ਨਜ਼ਮ
ਖ੍ਹਾਬ ਤੇ ਹਕੀਕਤ
ਕਰਨੈਲ ਸਿੰਘ
ਆਉ ਰਲ ਸਹੀਉ ਨੀ, ਇੱਕ ਗੱਲ ਸੁਣਾਵਾਂ ਮੈਂ,
ਇੱਕ ਗੱਲ ਸੁਣਾਵਾਂ ਮੈਂ,ਨਾਲੇ ਚਿੱਤ ਪ੍ਰਚਾਵਾਂ ਮੈਂ।
ਰਾਤੀਂ ਮੈਨੂੰ ਸੁੱਤੀ ਨੂੰ ਇੱਕ ਸੁਪਨਾ ਆਇਆ ਸੀ,
ਸੁਪਨਾ ਕੀ ਆਇਆ ਸੀ,ਮੇਰਾ ਦਿਲ ਭਰਮਾਇਆ ਸੀ।
ਰਲਕੇ ਸੰਗ ਸਖੀਆਂ ਦੇ, ਤੰਦ ਚਰਖੇ ਪਾਂਦੀ ਸਾਂ,
ਤੰਦ ਚਰਖੇ ਪਾਂਦੀ ਸਾਂ, ਨਾਲੇ ਕਿੱਕਲੀ ਪਾਂਦੀ ਸਾਂ।
ਫੁੱਲ ਬੂਟੇ ਪਾ-ਪਾ ਮੈਂ, ਕੱਢਦੀ ਫੁਲਕਾਰੀ ਸੀ,
ਇਹਨਾਂ ਮੌਜ ਮਸਤੀਆਂ ਤੋਂ ਜਾਂਦੀ ਬਲਿਹਾਰੀ ਸੀ।
ਫਿਰ ਕਾਲੀਆਂ ਰਾਤਾਂ ਨੂੰ ਜਿਵੇਂ ਤਾਰਾ ਟੁੱਟ ਜਾਵੇ,
ਸ਼ੁਰੂ ਹੋਕੇ ਅੰਬਰਾਂ ਤੋਂ, ਧਰਤੀ ਤੇ ਮੁੱਕ ਜਾਵੇ।
ਇੱਕ ਗੱਭਰੂ ਚੋਬਰ ਨੀ ਰੰਗ ਸਿਖਰ ਦੁਪਹਿਰਾ ਸੀ,
ਉਹਦੇ ਸੂਹੇ ਹੋਠਾਂ ਤੇ ਹਾਸੇ ਦਾ ਪਹਿਰਾ ਸੀ।
ਵੇਖਣ ਨੂੰ ਲੱਗਦਾ ਸੀ ਰਾਹੀ ਉਹ ਰਾਹਵਾਂ ਦਾ,
ਪਰ ਮੈਨੂੰ ਇੰਝ ਜਾਪੇ, ਸਾਂਝੀ ਮੇਰੇ ਸਾਹਵਾਂ ਦਾ।
ਉਹਨੂੰ ਚੜੀ੍ਹ ਜਵਾਨੀ ਸੀ, ਕੋਈ ਰੂਪ ਇਲਾਹੀ ਨੀ
ਤਾਰਾ ਹੈ ਅੰਬਰਾਂ ਦਾ, ਭਰੇ ਧਰਤ ਗਵਾਹੀ ਨੀ।
ਮਰਦਾ ਹੈ ਭੌਰ ਜਿਵੇਂ ਖੁਸ਼ਬੋਈ ਫੁੱਲਾ ਤੇ ,
ਜੀਅ ਕਰੇ ਖਰੀਦ ਲਵਾਂ ਉਹਨੂੰ ਮਹਿੰਗੇ ਮੁੱਲਾਂ ਤੇ।
ਉਸ ਸੰਗਦੇ ਸਗਾਉਦੇ ਨੇ ਜਦੋਂ ਫੜੀ ਕਲਾਈ ਸੀ,
ਥੋੜਾਂ ਸ਼ਰਮਾਈ ਮੈਂ, ਂ ਥੋੜਾ ਘਬਰਾਈ ਸੀ।
ਘਰ ਆ ਕੇ ਮਾਂ ਨੂੰ ਮੈਂ ਸਾਰੀ ਗੱਲ ਸੁਣਾਈ ਸੀ,
ਗੱਲ ਸੁਣਕੇ ਮਾਂ ਮੇਰੀ ਥੋੜਾ ਮੁਸਕਾਈ ਸੀ।
ਮੇਰੇ ਸੁੱਤਿਆਂ ਖਾਬਾ੍ਹਂ ਦਾ ਰੰਗਲਾ ਹਰਜਾਈ ਸੀ,
ਜਾਪੇ ਮੇਰੀ ਮਾਂ ਦਾ ਉਹ ਜਿਵੇਂ ਸਕਾ ਜਵਾਈ ਸੀ।
ਦਿਨ ਆਏ ਸ਼ਗਨਾਂ ਦੇ ਸਭ ਖੁਸ਼ੀ ਮਨਾਈ ਸੀ,
ਲੱਗੀ ਮਹਿੰਦੀ ਹੱਥਾਂ ਤੇ ਵੱਜਦੀ ਸ਼ਹਿਨਾਈ ਸੀ।
ਗਾਏ ਗੀਤ ਵੀ ਕੁੜੀਆਂ ਨੇਂ ਤੇ ਗਾਏ ਸੁਹਾਗ ਗਏ,
ਸਭ ਜਸ਼ਨ ਮਨਾਏ ਤੇ , ਸਭ ਦਿੱਤੇ ਲਾਗ ਗਏ।
ਮੈਂ ਡੋਲੀ ਬੈਠੀ ਸਾਂ , ਉਹ ਚੜਿਆ ਘੋੜੀ ਸੀ,
ਜਿਵੇਂ ਰੱਬ ਬਣਾਈ ਇਹ , ਅਰਸ਼ਾਂ ਵਿੱਚ ਜੋੜੀ ਸੀ।
ਮੇਰੇ ਇਸ ਸੁਪਨੇ ਦੀ, ਉਮਰਾ ਹੀ ਥੌੜ੍ਹੀ ਸੀ,
ਅੱਖ ਖੁੱਲੀ ਉਦੋਂ ਮੇਰੀ , ਮਾਂ ਗੁੱਤ ਮਰੋੜੀ ਸੀ ।
ਜਿਵੇਂ ਨੇਰ੍ਹੀ ਡੇਗ ਦੇਵੇ ਰਸ ਭਰਿਆਂ ਅੰਬਾਂ ਨੂੰ,
ਜਾਂ ਕੈਚੀ ਫਿਰ ਜਾਵੇ ਤਿੱਤਲੀ ਦਿਆਂ ਖੰਭਾਂ ਂਨੂੰ,
ਮੇਰੇ ਅੱਖਾਂ ਮਲਦੀ ਦੇ ਝਾੜੂ ਹੱਥ ਫੜਾ ਦਿੱਤਾ,
ਫਿਰ ਸਾਰੇ ਵਿਹੜੇ ਦਾ ਕੂੜਾ ਹੂੰਝਣ ਲਾ ਦਿੱਤਾ ।