ਭਗਤ ਸਿਆਂ ਤੇਰੀ ਲੋੜ ਪੈ ਗਈ
ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ

ਆ ਭਗਤ ਸਿਆਂ ਤੇਰੀ ਲੋੜ ਪੈ ਗਈ, ਫਿਰ ਪੰਜਾਬ ਨੂੰ,
ਟੁੱਟੇ ਇਹਦੇ ਨਾਲੋਂ ਜੋੜ ਦੇ, ਰਾਵੀ ਤੇ ਝਨਾਬ ਨੂੰ।
ਪੰਜ ਦਰਿਆਵਾਂ ਦੀ ਸੀ ਧਰਤੀ, ਖੇਰੂੰ-2 ਹੋ ਗਈ ਏ,
ਪੰਜਾਂ ਦੀ ਗਿਣਤੀ ਹੁਣ ਟੁੱਟ ਕੇ, ਇੱਕ-2 ਹੋ ਕੇ ਰਹਿ ਗਈ ਏ।
ਵਕਤ, ਬੰਦੇ, ਹਾਲਾਤਾਂ ਇਹਦੀ, ਹਾਲਤ ਕੈਸੀ ਕਰ ਦਿੱਤੀ,
ਬੇਇਮਾਨੀ, ਧੋਖੇਬਾਜਾਂ, ਨਕਸ਼ ਬਦਲ ਕੇ ਧਰ ਦਿੱਤੀ।
ਕੀ ਸੀ ਕੀਤਾ, ਕਿਵੇ ਸੀ ਕੀਤਾ, ਕਿੰਝ ਲਈ ਆਜਾਦੀ ਤੂੰ,
ਉਹਨਾਂ ਪੰਨਿਆਂ ਦੀ ਦੇਖ ਲਈ, ਅੱਖੀ ਆਪ ਬਰਬਾਦੀ ਤੂੰ।
ਕਿੰਝ ਹੋ ਗਏ ਟੋਟੇ ਇਹਦੇ, ਜਾਣ ਤੇਰੇ ਤੋਂ ਬਾਅਦ ਵੇ,
ਕੀ ਕੁਝ ਹੋਇਆ ਦੱਸ ਨੀ ਸਕਦਾ, ਕਈ ਸਾਲਾਂ ਦਾ ਹਿਸਾਬ ਇਹ।
ਦੁਖੜੇ ਸੁਣ ਲੈ ਇਹਦੇ ਆ ਕੇ, ਜ਼ਖ਼ਮਾਂ ਦੀ ਲੈ ਸਾਰ ਤੂੰ,
ਜਿਨ੍ਹਾਂ ਇਹਨੂੰ ਜਖ਼ਮੀ ਕੀਤਾ, ਫਿਰ ਆ ਕੇ ਲਲਕਾਰ ਤੂੰ।
ਇਨਕਲਾਬ ਨਾਰ੍ਹੇ ਦੀ ਸੁੱਤੀ, ਨੀਂਦ ਨੂੰ ਜਗਾ ਦੇ ਫਿਰ,
ਜ਼ਿੰਦਾਬਾਦ ਕਹਿ ਕੇ ਇਹਨਾਂ, ਰਾਖਸ਼ਾਂ ਨੂੰ ਭਜਾ ਦੇ ਫਿਰ।
ਜੋ ਬੂਟਾ ਸੀ ਲਾਇਆ ਉਸਨੂੰ, ਪਾਣੀ ਆ ਕੇ ਲਾ ਦੇ ਤੂੰ,
ਮੈਂ ਏਥੇ ਹਾਂ, ਕਿਤੇ ਗਿਆ ਨਈ, ਇੱਕ ਵਾਰ ਦਿਖਲਾਦੇ ਤੂੰ।
ਲੋੜ ਹੈ ਤੇਰੀ, ਦੇਰੀ ਨਾ ਕਰ, ਕਰਤਾਰ ਸਰਾਭੇ ਲੈਂ ਆ ਨਾਲ,
ਸੋਨੀ ਨੇ ਤਾਂ ਮਰ ਮੁੱਕ ਜਾਣਾ, ਡੋਰ ਪੰਜਾਬ ਦੀ ਆਣ ਸੰਭਾਲ।
ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ।