ਤਨਦੀਪ ਤਮੰਨਾ, (ਕੈਨੇਡਾ) ਦੀਆਂ ਰਚਨਾਵਾਂ

 


ਮੈਂ ਡਿਆਨਾ ਨੂੰ ਮੁਖ਼ਾਤਿਬ ਹਾਂ
( 31 ਅਗਸਤ 'ਤੇ ਵਿਸ਼ੇਸ਼ )

ਅੱਜ 31 ਅਗਸਤ ਨੂੰ
ਯਾਦ ਕਰਦੀ ਹਾਂ-
ਮੇਰਾ ਆਈਫਲ ਟਾਵਰ
ਦੇਖਣ ਦੇ ਬਹਾਨੇ ਵਾਰ-ਵਾਰ
ਪੈਰਿਸ ਦੀ ਓਸ ਸੁਰੰਗ 'ਚੋਂ ਲੰਘਣਾ
ਤੇ ਅੱਖੀਆਂ ਦਾ ਨਮ ਹੋ ਜਾਣਾ1
ਮੇਰੀਆਂ ਸੋਚਾਂ ਦੀ ਕੈਨਵਸ 'ਤੇ ਉੱਕਰਿਆ
ਤੇਰਾ ਮਾਸੂਮ, ਦਿਲਕਸ਼ ਚਿਹਰਾ
ਫੁੱਲਾਂ 'ਤੇ ਪਈ ਤਾਜ਼ਾ ਸ਼ਬਨਮ ਜਿਹਾ-
ਜਿਵੇਂ ਤੇਰੀ ਮੂਰਤੀ ਘੜ
ਸ਼ਿਲਪਕਾਰ ਨੇ ਸੰਨਿਆਸ ਲੈ ਲਿਆ ਹੋਵੇ !
ਅਮਨ-ਪ੍ਰੇਮ ਦੀ ਘੁੱਗੀ ਬਣਕੇ
ਲੋਚਦੀ ਸੀ ਤੂੰ ਲਾਉਂਣੀਆਂ
ਖੁੱਲ੍ਹੇ ਅਸਮਾਨ 'ਚ ਬੇ-ਖ਼ੌਫ਼ ਉਡਾਰੀਆਂ !
ਹੰਸਣੀ ਬਣ ਤੂੰ ਚੁਗਣੇ ਚਾਹੇ ਸੀ
ਮੁਹੱਬਤ ਦੇ ਮਾਨਸਰੋਵਰ 'ਚੋਂ ਮੋਤੀ !
ਭੁੱਲ ਗਈ ਸੀ ਕਿ
ਕੰਵਲ ਦੇ ਫੁੱਲਾਂ ਦੀਆਂ
ਜੜਾਂ 'ਚ ਲੁਕੇ ਬੈਠੇ ਸਨ
ਕੋਝੇ ਸਾਜਿਸ਼ੀ ਮਗਰਮੱਛ1
ਅਫਸੋਸ! ਕਿ ਕਿਸੇ ਨਹੀਂ ਦੇਖੇ
ਕਰੋੜਾਂ ਰਿਸ਼ਮਾਂ ਨੂੰ ਅਰਘ ਦਿੰਦੀ
ਤੇਰੀ ਸ਼ੋਖ਼ ਮੁਸਕਣੀ ਪਿੱਛੇ ਲੁਕੇ
ਹੰਝੂਆਂ ਦੇ ਸੈਲਾਬ !
ਕਿਸੇ ਨਹੀਂ ਜਾਣਿਆ
ਸ਼ਾਹੀ ਮਹਿਲ ਦੀ ਚਕਾ-ਚੌਂਧ ਰੌਸ਼ਨੀ 'ਚ
ਤੇਰਾ ਮੋਮਬੱਤੀ ਬਾਲ਼-
ਅਧੂਰੇਪਣ ਦਾ ਨੇਰ੍ਹਾ ਦੂਰ ਕਰਨ ਦਾ ਸਬੱਬ !
ਕਸਤੂਰੀ ਦੀ ਭਾਲ਼ 'ਚ ਭਟਕਦੀ ਰਹੀ
