ਕੁਝ ਟੁੱਟ ਗਿਆ ਜਾਪਦੈ

 

 

 

ਰੂਪਦਵਿੰਦਰ ਕੌਰ

ਤਰੇੜਾਂ ਆ ਗਈਆਂ ਨੇ ਮੇਰਿਆਂ ਹਾਸਿਆਂ ਵਿਚ,
ਮੇਰੇ ਅੰਦਰ ਕੁਝ ਟੁੱਟ ਗਿਆ ਜਾਪਦੈ ।

ਨੈਣਾਂ ਵਿਚੋਂ ਨੀਰ ਹੁਣ ਰੋਕਿਆਂ ਨਾ ਰੁਕੇ,
ਚਸ਼ਮਾ ਦੁੱਖਾਂ ਦਾ ਫੁੱਟ ਗਿਆ ਜਾਪਦੈ।

ਦਿਲ ਵਿਚ ਚਾਰ ਅਰਮਾਨਾਂ ਦੀ ਪੂੰਜੀ ਸੀ,
ਉਹ ਖਜ਼ਾਨਾ ਵੀ ਕੋਈ ਲੁੱਟ ਗਿਆ ਜਾਪਦੈ।

ਅੰਗ ਅੰਗ ਦੁਖਦਾ ਏ ਮੇਰਾ ਪੀੜਾਂ ਨਾਲ,
ਮੇਰੀ ਰੂਹ ਨੂੰ ਕੋਈ ਕੁੱਟ ਗਿਆ ਜਾਪਦੈ।

ਟੁਕੜੇ ਟੁਕੜੇ ਕਰ ਮੇਰੇ ਨਾਜ਼ੁਕ ਦਿਲ ਦੇ,
ਕੋਈ ਉਰ੍ਹੇ ਪਰ੍ਹੇ ਸੁੱਟ ਗਿਆ ਜਾਪਦੈ।

ਲਕਸ਼ਮਣ ਰੇਖਾਵਾਂ ਬਣਾ ਚਾਰੇ ਪਾਸੇ ਮੇਰੇ,
ਅਰਮਾਨਾਂ ਦਾ ਗਲਾ ਘੁੱਟ ਗਿਆ ਜਾਪਦੈ।

''ਰੂਪ'' ਨੂੰ ਇੱਕੋ ਸਹਾਰਾ ਸੀ ਓਸ ਦਾ,
ਹੁਣ ਤਾਂ ਉਹਦਾ ਸਾਥ ਵੀ ਛੁੱਟ ਗਿਆ ਜਾਪਦੈ।