ਤੇ ਨਕਲ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਨਾਮਧਾਰੀ
ਮੱਤ ਦੀ ਭਵਿੱਖਮੁਖੀ ਸੋਚ ਦੀ ਪ੍ਰੇਰਨਾ ਦਾ ਸੋਮਾ ਗੁਰਮਤਿ ਤੇ ਗੁਰਬਾਣੀ ਹੈ। ਇਹਨਾਂ ਮਹਾਂਪੁਰਸ਼ਾਂ
ਨੇ ਗੁਰਮਤਿ ਦੀਆਂ ਸੋਚਾਂ ਤੇ ਧਾਰਨਾਵਾਂ ਨੂੰ ਅਮਲ ਵਿਚ ਲਿਆ ਕੇ ਇਸ ਵਿਚਾਰਧਾਰਾਂ ਨੂੰ ਭਵਿੱਖ ਵਿਚ
ਹੋਣ ਵਾਲੇ ਵਿਨਾਸ਼ ਤੋਂ ਬਚਣ ਦਾ ਸੁਰੱਖਿਅਤ ਰਸਤਾ ਮਾਨਵਤਾ ਨੂੰ ਸਪੱਸ਼ਟ ਦਰਸਾ ਦਿੱਤਾ ਹੈ। ਵਿਗਿਆਨ
ਉਹ ਹੁੰਦਾ ਹੈ ਜਿਹੜਾ ਵਿਚਾਰ-ਸਿਧਾਂਤ ਨੂੰ ਅਮਲ ਦੀ ਕਸਵੱਟੀ ਤੇ ਨਾਪ ਤੋਲ ਕੇ, ਤਜ਼ਰਬੇ ਰਾਹੀਂ ਉਹਦੀ
ਸਾਰਥਿਕਤਾ ਤੇ ਭਰੋਸੇਯੋਗਤਾ ਸਾਬਤ ਕਰਦਾ ਹੈ। ਸਵੈਦੇਸ਼ੀ ਦੇ ਨਾਮਧਾਰੀ ਸਿਧਾਂਤ ਨੇ ਕੁਦਰਤ ਦੀਆਂ ਦਾਤਾਂ
ਦੀ ਸੁਯੋਗ ਵਰਤੋਂ ਦੇ ਅਮਲ ਰਾਹੀਂ ਪੂਰੇ ਡੇਢ ਸੌ ਸਾਲ ਦੇ ਤਜ਼ਰਬਿਆਂ ਰਾਹੀਂ ਆਪਣੀ ਅਧਿਆਤਮਕ
ਵਿਚਾਰਧਾਰਾ ਨੂੰ ਸਹੀ ਤੇ ਸੱਚਾ ਸੁੱਚਾ ਵਿਗਿਆਨ ਸਾਬਤ ਕਰ ਕੇ ਆਉਣ ਵਾਲੀ ਮਹਾਂਪਰਲੋ ਜਾਂ ਕਿਆਮਤ
ਤੋਂ ਬਚਣ ਦਾ ਰਾਹ ਸਾਫ ਦਿਖਾ ਦਿੱਤਾ ਹੈ। ਸਵੈਦੇਸ਼ੀ ਦੀ ਸੋਚ ਫੋਕੀ ਆਦਰਸ਼ਵਾਦੀ ਜਾਂ ਧਾਰਮਿਕ
ਅੰਧ-ਵਿਸ਼ਵਾਸੀ ਨਹੀਂ ਇਹ ਤਾਂ ਯਥਾਰਥਵਾਦ ਤੇ ਹਕੀਕਤ ਪਸੰਦੀ ਦਾ ਸਿਖਰ ਹੈ। ਸੋਮਿਆਂ ਤੇ ਸਾਧਨਾਂ ਦੀ
ਸੁਯੋਗ ਵਰਤੋਂ ਦਾ ਸਬਕ ਹੈ। ਮਾਂ ਧਰਤੀ, ਪਿਤਾ ਪਾਣੀ ਤੇ ਗੁਰੂ ਪੌਣ ਨਾਲ ਕਿਹੋ ਜਿਹੇ ਆਦਰ ਸਤਿਕਾਰ
ਭਰਿਆ ਵਰਤੋਂ ਵਿਹਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਲੁੱਟਣ ਖਸੁੱਟਣ ਤੇ ਮਧੋਲਣ ਵਾਲਿਆਂ ਨਾਲ ਕਿੰਝ
ਨਜਿੱਠਿਆ ਜਾਵੇ ਵਰਗੇ ਹੀਲਿਆਂ ਵਸੀਲਿਆਂ ਦੀ ਸੋਝੀ ਸਮੂਹ ਮਨੁੱਖਤਾ ਨੂੰ ਕਰਵਾਉਣੀ ਨਾਮਧਾਰੀਆਂ ਦੀ
ਨਿਵੇਕਲੀ ਤੇ ਅਨਮੋਲ ਦੇਣ ਹੈ।