ਆਪਣਾ ਅਸਤਿੱਤਵ ਲੱਭਦੀ
ਮਹਿਕਾਂ ਬਿਖੇਰਦੀ ਤੂੰ !
ਲੋਕੀਂ ਕਰਨ ਮਾਤਮ ਕਿ
ਗੁਆਚ ਗਿਆ ਹੈ
ਵੇਲਜ਼ ਦਾ ਖ਼ੂਬਸੂਰਤ ਗੁਲਾਬ
ਅਸਤ ਹੋ ਗਿਆ ਹੈ
ਮੁਹੱਬਤ ਤੇ ਹੁਸਨ ਦਾ ਸੂਰਜ !
ਪਰ ਮੈਂ ਮੁਨਕਰ ਹਾਂ ਕਿ
ਤੂੰ ਹੁਣ ਕਦੇ ਨਹੀਂ ਪਰਤਣਾ 1
ਲੱਭੀਦਾ ਉਸਨੂੰ ਹੈ
ਜੋ ਗੁਆਚਾ ਹੋਵੇ1
ਤੂੰ ਹਰ ਦਿਲ 'ਚ ਵੱਸਦੀ ਹੈਂ !!
ਦਿਨੇ ਸੂਰਜ ਤੇ ਰਾਤੀਂ
ਚੰਨ ਬਣ ਚਮਕਦੀ ਹੈਂ !
ਜੇਕਰ ਗਲੋਬ ਤੋਂ ਪਰੇ ਵੀ
ਕੋਈ ਦੁਨੀਆ ਹੈ-
ਓਥੇ ਵੀ ਛਿੜੇਗਾ ਜ਼ਿਕਰ ਤੇਰਾ !
ਤੂੰ ਮੁਹੱਬਤ ਦੇ ਰਥ 'ਤੇ ਹੋ ਕੇ ਸਵਾਰ
ਯਾਦਾਂ ਦੀ ਨਗਰੀ ਫੇਰਾ ਪਾਉਂਦੀ
ਪਰੀ-ਲੋਕ ਦੀ ਕਹਾਣੀ
ਦੁਹਰਾਉਂਦੀ ਰਹੇਂਗੀ !
ਸ਼ਬਦਾਂ ਦੇ ਅਰਥਾਂ 'ਤੇ
ਸੁਆਲੀਆ ਚਿੰਂਨ੍ਹ ਲਾਉਂਦੇ
ਤੇਰੇ ਨਗਰ ਦੇ ਪੀੜ ਪਰੁੰਨੇ
ਹਰ ਸ਼ਖਸ ਹਰ ਮੌਸਮ ਨੂੰ ਸਲਾਮ !
ਮੋਹ ਨਾਲ਼ ਦਿਲਾਂ ਤੇ
ਹਸਤਾਖਰ ਕਰਨ ਵਾਲ਼ੀ
ਸ਼ਹਿਜ਼ਾਦੀ ਡਿਆਨਾ-
ਤੇਰੀ ਜੁੱਤੀ ਕਿਸੇ ਦੇ
ਪੈਰਾਂ ਦੇ ਮੇਚ ਨਹੀਂ ਆਵੇਗੀ-
ਕਿਉਂਕਿ ਤਾਜ ਤਾਂ ਬੱਸ
ਤੇਰੇ ਹੀ ਸਿਰ 'ਤੇ ਸੋਂਹਦਾ ਸੀ !
ਅੱਜ ਤੈਨੂੰ ਯਾਦ ਕਰਦਿਆਂ
ਫੇਰ ਇੱਕ ਦੀਵਾ ਬਾਲ਼-
ਵਹਿੰਦੇ ਪਾਣੀ ਦੀ ਹਿੱਕ 'ਤੇ ਤਾਰ ਆਈ ਹਾਂ 1
ਮੇਰਾ ਸਲਾਮ ਕਬੂਲ ਕਰੀਂ !
ਮੇਰਾ ਸਲਾਮ ਕਬੂਲ ਕਰੀਂ !!
==============

