ਯਾਦਾਂ ਅਤੇ ਦੀਵਾਲ਼ੀ
ਅਮਨਦੀਪ ਸਿੰਘ ਕਾਲਕਟ

ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ।
ਯਾਦਾਂ ਮੇਰੇ ਪਰਿਵਾਰ ਦੀਆਂ,
ਕੁਝ ਪਿੰਡ ਦੀਆਂ ਕੁਝ ਬਾਹਰ ਦੀਆਂ।
ਇੱਕ ਸੋਚ ਡੂੰਘੀ ਮਨ ਛਾਈ ਏ,
ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ...
ਕਦੇ ਮਾਂ ਦੇ ਨਾਲ਼ ਜਾ ਗੁਰੂ ਘਰ,
ਪੰਜ ਦੀਵੇ ਅਸੀਂ ਜਗਾਏ ਸੀ।
ਤਦ ਭਾਈ ਜੀ ਨੇਂ ਜੋਸ਼ ਵਿੱਚ,
ਬੜੇ ਚੰਗੇ ਬੋਲ ਸੁਣਾਏ ਸੀ।
ਅੱਜ ਦੇ ਦਿਨ ਛੇਵੇਂ ਸਤਿਗੁਰੂ,
ਕੈਦੀ ਛੁਡਵਾ ਕੇ ਆਏ ਸੀ।
ਧੰਨ ਨੇ ਛੇਵੇਂ ਗੁਰੂ ਜੀ,
ਮੀਰੀ ਨਾਲ਼ ਪੀਰੀ ਮਿਲ਼ਾਈ ਏ।
ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ....
ਕਦੇ ਖਹਿੜਾ ਬਾਪੂ ਦਾ ਕਰਦੇ ਸੀ,
ਅੱਜ ਆਹ ਲੈਣਾਂ ਅੱਜ ਔਹ ਲੈਣਾਂ।
ਪਤਾ ਸੀ ਦਿਨ ਦੀਵਾਲ਼ੀ ਦੇ,
ਸਾਡੀ ਹਰ ਗੱਲ ਨੂੰ ਮੰਨਣਾਂ ਪੈਣਾਂ।
ਬੈਠੇ ਮਾਪਿਆਂ ਕੋਲ਼ੋਂ ਦੂਰ ਕੋਹਾਂ,
ਇਹ ਧਰਤ ਵੀ ਨਿਰੀ ਪਰਾਈ ਏ।
ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ...
ਦਾਲ਼ ਰੋਟੀ ਘਰ ਦੀ ਨੂੰ,
ਦੀਵਾਲ਼ੀ ਅੰਮ੍ਰਿਤਸਰ ਦੀ ਨੂੰ।
ਦੱਸੋ ਕਿਵੇਂ ਭੁੱਲ ਸਕਦੇ ਹਾਂ,
ਖਾਈ ਜਾਨੇਂ ਆਂ ਇੱਥੇ ਜ਼ਹਿਰ ਮਿੱਠਾ,
ਦੱਸੋ ਕਰ ਵੀ ਕੀ ਸਕਦੇ ਹਾਂ।
ਜੋ ਰੱਜਵਾਂ ਪਿਆਰ ਦੇਂਦੇ ਸੀ,
ਕੀਤੀ ਉਹਨਾਂ ਨਾਲ਼ ਬੇਵਫਾਈ ਏ।
ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ...
ਸਮਾਂ ਵਾਪਿਸ ਆ ਜਾਏ ਇੱਕ ਵਾਰੀ,
ਕਦੇ ਛੱਡਾਂ ਨਾ ਘਰ ਬਾਰ ਆਪਣਾਂ।
ਰਿਸ਼ਤੇਦਾਰੀਆਂ ਸੱਜਣਾਂ ਮਿੱਤਰਾਂ ਦਾ,
ਉਹ ਫੁੱਲਾਂ ਲੱਦਿਆ ਹਾਰ ਆਪਣਾਂ।
ਅੱਜ ਮੇਰੇ ਪਿੰਡ ਵੀ ਜਗਮਗ ਹੋਊ,
ਇਹ ਸੋਚ ਕੇ ਰੂਹ ਰੁਸ਼ਨਾਈ ਏ।
ਅੱਜ ਦੀਵਾਲ਼ੀ ਆਈ ਏ,
ਸਭ ਯਾਦਾਂ ਨਾਲ਼ ਲਿਆਈ ਏ...
ਵਤਨੀਂ ਬੈਠੇ ਨੱਚਦੇ ਗਾਉਂਦਿਆਂ ਨੂੰ,
ਘਰੋ-ਘਰੀ ਦੀਵਾਲ਼ੀ ਮਨਾਉਂਦਿਆਂ ਨੂੰ।
ਆਤਿਸ਼ਬਾਜੀ ਚਲਾਉਂਦਿਆਂ ਨੂੰ।
ਖਿਆਲਾਂ ਵਿੱਚ ਫਤਹਿ ਬੁਲਾਉਂਦਿਆਂ ਨੂੰ,
ਵੱਲੋਂ 'ਅਮਨ' ਦੇ ਲੱਖ ਵਧਾਈ ਏ,
ਅੱਜ ਦੀਵਾਲ਼ੀ ਆਈ ਏ
ਸਭ ਯਾਦਾਂ ਨਾਲ਼ ਲਿਆਈ ਏ...