ਮੇਰਾ ਦਿਲ
ਅਮਨਦੀਪ ਸਿੰਘ ਕਾਲਕਟ (ਬਰਲਿਨ)
ਕਦੇ ਖੁਸ਼ੀ ਚ ਛਾਲਾਂ ਮਾਰਦਾ ਕਦੇ ਬੁਝਿਆ-ਬੁਝਿਆ ਰਹਿੰਦਾ ਏ,
ਇਸ ਦਿਲ ਦਾ ਦੱਸੋ ਕੀ ਕਰਾਂ! ਇਹ ਦਿਲ ਤਾਂ ਬਹੁਤ ਕੁਝ ਕਹਿੰਦਾ ਏ।
ਆਖੇ, ਅੱਗੇ ਲੰਘ ਗਏ ਸਾਰੇ ਹੀ, ਮੈਂ ਆਪਣੀ ਤੇਜ਼ ਰਫਤਾਰ ਕਰਾਂ,
ਇੱਕ ਵਾਰੀ ਦਿਲ ਕਹੇ ਛੇਤੀ ਕਰ, ਇੱਕ ਵਾਰੀ ਕਹੇ ਇੰਤਜ਼ਾਰ ਕਰਾਂ...।
ਦਿਲ ਚਾਹੁੰਦਾ ਸੋਹਣਾ ਘਰ ਹੋਵੇ, ਘਰ ਵਾਲ਼ੀ ਹੋਵੇ ਸੋਹਣੀ ਜਿਹੀ,
ਉਹਦੀ ਹਰ ਖਾਹਿਸ਼ ਮੈਂ ਕਰਾਂ ਪੂਰੀ, ਰਹੇ ਹੱਸਦੀ ਉਹ ਮਨ-ਮੋਹਣੀ ਜਿਹੀ।
ਦੋ ਖੰਭ ਇੱਕ ਪੰਛੀ ਬਣ ਜਾਈਏ, ਉਹਦੀ ਹਰ ਗੱਲ ਤੇ ਇਤਬਾਰ ਕਰਾਂ।
ਇੱਕ ਵਾਰੀ ਦਿਲ ਕਹੇ ਛੇਤੀ ਕਰ, ਇੱਕ ਵਾਰੀ ਕਹੇ ਇੰਤਜਾਰ ਕਰਾਂ...।
ਦਿਲ ਉੱਪਰੋਂ ਹੱਸਦਾ ਰਹਿੰਦਾ ਏ, ਪਰ ਦੁੱਖ ਵੀ ਬਾਹਲ਼ੇ ਸਹਿੰਦਾ ਏ,
ਦੁੱਖ ਦਿੰਦੇ ਨੇ ਜਦ ਆਪਣੇ ਫਿਰ, ਇਹ 'ਕੱਲਾ ਬਹਿ ਰੋ ਲੈਂਦਾ ਏ।
ਇਹ ਆਪੇ ਸੁਖ ਵੀ ਦੇਵਣਗੇ, ਮੈਂ ਝੂਠਾ ਸੱਚ ਸਵੀਕਾਰ ਕਰਾਂ ,
ਇੱਕ ਵਾਰੀ ਦਿਲ ਕਹੇ ਛੇਤੀ ਕਰ ਇੱਕ ਵਾਰੀ ਕਹੇ ਇੰਤਜ਼ਾਰ ਕਰਾਂ...।
ਦਿਲ ਮੇਰਾ ਦਰ ਫਕੀਰਾਂ ਦਾ, ਜਦ ਮਰਜੀ ਕੋਈ ਆ ਜਾਵੇ,
ਕੋਈ ਮਤਲਬ ਕੱਢ ਕੇ ਤੁਰ ਜਾਵੇ, ਕੋਈ ਲਾਰਾ ਇਹਨੂੰ ਲਾ ਜਾਵੇ।
ਪਰ ਟੁੱਟੇ ਦਿਲ ਦੇ ਨਾਲ਼ ਵੀ ਮੈਂ, ਇਹਨਾਂ ਸਭਨਾਂ ਦਾ ਸਤਿਕਾਰ ਕਰਾਂ,
ਇੱਕ ਵਾਰੀ ਦਿਲ ਕਹੇ ਛੇਤੀ ਕਰ, ਇੱਕ ਵਾਰ ਕਹੇ ਇੰਤਜ਼ਾਰ ਕਰਾਂ...।
ਦਿਲ ਬਾਰ ਬਾਰ ਪਿਆ ਟੁੱਟਦਾ ਏ, ਨਾ ਚਾਹੁੰਦੇ ਵੀ ਫਿਰ ਜੁੜ ਜਾਂਦਾ।
ਜਦ ਆਉਂਦਾ ਦੁੱਖ ਕਿਸੇ ਨਿਰਬਲ 'ਤੇ, ਝੱਟ ਉਹਦੇ ਵੱਲ ਨੁੰ ਮੁੜ ਜਾਂਦਾ।
ਦਿਲ ਆਖੇ ਮਿੱਠੇ ਬੋਲ ਬੋਲਾਂ, ਅਤੇ ਨਾ ਕਿਸੇ 'ਤੇ ਵਾਰ ਕਰਾਂ,
ਇੱਕ ਪਾਸੇ ਦਿਲ ਕਹੇ ਛੇਤੀ ਕਰ ਇੱਕ ਪਾਸੇ ਕਹੇ ਇੰਤਜਾਰ ਕਰਾਂ...।
ਦਿਲ ਆਖੇ ਚੱਲ ਤੁਰ ਪਿੰਡ ਵੱਲ ਨੂੰ, ਮਾਪੇ ਵੀ ਰਾਹ ਪਏ ਤੱਕਦੇ ਨੇ,
ਹਰ ਵਾਰ ਸਾਲ ਜਦ ਚੜ੍ਹਦਾ ਏ, ਆਸ ਮੇਰੇ ਆਉਣ ਦੀ ਰੱਖਦੇ ਨੇ।
ਦੇਹ ਜਨਮ 'ਅਮਨ' ਇੱਕ ਨਾਂਮ ਦਿੱਤਾ , ਕਰਾਂ ਇੱਜਤ, ਨਾਲ ਪਿਆਰ ਕਰਾਂ,
ਇੱਕ ਵਾਰੀ ਦਿਲ ਕਹੇ ਛੇਤੀ ਕਰ ਇੱਕ ਵਾਰ ਕਹੇ ਇੰਤਜਾਰ ਕਰਾਂ...।