ਪਰਫਿਊਮਜ਼

ਕਿੰਨਾ ਜਨੂੰਨ ਹੁੰਦਾ ਸੀ
ਮਹਿੰਗੇ-ਮਹਿੰਗੇ ਪਰਫਿਊਮਜ਼૴
ਡਿਓਰ, ਪਲੋਮਾ ਪਿਕਾਸੋ, ਜਿਲ ਸੈਂਡਰਜ਼
ਤੇ ਹੋਰ ਬਹੁਤ ਸਾਰੇ ਬਰੈਂਡਜ਼ ਦਾ૴.
ਪਰ ਜ਼ਿੰਦਗੀ ਸੀ ਮਹਿਕ-ਵਿਹੂਣੀ !
ਅੱਖਾਂ ਬੰਦ ਕਰ ਮਹਿਸੂਸਦੀ ਹਾਂ
ਕਿ ਹੁਣ ਤੂੰ ਹੈਂ ਤਾਂ..
ਕਿਸੇ ਇਲਾਹੀ ਇਤਰ ਨਾਲ਼
ਦਿਲੋ-ਦਿਮਾਗ, ਸੋਚਾਂ,
ਰੂਹ, ਕਾਇਨਾਤ૴.
ਸਭ ਮਹਿਕ ਰਹੇ ਨੇ !!
==============