ਸਵੈਦੇਸ਼ੀ ਵਿਚੋਂ ਸਾਦਗੀ ਵਿਕਸਤ ਹੁੰਦੀ ਹੈ। ਜਦੋਂ ਨਾਮਧਾਰੀ ਚਾਹ ਦੀ ਥਾਂ ਚਾਹਟਾ ਛਕਾਉਂਦੇ ਹਨ,
ਦੇਸੀ ਖੁਰਾਕ ਖਾਂਦੇ ਹਨ ਤਾਂ ਤੰਦਰੁਸਤੀ ਆਪਣੇ ਆਪ ਤੁਹਾਡੇ ਦਰਾਂ 'ਤੇ ਦਸਤਕ ਦਿੰਦੀ ਹੈ। ਦੇਸੀ
ਕੱਪੜੇ ਅਰਥਾਤ ਕੁਦਰਤੀ ਕਪਾਹ ਤੋਂ ਬਣੇ ਸੂਤੀ ਕਪੜੇ ਦੁੱਧ ਚਿੱਟੀ ਪੋਸ਼ਾਕ ਦੇ ਤੌਰ 'ਤੇ ਸਜਾਉਂਦੇ ਹਨ
ਤਾਂ ਉਹ ਮਾਨਸਰੋਵਰ ਤੋਂ ਆਏ ਹੰਸਾ ਵਾਂਗੂੰ ਮਾਰੂ ਰੋਗਾਂ ਦੀਆਂ ਘੁੰਮਣਘੇਰੀਆਂ 'ਚ ਫਸੇ ਮਾਨਵ ਰੂਪੀ
ਕਾਵਾਂ 'ਚੋਂ ਝੱਟ ਪਛਾਣੇ ਜਾਂਦੇ ਹਨ। ਨਾਮਧਾਰੀ ਸੋਚ ਸਮੇਂ ਦੀ ਕਸਵੱਟੀ ਉੱਤੇ ਪੂਰੀ ਉੱਤਰੀ ਹੈ।
ਸਵੈਦੇਸ਼ੀ ਵਾਲਾ ਸੱਚ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ, ਇਹ ਨਿੱਤ ਨਵਾਂ ਹੈ। ਅੱਜ ਸਾਰਾ ਸੰਸਾਰ
ਕੁਦਰਤ ਦੀ ਸ਼ਰਨ ਵਿਚ ਆਉਣ ਲਈ ਤਾਂਘ ਰਿਹਾ ਏ। ਸੰਤ ਖਾਲਸਾ ਆਪਣੀਆਂ ਭਵਿੱਖਬਾਣੀਆਂ ਨੂੰ ਸੱਚ ਹੁੰਦਿਆਂ
ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੋਇਆ ਨਿਰੰਤਰ ਅੱਗੇ ਵਧ ਰਿਹਾ ਹੈ। ਵਾਹਿਗੁਰੂ ਸਾਨੂੰ ਸਾਰਿਆਂ
ਨੂੰ ਇਹਨਾਂ ਦੇ ਗੁਣਾਂ ਨਾਲ ਸਾਂਝ ਪਾਉਣ ਦਾ ਬਲ ਬਖਸ਼ੇ, ਤਾਂ ਜੋ ਅਸੀਂ ਸਰਬਤ ਦੇ ਭਲੇ ਲਈ ਇਹਨਾਂ
ਕੋਲੋਂ ਰੁੱਖਾਂ, ਜੰਗਲਾਂ, ਪਹਾੜਾਂ, ਮਾਰੂਥਲਾਂ, ਬੋਲੀਆਂ, ਵਿਰਾਸਤਾਂ ਨੂੰ ਬਚਾਉਣ ਦੇ ਸਵੈਦੇਸ਼ੀ
ਵਾਲੇ ਗੁਰ ਸਿੱਖ ਕੇ ਜਗਤ ਜਲੰਦੇ ਨੂੰ ਅਗਲੀਆਂ ਤੋਂ ਵੀ ਅਗਲੇਰੀਆਂ ਪੀੜ੍ਹੀਆਂ ਲਈ ਠੰਢਾ ਠਾਰ ਰੱਖ
ਸਕੀਏ। ਪ੍ਰਦੂਸ਼ਣ ਦੀ ਮੁਕਤੀ ਵੀ ਏਸੇ ਰਾਹ ਚੱਲਦਿਆਂ ਹੋਵੇਗੀ ਤੇ ਕਿਆਮਤ ਮਹਾਂਪਰਲੋ ਤੋਂ ਬਚਣ ਲਈ ਵੀ
ਇੱਕੋ ਇਕ ਹਥਿਆਰ ''ਕੂਕਿਆਂ' ਵਾਲਾ ਦੇਸੀ ਗੜਵਾ ਤੇ ਪੂਰਨ ਸਵੈਦੇਸ਼ੀ ਸਫਾ ਜੰਗ ਹੀ ਹੈ।