ਬੁਲ੍ਹਿਆ ਵੇ ਉੱਠ -----------

ਸੁਰਿੰਦਰ ਗੀਤ ਕੈਲਗਰੀ ਕੈਨੇਡਾ



ਬੁਲ੍ਹਿਆ ਵੇ ਉੱਠ ਕਬਰਾਂ ਵਿੱਚੋਂ ਦੇ ਕਲਮਾਂ ਨੂੰ ਗੀਤ
ਭੁੱਲ ਗਈ ਹੈ ਅੱਜ ਕਲਮਾਂ ਨੂੰ ਗੀਤਾਂ ਦੀ ਇਹ ਰੀਤ।

ਚਾਰ ਕੁ ਅੱਖਰ ਲਿਖ ਕੇ ਕੀਤਾ ਮੈਂ ਗੀਤਾਂ ਤੇ ਦਾਵਾ
ਪਰ ਇਹ ਜਿੰਦ ਬਣੀ ਨਾ ਮੇਰੀ ਗੀਤ ਕਿਸੇ ਦੀ ਮੀਤ।

ਲੱਚਰ ਗੀਤਾਂ ਨੂੰ ਸੁਣਕੇ ਪੌਣਾਂ ਦੇਵਣ ਨਿੱਤ ਦੁਹਾਈ
ਪਰ ਇਹ ਮਹਿੰਗੇ ਭਾਅ ਵਿੱਕਦੇ ਨੇ ਸਸਤੇ ਘਟੀਆ ਗੀਤ।

ਕਾਤਲ ਗੀਤਾਂ ਦੇ ਬੈਠੇ ਨੇ ਉੱਚੇ ਚੁਬਾਰੇ ਪਾਈ
ਕੌਣ ਭਰੇ ਇਹਨਾਂ ਦੀ ਬੁਲ੍ਹਿਆ ਖੋਟੀ ਮਾੜੀ ਨੀਤ।

ਤੇਰੀ ਧਰਤੀ ਤੇਰੀ ਬੋਲੀ ਮਾਰ ਦੁ-ਹੱਥੜਾ ਰੋਈ
ਜਦ ਦੇਖੀ ਗੀਤਾਂ ਦੀ ਉਸਨੇ ਪੈਸੇ ਨਾਲ ਪਰੀਤ।

ਕਬਰਾਂ ਵਿੱਚੋਂ ਆਕੇ ਬੁਲ੍ਹਿਆ ਹੇਕ ਅਜੇਹੀ ਲਾ ਦੇ
ਜਾਗ ਪਵੇ ਲੋਕਾਂ ਦੇ ਮਨ ਵਿੱਚ ਗੀਤਾਂ ਦੀ ਪਰਤੀਤ।

ਗੀਤ ਧਰਾ ਕੇ ਨਾ ਮੈਂ ਅਪਣਾ ਗੀਤ ਨਾ ਲਿਖਿਆ ਕੋਈ
ਹਾੜਾ ਬੁਲ੍ਹਿਆ ਲਿਖਣਾ ਦੱਸ ਜਾ ਸਚ ਮੁੱਚ ਕੋਈ ਗੀਤ।