ਨਜ਼ਮ

ਚੇਤਿਆਂ ਦੇ ਜੁਗਨੂੰ

ਚੱਲਿਆ ਤੂੰ ਵੀ ਸੈਂ
ਤੇ ਮੈਂ ਵੀ!
ਜੁਗਨੂੰਆਂ ਦੀ ਤਲਾਸ਼ 'ਚ-
ਨੰਗੇ ਪੈਰੀਂ
ਘਣੇ ਹਨੇਰੇ ਜੰਗਲ਼ਾਂ ਵੱਲ।
ਮੇਰੇ ਲਹੂ-ਲੁਹਾਨ ਹੋਏ ਪੈਰ
ਮਖਮਲੀ ਘਾਹ ਤੇ ਟਿਕਾ
ਤੂੰ ਚੁਗ ਦਿੱਤੇ
ਕੰਡੇ, ਸੂਲ਼ਾਂ ਤੇ ਭੱਖੜੇ।
ਮੇਰੇ ਹੋਠਾਂ 'ਤੇ ਚੀਸਾਂ ਸਨ-
ਤੇ ਤੇਰੇ ਅੱਖਾਂ ਦੀਆਂ ਪੁਤਲੀਆਂ 'ਚ
ਅਣਕਿਆਸੇ ਦਰਦ ਦਾ
ਸਮੁੰਦਰ ਸੀ ਠਾਠਾਂ ਮਾਰਦਾ।
ਮੈਂ ਸੁੰਗੜਦੀ, ਸਿਮਟਦੀ
ਸ਼ਰਮਾਉਂਦੀ ਨੇ
ਤੇਰੇ ਦਿਲ ਦੇ ਅੱਲੇ ਜ਼ਖ਼ਮਾਂ 'ਤੇ
ਰੱਖ ਦਿੱਤੇ ਕੰਬਦੇ, ਠਰਦੇ ਹੋਂਠ।
ਚੀਸ ਤੇਰੇ ਮੂੰਹੋਂ ਨਿੱਕਲ
ਖ਼ੁਸ਼ਬੂ ਬਣ ਹਵਾ ਹੋ ਗਈ।
''..ਆਰਾਮ ਆਇਐ ?''
''ਹਾਂ !!'' ਸੁਣ
ਸਹਿਮੀ ਜਿਹੀ ਮੁਸਕਾਨ ਫ਼ੈਲੀ
ਮਸਤ ਭੋਲ਼ੇ ਚਿਹਰਿਆਂ 'ਤੇ।
ਤਿਤਲੀਆਂ ਵਰਗੇ
ਸ਼ੋਖ਼ ਰੰਗ ਖਿੜਨ ਲੱਗੇ।
ਤੂੰ ਕਿਹਾ:
''ਤੂੰ ਨਦੀ ਏਂ..ਮੈਂ ਦਰਿਆ
ਮੇਰੇ ਨਾਲ਼ ਰਲ਼ ਕੇ ਜੁਗਨੂੰ ਲੱਭੇਂਗੀ ?''
ਹਲਕੀ ਪਿਆਜ਼ੀ ਰੰਗੀ
ਚੁੰਨੀ ਦਾ ਲੜ
ਉਂਗਲ਼ੀ 'ਤੇ ਲਪੇਟਦਿਆਂ
ਮੈਂ ਕਿਹਾ:
''ਮ੍ਰਿਗ-ਤ੍ਰਿਸ਼ਨਾ ਤੋਂ ਡਰਦੀ ਹਾਂ
ਕਿਤੇ ਰੇਗਿਸਤਾਨ ਤਾਂ ਨਹੀਂ ਲੈ ਜਾਏਂਗਾ ?''
''ਜਮਾਂ ਈ ਕਮਲ਼ੀ ਐਂ !!''
ਤੇਰੇ ਮੂੰਹੋਂ ਨਿੱਕਲੇ ਸ਼ਬਦ
ਹਾਸਿਆਂ ਸੰਗ ਰਲ਼-
ਜੰਗਲ਼ ਦੀ ਹਰਿਆਲੀ ਹੋ ਗਏ।
ਹੁਣ ਆਪਾਂ
ਹਰ ਰਾਤ ਜੁਗਨੂੰ ਫੜਦੇ ਆਂ
ਨੇਰ੍ਹੇ ਦੀ ਫ਼ੁਲਕਾਰੀ 'ਤੇ ਸਜਾਅ
ਇੱਕ-ਦੂਜੇ ਦੀਆਂ ਅੱਖਾਂ 'ਚ
ਜਗਦੀਆਂ ਮਸ਼ਾਲਾਂ ਚੁੰਮ
ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ
ਜੁਗਨੂੰਆਂ ਨੂੰ ਛੱਡ ਦਿੰਨੇ ਆਂ
ਤੇ ਤੂੰ ਡੀਕ ਲੈਂਦਾ ਏਂ
ਇੱਕੇ ਸਾਹ-
ਮੇਰੀਆਂ ਪਲਕਾਂ ਤੇ ਬੋਚੇ-
ਮੋਤੀਆਂ ਵਰਗੇ ਸੁੱਚੇ
ਪਾਰਦਰਸ਼ੀ
ਸ਼ਬਨਮ ਦੇ ਕਤਰੇ।
====================


- ਨਜ਼ਮ -
ਤੂੰ ਮੰਜ਼ਿਲ ਬਣ ਜਾਈਂ...
ਤੂੰ ਬਣ ਜਾਈਂ ਇੱਕ ਰੁੱਖ- ਸੰਘਣਾ ਤੇ ਛਾਂਦਾਰ ਜਿਹਾ ।

ਬੈਠਕੇ ਜੀਹਦੇ ਥੱਲੇ ਭੁੱਲ ਜਾਵਾਂ ਮੈਂ ਤਿੱਖੀਆਂ ਧੁੱਪਾਂ ।

ਛਾਂਗ ਦੇਊ ਤੈਂਨੂੰ ਕੋਈ ਆਰੀ ਨਾਲ਼ ਤੂੰ ਰੁੱਖ ਨਾ ਬਣੀਂ !

