ਯਾਦ
ਸ਼ਮਸ਼ੇਰ
ਸਿੰਘ ਸੰਧੂ ਕੈਲਗਰੀ, ਕੈਨੇਡਾ
-1-
ਸੋਚਾਂ ਉਸ ਦੀ ਯਾਦ ਭਲਾ ਮੈਂ ਕੀ ਕਰਨੀ
ਪਰ ਨਾ ਪਿੱਛਾ ਛਡਦੀ ਨਿਸ ਦਿਨ ਚਿਤ ਹਰਨੀ।
ਕਾਮ ਕਲੇਸ਼ ਕਰੋਧਾਂ ਅੰਦਰ ਪਲਚ ਰਿਹਾ
ਸਰਬ ਭਲੇ ਦੀ ਚਿਤਵਨ ਉਸ ਤੋਂ ਕੀ ਸਰਨੀ।
ਕਦਮ ਕਦਮ ਤੇ ਡਿਗ ਡਿਗઠ ਪੈਂਦਾ ਰਾਹੀ ਜੋ
ਤਪਸ਼ ਥਲਾਂ ਦੀ ਮਾਰੂ ਉਸ ਨੇ ਕਦ ਜਰਨੀ।
ਚਿਤਵਨ ਵਿਚ ਜੋ ਹਰ ਦਮ ਯਾਰ ਖਿਆਲੇ ਹੈ
ਮੁਸ਼ਕਲ ਨਾਹੀਂ ਹਿਜਰਾਂ ਦੀ ਉਸ ਨੈ ਤਰਨੀ।
ਮਨ ਮੇਰੇ ਵਿਚ ਵਸਦਾ ਯਾਰ ਅਨੋਖਾ ਜੋ
ਸਭ ਖੁਸ਼ੀਆਂ ਦੀ ਵਰਖਾ ਉਸ ਤੋਂ ਹੀ ਝਰਨੀ।
ਗ਼ਮ ਫਿਕਰਾਂ ਵਿਚ ਗੋਤੇ ਨਾ ਖਾ ਰਾਤ ਦਿਨੇ
ਮਨ ਤੇ ਕਾਬੂ ਸਿਖ ਲੈ ਧੀਰਜ ਕਿਵ ਧਰਨੀ।
ਬਿਖੜੇ ਪੈਂਡੇ ਪਥ ਪਥਰੀਲੇ ਹਾਵੀ ਨਾ
ਹਿੰਮਤ ਵਾਲੇ ਮੰਜ਼ਲ ਅਪਣੀ ਜਾ ਵਰਨੀ।
ਬੱਦਲ ਕਣੀਆਂ ਰਾਤ ਹਨੇਰੀ ਰੋਕੇ ਨਾ
ਸਿਦਕਾਂ ਵਾਲੇ ਨੈਂ ਫੁਰਕਤ' ਦੀ ਜਾ ਤਰਨੀ।
'ਜੁਦਾਈ
-2-
ਦਿਲ ਦੀਆਂ ਸਜਨਾ ਜਾਣੇ ਤੂੰ, ਮਹਿਰਮ ਸਦਕੇ ਜਾਵਾਂ ਹੂ
ਦਿਲ ਦੀ ਹਰ ਧੜਕਣ ਬਸ ਜਾਣੇ, ਤੇਰਾ ਹੀ ਸਰਨਾਵਾਂ ਹੂ।
ਮਾਪੇ ਭੈਣਾਂ ਵੀਰਾਂ ਵਰਗੇ, ਹੋਵਣ ਨਾ ਕੋ ਸਾਥੀ ਵੋ
ਤੁਰਗੇ ਵੀਰਾਂ ਦੇ ਦੁਖ ਡਾਢੇ, ਜਾਨਣ ਵੀਰੇ ਮਾਵਾਂ ਹੂ।
ਜਗਤ ਜਲੰਦਾ ਸਾਰੇ ਪਾਸੇ, ਨਾ ਕੋ ਦਿਸਦਾ ਵਾਲੀ ਏ
ਜਿਸਦੇ ਰਾਹੀਂ ਦੁਨੀਆਂ ਉਭਰੈ, ਕਦ ਰਹਿਬਰ ਮੈਂ ਪਾਵਾਂ ਹੂ।
ਡਾਢੀ ਗਰਮੀਂ ਕਾਂ ਅਖ ਨਿਕਲੇ, ਭੋਰਾ ਚੈਨ ਨਾ ਆਂਦਾ ਏ
ਤੂੰ ਆਵੇਂ ਤੇ ਛਾਣ ਘਟਾਵਾਂ, ਖੇਡਾਂ ਰਲਕੇ ਸਾਵਾਂ ਹੂ।
ਨਾ ਉਹ ਰਹੀਆਂ ਥਾਵਾਂ ਜਿੱਥੇ, ਮੇਲੇ ਲੱਗੇ ਰਹਿੰਦੇ ਸੀ
ਹਰ ਵੇਲੇ ਹੀ ਚੇਤੇ ਆਵਣ, ਪੁਤਰਾਂ ਨੂੰ ਉਹ ਮਾਵਾਂ ਹੂ।
ਸ਼ਮਸ਼ੇਰ ਸਿੰਘ ਸੰਧੂ
ਕੈਲਗਰੀ, ਕੈਨੇਡਾ