ਤੂੰ ਬਣ ਜਾਈਂ ਇੱਕ ਦੁਪੱਟਾ- ਲਾਲ ਸੂਹਾ ਤਾਰਿਆਂ ਜੜਿਆ ।

ਲੈ ਕੇ ਜੀਹਨੂੰ ਸੋਚਾਂ ਮੈਂ ਅੰਬਰ ਨੂੰ ਕੈਦ ਕਰ ਲਿਐ ।

ਲੈ ਜਾਊ ਕੋਈ ਤੋੜ ਕੇ ਤਾਰੇ ਤੂੰ ਦੁਪੱਟਾ ਨਾ ਬਣੀ !
ਤੂੰ ਬਣ ਜਾਈਂ ਇੱਕ ਫ਼ੁਸ਼ਬੂ- ਮਿੱਠੀ-ਮਿੱਠੀ ਚੰਦਨ ਵਰਗੀ ।

ਜਿਹੜੀ ਛੁਹ ਕੇ ਮੈਂਨੂੰ ਕਰ ਦੇਵੇ ਸਦਾ ਲਈ ਸੁਗੰਧਿਤ ।

ਲੈ ਜਾਊ ਤੇਂਨੂੰ ਕੋਈ ਅੱਥਰੀ ਪੌਣ ਉਡਾ ਤੂੰ ਫ਼ੁਸ਼ਬੂ ਨਾ ਬਣੀਂ !
ਤੁੰ ਬਣ ਜਾਈਂ ਇੱਕ ਕਵਿਤਾ- ਸੁਪਨਿਆਂ ਤੇ ਭਾਵਨਾਵਾਂ ਜਿਹੀ ।

ਭਰ ਦੇਵਾਂ ਮੈਂ ਜਿਸ ਵਿੱਚ ਇੰਦਰਧਨੁਸ਼ ਦੇ ਸਾਰੇ ਰੰਗ ।

ਚੁਰਾ ਲਊ ਕੋਈ ਤੇਰੇ 'ਚੋਂ ਅਹਿਸਾਸ ਤੂੰ ਕਵਿਤਾ ਨਾ ਬਣੀਂ !
ਚੱਲ, ਤੂੰ ਬਣ ਜਾਈਂ ਇੱਕ ਮੰਜ਼ਿਲ- ਕੰਡਿਆਲ਼ੇ ਬਿਖੜੇ ਪੈਂਡਿਆਂ ਵਾਲ਼ੀ ।

ਬਣੀ ਰਹੇ ਨਿਰੰਤਰ ਆਸ !

ਤੈਂਨੂੰ ਸਰ ਕਰਨ ਦੀ ।

ਮੈਂ ਸਦਾ ਇਹ ਸੋਚੀ ਜਾਵਾਂ ਇਸ ਰਸਤੇ ਕੋਈ ਆ ਨਹੀਂ ਸਕਦਾ ।

ਬੱਸ ਮੇਰੀ ਹੀ ਹੈ ਇਹ ਮੰਜ਼ਿਲ !

ਤੇਰੇ ਤੇ ਮੇਰੇ ਦਰਮਿਆਨ ਹੋਣ- ਸੂਲ਼ਾਂ, ਲਗਨ ਤੇ ਅਸੀਮਤ ਸ/ਰ । ਹਾਂ !

ਤੂੰ ਮੰਜ਼ਿਲ ਬਣ ਜਾਈਂ ਕੰਡਿਆਲ਼ੇ ਬਿਖੜੇ ਪੈਂਡਿਆਂ ਵਾਲ਼ੀ !
*****************
--ਨਜ਼ਮ --

...ਤੇ ਹੁਣ ਸਮੁੰਦਰ ਸ਼ਾਂਤ ਸੀ...

ਸਾਹਮਣੇ ਸਮੁੰਦਰ ਸ਼ਾਂਤ ਸੀ !
ਧੁਖਦੀ ਧੂਣੀ ਨਾਲ਼-
ਮੇਰੇ ਅੰਦਰ ਉਬਲ਼ ਰਿਹਾ ਸੀ.
ਸੋਚਾਂ ਦਾ ਜਵਾਰਭਾਟਾ।
ਕਿੱਥੋਂ ਉੱਠ ਖੜ੍ਹੀਆਂ ਅਚਾਨਕ
ਦੈਂਤਾਂ ਵਰਗੀਆਂ ਲਹਿਰਾਂ-
ਮੇਰੀਆਂ ਸੋਚਾਂ ਦੀ
ਤਰਜ਼ਮਾਨੀ ਕਰਦੀਆਂ
ਸ਼ਾਂਤ ਸਮੁੰਦਰ 'ਚੋਂ?
ਬਥੇਰਾ ਤਰਲਾ ਪਾਇਆ:
''ਤੂੰ ਸ਼ਾਂਤ ਹੋ ਜਾਹ !
ਨਾ ਫ਼ਿਕਰ ਕਰ ਮੇਰਾ !
ਨਾ ਖੋਰ ਆਪਣੇ ਕੰਢੇ !
ਬੱਸ ਕਰ ਜਾਹ !
ਨਾ ਕਰ ਜ਼ੁਲਮ-
ਕਿਸ਼ਤੀਆਂ 'ਤੇ
ਚੱਪੂਆਂ 'ਤੇ
ਮਲਾਹਾਂ 'ਤੇ !
ਏਡਾ ਹਮਦਰਦ ਨਾ ਬਣ ਤੂੰ ਮੇਰਾ !
ਨਾ ਦਿਖਾ ਤਬਾਹੀ ਦੇ ਨਜ਼ਾਰੇ !
ਤੂੰ ਤਾਂ ਸਮੁੰਦਰ ਹੈਂ !
ਸ਼ਾਂਤ ਹੋ ਜਾਹ !''
ਸਮੁੰਦਰ ਬੋਲਿਆ:
''..... ਫ਼ੇਰ ਤੂੰ ਏਥੇ ਆਉਂਣਾ ਛੱਡ ਦੇਹ !
.........ਮੇਰੇ ਕਿਨਾਰੇ ਬਹਿਣਾ ਛੱਡ ਦੇਹ !
ਦੱਸਦੀਆਂ ਨੇ ਮੈਂਨੂੰ ਤੇਰੀਆਂ ਅੱਖਾਂ-
ਤੇਰੀ ਬੇੜੀ ਦਾ ਮਲਾਹ ਡੁੱਬ ਰਿਹੈ-
ਤੇਰੇ ਜ਼ਿਹਨ 'ਚ ਆਏ ਤੂਫ਼ਾਨ ਨਾਲ !
ਝੱਲੀਏ ! ਮੈਂ ਤਾਂ ਸ਼ੂਕਦੀਆਂ ਲਹਿਰਾਂ ਨਾਲ਼
ਭੇਜਦਾਂ ਤੈਂਨੂੰ ਸੁਨੇਹੇ !
ਮੈਥੋਂ ਜਰੀ ਨਹੀਂ ਜਾਂਦੀ
ਤੇਰੀਆਂ ਅੱਖਾਂ ਦੀ ਖਿੱਚ !
ਤੇਰੀਆਂ ਸੋਚਾਂ 'ਚ ਹੁੰਦਾ ਤਾਂਡਵ ਨਾਚ !
ਦੇ ਦੇ ਮੈਂਨੂੰ ਸਾਰੇ ਦਰਦ !
ਬੱਸ ! ਜਾਂ ਤੂੰ ਏਥੇ ਆਉਂਣਾ ਛੱਡ ਦੇਹ !
ਜਾਂ ਮੇਰੇ ਕਿਨਾਰੇ ਬਹਿਣਾ ਛੱਡ ਦੇਹ !''
ਛਮ-ਛਮ ਅੱਖੀਆਂ ਬਰਸਣ ਲੱਗੀਆਂ
ਕਾਲ਼ੇ ਸਿਆਹ ਬੱਦਲ਼ਾਂ ਨੇ ਵੀੇ
ਲਾ ਦਿੱਤੀ ਝੜੀ।
ਤੂਫ਼ਾਨ ਤੋਂ ਬਾਅਦ
ਮੈਂ ਤੁਰ ਪਈ ਅੱਥਰੂ ਪੂੰਝ।
ਮੇਰਾ ਮਨ ਵੀ ਹਲਕਾ ਸੀ !
ਤੇ ਹੁਣ ਸਾਹਮਣੇ ਸਮੁੰਦਰ ਵੀ ਸ਼ਾਂਤ ਸੀ !
= = = = = = = = = = = = = = = =